“ਫਿਰ ਰਫਤਾ ਰਫਤਾ ਗੁਲਜ਼ਾਰ ਨੂੰ ਫਿਲਮੀ ਦੁਨੀਆਂ ਦੇ ਚਲਨ ਦੀ ਵੀ ਸਮਝ ਆਉਂਦੀ ਗਈ ਤੇ ...”
(28 ਅਗਸਤ 2023)
ਉਹ ਦੇਖਣ ਨੂੰ ਸਾਧਾਰਣ ਜਾਪਦਾ ਪਰ ਤੀਖਣ ਬੁੱਧੀ ਦਾ ਮਾਲਕ ਹਿੰਦ-ਪਾਕਿ ਵੰਡ ਤੋਂ ਬਾਅਦ ਭਾਰਤ ਆ ਗਿਆ, ਫਿਰ ਦਿੱਲੀ ਤੋਂ ਬੰਬਈ। ਕਵਿਤਾਵਾਂ, ਕਹਾਣੀਆਂ ਲਿਖੀਆਂ, ਪ੍ਰੰਤੂ ਇਹ ਕੋਈ ਰੋਜ਼ੀ ਰੋਟੀ ਦਾ ਸਾਧਨ ਨਹੀਂ ਸੀ, ਮਨ ਨੂੰ ਸਕੂਨ ਦੇਣ ’ਤੇ ਸਿਰਫ ਬੌਧਿਕ-ਅਭਿਆਸਤਾ ਦਾ ਪ੍ਰਤੀਕ। ਲੇਕਿਨ ਉਸ ਨੂੰ ਪਤਾ ਸੀ ਕਿ ਉਸਨੇ ਕਿਹੜੇ ਰਾਹ ਤੁਰਨਾ ਹੈ ਤੇ ਉਸਦੀ ਮੰਜ਼ਿਲ ਕਿੱਥੇ ਹੈ? ਫਿਲਮਾਂ ਵਿੱਚ ਕਿਸਮਤ ਅਜ਼ਮਾਉੇਣ ਲਈ ਗੀਤ ਲਿਖੇ, ਪਰ ਜਦੋਂ ਵੀ ਉਹ ਆਪਣੇ ਮਨਭਾਉਂਦੇ ਫਿਲਮਕਾਰ ਬਿਮਲ ਰਾਏ ਨੂੰ ਉਸਦੇ ਦਫਤਰ ਆਪਣੇ ਗੀਤਾਂ ਦੀ ਡਾਇਰੀ ਲੈ ਕੇ ਪਹੁੰਚਦਾ ਤਾਂ ਬਿਮਲ ਉਸਦਾ ਗੀਤ ਸੁਣਨ ਲਈ ਤਿਆਰ ਨਾ ਹੁੰਦੇ, ਪਰ ਗੁਲਜ਼ਾਰ ਸੀ ਕਿ ਹਿੰਮਤ ਨਹੀਂ ਸੀ ਹਾਰਨਾ ਚਾਹੁੰਦਾ ਸੀ। ਰਿਸ਼ੀਕੇਸ਼ ਮੁਖਰਜੀ ਉਦੋਂ ਬਿਮਲ ਰਾਏ ਦੇ ਸਹਾਇਕ ਸਨ, ਉਨ੍ਹਾਂ ਇੱਕ ਦਿਨ ਬਿਮਲ ਰਾਏ ਨੂੰ ਕਹਿ ਹੀ ਦਿੱਤਾ, “ਦਾਦਾ, ਯੇ ਲੜਕਾ ਆਪਕੇ ਯਹਾਂ ਰੋਜ਼ ਆਤਾ ਹੈ, ਇਸੇ ਵੀ ਸੁਨ ਲੀਜੀਏ ...।” ਚੂੰਕਿ ਬਿਮਲ ਆਪਣੇ ਸਹਾਇਕ ਦੀ ਬਹੁਤ ਮੰਨਦੇ ਸਨ, ਇਸ ਲਈ ਉਹ ਗੁਲਜ਼ਾਰ ਦੇ ਗੀਤ ਸੁਣਨ ਲਈ ਰਾਜ਼ੀ ਹੋ ਗਏ। ਜਦੋਂ ਉਨ੍ਹਾਂ ਗੁਲਜ਼ਾਰ ਦਾ ਇੱਕ ਗੀਤ ਸੁਣਿਆ ਤਾਂ ਇਕਦਮ ਕਹਿ ਉੱਠੇ, “ਇਸੇ ਬੰਦਿਨੀ ਕੇ ਲੀਏ ਰੱਖ ਲੋ ...।” ਇਸ ਤਰ੍ਹਾਂ ਗੁਲਜ਼ਾਰ ਹੁਰਾਂ ਦਾ ਫਿਲਮਾਂ ਵਿੱਚ ਪ੍ਰਵੇਸ਼ ਹੋ ਗਿਆ। ਲਤਾ ਮੰਗੇਸ਼ਕਰ ਦਾ ਗਾਇਆ ਬੰਦਿਨੀ ਫਿਲਮ ਦਾ ਇਹ ਗੀਤ ਇੰਨਾ ਮਕਬੂਲ ਹੋਇਆ ਕਿ ਅੱਜ ਵੀ ਗੀਤ-ਪ੍ਰੇਮੀਆਂ ਦੀ ਜ਼ੁਬਾਨ ’ਤੇ ਸਹਿਜੇ ਹੀ ਆ ਜਾਂਦਾ ਹੈ ... ਮੇਰਾ ਗੋਰਾ ਰੰਗ ਲੇ ਲੇ ਮੋਹੇ ਸ਼ਾਮ ਰੰਗ ਦੇਇਦੇ ...।
ਇਸ ਉਪਰੰਤ ਗੁਲਜ਼ਾਰ ਇਨ੍ਹਾਂ ਹਸਤੀਆਂ ਨਾਲ ਸਹਾਇਕ ਵਜੋਂ ਕੰਮ ਕਰਦੇ ਰਹੇ ਅਤੇ ਫਿਲਮ ਨਿਰਮਾਣਕਾਰੀ ਦੀਆਂ ਬਾਰੀਕੀਆਂ ਦੀ ਸਮਝ ਆਉਣ ਲੱਗ ਪਈ। ਫਿਰ ਰਫਤਾ ਰਫਤਾ ਗੁਲਜ਼ਾਰ ਨੂੰ ਫਿਲਮੀ ਦੁਨੀਆਂ ਦੇ ਚਲਨ ਦੀ ਵੀ ਸਮਝ ਆਉਂਦੀ ਗਈ ਤੇ ਆਪਣੀ ਮਿੱਤਰ ਮੀਨਾ ਕੁਮਾਰੀ ਨੂੰ ਮੁੱਖ ਭੂਮਿਕਾ ਵਿੱਚ ਉਨ੍ਹਾਂ ਇੱਕ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਲਿਆ, ਫਿਲਮ ਸੀ ਮੇਰੇ ਅਪਨੇ। ਇਸ ਫਿਲਮ ਵਿੱਚ ਸੰਘਰਸ਼ਸ਼ੀਲ ਵਿਨੋਦ ਖੰਨਾ ਤੇ ਸ਼ਤਰੂਘਨ ਸਿਨਹਾ ਨੂੰ ਵੀ ਅਵਸਰ ਪ੍ਰਦਾਨ ਹੋਇਆ ਤੇ ਅਨੇਕਾਂ ਹੋਰ ਰੰਗਮੰਚੀ ਅਦਕਾਰਾਂ ਨੂੰ ਵੀ, ਮਸਲਨ ਅਸਰਾਨੀ, ਪੇਂਟਲ, ਦਿਨੇਸ਼ ਠਾਕੁਰ ਵਗੈਰਾ। ਆਪਣੇ ਟਾਈਟਲ ਨੂੰ ਕਹਾਣੀ ਰਾਹੀਂ ਦਰਸਾਉਂਦੀ ਇਸ ਫਿਲਮ ਵਿੱਚ ਮੀਨਾ ਜੀ ਦਾ ਕਿਰਦਾਰ ਯਾਦਗਾਰੀ ਹੋ ਨਿੱਬੜਿਆ ਅਤੇ ਨਵੇਂ ਐਕਟਰਾਂ ਦੇ ਰਸਤੇ ਵੀ ਮੋਕਲੋ ਹੋ ਗਏ।
18 ਅਗਸਤ 1936 ਨੂੰ ਪੱਛਮੀ ਪੰਜਾਬ ਦੇ ਜੇਹਲਮ ਇਲਾਕੇ ਵਿੱਚ ਜਨਮੇ ਗੁਲਜ਼ਾਰ ਨੇ ਫਿਲਮ ਪਰਿਚਯ ਵਿੱਚ ਆਪਣੀ ਕਲਾਤਮਕਤਾ ਦਾ ਇੱਕ ਪਰੀਚੈ ਦਿੱਤਾ ਤੇ ਸੰਜੀਵ ਕੁਮਾਰ ਤੇ ਜਯਾ ਭਾਦੁੜੀ ਨੂੰ ਬਾਖੂਬੀ ਨਾਲ ਪੇਸ਼ ਕੀਤਾ ਅਤੇ ਚਾਕਲੇਟੀ ਹੀਰੋ ਜਤਿੰਦਰ ਨੂੰ ਵੀ ਆਪਣੀ ਐਕਟਿੰਗ ਦਿਖਾਉਣ ਦਾ ਮੌਕਾ ਮਿਲਿਆ। ਇਸ ਫਿਲਮ ਨਾਲ ਗੁਲਜ਼ਾਰ ਨੇ ਫਿਲਮ ਇੰਡਸਟਰੀ ਨੂੰ ਦਰਸਾ ਦਿੱਤਾ ਕਿ ਜੇਕਰ ਨਿਰਦੇਸ਼ਕ ਸੂਝਵਾਨ ਹੋਵੇ ਤਾਂ ਕਿਸੇ ਚੁਲਬੁਲੇ ਹੀਰੋ ਨੂੰ ਵੀ ਐਕਟਰ ਬਣਾਇਆ ਜਾ ਸਕਦਾ ਹੈ। ਫਿਰ ਇੱਕ ਹੋਰ ਕੋਸ਼ਿਸ਼ ਕਰਦਿਆਂ ਇਸ ਫਿਲਮਸਾਜ਼ ਨੇ ਸੰਜੀਵ ਕੁਮਾਰ ਤੇ ਜਯਾ ਭਾਦੁੜੀ ਨੂੰ ਗੂੰਗੇ, ਬਹਿਰੇ ਦੇ ਰੂਪ ਵਿੱਚ ਪੇਸ਼ ਕਰਦਿਆਂ ਆਪਣੀ ਕੋਸ਼ਿਸ ਨੂੰ ਸਫਲ ਬਣਾਇਆ। ਬੱਚਿਆਂ ਲਈ ਵੀ ਇੱਕ ਖੂਬਸੂਰਤ ਫਿਲਮ ਪੇਸ਼ ਕੀਤੀ- ਕਿਤਾਬ। ਜਤਿੰਦਰ ਅਤੇ ਹੇਮਾ ਮਾਲਿਨੀ ਨੂੰ ਲੈ ਕੇ ਕਿਨਾਰਾ ਬਣਾਈ, ਜਿਸ ਵਿੱਚ ਧਰਮਿੰਦਰ ਨੂੰ ਵੀ ਵਿਸ਼ੇਸ ਭੂਮਿਕਾ ਵਿੱਚ ਲੈਂਦਿਆਂ ਚੰਗੀ ਅਦਾਕਾਰੀ ਕਰਵਾਈ। ਉਹ ਧਰਮਿੰਦਰ, ਸ਼ਰਮੀਲਾ ਤੇ ਸੁਚਿਤਰਾ ਸੇਨ ਨੂੰ ਲੈ ਕੇ ਦੇਵਦਾਸ ਦਾ ਨਿਰਮਾਣ ਕਰਨ ਦਾ ਵੀ ਇੱਛੁਕ ਸੀ, ਪਰ ਖੌਰੇ ਕਿਹੜੇ ਕਾਰਨਾਂ ਕਰਕੇ ਉਸਦਾ ਇਹ ਸੁਪਨਾ ਅਧੂਰਾ ਹੀ ਰਹਿ ਗਿਆ। ਇੱਕ ਸਾਧਾਰਣ ਦਿੱਖ ਵਾਲੇ ਠੀਕਠਾਕ ਐਕਟਰ ਸੁਨੀਲ ਸ਼ੈਟੀ ਤੋਂ ਉਸਨੇ ਕਬੱਡੀ ਨਾਲ ਸਬੰਧਤ ਇੱਕ ਫਿਲਮ ਵਿੱਚ ਚੰਗਾ ਕੰਮ ਲਿਆ, ਜਿਸ ਵਿੱਚ ਸੰਜੀਦਾ ਐਕਟਰੈੱਸ ਤਬੂ ਨਵੇਂ ਅੰਦਾਜ਼ ਵਿੱਚ ਸੀ। ਸੰਜੀਵ-ਸੁਚਿਤਰਾ ਦੀ ਆਂਧੀ ਨੇ ਤਾਂ ਰਾਜਨੀਤਕ ਗਲਿਆਰਿਆਂ ਵਿੱਚ ਵੀ ਹਲਚਲ ਮਚਾ ਦਿੱਤੀ ਚੂੰਕਿ ਸੁਚਿਤਰਾ ਸੇਨ ਇਸ ਵਿੱਚ ਇੰਦਰਾ ਗਾਂਧੀ ਦੇ ਸੰਕੇਤਕ ਰੂਪ ਵਿੱਚ ਸੀ। ਮੌਸਮ ਵੀ ਗੁਲਜ਼ਾਰ ਦੀ ਇੱਕ ਹੋਰ ਸੰਦਰ ਫਿਲਮ ਸੀ, ਜਿਸ ਨੇ ਫਿਲਮਾਂ ਵਿੱਚ ਆਈ ਖੜੋਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਸ਼ਰਮੀਲਾ ਟੈਗੋਰ ਇਸ ਵਿੱਚ ਇੱਕ ਮਾਂ ਤੇ ਫਿਰ ਇੱਕ ਬੇਟੀ ਸੀ, ਜਿਸ ਨੂੰ ਸੰਜੀਵ ਵੇਸਾਵਾਗਿਰੀ ਦੇ ਧੰਦੇ ਦੀ ਦਲਦਲ ਵਿੱਚੋਂ ਕੱਢਕੇ ਸੱਭਿਆ ਸਮਾਜ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹਿੰਦਾ ਹੈ।
ਸੈਕਸ਼ਪੀਅਰ ਦੇ ਇੱਕ ਨਾਟਕ ਤੇ ਆਧਾਰਿਤ ਸੀ ਫਿਲਮ ਅੰਗੂਰ। ਇਸ ਵਿੱਚ ਸੰਜੀਵ ਕੁਮਾਰ ਤੇ ਦੇਵਨ ਵਰਮਾ ਦੋਹਰੀ ਭੂਮਿਕਾ ਵਿੱਚ ਸਨ। ਦੋਨਾਂ ਨੇ ਹੀ ਦਰ੍ਸ਼ਕਾਂ ਨੂੰ ਖੂਬ ਹਸਾਇਆ। ਫਿਲਮ ਆਪਣੀ ਕਹਾਣੀ, ਪਾਤਰਾਂ ਦੀ ਅਦਾਕਾਰੀ ਤੇ ਸੁਚੱਜੇ ਨਿਰਦੇਸ਼ਨ ਕਰਕੇ ਅੱਜ ਵੀ ਦਰਸ਼ਕਾਂ ਦੀ ਪਸੰਦ ਬਣਦੀ ਹੈ। ਪੰਜਾਬ ਦੇ ਹਾਲਾਤ ਉੱਤੇ, ਖਾਸ ਕਰਕੇ ਅੱਤਵਾਦੀਆਂ ਅਤੇ ਪੁਲੀਸ ਦੇ ਕਿਰਦਾਰ ਨੂੰ ਲੈ ਕੇ ਬਣੀ ਮਾਚਿਸ ਵੀ ਇੱਕ ਅਹਿਮ ਸਥਾਨ ਰੱਖਦੀ ਹੈ। ਗੁਲਜ਼ਾਰ ਇਸ ਫਿਲਮ ਦਾ ਜ਼ਿਕਰ ਛਿੜਦਿਆਂ ਹੀ ਭਾਵੁਕ ਹੋ ਜਾਂਦੇ ਹਨ, ਦਰਅਸਲ ਜਿਸ ਸ਼ਖਸ ਨੇ ਸੰਨ 47 ਦੀ ਹਿੰਦ-ਪਾਕਿ ਵੰਡ ਦਾ ਸੰਤਾਪ ਹੰਢਾਇਆ ਹੋਵੇ, ਉਸ ਨੂੰ ਹੀ ਪੰਜਾਬੀਆਂ ਦੀ ਪੀੜਾ ਦਾ ਅਹਿਸਾਸ ਹੋ ਸਕਦਾ ਹੈ।
ਗੁਲਜ਼ਾਰ ਇੱਕ ਸੰਵੇਦਨਸ਼ੀਲ ਫਿਲਮਸਜ਼ ਹੀ ਨਹੀਂ, ਬਲਕਿ ਇੱਕ ਉੱਚਕੋਟੀ ਦਾ ਗੀਤਕਾਰ ਤੇ ਸ਼ਾਇਰ ਵੀ ਹੈ ਜਿਸਦੀ ਸੰਭਾਵਨਾ ਦੇ ਬੀਜ ਉਸਦੇ ਪਹਿਲੇ ਹੀ ਗੀਤ (ਬੰਦਿਨੀ) ਵਿੱਚ ਮੌਜੂਦ ਸਨ। ਦੋ ਤਿੰਨ ਵਾਰ ਗੁਲਜ਼ਾਰ ਨਾਲ ਮਿਲਣਾ ਹੋਇਆ ਤਾਂ ਉਸ ਦੱਸਿਆ ਕਿ ਫਿਲਮਾਂ ਬਣਾਉਣਾ ਉਸਦਾ ਇਸ਼ਕ ਹੈ ਤੇ ਰੋਜ਼ੀ ਰੋਟੀ ਦਾ ਸਾਧਨ ਵੀ, ਪਰ ਸਾਹਿਤ? ਇਸੇ ਲਈ ਉਸ ਢੇਰ ਕਵਿਤਾਵਾਂ ਲਿਖੀਆਂ ਤੇ ਕਹਾਣੀਆਂ ਵੀ, ਜਿਸਦੀ ਮਿਸਾਲ ਜਗਜੀਤ ਵੱਲੋਂ ਉਸਦੀਆਂ ਗਾਈਆਂ ਕਾਵਿ ਰਚਨਾਵਾਂ ਤੋਂ ਮਿਲਦੀ ਹੈ। ਬਾਂਬੇ (ਮੁੰਬਈ) ਜਦੋਂ ਅਸੀਂ ਚਾਰ ਕੁ ਦਹਾਕੇ ਪਹਿਲਾਂ ਪਹਿਲੀ ਮਰਤਬਾ ਉਸ ਨੂੰ ਉਸਦੇ ਪਾਲੀ ਹਿੱਲ ਵਾਲੇ ਦਫਤਰ ਵਿੱਚ ਮਿਲੇ ਤਾਂ ਪਹਿਲੀ ਨਜ਼ਰ ਹੀ ਮੇਰੀ ਨਿਗਾਹ ਉਸਦੀ ਕੁਰਸੀ ਦੇ ਪਿੱਛੇ ਦੀਵਾਰ ਤੇ ਟੰਗੀ ਮੀਨਾ ਕੁਮਾਰੀ ਦੀ ਵੱਡ-ਅਕਾਰੀ ਤਸਵੀਰ ’ਤੇ ਪਈ ਸੀ, ਅੱਖਾਂ ਵਿੱਚੋਂ ਨੀਰ ਉੱਤਰਕੇ ਗੋਰੀਆਂ ਗੱਲ੍ਹਾਂ ਤੇ ਮੋਤੀਆਂ ਵਾਂਗ ਟਪਕ ਰਿਹਾ ਸੀ। ਖੂਬਸੂਰਤ, ਲੇਕਿਨ ਗੰਭੀਰ ਤੇ ਉਦਾਸ ਚਿਹਰਾ। ਮੀਨਾ ਖੁਦ ਸ਼ਾਇਰਾ ਬਣਨ ਦੇ ਰਸਤੇ ਪੈ ਚੁੱਕੀ ਸੀ। ਗੁਲਜ਼ਾਰ ਨੇ ਉਸਦਾ ਹੁਸਨ ਵੀ ਕਬੂਲ ਕੀਤਾ ਤੇ ਦਰਦ ਵੀ ...।
ਗਾਇਕ ਭੁਪਿੰਦਰ ਦੀ ਪ੍ਰਤਿਭਾ ਪਛਾਣਨ ਵਾਲੇ ਇਸ ਪਾਰਖੂ ਗੀਤਕਾਰ ਨੂੰ ਆਪਣੇ ਭੂਪੀ ਤੇ ਹਮੇਸ਼ਾ ਰ੍ਸ਼ਕ ਰਿਹਾ ਹੈ। ਗੁਲਜ਼ਾਰ ਨੂੰ ਲਗਭਗ ਆਪਣੀਆਂ ਸਾਰੀਆਂ ਹੀ ਕਾਵਿ ਰਚਨਾਵਾਂ ਪਸੰਦ ਹਨ ਤੇ ਪੁਸਤਕਾਂ ਨੂੰ ਪੜ੍ਹਕੇ ਮਾਣਨ ਦਾ ਅੱਜ ਵੀ ਉਹ ਮੁਦਈ ਹੈ। ਉਸ ਨੂੰ ਆਪਣੇ ਗੀਤਾਂ ਵਿੱਚੋਂ ਜਿਹੜੇ ਵਧੇਰੇ ਪਸੰਦ ਹਨ ... ਬੀਤੀ ਨਾ ਬਿਤਾਈ ਰੈਣਾ ਬਿਰਹਾ ਕੀ ਜਾਈ ਰੈਣਾ (ਪਰੀਚਯ), ਤੁਮ ਆ ਗਏ ਹੋ ਤੋਂ ਨੂਰ ਆ ਗਿਆ ਹੈ (ਆਂਧੀ), ਹਮਨੇ ਦੇਖੀ ਹੈ ਉਨ ਆਖੋਂ ਕੀ ਮਹਿਕਤੀ ਖੁਸ਼ਬੂ (ਖਾਮੋਸ਼ੀ), ਰੁਕੇ ਰੁਕੇ ਸੇ ਕਦਮ ਰੁਕ ਕੇ ਵਾਰ ਵਾਰ ਚਲੇ - (ਮੌਸਮ), ਮੇਰਾ ਕੁਛ ਸਾਮਾਂ ਖੋ ਗਿਆ ਹੈ ਮੇਰਾ ਸਾਮਾਂ ਮੁਝੇ ਲੌਟਾ ਦੋ ...।
ਇਸ ਤੋਂ ਇਲਾਵਾ ਗੁਲਜ਼ਾਰ ਨੇ ਬੱਚਿਆਂ ਲਈ ਵੀ ਗੀਤ ਲਿਖੇ ਜੋ ਬਾਲ-ਅਵਸਥਾ ਦੇ ਹਾਣਦੇ ਹਨ, ਮਸਲਨ ਫਿਲਮ ਕਿਤਾਬ ਤੇ ਫਿਲਮ ਮਾਸੂਮ ਲਈ ਲੱਕੜੀ ਕੀ ਕਾਠੀ, ਕਾਠੀ ਪੇ ਘੋੜਾ, ਦੁਮ ਦਬਾਕੇ ਦੌੜਾ ਘੋੜਾ ...। ਜਾਂ ਫਿਰ ਜੰਗਲ ਬੁੱਕ ਲੜੀਵਾਰ ਦਾ ਜੰਗਲ ਜੰਗਲ ਬਾਤ ਚਲੀ ਹੈ, ਪਤਾ ਚਲਾ ਹੈ ... ਚੱਡੀ ਪਹਿਨ ਕੇ ਫੂਲ ਖਿਲਾ ਹੈ ...। ਇਨ੍ਹਾਂ ਤਮਾਮ ਗੀਤਾਂ ਨੂੰ ਲਤਾ, ਰਫੀ, ਆਸ਼ਾ ਅਤੇ ਭੁਪਿੰਦਰ ਵੱਲੋਂ ਅਵਾਜ਼ਾਂ ਦਿੱਤੀਆਂ ਗਈਆਂ ਤੇ ਗੀਤ ਅਮਰ ਹੋ ਗਏ।
ਗੁਲਜ਼ਾਰ ਨੇ ਇੱਕ ਟੀਵੀ ਸੀਰੀਅਲ ਦੀ ਸਕਰਿਪਟ ਵੀ ਲਿਖੀ ਤੇ ਨਿਰਦੇਸ਼ਨ ਵੀ, ਇਹ ਲੜੀਵਾਰ ਸੀ - ਮਿਰਜ਼ਾ ਗਾਲਿਬ, ਜਿਸ ਵਿੱਚ ਸਮਰੱਥ ਅਦਾਕਾਰ ਨਸੀਰੂਦੀਨ ਸ਼ਾਹ ਨੇ ਮਿਰਜ਼ਾ ਗਾਲਿਬ ਦਾ ਕਿਰਦਾਰ ਨਿਭਾ ਕੇ ਗਾਲਿਬ ਨੂੰ ਜੀਵਿਤ ਕਰ ਦਿੱਤਾ। ਇਸ ਸੰਵੇਦਨਸ਼ੀਲ ਕਵੀ, ਗੀਤਕਾਰ ਤੇ ਫਿਲਮਕਾਰ ਦੇ ਫਿਲਮ ਇੰਡਸਟਰੀ ਹੀ ਨਹੀਂ, ਦਰਸ਼ਕ ਵੀ ਹਮੇਸ਼ਾ ਦੇਣਦਾਰ ਰਹਿਣਗੇ। ਮਾਣ ਵਾਲੀ ਗੱਲ ਹੈ ਕਿ ਉਮਰ ਦੇ ਇਸ ਪੜਾ ਉੱਤੇ ਵੀ ਗੁਲਜ਼ਾਰ ਦੀ ਕਲਮ ਸਾਹਿਤਕ ਅੰਦਾਜ਼ ਵਿੱਚ ਆਪਣਾ ਕਮਾਲ ਦਿਖਾ ਰਹੀ ਹੈ। ਅਸੀਂ ਉਸਦੀ ਲੰਬੀ ਉਮਰ ਲਈ ਦੁਆ ਕਰਦੇ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4180)
(ਸਰੋਕਾਰ ਨਾਲ ਸੰਪਰਕ ਲਈ: (