“ਸਿਆਸਤ ਨੂੰ ਧਰਮ ਤੋਂ ਦੂਰ ਰੱਖੋ। ਅਜਿਹਾ ਕਰਨ ਨਾਲ ਭਾਰਤ ਦਾ ਸੰਵਿਧਾਨ ਵੀ ਧਰਮ ਨਿਰਪੱਖਤਾ ਦੀ ਝਲਕ ਮਾਰੇਗਾ ...”
(30 ਜੁਲਾਈ 2024)
ਸਮੇਂ ਦੇ ਚੱਕਰ ਵਿੱਚ ਸਭ ’ਤੇ ਚੰਗੇ-ਮਾੜੇ ਦਿਨ ਆਉਂਦੇ ਰਹਿੰਦੇ ਹਨ। ਅੱਜ ਦੇ ਦਿਨ ਐੱਨ ਡੀ ਏ ਗਠਜੋੜ ਜਿੱਤ ਕੇ, ਰਲ ਕੇ ਸਰਕਾਰ ਬਣਾਉਣ ਤੋਂ ਬਾਅਦ ਵੀ ਅਜਿਹੀ ਤਣਾਉ ਵਿੱਚ ਹੈ, ਜਿਸਦਾ ਕੋਈ ਇਲਾਜ ਨਹੀਂ ਹੈ। ਉਨ੍ਹਾਂ ਦਾ ਮੁੱਖ ਦੋਸ਼ ਜਾਂ ਕਹਿਣਾ ਹੈ ਕਿ ਰਾਹੁਲ ਸਾਹਿਬ ਹਾਰ ਕੇ ਵੀ ਇੰਨਾ ਖੁਸ਼ ਕਿਉਂ ਹੈ, ਜਦੋਂ ਕਿ ਜਿੱਤਿਆ ਐੱਨ ਡੀ ਏ ਹੈ। ਰਾਹੁਲ ਅਤੇ ਉਸ ਦੇ ਸਾਥੀ ਜੇਤੂਆਂ ਵਾਂਗ ਵਿਵਹਾਰ ਕਿਉਂ ਕਰਦੇ ਹਨ। ਅਮਿਤ ਸ਼ਾਹ ਤੇ ਉਸ ਦੇ ਲਾਣੇ ਨੂੰ ਕੌਣ ਸਮਝਾਵੇ ਕਿ ਅਸਲ ਵਿੱਚ ਪਹਿਲਾਂ ਨਾਲੋਂ ਤੁਸੀਂ ਹਾਰੇ ਹੋ। ਤੁਹਾਡੀਆਂ ਸੀਟਾਂ ਘਟੀਆਂ ਹਨ। ਰਾਹੁਲ ਦੀ ਪਾਰਟੀ (ਕਾਂਗਰਸ) ਤਾਂ ਪਹਿਲਾਂ ਨਾਲੋਂ ਦੁੱਗਣੀ ਹੋਈ ਹੈ। ਉਹ ਅਤੇ ਉਸ ਦੇ ਸਾਥੀ ਖੁਸ਼ ਕਿਉਂ ਨਾ ਹੋਣ? ਇਹ ਉਸ ਦੀ ਪ੍ਰਾਪਤੀ ਬਾਵਜੂਦ ਇਸ ਗੱਲ ਦੇ ਹੋਈ ਹੈ, ਜਿਸ ਖ਼ਿਲਾਫ਼ ਤੁਸੀਂ ਜਾਣ-ਬੁੱਝ ਮਾਣਹਾਨੀ ਦਾ ਕੇਸ ਕਰਵਾ ਕੇ, ਛੋਟੇ ਜੱਜਾਂ ਨੂੰ ਭਰਮਾ ਕੇ, ਤਰੱਕੀਆਂ ਦੇ ਕੇ ਸਜ਼ਾ ਕਰਾਉਣ ਦੀ ਮੁਹਿੰਮ ਵਿੱਢ ਰੱਖੀ ਸੀ, ਜਿਸ ਨੂੰ ਅਖੀਰ ਸਿਖਰਲੀ ਅਦਾਲਤ ਵਿੱਚੋਂ ਇਨਸਾਫ਼ ਮਿਲਿਆ। ਤੁਸੀਂ ਤੇ ਤੁਹਾਡੇ ਲਾਣੇ ਨੇ ਉਸ ਨੂੰ ਬੇ-ਘਰ ਤਕ ਕਰ ਦਿੱਤਾ, ਇਹ ਉਹੀ ਰਾਹੁਲ ਗਾਂਧੀ ਹੈ, ਜਿਸ ਨੇ ਪੈਦਲ ਚੱਲ ਪੂਰੇ ਭਾਰਤ ਨੂੰ ਪੂਰਵ ਤੋਂ ਪੱਛਮ ਤਕ, ਉੱਤਰ ਤੋਂ ਦੱਖਣ ਤਕ ਨਾਪਿਆ ਅਤੇ ਗਰੀਬ ਤੋਂ ਗਰੀਬ ਜਨਤਾ ਨੂੰ ਜਾਣਿਆ, ਜਿਸ ਨੇ ਜਨਤਾ ਨੂੰ ਵੱਧ ਤੋਂ ਵੱਧ ਆਪਣੇ ਗੱਲ ਲਾਇਆ ਅਤੇ ਆਪ ਉਨ੍ਹਾਂ ਦੇ ਗੱਲ ਲੱਗਿਆ। ਇਹ ਉਹੀ ਰਾਹੁਲ ਗਾਂਧੀ ਆਪਣੇ ਸਾਂਝੀਆਂ ਸਮੇਤ ਮੁਸਕਰਾ ਰਿਹਾ ਹੈ, ਜਿਸ ਨੂੰ ਤੁਸੀਂ ਜਨਤਾ ਦੀਆਂ ਨਜ਼ਰਾਂ ਵਿੱਚ ਕਮਜ਼ੋਰ ਦੱਸਣ ਲਈ ਕਰੋੜਾਂ ਰੁਪਇਆ ਖਰਚ ਕੇ ‘ਪੱਪੂ’ ‘ਰਾਹੁਲ ਬਾਬਾ’ ਸ਼ਹਿਨਸਾਹ ਅਤੇ ਕਈ ਹੋਰ ਨਾਂਵਾਂ ਨਾਲ ਪ੍ਰਚਾਰਿਆ, ਪਰ ਇਸ ਖੇਲ ਵਿੱਚ ਤੁਹਾਡੇ ਸਮੇਤ ਸਾਰੇ ਤੁਹਾਡੇ ਲਾਣੇ ਨੂੰ ਮੂੰਹ ਦੀ ਖਾਣੀ ਪਈ। ਚੋਣਾਂ ਤੋਂ ਬਾਅਦ ਉਸੇ ਪੱਪੂ ਨੂੰ ਸਭ ਸਦਨ ਮੈਂਬਰਾਂ ਨੇ ਹਾਊਸ ਅੰਦਰ ਆਪੋਜ਼ੀਸ਼ਨ ਦਾ ਲੀਡਰ ਮੰਨਣਾ ਪਿਆ। ਉਸ ਨੂੰ ਕੈਬਨਿਟ ਮੰਤਰੀ ਦੀਆਂ ਸਹੂਲਤਾਂ ਦੇਣੀਆਂ ਪਈਆਂ। ਸਦਨ ਅੰਦਰ ਪ੍ਰਧਾਨ ਮੰਤਰੀ ਦੇ ਬਰਾਬਰ ਦਾ ਵਕਤਾ ਬਣਿਆ। ਦੇਸ਼ ਦੇ ਦੁਖੀ ਲੋਕ ਅੱਜ ਦੇ ਦਿਨ, ਸਮੇਤ ਕਿਸਾਨ ਜਥੇਬੰਦੀਆਂ ਦੇ, ਮਿਲਕੇ ਆਪਣੇ ਦੁੱਖ ਸਾਂਝੇ ਕਰ ਰਹੇ ਹਨ। ਜੇ ਸਭ ਠੀਕ-ਠਾਕ ਰਿਹਾ ਤਾਂ ਇਹ ਸਿਲਸਿਲਾ ਅਗਲੇ ਪੰਜ ਸਾਲ ਚੱਲਦਾ ਰਹਿਣਾ ਹੈ ਅਤੇ ਉਸਨੇ ਮੁਸਕਰਾਉਂਦੇ ਵੀ ਰਹਿਣਾ ਹੈ, ਜੋ ਤੁਹਾਨੂੰ ਸਹਿਣਾ ਵੀ ਪੈਣਾ ਹੈ।
