GurbachanBhullar7ਜਿੱਥੇ ਸੰਵਾਦ ਦੀ ਸੰਭਾਵਨਾ ਦਾ ਅੰਤ ਹੁੰਦਾ ਹੈਉੱਥੇ ਹਿੰਸਾ ਦਾ ਆਰੰਭ ਹੁੰਦਾ ਹੈ ...
(ਦਸੰਬਰ 28, 2015)


ਭਾਰਤੀ ਸਮਾਜ ਅਤੇ ਰਾਜਨੀਤੀ ਵਿਚ ਪਾੜ ਪਏ ਹੋਏ ਹਨ। ਇਹ ਪਾੜ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਪਹਿਲਾਂ ਕਦੀ ਵੀ ਏਨੇ ਚੌੜੇ ਅਤੇ ਡੂੰਘੇ ਨਹੀਂ ਸਨ ਹੋਏ ਜਿੰਨੇ ਅੱਜ ਹਨ। ਇਸ ਦਾ ਇਕ ਮੁੱਖ ਕਾਰਨ ਸੰਵਾਦ ਦਾ ਟੁੱਟਣਾ ਹੈ। ਸੰਵਾਦ ਟੁੱਟ ਕੇ ਪਿਛਲਖੁਰੀ ਤੁਰੀ ਗੱਲ ਜੇ ਵਾਦ-ਵਿਵਾਦ ਉੱਤੇ ਜਾ ਰੁਕਦੀ ਤਾਂ ਵੀ ਕੁਝ ਨਾ ਕੁਝ ਬਚਿਆ ਰਹਿ ਜਾਂਦਾ ਪਰ ਉਹ ਵਾਦ-ਵਿਵਾਦ ਨੂੰ ਵੀ ਪਿੱਛੇ ਛਡਦੀ ਪ੍ਰਵਚਨ ਤੱਕ ਜਾ ਤਿਲ੍ਹਕੀ! ਜੇ ਅੱਜ ਵੱਖ ਵੱਖ ਤਬਕਿਆਂ ਵਿਚਕਾਰ ਟਕਰਾਉ ਹੈ
, ਧਰਮਾਂ ਵਿਚਕਾਰ ਹਿੰਸਾ ਹੈ, ਰਾਜਨੀਤਕ ਪਾਰਟੀਆਂ ਨੇ ਇਕ ਦੂਜੀ ਵਿਰੁੱਧ ਛੁਰੀਆਂ ਤਿੱਖੀਆਂ ਕੀਤੀਆਂ ਹੋਈਆਂ ਹਨ ਅਤੇ ਅਜੋਕੀ ਹਾਕਮ ਧਿਰ ਸੱਚ ਦਾ ਸ਼ੀਸ਼ਾ ਦਿਖਾਉਣ ਵਾਲੇ ਲੇਖਕਾਂ, ਬੁੱਧੀਮਾਨਾਂ, ਕਲਾਕਾਰਾਂ, ਸਮਾਜ-ਸ਼ਾਸਤਰੀਆਂ ਤੇ ਵਿਗਿਆਨੀਆਂ ਨੂੰ ਦੇਸ-ਧਰੋਹੀ ਦੁਸ਼ਮਣ ਆਖ ਰਹੀ ਹੈ, ਇਸ ਦਾ ਕਾਰਨ ਸੰਵਾਦ ਦੀ ਸੰਭਾਵਨਾ ਦਾ ਅੰਤ ਹੈ।

ਪ੍ਰਵਚਨ ਦੀ ਪ੍ਰੰਪਰਾ ਹਜ਼ਾਰਾਂ ਸਾਲ ਪੁਰਾਣੀ ਉਸ ਸੰਸਕ੍ਰਿਤੀ ਦੀ ਦੇਣ ਹੈ ਜਿਸ ਨੂੰ ਸੁਰਜੀਤ ਕਰਨਾ ਨਾਗਪੁਰੀ ਆਦੇਸ਼ ਅਨੁਸਾਰ ਵਰਤਮਾਨ ਸਰਕਾਰ ਦਾ ਇਕ ਮੁੱਖ ਟੀਚਾ ਹੈ। ਪ੍ਰਵਚਨ ਦੇ ਨੇਮ ਅਨੁਸਾਰ ਕਿਸੇ ਜਨਸਮੂਹ ਵਿਚ ਕੋਈ ਇੱਕੋ ਹੁੰਦਾ ਹੈ ਜੋ ਸਰਬਗਿਆਤਾ ਹੁੰਦਾ ਹੈ ਅਤੇ ਬਾਕੀ ਸਭ ਨੇ, ਕਿਸੇ ਵੀ ਸੋਝੀ ਅਤੇ ਸੇਧ ਤੋਂ ਵਿਰਵੇ ਹੋਣ ਕਰਕੇ, ਹਰ ਗੱਲ ਉਸੇ ਤੋਂ ਸਿੱਖਣੀ ਹੁੰਦੀ ਹੈ। ਇਸੇ ਫ਼ਰਕ ਸਦਕਾ ਪ੍ਰਵਚਨ-ਕਰਤਾ ਉੱਚੇ ਥੜ੍ਹੇ ਉੱਤੇ ਬਿਰਾਜਮਾਨ ਹੁੰਦਾ ਹੈ ਤੇ ਮੂਕ ਸਰੋਤੇ ਹੱਥ ਜੋੜ ਕੇ ਉਹਦੇ ਚਰਨਾਂ ਤੋਂ ਵੀ ਨੀਵੇਂ ਭੁੰਜੇ ਬੈਠਦੇ ਹਨ। ਪ੍ਰਵਚਨ ਸੱਤ-ਬਚਨੀ ਹੋਣ ਕਰਕੇ ਸਰੋਤੇ ਦੇ ਮਨ ਨੂੰ ਕਿਸੇ ਸ਼ੰਕੇ, ਕਿਸੇ ਕਿੰਤੂ-ਪ੍ਰੰਤੂ ਦੀ ਗੁੰਜਾਇਸ਼ ਨਹੀਂ ਦਿੰਦਾ ਜਿਸ ਕਰਕੇ ਵਿਚਾਰ-ਪਰਵਾਹ ਇਕ-ਮਾਰਗੀ ਹੁੰਦਾ ਹੈ। ਸਰੋਤਿਆਂ ਕੋਲ ਅਜਿਹਾ ਕੁਝ ਨਹੀਂ ਹੁੰਦਾ ਜੋ ਗਿਆਨੀ ਪ੍ਰਵਚਨੀਆ ਸੁਣ-ਜਾਣ ਸਕੇ। ਨਿਸ਼ਰਧਕ ਸ਼ੰਕੇਬਾਜ਼ ਉਹਦੇ ਸਰਾਪ ਅਤੇ ਕਹਿਰ ਦਾ ਭਾਗੀ ਬਣਦਾ ਹੈ। ਅੱਜ ਦੇ ਭਾਰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਵਚਨੀ ਵਰਤਾਰੇ ਦੀ ਉਜਾਗਰ ਮਿਸਾਲ ਹੈ। ਜੇ ਅੱਜ ਦੇ ਅਥਾਹ ਤਰੱਕੀ ਵਾਲੇ ਸਮੇਂ ਦੀ ਇਕ ਵਿਗਿਆਨਕ ਕਾਨਫ਼ਰੰਸ ਵਿਚ ਪ੍ਰਵਚਨੀਆ ਕਹੇ ਕਿ ਗਣੇਸ਼ ਨੂੰ ਹਜ਼ਾਰਾਂ ਸਾਲ ਪਹਿਲਾਂ ਦੇ ਭਾਰਤੀ ਰਿਸ਼ੀਆਂ ਨੇ ਪਲਾਸਟਿਕ ਸਰਜਰੀ ਰਾਹੀਂ ਬੰਦੇ ਦੇ ਧੜ ਉੱਤੇ ਹਾਥੀ ਦਾ ਸਿਰ ਜੋੜ ਕੇ ਸਿਰਜਿਆ ਸੀ, ਸੈਂਕੜੇ ਸਰੋਤਿਆਂ ਦਾ ਧਰਮ, ਪ੍ਰਮੁੱਖ ਡਾਕਟਰ ਤੇ ਸਰਜਨ ਹੋਣ ਦੇ ਬਾਵਜੂਦ, ਸੱਤ-ਵਚਨੀ ਵਾਹ-ਵਾਹ ਕਰਨਾ ਹੀ ਹੁੰਦਾ ਹੈ।

