GurbachanBhullar7ਦਿੱਲੀ ਤੁਸੀਂ ਡਿਗਰੀ ਬੈਗ ਵਿੱਚ ਪਾ ਕੇ ਅਧਿਆਪਕ ਲੱਗਣ ਨਹੀਂ ਸੀ ਆਏਝੋਲ਼ੇ ਵਿੱਚ ਲੰਗੋਟ ਪਾ ਕੇ ਪਹਿਲਵਾਨੀ ਕਰਨ ...
(2 ਜਨਵਰੀ 2022)

 

ਡਾ. ਕਾਲਾ ਸਿੰਘ ਬੇਦੀ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਪੜ੍ਹਾਉਂਦੇ ਸਨ। ਮੇਰੇ ਦਿੱਲੀ ਪਹੁੰਚਣ ਸਮੇਂ ਅਕਾਦਮਿਕ ਤੇ ਸਾਹਿਤਕ ਖੇਤਰਾਂ ਵਿੱਚ ਉਹਨਾਂ ਦਾ ਚੰਗਾ ਨਾਂ ਸੀ। ਉਹ ਮਿਹਨਤੀ ਅਧਿਆਪਕ ਅਤੇ ਬਰੀਕਬੀਨ ਸਾਹਿਤਕ ਖੋਜੀ ਤੇ ਆਲੋਚਕ ਦੇ ਨਾਲ਼-ਨਾਲ਼ ਬੇਹੱਦ ਸਾਊ-ਸਰੀਫ਼ ਇਨਸਾਨ ਵਜੋਂ ਜਾਣੇ ਜਾਂਦੇ ਸਨ। ਜਦੋਂ ਸਾਹਿਤਕ ਖੇਤਰ ਵਿੱਚ ਮੇਰਾ ਆਉਣ-ਜਾਣ ਹੋਇਆ, ਉਹਨਾਂ ਨਾਲ ਨਿੱਘੀ ਜਾਣ-ਪਛਾਣ ਹੋ ਗਈ। ਉਹ ਮੈਥੋਂ ਕੋਈ ਤੀਹ ਸਾਲ ਵੱਡੇ ਸਨ। ਉਹਨਾਂ ਨੂੰ ਮਿਲ ਕੇ ਮੇਰੇ ਮਨ ਉੱਤੇ ਅਸ਼ੀਰਵਾਦੀ ਵਡੇਰੇ ਨੂੰ ਮਿਲੇ ਹੋਣ ਦਾ ਪ੍ਰਭਾਵ ਪੈਂਦਾ। ਹੱਸ ਕੇ ਮਿਲਦੇ ਅਤੇ ਸਨਿਮਰ, ਮਿੱਠੀ ਬੋਲ-ਬਾਣੀ ਵਿੱਚ ਖੈਰ-ਸੁੱਖ ਪੁੱਛਦੇ ਤੇ ਹੋਰ ਗੱਲਾਂ ਕਰਦੇ।

ਪੰਜਾਬੋਂ ਉਹ ਦਰਿਆ ਬਿਆਸ ਨੇੜਲੇ ਪਿੰਡ ਭਲੋਜਲਾ ਤੋਂ ਸਨ। ਇਹ ਨਾਂ ਉਚਾਰਨ ਦੇ ਪੱਖੋਂ ਮੈਂਨੂੰ ਕੁਛ ਅਜੀਬ ਜਿਹਾ ਲੱਗਿਆ। ਇੱਕ ਦਿਨ ਮੈਂ ਹੱਸਦਿਆਂ ਕਿਹਾ, ‘ਬੇਦੀ ਜੀ, ਤੁਸੀਂ ਤਾਂ ਭਾਸ਼ਾ-ਵਿਗਿਆਨੀ ਹੋ, ਇਹ ਤੁਹਾਡਾ ਭਲੋਜਲਾ ਜਾਂ ਤਾਂ ਭਵਜਲ ਦਾ ਤੇ ਜਾਂ ਫੇਰ ਜਲਜ਼ਲੇ ਦਾ ਭਰਾ-ਭਾਈ ਜਿਹਾ ਨਹੀਂ ਲਗਦਾ?”

ਉਹ ਵੀ ਖੁੱਲ੍ਹ ਕੇ ਹੱਸੇ, “ਗੱਲ ਤਾਂ ਤੁਹਾਡੀ ਵੀ ਵਾਜਬ ਹੈ ਪਰ ਸੱਚ-ਤੱਥ ਇਹ ਹੈ ਕਿ ਇਹ ਪਿੰਡ ਮੂਲ ਰੂਪ ਵਿੱਚ ਔਜਲਾ ਗੋਤ ਦੇ ਕਿਸਾਨ ਜੱਟਾਂ ਦਾ ਸੀ ਜੋ ਉਹਨਾਂ ਦੇ ਪੁਰਖੇ ਬਾਬਾ ਭੀਲ ਨੇ ਵਸਾਇਆ ਦੱਸਦੇ ਨੇ। ਭੀਲ-ਔਜਲਾ ਤੋਂ ਹੌਲ਼ੀ-ਹੌਲ਼ੀ ਬਦਲ ਕੇ ਭਲੋਜਲਾ ਬਣ ਗਿਆ। ਪਰ ਜੇ ਤੁਹਾਡੇ ਵਾਲੀ ਸ਼ੈਲੀ ਵਿੱਚ ਇਹਦਾ ਕੋਈ ਅਰਥ ਦੱਸਣਾ ਹੋਵੇ, ਮੈਂ ਤਾਂ ਭੁੱਲਰ ਜੀ ਇਹ ਕਹਾਂਗਾ ਕਿ ਮੇਰੇ ਪਿੰਡ ਦੇ ਲੋਕ ਜਲ ਵਰਗੇ ਭਲੇ ਨੇ ਜਿਸ ਕਰਕੇ ਇਸ ਨੂੰ ਭਲੋਜਲਾ ਕਿਹਾ ਜਾਣ ਲੱਗਿਆ। ਦੇਖੋ ਆਪਣੇ ਬਾਬਾ ਨਾਨਕ ਜੀ ਨੇ ਜਲ ਨੂੰ ਸਮੁੱਚੇ ਜੀਵਨ ਦਾ ਆਧਾਰ ਦੱਸ ਕੇ ਉਸ ਨੂੰ ਕਿੰਨਾ ਭਲਾ ਦਰਜਾ ਦਿੱਤਾ ਹੈ। ਕਹਿੰਦੇ ਨੇ, “ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।”

ਪਿੰਡ ਨਾਲ ਉਹਨਾਂ ਨੂੰ ਇੰਨਾ ਸਨੇਹ ਸੀ ਕਿ ਆਪਣੀਆਂ ਪੁਸਤਕਾਂ ਉੱਤੇ ਉਹਨਾਂ ਨੇ ਆਪਣੇ ਨਾਂ ਨਾਲ ‘ਭਲੋਜਲਾ ਨਿਵਾਸੀ’ ਲਿਖਿਆ। ਦਿੱਲੀ ਵਿੱਚ ਲਗਭਗ ਚਾਰ ਦਹਾਕਿਆਂ ਤਕ ਟਿਕੇ ਰਹਿਣ ਅਤੇ ਨਾਂ ਕਮਾਉਣ ਦੇ ਬਾਵਜੂਦ ਉਹ ਦਿਲੋਂ ਭਲੋਜਲਾ-ਨਿਵਾਸੀ ਹੀ ਰਹੇ। ਸ਼ਾਇਦ ਇਸੇ ਕਰਕੇ ਉਹਨਾਂ ਨੇ ਆਪਣੇ ਲਗਭਗ ਸਭ ਸਹਿਕਰਮੀਆਂ ਦੇ ਉਲਟ ਦਿੱਲੀ ਵਿੱਚ ਆਪਣਾ ਮਕਾਨ ਨਹੀਂ ਸੀ ਬਣਾਇਆ। ਉਹ ਅੰਤ ਤਕ ਬਹੁਤ ਹੀ ਸਾਧਾਰਨ ਤੇ ਭੀੜੇ ਜਿਹੇ ਮਕਾਨ ਦੇ ਕਿਰਾਏਦਾਰ ਬਣੇ ਰਹੇ। ਦਿੱਲੀ ਯੂਨੀਵਰਸਿਟੀ ਤੋਂ ਰੀਡਰ ਵਜੋਂ ਸੇਵਾ-ਮੁਕਤ ਹੋ ਕੇ ਉਹਨਾਂ ਨੂੰ ਦਿੱਲੀ ਦੀ ਥਾਂ ਭਲੋਜਲੇ ਜਾ ਰਹਿਣਾ ਹੀ ਚੰਗਾ ਲੱਗਿਆ। ਪਰ ਮਾੜੇ ਕਰਮਾਂ ਨੂੰ ਕੁਛ ਚਿਰ ਮਗਰੋਂ ਹੀ ਡਿਗਣ ਕਾਰਨ ਉਹਨਾਂ ਦਾ ਚੂਲ਼ਾ ਟੁੱਟ ਗਿਆ ਤੇ ਉਹ ਮੰਜੇ ਜੋਗੇ ਹੋ ਗਏ। ਡਾਕਟਰ ਠੀਕ ਹੀ ਬੁਢਾਪੇ ਵਿੱਚ ਹੱਡੀ ਟੁੱਟਣ ਨੂੰ ਅੰਤ ਦਾ ਆਰੰਭ ਆਖਦੇ ਹਨ। ਇਹੋ ਅਹੁਰ ਕਈ ਮਹੀਨਿਆਂ ਤਕ ਕਸ਼ਟ ਦੇਣ ਮਗਰੋਂ ਉਹਨਾਂ ਦੇ ਚਲਾਣੇ ਦਾ ਕਾਰਨ ਬਣ ਗਈ।

ਇੱਕ ਵਾਰ ਉਹਨਾਂ ਦੇ ਇਸ ਪਿੰਡ-ਪਿਆਰ ਦੀ ਗੱਲ ਤੁਰੀ ਤਾਂ ਉਹਨਾਂ ਨੇ ਰਹੱਸ ਖੋਲ੍ਹਿਆ, “ਭਾਵੇਂ ਇਹ ਸਾਡਾ ਜੱਦੀ-ਪੁਸ਼ਤੀ ਪਿੰਡ ਨਹੀਂ ਪਰ ਮੈਂ ਤਾਂ ਇਸ ਸੰਸਾਰ ਵਿੱਚ ਆਪਣੀਆਂ ਅੱਖਾਂ ਇਸੇ ਪਿੰਡ ਵਿੱਚ ਖੋਲ੍ਹੀਆਂ। ਇਹਦੇ ਨਾਲ ਮੋਹ ਤਾਂ ਹੋਣਾ ਹੀ ਹੋਇਆ। ਵੈਸੇ ਮੇਰਾ ਪਿਛੋਕਾ ਤਾਂ ਡੇਰਾ ਬਾਬਾ ਨਾਨਕ ਦਾ ਹੈ ਜੀ। ਭਲੋਜਲੇ ਦੀ ਪੰਚਾਇਤ ਸਾਡੇ ਵਡੇਰਿਆਂ ਨੂੰ ਉੱਥੋਂ ਜਾ ਕੇ ਲਿਆਈ ਸੀ।” ਉਹਨਾਂ ਨੇ ਦੱਸਿਆ ਕਿ ਔਜਲੇ ਜੱਟਾਂ ਨੇ ਕਿਵੇਂ ਪਿੰਡ ਨੂੰ ਸੰਪੂਰਨ ਬਣਾਉਣ ਦੇ ਪੱਖੋਂ ਹੋਰ ਜਾਤਾਂ-ਗੋਤਾਂ ਦੇ ਲੋਕਾਂ ਦੀ ਲੋੜ ਮਹਿਸੂਸ ਕੀਤੀ ਤੇ ਉਹ ਪੱਗਾਂ ਦੇ-ਦੇ ਕੇ ਬੜੀ ਇੱਜ਼ਤ ਨਾਲ ਉਹਨਾਂ ਨੂੰ ਹੋਰ ਪਿੰਡਾਂ ਤੋਂ ਲੈ ਕੇ ਆਏ “ਇਉਂ ਤਰਖਾਣਾਂ, ਲੁਹਾਰਾਂ, ਨਾਈਆਂ, ਮਜ਼ਹਬੀ-ਰਵੀਦਾਸੀਆਂ ਦੇ ਨਾਲ ਨਾਲ ਬੇਦੀਆਂ-ਸੋਢੀਆਂ ਦੀ ਵੀ ਵਾਰੀ ਆ ਗਈ। ਅਸੀਂ ਡੇਰਾ ਬਾਬਾ ਨਾਨਕ ਵਾਲ਼ੇ ਬੇਦੀ ਲੋਕ ਬਾਬਾ ਨਾਨਕ ਦੀ ਕੁਲ ਵਿੱਚੋਂ ਹਾਂ!”

ਉਹਨਾਂ ਦਾ ਪਹਿਲਾ ਨਾਂ ਰਾਮਜੀ ਦਾਸ ਬੇਦੀ ਸੀ। ਮਗਰੋਂ ਉਹਨਾਂ ਨੇ ਨਾਂ ਤਾਂ ਕਾਲਾ ਸਿੰਘ ਬੇਦੀ ਕਰ ਲਿਆ ਪਰ ਰਹੇ ਸਹਿਜਧਾਰੀ ਹੀ। ਜਦੋਂ ਮੈਂ ਖਿਮਾ-ਸਹਿਤ ਉਹਨਾਂ ਤੋਂ ਇਸ ਤੱਥ ਦਾ ਭੇਤ ਜਾਣਨਾ ਚਾਹਿਆ, ਉਹ ਹੱਸ ਪਏ, “ਭੁੱਲਰ ਜੀ, ਅਸਲ ਵਿੱਚ ਇਹ ਬੜੀ ਅਨੋਖੀ ਜਿਹੀ ਕਹਾਣੀ ਹੈ। ਤੁਹਾਨੂੰ ਯਕੀਨ ਨਹੀਂ ਆਉਣਾ, ਭਰ-ਜਵਾਨੀ ਤਕ ਮੈਂ ਵਿਦਿਆਰਥੀ ਨਹੀਂ, ਅਣਪੜ੍ਹ ਪਹਿਲਵਾਨ ਹੁੰਦਾ ਸੀ। ਮੇਰਾ ਕੰਮ ਬੱਸ ਪਹਿਲਵਾਨੀ ਕਰਨਾ ਜਾਂ ਵਿਹਲੇ ਸਮੇਂ ਵਿੱਚ ਘਰ ਦੇ ਡੰਗਰ ਚਾਰਨਾ ਹੁੰਦਾ ਸੀ। ਉਦੋਂ ਦੇ ਕਟਾਏ ਕੇਸ ਮੁੜ ਕੇ ਵਿੱਦਿਆ ਦੇ ਲੜ ਲੱਗਣ ਮਗਰੋਂ ਵੀ ਬੱਸ ਰੱਖੇ ਹੀ ਨਹੀਂ। ਉਂਜ ਤੁਹਾਨੂੰ ਦੱਸਾਂ, ਸਾਡਾ ਪਰਿਵਾਰ ਕੇਸਾਧਾਰੀ ਹੀ ਹੈ।”

ਉਹਨਾਂ ਦਾ ਅਣਪੜ੍ਹ ਪਹਿਲਵਾਨ ਹੋਣਾ ਸੁਣ ਕੇ ਜਾਗੀ ਮੇਰੀ ਹੈਰਾਨੀ ਦੇ ਜਵਾਬ ਵਿੱਚ ਉਹ ਬੋਲੇ, “ਭੁੱਲਰ ਜੀ, ਤੁਸੀਂ ਵੀ ਜੇ ਆਪਣੇ ਬਾਲਪਨ ਦੇ ਜ਼ਮਾਨੇ ਨੂੰ ਚੇਤੇ ਕਰੋਂ, ਹੁਣ ਦੇ ਉਲਟ ਬਹੁਤੇ ਪੇਂਡੂ ਜਵਾਨ ਸਰੀਰ ਬਣਾ ਕੇ ਰੱਖਣ ਦੇ ਸ਼ੌਕੀਨ ਹੁੰਦੇ ਸਨ। ਹੁਣ ਵਾਲ਼ੇ ਵੈਲ-ਐਬ ਪਿੰਡਾਂ ਦੀ ਜਵਾਨੀ ਦੇ ਨੇੜੇ-ਤੇੜੇ ਵੀ ਨਹੀਂ ਸਨ ਪਹੁੰਚੇ। ਹਰ ਪਿੰਡ ਦੇ ਜਵਾਨ ਡੰਡ-ਬੈਠਕਾਂ ਕਢਦੇ, ਭਾਰ ਚੁੱਕਦੇ, ਗੋਲ਼ਾ ਸੁਟਦੇ। ਕਈ ਮੇਰੇ ਵਰਗੇ ਪਹਿਲਵਾਨੀ ਤਕ ਵੀ ਜਾ ਪਹੁੰਚਦੇ!”

ਮੇਰਾ ਸੁਭਾਵਿਕ ਸਵਾਲ ਸੀ?”ਫੇਰ ਤੁਸੀਂ ਇਹ ਥੱਬਾ ਡਿਗਰੀਆਂ ਕਿੱਥੋਂ ਮਾਰ ਲਿਆਏ?”

ਉਹ ਖੁੱਲ੍ਹ ਕੇ ਹੱਸੇ, “ਤੁਸੀਂ ਬਿਲਕੁਲ ਦਰੁਸਤ ਕਿਹਾ, ਮੇਰੀ ਜੀਵਨ-ਕਹਾਣੀ ਹੈ ਡਿਗਰੀਆਂ ਲੈਣ ਦੀ ਥਾਂ ਡਿਗਰੀਆਂ ਮਾਰਨ ਵਾਲੀ ਹੀ! ... ਪਿੰਡਾਂ ਵਿਚਕਾਰ ਸਾਂਝ ਵੀ ਬਹੁਤ ਹੁੰਦੀ ਸੀ ਤੇ ਕਿਸੇ-ਕਿਸੇ ਗੱਲ ਦਾ ਸ਼ਰੀਕਾ ਵੀ ਹੋ ਜਾਂਦਾ ਸੀ। ਹੋਇਆ ਇਹ ਜੀ ਕਿ ਸਾਡੇ ਇੱਕ ਗੁਆਂਢੀ ਪਿੰਡ ਦੇ ਮੇਰੇ ਸਭ ਹਾਣੀ ਕੁਸ਼ਤੀ ਵਿੱਚ ਮੈਥੋਂ ਹਾਰ ਗਏ। ਉਸ ਪਿੰਡ ਦਾ ਇੱਕ ਜਵਾਨ ਦਿੱਲੀ ਰਹਿੰਦਾ ਸੀ। ਉਹ ਕੰਮ-ਧੰਦੇ ਦੇ ਨਾਲ਼-ਨਾਲ਼ ਪਹਿਲਵਾਨੀ ਵੀ ਕਰਦਾ ਸੀ। ਪਿੰਡ ਵਾਲਿਆਂ ਦੀ ਨਜ਼ਰ ਵਿੱਚ ਉਹ ਵਾਹਵਾ ਚੰਗਾ ਪਹਿਲਵਾਨ ਸੀ। ਇੱਕ ਵਾਰ ਉਹਨੂੰ ਪਿੰਡ ਆਏ ਹੋਏ ਨੂੰ ਉੱਥੋਂ ਦੇ ਲੋਕਾਂ ਨੇ ਮੇਰੇ ਨਾਲ ਟਕਰਾ ਦਿੱਤਾ। ਕੁਸ਼ਤੀ ਦੇ ਕਈ ਗੇੜ ਹੋਏ ਪਰ ਉਹਨੇ ਮੇਰੀ ਪਿੱਠ ਤਾਂ ਕੀ ਲਾਉਣੀ ਸੀ, ਉਲਟਾ ਮੈਥੋਂ ਪਿੱਠ ਲੁਆ ਬੈਠਾ! ਲੋਕਾਂ ਵਿੱਚ ਈਰਖਾ ਘੱਟ ਹੀ ਹੁੰਦੀ ਸੀ। ਉਹ ਮੈਥੋਂ ਹਾਰੇ ਹੋਣ ਦਾ ਬੁਰਾ ਮਨਾਉਣ ਦੀ ਥਾਂ ਮੈਂਨੂੰ ਕਹਿਣ ਲਗਿਆ, “ਤੇਰੇ ਵਿੱਚ ਕੁਸ਼ਤੀ ਦੇ ਦਾਅ-ਪੇਚਾਂ ਦੀ ਕਲਾ ਹੈ, ਤੂੰ ਮੇਰੇ ਨਾਲ ਦਿੱਲੀ ਚੱਲ, ਉੱਥੇ ਤੇਰੀ ਕਦਰ ਪੈ ਸਕਦੀ ਹੈ।”

ਮੈਂ ਦੱਸਿਆ, “ਮੇਰੇ ਪੱਲੇ ਤਾਂ ਧੇਲਾ ਵੀ ਨਹੀਂ” ਉਹਨੇ ਮੈਂਨੂੰ ਰੋਟੀ-ਟੁੱਕ ਦੀ ਤੇ ਕੰਮ ਲੱਭਣ ਦੀ ਮਦਦ ਦਾ ਭਰੋਸਾ ਦਿੱਤਾ।

ਮੈਂ ਉਹਨਾਂ ਦੀ ਗੱਲ ਟੋਕੀ, “ਤਾਂ ਫੇਰ ਦਿੱਲੀ ਤੁਸੀਂ ਡਿਗਰੀ ਬੈਗ ਵਿੱਚ ਪਾ ਕੇ ਅਧਿਆਪਕ ਲੱਗਣ ਨਹੀਂ ਸੀ ਆਏ, ਝੋਲ਼ੇ ਵਿੱਚ ਲੰਗੋਟ ਪਾ ਕੇ ਪਹਿਲਵਾਨੀ ਕਰਨ ਆਏ ਸੀ!”

ਉਹਨਾਂ ਨੇ ਹਾਮੀ ਭਰੀ, “ਜੀ ਹਾਂ। ... ਉਸ ਬੰਦੇ ਨੇ ਤਾਂ ਮੇਰੀ ਮਦਦ ਕਰਨ ਦਾ ਕੌਲ ਨਿਭਾਇਆ ਪਰ ਉਹਦੀਆਂ ਰੋਟੀਆਂ ਮੈਂ ਕਿੰਨਾ ਕੁ ਚਿਰ ਭੰਨ ਸਕਦਾ ਸੀ! ... ਬਹੁਤ ਔਖੇ ਦਿਨ ਕੱਟੇ, ਭੁੱਲਰ ਜੀ, ਮੈਂ! ਕਈ ਨਿੱਕੇ-ਮੋਟੇ ਕੰਮ ਵੀ ਕੀਤੇ। ਉਹ ਕੰਮ ਵੀ ਜਿਨ੍ਹਾਂ ਨੂੰ ਮਨ ਨਹੀਂ ਸੀ ਮੰਨਦਾ! ਆਖ਼ਰ ਉੱਪਰ ਵਾਲ਼ੇ ਨੇ ਹੀ ਰਾਹ ਕੱਢਿਆ। ਗੁਰੂ-ਘਰ ਵਿੱਚ ਜਮਾਂਦਰੂ ਸ਼ਰਧਾ ਹੋਣ ਕਰਕੇ ਮੈਂ ਮੱਥਾ ਟੇਕਣ ਜਾਂਦਾ ਰਹਿੰਦਾ ਸੀ। ਉੱਥੇ ਮਿਲਦਾ ਇੱਕ ਭਲਾ ਆਦਮੀ ਇੱਕ ਦਿਨ ਮੇਰਾ ਬਾਬਾ ਨਾਨਕ ਦੀ ਕੁਲ਼ ਵਿੱਚੋਂ ਹੋਣਾ ਜਾਣ ਕੇ ਕਹਿਣ ਲੱਗਿਆ, “ਬਾਬਾ ਜੀ ਨੇ ਤਾਂ ਦੁਨੀਆ ਨੂੰ ਚਾਨਣ ਦਿੱਤਾ, ਤੂੰ ਉਹਨਾਂ ਦੀ ਔਲਾਦ ਹੋ ਕੇ ਅਣਪੜ੍ਹਤਾ ਦੇ ਹਨੇਰੇ ਵਿੱਚ ਤੁਰਿਆ ਫਿਰਦਾ ਹੈਂ!” ਉਹਨੇ ਮੈਂਨੂੰ ਗੁਰਮੁਖੀ ਸਿਖਾਉਣ ਦੀ ਪੇਸ਼ਕਸ਼ ਕੀਤੀ। ... ਬੱਸ ਜੀ, ਉਹ ਦਿਨ ਸੋ ਉਹ ਦਿਨ, ਉਸ ਭਲੇ ਆਦਮੀ ਦੀ ਕਿਰਪਾ ਨਾਲ ਮੈਂਨੂੰ ਤਾਂ ਪੜ੍ਹਨ ਦਾ ਨਸ਼ਾ ਹੀ ਲੱਗ ਗਿਆ। ਤੇ ਹੁਣ ਮੈਂ ਜੋ ਹਾਂ, ਤੁਹਾਡੇ ਸਾਹਮਣੇ ਹਾਂ!”

ਮੈਂ ਹੈਰਾਨ ਹੋਇਆ, ਭਰ-ਜਵਾਨੀ ਤਕ ਅਣਪੜ੍ਹ ਤੇ ਫੇਰ ਕਈ ਐੱਮ.ਏ. ਤੇ ਆਖ਼ਰ ਪੀਐੱਚ.ਡੀ.! ਉਹ ਸਕੂਲ ਅਧਿਆਪਕ ਤੋਂ ਸ਼ੁਰੂ ਕਰ ਕੇ ਕਾਲਜ ਵਿੱਚੋਂ ਦੀ ਹੁੰਦੇ ਹੋਏ ਯੂਨੀਵਰਸਿਟੀ ਵਿੱਚ ਪੜ੍ਹਾਉਣ ਤਕ ਪੁੱਜੇ। ਭਾਸ਼ਾਵਾਂ ਦੇ ਉਹ ਗੂੜ੍ਹ-ਗਿਆਨੀ ਸਨ ਅਤੇ ਪੰਜਾਬੀ, ਉਰਦੂ, ਫ਼ਾਰਸੀ ਤੇ ਇਤਿਹਾਸ ਦੇ ਚੌਹਰੇ ਐੱਮ.ਏ. ਸਨ। ਡਾਕਟਰੇਟ ਵਾਸਤੇ ਉਹਨਾਂ ਨੇ ‘ਪੰਜਾਬੀ ਅਤੇ ਉਰਦੂ ਦਾ ਭਾਸ਼ਾਈ ਸੰਬੰਧ’ ਵਿਸ਼ਾ ਚੁਣਿਆ।

ਬਾਬਾ ਨਾਨਕ ਦੀ ਕੁਲ਼ ਵਿੱਚੋਂ ਹੋਣ ਦੇ ਮਾਣ ਸਦਕਾ ਹੀ ਉਹਨਾਂ ਨੇ ਬਾਬਾ ਜੀ ਬਾਰੇ ਪੰਜ ਪੁਸਤਕਾਂ ਵਾਰਕਾਰ ਗੁਰੂ ਨਾਨਕ, ਗੁਰੂ ਨਾਨਕ ਕਾਵਿ-ਕਲਾ, ਗੁਰੂ ਨਾਨਕ ਕਾਵਿ-ਚਿਤਰਣ, ਗੁਰੂ ਨਾਨਕ ਦਰਸ਼ਨ ਅਤੇ ਗੁਰੂ ਨਾਨਕ ਨਿਰੰਕਾਰੀ - ਦੀ ਰਚਨਾ ਕੀਤੀ। ‘ਗੁਰੂ ਨਾਨਕ ਦਰਸ਼ਨ’ ਵਿੱਚ ਉਹਨਾਂ ਨੇ ਆਪਣਾ ਕੁਰਸੀਨਾਮਾ ਦਿੱਤਾ ਹੋਇਆ ਹੈ ਜੋ ਸਿੱਧਾ ਬਾਬਾ ਨਾਨਕ ਨਾਲ ਜਾ ਜੁੜਦਾ ਹੈ।

ਇੱਕ ਦਿਨ ਪੰਜਾਬੋਂ ਇੱਕ ਮੁੰਡਾ ਸਾਡੇ ਘਰ ਆਇਆ ਅਤੇ ਉਹਨੇ ਮੇਰੇ ਇਕਲੌਤੇ ਸਕੂਲ ਅਧਿਆਪਕ ਸਾਢੂ ਦੀ ਚਿੱਠੀ ਦਿੱਤੀ। ਉਸ ਵਿੱਚ ਮੈਂਨੂੰ ਉਸ ਮੁੰਡੇ ਦਾ ਕੰਮ ਕਰਵਾ ਦੇਣ ਲਈ ਕਿਹਾ ਗਿਆ ਸੀ। ਉਹਨੇ ਕੰਮ ਦੱਸਿਆ ਤਾਂ ਮੈਂ ਇੱਕ ਵਾਰ ਤਾਂ ਦੁਚਿੱਤੀ ਜਿਹੀ ਵਿੱਚ ਪੈ ਗਿਆ, ਫੇਰ ਸੋਚਿਆ, ਇਹ ਤਾਂ ਅੱਜ-ਕੱਲ੍ਹ ਸਾਧਾਰਨ ਵਰਤਾਰਾ ਹੈ। ਪੰਜਾਬ ਦੀ ਇੱਕ ਯੂਨੀਵਰਸਿਟੀ ਤੋਂ ਉਹਨੇ ਪੰਜਾਬੀ ਐੱਮ. ਏ. ਦੇ ਦੂਜੇ ਭਾਗ ਦੇ ਪਰਚੇ ਦਿੱਤੇ ਹੋਏ ਸਨ ਅਤੇ ਨੰਬਰ ਲਾਉਣ ਵਾਸਤੇ ਇੱਕ ਪਰਚਾ ਕਾਲਾ ਸਿੰਘ ਬੇਦੀ ਜੀ ਕੋਲ ਆਇਆ ਹੋਇਆ ਸੀ। ਉਹ ਮੇਰੇ ਰਾਹੀਂ ਉਹਨਾਂ ਤੋਂ ਨੰਬਰ ਵਧਵਾਉਣ ਦੇ ਮੰਤਵ ਨਾਲ ਆਇਆ ਸੀ। ਹੁਣ ਦੇ ਨੇਮਾਂ ਦਾ ਪਤਾ ਨਹੀਂ, ਉਹਨੀਂ ਦਿਨੀਂ ਉਹ ਯੂਨੀਵਰਸਿਟੀ ਜਵਾਬੀ ਪਰਚੇ ਤੋਂ ਅਸਲ ਰੋਲ ਨੰਬਰ ਪਾੜ ਲੈਂਦੀ ਸੀ ਅਤੇ ਉਹਦੀ ਥਾਂ ਨਵਾਂ ਗੁਪਤ ਨੰਬਰ ਲਾ ਦਿੰਦੀ ਸੀ। ਮੁੰਡਾ ਇੰਨਾ ਜੁਗਤੀ-ਜੁਗਾੜੀ ਸੀ ਕਿ ਉਹਨੇ ਸੰਬੰਧਿਤ ਕਲਰਕ ਦੇਵਤਾ ਨੂੰ ਮਾਇਆ ਦਾ ਗੱਫਾ ਦੇ ਕੇ ਨਾ ਸਿਰਫ਼ ਚਾਰੇ ਪਰਚਿਆਂ ਦੇ ਨੰਬਰ ਲਾਉਣ ਵਾਲੇ ਪ੍ਰੋਫ਼ੈਸਰਾਂ ਦਾ ਹੀ ਪਤਾ ਕਰ ਲਿਆ ਸੀ ਸਗੋਂ ਚਾਰੇ ਗੁਪਤ ਨੰਬਰ ਵੀ ਲੈ ਲਏ ਸਨ। ਇਉਂ ਸਾਨੂੰ ਪੂਰਾ ਢੇਰ ਫਰੋਲ ਕੇ ਪਰਚਾ ਪਛਾਨਣ-ਲੱਭਣ ਦੀ ਖੇਚਲ ਨਹੀਂ ਸੀ ਕਰਨੀ ਪੈਣੀ, ਬੇਦੀ ਜੀ ਨੂੰ ਬੱਸ ਗੁਪਤ ਨੰਬਰ ਹੀ ਦੱਸਣਾ ਪੈਣਾ ਸੀ।

