“ਦੂਸਰੇ ਬਾਬੂ ਉਸ ਬਾਰੇ ਗੱਲਾਂ ਕਰਦੇ, “ਇਹ ਦਫਤਰ ’ਚ ਕਿਸੇ ਦਾ ਸਕਾ ਨਹੀਂ, ਬੱਸ ਆਪਣੀ ...”
(21 ਅਪਰੈਲ 2022)
ਮਹਿਮਾਨ: 567.
ਭਲੇ ਵੇਲਿਆਂ ਵਿੱਚ ਸਰਕਾਰੀ ਨੌਕਰੀਆਂ ਦਾ ਅੱਜ ਵਾਂਗ ਕਾਲ ਨਹੀਂ ਸੀ ਪਿਆ। ਰੋਜ਼ਗਾਰ ਦਫਤਰਾਂ ਵਿੱਚ ਪੜ੍ਹੇ ਲਿਖੇ ਨੌਜਵਾਨ ਆਪਣਾ ਨਾਮ ਦਰਜ ਕਰਵਾਉਂਦੇ ਸਨ ਤੇ ਫਿਰ ਸੀਨੀਆਰਤਾ ਦੇ ਆਧਾਰ ’ਤੇ ਉਸ ਨੂੰ ਕਿਸੇ ਨਾ ਕਿਸੇ ਸਰਕਾਰੀ ਵਿਭਾਗ ਵਿੱਚ ਟੈਸਟ, ਇੰਟਰਵਿਊ ਦੇਣ ਲਈ ਕਾਰਡ ਆ ਹੀ ਜਾਂਦਾ ਸੀ। ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੀ ਰੈਗੂਲਰ ਨੌਕਰੀਆਂ ਲਈ ਇਸ਼ਤਿਹਾਰ ਦਿੰਦਾ ਸੀ। ਜਦੋਂ ਮੈਂ ਆਪਣੀਆਂ ਯੋਗਤਾਵਾਂ ਦੇ ਮੱਦੇਨਜ਼ਰ ਆਪਣਾ ਨਾਂ ਪਟਿਆਲੇ ਦੇ ਰੋਜ਼ਗਾਰ ਦਫਤਰ ਦਰਜ ਕਰਵਾਇਆ ਤਾਂ ਮੇਰੀ ਨਿਯੁਕਤੀ ਇੱਕ ਸਰਕਾਰੀ ਵਿਭਾਗ ਵਿੱਚ ਛੇ ਮਹੀਨਿਆਂ ਦੇ ਆਧਾਰ ’ਤੇ ਹੋ ਗਈ। ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਚੂੰਕਿ ਹਾਲੇ ਮੈਂ ਆਪਣਾ ਪੜ੍ਹਾਈ ਦਾ ਪੂਰਾ ਟੀਚਾ ਵੀ ਮੁਕੰਮਲ ਨਹੀਂ ਸੀ ਕੀਤਾ। ਪ੍ਰੰਤੂ ਇਸਦੇ ਬਾਵਜੂਦ ਮੇਰੀ ਪਹਿਲੀ ਨੌਕਰੀ ਮੈਨੂੰ ਆਪਣੀ ਜ਼ਿੰਦਗੀ ਦਾ ਪਹਿਲਾ-ਪਹਿਲਾ ਪਿਆਰ ਹੀ ਜਾਪੀ ਸੀ! ਮੈਨੂੰ ਸਰਕਾਰੀ ਦਫਤਰਾਂ ਦੇ ਕੰਮਕਾਰ ਦੀ ਬਿਲਕੁਲ ਕੋਈ ਜਾਣਕਾਰੀ ਨਹੀਂ ਸੀ, ਆਪਣੇ ਸੀਨੀਆਰ ਅਧਿਕਾਰੀਆਂ, ਕਰਮਚਾਰੀਆਂ ਦੇ ਸਹਿਯੋਗ ਨਾਲ ਤੇ ਆਪਣੀ ਲਗਨ ਅਤੇ ਮਿਹਨਤ ਕਰਕੇ ਮੈਂ ਜਲਦੀ ਹੀ ਆਪਣਾ ਕੰਮਕਾਰ ਬਿਹਤਰ ਢੰਗ ਨਾਲ ਚਲਾਉਣ ਦੇ ਯੋਗ ਹੋ ਗਿਆ। ਜਿਸ ਦਫਤਰ ਵਿੱਚ ਮੇਰੀ ਨਿਯੁਕਤੀ ਹੋਈ, ਉੱਥੇ ਆਮ ਕਰਕੇ ਕੰਮਕਾਰ ਅੰਗਰੇਜ਼ੀ ਭਾਸ਼ਾ ਵਿੱਚ ਹੀ ਹੁੰਦਾ ਸੀ। ਮੈਨੂੰ ਵੀ ਇਸ ਭਾਸ਼ਾ ਵਿੱਚ ਹੀ ਕੰਮ ਕਰਨਾ ਪੈਂਦਾ। ਪਰ ਹੌਲੀ ਹੌਲੀ ਮੈਂ ਆਪਣੀ ਪੱਧਰ ’ਤੇ ਹੀ ਅੰਗਰੇਜ਼ੀ ਪੱਤਰਾਂ ਦਾ ਉਲੱਥਾ ਵੀ ਕਰਨ ਲੱਗਾ ਤੇ ਜਵਾਬ ਵੀ ਪੰਜਾਬੀ ਭਾਸ਼ਾ ਵਿੱਚ ਹੀ ਦੇਣੇ ਆਰੰਭ ਦਿੱਤੇ। ਨੋਟਿੰਗਾਂ ਵੀ ਪੰਜਾਬੀ ਵਿੱਚ ਲਗਾਉਣ ਲਈ ਆਪਣੇ ਕੁਲੀਗਜ਼ ਨੂੰ ਪ੍ਰੇਰਿਤ ਕਰਨਾ। ਆਪਣੇ ਆਪ ਨੂੰ ‘ਅੰਗਰੇਜ਼ ਅਖਵਾਉਣ’ ਵਾਲੇ ਸਾਥੀ ਮੇਰਾ ਮਖੌਲ ਉਡਾਉਂਦੇ, ਹਾਲਾਂਕਿ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਅੰਗਰੇਜ਼ੀ ਵੀ ਠੀਕ ਢੰਗ ਨਾਲ ਲਿਖਣੀ ਨਹੀਂ ਸੀ ਆਉਂਦੀ। ਅੰਗਰੇਜ਼ੀ ਵਿੱਚ ਛੁੱਟੀ ਦੀ ਦਰਖਾਸਤ ਦਿੰਦੇ ਤਾਂ ਉਸ ਵਿੱਚ ਵੀ ਗਲਤੀਆਂ ਹੁੰਦੀਆਂ।
ਨਵਾਂ ਨਵਾਂ ਨੌਕਰੀ ਵਿੱਚ ਆਉਣ ਕਰਕੇ ਕਈ ਪੁਰਾਣੇ ਕਰਮਚਾਰੀ ਮੈਨੂੰ ‘ਕੰਮ ਸਿਖਾਉਣ ਦੇ ਬਹਾਨੇ’ ਇਹ ਅਹਿਸਾਸ ਕਰਵਾਉਣ ਦੇ ਯਤਨ ਵਿੱਚ ਰਹਿੰਦੇ, ‘ਕਾਕਾ! ਜੇ ਕੰਮ ਸਿੱਖਣੈ ਤਾਂ ਸਾਡੇ ਮੁਤਾਬਕ ਚੱਲ ...।’ ਇੱਕ ਤਾਂ ਸੁਚਾਰੂ ਢੰਗ ਨਾਲ ਕੰਮ ਸਿੱਖਣ ਦੇ ਨਜ਼ਰੀਏ ਨਾਲ ਤੇ ਦੂਸਰੇ ਆਪਣੇ ਸੁਭਾਅ ਦੇ ਮੱਦੇਨਜ਼ਰ ਮੈਂ ਸਾਰੇ ਹੀ ਸਰਕਾਰੀ ਬਾਬੂਆਂ ਨੂੰ ਹੱਥ ਜੋੜਕੇ ਸਤਿ ਸ਼੍ਰੀ ਆਕਾਲ ਹੀ ਨਹੀਂ ਸੀ ਬੁਲਾਉਂਦਾ ਬਲਕਿ ‘ਹਾਂ ਜੀ-ਹਾਂ ਜੀ’ ਕਹਿੰਦਿਆਂ ਵੀ ਮੇਰਾ ਮੂੰਹ ਸੁੱਕਦਾ ਸੀ। ਆਪਣੇ ਤੋਂ ਖਾਸੀ ਵੱਡੀ ਉਮਰ ਦੇ ਮੁਲਾਜ਼ਮਾਂ ਤੋਂ ਇਲਾਵਾ ਲਗਭਗ ਆਪਣੇ ਹਾਣਦਿਆਂ ਨਾਲ ਵੀ ਮੈਂ ਹਮੇਸ਼ਾ ਸਨੇਹ ਭਾਵ ਰੱਖਦਾ। ਇੱਥੋਂ ਤਕ ਕਿ ਦਰਜਾ ਚਾਰ ਕਰਮਚਾਰੀਆਂ ਨੂੰ ਵੀ ਬਰਾਬਰ ਸਤਿਕਾਰ ਦਿੰਦਾ। ਪ੍ਰੰਤੂ ਇਸਦੇ ਬਾਵਜੂਦ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇੱਕ ਦੋ ਬਾਬੂ ਮੇਰੇ ਕੰਮਕਾਰ ਵਿੱਚ ਹਮੇਸ਼ਾ ਨਘੋਚਾਂ ਕੱਢਣ ’ਤੇ ਉਤਾਰੂ ਰਹਿੰਦੇ, ਜਦੋਂ ਕਿ ਮੈਂ ਕੰਮਕਾਰ ਨੂੰ ਸੁਚੱਜੇ ਢੰਗ ਨਾਲ ਨਿਪਟਾਉਂਦਾ ਸਾਂ। ਦੂਸਰੇ ਸਿਆਣੇ ਤੇ ਹਮਖਿਆਲ ਕਰਮਚਾਰੀਆਂ ਨਾਲ ਜਦੋਂ ਇਸ ਬਾਰੇ ਗੱਲਬਾਤ ਕਰਦਾ ਤਾਂ ਉਹ ਗੁੱਝੇ ਅੰਦਾਜ਼ ਵਿੱਚ ਹੱਸਕੇ ਕਹਿੰਦੇ, ‘ਬਾਕੀ ਤਾਂ ਖੈਰ ਐ, ਬੱਸ ਤੂੰ ਮੋਟੀਆਂ ਐਨਕਾਂ ਆਲੇ ਗੰਜੇ ਤੋਂ ਬਚਕੇ ਰਹੀਂ ...।’ ਜਿਸਦੀ ਉਹ ਗੱਲ ਕਰਦੇ ਸਨ ਉਸਦੇ ਸਿਰ ’ਤੇ ਗੰਜ ਸੀ ਪਰ ਇਸਦੇ ਬਾਵਜੂਦ ਉਹ ਆਪਣੇ ਟਾਵੇਂ-ਟਾਵੇਂ ਵਾਲਾਂ ਨੂੰ ਰੰਗ ਕੇ ਰੱਖਦਾ ਤੇ ਅਕਸਰ ਆਪਣੀ ਜੇਬ ਵਿੱਚੋਂ ਨਿੱਕੀ ਜਿੰਨੀ ਮੈਲੇ ਜਿਹੇ ਕਾਲੇ ਰੰਗ ਦੀ ਕੰਘੀ ਕੱਢਕੇ ਆਪਣੇ ਸਿਰ ’ਤੇ ਫੇਰਦਾ। ਆਪਣੀ ਮੋਟੇ ਫਰੇਮ ਦੀ ਐਨਕ ਦੇ ਉੱਪਰ ਦੀ ਉਹ ਮੇਰੇ ਵੰਨੀ ਸੰਜੀਦਗੀ ਦਾ ਮਖੌਟਾ ਪਾਕੇ ਝਾਕਦਾ ਤੇ ਫਿਰ ਖਚਰਾ ਜਿਹਾ ਹੱਸਦਾ, ‘ਹੋਰ ਬਈ ਬੱਚੂ ...?’ ਬੱਸ ਇੰਨਾ ਆਖ ਉਹ ਆਪਣੀ ਫਾਈਲ ’ਤੇ ਕੋਈ ਨੋਟ ਲਾਉਂਦਾ ਜਾਂ ਅੰਗਰਜ਼ੀ ਟਾਈਪ ’ਤੇ ਟਿਕ ਟਿਕ ਕਰਨ ਲੱਗਦਾ। ਦੂਸਰੇ ਬਾਬੂ ਉਸ ਬਾਰੇ ਗੱਲਾਂ ਕਰਦੇ, “ਇਹ ਦਫਤਰ ’ਚ ਕਿਸੇ ਦਾ ਸਕਾ ਨਹੀਂ, ਬੱਸ ਆਪਣੀ ਘਰਆਲੀ ਤੋਂ ਈ ਡਰਦੈ! ... ਤਾਂਹੀ ਤਾਂ ਰਾਤ ਤਕ ਦਫਤਰ ਈ ਬੈਠਾ ਰਹਿੰਦੈ। ... ਛੁੱਟੀ ਆਲੇ ਦਿਨ ਵੀ ਘਰ ਨੀਂ ਬਹਿੰਦਾ ...। ਇਸਦਾ ਡੰਗਿਆ ਤਾਂ ਪਾਣੀ ਵੀ ਨੀਂ ਮੰਗਦਾ ...।”
ਇਹ ‘ਡੰਗਣ ਵਾਲੀ ਗੱਲ’ ਤਾਂ ਮੈਨੂੰ ਉਦੋਂ ਹੀ ਸਮਝ ਪਈ ਜਦੋਂ ਮੈਨੂੰ ਮੇਰੀ ਕੱਚੀ ਨੌਕਰੀ ਦਾ ਅਗਲੇ ਛੇ ਮਹੀਨਿਆਂ ਦੇ ਵਾਧੇ ਦਾ ਕੇਸ ਉੱਪਰੋਂ ਰਿਜੈਕਟ ਹੋ ਕੇ ਆ ਗਿਆ! ਮੇਰੇ ਤਾਂ ਜਿਵੇਂ ਹੋਸ਼ ਹੀ ਉਡ ਗਏ। ਆਪਣੇ ਕੰਨਾਂ ਦੇ ਕੱਚੇ ਮੌਕੇ ਦੇ ਅਫਸਰ ਨਾਲ ਗੱਲਬਾਤ ਕੀਤੀ, ਪਰ ਉਹ ਵੀ ਆਪਣੀ ਬੇਵਸੀ ਤੇ ਮਜਬੂਰੀ ਦਾ ਹੀ ਰਾਗ ਅਲਾਪ ਰਿਹਾ ਸੀ- “ਹੁਣ ਮੈਂ ਕੁਛ ਨੀਂ ਕਰ ਸਕਦਾ ਕਾਕਾ ...।”
ਹੁਣ ਵਿਚਾਰਾ ‘ਕਾਕਾ’ ਕਿੱਥੇ ਜਾਵੇ? ਹਮਦਰਦ ਸਾਥੀਆਂ ਦੀ ਵੀ ਕੋਈ ਪੇਸ਼ ਨਾ ਚੱਲੀ। ਪ੍ਰੰਤੂ ਉਨ੍ਹਾਂ ਇਸ ਭੇਦ ਤੋਂ ਪਰਦਾ ਜ਼ਰੂਰ ਉਠਾਇਆ, “ਤੈਨੂੰ ਇਸ਼ਾਰਾ ਤਾਂ ਕਰਦੇ ਰਹੇ ਆਂ ਕਿ ਜਦੋਂ ਤਕ ਤੂੰ ਇਸ ਗੰਜੇ ਦੀ ਸੇਵਾ ਨੀਂ ਕਰਦਾ, ਉਦੋਂ ਤਕ ਤੇਰਾ ਬੇੜਾ ਪਾਰ ਨੀਂ ਹੋਣਾ।” ਜਦੋਂ ਮੈਨੂੰ ਸ਼ਿੱਦਤ ਨਾਲ ਇਹ ਅਹਿਸਾਸ ਹੋਇਆ ਕਿ ਇਹ ਉਸੇ ਬਾਬੂ ਦਾ ‘ਕਾਰਨਾਮਾ’ ਹੈ ਤਾਂ ਮੈਂ ਗੁੱਸੇ ਦਾ ਭਰਿਆ ਪੀਤਾ ਸਿੱਧਾ ਉਸ ਬਾਬੂ ਦੇ ਕਮਰੇ ਵੰਨੀਂ ਗਿਆ। ਉਹ ਆਪਣੇ ਚਾਪਲੂਸਾਂ ਵਿੱਚ ਘਿਰਿਆ ਆਪਣੀ ਜਿੱਤ ਦਾ ਜਸ਼ਨ ਮਨਾ ਰਿਹਾ ਸੀ। ਮੌਕੇ ਦੀ ਨਜ਼ਾਕਤ ਭਾਂਪਦਿਆਂ ਮੈਂ ਵਾਪਸ ਪਰਤ ਆਇਆ। ਆਪਣੇ ਆਪ ਨੂੰ ਸਹਿਜ ਕਰਨ ਦੀ ਕੋਸ਼ਿਸ਼ ਕਰਦਿਆਂ ਮੈਂ ਘਰ ਅੱਪੜਿਆ। ਘਰ ਡਾਕ ਵਾਲੇ ਪੋਸਟ ਕਾਰਡ ਤੇ ਲਿਫਾਫੇ ਆਏ ਹੋਏ ਸਨ। ਇੱਕ ਇੱਕ ਕਰਕੇ ਲਿਫਾਫੇ ਖੋਲ੍ਹੇ। ਪਹਿਲਾ ਇੱਕ ਬੈਂਕ ਦਾ ਤੇ ਦੂਸਰਾ ਅਧੀਨ ਸੇਵਾਵਾਂ ਚੋਣ ਬੋਰਡ ਦਾ ਨਿਯੁਕਤੀ ਪੱਤਰ ਸੀ! ਆਪਣੀ ਪਹਿਲੀ ਨੌਕਰੀ ਦਾ ਦੁੱਖ ਭੁਲਾਉਣ ਦੀ ਕੋਸ਼ਿਸ਼ ਕਰਦਿਆਂ ਮੈਂ ਅਚੰਭੇ ਨਾਲ ਪ੍ਰਸੰਨ ਹੁੰਦਿਆਂ ਆਪਣੀਆਂ ਦੋ ਨਵੀਆਂ ਨੌਕਰੀਆਂ ਬਾਰੇ ਸੋਚਣ ਲੱਗਾ ਕਿ ਇਨ੍ਹਾਂ ਦੋਹਾਂ ਵਿੱਚੋਂ ਕਿਹੜੀ ਨੌਕਰੀ ਜੁਆਇੰਨ ਕਰਾਂ? ਹੁਣ ਮੇਰੇ ਅੰਦਰ ਇਕੱਠਾ ਹੋਇਆ ਥੋੜ੍ਹਾ ਜਿੰਨਾ ਕਰੋਧ ਵੀ ਕਾਫੂਰ ਹੋ ਗਿਆ ਸੀ।
ਹਾਂ! ਉਸੇ ਦਿਨ ਰਾਤ ਨੂੰ ਮੈਨੂੰ ਇੱਕ ਸੁਪਨਾ ਜ਼ਰੂਰ ਆਇਆ। ... ਸਾਡੇ ਵਿਹੜੇ ਦੇ ਇੱਕ ਖੂੰਜੇ ਵਿੱਚ ਜਮਾਂਦਾਰਨੀ ਵੱਲੋਂ ਹਿਫਾਜ਼ਤ ਨਾਲ ਟਿਕਾਏ ਹੋਏ ਝਾੜੂ ਨੂੰ ਮੈਂ ਮੁੱਠੇ ਤੋਂ ਪਕੜ ਲਿਆ ਤੇ ਉਸ ਲਾਲਚੀ ਅਤੇ ਕਮੀਨੇ ਬਾਬੂ ਦੇ ਗੰਜੇ ਸਿਰ ’ਤੇ ਝਾੜੂ ਵਰ੍ਹਾਉਣ ਲੱਗ ਪਿਆ ...।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3518)
(ਸਰੋਕਾਰ ਨਾਲ ਸੰਪਰਕ ਲਈ: