“ਆਪਣੇ ਨਾਂ ਮੂਹਰੇ ਡਾਕਟਰ ਨਹੀਂ ਲਿਖਾਂਗੇ, ਬਲਕਿ ਸਾਰਿਆਂ ਕਿਤਾਬੀ ਡਾਕਟਰਾਂ ਨੂੰ ...”
(3 ਅਪਰੈਲ 2021)
(ਸ਼ਬਦ: 1210)
ਜਦੋਂ ਵੀ ਅਸੀਂ ਕਿਸੇ ਦੇ ਮੂੰਹੋਂ ਕਿਸੇ ਨੂੰ ‘ਡਾਕਟਰ’ ਕਹਿੰਦਾ ਸੁਣਦੇ ਤਾਂ ਸਾਡੇ ਲੀੜਿਆਂ ਨੂੰ ਜਿਵੇਂ ਅੱਗ ਲੱਗ ਜਾਂਦੀ। ਅਸੀਂ ਬੇਸ਼ਕ ਹਕੀਕਤ ਵਿੱਚ ਤਾਂ ਕੁਝ ਨਾ ਕਰ ਸਕਦੇ ਪਰ ਖਿਆਲਾਂ, ਸੁਪਨਿਆਂ ਵਿੱਚ ਹੀ ਡਾਕਟਰ ਬਣਨ ਦੀ ਤਰਕੀਬ ਲੜਾਉਣ ਲੱਗਦੇ। ਚਲੋ ਜੇਕਰ ਦਵਾਈਆਂ ਦੇ ਨਾ ਸਹੀ ਤਾਂ ਕਿਤਾਬਾਂ ਦੇ ਡਾਕਟਰ ਤਾਂ ਅਸੀਂ ਬਣ ਹੀ ਸਕਦੇ ਸਾਂ! ਸਾਡੇ ਵਿੱਚ ਕਮੀ ਵੀ ਕੀ ਸੀ, ਪੜ੍ਹੇ ਲਿਖੇ ਸਾਂ, ਨੰਬਰ ਵੀ ਹਰ ਕਲਾਸ ’ਚੋਂ ਚੰਗੇ ਡੁੱਕੇ ਸਨ। ਜੇਕਰ ਕਿਸੇ ਕਾਲਜ ਯੂਨੀਵਰਸਿਟੀ ਵਿੱਚ ਡਾਕਟਰੀ ਦੀ ਡਿਗਰੀ ਲੈ ਕੇ ਪ੍ਰੋਫੈਸਰੀ ਨਾ ਵੀ ਲੱਗੀ ਤਾਂ ਵੀ ਕੀ ਐ, ਹੱਥ ਵਿੱਚ ਡਾਕਟਰੀ ਦੀ ਗਿੱਦੜ ਪਰਚੀ ਤਾਂ ਆ ਹੀ ਜਾਵੇਗੀ! ਡਾਕਟਰ ਬਣਨ ਲਈ ਪੁੱਛਣ-ਪੁਛਾਉਣ ਲੱਗੇ ਆਪਣੇ ਮਿੱਤਰ ਬੇਲੀਆਂ ਨੂੰ। ਬਹੁਤਿਆਂ ਨੇ ਕਿਹਾ, “ਪਾਧਾ ਪੁੱਛਦੈਂ --- ਪੈਸੇ ਧੇਲੇ ਦਾ ਥੈਲਾ ਭਰ ਛੱਡੀਂ --- ਲੈ ਚੱਲਾਂਗੇ ਤੈਨੂੰ ਕਿਸੇ ਪ੍ਰੋਫੈਸਰ ... ਡਾਕਟਰ ਗਾਈਡ ਕੋਲ।” ਕਹਿਣ ਨੂੰ ਤਾਂ ਸਾਰੇ ਕਹਿ ਛੱਡਦੇ ਪਰ ਲੈ ਕੇ ਕੋਈ ਨਾ ਜਾਂਦਾ। ਹਾਲਾਂਕਿ ਅਸੀਂ ਆਪਣੀ ਨਿੱਕੀ ਮੋਟੀ ਨੌਕਰੀ ਵਿੱਚੋਂ ਬਚਾਏ ਪੈਸਿਆਂ ਤੋਂ ਬਿਨਾਂ ਆਪਣੇ ਜੀ.ਪੀ. ਫੰਡ ਵਿੱਚੋਂ ਵੀ ਐਡਵਾਂਸ ਰਕਮ ਕਢਵਾ ਲਈ ਸੀ, ਹੈੱਡ ਆਫਿਸ ਵਾਲਿਆਂ ਨੂੰ ਕੁਝ ਰੁਪਏ ਚਾੜ੍ਹ ਕੇ! ਇਸ ਤੋਂ ਇਲਾਵਾ ਆਪਣੀ ਇਕਲੌਤੀ ਘਰਵਾਲੀ ਦੀਆਂ ਡੰਡੀਆਂ ਤੇ ਵਾਲੀਆਂ ਵੀ ਲੁਹਾ ਲਈਆਂ ਸਨ। ਪ੍ਰੰਤੂ ਇਸਦੇ ਬਾਵਜੂਦ ਸਾਨੂੰ ਕਿਸੇ ਵੀ ਭੈੜੇ ਬੰਦੇ ਨੇ ਪੱਠੇ ਨਾ ਪਾਏ। ਗੱਲਾਂ ਸਾਰੇ ਮਾਰਦੇ ਸਨ, ਅਖੇ ‘ਤੂੰ ਪਰਵਾਹ ਨਾ ਕਰ ਟੁੰਡੀ ਲਾਟ ਦੀ, ਅਸੀਂ ਤੇਰੇ ਨਾਲ ਹਾਂ, ਤੈਨੂੰ ਲੈ ਕੇ ਚੱਲਾਂਗੇ ਚਾਲੂ ਰਾਮ ਜੀ ਕੋਲੇ ਜਾਂ ਨਿਸ਼ਾਨ ਸਿੰਘ ਨਿਸ਼ਾਨੇਬਾਜ਼ ਪਾਸ। ਫਿਕਰ ਕਿਉਂ ਕਰਦਾ ਹੈਂ, ਅਸੀਂ ਜੁ ਹਾਂ ਤੇਰੇ ਨਾਲ, ਮੋਢਿਆਂ ਵਿੱਚ ਪਾਈਂ ਪੈਹਿਆਂ ਦਾ ਭਰਿਆ ਝੋਲਾ, ਆਪਾਂ ਵਗਾਹ ਮਾਰਨੈ ਅਗਲੇ ਦੇ ਮੂੰਹ ’ਤੇ। ... ਚਿੰਤਾ ਕਾਹਦੀ ਐ ਸੁੱਖੀ ਸਿੰਹਾਂ?”
ਪਰ ਜਿਵੇਂ ਕਹਿੰਦੇ ਨੇ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ, ਸਾਨੂੰ ਇੱਕ ਦਿਨ ਸ਼ਰਾਬ ਦੇ ਅਹਾਤੇ ਵਿੱਚ ਬੈਠਣ ਵਾਲਾ ਪੁਰਾਣਾ ਹੰਢਿਆ ਵਰਤਿਆ ਇੱਕ ਵਿਸ਼ਵ ਵਿਦਿਆਲੇ ਦਾ ਪ੍ਰੋਫੈਸਰ ਟੱਕਰ ਪਿਆ। ਟੱਕਰਦਾ ਤਾਂ ਪਹਿਲਾਂ ਵੀ ਸੀ ਪਰ ਹੁਣ ਅਸੀਂ ਉਸ ਦੇ ਨਾਲ ਹੀ ਨਿੱਤ ਪੀਣ ਵੀ ਲੱਗੇ ਸਾਂ। ਐਂ ਸਮਝੋ, ਉਸ ਨੂੰ ਹੀ ਪਿਆਉਣ ਲੱਗੇ ਸਾਂ। ਉਹ ਇੱਕ ਦਿਨ ਪੌਣੇ ਨੀਟ ਗਲਾਸ ਨੂੰ ਇੱਕੋ ਸੱਟੇ ਅੰਦਰ ਸੁੱਟਦਾ ਬੋਲਿਆ, “ਸੁੱਖੀ ਸਿੰਹਾਂ! ਛੱਡ ਚਿੰਤਾ, ਪਾ ਜੱਫੀ!” ਇੰਨਾ ਕਹਿੰਦਿਆਂ ਉਸ ਨੇ ਉੱਠ ਕੇ ਸਾਨੂੰ ਸਾਹਮਣੇ ਬੈਠੇ ਨੂੰ ਗਲਵੱਕੜੀ ਭਰਨੀ ਚਾਹੀ ਪਰ ਉਹ ਅੱਧ ਵਿਚਾਲੇ ਹੀ ਲੁੜ੍ਹਕ ਜਿਹੇ ਗਏ ਅਤੇ ਅੱਧੀ ਵਿਸਕੀ ਦੀ ਬੋਤਲ ਗਿਰ ਕੇ ਟੁੱਟਣੋ ਮਸਾਂ ਬਚੀ। ਸਾਡੇ ਸੁੱਕੇ ਸਾਹ ਮੁਸ਼ਕਿਲ ਨਾਲ ਹੀ ਬਹਾਲ ਹੋਏ। ਫਿਰ ਉਹਨਾਂ ਆਪਣੀ ਕੁਰਸੀ ’ਤੇ ਮੁੜ ਬੈਠਦਿਆਂ ਸਿਗਰਟ ਸੁਲਗਾਈ ਤੇ ਇੱਕ ਲੰਮਾ ਸੂਟਾ ਲਾਉਂਦਿਆਂ ਆਪਣੀ ਖਚਰੀ ਜਿਹੀ ਹਾਸੀ ਵਾਂਗ ਖਿੜ ਖਿੜ ਕਰਦੀ ਖਾਂਸੀ ਨੂੰ ਥਾਉਂ ਸਿਰ ਟਿਕਾਉਂਦਿਆਂ ਉਚਾਰਿਆ, “ਕੀ ਨਾਉਂ ਐਂ ਤੇਰਾ ... ਹਾਂਅ! ... ਚੱਲ ਨਾਂ ਵਿੱਚ ਕੀ ਪਿਆ ਐ, ਇਹ ਮੈਂ ਨੀ ਕਹਿੰਦਾ ਸ਼ੈਕਸਪੀਅਰ ਨੇ ਕਿਹਾ ਸੀ, ... ਬੋਲ! ਕਿੰਨੇ ਖਰਚਦਾ ਐਂ ਡਾਕਟਰੀ ’ਤੇ?”
ਅਸੀਂ ਆਪਣੀ ਹੈਸੀਅਤ ਉਸਦੇ ਮੁਹਰੇ ਅਹਾਤੇ ਦੇ ਸੜੇ ਸੁੱਕੇ ਜਿਹੇ ਆਮਲੇਟ ਵਿੱਚ ਖਿਲਾਰ ਕੇ ਰੱਖ ਦਿੱਤੀ। ਉਸ ਨੇ ਬਾਕੀ ਬਚੀ ਦਾਰੂ ਨੂੰ ਆਪਣੇ ਕਿਸੇ ਮੰਗਤੇ ਤੋਂ ਲਏ ਪੁਰਾਣੇ ਫਟੇ ਜਿਹੇ ਕੋਟ ਦੀ ਵੱਡੀ ਜੇਬ ਵਿੱਚ ਪੂਰੀ ਬੋਤਲ ਪਾਉਂਦਿਆਂ ਮੈਂਨੂੰ ਥਾਪੀ ਦੇਣ ਦੀ ਅਸਫਲ ਜਿਹੀ ਕੋਸ਼ਿਸ਼ ਕੀਤੀ, “ਹੁਣ ਤੂੰ ਫਿਕਰ ਨਾ ਕਰੀਂ, ਬਾਈ ਸਾਲਾਂ ਦਾ ਤਜਰਬੈ ... ਚੜ੍ਹੇ ਮਹੀਨੇ ਡਿਗਰੀ ਤੇਰੇ ਹੱਥ ਵਿੱਚ ਹੋਊਗੀ।” ਇੰਨਾ ਆਖ ਨੇ ਉਸਨੇ ਸਿਗਰੇ ਦਾ ਲੰਮਾ ਸੂਟਾ ਮਾਰਦਿਆਂ ਸਿਗਰਟ ਥੱਲੇ ਫਰਸ਼ ’ਤੇ ਸੁੱਟ ਕੇ ਉਸ ਨੂੰ ਆਪਣੇ ਟਾਂਕੇ ਲੱਗੇ ਜੁੱਤੇ ਨਾਲ ਜ਼ੋਰ ਦੀ ਰਗੜਿਆ ਤੇ ਗਾਣਾ ਗਾਉਂਦਿਆਂ ਔਹ ਗਏ ਤੇ ਔਹ ਗਏ ... ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਿਆ, ਹਰ ਫਿਕਰ ਕੋ ਧੂੰਏਂ ਮੇ ...। ਪ੍ਰੋਫੈਸਰ ਸਾਹਿਬ ਥੋੜ੍ਹੀ ਦੂਰੀ ’ਤੇ ਜਾ ਕੇ ਹੀ ਲੜਖੜਾਉਂਦੇ ਡਿਗ ਪਏ ਤੇ ਉਹਨਾਂ ਦੇ ਚਿਹਰੇ ’ਤੇ ਕਈ ਥਾਂ ਸੱਟਾਂ ਲੱਗ ਗਈਆਂ, ਲਹੂ ਸਿੰਮਣ ਲੱਗਾ। ਐਨਕ ਦਾ ਇੱਕ ਸ਼ੀਸ਼ਾ ਵੀ ਟੁੱਟ ਗਿਆ। ਅਸੀਂ ਉਨ੍ਹਾਂ ਦੀ ਲਾਸ਼ ਨੂੰ ਮੁਸ਼ਕਿਲ ਨਾਲ ਉਠਾਇਆ ਤੇ ਸਕੂਟਰ ਦੇ ਪਿੱਛੇ ਬਿਠਾ ਕੇ ਉਹਨਾਂ ਦੇ ਦਰਾਂ ਤਕ ਉਹਨਾਂ ਨੂੰ ਛੱਡਣ ਚਲੇ ਗਏ। ਅੱਗਿਓਂ ਉਹਨਾਂ ਦੀ ਧਰਮ ਪਤਨੀ ਅੱਗ ਬਗੂਲਾ ਹੋ ਉੱਠੀ, “ਅੱਜ ਇਸ ਕੰਜਰ ਨੇ ਤੈਨੂੰ ਪਲਾ ਛੱਡੀ ਐ ਕੰਜਰਾ? ...”
ਉਸਦੀ ਧਰਮ ਪਤਨੀ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਅਸੀਂ ਤਾਂ ਸਕੂਟਰ ’ਤੇ ਕਿੱਕ ਮਾਰੀ ਤੇ ਦੁਬਾਰਾ ਠੇਕੇ ’ਤੇ ਆ ਕੇ ਹੀ ਦਮ ਲਿਆ। ਲੱਥ ਗਈ ਸ਼ਰਾਬ ਨੂੰ ਪਊਏ ਨਾਲ ਮੁੜ ਤਰੋਤਾਜ਼ਾ ਕਰਨ ਦੀ ਕੋਸ਼ਿਸ਼. ਕਰਨ ਲੱਗੇ। ਪ੍ਰੰਤੂ ਅਗਲੇ ਹੀ ਦਿਨ, ਭਾਵ ਰਾਤ ਤੋਂ ਫੇਰ ਉਹੀ ਸਿਲਸਿਲਾ ਆਰੰਭ। ਅਗਲੇ ਦਿਨ ਤਾਂ ਨਹੀਂ, ਉਸ ਤੋਂ ਤਿੰਨ ਕੁ ਦਿਨਾਂ ਬਾਅਦ ਅਸੀਂ ਉਹਨਾਂ ਨੂੰ ਰੁਪਇਆਂ ਦਾ ਥੈਲਾ ਭੇਟ ਕਰ ਦਿੱਤਾ। ਜਦੋਂ ਉਨ੍ਹਾਂ ਸਾਨੂੰ ਨਾਲ ਚੱਲਣ ਲਈ ਕਿਹਾ ਤਾਂ ਅਸੀਂ ਹੱਥ ਜੋੜ ਕੇ ਬੋਲੇ, “ਨਹੀਂ ਪ੍ਰੋਫੈਸਰ ਸਾਬ੍ਹ! ਸਾਨੂੰ ਥੋਡੇ ’ਤੇ ਪੂਰਾ ਯਕੀਨ ਐ ...।” ਉਨ੍ਹਾਂ ਸਾਡੀ ਮੰਨਦਿਆਂ, ਹੱਸਦਿਆਂ ਸਾਨੂੰ ਤਾਕੀਦ ਕੀਤੀ, “ਚੱਲ ਠੀਕ ਈ ਐ ਤੇਰੀ ਮੰਨੀ ... ਊਂ ਜੇਕਰ ਤੂੰ ਨਾਲ ਗਿਆ ਤਾਂ ਮਾਮਲਾ ਗੜਬੜ ਵੀ ਹੋ ਸਕਦੈ। ... ਨਾਲੇ ਜਦੋਂ ਮੈਂ ਹਾਂ ਤਾਂ ਫਿਕਰ ਕਾਹਦੀ ਬੱਲਿਆ ... ਅੱਜ ਕਿੰਨੀ ਤਰੀਕ ਐ, ਸੱਤ?”
ਮੈਂ ਘੜੀ ਦੇਖਕੇ ਸਿਰ ਹਿਲਾਇਆ।
“ਪੈਸੇ ਤਾਂ ਮੈਂ ਕਰ ਲਏ ਕਬਜ਼ੇ ਹੇਠ ... ਹਾਂਅ! ਤੂੰ ਮੈਟਰ ਲਿਆਇਆਂ, ਜਿਹੜਾ ਤੈਨੂੰ ਕਿਹਾ ਸੀ?” ਉਹਨਾਂ ਆਪਣੇ ਐਨਕ ਦੇ ਸ਼ੀਸ਼ੇ ਵਿੱਚੋਂ ਬੋਲਦੀਆਂ ਸ਼ਰਾਬੀ ਅੱਖਾਂ ਨਾਲ ਮੈਂਨੂੰ ਤਾੜਦਿਆਂ ਪੁੱਛਿਆ। ਮੈਂ ਦੂਸਰੇ ਬੈਗ ਵਿੱਚ ਜੋ ਵੀ ਉਹਨਾਂ ਨਿਕਸੁਕ (ਥੀਸਿਸ ਵਗੈਰਾ) ਲਿਆਉਣ ਲਈ ਕਿਹਾ ਸੀ, ਉਹ ਸਾਰਾ ਕੁਝ ਉਹਨਾਂ ਦੇ ਹਵਾਲੇ ਕਰ ਦਿੱਤਾ। ਉਹਨਾਂ ਮੈਟਰ ਦੇ ਵਰਕੇ ਉਲਟਾਉਂਦਿਆਂ ‘ਹੂੰਅ!’ ਉਚਾਰਿਆ ਤੇ ਫਿਰ ‘ਓ ਕੇ’ ਆਖ ਕੇ ਆਖਰੀ ਪੈਗ ਵੀ ਸਮੇਟ ਦਿੱਤਾ।
ਪਹਿਲੀ ਤਰੀਕ ਨੂੰ ਪਹਿਲੇ ਪਹਿਰ ਡਿਗਰੀ ਸਾਡੇ ਹੱਥਾਂ ਵਿੱਚ ਸੀ। ਸਾਡਾ ਲਿਸ਼ਕਦੀ ਪੁਸ਼ਕਦੀ ਡਿਗਰੀ ਦੇਖ ਕੇ ਚਾਓ ਸਾਂਭਿਆ ਨਹੀਂ ਸੀ ਜਾਂਦਾ। ਵਾਰ ਵਾਰ ਸਾਡੀ ਨਿਗਾਹ ਵੱਡੇ ਮੋਟੇ ਅੱਖਰਾਂ ’ਤੇ ਜਾਵੇ। ਹੱਥਾਂ ਨਾਲ ਵੀ ਅਸੀਂ ਅੱਖਰਾਂ ਨੂੰ ਪਲੋਸੀ ਜਾਈਏ ਅਤੇ ਮਨ ਹੀ ਮਨ ਖੁਸ਼ੀ ਵਿੱਚ ਖੀਵੇ ਹੁੰਦਿਆਂ ਬੋਲ ਹੀ ਉੱਠੇ, “ਅੱਜ ਤੋਂ ਅਸੀਂ ਡਾਕਟਰ ਹੋਏ! ਹੁਣ ਪਤਾ ਲੱਗੂ ਸਾਰੇ ਅਸਲੀ ਨਕਲੀ ਡਾਕਟਰਾਂ ਨੂੰ ਕਿ ਅਸੀਂ ਵੀ ਡਾਕਟਰੀ ਦੀ ਪੂਛ ਫੜ ਕੇ ਘੋੜੇ ’ਤੇ ਸਵਾਰ ਆਂ ... ਹੁਣ ਹਰ ਇੱਕ ਸੰਤਾ ਬੰਤਾ ਸਾਨੂੰ ਡਾਕਟਰ ਕਹਿ ਕੇ ਨਵਾਜੂ ...। ਵੱਡੇ ਡਾਕਟਰ ਬਣੇ ਫਿਰਦੇ ਸੀ?” ਸਾਡਾ ਹਾਸਾ ਸਾਡੇ ਹੋਠਾਂ ’ਤੇ ਆ ਕੇ ਕਾਂ ਕਾਂ ਕਰਨ ਲੱਗਾ। ਸਾਨੂੰ ਹਰ ਪਾਸੇ ਹੀ ਕਾਂ ਕਾਂ ਦੀਆਂ ਆਵਾਜਾਂ ਸੁਣਾਈ ਦੇਣ ਲੱਗੀਆਂ।
ਹਾਲੇ ਕੁਝ ਦਿਨ, ਮਹੀਨੇ ਹੀ ਗੁਜ਼ਰੇ ਹੋਣਗੇ ਕਿ ਜਦੋਂ ਵੀ ਅਸੀਂ ਡਾਕਟਰੀ ਦੀ ਡਿਗਰੀ ਨੂੰ ਬੰਦ ਅਲਮਾਰੀ ਵਿੱਚੋਂ ਕੱਢ ਕੇ ਨਿਹਾਰਿਆ ਕਰੀਏ ਤਾਂ ਸਾਨੂੰ ਸਾਡੇ ਹੀ ਅੰਦਰੋਂ ਘਿਨਾਉਣੇ ਹਾਸੇ ਦੀ ਆਵਾਜ਼ ਆਇਆ ਕਰੇ। ਸਾਨੂੰ ਤਾਂ ਜੀ ਸਾਡੇ ਅੰਦਰੋਂ ਹੀ ਫਿੱਟ ਲਾਹਨਤਾਂ ਪੈਣੀਆਂ ਆਰੰਭ ਹੋ ਗਈਆਂ, “ਉਏ ਸੁੱਖੀ ਦੇ ਬੱਚਿਆਂ ਤੂੰ ਐਹ ਕੀ ਕਰ ਬੈਠਾ? ਨਾਲੇ ਆਪਣੀ ਨੇਕ ਕਮਾਈ ਰੋੜ੍ਹ’ਤੀ ਨਾਲੇ ਇਹ ਨਕਲੀ ਮਾਲ? ਆਪਣੇ ਆਪ ਨੂੰ ਹੀ ਨਹੀਂ, ਤੂੰ ਤਾਂ ਆਪਣੀ ਪੂਰੀ ਕੁੱਲ ਨੂੰ ਹੀ ਲਾਜ ਲਾ ਕੇ ਰੱਖ’ਤੀ ... ਵੱਡੇ ਆਦਰਸ਼ਵਾਦੀ ਲੇਖਕਾ?”
ਜਦੋਂ ਸਾਨੂੰ ਰੋਜ਼ ਰੋਜ਼ ਦੇ ਮਾਰੂ ਦੌਰੇ ਪੈਣੋ ਨਾ ਹਟੇ ਤਾਂ ਇੱਕ ਦਿਨ ਅਸੀਂ ਠੰਢੇ ਮਨ ਨਾਲ ਸੋਚ ਵਿਚਾਰ ਕੇ ਇੱਕ ਫੈਸਲਾ ਲੈ ਲਿਆ, “ਭੈੜੇ ਮੂੰਹ ਵਾਲੀਏ ਭੈੜੀਏ ਜਿਹੀਏ ਡਿਗਰੀਏ! ਅੱਜ ਤੇਰਾ ਅਸੀਂ ਅੰਤਿਮ ਕ੍ਰਿਆ ਕਰਮ ਕਰਨ ਲੱਗੇ ਹਾਂ ...।” ਪੱਕਾ ਤੇ ਅਟੱਲ ਫੈਸਲਾ ਲੈਂਦਿਆਂ ਅਸੀਂ ਡਿਗਰੀ ਨੂੰ ਪਹਿਲਾਂ ਤਾਂ ਪਾੜ ਸੁੱਟਿਆ ਤੇ ਫਿਰ ਉਸ ਨੂੰ ਅਗਨ ਦਿਖਾਉਂਦਿਆਂ ਅਰਦਾਸ ਕੀਤੀ, “ਮਾੜੇ ਮੂੰਹ ਵਾਲੀਏ! ਤੈਨੂੰ ਕਿਸੇ ਵੀ ਸ਼ਰੀਫ ਤੇ ਫਕੀਰ ਦਾ ਮੂੰਹ ਦੇਖਣਾ ਨਸੀਬ ਨਾ ਹੋਵੇ।”
ਅੰਤਿਮ ਅਰਦਾਸ ਕਰਨ ਉਪਰੰਤ ਅਸੀਂ ਸੱਚੇ ਮਨੋ ਸੱਚੀ ਤੇ ਅਸਲੀ ਡਿਗਰੀ ਦੀ ਭਾਲ ਵਿੱਚ ਦਿਨ ਰਾਤ ਸੱਚੀ ਲਗਨ ਦੇ ਲੜ ਲਗਦਿਆਂ ਮਿਹਨਤ ਕਰਨ ਲੱਗੇ ਤੇ ਆਪਣੀਆਂ ਸਿਆਣਪਾਂ ਦੇ ਬਲਬੂਤੇ ਅਸਲੀ ਤੇ ਨਵੀਂ ਨਕੋਰ ਅਤੇ ਸਾਫਗੋਅ ਡਿਗਰੀ ਰਾਣੀ ਦੀ ਭਾਲ ਕਰਨ ਲੱਗੇ। ਕਾਮਯਾਬੀ ਵੀ ਚੰਗਿਆਈਆਂ ਤੇ ਯੋਗਤਾਵਾਂ ਅੱਗੇ ਮੱਥੇ ਟੇਕਦੀ ਹੈ। ਦੇਰ ਨਾਲ ਹੀ ਸਹੀ, ਹੁਣ ਅਸੀਂ ‘ਅਸਲੀ ਡਾਕਟਰ’ ਬਣਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਪ੍ਰੰਤੂ ਤੁਹਾਡੇ ਸਾਰਿਆਂ ਨਾਲ ਇਹ ਪੱਕਾ ਵਾਅਦਾ ਰਿਹਾ ਕਿ ਅਸਲੀ ਡਾਕਟਰ ਹੋਣ ਦੇ ਬਾਵਜੂਦ ਅਸੀਂ ਕਦੇ ਵੀ ਆਪਣੇ ਨਾਂ ਮੂਹਰੇ ਡਾਕਟਰ ਨਹੀਂ ਲਿਖਾਂਗੇ, ਬਲਕਿ ਸਾਰਿਆਂ ਕਿਤਾਬੀ ਡਾਕਟਰਾਂ ਨੂੰ ਡਾਕਟਰ ਕਹਿਣ ਜਾਂ ਲਿਖਣ ਤੋਂ ਵਰਜਾਂਗੇ ਤਾਂ ਕਿ ਲੇਖਕੀ-ਦੁਨੀਆਂ ਵਿੱਚ ਦਿਖਾਵਿਆਂ ਤੇ ਸਿਆਸਤਾਂ ਦੇ ਨਹੀਂ, ਬਲਕਿ ਸਿਆਣਿਆਂ ਅਤੇ ਲਿਆਕਤਾਂ ਵਾਲਿਆਂ ਦੇ ਬੋਲਬਾਲੇ ਹੋਣ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2687)
(ਸਰੋਕਾਰ ਨਾਲ ਸੰਪਰਕ ਲਈ: