SukhminderSekhon7“ਮੇਰੇ ਥੱਲੇ ਉੱਤਰਦਿਆਂ ਹੀ ਉਸਨੇ ਮੇਰੀ ਬਾਂਹ ਫੜ ਲਈ ਤੇ ਬਾਂਹ ਮਰੋੜ ਕੇ ...
(3 ਜਨਵਰੀ 2022)

 

 ਸਰੋਕਾਰ ਨੇ ਅੱਜ ਪਹਿਲੀ ਵਾਰ ਇੱਕ ਸਮੇਂ 2385 ਸੰਗੀਆਂ-ਸਾਥੀਆਂ ਦਾ ਸਾਥ ਮਾਣਿਆ ਹੈ 

SarokarReaders1

***

 

ਜਦੋਂ ਵੀ ਜਾਮਣਾਂ ਖਾਣ ਨੂੰ ਮਨ ਲਲਚਾਉਂਦਾ ਤਾਂ ਅਸੀਂ ਬਚਪਨ ਦੇ ਕੁਝ ਸਾਥੀ ਹੀਰਾ ਮਹਿਲ ਜਾਂ ਸ਼ਾਮ ਬਾਗ ਜਾਂ ਨਹਿਰ ਤੋਂ ਪਹਿਲਾਂ ਪੈਂਦੇ ਬੀੜ ਵੰਨੀ ਵਹੀਰਾਂ ਘੱਤ ਲੈਦੇ। ਸਾਡੇ ਨਿੱਕਰਾਂ ਜਾਂ ਕੱਛੇ ਪਾਏ ਹੁੰਦੇਕਈਆਂ ਦੇ ਜੂੜੇ ਕੀਤੇ ਹੁੰਦੇ ਤੇ ਕੁਝ ਰੋਡੇ ਵੀ ਹੁੰਦੇ। ਉਦੋਂ ਰੋਡੇ ਭਾਵ ਮੋਨੇ ਘੱਟ ਹੀ ਦੇਖਣ ਨੂੰ ਮਿਲਦੇ ਸਨ। ਸਾਡੇ ਪੈਰਾਂ ਵਿੱਚ ਚੱਪਲਾਂ ਹੁੰਦੀਆਂ ਤੇ ਕਈ ਨੰਗੇ ਪੈਰੀਂ ਵੀ ਹੁੰਦੇ। ਉੱਥੇ ਬਾਂਦਰ ਹੁੰਦੇ, ਨੀਲ ਗਊਆਂ ਹੁੰਦੀਆਂ, ਜੰਗਲੀ ਸੂਰ ਹੁਦੇ, ਤਿੱਤਰ ਹੁੰਦੇ ਤੇ ਸੱਪ, ਨਿਉਲੇ ਵੀਉੱਥੇ ਨਾਲ ਹੀ ਇਕ ਸੂਆ ਹੁੰਦਾ ਸੀ ਤੇ ਨੇੜੇ ਇੱਕ ਨਹਿਰ ਵੀ ਵਗਦੀ ਸੀ। ਹੀਰਾ ਮਹਿਲ ਦਾ ਸਾਰਾ ਬਾਗ ਬਹੁਤ ਦੇਰ ਪਹਿਲਾਂ ਵਿਕ ਚੁੱਕਾ ਹੈ ਤੇ ਹੀਰਾ ਮਹਿਲ ਵੀ। ਇਸਦੇ ਬਾਹਰ ਵੱਡੇ ਗੇਟ ’ਤੇ ਹਮੇਸ਼ਾ ਪਹਿਰੇ ਲਗਦੇ ਰਹਿੰਦੇ ਸਨ ਤੇ ਪਹਿਰੇਦਾਰਾਂ ਦੇ ਹੁਕਮ ਤੋਂ ਬਿਨਾਂ ਖੰਘਣ ਦੀ ਵੀ ਮਨਾਹੀ ਹੁੰਦੀ ਸੀ, ਹੁਣ ਉੱਥੇ ਅੰਦਰ ਸੜਕਾਂ ਵੀ ਹਨ ਤੇ ਦੁਕਾਨਾਂ ਵੀ ਅਤੇ ਹੋਰ ਕਾਰੋਬਾਰ ਵੀ, ਗਲੀਆਂ ਤੇ ਕਲੋਨੀਆਂ ਹਨ। ਨੇੜੇ ਹੀ ਵੱਡਾ ਪੰਜਾਬ ਪਬਲਿਕ ਸਕੂਲ ਵੀ ਹੈ ਜਿੱਥੋਂ ਵੱਡੇ ਵੱਡੇ ਅਫਸਰ ਬਣਕੇ ਨਿਕਲਦੇ ਹਨ। ਇਤਿਹਾਸਕ ਸ਼ਹਿਰ ਨਾਭਾ ਇਹਨਾਂ ਗੱਲਾਂ ਤੋਂ ਇਲਾਵਾ ਹੋਰ ਵੀ ਕਈ ਕਾਰਨਾਂ ਕਰਕੇ ਮਸ਼ਹੂਰ ਹੈ। ਨਾਭੇ ਦੀ ਬੰਦ ਬੋਤਲ ਬਾਰੇ ਤਾਂ ਸਾਰੇ ਜਾਣਦੇ ਹੀ ਹੋਣਗੇ!

ਅਸੀਂ ਸੂਏ ਵਿੱਚ ਨਹਾਉਂਦੇ, ਲੋਹੇ ਦੀ ਪੁਲੀ ਤੋਂ ਖੜ੍ਹਕੇ ਨੰਗ ਧੜੰਗੇ ਹੋ ਕੇ ਛਾਲਾਂ ਮਾਰਦੇ। ਡੁਬਕੀਆਂ ਲਗਾਉਂਦੇ, ਬਾਹਰ ਆ ਕੇ ਰੇਤ ’ਤੇ ਲਿਟਕੇ ਤੇ ਫੇਰ ਸੂਏ ਵਿੱਚ ਛਾਲਾਂ ਮਾਰ ਦਿੰਦੇ ਇਹ ਦ੍ਰਿਸ਼ ਦੇਖਣਯੋਗ ਹੁੰਦਾ ਸੀ। ਉਦੋਂ ਅਸੀਂ ਨਾ ਕਿਸੇ ਤੋਂ ਸੰਗਦੇ ਸੀ ਤੇ ਨਾ ਹੀ ਸ਼ਰਮਾਉਣ ਦੀ ਜਾਚ ਹੀ ਸਾਨੂੰ ਆਉਂਦੀ ਸੀ। ਪ੍ਰੰਤੂ ਹੁਣ ਕਾਫੀ ਦੇਰ ਤੋਂ ਇਸ ਸੂਏ ਦਾ ਪਾਣੀ ਪੰਜਾਬ ਫੂਡਜ਼ ਲਿਮਟਿਡ ਨੇ ਗੰਧਲਾ ਕਰ ਦਿੱਤਾ ਹੈਹੌਲੀ ਹੌਲੀ ਸੂਏ ਨੂੰ ਭਰ ਕੇ ਕਿਧਰੇ ਹੋਰ ਪਾਸਿਓਂ ਨਾਲਾ ਕੱਢ ਦਿੱਤਾ ਗਿਆ ਹੈ। ਇੱਥੋਂ ਪਟਿਆਲੇ ਨੂੰ ਜਾਣ ਵਾਲੀ ਸੜਕ ਕੁਝ ਚੌੜੀ ਕਰ ਦਿੱਤੀ ਗਈ ਹੈ। ਇਸ ਨਹਿਰ ’ਤੇ ਸੂਏ ਤੋਂ ਪਹਿਲਾਂ ਜਿਹੜਾ ਬਾਗ ਹੁੰਦਾ ਸੀ, ਉਸਦੀ ਹੋਂਦ ਵੀ ਹੁਣ ਖੁਰਦੀ ਜਾ ਰਹੀ ਹੈ। ਇੱਥੋਂ ਅਸੀਂ ਜਾਮਣਾਂ ਤੋਂ ਇਲਾਵਾ ਅਮਰੂਦ, ਅੰਬੀਆਂ ਤੇ ਸ਼ਹਿਤੂਤ ਤੋੜ ਕੇ ਖਾਂਦੇ ਹੁੰਦੇ ਸਾਂ। ਉੱਥੇ ਬੈਠੇ ਜਾਂ ਦਰਖ਼ਤਾਂ ਉੱਪਰ ਚੜ੍ਹੇ ਬਾਂਦਰਾਂ ਨੂੰ ਛੇੜਦੇ ਤੇ ਖਿਝਾਉਂਦੇ ਹੁੰਦੇ ਸਾਂ। ਉਹ ਸਾਨੂੰ ਦੇਖਕੇ ਦੌੜ ਜਾਂਦੇ ਸਨ ਪ੍ਰੰਤੂ ਕਈ ਵੇਰਾਂ ਸਾਨੂੰ ਦੰਦੀਆਂ ਕੱਢਕੇ ਤੇ ਮੂੰਹ ਬਣਾਕੇ ਡਰਾਉਂਦੇ ਵੀ ਸਨ। ਮੈਨੂੰ ਨਹੀਂ ਯਾਦ ਕਿ ਕਿਸੇ ਬਾਂਦਰ ਨੇ ਸਾਨੂੰ ਵੱਢਿਆ ਵੀ ਹੋਵੇਗਾ। ਮੈ, ਪੱਪੂ, ਕਰਮੂ, ਸ਼ੈਰੀ, ਜੀਤੂ, ਘੁੱਦੂ, ਜੱਗੀ ਤੇ ਹੋਰ ਅਸੀਂ ਨਿੱਕੀ ਉਮਰ ਦੇ ਕਿੰਨੇ ਹੀ ਆੜੀ ਉੱਥੇ ਸੂਏ ਜਾਂ ਨਹਿਰ ਤੇ ਬਾਗ ਵਿੱਚ ਘੁੰਮਦੇ ਹੁੰਦੇ ਸਾਂ। ਅੱਧੀ ਜਾਂ ਪੂਰੀ ਛੁੱਟੀ ਹੋਣ ’ਤੇ ਉੱਥੇ ਜਾਂਦੇ ਸੀ ਪ੍ਰੰਤੂ ਕਈ ਵਾਰ ਅਸੀਂ ਸਕੂਲੋਂ ਨੱਠਕੇ ਹੀ ਇਹ ਉਲਟੇ ਪੁਲਟੇ ਕੰਮ ਕਰਕੇ ਮਜ਼ੇ ਲੈਂਦੇ ਹੁੰਦੇ ਸਾਂ। ਕਿਤਾਬਾਂ ਕਾਪੀਆਂ ਅਸੀਂ ਉੱਥੇ ਹੀ ਕਿਧਰੇ ਲੁਕੋ ਜਾਂਦੇ ਜਾਂ ਕਿਸੇ ਦੁਕਾਨਦਾਰ ਦੇ ਧਰ ਜਾਂਦੇ ਸੀ। ਕੱਛੇ ਨਿੱਕਰਾਂ ਸੁਕਾ ਕੇ ਆਪਣੀਆਂ ਕਿਤਾਬਾਂ ਕਾਪੀਆਂ ਵਾਪਸ ਲੈ ਕੇ ਇਉਂ ਆਪਣੇ ਘਰਾਂ ਨੂੰ ਮੁੜਦੇ ਜਿਵੇਂ ਬਹੁਤ ਹੀ ਪੜ੍ਹਾਕੂ ਹੋਈਏ। ਸਮੇਂ ਸਿਰ ਸਕੂਲੇ ਜਾਂਦੇ ਹੋਈਏ ’ਤੇ ਬਹੁਤ ਸਾਰਾ ਪੜ੍ਹ ਲਿਖਕੇ ਟਾਈਮ ਸਿਰ ਘਰ ਪਹੁੰਚਦੇ ਹੋਈਏ। ਕਈ ਵਾਰ ਤਾਂ ਘਰ ਝੂਠੇ ਬਹਾਨੇ ਵੀ ਲਾਉਣੇ ਪੈਂਦੇ ਸਨ ਜਦੋਂ ਸਾਡਾ ਕੱਛਾ ਜਾਂ ਨਿੱਕਰ ਕਦੇ ਥੋੜ੍ਹੀ ਗਿੱਲੀ ਰਹਿ ਜਾਂਦੀ ਸੀ ਜਾਂ ਫੇਰ ਕਦੇ ਅਸੀਂ ਬੀੜ ਜਾਂ ਬਾਗ ਵਿੱਚੋਂ ਲੇਟ ਹੋ ਜਾਂਦੇ ਸਾਂ। ਕਈ ਵਾਰ ਘਰੋਂ ਝਿੜਕਾਂ ਪੈਂਦੀਆਂ ਤੇ ਕੁਟਾਪਾ ਵੀ ਚੜ੍ਹਦਾ ਸੀ।

ਇੱਕ ਵੇਰਾਂ ਕੀ ਹੋਇਆ ਅਸੀਂ ਤਿੰਨ ਕੁ ਮਿੱਤਰ ਜਾਮਣਾਂ ਤੋੜਨ ਉੱਥੇ ਪਹੁੰਚੇ। ਪਹਿਲਾਂ ਤਾਂ ਪੱਕੀਆਂ ਤੇ ਕੁਝ ਫਿੱਸੀਆਂ ਹੋਈਆਂ ਜਾਮਣਾਂ ਚੁਗੀਆਂ ਤੇ ਫੇਰ ਮਿੱਤਰਾਂ ਨੇ ਮੈਂਨੂੰ ਫੂਕ ਛਕਾ ਕੇ ਦਰਖਤ ਉੱਪਰ ਚਾੜ੍ਹ ਦਿੱਤਾ। ਬੇਸ਼ਕ ਪਹਿਲਾਂ ਵੀ ਤਿੰਨ ਚਾਰ ਵਾਰ ਮੈਂ ਦਰਖ਼ਤਾਂ ’ਤੇ ਚੜ੍ਹਿਆ ਸਾਂ ਪ੍ਰੰਤੂ ਉਸ ਦਿਨ ਵੱਡੇ ਜਾਮਣ ਦੇ ਦਰਖਤ ’ਤੇ ਵੱਡੀਆਂ ਵੱਡੀਆਂ ਜਾਮਣਾਂ ਦਾ ਚਾਓ ਜਿਵੇਂ ਸਾਂਭਿਆਂ ਨਹੀਂ ਸੀ ਜਾਂਦਾ। ਜਾਮਣ ਤੋੜ ਤੋੜ ਕੇ ਮੈਂ ਆਪਣੇ ਨਾਲ ਲਿਆਂਦੇ ਝੋਲੇ ਨੁਮਾ ਕੱਪੜੇ ਵਿੱਚ ਪਾਉਣ ਲੱਗਾ। ਕਦੇ ਕਦੇ ਚੌੜ ਵਿੱਚ ਆ ਕੇ ਕੋਈ ਕੋਈ ਜਾਮਣ ਥੱਲੇ ਵੀ ਮਿੱਤਰਾਂ ਵੰਨੀ ਸੁੱਟ ਦਿੰਦਾ। ਬੱਚਾ ਮਿੱਤਰ ਬੋਚ ਲੈਂਦੇ ਤੇ ਕਦੇ ਉਹਨਾਂ ਦਾ ਵਾਰ ਖਾਲੀ ਚਲਾ ਜਾਂਦਾ। ਪ੍ਰੰਤੂ ਹਾਲੇ ਕੁਝ ਮਿੰਟ ਹੀ ਬੀਤੇ ਹੋਣਗੇ ਕਿ ਰੌਲਾ ਰੱਪਾ ਜਿਹਾ ਪੈ ਗਿਆ, ਭੱਜੋ ਉਏ! ਨੱਠੋ ਉਏ! ਮਾਲੀ ਆ ਗਿਆ ... ਮਾਲੀ ਆ ਗਿਆ ਉਏ ...

ਜਦੋਂ ਮੈਂ ਥੱਲੇ ਵੰਨੀ ਵੇਖਿਆ ਤਾਂ ਮੇਰੇ ਸਾਰੇ ਮਿੱਤਰ ਦੌੜ ਚੁੱਕੇ ਸਨ। ਹੇਠਾਂ ਮਾਲੀ ਖੜ੍ਹਾ ਸੀ। ਉਸ ਮਾਲੀ ਨੇ ਮੈਂਨੂੰ ਤੇ ਮੇਰੇ ਮਿੱਤਰਾਂ ਨੂੰ ਦੂਰੋਂ ਹੀ ਕਈ ਵਾਰ ਵੇਖਿਆ ਸੀ ਤੇ ਦੌੜ ਕੇ ਫੜਨ ਦੀ ਕੋਸ਼ਿਸ਼ ਕੀਤੀ ਸੀ। ਹੈ ਤਾਂ ਉਹ ਮਾੜਕੂ ਜਿਹਾ ਸੀ ਪਰ ਉਸਦਾ ਰੰਗ ਤਵੇ ਤੋਂ ਵੀ ਕਾਲਾ ਸੀ ਤੇ ਉਸਦਾ ਬੋਲ ਬਹੁਤ ਨਿੱਗਰ ਤੇ ਭਾਰਾ ਸੀ। ਖੜੈਂ ਖੜੈਂ ਕਰਦੀ ਆਵਾਜ਼ ਤੇ ਚਿੜਚਿੜਾਉਂਦੇ ਜਿਹੇ ਬੋਲ। ਬੋਲ ਸੁਣਕੇ ਹੀ ਅਗਲਾ ਡਰ ਜਾਂਦਾ ਅੱਗੇ ਤਾਂ ਦੂਰੋਂ ਹੀ ਉਸਦੇ ਰੋਅਬਦਾਰ ਬੋਲ ਸੁਣੇ ਸਨ ਪ੍ਰੰਤੂ ਉਸ ਦਿਨ ਤਾਂ ਉਹ ਥੱਲੇ ਖੜ੍ਹਾ ਮੈਂਨੂੰ ਹੀ ਉਡੀਕ ਰਿਹਾ ਸੀ।

ਚੱਲ ਉਏ, ਹੇਠਾਂ ਉੱਤਰ ਅੱਜ ਲੈਨੈ ਮੈਂ ਤੇਰੀ ਖਬਰ। ਅੱਜ ਆਇਐਂ ਕਾਬੂ ... ਬੱਚੂ ਸਿਆਂ! ਹੇਠਾਂ ਉੱਤਰ ਅੱਜ ਬਣਾਉਨਾ ਮੈਂ ਤੇਰੀ ਰੇਲ ...

ਮੈਂ ਬੁਰੀ ਤਰ੍ਹਾਂ ਡਰ ਤੇ ਘਬਰਾ ਗਿਆਥੱਲੇ ਉੱਤਰਨ ਦੀ ਹਿੰਮਤ ਨਹੀਂ ਸੀ ਪੈ ਰਹੀ। ਸਾਰੇ ਸਰੀਰ ਵਿੱਚੋਂ ਜਿਵੇਂ ਜਾਨ ਉਡ ਗਈ ਹੋਵੇ। ਸੋਚਾਂ ਕਿ ਹੇਠਾਂ ਕਿਵੇਂ ਉੱਤਰਾਂ? ਹੁਣ ਇਹ ਕਾਲਾ ਕਲੂਟਾ ਆਪਣੇ ਭਾਰੇ ਭਾਰੇ ਹੱਥਾਂ ਨਾਲ ਮੈਂਨੂੰ ਕੁੱਟੇਗਾ, ਮਾਰੇਗਾ। ... ਅੱਜ ਕਾਕਾ ਜੀ ਤੇਰੀ ਖੈਰ ਨਹੀਂ।

ਪ੍ਰੰਤੂ ਹੇਠਾਂ ਤਾਂ ਆਖਰ ਨੂੰ ਉੱਤਰਨਾ ਹੀ ਪੈਣਾ ਸੀ। ਕੋਈ ਚਾਰਾ ਵੀ ਤਾਂ ਨਹੀਂ ਸੀ। ਕੁੱਟਦਾ ਹੈ ਤਾਂ ਪਿਆ ਕੁੱਟੇ। ਕੁੱਟ ਮਾਰ ਕੇ ਆਖਰ ਨੂੰ ਤਾਂ ਛੱਡ ਹੀ ਦੇਵੇਗਾ, ਪੁਲੀਸ ਦੇ ਹਵਾਲੇ ਥੋੜ੍ਹੀ ਕਰ ਦੇਵੇਗਾ। ਪਰ ਜੇਕਰ ਮੈਂਨੂੰ ਕੋਤਵਾਲੀ ਜਾਂ ਥਾਣੇ ਭੇਜ ਦਿੱਤਾ ਤਾਂ? ਮਨ ਡਰਨੋ ਨਹੀਂ ਸੀ ਹਟਦਾ ਤੇ ਸਰੀਰ ਦਾ ਕਾਂਬਾ ਦੂਰ ਨਹੀਂ ਸੀ ਹੋ ਰਿਹਾ। ਆਖਰ ਸਤਿਨਾਮ ਵਾਹਿਗੁਰੂ ਕਰਦਿਆਂ ਥੱਲੇ ਉੱਤਰਣਾ ਆਰੰਭ ਕੀਤਾ।

ਮੇਰੇ ਥੱਲੇ ਉੱਤਰਦਿਆਂ ਹੀ ਉਸਨੇ ਮੇਰੀ ਬਾਂਹ ਫੜ ਲਈ ਤੇ ਬਾਂਹ ਮਰੋੜ ਕੇ ਮੇਰੇ ਕੰਨ ’ਤੇ ਥੱਪੜ ਮਾਰਨਾ ਚਾਹਿਆ, ਪਰ ਫਿਰ ਪਤਾ ਨਹੀਂ ਇੱਕ ਦਮ ਉਸਦਾ ਗੁੱਸਾ ਕਿਵੇਂ ਢੈਲਾ ਪੈ ਗਿਆ ਤੇ ਉਸਨੇ ਮੇਰੀ ਬਾਂਹ ਛੱਡ ਦਿੱਤੀਬੋਲਿਆ, “ਰੋਜ਼ ਜਾਮਣਾਂ ਤੋੜਦਾ ਹੁੰਨੈ ... ਅੱਜ ਆਇਐਂ ਕਾਬੂ। ਦੱਸ ਤੈਨੂੰ ਕੀ ਸਜ਼ਾ ਦੇਵਾਂ?

ਮੈਂ ਵਿਚਾਰਿਆਂ ਵਾਂਗ ਉਸਦੇ ਕਾਲੇ ਕਲੁਟੇ ਚਿਹਰੇ ’ਤੇ ਅੱਖਾਂ ਵੰਨੀ ਝਾਕਣ ਦੀ ਹਿੰਮਤ ਕਰਨ ਲੱਗਾ। ਉਹ ਕੜਕਕੇ ਬੋਲਦਿਆਂ ਫੇਰ ਮੈਂਨੂੰ ਪੈ ਗਿਆ,ਲੈ ਅੱਜ ਆਇਐਂ ਪੁੱਤ ਕਾਬੂ ਅੱਜ ਨੀ ਮੈਂ ਤੈਨੂੰ ਛੱਡਦਾ। ਅੱਜ ਤਾਂ ਮੈਂ ਤੈਨੂੰ ਪੂਰਾ ਕੁਟਾਪਾ ਚਾੜ੍ਹੂੰਗਾ ਬੱਚੂ ਸਿਆਂ ...।”

ਪ੍ਰੰਤੂ ਫਿਰ ਉਹ ਮੇਰੀ ਭੋਲੀ ਜਿਹੀ ਸੂਰਤ ਦੇਖਕੇ ਰਤਾ ਪਿਆਰ ਨਾਲ ਮੈਥੋਂ ਪੁੱਛਣ ਲੱਗ ਪਿਆ, ਕਿਹਨਾਂ ਦਾ ਮੁੰਡਾ ਹੁੰਨੈ?”

ਮੈਂ ਚੁੱਪ। ਮੇਰਾ ਡਰ ਘਟ ਨਹੀਂ ਸੀ ਰਿਹਾ।

ਬੋਲਦਾ ਕਿਉਂ ਨੀ? ਉਸਦੇ ਬੋਲ ਹੋਰ ਕਰੜੇ ਹੋਣ ਲੱਗੇ।

ਮੇਰੀਆਂ ਲੱਤਾਂ ਕੰਬਣ ਲੱਗੀਆਂ।

ਮੈ ਪੱਛਦੈਂ ਕਿਨ੍ਹਾਂ ਦਾ ਮੁੰਡੈਂ? ਉਹ ਫੇਰ ਗਰਜਿਆ।

ਜੀ ... ਜੀ ... ਅ ...ਈ?”

ਤੇਰੇ ਬਾਪ ਦਾ ਕੀ ਨਾਉਂ ਐਂ?”

ਜੀ ... ਗੁਰਦੇਵ ਸਿੰਘ ... ਗੁਰਦੇਵ ਸਿੰਘ ਕਲਰਕ ਐ ਜੀ ...” ਮੈਥੋ ਮਸਾਂ ਹੀ ਕਹਿ ਹੋਇਆ।

“ਕਲਰਕ? ਤਾਂ ਹੀ! ਤਾਂ ਹੀ! ...”

ਮਾਲੀ ਥੋੜ੍ਹਾ ਨਰਮ ਪੈਣ ਲੱਗਾ “ਤਾਂ ਹੀ! ਤਾਂ ਹੀ! ... ਤਾਂ ਹੀ ਇੱਥੇ ਆ ਕੇ ਜਾਮਣਾ ਤੋੜਕੇ ਖਾਨਾ ਹੁੰਨੈ?” ਮਾਲੀ ਦੇ ਬੋਲ ਹੋਰ ਨਰਮ ਪੈਣ ਲੱਗੇ। ਪ੍ਰੰਤੂ ਮੈਂਨੂੰ ਜਾਪਣ ਲੱਗਾ ਜਿਵੇਂ ਮਾਲੀ ਨੇ ਮੇਰੇ ’ਤੇ ਬਹੁਤ ਵੱਡਾ ਵਿਅੰਗ ਕੱਸਿਆ ਹੋਵੇ। ਮੈਂਨੂੰ ਆਪਣੇ ਦੋਸਤ ਮਿੱਤਰ ਯਾਦ ਆਉਣ ਲੱਗੇ ਜਿਹਨਾਂ ਦੇ ਪਿਤਾ ਕੋਈ ਪ੍ਰੋਫੈਸਰ ਸੀ, ਕੋਈ ਡਾਕਟਰ, ਕੋਈ ਵਕੀਲ ਅਤੇ ਕੋਈ ਬਿਜਨੈਸਮੈਨ ਪ੍ਰੰਤੂ ਮੈਂ ਇੱਕ ਕਲਰਕ ਦਾ ਪੁੱਤ!

ਇਸ ਘਟਨਾ ਨੂੰ ਅੱਜ ਦਹਾਕੇ ਬੀਤ ਚੱਲੇ ਹਨ। ਅੱਜ ਵੀ ਉਸ ਮਾਲੀ ਦੇ ਬੋਲ ਮੇਰੇ ਧੁਰ ਅੰਦਰੋਂ ਜਿਵੇਂ ਰੁੱਗ ਕੱਢ ਕੇ ਲੈ ਜਾਂਦੇ ਹਨ“ “ਕੀ ਲੱਗਿਐ ਤੇਰਾ ਬਾਪ? ... ਕਲਰਕ? ... ਤਾਂ ਹੀ! ... ਤਾਂ ਹੀ! ...”

ਪ੍ਰੰਤੂ ਅੱਜ ਜਦੋਂ ਦੇਖਦਾ ਹਾਂ ਕਿ ਵੱਡੀਆਂ ਵੱਡੀਆਂ ਪੜ੍ਹਾਈਆਂ ਤੇ ਡਿਗਰੀਆਂ ਕਰਕੇ ਕਲਰਕ ਦੀ ਨੌਕਰੀ ਵੀ ਨਹੀਂ ਮਿਲਦੀ ਤਾਂ ਮੈਂਨੂੰ ਉਸ ਮਾਲੀ ਦੀ ਯਾਦ ਆ ਜਾਂਦੀ ਹੈ ਕਿਉਂਕਿ ਅੱਜ ਕੱਲ੍ਹ ਤਾਂ ਇੱਕ ਚਪੜਾਸੀ, ਸਵੀਪਰ ਜਾਂ ਮਾਲੀ ਦੀ ਨੌਕਰੀ ਵਾਸਤੇ ਵੀ ਰਿਸ਼ਵਤ ਤੇ ਸਿਫਾਰਸ਼ ਦੀ ਲੋੜ ਹੁੰਦੀ ਹੈ! ਬਲਕਿ ਉੱਕਾ ਪੁੱਕਾ ਤਨਖਾਹ ਜਾਂ ਪਾਰਟ ਟਾਈਮ ਹੋ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਪਤਾ ਨਹੀਂ ਸਾਡੀ ਅੱਜ ਦੀ ਨੌਜਵਾਨੀ ਕਦੋਂ ਬੇਰੁਜ਼ਗਾਰੀ ਦੇ ਜੰਗਲ ਨੂੰ ਪਾਰ ਕਰਕੇ ਸੁੱਖ ਦਾ ਸਾਹ ਲਵੇਗੀ ਜਾਂ ਫੇਰ ਨਸ਼ਿਆਂ ਦੇ ਦਲਦਲੀ ਤਲਿੱਸਮ ਵਿੱਚ ਹੀ ਲੱਥਦੀ ਚਲੀ ਜਾਵੇਗੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3253)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਖਮਿੰਦਰ ਸੇਖੋਂ

ਸੁਖਮਿੰਦਰ ਸੇਖੋਂ

Phone: India (91 - 98145 - 07693)
Email: (sukhmindersinghsekhon@gmail.com)

More articles from this author