GurbachanBhullar7ਆਪਣੀ ਤੰਦਰੁਸਤੀ ਦਾ ਭਰੋਸਾ ਦੇ ਕੇ ਮੈਂ ਸੋਚਿਆਇਸ ਭੁਲੇਖੇ ਦੀ ਜੜ੍ਹ ਕਿਤੇ ਜ਼ਰੂਰ ਹੈ ...GurdevSRupana1
(12 ਦਸੰਬਰ 2021)

 

GurbachanBhullarRupana1ਮੈਂ ਆਪਣੇ ਅਸਤਕਾਲ ਦੇ ਨੇੜੇ ਪਹੁੰਚਿਆ ਹੋਇਆ ਹਾਂਹੁਣ ਮੇਰੀ ਰਚਨਾਕਾਰੀ ਵਿੱਚ ਮੌਤ ਦਾ ਅਕਸਰ ਜ਼ਿਕਰ ਆਉਂਦਾ ਹੈਮਿੱਤਰ ਪਾਠਕ ਰੋਸ ਅਤੇ ਪਿਆਰ ਦੀ ਮਿਲੀ-ਜੁਲੀ ਪ੍ਰਤਿਕਿਰਿਆ ਵਜੋਂ ਮੈਂਨੂੰ ਪੁੱਛਦੇ ਹਨ ਕਿ ਮੈਂ ਇੱਦਾਂ ਕਿਉਂ ਕਰਦਾ ਹਾਂ… ਯਕੀਨਨ, ਇਹ ਜੀਵਨ ਆਪਣੀਆਂ ਦੁਸ਼ਵਾਰੀਆਂ ਦੇ ਬਾਵਜੂਦ ਬਹੁਤ ਮੁੱਲਵਾਨ ਹੈ, ਜਿਉਣਯੋਗ ਹੈਪਰ ਮੁਸ਼ਕਿਲ ਇਹ ਹੈ ਕਿ ਮੇਰੇ ਆਸੇ-ਪਾਸੇ ਮੇਰੇ ਆਪਣੇ ਹੀ ਪਿਆਰੇ ਕਿਰਨਮਕਿਰਨੀ ਚਲੇ ਜਾ ਰਹੇ ਹਨਉਹਨਾਂ ਦਾ ਵਿਛੋੜਾ ਮੇਰੇ ਅੰਦਰ ਮੌਤ ਦੀ ਤਿੱਖੀ ਚੇਤਨਾ ਜਗਾਉਂਦਾ ਹੈਉਹ ਤਾਂ ਮਰ ਗਏ, ਪਰ ਮੇਰੇ ਅੰਦਰ ਉਹਨਾਂ ਦੀ ਮੌਤ ਜਿਉਂਦੀ ਰਹਿੰਦੀ ਹੈ

ਇਹ ਸ਼ਬਦ ਮੇਰੇ ਨਹੀਂ, ਡਾ. ਹਰਿਭਜਨ ਸਿੰਘ ਦੇ ਲਿਖੇ ਹੋਏ ਹਨਪਰ ਪਿਛਲੇ ਸਾਲ ਤੋਂ ਮੈਂਨੂੰ ਲੱਗ ਰਿਹਾ ਹੈ ਕਿ ਇਹ ਸ਼ਬਦ ਤਾਂ ਮੇਰੇ ਹਨ, ਲਿਖੇ ਡਾ. ਹਰਿਭਜਨ ਸਿੰਘ ਦੀ ਕਲਮ ਨੇ ਹਨਕਿਸੇ ਮਨੁੱਖ ਦਾ ਚਲਾਣਾ ਕੋਈ ਅਨਹੋਣੀ ਗੱਲ ਨਹੀਂ ਹੁੰਦੀ, ਸੰਸਾਰ ਦਾ ਇਹੋ ਮਾਰਗ ਹੈਲੋਕਬਾਣੀ ਹੈ, “ਆਪੋ ਆਪਣੀ ਵਾਰੀ ਸਭ ਨੇ ਹੀ ਜਾਣਾ ਹੈ, ਭਾਈ!” ਤਾਂ ਵੀ ਇਹ ਸੱਚ ਕਿੰਨਾ ਵੀ ਸੱਚਾ ਕਿਉਂ ਨਾ ਹੋਵੇ, ਸਾਧਾਰਨ ਮਨੁੱਖ ਲਈ ਪਰਵਾਨ ਕਰਨਾ ਇੰਨਾ ਸੌਖਾ ਨਹੀਂ ਹੁੰਦਾਸਮਕਾਲੀਆਂ ਨਾਲੋਂ ਵੱਡੇ ਪਹਿਲੀਆਂ ਪੀੜ੍ਹੀਆਂ ਦੇ ਪੰਜਾਬੀ ਲੇਖਕ ਇਸੇ ਰਾਹ ਗਏਪਰ ਜਿਸ ਗਿਣਤੀ ਵਿੱਚ ਇਹਨਾਂ ਦੋ ਕੁ ਸਾਲਾਂ ਵਿੱਚ ਇਹ ਸੂਚੀ ਲੰਮੀ ਹੁੰਦੀ ਗਈ ਹੈ, ਉਹ ਕੁਝ ‘ਅਨਹੋਣੀ’ ਜਿਹੀ ਹੀ ਲਗਦੀ ਹੈ! ਇਉਂ ਲੱਗਣ ਲੱਗ ਪਿਆ ਹੈ ਜਿਵੇਂ ਸਾਹਿਤ ਦੇ ਵਿਹੜੇ ਵਿੱਚ ਆਪਣੇ ਇੱਕ ਪਿਆਰੇ ਲੇਖਕ ਦੇ ਸੱਥਰ ਦਾ ਉਠਾਲਾ ਕਰਦੇ ਹੋਈਏ ਤੇ ਉਹ ਨਾਲ ਦੀ ਨਾਲ ਦੂਜੇ ਵਾਸਤੇ ਵਿਛਾਉਣਾ ਪੈ ਜਾਂਦਾ ਹੋਵੇ!

ਕਹਾਵਤ ਹੈ, ਪੱਤਾ ਟੁੱਟੇ ਤੋਂ ਵੀ ਪਾਣੀ ਸਿੰਮ ਆਉਂਦਾ ਹੈਪੱਤੇ ਨਾਲ ਡਾਹਣੀ ਦਾ ਸਾਥ ਤਾਂ ਪਿਛਲੀ ਬਹਾਰ ਤੋਂ ਮਗਰੋਂ ਦੇ ਕੁਝ ਮਹੀਨਿਆਂ ਦਾ ਹੁੰਦਾ ਹੈ, ਸੱਠ-ਸੱਠ ਸਾਲਾਂ ਦੇ ਸਾਥ ਦਾ ਕੀ ਕਹੀਏ! ਕੌਣ ਲੇਖਾ ਲਾਵੇ, ਅੱਧੀ ਸਦੀ ਤੋਂ ਲੰਮੇਰਾ ਸਾਥ ਟੁੱਟਿਆਂ ਕਿੰਨਾ ਪਾਣੀ ਸਿੰਮਦਾ ਹੈ! ਮੋਹਨ ਭੰਡਾਰੀ ਦੀ ਸੁਣਾਉਣੀ ਆਈ ਤਾਂ ਉਸ ਵਿੱਚ ਥੋੜ੍ਹੀ ਜਿਹੀ ਅਚਾਨਕਤਾ ਸੀਉਹਦੀ ਦੇਹ ਲੰਮੇ ਸਮੇਂ ਤੋਂ ਨਿਰਬਲ ਤੇ ਬੇਵੱਸ ਤਾਂ ਹੁੰਦੀ ਜਾਂਦੀ ਸੀ, ਇਹ ਅਹਿਸਾਸ ਨਹੀਂ ਸੀ ਹੋਇਆ ਕਿ ਇਸ ਲੰਮੇ ਅਮਲ ਦਾ ਅੰਤ ਹੁਣੇ ਹੋ ਜਾਵੇਗਾਪਰ ਗੁਰਦੇਵ ਮਹੀਨੇ ਕੁ ਤੋਂ ਜਿਸ ਸਰੀਰਕ-ਮਾਨਸਿਕ ਹਾਲਤ ਵਿੱਚ ਪਹੁੰਚ ਚੁੱਕਿਆ ਸੀ, ਉਹਦੀ ਚੰਦਰੀ ਖ਼ਬਰ ਕਿਸੇ ਵੀ ਵੇਲੇ ਆ ਜਾਣ ਦਾ ਡਰ ਬਣਿਆ ਹੋਇਆ ਸੀਮੋਹਨ ਦੀ ਖ਼ਬਰ ਸੁਣ ਕੇ ਮੇਰਾ ਪਹਿਲਾ ਧਿਆਨ ਗੁਰਦੇਵ ਵੱਲ ਗਿਆਮੈਂ ਸੁੱਖ ਸੁੱਖੀ, “ਹੋਣੀਏ, ਹੁਣ ਬਹੁਤੀ ਕਾਹਲ਼ੀ ਨਾ ਕਰੀਂ, ਕੁਝ ਦਿਨ ਲੰਘ ਲੈਣ ਦੇਈਂਵੈਣ ਪਾਉਂਦਿਆਂ ਵੀ ਸਾਹ ਲੈਣਾ ਤਾਂ ਜ਼ਰੂਰੀ ਹੈ, ਸਾਹ ਜੋਗੀ ਵਿੱਥ ਜ਼ਰੂਰ ਪਾਈਂ।” ਪਰ ਮੇਰੀ ਸੁੱਖ ਨਿਹਫਲ ਗਈਮੋਹਨ ਵਾਲਾ ਸੱਥਰ ਉਠਾਇਆ ਵੀ ਨਹੀਂ ਸੀ, ਉਹੋ ਗੁਰਦੇਵ ਲਈ ਵਿਛਿਆ ਰਹਿਣ ਦੇਣਾ ਪਿਆ

ਗੁਰਦੇਵ ਪੰਜਾਬੀ ਕਹਾਣੀ ਦੀ ਸੂਖ਼ਮਤਾ ਦੀ ਮਿਸਾਲ ਤੇ ਮਸ਼ਾਲ ਸੀਉਹ ਅਜਿਹਾ ਕਲਮਕਾਰ ਸੀ ਜਿਸ ਉੱਤੇ ਉਹਦੀ ਬੋਲੀ ਕਈ ਪੁਸ਼ਤਾਂ ਤਕ ਮਾਣ ਕਰਦੀ ਰਹੇਗੀਜੀਵਨ ਲੁਕੇ ਹੋਏ ਦਾਣਿਆਂ ਵਾਲੇ ਤੂੜੀ ਦੇ ਢੇਰ ਵਾਂਗ ਹੁੰਦਾ ਹੈਹਰ ਘਟਨਾ ਵੀ ਇਸੇ ਤਰ੍ਹਾਂ ਹੁੰਦੀ ਹੈ, ਬਹੁਤ ਕੁਝ ਵਾਧੂ ਵਿੱਚ ਲੁਕਿਆ ਹੋਇਆ ਸਾਰ-ਤੱਤਉਹਨੂੰ ਤੂੜੀ ਤੋਂ ਦਾਣੇ ਵੱਖ ਕਰ ਲੈਣ ਦਾ ਪੁਸ਼ਤੈਨੀ ਕਸਬ ਸਾਹਿਤ ਦੇ ਸੰਬੰਧ ਵਿੱਚ ਵੀ ਖ਼ੂਬ ਆਉਂਦਾ ਸੀ ਤੇ ਉਹ ਘਟਨਾ ਦੇ ਵਾਧੂ ਬੇਲੋੜੇ ਅੰਸ਼ ਛਾਂਗ ਕੇ ਉਹਦਾ ਸਾਰ-ਤੱਤ ਆਪਣੀ ਕਹਾਣੀ ਵਿੱਚ ਸਮੋ ਸਕਣ ਦੇ ਵੀ ਸਮਰੱਥ ਸੀਉਹਨੂੰ ਆਪਣੀ ਰਚਨਾ ਲਈ ਗੋਰੀ ਦੀ ਅੱਖ ਦਾ ਸੁਰਮਾ ਵੀ ਚੋਰੀ ਕਰਨਾ ਆਉਂਦਾ ਸੀ, ਦੀਵੇ ਦੀ ਲੋਅ ਵੀ ਤੇ ਫੁੱਲ ਦੀ ਖ਼ੁਸ਼ਬੋ ਵੀ!

ਲੇਖਕ ਵਜੋਂ ਤੇ ਆਮ ਜ਼ਿੰਦਗੀ ਵਿੱਚ ਵਿਚਰਦੇ ਮਨੁੱਖ ਵਜੋਂ ਉਹ ਦੋ ਬਹੁਤ ਵੱਖਰੀਆਂ ਸ਼ਖ਼ਸੀਅਤਾਂ ਦਾ ਮਾਲਕ ਸੀਮਨੁੱਖ ਵਜੋਂ ਉਹ ਟਿੱਚਰੀ, ਬੇਲਿਹਾਜ ਟਿੱਪਣੀਕਾਰ, ਬੇਪਰਵਾਹ, ਸਗੋਂ ਲਾਪਰਵਾਹ ਸੀ, ਪਰ ਲੇਖਕ ਵਜੋਂ ਉਹ ਬਹੁਤ ਬਰੀਕਬੀਨ, ਕੋਮਲਭਾਵੀ ਤੇ ਸੂਝਵਾਨ ਸੀਬਹੁਤੇ ਲੇਖਕਾਂ ਦੇ ਉਲਟ ਉਹਨੂੰ ਸਾਹਿਤ ਦੇ ਸਮਾਜਕ, ਸਭਿਆਚਾਰਕ, ਆਰਥਿਕ ਤੇ ਰਾਜਨੀਤਕ ਆਧਾਰਾਂ ਦੀ ਬਹੁਤ ਗਹਿਰੀ ਸਮਝ ਸੀਇਹਦੇ ਨਾਲ ਹੀ ਉਹਨੂੰ ਇਹ ਵੀ ਸਮਝ ਸੀ ਕਿ ਇਹਨਾਂ ਆਧਾਰਾਂ ਦਾ ਰਚਨਾ ਨਾਲ ਕੀ, ਕਿਵੇਂ ਅਤੇ ਕਿੰਨਾ ਰਿਸ਼ਤਾ ਹੈਇਹ ਸਮਰੱਥਾ ਉਹਦੀ ਪੜ੍ਹਨ ਦੀ ਆਦਤ ਦਾ ਫਲ ਸੀਬਹੁਤ ਸਮਾਂ ਦੁਪਹਿਰੇ ਲਗਦੇ ਸਕੂਲ ਵਿੱਚ ਅਧਿਆਪਕ ਰਿਹਾ ਹੋਣ ਸਦਕਾ ਉਹਨੇ ਸਾਰੀ ਕਾਇਨਾਤ ਦੇ ਸੁੱਤਿਆਂ ਟਿਕੀ ਰਾਤ ਦੀ ਇਕਾਗਰਤਾ ਵਿੱਚ ਡੂੰਘੇ ਸਵੇਰੇ ਤਕ ਪੜ੍ਹਦਾ-ਲਿਖਦਾ ਰਹਿਣ ਦੀ ਆਦਤ ਪਾਈ ਹੋਈ ਸੀਮੌਲਕ ਸਾਹਿਤ ਹੋਵੇ ਜਾਂ ਸਾਹਿਤ-ਸਿਧਾਂਤ, ਦਰਸ਼ਨ-ਸ਼ਸਤਰ, ਮਨੋਵਿਗਿਆਨ, ਸਮਾਜ-ਵਿਗਿਆਨ, ਧਰਮ, ਆਦਿ ਵਿਸ਼ਿਆਂ ਦੀਆਂ ਪੁਸਤਕਾਂ, ਪੜ੍ਹਦਾ ਉਹ ਚੁਣ-ਚੁਣ ਕੇ ਸੀਕਮਜ਼ੋਰ ਰਚਨਾ ਉੱਤੇ ਉਹ ਸਮਾਂ ਖਰਾਬ ਨਹੀਂ ਸੀ ਕਰਦਾਪੰਜ-ਸੱਤ ਪੰਨੇ ਪੜ੍ਹ ਕੇ ਉਹ ਫ਼ੈਸਲਾ ਕਰ ਲੈਂਦਾ ਸੀ, ਪੁਸਤਕ ਪੜ੍ਹਨ ਵਾਲੀ ਹੈ ਕਿ ਸੰਤੋਖਣ ਵਾਲੀਇਸੇ ਕਰਕੇ ਜਦੋਂ ਕਦੀ ਉਸ ਨਾਲ ਸਾਹਿਤਕ ਚਰਚਾ ਹੁੰਦੀ ਜਾਂ ਉਹ ਕਿਸੇ ਸਾਹਿਤਕ ਸਭਾ ਵਿੱਚ ਆਪਣੀ ਰਾਇ ਸਾਂਝੀ ਕਰਦਾ, ਬੜੀਆਂ ਕੰਮ ਦੀਆਂ ਗੱਲਾਂ ਕਰਦਾਮੈਂ ਅਕਸਰ ਉਹਨੂੰ ਆਪਣੇ ਇਹ ਵਿਚਾਰ ਲਿਖਣ ਲਈ ਪ੍ਰੇਰਦਾ, ਪਰ ਉਹ ਬਹਾਨਾ ਬਣਾਉਂਦਾ ਕਿ ਇਉਂ ਮੇਰਾ ਮਨ ਗਲਪ-ਰਚਨਾ ਤੋਂ ਲਾਂਭੇ ਪੈ ਜਾਵੇਗਾ

ਇਹ ਜਾਣ ਕੇ ਸ਼ਾਇਦ ਬਹੁਤਿਆਂ ਨੂੰ ਹੈਰਾਨੀ ਹੋਵੇ ਕਿ ਹੋਰ ਤਾਂ ਹੋਰ, ਉਹ ਚਿੱਠੀ ਦਾ ਜਵਾਬ ਲਿਖਣ ਵਿੱਚ ਵੀ ਯਕੀਨ ਨਹੀਂ ਸੀ ਰੱਖਦਾਉਹਦੀ ਕੋਈ ਕਹਾਣੀ ਕਿਤੇ ਛਾਪਣ ਦੀ ਆਗਿਆ ਲੈਣ ਵਾਲੇ ਜਾਂ ਉਸ ਸੰਬੰਧੀ ਕੁਝ ਜਾਣਕਾਰੀ ਲੈਣ ਵਾਲੇ ਉਹਨੂੰ ਲਿਖੀਆਂ ਕਈ-ਕਈ ਚਿੱਠੀਆਂ ਦਾ ਜਵਾਬ ਉਡੀਕ ਕੇ ਆਖ਼ਰ, ਸਾਡੇ ਜੌੜੇ ਭਰਾ ਹੋਣ ਦੀ ਅੱਲ ਪੰਜਾਬ ਤਕ ਪਹੁੰਚ ਗਈ ਹੋਣ ਸਦਕਾ, ਮੈਂਨੂੰ ਲਿਖਦੇਮੈਂ ਖਿਝ ਕੇ ਆਖਦਾ, “ਉਹ ਤੈਥੋਂ ਕਹਾਣੀ ਛਾਪਣ ਦੀ ਆਗਿਆ ਚਾਹੁੰਦਾ ਹੈ, ਤੂੰ ਉਹਨੂੰ ਦੋ ਲਫ਼ਜ਼ ਲਿਖ ਕਿਉਂ ਨਹੀਂ ਦਿੰਦਾ!” ਉਹਦਾ ਇੱਕੋ ਜਵਾਬ ਹੁੰਦਾ, “ਓ ਯਾਰ, ਜਿੰਨੇ ਚਿਰ ਵਿੱਚ ਤੂੰ ਮੈਥੋਂ ਪੁੱਛਦਾ ਹੈਂ, ਉਹਨੂੰ ਮੇਰੇ ਵੱਲੋਂ ਆਗਿਆ ਲਿਖ ਕਿਉਂ ਨਹੀਂ ਦਿੰਦਾਆਪੇ ਦੇ ਦਿਆ ਕਰ ਇਹੋ ਜਿਹੀਆਂ ਚਿੱਠੀਆਂ ਦੇ ਜਵਾਬ!” ਇੱਕ ਵਾਰ ਉਸ ਸੰਬੰਧੀ ਐੱਮ.ਫਿਲ ਕਰਨ ਲੱਗੇ ਹੋਏ ਇੱਕ ਲੇਖਕ ਨੇ ਇਸ ਤਜਰਬੇ ਵਿੱਚੋਂ ਲੰਘ ਕੇ ਮੈਂਨੂੰ ਕਿਹਾ, “ਇਉਂ ਪਤਾ ਹੁੰਦਾ ਕਿ ਰੁਪਾਣੇ ਦੇ ਜਵਾਬ ਤੁਸੀਂ ਭੇਜਣੇ ਹਨ, ਮੈਂ ਖੋਜ ਹੀ ਤੁਹਾਡੇ ਬਾਰੇ ਕਰਦਾ!”

ਗੁਰਦੇਵ ਦਿੱਲੀ ਵਿੱਚ ਮੇਰਾ ਅਗੇਤਾ ਦੂਤ ਸੀਉਹ ਮੈਥੋਂ ਚਾਰ ਕੁ ਸਾਲ ਪਹਿਲਾਂ ਦਿੱਲੀ ਪਹੁੰਚ ਗਿਆ ਸੀ ਤੇ ਪੰਜਾਬੀ ਅਧਿਆਪਕ ਲੱਗ ਗਿਆ ਸੀਇਸ ਸਮੇਂ ਵਿੱਚ ਉਹਨੇ ਕਹਾਣੀਕਾਰ ਵਜੋਂ ਤੇ ਖੁੱਲ੍ਹੇ ਸੁਭਾਅ ਵਾਲੇ ਬੰਦੇ ਵਜੋਂ ਆਪਣੇ ਲਈ ਜੋ ਥਾਂ ਬਣਾਉਣੀ ਸੀ, ਉਹ ਤਾਂ ਬਣਾਈ ਹੀ, ਮੇਰੇ ਲਈ ਵੀ ਕੰਮ ਸੌਖਾ ਕਰ ਦਿੱਤਾਉਹਨੇ ਦਿੱਲੀ ਦੇ ਸਾਹਿਤਕ ਹਲਕਿਆਂ ਦੀ ਪੂਰੀ ਗਰਦੌਰੀ ਕਰ ਰੱਖੀ ਸੀ ਤੇ ਜਿਹੜੀਆਂ ਗੱਲਾਂ ਮੈਂ ਮਹੀਨਿਆਂ-ਸਾਲਾਂ ਵਿੱਚ ਸਿੱਖਣੀਆਂ ਸਨ, ਉਹਨੇ ਉਹਨਾਂ ਦਾ ਵਹੀ-ਖਾਤਾ, ਉਹਦੇ ਫ਼ਾਇਦੇ ਦੇ ਪਾਤਰ ਦਾ ਕੋਈ ਅੰਦਾਜ਼ਾ ਨਾ ਹੋਣ ਦੇ ਬਾਵਜੂਦ, ਮੇਰੇ ਲਈ ਪੂਰੇ ਵੇਰਵੇ ਨਾਲ ਤਿਆਰ ਕਰ ਰੱਖਿਆ ਸੀਸਬੱਬ ਨਾਲ ਸਾਡੀਆਂ ਰਿਹਾਇਸ਼ਾਂ ਵੀ ਦਿੱਲੀ ਦੇ ਇੱਕੋ ਪਾਸੇ ਨੇੜੇ-ਨੇੜੇ ਹੀ ਸਨਅਸੀਂ ਸਾਹਿਤਕ ਮੁਹਿੰਮਾਂ ਉੱਤੇ ਇਕੱਠੇ ਹੀ ਚੜ੍ਹਦੇਉਹ ਮੈਂਨੂੰ ਲੇਖਕਾਂ ਤੇ ਕਲਾਕਾਰਾਂ ਦੀ ਸੱਥ, ਤੰਬੂ ਵਾਲੇ ਕੌਫ਼ੀ ਹਾਊਸ ਵਿੱਚ ਤੇ ਬੈਠਕਾਂ ਕਰਨ ਵਾਲੀਆਂ ਸਾਹਿਤਕ ਸਭਾਵਾਂ ਵਿੱਚ ਲੈ ਕੇ ਗਿਆਪਹਿਲੀ ਮਿਲਣੀ ਵਿੱਚ ਉਹਨੇ ਮੈਂਨੂੰ ਆਉਂਦੇ ਐਤਵਾਰ ‘ਨਾਗਮਣੀ ਸ਼ਾਮ’ ਹੋਣ ਦੀ ਜਾਣਕਾਰੀ ਦਿੱਤੀ ਤੇ ਉੱਥੇ ਲੈ ਪਹੁੰਚਿਆਉਹ ਇਕੱਲੇ-ਇਕੱਲੇ ਸਾਹਿਤਕਾਰ ਬਾਰੇ ਬਣਾਈ ਹੋਈ ਰਾਇ ਮੈਂਨੂੰ ਦੱਸਦਾਕਿਸੇ ਬਾਰੇ ਆਖਦਾ, “ਇਹ ਬੰਦਾ ਵੀ ਵਧੀਆ ਹੈ ਤੇ ਲੇਖਕ ਵੀ ਚੰਗਾ ਹੈ।” ਕਿਸੇ ਬਾਰੇ ਕਹਿੰਦਾ, “ਬੰਦਾ ਤਾਂ ਗੁੱਡਮੈਨ ਦੀ ਲਾਲਟੈਣ ਹੈ ਪਰ ਬਿਚਾਰਾ ਲਿਖਦਾ ਸੂਤ-ਬਾਤ ਹੀ ਹੈ।” ਕਿਸੇ ਹੋਰ ਬਾਰੇ ਦੱਸਦਾ, “ਇਹ ਟਾਈ-ਸ਼ਾਈ ਤੇ ਚੁੰਝੂ ਪੱਗ ਵਾਲਾ ਦਰਸ਼ਨੀ ਘੋੜਾ ਹੀ ਹੈ, ਦੌੜਨਾ ਨਹੀਂ ਜਾਣਦਾ

ਦਿੱਲੀ ਵਿੱਚ ਮੇਰੀ ਪਛਾਣ ਵਿੱਚ ਆਉਣ ਵਾਲਾ ਉਹ ਸਤਿਆਰਥੀ ਜੀ ਤੋਂ ਮਗਰੋਂ ਦੂਜਾ ਲੇਖਕ ਸੀਸਤਿਆਰਥੀ ਜੀ ਵਾਂਗ ਮਿਲਾਇਆ ਵੀ ਉਹ ਭਾਪਾ ਪ੍ਰੀਤਮ ਸਿੰਘ ਨਵਯੁਗ ਨੇ ਹੀ ਮੈਂਨੂੰ ਦਿੱਲੀ ਪਹੁੰਚੇ ਨੂੰ ਹਫ਼ਤਾ ਵੀ ਨਹੀਂ ਸੀ ਹੋਇਆ, ਇੱਕ ਦਿਨ ਉਹਨਾਂ ਨੇ ਇੱਕੋ ਇਲਾਕਾ ਤੇ ਦੋਵਾਂ ਦਾ ਕਹਾਣੀਕਾਰ ਹੋਣਾ ਚਿਤਾਰਦਿਆਂ ਉੱਥੇ ਪਹਿਲਾਂ ਤੋਂ ਬੈਠੇ ਹੋਏ ਇੱਕ ਨੌਜਵਾਨ ਨੂੰ ਮੇਰਾ ਭਵਿੱਖੀ ਯਾਰ ਆਖ ਕੇ ਜਾਣੂ ਕਰਵਾਇਆਤੇ ਜਦੋਂ ਉਹਨਾਂ ਦੀ ਭਵਿੱਖਬਾਣੀ ਸੱਚੀ ਸਿੱਧ ਹੋਈ, ਉਹ ਇੱਕ ਦਿਨ ਹੱਸੇ, “ਮੈਂ ਤੇ ਯਾਰ ਹੀ ਆਖਿਆ ਸੀ, ਤੁਸੀਂ ਤੇ ਜੌੜੇ ਭਰਾ ਬਣ ਗਏ ਹੋ!” ਉਹ ਆਖਦੇ, “ਜੰਮੇ ਦੂਰ-ਦੂਰ ਦੋ ਮਾਪਿਆਂ ਦੇ ਘਰ, ਪਰ ਹੋ ਜੌੜੇ!” ਉਹਨਾਂ ਨੇ ਹੀ ਸਾਡੇ ਪਹਿਲੇ ਕਹਾਣੀ-ਸੰਗ੍ਰਹਿ, ਮੇਰਾ ‘ਓਪਰਾ ਮਰਦ’ ਅਤੇ ਗੁਰਦੇਵ ਦਾ ‘ਇਕ ਟੋਟਾ ਔਰਤ’ ਨਾਲੋ-ਨਾਲ ਛਾਪੇਦੋਵਾਂ ਪੁਸਤਕਾਂ ਨੂੰ ਚੰਗੀ ਸਲਾਹੁਤਾ ਮਿਲੀਨਤੀਜੇ ਵਜੋਂ ਦਿੱਲੀ ਦੇ ਲੇਖਕ ਸਾਨੂੰ ਜੌੜੇ ਭਾਈ ਆਖਣ ਲੱਗੇਸਾਡੇ ਵਿੱਚੋਂ ਕਿਸੇ ਇੱਕ ਨੂੰ ਮਿਲਿਆ ਲੇਖਕ ਮਿੱਤਰ ਉਹਦਾ ਹਾਲ-ਚਾਲ ਪੁੱਛਣ ਦੇ ਨਾਲ-ਨਾਲ ਦੂਜੇ ਦਾ ਹਾਲ-ਚਾਲ ਵੀ ਜ਼ਰੂਰ ਪੁੱਛਦਾਦਿੱਲੀ ਵਰਗੇ ਬੇਨੁਹਾਰੇ ਤੇ ਬੇਗੁਰੇ ਸ਼ਹਿਰ ਵਿੱਚ ਸਾਡੀ ਸਾਂਝ ਤੇ ਪਛਾਣ ਕਿੰਨੀ ਡੂੰਘੀ ਤੇ ਫ਼ੈਲਵੀਂ ਹੋਈ, ਅੱਜ ਵੀ ਸੋਚ ਕੇ ਹੈਰਾਨੀ ਹੁੰਦੀ ਹੈ ਇੱਕ ਪੰਜਾਬੀ ਨੌਜਵਾਨ ‘ਹਮਦਮ ਆਰਟਿਸਟ’ ਹੁੰਦਾ ਸੀਚੰਗਾ-ਵਾਹਵਾ ਹੋਣਹਾਰ ਚਿੱਤਰਕਾਰ ਸੀ ਪਰ ਜਵਾਨੀ ਵਿੱਚ ਹੀ ਗੁਜ਼ਰ ਗਿਆ ਸੀਉਹ ਜਿੱਥੇ ਵੀ ਮਿਲਦਾ, ਇੱਕ ਨੂੰ ਦੂਜੇ ਦੇ ਨਾਂ ਨਾਲ ਬੁਲਾਉਂਦਾਦੱਸੇ ਤੋਂ ਉਹ ਸਹੁੰ ਖਾਂਦਾ ਕਿ ਉਹ ਮਖੌਲ ਜਾਂ ਸ਼ਰਾਰਤ ਵਿੱਚ ਇਉਂ ਨਹੀਂ ਕਰ ਰਿਹਾ, ਕਿਸੇ ਨਿਸ਼ਾਨੀ ਦੇ ਸਹਾਰੇ ਨਿਖੇੜਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਫੇਰ ਭੁੱਲ ਜਾਂਦਾ ਹੈ

ਦਿੱਲੀ ਰੇਡੀਓ ਦੇ ਪੰਜਾਬੀ ਸੈਕਸ਼ਨ ਦੀ ਬੀਬੀ ਸੱਤਿਆ ਸੇਠ ਮੇਰੇ ਕੋਲ ਗੁਰਦੇਵ ਦੀ ਕਿਸੇ ਕਹਾਣੀ ਨੂੰ ਮੇਰੀ ਕਹਿ ਕੇ ਤੇ ਗੁਰਦੇਵ ਕੋਲ ਮੇਰੀ ਕਿਸੇ ਕਹਾਣੀ ਨੂੰ ਉਹਦੀ ਕਹਿ ਕੇ ਤਾਰੀਫ਼ਾਂ ਕਰਦੀਜੰਮੂ ਤੋਂ ਦਿੱਲੀ ਆ ਕੇ ਵਸੀ ਚੰਦਨ ਨੇਗੀ ਨੇ ਕਹਾਣੀਆਂ ਦੀ ਆਪਣੀ ਨਵੀਂ ਛਪੀ ਪੁਸਤਕ ਗੁਰਦੇਵ ਨੂੰ ਮੇਰਾ ਨਾਂ ਲਿਖ ਕੇ ਭੇਟ ਕਰ ਦਿੱਤੀ ਅਤੇ ਕੁਝ ਦਿਨਾਂ ਮਗਰੋਂ ਗੁਰਦੇਵ ਦਾ ਨਾਂ ਲਿਖ ਕੇ ਮੈਂਨੂੰ ਦੇ ਦਿੱਤੀਅਸੀਂ ਉਹਨੂੰ ਕੁਝ ਕਹੇ ਬਿਨਾਂ ਪੁਸਤਕਾਂ ਆਪਸ ਵਿੱਚ ਵਟਾ ਲਈਆਂਉਹਨਾਂ ਦਿਨਾਂ ਦੇ ਅਜਿਹੇ ਅਨੇਕ ਕਿੱਸੇ ਹਨ ਇੱਕ ਤਾਂ ਬੇਪਰਵਾਹ ਵੀ ਤੇ ਲਾਪਰਵਾਹ ਵੀ, ਦੂਜੇ ਉਹਦਾ ਆਪਣੀਆਂ ਜੜ੍ਹਾਂ ਪਿੰਡ ਵਿੱਚ ਹੋਣ ਦਾ ਵਿਸ਼ਵਾਸਮੈਂ ਆਖਦਾ, ਪਿੰਡ ਹੁਣ ਤੇਰੇ ਸੁਫ਼ਨਿਆਂ ਵਾਲੇ ਨਹੀਂ ਰਹੇਆਖਣ-ਸਮਝਾਉਣ ਦੇ ਬਾਵਜੂਦ ਉਹਨੇ ਦਿੱਲੀ ਵਿੱਚ ਕੋਈ ਛੋਟਾ-ਮੋਟਾ ਫਲੈਟ ਵੀ ਨਾ ਲਿਆਇਉਂ ਸੇਵਾ-ਮੁਕਤੀ ਮਗਰੋਂ, ਅੱਜ ਤੋਂ ਵੀਹ ਸਾਲ ਪਹਿਲਾਂ ਉਹ ਪਿੰਡ ਜਾ ਰਿਹਾਪੀੜ੍ਹੀ ਬਦਲ ਗਈ ਤੇ ਗੁਰਦੇਵ ਹੌਲ਼ੀ-ਹੌਲ਼ੀ ਦਿੱਲੀ ਵਾਲਿਆਂ ਵਾਸਤੇ ਪੰਜਾਬ ਵਸਦਾ ਇੱਕ ਹੋਰ ਪੰਜਾਬੀ ਲੇਖਕ ਬਣ ਗਿਆਨਵੀਂ ਪੀੜ੍ਹੀ ਦੇ ਬਹੁਤੇ ਲੇਖਕਾਂ ਨੂੰ ਸਾਡੇ ਰਿਸ਼ਤੇ ਦਾ ਵੀ ਪਤਾ ਨਾ ਰਿਹਾ

ਫੇਰ ਪਿਛਲੇ ਦਿਨੀਂ ਇੱਕ ਕੁਝ ਵਧੇਰੇ ਹੀ ਅਜੀਬ ਘਟਨਾ ਵਾਪਰੀਕੈਨੇਡਾ ਤੋਂ ਕਵਿੱਤਰੀ ਸੁਰਜੀਤ ਦਾ ਫੋਨ ਆਇਆਉਹ ਕਦੀ-ਕਦੀ ਸੁੱਖਸਾਂਦ ਪੁੱਛਦੀ ਰਹਿੰਦੀ ਹੈਇਸ ਵਾਰ ਉਹ ਕੁਝ ਵਧੇਰੇ ਹੀ ਘੋਖਵੀਆਂ ਗੱਲਾਂ ਕਰ ਰਹੀ ਸੀ, “ਠੀਕ ਹੋ? … ਠੀਕ ਤੁਰੇ-ਫਿਰਦੇ ਹੋ? … ਆਪਣੇ ਕੰਮ ਆਪ ਕਰ ਲੈਂਦੇ ਹੋ? … ਸੈਰ ਨੂੰ ਜਾਂਦੇ ਹੋ? …”

ਮੈਂਨੂੰ ਕੁਝ ਸ਼ੱਕ ਜਿਹਾ ਪਿਆਮੈਂ ਪੁੱਛਿਆ, “ਕੀ ਗੱਲ ਹੈ ਬੀਬੀ?”

ਉਹਨੇ ਉੱਥੇ ਹੀ ਰਹਿੰਦੀ ਇੱਕ ਪੰਜਾਬੀ ਲੇਖਿਕਾ ਦਾ ਨਾਂ ਲੈ ਕੇ ਕਿਹਾ ਕਿ ਉਹਨੇ ਦੱਸਿਆ ਹੈ, ਭੁੱਲਰ ਜੀ ਨੂੰ ਅਧਰੰਗ ਹੋ ਗਿਆ ਹੈਅਧਰੰਗ ਵਰਗੀ ਚੰਦਰੀ ਬੀਮਾਰੀ ਦਾ ਨਾਂ ਆਪਣੇ ਨਾਂ ਨਾਲ ਜੁੜਿਆ ਸੁਣ ਕੇ ਮੇਰਾ ਸੀਤ ਨਿੱਕਲ ਗਿਆ ਤੇ ਮੇਰੀ ਪਰੇਸ਼ਾਨੀ ਦੀ ਕੋਈ ਹੱਦ ਨਾ ਰਹੀਸੁਰਜੀਤ ਨੂੰ ਆਪਣੀ ਤੰਦਰੁਸਤੀ ਦਾ ਭਰੋਸਾ ਦੇ ਕੇ ਮੈਂ ਸੋਚਿਆ, ਇਸ ਭੁਲੇਖੇ ਦੀ ਜੜ੍ਹ ਕਿਤੇ ਜ਼ਰੂਰ ਹੈਮੈਂ ਪੰਜਾਬੀ ਸਾਹਿਤਕ ਪਰਿਵਾਰ ਉੱਤੇ ਨਜ਼ਰ ਮਾਰਨ ਲੱਗਿਆਫੇਰ ਮੈਂ ਇਕਦਮ ਫੋਨ ਚੁੱਕਿਆ ਤੇ ਤਿੰਨ ਕੁ ਮਹੀਨਿਆਂ ਤੋਂ ਟੁੱਟੇ ਹੋਏ ਚੂਲ਼ੇ ਨਾਲ ਮੰਜਾ ਮੱਲੀਂ ਪਏ ਗੁਰਦੇਵ ਦੇ ਬੇਟੇ ਨੂੰ ਪੁੱਛਿਆ, “ਕੀ ਹਾਲ ਹੈ ਮੇਰੇ ਯਾਰ ਦਾ?”

ਜਵਾਬ ਸੁੰਨ ਕਰ ਦੇਣ ਵਾਲਾ ਸੀ, “ਅੰਕਲ, ਉਹਨਾਂ ਦੇ ਦੋਵੇਂ ਪਾਸੇ ਮਾਰੇ ਗਏ ਹਨ!”

ਅਜਿਹੀ ਨੇੜਤਾ ਦਾ ਅੰਤ ਪੱਤਾ ਟੁੱਟਣਾ ਨਹੀਂ, ਪੂਰੇ ਬਿਰਛ ਦਾ ਹੀ ਝੜ ਜਾਣਾ ਹੈ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3201)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

 

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author