“ਪ੍ਰੰਤੂ ਉਦੋਂ ਬਹੁਤ ਦੁੱਖ ਹੁੰਦਾ ਹੈ ਜਦੋਂ ਪੜ੍ਹੇ ਲਿਖੇ ਵੀ ਜਾਣ ਬੁੱਝਕੇ ਜਾਂ ਲਾਈਲੱਗ ਸੋਚ ਦੇ ...”
(13 ਦਸੰਬਰ 2020)
ਭਾਰਤ ਹੀ ਨਹੀਂ ਪੂਰੀ ਦੁਨੀਆਂ ਵਿੱਚ ਹਮੇਸ਼ਾ ਹੀ ਜਾਤਾਂ ਤੇ ਧਰਮਾਂ ਦੇ ਬੋਲਬਾਲੇ ਰਹੇ ਹਨ, ਚੂੰਕਿ ਧਰਤੀ ਦੇ ਇਸ ਜੀਵ ਨੂੰ ਜਿਵੇਂ ਜਿਵੇਂ ਸੋਝੀ ਆਉਂਦੀ ਗਈ ਉਸਨੇ ਆਪਣੇ ਆਲੇ ਦੁਆਲੇ ਜਾਤਾਂ ਤੇ ਧਰਮਾਂ ਦੀ ਜ਼ਮੀਨ ਤਿਆਰ ਕਰ ਲਈ। ਬੰਜਰ ਜਾਂ ਜਰਖੇਜ਼, ਆਪਾਂ ਇਸ ਘੋਲ/ਚੱਕਰ ਵਿੱਚ ਨਹੀਂ ਪੈਂਦੇ। ਪੂਰੀ ਗਿਣਤੀ ਤਾਂ ਨਹੀਂ ਕੀਤੀ ਜਾ ਸਕਦੀ, ਪ੍ਰੰਤੂ ਵੱਡੀਆਂ ਛੋਟੀਆਂ ਜਾਤਾਂ ਤੇ ਧਰਮਾਂ ਨੂੰ ਮਿਲਾਕੇ ਹਰ ਇੱਕ ਨਿੱਕੇ ਵੱਡੇ ਮੁਲਕ ਵਿੱਚ ਅਣਗਿਣਤ ਕਬੀਲੇ ਵੀ ਹਨ, ਜਿਹਨਾਂ ਦੀਆਂ ਆਪੋ ਆਪਣੀਆਂ ਜਾਤਾਂ ਤੇ ਉਪ ਜਾਤਾਂ ਹਨ ਤੇ ਵੱਖੋ ਵੱਖ ਧਰਮਾਂ ਦੇ ਉਹ ਪੈਰੋਕਾਰ ਹਨ। ਜੇਕਰ ਆਪਾਂ ਭਾਰਤ ਦੇ ਪਿਛੋਕੜ ਵੱਲ ਵੀ ਬਹੁਤਾ ਨਾ ਜਾਈਏ ਤਾਂ ਹੁਣ ਵੀ ਇੱਥੋਂ ਦੇ ਕੁਝ ਇੱਕ ਮੁੱਖ ਧਰਮ ਹਨ, ਜਿਵੇਂ ਹਿੰਦੂ, ਬੋਧੀ, ਜੈਨੀ, ਸਿੱਖ, ਈਸਾਈ ਇਤਿਆਦਿ। ਜੇਕਰ ਜਾਤਾਂ, ਗੋਤਾਂ ਦੀ ਗੱਲ ਕਰਨੀ ਹੋਵੇ ਤਾਂ ਗਿਣਤੀ ਵੀ ਕਰਨੀ ਮੁਸ਼ਕਿਲ ਹੋ ਜਾਵੇਗੀ।
ਭਾਰਤ ਵਿੱਚ ਜਾਤ-ਪਾਤ ਪ੍ਰਣਾਲੀ ਮਨੂੰ ਦੇ ਕੰਮਵੰਡ ਸਿਧਾਂਤ ’ਤੇ ਆਧਾਰਿਤ ਸੀ ਜਿਸ ਨੇ ਸਾਡੇ ਸਮਾਜ ਦਾ ਸੁਆਰਿਆ ਤਾਂ ਸ਼ਾਇਦ ਕੁਝ ਨਾ ਹੋਵੇ ਪ੍ਰੰਤੂ ਵਿਗਾੜ ਵਧੇਰੇ ਪੈਦਾ ਕੀਤੇ ਹਨ ਅਤੇ ਜਿਸਦੇ ਨਤੀਜੇ ਅਸੀਂ ਅੱਜ ਤੀਕ ਵੀ ਭੁਗਤ ਰਹੇ ਹਾਂ। ਸਾਡੇ ਆਪਣੇ ਪੰਜਾਬ ਵਿੱਚ ਹਰ ਉੱਪਰਲੀ ਜਾਂ ਦਰਮਿਆਨੀ ਜਿਹੀ ਜਾਤ ਵਾਲਾ ਬੰਦਾ ਦੂਸਰੇ ਦੀ ਜਾਤ ਬਾਰੇ ਜਾਣਨ ਲਈ ਹਮੇਸ਼ਾ ਉਤਸੁਕ ਰਹਿੰਦਾ ਹੈ। ‘ਤੁਸੀਂ ਕੌਣ ਹੁੰਨੇ ਓਂ?’ ਸੁਣਕੇ ਤਾਂ ਸੁਣਨ ਵਾਲੇ ਦਾ ਕਲੇਜਾ ਵਲੂੰਧਰਿਆ ਜਾਂਦਾ ਹੈ। ਅਖੌਤੀ ਉੱਚੀ ਜਾਤ ਦੇ ਅਭਿਮਾਨੀ ਤਾਂ ਆਪਣੀ ਜਾਤ ਬਹੁਤ ਹੀ ਮਾਣ ਨਾਲ ਦੱਸਦੇ ਹਨ ਤੇ ਉੁਹਨਾਂ ਦੇ ਗੋਤ ਤੋਂ ਵੀ ਜ਼ਾਹਿਰ ਹੋ ਜਾਂਦਾ ਹੈ, ਲੇਕਿਨ ਅਖੌਤੀ ਨੀਵੀਂ ਜਾਤ ਵਾਲਿਆਂ ਦਾ ਚਿਹਰਾ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਹੈ। ਪ੍ਰੰਤੂ ਹੁਣ ਤਾਂ ਜਾਤਾਂ ਤੇ ਗੋਤਾਂ ਦਾ ਵੀ ਬਹੁਤਾ ਪਤਾ ਨਹੀਂ ਚਲਦਾ, ਹਕੀਕੀ ਤੌਰ ’ਤੇ ਪੁੱਛਣ ਜਾਂ ਪਤਾ ਕਰਨ ਜਾਂ ਛਾਣਬੀਣ ਤੋਂ ਹੀ ਗੱਲ ਸਾਹਮਣੇ ਆਉਂਦੀ ਹੈ ਕਿ ਫਲਾਂ ਬੰਦਾ ਕਿਸ ਜਾਤ ਦਾ ਹੈ। ਪਿੰਡਾਂ ਵਿੱਚ ਤਾਂ ਹਰ ਇਕ ਬਾਰੇ ਸਭ ਨੂੰ ਹੀ ਪਤਾ ਹੁੰਦਾ ਹੈ ਤੇ ਖਾਸ ਕਰਕੇ ਨੀਵੀਂ ਜਾਤੀ ਵਾਲਿਆਂ ਨੂੰ ‘ਵਿਹੜੇ ਆਲੇ’ ਕਹਿਕੇ ਪਿੰਡ ਵਾਲੇ ਸੰਬੋਧਨ ਹੁੰਦੇ ਹਨ। ਜੱਟਾਂ ਤੇ ਦੂਸਰੀਆਂ ਜਾਤਾਂ ਵਾਲਿਆਂ ਦਾ ਵੱਖਰਾ ਅਗਵਾੜ ਹੁੰਦਾ ਹੈ। ਇਹਨਾਂ ਦੇ ਗੁਰਦੁਆਰੇ ਵੀ ਆਪੋ ਆਪਣੀ ਥਾਂ ਹੁੰਦੇ ਹਨ। ਇਹ ਜਾਤ ਪ੍ਰਥਾ ਭਾਵੇਂ ਮਨੂੰ ਸਮ੍ਰਿਤੀਵਾਦੀਆਂ ਦੀ ਦੇਣ ਹੋਵੇ ਪ੍ਰੰਤੂ ਸਾਡਾ ਪੰਜਾਬ ਜੋ ‘ਜੀਊਂਦਾ ਗੁਰੂਆਂ ਦੇ ਨਾਮ ’ਤੇ’ ਹੈ, ਵੀ ਬਚਿਆ ਨਹੀਂ ਰਹਿ ਸਕਿਆ। ਇਸ ਤੋਂ ਭੈੜੀ ਵਾਦੀ ਭਲਾ ਹੋਰ ਕੀ ਹੋ ਸਕਦੀ ਹੈ!
‘ਰੱਬ ਦਾ ਜੀਵ’ ਕਿਸੇ ਪਾਸਿਓਂ ਵੀ ਸੰਤੁਸ਼ਟ ਹੁੰਦਾ ਨਹੀਂ ਜਾਪਦਾ। ਉਹ ਆਪਣੀ ਜਾਤੀ ਹਉਮੈਂ ਜਾਂ ਆਪਣੇ ਧਰਮ ਨੂੰ ਮਹਾਨ ਹੋਣ ਦਾ ਭਰਮ ਪਾਲਦਿਆਂ ਦੂਸਰੇ ਦੀ ਜਾਤੀ ਜਾਂ ਧਰਮ ਦਾ ਮਖੌਲ ਉਡਾਉਦਿਆਂ ਮਿੰਟ ਲਾਉਂਦਾ ਹੈ, ਜੋ ਅਤਿ ਨਿੰਦਣਯੋਗ ਵਰਤਾਰਾ ਹੈ। ਉਂਝ ਵੀ ਦੇਖਿਆ ਬਣਦਾ ਹੈ ਕਿ ਆਪੋ ਆਪਣੇ ਧਰਮਾਂ ਨੂੰ ਸ਼ਰਧਾਪੂਰਵਕ ਮੰਨਣ ਵਾਲੇ ਵਿਅਕਤੀ ਵੀ ਕਿੰਨੇ ਕੁ ਸਹਿਜ ਜਾਂ ਸਹਿਣਸ਼ੀਲ ਹਨ? ਹਾਲਾਂਕਿ ਇਸਦੇ ਉਲਟ ਹਰ ਇਕ ਧਰਮ ਅਸਥਾਨ ’ਤੇ ਪਹੁੰਚਣ ਵਾਲੇ ‘ਲੋਕ’ ਘੱਟ ਹੀ ਸੌੜੀ ਸੋਚ ਦੇ ਹੁੰਦੇ ਹਨ। ਦਰਅਸਲ ਉਹ ਭੋਲੇ ਭਾਲੇ ਵੀ ਹੁੰਦੇ ਹਨ ਤੇ ਅਨਜਾਣੇ ਹੀ ਹਰ ਇੱਕ ਪਵਿੱਤਰ ਥਾਂ ’ਤੇ ਸ਼ਰਧਾਵਾਨ ਹੁੰਦਿਆਂ ਜਾਂਦੇ ਰਹਿੰਦੇ ਹਨ। ਇਸਦੇ ਉਲਟ ਇੱਕੋ ਧਰਮ ਨੂੰ ਮੰਨਣ ਵਾਲੇ ਆਮ ਤੌਰ ’ਤੇ ਥੋੜ੍ਹਾ ਕੱਟੜਪੰਥੀ ਰਵਈਆ ਇਖਤਿਆਰ ਕਰਨ ਨੂੰ ਬਿੰਦ ਨਹੀਂ ਲਾਉਂਦੇ। ਬਹੁਤ ਹੀ ਘੱਟ ਲੋਕ ਜਾਂ ਸ਼ਰਧਾਲੂ ਹਨ ਜੋ ਆਪਣੇ ਧਰਮ ਤੋਂ ਬਿਨਾਂ ਦੂਸਰਿਆਂ ਦੇ ਧਰਮ ਦਾ ਵੀ ਆਦਰ ਕਰਦੇ ਹੋਣ। ਜਿਨ੍ਹਾਂ ਨੂੰ ਅਸੀਂ ਨਾਸਤਕ ਕਹਿਕੇ ਆਮ ਹੀ ਭੰਡ ਦਿੰਦੇ ਹਾਂ ਜਾਂ ਕਾਮਰੇਡੀ ਸੋਚ ਦਾ ਕਹਿਕੇ ਦੜ ਵੱਟ ਲੈਂਦੇ ਹਾਂ, ਉਹ ਆਮ ਕਰਕੇ ਹਾਂ ਪੱਖੀ ਸੋਚ ਦੇ ਧਾਰਨੀ ਹੁੰਦੇ ਹਨ। ਪ੍ਰੰਤੂ ਇਸਦੇ ਬਾਵਜੂਦ ਉਹਨਾਂ ਵਿੱਚੋਂ ਕੁਝ ਇੱਕ ਤੰਗਦਿਲੀਏ ਜਾਂ ਕਮਅਕਲੀਏ ਰੱਬ ਜਾਂ ਧਰਮਾਂ ਨੂੰ ਭੰਡਣ ਦਾ ਜ਼ਿੰਮਾ ਵੀ ਨਿਭਾਉਂਦੇ ਵੇਖੇ ਗਏ ਹਨ। ਪ੍ਰੰਤੂ ਸੱਚੀਂਮੁੱਚੀਂ ਨਿਰਪੱਖ ਸੋਚ ਰੱਖਣ ਵਾਲੇ ਲੋਕ ਘੱਟ ਹੀ ਹੁੰਦੇ ਹਨ ਜੋ ਹਮੇਸ਼ਾ ਤੇ ਹਰ ਇਕ ਵਕਤ ਫਿਰਾਖਦਿਲੀ ਦਾ ਸਬੂਤ ਪੇਸ਼ ਕਰਦਿਆਂ ਇਨਸਾਨੀਅਤ ਲਈ ਰਾਹ ਦਸੇਰੇ ਬਣਦੇ ਹੋਣ।
ਸਾਡੇ ਮਹਾਨ ਭਾਰਤ ਨੂੰ ਨਿਪੁੰਸਕਾਂ ਦੀ ਰਾਜਨੀਤੀ ਨੇ ਇਸ ਕਦਰ ਖੋਖਲਾ ਕਰ ਦਿੱਤਾ ਹੈ ਕਿ ਉਹਨਾਂ ਨੂੰ ਆਮ ਲੋਕ ਕੀੜੇ ਮਕੌੜੇ ਹੀ ਦਿਖਾਈ ਦਿੰਦੇ ਹਨ। ਇਨ੍ਹਾਂ ਵਾਸਤੇ ਜਾਤ, ਧਰਮ ਦੇ ਕੋਈ ਮਾਅਨੇ ਨਹੀਂ। ਇਹ ਤਾਂ ਧਰਮ-ਅਸਥਾਨਾਂ ’ਤੇ ਪਹੁੰਚਕੇ ਆਪਣੇ ਸ਼ਰਧਾਲੂ ਹੋਣ ਦਾ ਆਡੰਬਰ ਕਰਦੇ ਹਨ ਜਦੋਂ ਕਿ ਇਸ ਵਿੱਚ ਇਨ੍ਹਾਂ ਦੇ ਰਾਜਸੀ ਹਿਤ ਹੀ ਪ੍ਰਬਲ ਹੁੰਦੇ ਹਨ। ਜਾਤਾਂ ਤੇ ਧਰਮਾਂ ਦੇ ਨਾਂ ’ਤੇ ਇਹ ਰਾਜਨੀਤਕੀਏ ਹਮੇਸ਼ਾ ਲੋਕਾਂ ਵਿੱਚ ਵੰਡੀਆਂ ਪਾਉਂਦੇ ਆਏ ਹਨ। ਸਾਡੇ ਭੋਲੇਭਾਲੇ ਜਾਂ ਬੌਧਿਕ ਪੱਧਰ ਤੋਂ ਊਣੇ ਲੋਕਾਂ ਨੇ ਤਾਂ ਇਹਨਾਂ ਦੇ ਮਗਰ ਲੱਗਕੇ ਲੜਨਾ ਮਰਨਾ ਹੋਇਆ ਪ੍ਰੰਤੂ ਉਦੋਂ ਬਹੁਤ ਦੁੱਖ ਹੁੰਦਾ ਹੈ ਜਦੋਂ ਪੜ੍ਹੇ ਲਿਖੇ ਵੀ ਜਾਣ ਬੁੱਝਕੇ ਜਾਂ ਲਾਈਲੱਗ ਸੋਚ ਦੇ ਘਨੇੜੇ ਚੜ੍ਹਦਿਆਂ ਇਹਨਾਂ ਦੇ ਮਗਰ ਭੇਡਾਂ ਬੱਕਰੀਆਂ ਵਾਂਗ ਲੱਗ ਤੁਰਦੇ ਹਨ। ਸਾਨੂੰ ਜਾਤ-ਪਾਤ ਦੇ ਕੋਹੜ ਤੇ ਕੈਂਸਰ ਦੇ ਮੁਕੰਮਲ ਇਲਾਜ ਲਈ ਅੰਤਰਜਾਤੀ ਪ੍ਰੇਮ ਵਿਆਹਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਸਮੱਸਿਆਵਾਂ ਤਾਂ ਆਉਣਗੀਆਂ, ਪਰ ਉਹ ਕਿਹੜੀ ਸਮੱਸਿਆ ਹੈ ਜਿਸਦਾ ਕੋਈ ਸਮਾਧਾਨ ਇਸ ਧਰਤੀ ’ਤੇ ਨਹੀਂ ਹੈ। ਠੀਕ ਇਵੇਂ ਹੀ ਆਪਣੇ ਧਰਮ ਨੂੰ ਮੰਨਦਿਆਂ ਸਾਨੂੰ ਦੂਸਰੇ ਧਰਮਾਂ ਦਾ ਪੂਰਾ ਸਤਿਕਾਰ ਕਰਨਾ ਹੋਵੇਗਾ। ਆਪਾਂ ਜਿਸ ਸਭਿਅਕ ਸਮਾਜ ਵਿੱਚ ਰਹਿੰਦੇ ਤੇ ਵਿਚਰਦੇ ਹਾਂ, ਕੀ ਉੱਥੇ ਸਮਾਜਿਕ ਤੇ ਧਾਰਮਿਕ ਬੰਧਨਾਂ ਤੋਂ ਉੱਪਰ ਉਠਕੇ ਆਪਾਂ ਦੋਸਤਾਨਾ ਤੇ ਗਵਾਂਢੀ ਰਿਸ਼ਤੇ ਨਹੀਂ ਨਿਭਾਉਂਦੇ? ਕੀ ਆਪਾਂ ਇੱਕ ਦੂਸਰੇ ਨਾਲ ਰਸਮੀ ਜਾਂ ਮੁਹੱਬਤੀ ਸਾਂਝ ਨਿਭਾਉਂਦਿਆਂ ਇੱਕ ਦੂਸਰੇ ਦੇ ਸੁੱਖਾਂ ਦੁੱਖਾਂ ਦੇ ਸਾਥੀ ਨਹੀਂ ਬਣਦੇ? ਜੇਕਰ ਨਹੀਂ, ਤਾਂ ਸਾਨੂੰ ਮਨੁੱਖ ਕਹਾਉਣ ਦਾ ਵੀ ਕੋਈ ਹੱਕ ਨਹੀਂ ਰਹਿ ਜਾਂਦਾ!
ਆਪਾਂ ਸਾਰਿਆਂ ਨੂੰ ਲਾਲਚੀ ਤੇ ਖੁਦਗਰਜ਼ੀ ਦੇ ਮਾਹੌਲ ਵਿੱਚੋਂ ਗਰਦਣ ਉਠਾਕੇ ਅਤੇ ਜਾਤ ਪਾਤ ਤੇ ਧਰਮਾਂ ਤੋਂ ਉੱਪਰ ਉਠਕੇ ਲੜਾਈ ਲੜਨੀ ਹੋਵੇਗੀ। ਊਚ ਨੀਚ ਦੀ ਪਛਾਣ ਕਰਦਿਆਂ ਰਾਜਨੀਤਕ ਤੌਰ ’ਤੇ ਜਾਗਰੂਕ ਹੋਣਾ ਪਵੇਗਾ, ਤਦੇ ਇਸ ਦੇਸ਼ ਵਿੱਚੋਂ ਜਾਤ-ਪਾਤ ਤੇ ਫਿਰਕਿਆਂ, ਮਜ਼ਹਬਾਂ ਦਾ ਬਖੇੜਾ ਦੂਰ ਕੀਤਾ ਜਾ ਸਕਦਾ ਹੈ। ਮਹਾਂਪੁਰਖਾਂ ਦੇ ਨਾਉਂ ਵਰਤ ਕੇ ਹੀ ਵੱਡੇ ਹੋਣ ਦੇ ਭਰਮ ਤੋਂ ਜੇਕਰ ਅਸੀਂ ਨਿਜਾਤ ਪਾਉਣੀ ਹੈ ਤਾਂ ਸਾਨੂੰ ਵਿਅਕਤੀਗਤ ਸੋਚ ਨੂੰ ਪ੍ਰਚੰਡ ਕਰਦਿਆਂ ਸਾਰੀਆਂ ਜਾਤਾਂ ਤੇ ਧਰਮਾਂ ਨੂੰ ਬਰਾਬਰ ਸਵੀਕਾਰਦਿਆਂ ਇੱਕ ਤਰਕਯੁਕਤ ਸੰਘਰਸ਼ ਵਿੱਢਣਾ ਹੋਵੇਗਾ। ਇਸੇ ਵਿੱਚ ਸਾਡੇ ਪੰਜਾਬ ਦੀ ਵਡਿਆਈ ਹੈ ਤੇ ਸਮੁੱਚੇ ਭਾਰਤ ਦੀ ਭਲਾਈ ਵੀ।
ਇੱਥੇ ਮੰਨਾ ਡੇ ਦਾ ਗਾਇਆ ਫਿਲਮ ਪੈਗਾਮ ਦਾ ਇੱਕ ਗੀਤ ਇਨਸਾਨੀਅਤ ਦਾ ਪੈਗਾਮ ਦਿੰਦਾ ਨਜ਼ਰ ਆਉਂਦਾ ਹੈ:
ਇਨਸਾਨ ਕਾ ਇਨਸਾਨ ਸੇ ਹੋ ਭਾਈਚਾਰਾ,
ਯਹੀ ਪੈਗਾਮ ਹਮਾਰਾ ...।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2462)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)