ਮੇਰੇ ਇੱਕ ਕਹਾਣੀਕਾਰ ਮਿੱਤਰ ਨੇ ਉਹਨਾਂ ਦਾ ਘਰ ਦੇਖਿਆ ਹੋਇਆ ਸੀ। ਉਹਨੂੰ ਮੈਂ ਨਾਲ ਲੈ ਲਿਆ। ਮੈਂ ਸੋਚਿਆ, ਨਾਲੇ ਮੇਰੇ ਇਕੱਲੇ ਨਾਲੋਂ ਸਾਡੇ ਦੋਂਹ ਦਾ ਬੇਦੀ ਜੀ ਉੱਤੇ ਅਸਰ ਕੁਛ ਵੱਧ ਪਵੇਗਾ। ਉਹ ਕਿਤੇ ਆਪਣੇ ਦਿੱਲੀ ਵਾਸ ਦੇ ਸ਼ੁਰੂ ਤੋਂ ਸੰਘਣੀ ਵਸੋਂ ਵਾਲੇ ਸਦੀਆਂ ਪੁਰਾਣੇ ਪਹਾੜਗੰਜ ਵਿੱਚ ਕਿਰਾਏਦਾਰ ਵਜੋਂ ਰਹਿ ਰਹੇ ਸਨ। ਬਾਬਾ ਆਦਮ ਦੇ ਜ਼ਮਾਨੇ ਦੇ ਬਣੇ ਇੱਕ ਭੀੜੇ ਤੇ ਹਨੇਰੇ ਜਿਹੇ ਘਰ ਦੀ ਪਹਿਲੀ ਮੰਜ਼ਲ ਉੱਤੇ ਉਸ ਚਾਨਣੇ ਮਨੁੱਖ ਦਾ ਟਿਕਾਣਾ ਸੀ। ਅਸੀਂ ਤਿੰਨੇ ਮਟਕ-ਚਾਨਣੀ ਜਿਹੀ ਡਿਉਢੀ ਦੀਆਂ ਭੀੜੀਆਂ ਪੌੜੀਆਂ ਕੋਲ ਪਹੁੰਚੇ ਤਾਂ ਮੇਰਾ ਮਿੱਤਰ ਕਹਿੰਦਾ, ਸੱਜੀ ਕੰਧ ਨਾਲ ਸੰਗਲ ਲੱਗਿਆ ਹੋਇਆ ਹੈ, ਉਹ ਫੜ ਲਵੋ, ਚੜ੍ਹਨਾ ਸੌਖਾ ਰਹੂ। ਅੱਗੇ ਬੇਦੀ ਜੀ ਦੇ ਕਮਰੇ ਵਿੱਚ ਵੀ ਦਿਨੇ ਹੀ ਬਲਬ ਜਗ ਰਿਹਾ ਸੀ। ਮੈਂਨੂੰ ਤੇ ਮੇਰੇ ਮਿੱਤਰ ਨੂੰ ਦੇਖ ਕੇ ਉਹਨਾਂ ਨੂੰ ਤਾਂ ਜਿਵੇਂ ਸੱਚੇ ਦਿਲੋਂ ਚਾਅ ਹੀ ਚੜ੍ਹ ਗਿਆ! ਸਾਨੂੰ ਤਿੰਨਾਂ ਨੂੰ ਆਪਣੇ ਆਪਣੇ ਮਨ ਵਿੱਚ ਤਸੱਲੀ ਹੋ ਗਈ ਕਿ ਕੰਮ ਬਣ ਗਿਆ ਸਮਝੋ।

ਚਾਹ-ਪਾਣੀ ਪਿੱਛੋਂ ਬੇਦੀ ਜੀ ਨੇ ਬੜੀ ਮਿੱਠਤ ਨਾਲ ਪੁੱਛਿਆ, “ਅੱਜ ਰਾਹ ਕਿਵੇਂ ਭੁੱਲ ਗਏ ਮੇਰੇ ਪਿਆਰੇ?”

ਪਤਾ ਨਹੀਂ, ਸਾਡੇ ਆਉਣ ਦਾ ਮੰਤਵ ਉਹ ਸਮਝ ਗਏ ਸਨ ਜਾਂ ਨਹੀਂ। ਹੋ ਸਕਦਾ ਹੈ, ਉਹਨਾਂ ਕੋਲ ਹੋਰ ਲੋਕ ਵੀ ਇਸ ਕੰਮ ਆਉਂਦੇ ਹੋਣ। ਜਾਂ ਹੋ ਸਕਦਾ ਹੈ, ਉਹਨਾਂ ਨੂੰ ਜਾਣਨ ਵਾਲੇ ਬੰਦੇ ਇਹ ਸੋਚ ਕੇ ਨਾ ਹੀ ਆਉਂਦੇ ਹੋਣ ਕਿ ਕੰਮ ਤਾਂ ਉਹਨਾਂ ਨੇ ਕਰਨਾ ਨਹੀਂ।

ਤਿੰਨਾਂ ਵਿੱਚੋਂ ਮੈਂਨੂੰ ਹੀ ਬੋਲਣਾ ਪੈਣਾ ਸੀ। ਬੇਦੀ ਜੀ ਦੇ ਕੀਤੇ ਸਵਾਗਤ ਮਗਰੋਂ ਕੰਮ ਬਣ ਜਾਣ ਵਿੱਚ ਕੋਈ ਬਹੁਤਾ ਸ਼ੱਕ ਨਹੀਂ ਸੀ ਰਹਿ ਗਿਆ। ਇਸਦੇ ਬਾਵਜੂਦ ਮੈਂ ਗੱਲ ਝਿਜਕ ਜਿਹੀ ਦਿਖਾ ਕੇ ਹੀ ਕਰਨੀ ਠੀਕ ਸਮਝੀ, “ਬੇਦੀ ਜੀ, ਅਸੀਂ ਕੁਛ ਕਸੂਤੇ ਜਿਹੇ ਕੰਮ ਆਏ ਹਾਂ।”

ਉਹ ਸਹਿਜ ਨਾਲ ਆਖਣ ਲੱਗੇ?”ਕੰਮ ਕਿਹੋ ਜਿਹਾ ਵੀ ਹੋਵੇ, ਬੰਦਾ ਆਖ਼ਰ ਆਪਣਿਆਂ ਕੋਲ ਹੀ ਪਹੁੰਚਦਾ ਹੈ। ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?”

ਮੈਂ ਕੱਚਾ ਜਿਹਾ ਹੋ ਕੇ ਕਿਹਾ, “ਬੇਦੀ ਜੀ, ਅਸੀਂ ਤਿੰਨੇ ਤੁਹਾਡੇ ਬੱਚਿਆਂ ਵਰਗੇ ਹਾਂ, ਸਾਡੇ ਲਈ ਸੇਵਾ ਵਰਗਾ ਸ਼ਬਦ ਵਰਤ ਕੇ ਸਾਨੂੰ ਪਾਪ ਦੇ ਭਾਗੀ ਨਾ ਬਣਾਉ!” ਆਪਣੀ ਗੱਲ ਦਾ ਅਸਰ ਵਧਾਉਣ ਲਈ ਮੈਂ ਮੁੰਡੇ ਨੂੰ ਸਾਢੂ ਦਾ ਦੋਸਤ ਦੱਸਣ ਦੀ ਥਾਂ ਕਿਹਾ, “ਇਹ ਮੇਰਾ ਸਾਢੂ ਹੈ। ਇਹਦਾ ਪਰਚਾ ਤੁਹਾਡੇ ਕੋਲ ਹੈ, ਗੁਪਤ ਨੰਬਰ ਐਨਾ ਹੈ। … ਬੇਦੀ ਜੀ, ਗੱਲ ਇਹ ਹੈ, ਪਹਿਲੇ ਸਾਲ ਵਿੱਚ ਸੈਕੰਡ ਡਵੀਯਨ ਤੋਂ ਇਹਦੇ ਨੰਬਰ ਕੁਛ ਘੱਟ ਰਹਿ ਗਏ ਸਨ। ਜੇ ਤੁਹਾਡੀ ਕਿਰਪਾ ਹੋ ਜਾਵੇ, ਇਹਦੀ ਸੈਕੰਡ ਡਵੀਯਨ ਬਣ ਜਾਵੇ ਤੇ ਨੌਕਰੀ ਵਾਸਤੇ ਰਾਹ ਖੁੱਲ੍ਹ ਜਾਵੇ।”

ਉਹ ਮੇਰੀ ਗੱਲ ਟੋਕੇ ਬਿਨਾਂ ਸ਼ਾਂਤੀ ਨਾਲ ਸੁਣਦੇ ਰਹੇ ਸਨ। ਮੈਂ ਸਾਹ ਲਿਆ ਤਾਂ ਬੋਲੇ, “ਤੁਹਾਡੀ ਗੱਲ ਬਿਲਕੁਲ ਸਹੀ ਹੈ। ਸਾਡੇ ਵਾਲੇ ਜ਼ਮਾਨੇ ਤਾਂ ਰਹੇ ਨਹੀਂ। ਹੁਣ ਨੌਜਵਾਨਾਂ ਸਾਹਮਣੇ ਨੌਕਰੀ ਇੱਕ ਵੱਡੀ ਸਮੱਸਿਆ ਹੈ।” ਫੇਰ ਉਹ ਇੱਕ ਪਲ ਚੁੱਪ ਰਹਿ ਕੇ ਕਹਿੰਦੇ, “ਪਰ, ਭੁੱਲਰ ਜੀ, ਮੈਂ ਇਹ ਕੰਮ ਜ਼ਿੰਦਗੀ ਵਿੱਚ ਕਦੀ ਵੀ ਕੀਤਾ ਨਹੀਂ!”

ਕਮਰੇ ਵਿੱਚ ਚੁੱਪ ਵਰਤ ਗਈ। ਅਸੀਂ ਕਹਿੰਦੇ ਤਾਂ ਕੀ ਕਹਿੰਦੇ, ਜ਼ਿੰਦਗੀ ਭਰ ਦਾ ਆਪਣਾ ਨੇਮ-ਧਰਮ ਤੋੜ ਦਿਉ! ਆਖ਼ਰ ਉਹਨਾਂ ਨੇ ਹੀ ਚੁੱਪ ਤੋੜੀ, “ਤੁਹਾਨੂੰ ਮੇਰਾ ਜਵਾਬ ਬੁਰਾ ਲੱਗਿਆ ਹੋ ਸਕਦਾ ਹੈ। ਇਸ ਕਰਕੇ ਮੈਂ ਤੁਹਾਨੂੰ ਇਸਦਾ ਕਾਰਨ ਦੱਸਣਾ ਵੀ ਜ਼ਰੂਰੀ ਸਮਝਦਾ ਹਾਂ। … ਮੰਨ ਲਵੋ, ਇਸ ਬੱਚੇ ਦੇ 62 ਨੰਬਰ ਨੇ। ਮੈਂ ਪੰਜ ਵਧਾ ਕੇ 67 ਕਰ ਦਿੰਦਾ ਹਾਂ। ਇਉਂ ਮੈਂ ਇਸ ਨੂੰ ਉਹਨਾਂ ਕਈ ਬੱਚਿਆਂ ਦੇ ਉੱਪਰੋਂ ਛਾਲ ਮਰਵਾ ਕੇ ਅੱਗੇ ਲੰਘਾ ਰਿਹਾ ਹੋਵਾਂਗਾ ਜਿਨ੍ਹਾਂ ਦੇ 63 ਤੋਂ 66 ਤਕ ਨੰਬਰ ਆਏ ਹੋਏ ਨੇ। ਉਹਨਾਂ ਨੇ ਇਹ ਨੰਬਰ ਆਪਣੀ ਮਿਹਨਤ ਨਾਲ ਲਏ ਨੇ। ਉਹਨਾਂ ਨੂੰ ਵੀ ਨੌਕਰੀਆਂ ਚਾਹੀਦੀਆਂ ਨੇ। … ਮੈਂ ਆਪਣੇ ਇਸ ਰਿਸ਼ਤੇਦਾਰ ਦੇ ਨੰਬਰ ਵਧਾ ਦਿਆਂਗਾ, ਪਹਿਲਾਂ ਤੁਸੀਂ ਮੇਰੀ ਇੱਕ ਗੱਲ ਦਾ ਜਵਾਬ ਦੇ ਦਿਉ। … ਜਿਨ੍ਹਾਂ ਬੱਚਿਆਂ ਦੇ ਉੱਪਰੋਂ ਦੀ ਮੈਂ ਇਸ ਨੂੰ ਛੜੱਪਾ ਮਰਵਾ ਦਿਆਂਗਾ, ਮਤਲਬ ਉਹਨਾਂ ਦਾ ਹੱਕ ਮਾਰ ਕੇ ਇਸ ਨੂੰ ਦੇ ਦਿਆਂਗਾ, ਉਹਨਾਂ ਬਿਚਾਰਿਆਂ ਦਾ ਕੀ ਕਸੂਰ ਹੈ ਭਾਈ?”

