GurbachanSBhullar7ਮੈਂ ਅਜੇ ਇਸੇ ਸੋਚ ਵਿੱਚ ਸੀ ਕਿ ਫੋਨ ਫੇਰ ਖੜਕਿਆ, ਨਾਂ ਤੋਂ ਬਿਨਾਂ ਅਣਜਾਣਿਆ ਨੰਬਰ। ਮੈਂ ਬੋਲਿਆ ...
(24 ਜੁਲਾਈ 2023)


24July2023ਸਾਹਿਤਕਾਰ ਸ਼ਿਵ ਨਾਥ ਬੀਮਾਰ ਹੋ ਕੇ 25 ਜੂਨ ਨੂੰ ਚੰਡੀਗੜ੍ਹ ਦੇ 32 ਸੈਕਟਰ ਵਾਲੇ ਹਸਪਤਾਲ ਵਿੱਚ ਦਾਖ਼ਲ ਹੋ ਗਿਆਦੋ ਹਫ਼ਤਿਆਂ ਮਗਰੋਂ ਛੁੱਟੀ ਹੋਈ ਤੋਂ ਘਰ ਆਇਆ ਪਰ ਹਾਲਤ ਵਿਗੜਦੀ ਜਾਣ ਕਰਕੇ ਪੰਜਵੇਂ ਦਿਨ ਫੇਰ ਉਸੇ ਹਸਪਤਾਲੀ ਬਿਸਤਰੇ ਉੱਤੇ ਜਾ ਪਿਆਉਹ ਸਾਰੀ ਕੰਮਕਾਜੀ ਉਮਰ ਚੰਡੀਗੜ੍ਹ-ਮੁਹਾਲੀ ਵਿੱਚ ਘੁੰਮ ਘੁੰਮ ਕੇ ਲੋਕਾਂ ਨੂੰ ਕਿਰਾਏ ਉੱਤੇ ਕਿਤਾਬਾਂ-ਰਸਾਲੇ ਪੜ੍ਹਾਉਣ ਦੀ ਸਾਹਿਤਕ ਕਿਰਤ ਨਾਲ ਘਰ ਚਲਾਉਂਦਾ ਰਿਹਾ ਸੀ, ਪਰ ਆਯੂ ਦੀ ਮਜਬੂਰੀ ਕਾਰਨ ਉਹਨੂੰ ਕਈ ਸਾਲ ਪਹਿਲਾਂ ਇਹ ਕੰਮ ਛੱਡਣਾ ਪਿਆ ਸੀਬੇਰੁਜ਼ਗਾਰੀ ਦੇ ਇਸ ਜ਼ਮਾਨੇ ਵਿੱਚ ਉਹਦੇ ਇਕਲੌਤੇ ਪੁੱਤਰ ਨੂੰ ਵੀ ਕੋਈ ਪੱਕਾ ਰੁਜ਼ਗਾਰ ਨਹੀਂ ਮਿਲ ਸਕਿਆ ਇਸਦੇ ਬਾਵਜੂਦ ਉਹਨੇ ਕਦੀ ਆਪਣੀ ਤੰਗੀ ਦੀ ਬਾਤ ਨਹੀਂ ਪਾਈਉਹਦਾ ਫੋਨ ਆਵੇਗਾ, “ਪੜ੍ਹ ਲਿਆ ਅੱਜ ਦਾ ਅਖ਼ਬਾਰ? ਇਹ ਹੋ ਕੀ ਰਿਹਾ ਹੈ? ਲਓ ਐਹ ਸੁਣੋ …!” ਮੈਂ ਛੇੜਨ ਵਾਸਤੇ ਆਖਦਾ ਹਾਂ, “ਮੈਂ ਜ਼ਰੂਰੀ ਕੰਮ ਲੱਗਿਆ ਹੋਇਆ ਹਾਂ, ਮੇਰੇ ਕੋਲ ਵਿਹਲੜਾਂ ਦੀਆਂ ਵਾਧੂ ਗੱਲਾਂ ਸੁਣਨ ਦਾ ਸਮਾਂ ਨਹੀਂ।” ਪਰ ਉਹ ਸ਼ੁਰੂ ਹੋ ਚੁੱਕਿਆ ਹੁੰਦਾ ਹੈ, “ਇਹ ਆਲੀਸ਼ਾਨ ਦਫਤਰ ਬਿਲਡਿੰਗਾਂ ਵੀ ਠੀਕ ਨੇ ਭਾਵੇਂ/ ਤੇ ਇਹ ਵੀ ਠੀਕ ਹੈ ਆਈ ਏ ਕੁਝ ਲੋਕਾਂ ’ਤੇ ਖ਼ੁਸ਼ਹਾਲੀ/ ਮਗਰ ਕਿਉਂ ਗ਼ਾਇਬ ਨੇ ਅੱਜ ਬਹੁਤਿਆਂ ਮੂੰਹਾਂ ਤੋਂ ਮੁਸਕਾਨਾਂ/ ਤੇ ਕਿਉਂ ਮਿਲਦੀ ਨਹੀਂ ਢੋਈ ਕਿਤੇ ਵੀ ਨੌਜਵਾਨਾਂ ਨੂੰ?” ਮੈਂ ਸੋਚਣ ਲਗਦਾ ਹਾਂ, 19ਵੀਂ ਸਦੀ ਦੇ ਸ਼ਾਇਰ ਅਮੀਰ ਮੀਨਾਈ ਨੇ ਜਦੋਂ “ਖ਼ੰਜਰ ਚਲੇ ਕਿਸੀ ਪੇ ਤੜਪਤੇ ਹੈਂ ਹਮ ਅਮੀਰ, ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ” ਲਿਖਿਆ ਸੀ, ਆਪਣੇ ਅਨੁਭਵ ਤੋਂ ਇਲਾਵਾ ਉਹਦਾ ਵਾਹ ਜ਼ਰੂਰ ਕਿਸੇ ਸ਼ਿਵ ਨਾਥ ਨਾਲ ਪਿਆ ਹੋਵੇਗਾ

ਪਹਿਲੇ ਗੁਰੂ ਸੁਜਾਨ ਸਿੰਘ ਤੋਂ ਸ਼ੁਰੂ ਕਰ ਕੇ ਨਾਂ ਗਿਣਾਉਂਦਿਆਂ ਉਹ ਮੈਨੂੰ ਤੇਰ੍ਹਵਾਂ ਗੁਰੂ ਆਖਦਾ ਹੈਮੈਂ ਕਹਿੰਦਾ ਹਾਂ, “ਤੈਨੂੰ ਪਤਾ ਹੈ, ਤੇਰਾਂ ਦਾ ਅੰਕ ਮਨਹੂਸ ਹੁੰਦਾ ਹੈਹੋਟਲਾਂ ਵਾਲੇ ਵੀ 12 ਨੰਬਰ ਕਮਰੇ ਤੋਂ ਅਗਲੇ ਦਾ ਨੰਬਰ 14 ਰੱਖਦੇ ਹਨ।” ਮੈਂ ਉਹਨੂੰ ਇੱਕ ਸ਼ਾਗਿਰਦ ਉਰਦੂ ਸ਼ਾਇਰ ਦੀ ਗੱਲ ਸੁਣਾਉਂਦਾ ਹਾਂ ਜੋ ਹਰ ਰੋਜ਼ ਉਸਤਾਦ ਅੱਗੇ ਦੋ-ਚਾਰ ਕੱਚੀਆਂ-ਭੁੰਨੀਆਂ ਗ਼ਜ਼ਲਾਂ ਸੋਧਣ ਲਈ ਜਾ ਰੱਖਦਾ ਸੀ ਇੱਕ ਦਿਨ ਉਹ ਰੋਂਦਾ-ਚੀਕਦਾ ਹੋਇਆ ਆਇਆ, “ਉਸਤਾਦ ਜੀ, ਮੈਂ ਲੁੱਟਿਆ ਗਿਆ, ਮੈਂ ਪੱਟਿਆ ਗਿਆ, ਮੇਰਾ ਕੱਖ ਨਹੀਂ ਰਿਹਾ! … … ਰਾਤੀਂ ਕੋਈ ਚੋਰ ਆਇਆ ਤੇ ਹੋਰ ਚੀਜ਼ਾਂ ਨਾਲ ਮੇਰਾ ਦੀਵਾਨ ਵੀ ਚੁੱਕ ਕੇ ਲੈ ਗਿਆ!” ਉਸਤਾਦ ਨੇ ਦੁਆ ਵਾਂਗ ਦੋਵੇਂ ਹੱਥ ਚੁੱਕੇ ਤੇ ਬੋਲਿਆ, “ਅੱਲਾ ਮਿਹਰਬਾਨ, ਜ਼ਰੂਰ ਕੋਈ ਉਰਦੂ ਅਦਬ ਕਾ ਖ਼ੈਰ-ਖ਼ੁਆਹ ਹੋਗਾ!” ਮੈਂ ਆਖਦਾ ਹਾਂ, “ਸ਼ਿਵ ਨਾਥ, ਤੇਰੇ ਘਰ ਕੋਈ ਪੰਜਾਬੀ ਸਾਹਿਤ ਦਾ ਖ਼ੈਰ-ਖ਼ੁਆਹ ਚੋਰ ਕਿਉਂ ਨਹੀਂ ਆਉਂਦਾ!” ਪਰ ਮੇਰੀ ਟਿੱਚਰ ਤਾਂ ਕੀ, ਜੀਵਨ ਦੀ ਕੋਈ ਤੰਗੀ-ਤੁਰਸ਼ੀ, ਕੋਈ ਥੁੜ, ਕੋਈ ਮੁਸੀਬਤ ਉਹਦੇ ਪੈਰਾਂ ਨੂੰ ਮਿਥੇ ਹੋਏ ਰਾਹ ਤੋਂ ਭਟਕਾ ਨਹੀਂ ਸਕਦੀ

ਅਜਿਹੇ ਬੰਦੇ ਵਾਸਤੇ ਕੁਛ ਕੀਤਾ ਜਾਣਾ ਚਾਹੀਦਾ ਹੈ! ਪਰ ਸੰਸਥਾਈ ਜ਼ਮਾਨੇ ਵਿੱਚ ਮੈਂ ਇਕੱਲਾ-ਇਕਹਿਰਾ ਲੇਖਕ ਕੀ ਕਰ ਸਕਦਾ ਹਾਂ! ਪੰਜਾਬ ਸਰਕਾਰ ਨੂੰ ਲਿਖਾਂ? ਮੇਰੇ ਅੰਦਰ ਬੈਠਾ ਘਤਿੱਤੀ ਬੋਲਿਆ, “ਤੂੰ ਕੌਣ? ਕਿਸ ਹੈਸੀਅਤ ਵਿੱਚ ਲਿਖੇਂਗਾ?” ਮੈਂ ਕਿਹਾ, “ਯਾਰ ਮੇਰੀ ਪਹਿਲੀ ਕਵਿਤਾ ‘ਪ੍ਰੀਤਲੜੀ’ ਵਿੱਚ ਅਪਰੈਲ 1956 ਵਿੱਚ ਛਪੀ ਸੀਪੂਰੇ 67 ਸਾਲ ਹੋ ਗਏ ਮਾਂ-ਪੰਜਾਬੀ ਦੇ ਪੈਰਾਂ ਵਿੱਚ ਬੈਠਿਆਂ, ਸਾਹਿਤ ਦਾ ਪੱਖਾ ਫੇਰਦਿਆਂ ਤੇ ਪਾਣੀ ਢੋਂਦਿਆਂ! 67 ਸਾਲ ਤਾਂ ਬੰਦੇ ਦੀ ਪੂਰੀ ਉਮਰ ਹੁੰਦੀ ਹੈ।” ਮੈਂ ਘਤਿੱਤੀ ਨੂੰ ਪਾਸੇ ਕਰ ਕੇ ਲੈਪਟਾਪ ਖੋਲ੍ਹ ਲਿਆਹੁਣ ਜਦੋਂ ਮੈਂ ਅਖ਼ਬਾਰਾਂ ਵਿੱਚ ਪੜ੍ਹਦਾ ਹਾਂ ਕਿ ਅੱਠਵੀਂ ਦੇ ਵਿਦਿਆਰਥੀ ਮਾਤਭਾਸ਼ਾ ਦੀ ਤੀਜੀ ਦੀ ਪੁਸਤਕ ਉਠਾਲ ਨਹੀਂ ਸਕਦੇ, ਹੈਰਾਨੀ ਹੁੰਦੀ ਹੈਸਾਨੂੰ ਤੀਜੀ ਜਮਾਤ ਵਿੱਚ ਚਿੱਠੀ ਲਿਖਣੀ ਸਿਖਾ ਦਿੱਤੀ ਜਾਂਦੀ ਸੀ ਤੇ ਅਸੀਂ ਚੌਥੀ-ਪੰਜਵੀਂ ਵਿੱਚ ਆਂਢੀਆਂ-ਗੁਆਂਢੀਆਂ ਦੀਆਂ ਚਿੱਠੀਆਂ ਲਿਖਣ ਲੱਗ ਜਾਂਦੇ ਸੀਜਦੋਂ ਕੋਈ ਕਾਰਡ ਲੈ ਕੇ ਆਉਂਦਾ, ਪਹਿਲਾਂ ਅਸੀਂ ਉਹਦੇ ਵੱਲੋਂ ਆਪੇ ਲਿਖ ਲੈਂਦੇ, “ਲਿਖਤਮ ਸੁਰਜਨ ਸਿੰਘਯਹਾਂ ਪਰ ਖ਼ੈਰੀਅਤ ਹੈ, ਆਪ ਦੀ ਪਰਿਵਾਰ ਸਮੇਤ ਖ਼ੈਰੀਅਤ ਵਾਹਿਗੁਰੂ ਜੀ ਸੇ ਨੇਕ ਚਾਹਤੇ ਹੈਂਸੂਰਤ ਹਵਾਲ ਇਹ ਹੈ ਕਿ … “ ਤੇ ਫੇਰ ਪੁੱਛਦੇ, “ਹਾਂ ਚਾਚਾ, ਕੀ ਲਿਖਣਾ ਹੈ?”