ਅੱਜ ਸੰਸਾਰ ਭਰ ਵਿੱਚ ਪਹਿਲੇ ਨੰਬਰ ਦੀ ਪਾਰਟੀ ਅਖਵਾਉਣ ਵਾਲੀ ਭਾਜਪਾ ਕਈ ਸੂਬਿਆਂ ਵਿੱਚ ਆਪਸ ਵਿੱਚ ਹੀ ਉਲਝ ਰਹੀ ਹੈ। ਉਨ੍ਹਾਂ ਤੋਂ ਅਜੇ ਤਕ ਇਹ ਫੈਸਲਾ ਹੀ ਨਹੀਂ ਹੋਇਆ ਕਿ ਸੂਬਿਆਂ ਜਾਂ ਦੇਸ਼ ਵਿੱਚ ਸੰਗਠਨ ਵੱਡਾ ਹੈ ਜਾਂ ਸਰਕਾਰ ਵੱਡੀ ਹੁੰਦੀ ਹੈ? ਵਿਰੋਧੀਆਂ ਨੂੰ ਸਹੀ ਉੱਤਰ ਨਹੀਂ ਮਿਲਦੇ, ਜਵਾਬ ਵਿੱਚ ਸਰਕਾਰ ਲਾ-ਜਵਾਬ ਹੋਣ ’ਤੇ ਆਖਦੀ ਹੈ ਪਹਿਲੀਆਂ ਸਰਕਾਰਾਂ (ਭਾਵ ਕਾਂਗਰਸੀ ਸਰਕਾਰਾਂ) ਵੀ ਇੰਝ ਕਰਦੀਆਂ ਸਨ। ਕੋਈ ਪੁੱਛਣ ਵਾਲਾ ਹੋਵੇ ਅਗਰ ਉਹ ਇੰਝ ਕਰਦੀਆਂ ਸਨ ਤਾਂ ਉਹ ਜਨਤਾ ਰਾਹੀਂ ਦੁਰਕਾਰੀਆਂ ਗਈਆਂ ਸਨ।
ਨਫ਼ਰਤ ਅਤੇ ਵੋਟਾਂ ਦੀ ਖਾਤਰ ਨਾਂਅ ਅਤੇ ਜਾਤ ਲਿਖਣੀ ਕਈ ਸੂਬਿਆਂ ਵਿੱਚ ਜ਼ਰੂਰੀ ਬਣਾ ਦਿੱਤਾ ਗਿਆ। ਜਿਸ ਫੈਸਲੇ ਨੂੰ ਸੁਪਰੀਮ ਕੋਰਟ ਨੇ ਪਹਿਲੀ ਨਜ਼ਰੇ ਹੀ ਨਾ-ਪਸੰਦ ਕੀਤਾ ਹੈ। ਅੱਜ ਤਕ ਹੋਰ ਵੀ ਦਰਜਨਾਂ ਸਰਕਾਰ ਦੇ ਫੈਸਲਿਆਂ ਨੂੰ ਸੁਪਰੀਮ ਕੋਰਟ ਰੱਦ ਕਰ ਚੁੱਕੀ ਹੈ। ਕਈ ਸੁਪਰੀਮ ਕੋਰਟ ਦੇ ਫੈਸਲਿਆਂ ਤੋਂ ਨਰਾਜ਼ ਹੋ ਕੇ ਐੱਨ ਡੀ ਏ ਤੋਂ ਪਹਿਲੀ ਮੋਦੀ ਸਰਕਾਰ ਆਰਡੀਨੈਂਸਾਂ ਰਾਹੀਂ ਮੁੜ ਉਹੀ ਕਾਨੂੰਨ ਲਾਗੂ ਕਰਦੀ ਰਹੀ, ਜਿਸ ਤੋਂ ਨਰਾਜ਼ ਜਨਤਾ ਨੇ ਹੁਣੇ ਹੋਈਆਂ ਚੋਣਾਂ ਵਿੱਚ ਸਰਕਾਰ ਨੂੰ ਸੀਟਾਂ ਹਰਾ ਕੇ ਹਲੂਣਾ ਦਿੱਤਾ ਹੈ।
ਵੀਹ ਸੌ ਚੌਵੀ ਦੇ ਪਹਿਲੇ ਪਾਰਲੀਮੈਂਟ ਸੈਸ਼ਨ ਵਿੱਚ ਨਵਾਂ ਬੱਜਟ ਪੇਸ਼ ਕਰਕੇ, ਜਿਸ ਵਿੱਚੋਂ ਸਾਫ਼ ਦਿਖਾਈ ਦਿੰਦਾ ਹੈ ਕਿ ਐੱਨ ਡੀ ਏ, ਜਿਹੜੀ ਦੋ ਮੁੱਖ ਸੂਬਿਆਂ ਦੇ ਮੈਂਬਰਾਂ ਸਹਾਰੇ ਖੜ੍ਹੀ ਹੈ, ਜਿਨ੍ਹਾਂ ਪਾਸ ਇੰਨੀ ਤਾਕਤ ਹੈ, ਉਹ ਜਦੋਂ ਚਾਹੁਣ ਸਰਕਾਰ ਡੇਗ ਸਕਦੇ ਹਨ, ਉਨ੍ਹਾਂ ਦੋ ਸੂਬਿਆਂ ਦਾ ਜ਼ਿਆਦਾ ਖਿਆਲ ਰੱਖ ਕੇ ਮੋਦੀ ਸਾਹਿਬ ਨੇ ਆਪਣੀਆਂ ਫੌੜ੍ਹੀਆਂ ਮਜ਼ਬੂਤ ਕੀਤੀਆਂ ਹਨ ਜਾਂ ਕਹੋ ਅੰਨ੍ਹੇ ਨੇ ਆਪਣਿਆਂ ਨੂੰ ਹੀ ਰਿਉੜੀਆਂ ਵੰਡੀਆਂ ਹਨ, ਜਿਸ ’ਤੇ ਕਈ ਵਿਰੋਧੀ ਸੂਬੇ ਮਤਰਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਗਾ ਰਹੇ ਹਨ।
ਸੁਪਰੀਮ ਕੋਰਟ ਦੇ ਅਜੋਕੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਅਤੇ ਸਰਕਾਰ ਨੇ ਆਪ ਵੀ ਪਹਿਲਾਂ ਨਹੀਂ, ਬਾਅਦ ਵਿੱਚ ਦੱਬੀ ਜ਼ੁਬਾਨ ਵਿੱਚ ਮੰਨਿਆ ਹੈ ਕਿ ਪੇਪਰ ਵਾਕਿਆ ਹੀ ਲੀਕ ਹੋਏ ਹਨ। ਸਰਕਾਰ ਪੇਪਰ ਲੀਕ ਦੀ ਬਿਮਾਰੀ ਨਾ ਰੋਕ ਕੇ ਮਿਹਨਤੀ ਬੱਚਿਆਂ ਦੇ ਭਵਿੱਖ ਨਾਲ ਖੇਡਦੀ ਆਈ ਹੈ। ਸੁਪਰੀਮ ਕੋਰਟ ਦੀਆਂ ਸਖਤ ਟਿੱਪਣੀਆਂ ਤੋਂ ਬਾਅਦ ਹੁਣ ਜਾ ਕੇ ਤਿੰਨ ਤੋਂ ਪੰਜ ਸਾਲ ਕੈਦ ਅਤੇ ਜੁਰਮਾਨਾ 10 ਲੱਖ ਜੁਰਮਾਨੇ ਦਾ ਪ੍ਰਬੰਧ ਬਿਹਾਰ ਸਰਕਾਰ ਨੇ ਕੀਤਾ ਹੈ। ਪੇਪਰ ਲੀਕ ਦੀ ਬਿਮਾਰੀ ਮਹਾਂਮਾਰੀ ਦਾ ਰੂਪ ਇਖਤਿਆਰ ਕਰ ਚੁੱਕੀ ਹੈ। ਦੇਖਦੇ ਹਾਂ ਕਦੋਂ ਇਸ ’ਤੇ ਪੂਰਨ ਨਿਯੰਤਰਣ ਹੁੰਦਾ ਹੈ।
ਭੋਲੀ-ਭਾਲੀ ਜਨਤਾ ਨੂੰ ਧਰਮਾਂ ਦੇ ਚੱਕਰਾਂ ਵਿੱਚ ਪਾ ਕੇ ਜਾਂ ਪਾਉਣ ਲਈ ਅਥਾਹ ਜਨਤਾ ਦਾ ਪੈਸਾ ਬਰਬਾਦ ਕਰਕੇ, ਜਿਸ ਵਿੱਚ ਅਸਲ ਪੁਜਾਰੀਆਂ ਨੂੰ ਲਾਂਭੇ ਕਰਕੇ ਜੋ ਪ੍ਰਾਣ ਪ੍ਰਤਿਸ਼ਠਾ ਦਾ ਮੋਦੀ ਜੀ ਨੇ ਆਪ ਡਰਾਮਾ ਰਚਾਇਆ, ਭਗਵਾਨ ਨੇ ਉਸ ਦੀ ਸਜ਼ਾ ਦੇ ਦਿੱਤੀ ਹੈ। ਅਯੁੱਧਿਆ ਵਿੱਚ ਸੜਕਾਂ ਪਹਿਲੇ ਮੀਂਹ ਨਾਲ ਟੁੱਟ ਗਈਆਂ. ਛੱਤਾਂ ਚੋਣ ਲੱਗ ਪਈਆਂ। ਸਭ ਧਰਮ ਦੇ ਆਲੇ-ਦੁਆਲੇ ਸੀਟਾਂ ਤੋਂ ਪਾਖੰਡੀ ਤੇ ਅਖੌਤੀ ਰਾਮ ਭਗਤਾਂ ਨੂੰ ਹਰਾ ਕੇ ਜਨਤਾ ਨੇ ਅਜਿਹੀ ਡਰਾਮੇਬਾਜ਼ੀ ਨੂੰ ਰੱਦ ਕੀਤਾ ਹੈ। ਅੱਜ ਦੇ ਦਿਨ ਭਗਵਾਨ ਵੀ ਨਰਾਜ਼ ਦਿਸਦਾ ਹੈ ਅਤੇ ਜਨਤਾ ਨੇ ਆਪਣੀ ਨਰਾਜ਼ਗੀ ਦਾ ਪਹਿਲਾ ਸੰਦੇਸ਼ ਯੂ ਪੀ ਵਿੱਚ ਯੋਗੀ ਨੂੰ ਅਤੇ ਉਸ ਦੀ ਜੁੰਡਲੀ ਨੂੰ ਦੇ ਦਿੱਤਾ ਹੈ। ਵੋਟਾਂ ਵੇਲੇ ਨਾ ਸੰਸਾਰ ਦੀ ਪੰਜਵੀਂ ਤਾਕਤ ਦੇ ਦਮਗਜ਼ੇ ਕੰਮ ਆਏ, ਨਾ ਵਿਸ਼ਵ ਗੁਰੂ ਦਾ ਪ੍ਰਭਾਵ ਦਿਸਿਆ। ਧਰਮ ਹਮੇਸ਼ਾ ਹੀ ਮਨੁੱਖ ਦਾ ਨਿੱਜੀ ਮਾਮਲਾ ਰਿਹਾ ਹੈ ਅਤੇ ਰਹੇਗਾ। ਧਰਮ ਦੇ ਠੇਕੇਦਾਰ ਮੌਕਾ ਮਿਲਣ ’ਤੇ ਮਾੜੇ ਤੋਂ ਮਾੜਾ ਕੁਕਰਮ ਕਰਦੇ ਰਹਿੰਦੇ ਹਨ। ਅੱਜ ਦੇ ਦਿਨ ਧਰਮ ਦੇ ਠੇਕੇਦਾਰ ਸੰਸਦ ਵੱਲ ਮੂੰਹ ਕਰ ਰਹੇ ਹਨ ਅਤੇ ਅਖੌਤੀ ਬਾਬੇ ਧਰਮ ਅਸਥਾਨਾਂ ’ਤੇ ਬਿਰਾਜਮਾਨ ਹਨ। ਦੇਸ਼ ਬਚਾਉਣਾ ਹੈ ਤਾਂ ਅਜਿਹੀ ਸ਼ਕਤੀਆਂ ਤੋਂ ਜਨਤਾ ਨੂੰ ਛੁਟਕਾਰਾ ਦਿਵਾਓ। ਸਾਧੂ-ਸੰਤਾਂ ਨੂੰ ਪਾਰਲੀਮੈਂਟ ਜਾਣ ਤੋਂ ਰੋਕੋ, ਫਿਰ ਭਾਰਤ-ਵਰਸ਼ ਮਹਿਕੇਗਾ। ਸਿਆਸਤ ਨੂੰ ਧਰਮ ਤੋਂ ਦੂਰ ਰੱਖੋ। ਅਜਿਹਾ ਕਰਨ ਨਾਲ ਭਾਰਤ ਦਾ ਸੰਵਿਧਾਨ ਵੀ ਧਰਮ ਨਿਰਪੱਖਤਾ ਦੀ ਝਲਕ ਮਾਰੇਗਾ ਤੇ ਦੇਸ਼ ਅੱਗੇ ਵਧੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5174)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.