ਬੇਦੀ ਜੀ ਨੇ ਅਜਿਹਾ ਸਵਾਲ ਪੁੱਛਿਆ ਸੀ ਜਿਸਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਸਗੋਂ ਕਿਸੇ ਕੋਲ ਵੀ ਕੋਈ ਜਵਾਬ ਨਹੀਂ ਸੀ। ਮੈਂ ਉੱਠਿਆ ਅਤੇ ਉਹਨਾਂ ਦੇ ਗੋਡੇ ਛੂਹ ਕੇ ਹੱਥ ਜੋੜੇ, “ਬੇਦੀ ਜੀ, ਤੁਹਾਡਾ ਸੁੱਚਾ ਸੁਭਾਅ ਜਾਣਦਿਆਂ ਸਾਨੂੰ ਇਹੋ ਜਿਹੇ ਕੰਮ ਵਾਸਤੇ ਤੁਹਾਡੇ ਕੋਲ ਆਉਣਾ ਹੀ ਨਹੀਂ ਸੀ ਚਾਹੀਦਾ। ਮੈਂ ਆਪਣੀ ਬੇਨਤੀ ਵਾਪਸ ਲੈਂਦਾ ਹਾਂ। ਮੈਂ ਹੁਣ ਨੰਬਰ ਵਧਾਉਣ ਲਈ ਬਿਲਕੁਲ ਨਹੀਂ ਆਖਦਾ। ਮੈਂਨੂੰ ਅਫ਼ਸੋਸ ਹੈ, ਅਸੀਂ ਤੁਹਾਨੂੰ ਤੁਹਾਡੇ ਆਦਰਸ਼ ਤੋਂ ਥਿੜਕਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਮਾਫ਼ ਕਰ ਦਿਉ!”

ਉਹਨਾਂ ਨੇ ਖੜ੍ਹੇ ਹੋ ਕੇ ਮੈਂਨੂੰ ਹਿੱਕ ਨਾਲ ਲਾਇਆ ਅਤੇ ਮਾਹੌਲ ਨੂੰ ਸਹਿਜ ਕਰਨ ਲਈ ਕਹਿੰਦੇ, “ਕੋਈ ਗੱਲ ਨਹੀਂ। ਮਨ ਨੂੰ ਨਾ ਲਾਉ। ਤੁਹਾਡੀ ਕੋਈ ਗ਼ਲਤੀ ਨਹੀਂ। ਅੱਜ-ਕੱਲ੍ਹ ਨੰਬਰ ਵਧਾਉਣ ਨੂੰ ਲੋਕ ਸਾਧਾਰਨ ਗੱਲ ਸਮਝਦੇ ਨੇ। ਤੁਸੀਂ ਕੋਈ ਅਣਹੋਣੀ ਨਹੀਂ ਕੀਤੀ।”

ਮੈਂਨੂੰ ਪਤਾ ਸੀ, ਸਾਢੂ ਦੇ ਦੋਸਤ ਨੂੰ ਮੇਰੀ ਗੱਲ ਬਹੁਤ ਬੁਰੀ ਲੱਗੀ ਹੋਵੇਗੀ। ਉਹ ਘਰ ਤਕ ਘੁੱਟਿਆ-ਵੱਟਿਆ ਜਿਹਾ ਰਿਹਾ। ਆਇਆ ਤਾਂ ਉਹ ਰਾਤ ਰਹਿਣ ਸੀ ਪਰ ਘਰ ਪਹੁੰਚ ਕੇ ਉਹਨੇ ਬੈਗ ਚੁੱਕਿਆ ਤੇ ਰੁੱਸੀ ਜਿਹੀ ਫਤਿਹ ਬੁਲਾ ਕੇ ਰਾਤ ਵਾਲੀ ਬੱਸ ਫੜਨ ਵਾਸਤੇ ਤੁਰ ਗਿਆ। ਉਹਨੇ ਜਾ ਕੇ ਗਿਲਾ ਕੀਤਾ, “ਕੰਮ ਕੀ ਮੇਰਾ ਸੁਆਹ ਹੋਣਾ ਸੀ, ਭੁੱਲਰ ਨੇ ਤਾਂ ਉਸ ਪ੍ਰੋਫੈਸਰ ਨੂੰ ਆਪ ਹੀ ਕਹਿ ਦਿੱਤਾ, ਅਸੀਂ ਨੰਬਰ ਵਧਾਉਣ ਲਈ ਨਹੀਂ ਆਖਦੇ।” ਕੁਦਰਤੀ ਸੀ, ਰਿਸ਼ਤੇਦਾਰ ਮੇਰੇ ਨਾਲ ਰੁੱਸ ਗਏ ਪਰ ਬੇਦੀ ਜੀ ਦੀ ਇੱਜ਼ਤ ਮੇਰੇ ਦਿਲ ਵਿੱਚ ਪਹਿਲਾਂ ਨਾਲੋਂ ਵੀ ਵਧ ਗਈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3250)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 11 42502364)
Email: (bhullargs@gmail.com)

More articles from this author