ਲੈਪਟਾਪ ਵਿੱਚ ਵੀ ਮੈਂ ਉਸੇ ਤਰੀਕੇ ਸੁਭਾਵਿਕ ਹੀ ਲਿਖ ਲਿਆ: ਦਿੱਲੀ/ 14 ਜੁਲਾਈ 2023, ਪਰ ਉਂਗਲ ਇੱਥੇ ਆ ਕੇ ਹੀ ਅਟਕ ਗਈਅਜਿਹੀ ਸਮੱਸਿਆ ਜ਼ਿੰਦਗੀ ਵਿੱਚ ਲਿਖੀਆਂ ਸੈਂਕੜੇ ਚਿੱਠੀਆਂ ਵੇਲੇ ਕਦੀ ਨਹੀਂ ਸੀ ਆਈਕੀ ਸੰਬੋਧਨ ਵਰਤਾਂ? ਸ਼੍ਰੀਮਾਨ ਮੁੱਖ ਮੰਤਰੀ ਜੀ? ਸਤਿਕਾਰਜੋਗ ਮੁੱਖ ਮੰਤਰੀ ਜੀ? ਪਰ ਭਗਵੰਤ ਮਾਨ ਤਾਂ ਮੇਰੇ ਬੇਟੇ ਤੋਂ ਸੱਤ ਸਾਲ ਛੋਟਾ ਹੈਨਾਲੇ ਮੈਂ ਇੱਕ ਸਾਧਾਰਨ ਲੇਖਕ ਵਜੋਂ ਗ਼ੈਰ-ਸਰਕਾਰੀ, ਨਿੱਜੀ ਚਿੱਠੀ ਲਿਖਣੀ ਚਾਹੁੰਦਾ ਸੀਮੇਰੀਆਂ, ਇੱਕ ਨਹੀਂ, ਦੋ ਪੀੜ੍ਹੀਆਂ ਦੁਨਿਆਵੀ ਪੱਖੋਂ ਮੈਥੋਂ ਅੱਗੇ ਲੰਘੀਆਂ ਹੋਈਆਂ ਹਨ, ਮੈਂ ਉਹਨਾਂ ਨੂੰ ਸਤਿਕਾਰ ਦੇ ਜੋਗ ਥੋੜ੍ਹੋ ਸਮਝਦਾ ਹਾਂ! ਇੱਥੇ ਪਹੁੰਚ ਕੇ ਲੋੜੀਂਦਾ ਸ਼ਬਦ ਸੁੱਝ ਪਿਆ ਹੋਣ ਸਦਕਾ ਝੱਟ ਮੇਰੀ ਉਂਗਲ ਹਰਕਤ ਵਿੱਚ ਆ ਗਈ, ਪਿਆਰੇ … ਕੁਲਤਾਰ ਸਿੰਘ ਸੰਧਵਾਂ ਜੀ … ਮੈਂ ਹੈਰਾਨ ਹੋ ਕੇ ਰੁਕ ਗਿਆਮੈਂ ਤਾਂ ਚਿੱਠੀ ਭਗਵੰਤ ਮਾਨ ਨੂੰ ਲਿਖਣ ਬੈਠਾ ਸੀ, ਸੰਧਵਾਂ ਜੀ ਆਪੇ ਹੀ ਕਿੱਥੋਂ ਆ ਗਏ! ਮਿਲਣਾ ਤਾਂ ਕੀ, ਭਗਵੰਤ ਮਾਨ ਤੇ ਸੰਧਵਾਂ ਜੀ ਨਾਲ ਜ਼ਿੰਦਗੀ ਵਿੱਚ ਮੇਰਾ ਕਦੀ ਕਿਸੇ ਕਿਸਮ ਦਾ ਕੋਈ ਸੰਪਰਕ ਨਹੀਂ ਹੋਇਆਕਲਾਕਾਰ ਹੋਣ ਸਦਕਾ ਭਗਵੰਤ ਮਾਨ ਨੂੰ ਮੈਂ ਚਿਰਾਂ ਤੋਂ ਜਾਣਦਾ ਹਾਂਸੰਧਵਾਂ ਜੀ ਬਾਰੇ ਮੈਂ ਜੋ ਜਾਣਿਆ, ਉਹਨਾਂ ਦੇ ਸਪੀਕਰ ਬਣਨ ਮਗਰੋਂ ਅਖ਼ਬਾਰਾਂ ਤੋਂ ਜਾਣਿਆਅਨੇਕ ਵਾਰ ਅਖ਼ਬਾਰੀ ਤਸਵੀਰਾਂ ਵਿੱਚ ਉਹਨਾਂ ਨੂੰ ਦੁਖਿਆਰਿਆਂ ਦੇ ਸਿਰ ਉੱਤੇ ਹੱਥ ਰੱਖਦੇ ਦੇਖਿਆਮੈਂ ਮਨੋਵਿਗਿਆਨ ਦਾ ਵਿਦਿਆਰਥੀ ਹਾਂ, ਮੇਰੇ ਮਨ ਵਿੱਚ ਉਹਨਾਂ ਦੀ ਤਸਵੀਰ ਅਜਿਹੇ ਮਨੁੱਖ ਦੇ ਰੂਪ ਵਿੱਚ ਬਣ ਗਈ ਜਿਨ੍ਹਾਂ ਨੂੰ ਸਾਡੇ ਬਾਬਿਆਂ ਨੇ ਗੁਰਮੁਖ ਕਿਹਾ ਹੈਸ਼ਾਇਦ ਇਸੇ ਕਰਕੇ ਉਹ ਮੇਰੇ ਮਨ ਵਿੱਚੋਂ ਪਰਗਟ ਹੋ ਕੇ ਪਹਿਲਾਂ ਅੱਗੇ ਆ ਖਲੋਤੇਮੈਂ ਸੋਚਿਆ, ਚਲੋ ਪਹਿਲਾਂ ਇਹ ਚਿੱਠੀ ਹੀ ਪੂਰੀ ਕਰਦੇ ਹਾਂਮੈਂ ਲਿਖਿਆ:

“ਪਿਆਰੇ ਕੁਲਤਾਰ ਸਿੰਘ ਸੰਧਵਾਂ ਜੀ,

“ਆਸ ਹੈ ਚੜ੍ਹਦੀ ਕਲਾ ਵਿੱਚ ਹੋਵੋਗੇ

“ਮਾਫ਼ ਕਰਨਾ, ਮੈਂ ਤੁਹਾਨੂੰ ਪਹਿਲੀ ਚਿੱਠੀ ਹੀ ਕੁਛ ਮੰਗਣ ਵਾਸਤੇ ਲਿਖ ਰਿਹਾ ਹਾਂ

“ਪੰਜਾਬੀ ਦੇ ਪ੍ਰਸਿੱਧ ਲੋਕ-ਕਵੀ, ਮੁਹਾਲੀ ਨਿਵਾਸੀ, ਸ਼ਿਵ ਨਾਥ ਜੀ (1257-ਸੀ, ਐੱਲ. ਆਈ. ਜੀ., ਫੇਜ਼ 10, ਮੁਹਾਲੀ-160062; ਫੋਨ: 96538-70627), ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਨਾਲ ਵੀ ਸਨਮਾਨਿਆ ਹੋਇਆ ਹੈ, ਚੰਡੀਗੜ੍ਹ ਦੇ 32 ਸੈਕਟਰ ਦੇ ਸਰਕਾਰੀ ਹਸਪਤਾਲ ਵਿੱਚ ਬੀਮਾਰ ਪਏ ਹਨਉਹਨਾਂ ਨੇ ਸਾਰੀ ਉਮਰ ਮਿਹਨਤ-ਮਜ਼ਦੂਰੀ ਕਰ ਕੇ ਗੁਜ਼ਾਰਾ ਕੀਤਾ ਹੈ ਤੇ ਬਿਲਕੁਲ ਖਾਲੀ ਹੱਥ ਹਨਉਹਨਾਂ ਨੇ 22 ਪੁਸਤਕਾਂ ਮਾਂ-ਬੋਲੀ ਪੰਜਾਬੀ ਦੀ ਝੋਲ਼ੀ ਪਾਈਆਂ ਹਨ ਜਿਨ੍ਹਾਂ ਵਿੱਚ ਸਿਰਫ਼ ਲੋਕ-ਹਿਤ ਦੀ ਗੱਲ ਹੀ ਕੀਤੀ ਗਈ ਹੈ ਅਤੇ ਜਿਨ੍ਹਾਂ ਦਾ ਪਾਠਕਾਂ, ਵਿਦਵਾਨਾਂ ਤੇ ਆਲੋਚਕਾਂ ਨੇ ਉੱਚਾ ਮੁੱਲ ਪਾਇਆ ਹੈ

“ਮੇਰੀ ਬੇਨਤੀ ਹੈ ਕਿ ਉਹਦੇ ਇਲਾਜ ਦਾ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਦਾ ਫੈਸਲਾ ਤੇ ਐਲਾਨ ਹੋਣਾ ਚਾਹੀਦਾ ਹੈਜਿਸ ਆਦਮੀ ਨੇ ਸਾਰੀ ਜ਼ਿੰਦਗੀ ਆਪਣੇ ਦੁੱਖ ਭੁਲਾ ਕੇ ਲੋਕਾਂ ਦੇ ਦੁੱਖਾਂ ਦੀ ਬਾਤ ਹੀ ਪਾਈ ਹੈ, ਬੀਮਾਰੀ ਵੇਲੇ ਉਹਨੂੰ ਸੰਭਾਲਣਾ ਬਹੁਤ ਪੁੰਨ ਦਾ ਕੰਮ ਹੋਵੇਗਾ

ਸ਼ੁਭ-ਇਛਾਵਾਂ ਨਾਲ, ਗੁਰਬਚਨ ਸਿੰਘ ਭੁੱਲਰ”

ਮੇਰੇ ਅੰਦਰਲਾ ਘਤਿੱਤੀ ਫੇਰ ਬੋਲਿਆ, “ਪੰਜਾਬ ਵਿੱਚ ਭੁੱਲਰ ਗੋਤ ਵਾਲੇ ਤੇਤੀ ਸੌ ਗੁਰਬਚਨ ਸਿੰਘ ਹੋਣਗੇ, ਨਾਲ ਕੋਈ ਪੂਛ ਤਾਂ ਲਾ!” ਬੱਸ ਇੱਥੇ ਫੇਰ ਮੁਸ਼ਕਿਲ ਖੜ੍ਹੀ ਹੋ ਗਈਮੇਰਾ ਮਨੋਵਿਗਿਆਨ ਕਹਿੰਦਾ ਹੈ, ਜਿਹੜਾ ਲੇਖਕ ਆਪਣਾ ਭਾਰ ਵਧਾਉਣ ਲਈ ਆਪਣੇ ਨਾਂ ਨਾਲ ਇਨਾਮ-ਸ਼ਨਾਮ ਦੇ ਵੱਟੇ ਪਾਉਂਦਾ ਹੈ, ਉਹਨੂੰ ਸਾਹਿਤਕ ਹੀਣ-ਭਾਵਨਾ ਕਾਰਨ ਆਪਣੀ ਰਚਨਾ ਦਾ ਭਰੋਸਾ ਨਹੀਂ ਹੁੰਦਾਇਨਾਮ-ਸਨਮਾਨ ਲੇਖਕ ਨੂੰ ਉਹਦੀ ਰਚਨਾ ਸਦਕਾ ਮਿਲਦੇ ਹਨ, ਉਹਦੀ ਰਚਨਾ ਇਨਾਮਾਂ-ਸਨਮਾਨਾਂ ਦੀਆਂ ਕਠੋੜੀਆਂ ਸਹਾਰੇ ਅੱਗੇ ਨਹੀਂ ਵਧਦੀਇਸ ਕਰਕੇ ਮੈਂ ਜ਼ਿੰਦਗੀ ਵਿੱਚ ਇੱਕ ਵਾਰ ਵੀ ਆਪਣੇ ਨਾਂ ਨਾਲ ਕਿਸੇ ਇਨਾਮ-ਸਨਮਾਨ ਦੀ ਪੂਛ ਨਹੀਂ ਜੋੜੀਭਾਵੇਂ ਮੈਂ ਚਾਰਲੀ ਚੈਪਲਨ ਦੇ ਪੈਰਾਂ ਬਰਾਬਰ ਵੀ ਨਹੀਂ ਪਰ ਇਸ ਮਾਮਲੇ ਵਿੱਚ ਉਹ ਮੇਰਾ ਆਦਰਸ਼ ਹੈਮਲਕਾ ਨੇ 1975 ਵਿੱਚ ਉਹਨੂੰ ਨਾਈਟ ਬਣਾਇਆ ਪਰ ਉਹਨੇ ਕਦੀ ਵੀ ਆਪਣੇ ਨਾਂ ਨਾਲ ਸਰ ਨਹੀਂ ਸੀ ਲਿਖਿਆ ਜੋ ਲਿਖਣ ਲਈ ਤਾਜ ਦੀ ਪਰਜਾ ਦੇ ਵਿਸ਼ੇਸ਼ ਵਿਅਕਤੀ ਸਹਿਕਦੇ ਰਹਿੰਦੇ ਹਨਮੈਂ ਚਿੱਠੀ ਹੇਠ ਆਪਣਾ ਸਿਰਨਾਵਾਂ ਲਿਖਿਆ ਤੇ ਸੰਧਵਾਂ ਜੀ ਨੂੰ ਭੇਜ ਦਿੱਤੀਉਸੇ ਚਿੱਠੀ ਵਿੱਚ ਸੰਬੋਧਨ ਬਦਲ ਕੇ ਮੈਂ ਪਿਆਰੇ ਭਗਵੰਤ ਮਾਨ ਜੀ ਲਿਖਿਆ ਤੇ ਉਹ ਵੀ ਭੇਜ ਦਿੱਤੀ

ਲਓ ਜੀ, ਸਰਕਾਰੀ ਖੂਹ ਵਿੱਚ ਇੱਟ ਸਿੱਟ ਦਿੱਤੀ ਹੈ, ਦੇਖਦੇ ਹਾਂ ਬੇਆਵਾਜ਼ ਹੀ ਡੁੱਬ ਜਾਂਦੀ ਹੈ ਕਿ ਕੋਈ ਖੜਾਕ ਹੁੰਦਾ ਹੈ ਤੇ ਪਾਣੀ ਉੱਛਲਦਾ ਹੈ! ਸਾਡੇ ਪਿੰਡ ਵਾਲਾ ਕਿਸ਼ਨਾ ਬੁੜ੍ਹਾ ਆਖਦਾ ਹੁੰਦਾ, “ਓ ਭਾਈ, ਗੌਰਮਿੰਟ ਤਾਂ ਉਹ ਹੁੰਦੀ ਐ ਜਿਹੜੀ ਮਿੰਟ ਮਿੰਟ ’ਤੇ ਗੌਰ ਕਰੇ!” ਦੇਖਦੇ ਹਾਂ, ਤਾਏ ਕਿਸ਼ਨੇ ਵਾਲਾ ਇਹ ਗੌਰਮਿੰਟੀ ਮਿੰਟ ਸਰਕਾਰੀ ਸੈਕਟਰੀਆਂ ਦੇ ਵੱਸ ਪੈ ਕੇ ਕਿੰਨੇ ਦਿਨਾਂ-ਹਫ਼ਤਿਆਂ ਦਾ ਹੁੰਦਾ ਹੈ ਜਾਂ ਫੇਰ ਮੇਰੇ ਚਿੱਠੀ ਭੇਜਣ ਦੇ ਨਾਲ ਹੀ ਸਮਾਪਤ ਵੀ ਹੋ ਗਿਆ!

ਅਗਲੇ ਦਿਨ, 15 ਜੁਲਾਈ ਨੂੰ ਸਵੇਰੇ ਦਸ ਕੁ ਵਜੇ ਫੋਨ ਵੱਜਿਆਨੰਬਰ ਅਣਜਾਣਿਆ ਸੀ ਤੇ ਨਾਲ ਨਾਂ ਕੋਈ ਨਹੀਂ ਸੀਅਨੇਕ ਪਾਠਕਾਂ ਦੇ ਫੋਨ ਇਉਂ ਵੀ ਆਉਂਦੇ ਹਨਮੈਂ ਆਦਤ ਅਨੁਸਾਰ ਕਿਹਾ, “ਹਾਂ ਜੀ?” ਦੂਜੇ ਪਾਸਿਉਂ ਆਵਾਜ਼ ਆਈ, “ਭੁੱਲਰ ਜੀ, ਮੈਂ ਕੁਲਤਾਰ ਸੰਘ ਸੰਧਵਾਂ ਬੋਲ ਰਿਹਾ ਹਾਂਤੁਹਾਡੀ ਚਿੱਠੀ ਮਿਲ ਗਈ ਹੈਸਰਕਾਰੀ ਪੈਸੇ ਨੂੰ ਪੰਜ-ਚਾਰ ਦਿਨ ਲੱਗ ਜਾਣਗੇ, ਤਦ ਤਕ ਮੈਂ ਆਪਣੇ ਕੋਲੋਂ ਕਰਦਾ ਹਾਂ ਕੁਛ।” ਮੇਰੇ ਮੂੰਹੋਂ ਸੁੱਤੇ-ਸਿੱਧ ਨਿੱਕਲਿਆ, “ਤੁਸੀਂ ਆਪਣੀ ਜੇਬ ਵਿੱਚੋਂ ਕਿਉਂ ਕਰਦੇ ਹੋ, ਸੰਧਵਾਂ ਜੀ, ਸਰਕਾਰੀ ਪੈਸੇ ਜਦੋਂ ਵੀ ਮਿਲਣਗੇ, ਠੀਕ ਹੈ।” ਉਹ ਸਹਿਜਤਾ ਨਾਲ ਕਹਿੰਦੇ, “ਕੋਈ ਨਾ!” ਸ਼ਿਵ ਨਾਥ ਨੂੰ ਮਾਇਕ ਮਦਦ ਮਿਲਣ ਤੋਂ ਇਲਾਵਾ ਮੈਨੂੰ ਇਸ ਗੱਲ ਦੀ ਭਰਪੂਰ ਤਸੱਲੀ ਮਿਲ ਗਈ ਕਿ ਮੇਰੇ ਮਨੋਵਿਗਿਆਨ ਨੇ ਸੰਧਵਾਂ ਜੀ ਦਾ ਜੋ ਗੁਰਮੁਖ ਰੂਪ ਦੱਸਿਆ ਸੀ, ਉਹ ਉਹੋ ਜਿਹੇ ਹੀ ਨਿੱਕਲੇਕੁਛ ਹੀ ਘੰਟਿਆਂ ਬਾਅਦ ਸ਼ਿਵ ਨਾਥ ਦੀ ਨੂੰਹ ਦਾ ਫੋਨ ਆ ਗਿਆ, “ਅੰਕਲ ਜੀ, ਕੋਈ ਆਦਮੀ ਆ ਕੇ ਪੈਸੇ ਦੇ ਗਿਆ ਹੈ।” ਜਦੋਂ ਉਹਨੇ ਪੈਸੇ ਦੱਸੇ, ਮੈਂ ਮੰਗਣ ਵਾਲਾ ਹੋਣ ਦੇ ਬਾਵਜੂਦ ਸੱਚਮੁੱਚ ਪਰੇਸ਼ਾਨ ਹੋ ਗਿਆ ਤੇ ਮੇਰੇ ਮਨ ਵਿੱਚੋਂ ਆਵਾਜ਼ ਆਈ, “ਤੁਸੀਂ ਇਹ ਕੀ ਕੀਤਾ ਸੰਧਵਾਂ ਜੀ, ਜੇਬ ਵਿੱਚੋਂ ਇੰਨੀ ਵੱਡੀ ਰਕਮ ਭੇਜਣ ਦੀ ਕੀ ਲੋੜ ਸੀ!”

ਮੈਂ ਅਜੇ ਇਸੇ ਸੋਚ ਵਿੱਚ ਸੀ ਕਿ ਫੋਨ ਫੇਰ ਖੜਕਿਆ, ਨਾਂ ਤੋਂ ਬਿਨਾਂ ਅਣਜਾਣਿਆ ਨੰਬਰਮੈਂ ਬੋਲਿਆ, “ਹਾਂ ਜੀ?” ਉੱਧਰੋਂ ਆਵਾਜ਼ ਆਈ, “ਭੁੱਲਰ ਜੀ, ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਬੋਲ ਰਿਹਾ ਹਾਂਭਗਵੰਤ ਮਾਨ ਜੀ ਨੇ ਤੁਹਾਡੀ ਚਿੱਠੀ ਮੈਨੂੰ ਭੇਜ ਦਿੱਤੀ ਹੈ, ਕਰਦੇ ਹਾਂ ਜੋ ਕੁਛ ਵੀ ਸੰਭਵ ਹੋਇਆ!” ਅਗਲੇ ਦਿਨ ਉਹਨਾਂ ਦਾ ਸੁਨੇਹਾ ਆ ਗਿਆ ਕਿ ਹਸਪਤਾਲ ਨੂੰ ਤਾਂ ਮੁਫ਼ਤ ਇਲਾਜ ਲਈ ਆਖ ਦਿੱਤਾ ਹੈ, ਬਾਕੀ ਵੀ ਦੇਖਦੇ ਹਾਂ ਮੈਨੂੰ ਹੈਰਾਨੀ ਇਸ ਗੱਲ ਦੀ ਵੀ ਹੋਈ ਕਿ ਜਿੱਥੇ ਸਾਹਿਤਕ ਸੰਸਥਾਵਾਂ ਦੀਆਂ ਕੁਰਸੀਆਂ ਉੱਤੇ ਬੈਠੇ ਲੇਖਕਾਂ-ਅਲੇਖਕਾਂ ਦਾ ਫੋਨ ਉਹਨਾਂ ਦੇ ਸਹਾਇਕ ਮਿਲਾ ਕੇ ਉਹਨਾਂ ਨਾਲ ਗੱਲ ਕਰਨ ਲਈ ਆਖਦੇ ਹਨ, ਇਹ ਮੰਤਰੀ ਸੱਜਣ ਕਿਸੇ ਹਉਂ ਤੋਂ ਬਿਨਾਂ ਫੋਨ ਸਿੱਧੇ ਆਪ ਹੀ ਮਿਲਾ ਰਹੇ ਹਨ!

ਉਤਾਂਹ ਨੂੰ ਦੇਖਿਆ, ਸੁਰਗ ਦੀ ਬਾਰੀ ਖੁੱਲ੍ਹੀ ਸੀਮੈਂ ਪੂਰੇ ਜ਼ੋਰ ਦੀ ਆਵਾਜ਼ ਮਾਰੀ, “ਤਾਇਆ ਕਿਸ਼ਨਿਆ, ਮਿੰਟ ਮਿੰਟ ’ਤੇ ਗ਼ੌਰ ਹੋ ਗਿਆ!” ਮੈਨੂੰ ਮਹਿਸੂਸ ਹੋਇਆ, ਸ਼ਿਵ ਨਾਥ ਨੂੰ ਕੁੱਲ ਮਿਲਾ ਕੇ ਜਿੰਨੇ ਪੈਸੇ ਮਿਲਣਗੇ, ਮੈਨੂੰ ਮਿਲਿਆ ਸਨਮਾਨ ਉਸ ਤੋਂ ਕਈ ਗੁਣਾ ਵੱਡਾ ਵੀ ਹੈ ਤੇ ਨਵੇਕਲਾ ਵੀ ਹੈ ਮੈਨੂੰ ਦਿੱਲੀ ਤੇ ਪੰਜਾਬ ਦਾ ਹਰ ਉਹ ਸਨਮਾਨ ਮਿਲ ਚੁੱਕਿਆ ਹੈ ਜੋ ਕਿਸੇ ਪੰਜਾਬੀ ਲੇਖਕ ਨੂੰ ਮਿਲ ਸਕਦਾ ਹੈਉੱਤਰ ਪ੍ਰਦੇਸ਼ ਪੰਜਾਬੀ ਅਕਾਦਮੀ ਦਾ ਵਿਸ਼ੇਸ਼ ਸਨਮਾਨ ਅਤੇ ਦੱਖਣੀ ਭਾਰਤ ਦਾ ਸਭ ਤੋਂ ਵੱਡਾ ਕੁਵੇਂਪੂ ਸਨਮਾਨ ਪੰਜਾਬੀ ਸਨਮਾਨਾਂ ਦੀ ਖੀਰ ਉੱਤੇ ਭੁੱਕੇ ਹੋਏ ਸੁੱਕੇ ਮੇਵੇ ਵਾਂਗ ਹਨ! ਪਰ ਮੇਰੀ ਗੱਲ ਨੂੰ ਭੁੰਜੇ ਡਿਗਣ ਤੋਂ ਪਹਿਲਾਂ ਬੋਚ ਕੇ ਦਿੱਤਾ ਗਿਆ ਇਹ ਆਦਰ-ਮਾਣ ਉਹਨਾਂ ਸਭ ਪੁਰਸਕਾਰਾਂ ਤੋਂ ਵੱਡਾ ਹੈਤੇ ਇਹ ਆਖਣ ਸਮੇਂ ਸ਼ਾਇਦ ਮੈਂ ਗ਼ਲਤ ਨਹੀਂ ਕਿ ਪੰਜਾਬ ਦੀ ਕਿਸੇ ਸਰਕਾਰ ਨੇ ਕਿਸੇ ਪੰਜਾਬੀ ਲੇਖਕ ਨੂੰ ਅਜਿਹਾ ਸਨਮਾਨ ਪਹਿਲੀ ਵਾਰ ਦਿੱਤਾ ਹੈ

ਮੈਨੂੰ ਇਸ ਗੱਲ ਦੀ ਪੂਰੀ ਸੋਝੀ ਹੈ ਕਿ ਸ਼ਿਵ ਨਾਥ ਤੇ ਮੈਂ ਪੰਜਾਬੀ ਸਾਹਿਤ ਵਿੱਚ ਜੋ ਥੋੜ੍ਹਾ-ਬਹੁਤਾ ਹਿੱਸਾ ਪਾ ਸਕੇ ਹਾਂ, ਇਹ ਉਹਦੀ ਕਦਰ ਪਾਈ ਗਈ ਹੈਇਸ ਕਰਕੇ ਮੈਂ ਇਹ ਸਨਮਾਨ ਮਾਂ-ਪੰਜਾਬੀ ਦੀ ਬੁੱਕਲ ਵਿੱਚ ਪਾਉਂਦਾ ਹਾਂ ਜਿਸਦੀ ਵਾਰੀ-ਸਦਕੇ ਜਾਂਦੀ ਮਮਤਾ ਦਾ ਹੱਥ ਮੇਰੇ ਸਿਰ ਤੋਂ ਕਦੀ ਵੀ ਪਾਸੇ ਨਹੀਂ ਹੋਇਆ!

ਸੰਧਵਾਂ ਜੀ, ਭਗਵੰਤ ਜੀ, ਡਾ. ਬਲਬੀਰ ਸਿੰਘ ਜੀ, ਮੇਰੇ ਕੋਲ ਤੁਹਾਡੀ ਦਿਖਾਈ ਅਪਣੱਤ ਦੇ ਹੁੰਗਾਰੇ ਵਜੋਂ ਬੱਸ ਅਸੀਸਾਂ ਹੀ ਹਨਤੁਹਾਨੂੰ ਸੁਖੀ ਤੇ ਖ਼ੁਸ਼ਹਾਲ ਜੀਵਨ ਮਿਲੇ! ਦਹਾਕਿਆਂ ਤੋਂ ਡੋਲ-ਥਿੜਕ ਰਹੇ ਆਪਣੇ ਪੰਜਾਬ ਨੂੰ ਫੇਰ ਪੈਰਾਂ ਉੱਤੇ ਖੜ੍ਹਾ ਕਰਨ ਦੀ ਸ਼ਕਤੀ ਮਿਲੇਦਹਾਕਿਆਂ ਤੋਂ ਡੰਗਰਾਂ ਵਾਲੇ ਵਾੜੇ ਵਿੱਚ ਡਾਹੀ ਹੋਈ ਮੰਜੀ ਤੋਂ ਚੁੱਕ ਕੇ ਮਾਂ-ਪੰਜਾਬੀ ਨੂੰ ਡਿਉਢੀ ਦੇ ਪਲੰਘ ਉੱਤੇ ਲਿਆ ਬਿਠਾਉਣ ਦੀ ਸਮਰੱਥਾ ਮਿਲੇ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4107)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author