“ਬੱਚਿਆਂ ਜਾਂ ਵੱਡਿਆਂ ਦੀ ਪੜ੍ਹਾਈ ਲਈ ਕੋਰਸੀ ਕਿਤਾਬਾਂ ਲਾਉਣ ਜਾਂ ਥੋਪਣ ਵਾਲੇ ਅਦਾਰੇ ਤੇ ਮੈਂਬਰ ...”
(26 ਸਤੰਬਰ 2020)
ਸਦੀਆਂ ਤੋਂ ਚੱਲੀਆਂ ਆ ਰਹੀਆਂ ਪਰੰਪਰਾਵਾਂ ਇਸ ਧਰਤੀ ’ਤੇ ਹਾਲੇ ਵੀ ਕਾਇਮ ਹਨ। ਜੇਕਰ ਆਪਾਂ ਦੂਸਰੇ ਦੇਸ਼ਾਂ ਦੀ ਗੱਲ ਨਾ ਵੀ ਕਰੀਏ ਤਾਂ ਭਾਰਤ ਦੇ ਅਲੱਗ ਅਲੱਗ ਸੂਬਿਆਂ ਅਤੇ ਖਾਸ ਖਾਸ ਖਿੱਤਿਆਂ ਵਿੱਚ ਅਜੇ ਵੀ ਅੰਨ੍ਹੇ ਵਿਸ਼ਵਾਸ ਜਾਂ ਅੰਧ ਵਿਸ਼ਵਾਸ ਪੀੜ੍ਹੀ-ਦਰ-ਪੀੜ੍ਹੀ ਬਰਕਰਾਰ ਹਨ ਅਤੇ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਠੱਲ੍ਹ ਪੈਂਦੀ ਨਜ਼ਰ ਨਹੀਂ ਆਉਂਦੀ। ਸਾਡੇ ਆਲੇ ਦੁਆਲੇ ਦੇ ਲੋਕ ਵਹਿਮਾਂ ਭਰਮਾਂ ਵਿੱਚ ਇਸ ਕਦਰ ਗ੍ਰਸੇ ਹੋਏ ਹਨ ਕਿ ਉਹ ਇਹਨਾਂ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਇਨ੍ਹਾਂ ਵਿੱਚੋਂ ਨਿਕਲਣ ਦਾ ਕੋਈ ਵੀ ਸਾਫ ਰਸਤਾ ਦਿਖਾਈ ਨਹੀਂ ਦਿੰਦਾ। ਵਹਿਮ ਭਰਮ ਜਾਂ ਅੰਨ੍ਹੇ ਵਿਸ਼ਵਾਸ ਕੀ ਹਨ- ਜਾਦੂ ਟੂਣਾ, ਕਿਤੇ ਜਾਣ ਲੱਗਿਆਂ ਕਿਸੇ ਨੂੰ ਨਿੱਛ ਆਉਣੀ, ਬਿੱਲੀ ਦਾ ਰਸਤਾ ਕੱਟ ਜਾਣਾ, ਬੱਚਿਆਂ ਅਤੇ ਵੱਡਿਆਂ ਦੀ ਬਲੀ ਦਾ ਰਿਵਾਜ਼, ਅਣਦੇਖੀਆਂ ਸ਼ਕਤੀਆਂ ਦੀ ਪੂਜਾ, ਭੂਤਾਂ ਪ੍ਰੇਤਾਂ ਤੇ ਜਿੰਨਾਂ ਦੈਤਾਂ ਅਤੇ ਹੋਰ ਅਖੌਤੀ ਪਰੀ ਕਥਾਵਾਂ ਨੂੰ ਅੱਖਾਂ ਮੀਟ ਕੇ ਮੰਨਦੇ ਚਲੇ ਜਾਣਾ। ਘਰਾਂ ਜਾਂ ਗੱਡੀਆਂ ਟਰੱਕਾਂ ਉੱਤੇ ਕੋਈ ਜੁੱਤੀ ਜਾਂ ਹੋਰ ਕੋਈ ਨਿਸ਼ਾਨ ਬਣਾ ਕੇ ਲਿਖਣਾ ‘ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ’ ਆਦਿ।
ਲੋਕ ਮੰਦਰ, ਮਸੀਤ, ਗੁਰਦੁਆਰੇ ਜਾਂ ਹੋਰ ਕਿਸੇ ਧਾਰਮਿਕ ਸਥਾਨ ’ਤੇ ਜਾਂਦੇ ਹਨ ਤਾਂ ਇਸ ਨੂੰ ਯਕੀਨ ਜਾਂ ਵਿਸ਼ਵਾਸ ਮਿੱਥਿਆ ਗਿਆ ਹੈ। ਸ਼ਰਧਾ ਵੀ ਮੰਨੀ ਗਈ ਹੈ ਅਤੇ ਸ਼ਰਧਾਲੂ ਇੱਕ, ਦੋ ਜਾਂ ਵਧੀਕ ਧਾਰਮਿਕ ਸਥਾਨਾਂ ’ਤੇ ਜਾਂਦੇ ਵੇਖੇ ਗਏ ਹਨ। ਪ੍ਰੰਤੂ ਸਿੱਖ ਧਰਮ ਵਿੱਚ ਕੇਵਲ ਤੇ ਕੇਵਲ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਆਖਰੀ ਅਥਾਰਟੀ ਮੰਨਿਆ ਗਿਆ ਹੈ। ‘ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓਂ ਗਰੰਥ।’ ਲੇਕਿਨ ਇਸਦੇ ਬਾਵਜੂਦ ਲੋਕ ਜਾਂ ਕਹਿ ਲਓ ਅਖੌਤੀ ਸ਼ਰਧਾਲੂ ਥਾਂ ਥਾਂ ’ਤੇ ਭਟਕਦੇ ਵੇਖੇ ਜਾ ਸਕਦੇ ਹਨ। ਗੁਰਬਾਣੀ ਵਿੱਚ ਕਿਸੇ ਵੀ ਕਿਸਮ ਦੇ ਵਹਿਮ ਭਰਮ ਲਈ ਕੋਈ ਥਾਂ, ਜਗ੍ਹਾ ਨਹੀਂ ਹੈ। ਹੋਰ ਵੀ ਕੁਝ ਧਰਮ ਸਿਰਫ ਇੱਕ ਰੱਬ ਦੇ ਸਿਧਾਂਤ ਨੂੰ ਮੰਨਣ ਵਾਲੇ ਹਨ। ਪ੍ਰੰਤੂ ਇਸਦੇ ਬਾਵਜੂਦ ਇਹਨਾਂ ਦੇ ਅਨੁਯਾਈ ਵਹਿਮਾਂ ਭਰਮਾਂ ਦੀ ਜਕੜ ਵਿੱਚ ਹਨ। ਮੜ੍ਹੀਆਂ ਮਸਾਣਾਂ ਜਾਂ ਹਰ ਇੱਕ ਕਿਸਮ ਦੀਆਂ ਇੱਟਾਂ ਜਾਂ ਪੱਥਰਾਂ ’ਤੇ ਮੱਥੇ ਰਗੜਦੇ ਆਮ ਹੀ ਵੇਖੇ ਗਏ ਹਨ। ਬੇਸ਼ਕ ਬੰਦਿਆਂ ਦੀ ਬਲੀ ਜਾਂ ਸਤੀ ਪ੍ਰਥਾ ਅੱਜ ਦੇ ਸੰਦਰਭ ਵਿੱਚ ਆਮ ਤਾਂ ਨਹੀਂ ਰਹੀ ਪ੍ਰੰਤੂ ਫਿਰ ਵੀ ਕਿਧਰੇ ਨਾ ਕਿਧਰੇ ਇਸਦੀਆਂ ਉਦਾਹਰਣਾਂ ਵੇਖਣ ਨੂੰ ਮਿਲ ਜਾਂਦੀਆਂ ਹਨ।
ਅੱਜ ਦੇ ਆਧੁਨਿਕ ਬੋਧ ਵਾਲੇ ਦੌਰ ਵਿੱਚ ਵੀ ਅਖੌਤੀ ਬਾਬਿਆਂ ਤੇ ਡੇਰਾਵਾਦ ਦੀ ਚੜ੍ਹਤ ਵੇਖੀ ਜਾ ਸਕਦੀ ਹੈ। ਬੇਸ਼ਕ ਇਸਦੇ ਰਾਜਸੀ ਜਾਂ ਧਾਰਮਿਕ ਕਾਰਨ ਵੀ ਹੋ ਸਕਦੇ ਹਨ ਪ੍ਰੰਤੂ ਸਾਡੇ ਕੋਲ ਬਹੁਤ ਸਾਰੀਆਂ ਮਿਸਾਲਾਂ ਮੌਜੂਦ ਹਨ ਤੇ ਅਖਬਾਰਾਂ ਅਤੇ ਟੀਵੀ ਤੋਂ ਖਬਰਾਂ ਮਿਲਦੀਆਂ ਹਨ ਕਿ ਇਹ ਆਪੂੰ ਸਜੇ ਗੁਰੂ, ਬਾਬੇ ਕਿਹੋ ਜਿਹੇ ਕੁਕਰਮ ਕਰਦੇ ਹਨ। ਜਿਸ ਇਸਤਰੀ ਲਈ ਗੁਰੂ ਨਾਨਕ ਨੇ ‘ਸੋ ਕਿਉਂ ਮੰਦਾ ਆਖਿਐ ਜਿਤੁ ਜੰਮੇ ਰਾਜਾਨੁ’ ਉਚਾਰਿਆ, ਉਸੇ ਧਰਤੀ ’ਤੇ ਇਸਤਰੀ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ। ਬਾਲੜੀਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਇਹ ਬਾਬੇ ਜਾਂ ਗੁਰੂ ਕਹਾਉਣ ਵਾਲੇ ਕਿਸੇ ਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਰਾਜਸੀ ਨੇਤਾਵਾਂ ਜਾਂ ਅੰਨ੍ਹੇ ਸ਼ਰਧਾਲੂਆਂ ਦੀ ਬਦੌਲਤ ਇਹਨਾਂ ਦਾ ਧੰਦਾਂ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਇਹਨਾਂ ਦੇ ਇਸ਼ਤਿਹਾਰਾਂ ਨਾਲ ਅਖਬਾਰਾਂ ਭਰੀਆਂ ਹੁੰਦੀਆਂ ਹਨ ਤੇ ਟੈਲੀਵੀਜ਼ਨ ਦੇ ਪ੍ਰਾਈਵੇਟ ਚੈਨਲਾਂ ਨੂੰ ਇਹਨਾਂ ਨੇ ਖਰੀਦ ਰੱਖਿਆ ਹੈ। ਥੋੜ੍ਹਾ ਰਿਮੋਟ ਘੁਮਾਓ ਤੁਹਾਨੂੰ ਵੱਖ ਵੱਖ ਬਾਬੇ ਜਾਂ ਗੁਰੂ ਮਾਤਾਵਾਂ ਪ੍ਰਚਲਤ ਤੇ ਸਾਧਾਰਣ ਜਿਹੇ ਪ੍ਰਵਚਨ ਕਰਦੇ ਮਿਲਣਗੇ। ਕੁਝ ਇਕਨਾਂ ਦੇ ਤਾਂ ਡੇਰਿਆਂ, ਆਸ਼ਰਮਾਂ ਵਿੱਚ ਵੱਡੀਆਂ ਫੀਸਾਂ ਵੀ ਲਈਆਂ ਜਾਂਦੀਆਂ ਹਨ ਤੇ ਹਾਸ ਰਸ ਉਪਜਾਉਣ ਵਾਲੇ ਉਪਾਓ ਵੀ ਦੱਸੇ ਜਾਂਦੇ ਹਨ।
ਸਾਡੀਆਂ ਫਿਲਮਾਂ ਅਤੇ ਟੀਵੀ ਸੀਰੀਅਲ ਵੀ ਇਹਨਾਂ ਤੋਂ ਬਚੇ ਹੋਏ ਨਹੀਂ। ਕਿੰਨੇ ਗੈਰ ਕੁਦਰਤੀ ਢੰਗ ਤਰੀਕਿਆਂ ਨਾਲ ਭੂਤਾਂ ਪ੍ਰੇਤਾਂ ਅਤੇ ਹੋਰ ਗੈਰ ਜ਼ਰੂਰੀ ਰਿਵਾਜਾਂ ਦਾ ਸਾਡੀਆਂ ਫਿਲਮਾਂ ਤੇ ਸੀਰੀਅਲ ਪ੍ਰਚਾਰ ਕਰਦੇ ਹਨ ਕਿ ਇੱਕ ਥੋੜ੍ਹੀ ਜਿਹੀ ਸਮਝ ਰੱਖਣ ਵਾਲਾ ਬੰਦਾ ਵੀ ਝੁੰਝਲਾ ਉੱਠਦਾ ਹੈ। ਜਦੋਂ ਇਹਨਾਂ ਨੂੰ ਕੋਈ ਪੱਤਰਕਾਰ ਜਾਂ ਲੇਖਕ ਪ੍ਰਸ਼ਨ ਕਰਦਾ ਹੈ ਕਿ ਭਾਈ! ਅਜਿਹਾ ਕਰਕੇ ਤੁਸੀਂ ਸਮਾਜ ਨੂੰ ਕੀ ਦੱਸਣਾ ਚਾਹੁੰਦੇ ਹੋ? ਤਾਂ ਇਹਨਾਂ ਦੀ ਢੀਠਤਾਈ ਦੀ ਹੱਦ ਵੇਖਣਯੋਗ ਹੁੰਦੀ ਹੈ, ਕਹਿੰਦੇ ਹਨ, ‘ਜਦੋਂ ਦਰਸ਼ਕ ਅਜਿਹਾ ਕੁਝ ਦੇਖਣਾ ਪਸੰਦ ਕਰਦੇ ਹਨ, ਤਾਂ ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ?’ ਪ੍ਰੰਤੂ ਇਹਨਾਂ ਢੀਠਾਂ ਤੇ ਬੇਸ਼ਰਮਾਂ ਨੂੰ ਇੰਨਾ ਕੁ ਵੀ ਇਲਮ ਨਹੀਂ ਕਿ ਵਧੇਰੇ ਕਰਕੇ ਟੀਵੀ ਜਾਂ ਫਿਲਮਾਂ ਬੱਚੇ ਜਾਂ ਨੌਜਵਾਨ ਹੀ ਦੇਖਦੇ ਹਨ। ਖੌਰੇ ਕਿਉਂ ਇਹ ਲੋਕਾਂ ਦੀ ਸੋਚ ਦੇ ਦੰਦਿਆਂ ਨੂੰ ਖੁੰਢਾ ਕਰਨ ’ਤੇ ਤੁਲੇ ਹੋਏ ਹਨ? ਸਾਡਾ ਸੈਂਸਰ ਬੋਰਡ ਵੀ ਇਹਨਾਂ ਨੂੰ ਸਹਿਜੇ ਹੀ ਪਾਸ ਕਰ ਦਿੰਦਾ ਹੈ ਅਤੇ ਇਸਦੇ ਮੈਂਬਰ ਕਹਿੰਦੇ ਹਨ, ‘ਫਾਰ ਅਡਲਟ ਹੈ, ਇਸੇ ਲਈ ਤਾਂ ਏ ਸਰਟੀਫੀਕੇਟਝ ਦਿੱਤਾ ਹੈ।’ ਏ ਹੋਵੇ ਜਾਂ ਯੂ, ਸਵਾਲ ਤਾਂ ਇਹਨਾਂ ਉੱਤੇ ਰੋਕ ਲਾਉਣ ਦੀ ਹੈ। ਪ੍ਰੰਤੂ ਰੋਕ ਲਾਵੇਗਾ ਕੌਣ, ਭੋਲੇ ਭਾਲੇ ਦਰਸ਼ਕ ਤਾਂ ਦੇਖਣਗੇ ਹੀ, ਜਦੋਂ ਚੀਜ਼ ਉਹਨਾਂ ਦੇ ਸਾਹਮਣੇ ਪਰੋਸੀ ਜਾਵੇਗੀ!
