“ਮੈਂ ਇਸ ਸਥਾਨ ਤੋਂ ਥੋੜ੍ਹੇ ਫਰਕ ਨਾਲ ਆਪਣਾ ਸਕੂਟਰ ਰੋਕਿਆ ਤੇ ਕੁਝ ਦੇਰ ਲਈ ਉੱਥੇ ...”
(23 ਜੁਲਾਈ 2021)
ਉਦੋਂ ਮੇਰੀ ਪਤਨੀ ਮੈਂਨੂੰ ਲਗਭਗ ਹਰ ਰੋਜ਼ ਹੀ ਕਹਿ ਛੱਡਦੀ ਤੇ ਨਸੀਹਤ ਕਰਦੀ, ਦੇਖੋ ਜੀ! ਜੁਆਕ ਦੇ ਪੇਪਰ ਸਿਰ ’ਤੇ ਆ ਗਏ ਨੇ, ਇਸ ਲਈ ਮੇਰੀ ਮੰਨੋ ਤੇ ਅੱਜ ਈ ਪੰਡਤ ਜੀ ਦੇ ਬਚਨਾਂ ’ਤੇ ਫੁੱਲ ਚੜ੍ਹਾ ਆਓ।
ਪ੍ਰੰਤੂ ਮੈਂ ਉਸਦੇ ਕਹਿਣ, ਆਖਣ ਜਾਂ ਉਸਦੀ ਨਸੀਹਤ ’ਤੇ ਕਦੇ ਵੀ ਫੁੱਲ ਨਾ ਚੜ੍ਹਾਏ। ਬਲਕਿ ਹੱਸਕੇ ਟਾਲ ਛੱਡਦਾ, “ਕੋਈ ਨੀ ਭਾਗਵਾਨੇ! ਕੱਢਦੇ ਆਂ ਕਿਸੇ ਦਿਨ ਟਾਈਮ।”
ਪ੍ਰੰਤੂ ਅੱਜ ਕੱਲ੍ਹ ਕਰਦਿਆਂ ਜਦੋਂ ਕਾਫੀ ਸਮਾਂ ਲੰਘ ਗਿਆ ਤੇ ਸਾਡੇ ਕਾਕੇ ਦੇ ਇਮਤਿਹਾਨ ਵੀ ਨੇੜੇ ਢੁੱਕ ਗਏ ਤਾਂ ਪਤਨੀ ਨੇ ਇੱਕ ਹੋਰ ਤਾੜਨਾ ਭਰਿਆ ਡਾਇਲਾਗ ਬੋਲਿਆ, “ਜੇ ਥੋਡੇ ਕੋਲੋਂ ਇਹ ਕੰਮ ਨੀ ਹੁੰਦਾ ਤਾਂ ਮੈਂਨੂੰ ਦਿਓ ਪੈਸੇ, ਮੈਂ ਬਜਾਾਰ ਤੋਂ ਖਰੀਦ ਕੇ ਆਪੇ ਜਾ ਆਊਂਗੀ ...ਮੈਨੂੰ ਕੀ ਰਸਤਾ ਭੁੱਲਿਐ?”