ਜਦੋਂ ਇੱਕੋ ਮੁੱਦੇ ਨੂੰ ਲੈ ਕੇ ਵੱਖ ਵੱਖ ਵਿਚਾਰਾਂ ਦੇ ਧਾਰਨੀ ਦੋ ਪ੍ਰਵਚਨੀਆਂ ਦਾ ਸਾਹਮਣਾ ਹੁੰਦਾ ਹੈ, ਵਾਦ-ਵਿਵਾਦ ਦਾ ਮੁੱਢ ਬੱਝਦਾ ਹੈ। ਇਸ ਵਿਚ ਵੀ ਇਕ ਦੂਜੇ ਦਾ ਮੱਤ ਜਾਣਨ ਦੀ, ਉਹਨੂੰ ਪਰਖਣ ਦੀ ਅਤੇ ਸੱਚ ਹੋਣ ਦੀ ਸੂਰਤ ਵਿਚ ਬੇਝਿਜਕ ਅਪਣਾਉਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਇਹ ਬੌਧਿਕ ਸਾਨ੍ਹਾਂ ਦਾ ਭੇੜ ਹੁੰਦਾ ਹੈ ਜਿਸ ਵਿਚ ਆਪਣੇ ਮੱਤ ਦੀ ਸ੍ਰੇਸ਼ਟਤਾ ਦਾ ਯਕੀਨ ਮੁੱਢਲੀ ਸ਼ਰਤ ਹੁੰਦਾ ਹੈ ਅਤੇ ਆਪਣੀ ਇਹ ਸ੍ਰੇਸ਼ਟਤਾ ਸਿੱਧ ਕਰ ਕੇ ਦੂਜੇ ਦੇ ਮੱਤ ਨੂੰ ਛੁਟਿਆਉਣਾ-ਹਰਾਉਣਾ ਮੁੱਖ ਉਦੇਸ਼ ਬਣ ਜਾਂਦਾ ਹੈ। ਇਹ ਵਰਤਾਰਾ ਬਹੁਤਿਆਂ ਟੀਵੀ ਚੈਨਲਾਂ ਵਲੋਂ ਆਪਣਾ ਕਾਰੋਬਾਰ ਵਧਾਉਣ ਲਈ ਹਰ ਛੋਟੇ-ਵੱਡੇ ਮੁੱਦੇ ਨੂੰ ਫੜ ਕੇ ਕਰਵਾਈਆਂ ਜਾਂਦੀਆਂ ਕਥਿਤ ਬਹਿਸਾਂ ਵਿਚ ਸਾਫ਼ ਦਿਸਦਾ ਹੈ। ਉੱਥੇ ਹਾਕਮ ਧਿਰ, ਭਾਵ ਆਰ ਐੱਸ ਐੱਸ ਅਤੇ ਭਾਜਪਾ ਦੇ ਨੁਮਾਇੰਦੇ, ਅਕਸਰ ਐਂਕਰਾਂ ਦੀ ਮਿਲੀਭਗਤ ਨਾਲ, ਆਪ ਨਿਰਵਿਘਣ ਬੋਲਣ ਅਤੇ ਵਿਰੋਧੀ ਨੂੰ ਲਗਾਤਾਰ ਟੋਕਦੇ ਰਹਿਣ ਦੀ ਨੀਤੀ ਅਪਣਾ ਕੇ ਸੰਵਾਦ ਨੂੰ ਵਿਵਾਦ ਵਿਚ ਪਲਟ ਦਿੰਦੇ ਹਨ।

ਵਿਚਾਰ ਅਤੇ ਗਿਆਨ ਦੇ ਖੇਤਰ ਵਿਚ ਸੰਵਾਦ ਨੂੰ ਉੱਤਮ ਹੋਣ ਦਾ ਮਾਣ ਹਾਸਲ ਹੈ। ਹਉਂਮੁਖੀ ਪ੍ਰਵਚਨ ਅਤੇ ਭੇੜਮੁਖੀ ਵਾਦ-ਵਿਵਾਦ ਦੇ ਉਲਟ ਸੰਵਾਦ ਦੀ ਬੁਨਿਆਦ ਮਾਨਵੀ ਸਹਿਣਸ਼ੀਲਤਾ ਹੈ। ਸੰਵਾਦ ਇਹ ਮੰਨ ਕੇ ਤੁਰਦਾ ਹੈ ਕਿ ਹਰ ਕਿਸੇ ਕੋਲ ਦੂਜੇ ਨੂੰ ਦੱਸਣ ਵਾਸਤੇ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ। ਇਸੇ ਕਰਕੇ ਮਾਨਵਮੁਖੀ ਭਗਤੀ ਲਹਿਰ ਨੇ ਆਦਿਕਾਲ ਤੋਂ ਤੁਰੀਆਂ ਆਈਆਂ ਪ੍ਰਵਚਨੀ ਤੇ ਵਾਦ-ਵਿਵਾਦੀ ਪ੍ਰੰਪਰਾਵਾਂ ਦੀ ਥਾਂ ਸੰਵਾਦ ਜਾਂ ਗੋਸ਼ਟ ਨੂੰ ਪ੍ਰਮੁੱਖਤਾ ਦਿੱਤੀ। ਭਗਤ ਕਬੀਰ ਆਖਦੇ ਹਨ, “ਸੰਤੁ ਮਿਲੈ ਕਿਛੁ ਸੁਨੀਐ ਕਹੀਐ!ਬਾਬਾ ਨਾਨਕ ਕਹਿੰਦੇ ਹਨ, “ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ!ਸੰਵਾਦੀ ਵਿਚਾਰ-ਵਟਾਂਦਰੇ ਦਾ ਇਕ ਪੱਖ ਤਾਂ ਉਚੇਚਾ ਧਿਆਨ ਲੋੜਦਾ ਹੈ। ਉਹ ਹੈ ਆਪਣੀ ਗੱਲ ਕਹਿਣ ਨਾਲੋਂ ਦੂਜੇ ਦੀ ਗੱਲ ਸੁਣਨ ਨੂੰ ਵੱਧ ਮਹੱਤਵ ਦੇਣਾ। ਭਗਤ ਜੀ ਤੇ ਬਾਬਾ ਜੀ, ਦੋਵੇਂ ਸੁਣਨ ਨੂੰ ਪਹਿਲ ਦਿੰਦੇ ਹਨ ਤੇ ਕਹਿਣ ਨੂੰ ਦੂਜੀ ਥਾਂ ਉੱਤੇ ਰੱਖਦੇ ਹਨ।

ਬਹੁਭਾਂਤੀ ਸਮਾਜ ਵਿਚ ਮਤਭੇਦ ਸੁਭਾਵਿਕ ਹਨ। ਜੇ ਬਹੁਤਾ ਪਿੱਛੇ ਨਾ ਜਾਈਏ, ਆਜ਼ਾਦ ਭਾਰਤ ਦਾ ਸਾਰਾ ਇਤਿਹਾਸ ਇਹੋ ਦੱਸਦਾ ਹੈ। ਪਰ ਉਹ ਇਹ ਵੀ ਦੱਸਦਾ ਹੈ ਕਿ ਸਾਰੇ ਵਿਰੋਧਾਂ ਅਤੇ ਮਤਭੇਦਾਂ ਦੇ ਬਾਵਜੂਦ ਵੱਖ ਵੱਖ ਧਿਰਾਂ ਵਿਚਕਾਰ, ਭਾਜਪਾ ਦੀ ਇਸ ਸਰਕਾਰ ਤੋਂ ਪਹਿਲਾਂ, ਸੰਵਾਦ ਕਦੀ ਵੀ ਪੂਰੀ ਤਰ੍ਹਾਂ ਨਹੀਂ ਸੀ ਟੁੱਟਿਆ। ਕਹਾਵਤ ਹੈ ਕਿ ਖ਼ੂਨੀ ਜੰਗਾਂ ਲੜਨ ਵਾਲੀਆਂ ਧਿਰਾਂ ਦਾ ਝਗੜਾ ਵੀ ਆਖ਼ਰ ਰਣ-ਖੇਤਰ ਵਿਚ ਸ਼ਸਤਰ ਨਾਲ ਨਹੀਂ, ਗੱਲਬਾਤ ਦੀ ਮੇਜ਼ ਉੱਤੇ ਸ਼ਾਸਤਰ ਨਾਲ ਹੀ ਨਿੱਬੜਦਾ ਹੈ!

ਵਰਤਮਾਨ ਤਾਣੇ-ਬਾਣੇ ਅਧੀਨ ਸੰਵਾਦ ਨੂੰ ਬੇਲੋੜਾ ਸਮਝਣ ਵਾਲ਼ੀ ਸੋਚ ਦੇਸ ਦੀਆਂ ਵੱਡੀਆਂ ਮੁਸ਼ਕਿਲਾਂ ਦਾ ਕਾਰਨ ਬਣੀ ਹੋਈ ਹੈ ਜੋ ਸੁਲਝਣ ਦੀ ਥਾਂ ਹੋਰ ਉਲਝਦੀਆਂ ਜਾਂਦੀਆਂ ਹਨ। ਬਾਕੀ ਗੱਲਾਂ ਛੱਡ ਕੇ ਇਸ ਸਮੇਂ ਭਖਿਆ ਹੋਇਆ ਸਾਹਿਤ ਅਤੇ ਕਲਾ ਸੰਬੰਧੀ ਅਸਹਿਣਸ਼ੀਲਤਾ ਦਾ ਮੁੱਦਾ ਹੀ ਲਵੋ। ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪੂਰੇ ਅੱਠ ਮਹੀਨੇ ਮਗਰੋਂ 15 ਜਨਵਰੀ 2015 ਨੂੰ ਇਕ ਘਟਨਾ ਵਾਪਰਦੀ ਹੈ। ਪ੍ਰਸਿੱਧ ਤਮਿਲ ਲੇਖਕ ਪਿਰੂਮਲ ਮੁਰੂਗਨ ਦੇ ਇਕ ਨਾਵਲ ਨੂੰ ਧਾਰਮਿਕ ਭਾਵਨਾਵਾਂ ਜ਼ਖ਼ਮੀ ਕਰਨ ਵਾਲਾ ਆਖ ਕੇ ਹਿੰਦੂਵਾਦੀ ਜਥੇਬੰਦੀਆਂ ਉਹਦੀ ਜ਼ਬਤੀ ਦੀ ਤੇ ਲੇਖਕ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੀਆਂ ਹਨ। ਧਮਕੀਆਂ, ਭੜਕਾਊ ਜਲੂਸਾਂ ਅਤੇ ਹਿੰਸਕ ਬੰਦਾਂ ਰਾਹੀਂ ਲੇਖਕ ਦਾ ਜਿਉਣਾ ਇਸ ਹੱਦ ਤੱਕ ਦੁੱਭਰ ਕਰ ਦਿੱਤਾ ਜਾਂਦਾ ਹੈ ਕਿ ਕੁਝ ਲੇਖਕਾਂ ਦੀ ਹਮਦਰਦੀ ਤੋਂ ਬਿਨਾਂ ਕੋਈ ਵੀ ਸਹਾਰਾ ਮਿਲਦਾ ਨਾ ਦੇਖ ਕੇ, ਖਾਸ ਕਰਕੇ ਸਰਕਾਰ ਦੀ ਚੁੱਪ ਦੇਖ ਕੇ ਆਖ਼ਰ ਉਹ ਇਹ ਬਿਆਨ ਜਾਰੀ ਕਰ ਦਿੰਦਾ ਹੈ: ਲੇਖਕ ਪਿਰੂਮਲ ਮੁਰੂਗਨ ਮਰ ਗਿਆ ਹੈ। ਉਹ ਕੋਈ ਭਗਵਾਨ ਨਹੀਂ। ਇਸ ਲਈ ਉਹ ਦੁਬਾਰਾ ਅਵਤਾਰ ਨਹੀਂ ਧਾਰੇਗਾ। ਇਸ ਪਿੱਛੋਂ ਸਿਰਫ਼ ਨਿਮਾਣਾ ਅਧਿਆਪਕ ਪੀ. ਮੁਰੂਗਨ ਹੀ ਜੀਵਤ ਰਹੇਗਾ।

ਜੇ ਸਰਕਾਰ ਦਾ ਸਰੂਪ ਸੱਚਮੁੱਚ ਜਮਹੂਰੀ ਤੇ ਸੰਵਾਦੀ ਹੁੰਦਾ ਤਾਂ ਇਕ ਪ੍ਰਸਿੱਧ ਤੇ ਲੋਕ-ਪਿਆਰੇ ਲੇਖਕ ਦਾ ਆਪਣੀ ਮੌਤ ਦਾ ਐਲਾਨ ਪ੍ਰਧਾਨ ਮੰਤਰੀ ਨੂੰ ਬੇਚੈਨ ਕਰਨ ਲਈ ਕਾਫ਼ੀ ਹੋਣਾ ਸੀ। ਪਰ ਵਰਤਮਾਨ ਸਰਕਾਰ ਦੀਆਂ ਨਜ਼ਰਾਂ ਵਿਚ ਲੇਖਕ, ਬੁੱਧੀਮਾਨ ਤੇ ਕਲਾਕਾਰ, ਜਿਵੇਂ ਮਗਰੋਂ ਦੀਆਂ ਅਨਗਿਣਤ ਘਟਨਾਵਾਂ ਨੇ ਦਰਸਾਇਆ, ਬਹੁਤ ਹੀ ਤੁੱਛ ਹੈਸੀਅਤ ਵਾਲੇ, ਸਗੋਂ ਦੇਸਧਰੋਹੀ ਹਨ ਜੋ ਕਿਸੇ ਵੀ ਧਿਆਨ ਅਤੇ ਸਤਿਕਾਰ ਦੇ ਹੱਕਦਾਰ ਨਹੀਂ। ਇਹਨਾਂ ਘਟਨਾਵਾਂ ਵਿਚ ਬੁੱਧੀਮਾਨਾਂ ਤੇ ਲੇਖਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਉਹਨਾਂ ਦੇ ਮੂੰਹ ਕਾਲੇ ਕਰਨਾ, ਗਾਲ਼ੀ-ਗਲੋਚ ਅਤੇ ਕਤਲ, ਆਦਿ ਸ਼ਾਮਲ ਸਨ। ਕਿਸੇ ਨੇਤਾ ਜਾਂ ਕ੍ਰਿਕਟੀਏ ਨੂੰ ਖੰਘ ਆਈ ਤੋਂ ਵੀ ਟਵੀਟ ਕਰਨ ਵਾਲੇ ਸਾਡੇ ਪ੍ਰਧਾਨ ਮੰਤਰੀ ਦਾ ਇਸ ਸਭ ਕੁਝ ਦਾ ਪ੍ਰਤੀਕਰਮ ਮੁਕੰਮਲ ਚੁੱਪ ਰਿਹਾ ਹੈ। ਸਾਹਿਤ ਅਕਾਦਮੀ ਨੇ ਵੀ ਲੰਮੇ ਸਮੇਂ ਤੱਕ ਮੋਦੀਵਾਦੀ ਚੁੱਪ ਹੀ ਵੱਟ ਰੱਖੀ। ਇਸ ਦੁਪਾਸੀ ਚੁੱਪ ਤੋਂ ਪਰੇਸ਼ਾਨ ਹੋ ਕੇ ਲੇਖਕਾਂ ਨੇ ਆਪਣੇ ਰੋਸ ਨੂੰ ਨਿਕਾਸ ਦੇਣ ਲਈ ਸਾਹਿਤ ਅਕਾਦਮੀ ਤੋਂ ਪਰਾਪਤ ਹੋਏ ਪੁਰਸਕਾਰ ਉਸੇ ਨੂੰ ਵਾਪਸ ਕਰਨੇ ਸ਼ੁਰੂ ਕਰ ਦਿੱਤੇ। ਇਸ ਚੁੱਪ ਦੇ ਸਮਾਨੰਤਰ ਸਰਕਾਰ ਅਤੇ ਹਾਕਮ ਪਾਰਟੀ ਦੇ ਮੰਤਰੀਆਂ, ਸਾਂਸਦਾਂ, ਵਿਧਾਇਕਾਂ, ਨੇਤਾਵਾਂ, ਆਦਿ ਨੇ ਪੁਰਸਕਾਰ-ਵਾਪਸੀਏ ਲੇਖਕਾਂ ਵਿਰੁੱਧ ਦੋਸ਼ਾਂ, ਤੁਹਮਤਾਂ ਅਤੇ ਦੁਰਵਚਨਾਂ ਦੀ ਝੜੀ ਲਾ ਦਿੱਤੀ।

ਇਸ ਪ੍ਰਸੰਗ ਵਿਚ ਲੇਖਕਾਂ ਦੀ ਕਦਰ ਸਮਝਣ ਵਾਲੀਆਂ ਸਰਕਾਰਾਂ ਵਿੱਚੋਂ ਇਕ ਮਿਸਾਲ ਯਾਦ ਆਉਂਦੀ ਹੈ। ਫ਼ਰਾਂਸ ਦੇ ਪਿਛਲੀ ਸਦੀ ਦੇ ਸਰਕਾਰ-ਵਿਰੋਧੀ ਜਨਤਕ ਅੰਦੋਲਨ ਸਮੇਂ ਲੇਖਕ ਯਾਂ ਪਾਲ ਸਾਰਤਰ, ਜਿਸ ਨੇ ਕੁਝ ਸਮਾਂ ਪਹਿਲਾਂ ਨੋਬਲ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਨੂੰ ਵੀ ਗ੍ਰਿਫ਼ਤਾਰ ਕਰ ਕੇ ਸੀਖਾਂ ਪਿੱਛੇ ਸੁੱਟ ਦਿੱਤਾ ਗਿਆ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪ੍ਰਧਾਨ ਡੀਗਾਲ ਨੇ ਉਹਨੂੰ ਆਜ਼ਾਦ ਕਰ ਦਿੱਤਾ। ਹੈਰਾਨ ਹੋਏ ਕੁਝ ਅਧਿਕਾਰੀਆ ਨੇ ਇਸ ਫ਼ੈਸਲੇ ਦਾ ਕਾਰਨ ਪੁੱਛਿਆ ਤਾਂ ਉਹਦਾ ਜਵਾਬ ਸੀ, “ਕਦੀ ਵਾਲਟੇਅਰ ਨੂੰ ਵੀ ਕੋਈ ਕੈਦ ਕਰਦਾ ਹੈ?” ਵਾਲਟੇਅਰ 18ਵੀਂ ਸਦੀ ਦੇ ਫ਼ਰਾਂਸ ਦਾ ਮਹਾਨ ਲੇਖਕ ਹੋਇਆ ਹੈ। ਪ੍ਰਧਾਨ ਡੀਗਾਲ ਦਾ ਇਹ ਜਵਾਬ ਇਉਂ ਸੀ ਜਿਵੇਂ ਕੋਈ ਪੰਜਾਬ ਵਿਚ ਕਹੇ, ਕਦੀ ਫ਼ਰੀਦ ਨੂੰ ਜਾਂ ਵਾਰਿਸ ਸ਼ਾਹ ਨੂੰ ਵੀ ਕੋਈ ਕੈਦ ਕਰਦਾ ਹੈ? ਪਰ ਅਜਿਹਾ ਜਵਾਬ ਦੇਣ ਲਈ ਸਰਕਾਰ ਨੂੰ ਸਾਹਿਤ ਅਤੇ ਕਲਾ ਦੀ ਸਮਝ ਤੇ ਕਦਰ ਹੋਣੀ ਜ਼ਰੂਰੀ ਹੈ ਜੋ ਇਸ ਸੂਰਤ ਵਿਚ ਹੈ ਨਹੀਂ।

ਜੇ ਸ਼ੁਰੂ ਵਿਚ ਹੀ ਸਰਕਾਰ ਪਹਿਲ ਕਰ ਕੇ ਕੁਝ ਪੁਰਸਕਾਰ-ਵਾਪਸੀਏ ਲੇਖਕਾਂ ਨੂੰ ਬੁਲਾਉਂਦੀ ਤੇ ਸੰਵਾਦੀ ਮਾਹੌਲ ਵਿਚ ਉਹਨਾਂ ਦਾ ਮੱਤ ਸੁਣ-ਸਮਝ ਕੇ ਹਾਲਾਤ ਨੂੰ ਸੁਧਾਰਨ ਦਾ ਇਕਰਾਰ ਕਰਦੀ, ਗੱਲ ਉੱਥੇ ਹੀ ਮੁੱਕ ਗਈ ਹੁੰਦੀ। ਪਰ ਸਰਕਾਰ ਦੀ ਅਜਿਹੀ ਕੋਈ ਮਨਸ਼ਾ ਹੈ ਹੀ ਨਹੀਂ ਸੀ। ਦੇਖਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਬਹੁਤ ਮਗਰੋਂ ਜਾ ਕੇ ਜੇ ਮਿਲਣ ਵਾਸਤੇ ਕਿਸੇ ਨੂੰ ਸੱਦਿਆ ਵੀ, ਉਹ ਇਕ ਸਿੱਧੇ ਟੀਵੀ ਪ੍ਰਸਾਰਨ ਸਮੇਂ ਪੁਰਸਕਾਰ ਮੋੜਨ ਕਾਰਨ ਉਚੇਚੀ ਚਰਚਾ ਵਿਚ ਆਇਆ ਉਰਦੂ ਸ਼ਾਇਰ ਮੁਨੱਵਰ ਰਾਣਾ ਸੀ। ਸੁਹਿਰਦਤਾ ਤੋਂ ਵਿਰਵੇ ਇਸ ਸੱਦੇ ਦਾ ਇੱਕੋ-ਇੱਕ ਮੰਤਵ ਇਕੱਲੇ ਰਾਣਾ ਨੂੰ ਚਾਹ ਦੀ ਪਿਆਲੀ ਪਿਆ ਕੇ ਇਕ ਪਾਸੇ ਅਣਹੋਏ ਸੰਵਾਦ ਦਾ ਅਤੇ ਦੂਜੇ ਪਾਸੇ ਰਾਣਾ ਦੀ ਮੁਸਲਮਾਨੀ ਪਛਾਣ ਤੋਂ ਲਾਹਾ ਲੈ ਕੇ ਅਖੌਤੀ ਧਾਰਮਿਕ ਸਦਭਾਵਨਾ ਦਾ ਮਿਰਗ-ਜਲੀ ਪ੍ਰਭਾਵ ਦੇਣਾ ਸੀ। ਲਗਦਾ ਹੈ, ਰਾਣਾ ਨੂੰ ਕਬੀਰ ਜੀ ਦੇ ਬੋਲ ਬਾਤਨ ਹੀ ਅਸਮਾਨੁ ਗਿਰਾਵਹਿ ਐਸੇ ਲੋਗਨ ਸਿਉ ਕਿਆ ਕਹੀਐਚੇਤੇ ਆ ਗਏ। ਉਹਨੇ ਇਸ ਫੰਧੇ ਵਿਚ ਫਸਣ ਦੀ ਥਾਂ ਸਿਆਣਪ ਤੋਂ ਕੰਮ ਲੈਂਦਿਆਂ ਕੁਝ ਹੋਰ ਲੇਖਕਾਂ ਨੂੰ ਵੀ ਬੁਲਾਏ ਜਾਣ ਦਾ ਸੁਝਾ ਭੇਜ ਦਿੱਤਾ ਤਾਂ ਜੋ ਸੱਚਮੁੱਚ ਦਾ ਸੰਵਾਦ ਹੋ ਸਕੇ। ਪਰ ਸੰਵਾਦ ਹੀ ਤਾਂ ਹੈ ਜੋ ਮੋਦੀ ਜੀ ਨੂੰ ਵਾਰਾ ਨਹੀਂ ਖਾਂਦਾ! ਇਸ ਕਰਕੇ ਬਿਚਾਰੇ ਮੁਨੱਵਰ ਰਾਣਾ ਦੀ ਚਾਹ ਦੀ ਪਿਆਲੀ ਵੀ ਅਣਪੀਤੀ ਹੀ ਰਹਿ ਗਈ!

ਜਿੱਥੇ ਸੰਵਾਦ ਦੀ ਸੰਭਾਵਨਾ ਦਾ ਅੰਤ ਹੁੰਦਾ ਹੈ, ਉੱਥੇ ਹਿੰਸਾ ਦਾ ਆਰੰਭ ਹੁੰਦਾ ਹੈ। ਹਿੰਸਾ ਦੋ ਕਿਸਮਾਂ ਦੀ ਹੁੰਦੀ ਹੈ, ਸ਼ਬਦੀ ਅਤੇ ਸਰੀਰਕ। ਭਾਰਤ ਦੇ ਵਿਹੜੇ ਹੁਣ ਦੋਵਾਂ ਕਿਸਮਾਂ ਦੀ ਹਿੰਸਾ ਤਾਂਡਵ ਨੱਚ ਰਹੀ ਹੈ। ਸ਼ਬਦੀ ਹਿੰਸਾ ਦੇਸ ਦਾ ਮਾਣ ਸਮਝੇ ਜਾਣ ਦੇ ਹੱਕਦਾਰ ਲੇਖਕਾਂ, ਬੁੱਧੀਮਾਨਾਂ ਤੇ ਕਲਾਕਾਰਾਂ ਨੂੰ ਗਾਲ਼ੀ-ਗਲੋਚ ਤੇ ਧਮਕੀਆਂ ਦਾ ਰੂਪ ਧਾਰ ਰਹੀ ਹੈ ਅਤੇ ਸਰੀਰਕ ਹਿੰਸਾ ਉਹਨਾਂ ਦੇ ਮੂੰਹ ਕਾਲ਼ੇ ਕਰਨ ਤੋਂ ਲੈ ਕੇ ਧੌਣਾਂ ਉੱਤੇ ਛੁਰੀਆਂ ਫੇਰ ਰਹੀ ਹੈ!

*****

(138)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 11 42502364)
Email: (bhullargs@gmail.com)

More articles from this author