SukhminderSekhon7ਛੱਡ ਦਿੰਨੇ ਆਂਐਮੇ ਕਿਮੇ ... ਇਨ੍ਹਾਂ ਨੂੰ ਪਤਾ ਤਾਂ ਚੱਲੇ ਕਿ ਰਾਤਾਂ ਨੂੰ ਬਾਹਰ ਕਿਮੇ ਨਿਕਲੀਦੈ ...
(8 ਨਵੰਬਰ 2021)

 

ਪੰਜਾਬ ਉਦੋਂ ਕਹਿਰ ਦਾ ਸੰਤਾਪ ਹੰਢਾ ਰਿਹਾ ਸੀ, ਪਰ ਸਾਡੇ ਕਲਮਕਾਰ ਤੇ ਕਲਾਕਾਰ ਆਪਣੇ ਫਰਜ਼ਾਂ ਨੂੰ ਅੰਜਾਮ ਦੇ ਰਹੇ ਸਨ ਅਸੀਂ ਸਾਗਰ ਸਰਹੱਦੀ ਦੇ ਨਾਟਕ ‘ਭਗਤ ਸਿੰਘ ਦੀ ਵਾਪਸੀ’ ਦਾ ਨਾਲ ਦੇ ਇੱਕ ਕਸਬੇ ਵਿੱਚ ਮੰਚਣ ਕਰਨਾ ਸੀਸਾਰੀਆਂ ਤਿਆਰੀਆਂ ਮੁਕੰਮਲ ਸਨ, ਪਰ ਪ੍ਰਿੰਟਿੰਗ ਪ੍ਰੈੱਸ ਦੇ ਢਿੱਲੇਪਣ ਕਰਕੇ ਹਾਲੇ ਤਕ ਭਗਤ ਸਿੰਘ ਦੀ ਸੋਚ ਦੇ ਸੰਦਰਭ ਵਿੱਚ ਕਿਤਾਬਚਾ ਨਹੀਂ ਸੀ ਛਪਿਆਉਸ ਦਿਨ ਜਿਸ ਦਿਨ ਨਾਟਕ ਖੇਡਿਆ ਜਾਣਾ ਸੀ, ਅਸੀਂ ਕਿਤਾਬਚੇ ਨੂੰ ਛਪਵਾਉਂਦਿਆ ਕਾਫੀ ਲੇਟ ਹੋ ਗਏਦਸੰਬਰ ਦਾ ਆਖਰ ਸੀ, ਸਰਦੀਆਂ ਦਾ ਮਹੀਨਾ ਅਤੇ ਉੱਪਰੋਂ ਰਾਤ ਵੀ ਪੈ ਚੁੱਕੀ ਸੀ ਅਸੀਂ ਕਿਤਾਬਚੇ ਦਾ ਬੰਡਲ ਤਿਆਰ ਕਰਵਾਕੇ ਮੋਟਰ ਸਾਈਕਲ ਸਟਾਰਟ ਕਰਕੇ ਕਸਬੇ ਦੇ ਰਾਹ ਪਾ ਲਿਆਰਾਤ ਦਾ ਵਕਤ ਸੀ ਤੇ ਡਰ ਅਤੇ ਆਤੰਕ ਦਾ ਮਾਹੌਲਸਾਡੇ ਅੰਦਰ ਡਰ ਉਪਜਣਾ ਵੀ ਕੁਦਰਤੀ ਸੀ ਦੂਰੋਂ ਆਉਂਦਾ ਜਾਂਦਾ ਕੋਈ ਟਾਂਵਾਂ ਟਾਵਾਂ ਰਾਹੀ ਹੀ ਟੱਕਰਿਆਇੱਕ ਅੱਧ ਸਕੂਟਰ ਜਾਂ ਸ਼ਾਇਦ ਕਾਰ ਵੀ ਨਹੀਂ ਤਾਂ ਲਿੰਕ ਰੋਡ ਸੁੰਨੀ ਪਈ ਸੀ ਅਸੀਂ ਪੰਜ ਸੱਤ ਕਿਲੋਮੀਰ ਦੀ ਦੂਰੀ ’ਤੇ ਹੀ ਪਹੁੰਚੇ ਸੀ ਕਿ ਚਾਣਚੱਕ ਖੇਤਾਂ ਦੀ ਇੱਕ ਪਹੀ ਵੰਨੀਓਂ ਸਾਨੂੰ ਇੱਕ ਮੋਟਰ ਸਾਈਕਲ ਦਾ ਖੜਾਕ ਸੁਣਿਆ ਅਸੀਂ ਚੌਕੰਨੇ ਹੋ ਗਏ ਜਦੋਂ ਮੋਟਰ ਸਾਈਕਲ ਨੇ ਸਾਨੂੰ ਅੱਗਿਓਂ ਆ ਕੇ ਘੇਰ ਲਿਆ ਤਾਂ ਸਾਡੇ ਜਿਵੇਂ ਸਾਹ ਹੀ ਸੂਤੇ ਗਏਮੋਟਰ ਸਾਈਕਲ ਇੱਕ ਨਵੀਂ ਫੁੱਟੀ ਦਾਹੜੀ ਮੁੱਛ ਵਾਲਾ ਸ਼ਖਸ ਚਲਾ ਰਿਹਾ ਸੀਉਸਦੇ ਸਿਰ ’ਤੇ ਕੇਸਰੀ ਪਟਕਾ ਲਪੇਟਿਆ ਹੋਇਆ ਸੀਉਸਦੇ ਮਗਰ ਇੱਕ ਸੁਡੌਲ ਨੌਜਵਾਨ ਬੈਠਾ ਸੀ, ਜਿਸਦੀ ਦਾਹੜੀ ਖੁੱਲ੍ਹੀ ਸੀ ਤੇ ਗੱਲ ਵਿੱਚ ਗਾਤਰਾ ਵੀ ਸੀ

ਕੱਚੀ ਉਮਰ ਦੇ ਮੰਡੇ ਨੇ ਸਾਨੂੰ ਰੋਕਦਿਆਂ ਮੇਰੇ ਮਿੱਤਰ ਨੂੰ ਸੰਬੋਧਨ ਹੁੰਦਿਆਂ ਪੁੱਛਿਆ, “ਐਹ ਵੇਲੇ ਕਿੱਥੇ ਜਾ ਰਹੇ ਓ ਬਾਊ ਜੀ? ਜਾਨ ਨੂੰ ਖਤਰਾ ਨਹੀਂ ਜੇ?

ਇਸ ਤੋਂ ਪਹਿਲਾਂ ਕਿ ਮੇਰਾ ਮਿੱਤਰ ਕੁਝ ਬੋਲਦਾ, ਮੇਰੇ ਮੂੰਹੋਂ ਘਿੱਗੀ ਜਿਹੀ ਆਵਾਜ਼ ਨਿਕਲੀ, “ਨਹੀਂ ਜੀ, ... ਅਸੀਂ ਤਾਂ ਬਾਈ ਜੀ ਲਿਖਾਰੀ ਤੇ ਕਲਾਕਾਰ ਬੰਦੇ ਆਂ ... ਇੱਥੇ ਈ ਨੇੜੇ ਸਾਡਾ ਅੱਜ ਨਾਟਕ ਐ

ਇੰਨੇ ਨੂੰ ਉਸ ਮੁੱਛ ਫੁੱਟ ਗੱਭਰੂ ਦੇ ਪਿੱਛੇ ਬੈਠਾ ਖਾਲਸਾ ਸਾਡੇ ਬਿਲਕੁਲ ਕਰੀਬ ਆ ਪਹੁੰਚਾ ਸੀਉਸਨੇ ਪਹਲਾਂ ਮੇਰੇ ਕਲੀਨਸ਼ਵ ਮਿੱਤਰ ਦਾ ਨਿਰੀਖਣ ਕੀਤਾ ਤੇ ਫਿਰ ਮੈਂਨੂੰ ਮੁਖਾਤਿਬ ਹੋਇਆ, “ਪਰ ਐਹ ਵੇਲੇ ਨਾਟਕ ... ਤਆਨੂੰ ਡਰ ਨਹੀਂ ਜੇ ਲਗਦਾ?

ਉਸਦੇ ਭਰਵੇ ਬੋਲਾਂ ਦਾ ਮੇਰੇ ਕੋਲੋਂ ਕੋਈ ਉੱਤਰ ਨਹੀਂ ਸੀ ਅਹੁੜਿਆਮੇਰਾ ਮਿੱਤਰ ਵੀ ਮੋਟਰ ਸਾਈਕਲ ਤੋਂ ਉੱਤਰ ਕੇ ਦੁਬਕਿਆ ਖੜ੍ਹਾ ਸੀ ਮੈਂ ਸੋਚ ਰਿਹਾ ਸੀ ... ਮਿੱਤਰਾ! ਅੱਜ ਥੋਡੀ ਖੈਰ ਨਹੀਂ ...ਹਾਲੇ ਮੈਂ ਸੋਚ ਹੀ ਰਿਹਾ ਸੀ ਕਿ ਮੁੱਛ ਫੁੱਟ ਗੱਭਰੂ ਮੇਰੇ ਮਿੱਤਰ ਵੰਨੀ ਉੱਲਰਦਾ ਬੋਲਿਆ, “ਤੁਸਾਂ ਕਿਤੇ ਸਿਵਲ ਵਿੱਚ ਪੁਲਿਸ ਵਾਲੇ ਤਾਂ ਨੀ?

“ਨਹੀਂ ਜੀ, ਅਸੀਂ ਤਾਂ ...” ਸਾਡੇ ਦੋਹਾਂ ਮਿੱਤਰਾਂ ਦੇ ਮੂੰਹੋਂ ਇਕੱਠਿਆਂ ਹੀ ਨਿਕਲਿਆ

ਅਮ੍ਰਿਤਧਾਰੀ ਨੇ ਮੇਰੇ ਮੋਢਿਆਂ ’ਤੇ ਹੱਥ ਧਰ ਦਿੱਤਾ ਮੈਂ ਥੱਲਿਓਂ ਉੱਪਰ ਤੀਕ ਕੰਬ ਕੰਬ ਗਿਆਪਰ ਉਹ ਆਪਣੇ ਨਿੱਕੀ ਉਮਰ ਦੇ ਸਾਥੀ ਵੱਲ ਵੇਖਦਾ ਹੋਇਆ ਸਾਨੂੰ ਕਹਿਣ ਲੱਗਾ, “ਜਾਓ ਵੀ ਕਲਾਕਾਰੋ! ਨੇਕੀ ਦੇ ਕੰਮ ਕਰੋ ... ਅਸੀਂ ਤਾਂ ਆਪਣੀਆਂ ਹੱਕੀ ਮੰਗਾਂ ਤੇ ਜਬਰ ਜ਼ੁਲਮ ਦੇ ਖਿਲਾਫ ਜੰਗ ਲੜ ਰਹੇ ਹਾਂ ਤੁਸੀਂ ਵੀ ਅਸਾਡਾ ਸਾਥ ਦਿਓ ਜੇ ...

ਸਾਰੇ ਰਾਹ ਅਸੀਂ ਇੱਕ ਦੂਸਰੇ ਨਾਲ ਕੋਈ ਬੋਲ ਸਾਂਝਾ ਨਾ ਕੀਤਾਡਰ ਹਾਲੇ ਵੀ ਸਾਡਾ ਪਿੱਛਾ ਕਰ ਰਿਹਾ ਸੀਕਸਬਾ ਵੀ ਕੁਝ ਕੁ ਕਿਲੋਮੀਟਰ ਹੀ ਰਹਿ ਗਿਆ ਸੀਬੇਸ਼ਕ ਇਸ ਨਾਟਕ ਵਿੱਚ ਸਾਡਾ ਦੋਹਾਂ ਦਾ ਕੋਈ ਕਿਰਦਾਰ ਨਹੀਂ ਸੀ, ਪਰ ਇਸਦੇ ਬਾਵਜੂਦ ਅਸੀਂ ਆਪਣੇ ਰੰਗਕਰਮੀ ਸਾਥੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਆਏ ਸਾਂਪਰ ਅਜੇ ਸਾਡੇ ਅੰਦਰੋਂ ਖੌਫ ਤੇ ਆਤੰਕ ਪੂਰੀ ਤਰ੍ਹਾਂ ਨਵਿਰਤ ਵੀ ਨਹੀਂ ਸੀ ਹੋਇਆ ਕਿ ਲਿੰਕ ਰੋਡ ਦਾ ਮੋੜ ਮੁੜਦਿਆਂ ਸਾਨੂੰ ਇੱਕ ਜੀਪ ਦਿਖਾਈ ਦਿੱਤੀ ਅਸੀਂ ਫੇਰ ਖੌਫ਼ਜ਼ਦਾ ਹੋ ਗਏਜੀਪ ਬਿਲਕੁਲ ਸਾਡੇ ਨੇੜੇ ਆ ਕੇ ਰੁਕੀ ਤੇ ਸਾਨੂੰ ਵੀ ਰੁਕਣ ਦਾ ਇਸ਼ਾਰਾ ਹੋਇਆਸਾਡੇ ਸਾਹ ਵਿੱਚ ਕੁਝ ਸਾਹ ਆਇਆ ਚੂੰਕਿ ਜੀਪ ਪੁਲੀਸ ਦੀ ਸੀਉਸ ਵਿੱਚੋਂ ਇੱਕ ਹੌਲਦਾਰ ਤੇ ਸਿਪਾਹੀ ਉੱਤਰ ਆਏ

“ਹਾਂ ਬਈ, ਕਿੱਧਰ ਨੂੰ ਮੋਟਰ ਸੈਕਲ ਨਠਾਈ ਜਾਂਦੇ ਓ?” ਹੌਲਦਾਰ ਨੇ ਸਾਡੇ ਤੇ ਟਾਰਚ ਮਾਰਦਿਆਂ ਸਾਨੂੰ ਹੁਕਮਰਾਨਾ ਲਹਿਜ਼ੇ ਵਿੱਚ ਪੁੱਛਿਆ

“ਜੀ, ਅਸੀਂ ਤਾਂ ਜੀ ... ਨਾਲ ਦੇ ਕਸਬੇ ਵਿੱਚ ਨਾਟਕ ’ਤੇ ਪਹੁੰਚਣਾ ਏਂ ਮੇਰੇ ਦੋਸਤ ਨੇ ਨਿਮਰਤਾ ਨਾਲ ਜਵਾਬ ਦਿੱਤਾ

“ਨਾਟਕ? ਉਏ ਸਾਡੇ ਸਾਹਮਣੇ ਨੀ ਥੋਡਾ ਕੋਈ ਨਾਟਕ ਨੂਟਕ ਚੱਲਣਾ ... ਸਮਝੇ?” ਹੌਲਦਾਰ ਨੇ ਸਿਪਾਹੀ ਵੱਲ ਅੱਖ ਦੱਬਦਿਆਂ ਸਾਨੂੰ ਫੇਰ ਪੁੱਛਿਆ, “ਕਿਹੜਾ ਨਾਟਕ? ... ਕੀਹਦਾ ਨਾਟਕ ਉਏ?

“ਜੀ ਸਾਗਰ ਸਰਹੱਦੀ ਦਾ ...” ਮੈਂ ਸੰਖੇਪ ਜਿਹਾ ਉੱਤਰ ਦਿੱਤਾਮੈਂਨੂੰ ਉਨ੍ਹਾਂ ਦੋਹਾਂ ਦੇ ਮੂੰਹਾਂ ਵਿੱਚੋਂ ਸ਼ਰਾਬ ਦੀ ਗੰਦੀ ਹਵਾੜ੍ਹ ਆ ਰਹੀ ਸੀ

“ਅੱਛਾ, ਜਨਾਬ ਇਹ ਸਰਹੱਦੀਏ ਨੇ ... ਸਮਲੱਗਰ ਹੋਣਗੇ ਸਰਹੱਦ ਪਾਰੋਂ ਨਸ਼ੀਲੇ ਪਦਾਰਥ ਤੇ ਹਥਿਆਰ ਲਿਆਉਂਦੇ ਹੋਣਗੇਅੱਤਵਾਦੀ ਕਾਰਾਵਾਈਆਂ ’ਚ ਵੀ ਇਨ੍ਹਾਂ ਦਾ ਹੱਥ ਹੋਵੇਗਾ ...” ਸਿਪਾਹੀ ਨੇ ਹੌਲਦਾਰ ਨੂੰ ਬਹੁਤ ਹੀ ਰਾਜ਼ਦਾਨਾ ਢੰਗ ਨਾਲ ਕਿਹਾ

“ਲੈ ਵੀ ਭਮੀਰਿਆ ਇਨ੍ਹਾਂ ਵੱਡੇ ਖਾੜਕੂਆਂ ਦੀ ਤਲਾਸ਼ੀ” ਹੌਲਦਾਰ ਆਪਣੀਆਂ ਮੁੱਛਾਂ ’ਤੇ ਹੱਥ ਫੇਰਦਿਆਂ ਮਿੰਨ੍ਹਾ ਜਿਹਾ ਮੁਸਕਰਾਇਆ ਤੇ ਸਿਪਾਹੀ ਨੇ ਅਗਲੇ ਹੀ ਪਲਾਂ ਵਿੱਚ ਸਾਡੀਆਂ ਜੇਬਾਂ ਸਾਫ ਕਰ ਦਿੱਤੀਆਂਮੇਰੇ ਮਿੱਤਰ ਦੀ ਘੜੀ ਵੀ ਲਾਹ ਲਈ

ਸਿਪਾਹੀ ਸਾਮਾਨ ਇਕੱਠਾ ਕਰਕੇ ਥੋੜ੍ਹਾ ਖੁਸ਼ ਮੂਡ ਵਿੱਚ ਹੌਲਦਾਰ ਕੋਲ ਜਾ ਕੇ ਬੋਲਿਆ, “ਬੱਸ ਜੀ ਆਹੀ ਦਸਤਾਵੇਜ਼ ਮਿਲੇ ਨੇ ... ਛੱਡ ਦਿੰਨੇ ਆਂ ਤਾੜਨਾ ਕਰਕੇ

“ਛੱਡ ਦਿੰਨੇ ਆਂ? ਐਮੇ ਕਿਮੇ ... ਇਨ੍ਹਾਂ ਨੂੰ ਪਤਾ ਤਾਂ ਚੱਲੇ ਕਿ ਰਾਤਾਂ ਨੂੰ ਬਾਹਰ ਕਿਮੇ ਨਿਕਲੀਦੈ” ਹੌਲਦਾਰ ਨੇ ਸਿਪਾਹੀ ਤੋਂ ਡੰਡਾ ਫੜਿਆ ਤੇ ਸਾਡੇ ਦੋ ਦੋ ਡੰਡੇ ਮਾਰ ਕੇ ਮੁਜਰਿਮਾਂ ਵਾਂਗ ਸਾਨੂੰ ਛੱਡ ਦਿੱਤਾ

ਸਾਡੇ ਭੈਭੀਤ ਚਿਹਰਿਆਂ ਵੱਲ ਝਾਕਦੇ ਹੋਏ ਸਿਪਾਹੀ ਨੇ ਸਾਨੂੰ ਆਰਡਰ ਦਿੱਤਾ, “ਜਾਓ ਹੁਣ ਦੌੜ ਜਾਓ ਇੱਥੋਂ ... ਸ਼ੁਕਰ ਕਰੋ ਸਾਬ੍ਹ ਨੇ ਥੋਨੂੰ ਬਖਸ਼ ਦਿੱਤਾ, ਨਹੀਂ ਤਾਂ ਤੁਸੀਂ ਫੇਅ ਜਾਣਦੇ ਈ ਓ ਅੱਜਕੱਲ੍ਹ ਪੁਲਿਸ ਮੁਕਾਬਲਿਆਂ ਨੂੰ?

ਮੋਟਰ ਸਾਈਕਲ ’ਤੇ ਚੜ੍ਹਦਿਆਂ ਅਸੀਂ ਦੇਖਿਆ ਕਿ ਹੌਲਦਾਰ ਤੇ ਸਿਪਾਹੀ ਜੀਪ ਵੰਨੀ ਕਿਸੇ ਜੇਤੂ ਅੰਦਾਜ਼ ਵਿੱਚ ਤੁਰੇ ਜਾ ਰਹੇ ਸਨਜੀਪ ਵਿੱਚੋਂ ਕਿਸੇ ਹੋਰ ਸ਼ਰਾਬੀ ਹਾਸੇ ਦੀ ਆਵਾਜ਼ ਵੀ ਆਈ, ਸ਼ਾਇਦ ਥਾਣੇਦਾਰ ਹੋਵੇਗਾ

ਸ਼ਰਾਬੀ ਸਰਕਾਰ ਤੋਂ ਛੁਟਕਾਰਾ ਪਾ ਕੇ ਅਸੀਂ ਆਖਰ ਕਸਬੇ ਵਿੱਚ ਦਾਖਲ ਹੋ ਹੀ ਗਏ ਅਤੇ ਨਾਟਕ ਸਥਾਨ ’ਤੇ ਅੱਪੜ ਗਏਪਰ ਅਸੀਂ ਹੈਰਾਨ ਹੋਏ ਜਦੋਂ ਦੇਖਿਆ ਕਿ ਨਾਟਕ ਖਤਮ ਹੋ ਚੱਕਾ ਸੀ ਤੇ ਦਰਸ਼ਕ ਨਾਟਕ ਦੇਖ ਕੇ ਘਰਾਂ ਨੂੰ ਪਰਤ ਰਹੇ ਸਨਮੇਰੇ ਮਿੱਤਰ ਨੇ ਮੋਟਰ ਸਾਈਕਲ ਯਕਦਮ ਰੋਕਿਆ ਤੇ ਮੇਰੇ ਹੱਥੋਂ ਬੰਡਲ ਖੋਹਿਆ ਤੇ ਖੋਲ੍ਹ ਕੇ ਭਗਤ ਸਿੰਘ ਦੀ ਸੋਚ ਨਾਲ ਸਬੰਧਤ ਕਿਤਾਬਚਾ ਇੱਕ ਇੱਕ ਕਰਕੇ ਦਰਸ਼ਕਾਂ ਨੂੰ ਵੰਡਣ ਲੱਗ ਪਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3132)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸੁਖਮਿੰਦਰ ਸੇਖੋਂ

ਸੁਖਮਿੰਦਰ ਸੇਖੋਂ

Phone: India (91 - 98145 - 07693)
Email: (sukhmindersinghsekhon@gmail.com)

More articles from this author