ਜਿੱਥੋਂ ਤਕ ਰਿਸਾਲੇ ਜਾਂ ਕਿਤਾਬਾਂ ਦਾ ਤਾਅਲੁਕ ਹੈ, ਉਹ ਵੀ ਅਜਿਹੇ ਕਾਰਨਾਮਿਆਂ ਤੋਂ ਖਾਲੀ ਨਹੀਂ ਹਨ। ਸਾਧਾਰਨ ਜਾਂ ਗੈਰ ਸੰਜੀਦਾ ਲੇਖਕ, ਸੰਪਾਦਕ ਤਾਂ ਇਹਨਾਂ ਲਈ ਜ਼ਿੰਮੇਵਾਰ ਹਨ ਹੀ, ਬੱਚਿਆਂ ਜਾਂ ਵੱਡਿਆਂ ਦੀ ਪੜ੍ਹਾਈ ਲਈ ਕੋਰਸੀ ਕਿਤਾਬਾਂ ਲਾਉਣ ਜਾਂ ਥੋਪਣ ਵਾਲੇ ਅਦਾਰੇ ਤੇ ਮੈਂਬਰ ਵੀ ਇਸ ਲਈ ਸਿੱਧੇ ਨਾਮਜ਼ਦ ਕੀਤੇ ਜਾ ਸਕਦੇ ਹਨ, ਜੋ ਜਾਂ ਤਾਂ ਬੌਧਿਕ ਪੱਖ ਤੋਂ ਸੱਖਣੇ ਹੁੰਦੇ ਹਨ ਜਾਂ ਰਾਜਸੀ ਨੇਤਾਵਾਂ ਜਾਂ ਸਰਮਾਇਦਾਰੀ ਸਿਸਟਮ ਦੇ ਹੱਥ ਠੋਕੇ! ਕਿਉਂਕਿ ਜਦੋਂ ਬੱਚਿਆਂ ਦੀ ਬੁਨਿਆਦ ਹੀ ਖੋਖਲੀ ਹੋਵੇਗੀ ਤਾਂ ਭਵਿੱਖ ਵਿੱਚ ਉਨ੍ਹਾਂ ਤੋਂ ਸਾਰਥਕ ਸੋਚ ਦੀ ਉਮੀਦ ਕਿਵੇਂ ਰੱਖ ਸਕਦੇ ਹਾਂ? ਬੇਸ਼ਕ ਅੱਜ ਦੀ ਪਨੀਰੀ, ਜਿਸ ਨੂੰ ਘਰ ਦਾ ਸਾਰਥਕ ਮਾਹੌਲ ਮਿਲਿਆ ਹੋਵੇ, ਉਹ ਥੋਥਲੇ ਰਸਮੋ ਰਿਵਾਜ਼ ਅਤੇ ਵਹਿਮਾਂ ਭਰਮਾਂ ਤੋਂ ਕਾਫੀ ਹੱਦ ਤਕ ਮੁਕਤ ਦਿਖਾਈ ਦਿੰਦੀ ਹੈ ਪ੍ਰੰਤੂ ਸਮਾਜ ਦਾ ਬਹੁਤਾ ਹਿੱਸਾ ਇਸਦੀ ਲਪੇਟ ਵਿੱਚ ਆਇਆ ਹੋਇਆ ਹੈ। ਘੱਟੋ ਘੱਟ ਪੰਜਾਬੀ ਅਖਬਾਰ ਤਾਂ ਬਿਹਤਰ ਭੂਮਿਕਾ ਨਿਭਾਅ ਹੀ ਸਕਦੇ ਹਨ, ਫੇਰ ਦੈਨਿਕਾਂ ਵਿੱਚ ਰਾਸ਼ੀਫਲਾਂ ਲਈ ਵਿਸ਼ੇਸ਼ ਕਾਲਮ ਕਿਉਂ ਰੱਖੇ ਜਾਂਦੇ ਹਨ?
ਇਤਿਹਾਸ ਨੂੰ ਵੀ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੈ ਅਤੇ ਮਿਥਿਹਾਸ ਦੇ ਪੰਨਿਆਂ ਦਾ ਜ਼ਬਰਦਸਤੀ ਪਾਠ ਪੜ੍ਹਾਇਆ ਜਾ ਰਿਹਾ ਹੈ। ਅਸੀਂ ਚੌਂਹ ਤਰਫ ਦੇਖ ਰਹੇ ਹਾਂ ਕਿ ਤਰਕਸ਼ੀਲ ਅਤੇ ਵਿਗਿਆਨਕ ਸੋਚ ਦੇ ਧਾਰਨੀ ਵਿਅਕਤੀਆਂ ਦੇ ਕਿਵੇਂ ਰਾਹ ਰੋਕੇ ਜਾ ਰਹੇ ਹਨ। ਉਨ੍ਹਾਂ ਉੱਤੇ ਅੱਤਿਆਚਾਰ ਵੀ ਹੋ ਰਹੇ ਹਨ ਤੇ ਉਨ੍ਹਾਂ ਦੇ ਮੂੰਹ ਬੰਦ ਕਰਨ ਲਈ ਫਿਰਕੂ ਅਨਸਰ ਕਤਲ ਕਰਨ ਤਕ ਜਾਂਦੇ ਹਨ। ਇਸ ਆਧੁਨਿਕ ਤੇ ਵਿਗਿਆਨਕ ਦੌਰ ਵਿੱਚ ਸਿਆਸੀ ਆਗੂ ਆਪਣੀਆਂ ਮਨਮਾਨੀਆਂ ਤਾਂ ਕਰਦੇ ਹੀ ਹਨ, ਬਲਕਿ ਭਾਰਤ ਵਰਸ਼ ਨੂੰ ਫਿਰਕੂ ਰੰਗਣ ਦੇ ਕੇ ਆਪਣੇ ਹਿਤਾਂ ਦੀ ਪੂਰਤੀ ਵੀ ਕਰਦੇ ਹਨ। ਅੰਧ ਵਿਸ਼ਵਾਸਾਂ ਦੇ ਖਾਤਮੇ ਲਈ ਕਾਨੂੰਨ ਬਣਨੇ ਜ਼ਰੂਰੀ ਹਨ ਪਰ ਇਸ ਤੋਂ ਵੀ ਪਰ੍ਹੇ ਜਾਂਦਿਆਂ ਮਨੁੱਖਤਾ ਨੂੰ ਜਾਗਰੂਕ ਕਰਨ ਦੀ ਲੋੜ ਹੈ। ਲੇਕਿਨ ਇਹ ਤਦ ਹੀ ਸੰਭਵ ਹੋ ਸਕੇਗਾ ਜੇਕਰ ਵਿਗਿਆਨਕ ਸੋਚ ਨੂੰ ਪ੍ਰਣਾਈਆਂ ਲਿਖਤਾਂ ਤੇ ਸਾਹਿਤ ਸਿਲੇਬਸ ਦਾ ਹਿੱਸਾ ਬਣਨ। ਵਹਿਮ ਭਰਮ ਉਪਜਾਉਂਦੇ ਟੀਵੀ ਸੀਰੀਅਲਾਂ ਅਤੇ ਫਿਲਮਾਂ ਉੱਪਰ ਵੀ ਰੋਕ ਲੱਗੇ। ਫੋਕੀਆਂ ਦਲੀਲਾਂ, ਅਪੀਲਾਂ ਜਾਂ ਚੰਦ ਬੰਦਿਆਂ ਲਈ ਸੈਮੀਨਾਰ ਹੀ ਕਾਫੀ ਨਹੀਂ, ਜਨ ਸਮੂਹ ਦੀ ਬਿਹਤਰੀ ਲਈ ਵੱਡੇ ਉਪਰਾਲੇ ਕਰਨੇ ਹੋਣਗੇ ਅਤੇ ਇਹ ਚੰਗਿਆਈ ਦਾ ਕੰਮ ਤੁਸੀਂ ਖੁਦ ਕਿਉਂ ਨਹੀਂ ਕਰ ਅਰੰਭ ਕਰਦੇ, ਕੀ ਇਸ ਲਈ ਕਿਸੇ ਦੀ ਸਹਿਮਤੀ ਦੀ ਉਡੀਕ ਪਏ ਕਰਦੇ ਹੋ?
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2350)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)