ਆਖਰ ਮੈਂਨੂੰ ਹਾਂਅ ਕਰਨੀ ਹੀ ਪਈ ਅਤੇ ਇੱਕ ਦਿਨ ਛੁੱਟੀ ਵਾਲੇ ਦਿਨ ਮੈਂ ਘਰੋਂ ਸਕੂਟਰ ਲੈ ਕੇ ਨਿਕਲ ਪਿਆ। ਬਾਜ਼ਾਰ ਵਿੱਚੋਂ ਲੰਘਿਆ। ਕਈ ਕਿਸਮ ਦੀਆਂ ਸਮੱਗਰੀ ਦੀਆਂ ਦੁਕਾਨਾਂ ਆਈਆਂ ਪਰ ਮੈਂ ਕਿਤੇ ਵੀ ਸਕੂਟਰ ਨਾ ਖਲਾਰਿਆ। ਪਰ ਇੱਕ ਹਲਵਾਈ ਦੀ ਇੱਕ ਦੁਕਾਨ ਤੋਂ ਲੱਡੂਆਂ ਦਾ ਡੱਬਾ ਖੌਰੇ ਮੈਥੋਂ ਕਿਵੇਂ ਖਰੀਦ ਹੋ ਗਿਆ। ਸ਼ਹਿਰ ਤੋਂ ਬਾਹਰਵਾਰ ਪਹੁੰਚਕੇ ਰਸਤੇ ਵਿੱਚ ਮੇਰੀ ਸੋਚ ਦੇ ਘੋੜੇ ਬਹੁਤ ਤੇਜ਼ ਦੌੜਣ ਲੱਗੇ ਸਨ। ਥੋੜ੍ਹੀ ਹੀ ਦੂਰ ਜਾ ਕੇ ਪਤਨੀ ਵੱਲੋਂ ਦੱਸੀ ਥਾਂ ’ਤੇ ਜਾ ਕੇ ਮੈਂ ਸਕੂਟਰ ਨੂੰ ਬਰੇਕ ਲਗਾਈ। ਇਹ ਥਾਂ ਇੱਟਾਂ, ਪੱਥਰਾਂ ਦੀ ਸੀ। ਲਾਲ, ਹਰਾ ਰੰਗ ਵੀ ਕੀਤਾ ਹੋਇਆ ਸੀ। ਉੱਥੇ ਕੁਝ ਸ਼ਰਧਾਲੂ ਵੀ ਜੁੜੇ ਹੋਏ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਸਮੱਗਰੀ ਸੀ ਜਾਂ ਪ੍ਰਸਾਦ ਵਗੈਰਾ। ਇਸ ਜਗ੍ਹਾ ਨੂੰ ਨੇੜੇ ਤੇੜੇ ਦੇ ਲੋਕ ਬਹੁਤ ਪਵਿੱਤਰ ਮੰਨਦੇ ਸਨ। ਇਹ ਇੱਕ ਤਰ੍ਹਾਂ ਦੀ ਮੜ੍ਹੀ, ਮਸਾਣ ਜਾਂ ਮਜ਼ਾਰ ਸੀ, ਜਿਸ ’ਤੇ ਆਮ ਦਿਨਾਂ ਵਿੱਚ ਵੀ ਸ਼ਰਧਾਲੂ ਆਉਂਦੇ ਸਨ, ਪਰ ਵੀਰਵਾਰ ਵਾਲੇ ਦਿਨ ਇਸ ਜਗ੍ਹਾ ਕਾਫੀ ਭੀੜ ਜੁੜਦੀ ਸੀ। ਸ਼ਰਧਾਲੂਆਂ ਵੱਲੋਂ ਮਾਣਤਾ ਪ੍ਰਾਪਤ ਇਸ ‘ਪਵਿੱਤਰ ਸਥਾਨ’ ਕੋਲੋਂ ਮੈਂ ਅੱਗੇ ਵੀ ਕਈ ਵਾਰ ਗੁਜ਼ਰਿਆ ਸੀ। ਬਲਕਿ ਦੋ ਤਿੰਨ ਵਾਰ ਤਾਂ ਇਸਦੇ ਨੇੜੇ ਹੀ ਰੁਕ ਕੇ ਜ਼ੋਰ ਪੈਣ ਦੀ ਅਵਸਥਾ ਵਿੱਚ ਪਿਸ਼ਾਬ ਵੀ ਕੀਤਾ ਸੀ। ਪਰ ਉਸ ਦਿਨ ਮੇਰੇ ਲਈ ਇਹ ਥਾਂ ਮੇਰੀ ਪਤਨੀ ਦੇ ਕਥਨ ਦੀ ਪੂਰਤੀ ਦੇ ਮੱਦੇਨਜ਼ਰ ਪਵਿੱਤਰ ਜਾਪ ਰਹੀ ਸੀ। ਮੈਂ ਇਸ ਸਥਾਨ ਤੋਂ ਥੋੜ੍ਹੇ ਫਰਕ ਨਾਲ ਆਪਣਾ ਸਕੂਟਰ ਰੋਕਿਆ ਤੇ ਕੁਝ ਦੇਰ ਲਈ ਉੱਥੇ ਖੜ੍ਹਾ ਹੋ ਕੇ ਨਜ਼ਾਰਾ ਤੱਕਦਾ ਰਿਹਾ।
‘ਚੱਲ ਬਈ ਮਿੱਤਰਾ, ਬਹੁਤ ਨਜ਼ਾਰਾ ਦੇਖ ਲਿਆ, ਹੁਣ ਚੱਲ ਆਪਣੇ ਘਰ ਨੂੰ ..।” ਪਰ ਮੁੜਦੇ ਵੇਲੇ ਖਿਆਲ ਆਇਆ ਕਿ ਘਰ ਜਾ ਕੇ ਕਿਹੜੇ ਮੂੰਹ ਨਾਲ ਪਤਨੀ ਦਾ ਸਾਹਮਣਾ ਕਰਾਂਗਾ? ਉਹ ਜਦੋਂ ਪ੍ਰਸ਼ਨ ਕਰੇਗੀ ਕਿ ਚੜ੍ਹਾ ਆਏ ਸਮੱਗਰੀ? ਟੇਕ ਆਏ ਮੱਥਾ? ਤਾਂ ਕੀ ਜਵਾਬ ਦੇਵਾਂਗਾ? ਇਨ੍ਹਾਂ ਪ੍ਰਸ਼ਨਾਂ, ਸਵਾਲਾਂ ਵਿੱਚ ਉਲਝਿਆ ਹੀ ਮੈਂ ਵਾਪਸ ਪਰਤ ਰਿਹਾ ਸਾਂ। ਹੁਣ ਉਹ ਮੜ੍ਹੀ, ਮਸਾਣ, ਸ਼ਰਧਾਲੂਆਂ ਦਾ ਪਵਿੱਤਰ ਸਥਾਨ ਕਾਫੀ ਪਿੱਛੇ ਰਹਿ ਗਿਆ ਸੀ। ਮੈਂ ਸ਼ਹਿਰ ਦੇ ਨੇੜੇ ਪਹੁੰਚ ਗਿਆ ਸੀ। ਇੱਕ ਪਾਸੇ ਝੁੱਗੀ ਨੁਮਾ ਘਰ ਬਣੇ ਹੋਏ ਸਨ ਅਤੇ ਇਸਦੇ ਕੋਲ ਹੀ ਇੱਕ ਖੁੱਲ੍ਹੀ ਥਾਂ ’ਤੇ ਕੁਝ ਬੱਚੇ ਆਪਣੀ ਮਸਤੀ ਵਿੱਚ ਆਪੋ ਆਪਣੀਆਂ ਖੇਡਾਂ ਖੇਡ ਰਹੇ ਸਨ। ਮੈਂ ਰੁਕਿਆ ਤੇ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ। ਉਹ ਸੰਗਦੇ ਸੰਗਦੇ, ਪਰ ਖੁਸ਼ੀ ਖੁਸ਼ੀ ਮੇਰੇ ਕੋਲ ਆ ਗਏ। ਮੈਂ ਲੱਡੂਆਂ ਵਾਲਾ ਡੱਬਾ ਖੋਲ੍ਹਿਆ ਤੇ ਇੱਕ ਇੱਕ, ਦੋ ਦੋ ਲੱਡੂ ਸਾਰਿਆਂ ਵਿੱਚ ਵੰਡ ਦਿੱਤੇ। ਖਾਲੀ ਡੱਬਾ ਵੀ ਉਨ੍ਹਾਂ ਨੂੰ ਫੜਾ ਦਿੱਤਾ। ਉਸ ਡੱਬੇ ਨਾਲ ਦੋ ਤਿੰਨ ਨਿੱਕੀ ਉਮਰ ਦੇ ਬੱਚੇ ਠੇਡੇ ਮਾਰ ਮਾਰ ਕੇ ਖੇਡਣ ਲੱਗ ਪਏ।
ਹੁਣ ਮੈਂ ਘਰ ਜਾਣ ਲੱਗਿਆ ਪੂਰਾ ਹਲਕਾ ਫੁੱਲ ਸਾਂ। ਇਹ ਸੋਚ ਸੋਚ ਕੇ ਹੋਰ ਵੀ ਖੁਸ਼ ਹੋਣ ਲੱਗਾ ਸੀ ਕਿ ਲੱਡੂਆਂ ਨਾਲ ਬੱਚੇ ਪਰਚਾਏ ਗਏ ਤੇ ਬਾਕੀ ਖਰਚੇ-ਵਰਚੇ ਤੋਂ ਵੀ ਐਵੇਂ ਵਾਧੂ ਵਿੱਚ ਸਮੱਗਰੀ ਖਰੀਦ ਕੇ ਪੈਸਿਆਂ ਦਾ ਉਜਾੜਾ ਹੀ ਹੁੰਦਾ। ਪਰ ਨਾਲ ਹੀ ਸ਼ਿੱਦਤ ਨਾਲ ਇਹ ਵੀ ਸੋਚ ਉੱਭਰੀ ਕਿ ਪਤਨੀ ਨੂੰ ਕੀ ਉੱਤਰ ਦੇਵਾਂਗਾ? ਇਸ ਦਾ ਵੀ ਸਪਸ਼ਟ ਉੱਤਰ ਮਿਲ ਗਿਆ। ਕਹਿ ਦਿਆਂਗਾ, ਚੜ੍ਹਾ ਆਇਆ ਹਾਂ ਸਮੱਗਰੀ ’ਤੇ ਟੇਕ ਆਇਆ ਹਾਂ ਮੱਥਾ।
ਘਰ ਜਾ ਕੇ ਠੀਕ ਇਵੇਂ ਦਾ ਹੀ ਝੂਠ ਬੋਲਿਆ। ਪਤਨੀ ਮੇਰੇ ਝੂਠ ਨੂੰ ਸੱਚ ਮੰਨਦਿਆਂ ਪ੍ਰਸੰਨ ਹੋ ਗਈ ਤੇ ਉਸ ਨੇ ਉੱਪਰ ਵੱਲ ਮੂੰਹ ਕਰਦਿਆਂ ਆਪਣੇ ਦੋਨੋਂ ਹੱਥ ਜੋੜੇ। ਅੰਤ ਕਾਕੇ ਦੇ ਇਮਤਿਹਾਨਾਂ ਮਗਰੋਂ ਜਦੋਂ ਨਤੀਜਾ ਆਇਆ ਤਾਂ ਉਹ ਆਪਣੀ ਕਲਾਸ ਵਿੱਚੋਂ ਸਾਰਿਆਂ ਨਾਲੋਂ ਚੰਗੇ ਨੰਬਰਾਂ ਵਿੱਚ ਪਾਸ ਹੋਇਆ। ਪਰ ਅੱਗੋਂ ਕਦੇ ਵੀ ਮੈਨੂੰ ਅਜਿਹਾ ਝੂਠ ਬੋਲਣ ਦੀ ਜ਼ਰੂਰਤ ਨਾ ਪਈ ਚੂੰਕਿ ਘਰਵਾਲੀ ਨੂੰ ਮੇਰੇ ਝੂਠ ਦੀ ਖਬਰ ਹੋ ਗਈ ਸੀ। ਰਫਤਾ ਰਫਤਾ ਘਰ ਦਾ ਮਾਹੌਲ ਖੁਦ-ਬਾ-ਖੁਦ ਹੀ ਤਬਦੀਲ ਹੋਣ ਲੱਗਾ ਤੇ ਪਤਨੀ ਬ੍ਰਾਹਮਣੀ ਕਰਮਕਾਂਡਾਂ ਦੇ ਚੱਕਰ ਵਿੱਚੋਂ ਨਿਕਲ ਕੇ ਕੁਝ ਤਰਕ ਨਾਲ ਸੋਚਣ ਦੇ ਰਸਤੇ ਪੈ ਤੁਰੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2913)
(ਸਰੋਕਾਰ ਨਾਲ ਸੰਪਰਕ ਲਈ: