“ਇਹਨਾਂ ਨੂੰ ਕਿਉਂ ਤਕਲੀਫ਼ ਦੇਣੀ ਐਂ ਪ੍ਰਿੰਸੀਪਲ ਸਾਹਿਬ? ਅਸੀਂ ਦੋਵਾਂ ਨੇ ...”
(16 ਸਤੰਬਰ 2020)
ਗੁਰਦੇਵ ਸਿੰਘ ਆਪਣੀ ਰਿਟਾਇਰਮੈਂਟ ਦੇ ਮਗਰੋਂ ਸਾਰੇ ਕੰਮ ਛੱਡ-ਛੱਡਾ ਕੇ ਬੜੇ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਬਹੁਤਾ ਕਰ ਲਿਆ, ਪੋਤੇ ਪੋਤੀਆਂ ਨੂੰ ਵੇਲੇ-ਕੁਵੇਲੇ ਸਕੂਲ ਛੱਡ ਆਇਆ। ਪੈਨਸ਼ਨਰਜ਼ ਯੂਨੀਅਨ ਜਾਂ ਸਿਟੀਜ਼ਨ ਵੈੱਲਫੇਅਰ ਕੌਂਸਲ ਦੀਆਂ ਮੀਟਿੰਗਾਂ ਵਿੱਚ ਜਾ ਆਇਆ। ਲਾਇਬਰੇਰੀ ਜਾ ਆਇਆ। ਉੱਥੋਂ ਕੋਈ ਕਿਤਾਬ ਕੱਢਵਾ ਲਿਆਇਆ। ਸਵੇਰੇ ਸ਼ਾਮ ਸੈਰ ਕਰ ਲਈ। ਅਜਿਹੇ ਰੁਝੇਵਿਆਂ ਨਾਲ ਉਹ ਆਪਣਾ ਸਮਾਂ ਚੰਗਾ ਲੰਘਾ ਰਿਹਾ ਸੀ।
ਇੱਕ ਦਿਨ ਅਚਾਨਕ ਗੁਰਦੇਵ ਸਿੰਘ ਨੂੰ ਦੋ ਜਣੇ ਮਿਲਣ ਆਏ। ਦੋਵੇਂ ਪਤੀ ਪਤਨੀ ਸਨ। ਪਤਨੀ ਸਕੂਲ ਸਿੱਖਿਆ ਬੋਰਡ ਵਿੱਚ ਅਫਸਰ ਸੀ। ਪਤੀ ਸੈਕਟਰੀਏਟ ਵਿੱਚ ਕਿਸੇ ਵਿਭਾਗ ਵਿੱਚ ਡਿਪਟੀ ਸੈਕਟਰੀ। ਇਹ ਜੋੜੀ ਪਹਿਲੋਂ ਵੀ ਗੁਰਦੇਵ ਸਿੰਘ ਨੂੰ ਅਤੇ ਉਹਦੇ ਪਰਿਵਾਰ ਦੇ ਬਾਕੀ ਜੀਆਂ ਨੂੰ ਮਿਲਦੀ ਮਿਲਾਉਂਦੀ ਰਹਿੰਦੀ ਸੀ। ਪਰ ਅੱਜ ਚਾਹ ਪਾਣੀ ਪੀਂਦਿਆਂ ਉਸ ਜੋੜੀ ਨੇ ਗੁਰਦੇਵ ਸਿੰਘ ਨਾਲ ਉਸ ਦੀ ਵਿਹਲ ਬਾਰੇ ਗੱਲਾਂ ਸ਼ੁਰੂ ਕਰ ਲਈਆਂ। ਪਤਨੀ ਨੇ ਪੁੱਛਿਆ, “ਅੰਕਲ ਤੁਸੀਂ ਅੱਜ ਕੱਲ੍ਹ ਹੋਰ ਕੀ ਕਰਦੇ ਹੁੰਦੇ ਓ, ... ਰੀਟਾਇਰਮੈਂਟ ਮਗਰੋਂ, ਵਿਹਲੇ ਸਮੇਂ ਵਿਚ ... ?”
“ਬੀਬੀ, ਬੱਸ ਕਿਤਾਬਾਂ-ਕਤੂਬਾਂ ਪੜ੍ਹ ਲਈਦੀਆਂ ਨੇ ... ਲਾਇਬਰੇਰੀ ਜਾ ਆਈਦੈ। ਅਖ਼ਬਾਰ ਦੇਖ ਲਈਦੇ ਨੇ ...। ਸੈਰ ਕਰ ਲਈਦੀ ਹੈ ... ਬੱਸ ਲੰਘੀ ਜਾਂਦਾ ਹੈ ਸਮਾਂ ...।”
“ਅੰਕਲ ਤੁਸੀਂ ਕਿਹੜੀ ਪੋਸਟ ਤੋਂ ਰਿਟਾਇਰ ਹੋਏ ਸੀ ਭਲਾ ...।” ਪਤੀ ਨੇ ਪੁੱਛਿਆ।
“ਮੈਂ ਬੇਟਾ ਲੈਕਚਰਾਰ ਸੀ ਪੰਜਾਬੀ ਦਾ, ਸੀਨੀਅਰ ਸੈਕੰਡਰੀ ਸਕੂਲ ਵਿਚ।”
“ਅੱਛਿਆ, ਸਾਨੂੰ ਨਹੀਂ ਸੀ ਪਤਾ ... ਫੇਰ ਤਾਂ ਤੁਸੀਂ ਐੱਮ.ਏ. ਪਾਸ ਹੋ।” ਪਤਨੀ ਬੋਲੀ।
“ਮੈਂ ਬੀਬਾ ਜੀ ਐੱਮ.ਏ. ਐੱਮ.ਐਡ. ਪਾਸ ਕੀਤੀ ਹੋਈ ਹੈ। ਬਹੁਤ ਚਿਰ ਪਹਿਲਾਂ ਮੈਂ ਗਿਆਨੀ ਪਾਸ ਕਰ ਲਈ ਸੀ ... ਜਦੋਂ ਮੈਂ ਜੇ.ਬੀ.ਟੀ. ਸਾਂ। ਮੇਰੀ ਭਾਈ ਨੌਕਰੀ ਉਨਤਾਲੀ ਸਾਲ ਦੋ ਮਹੀਨੇ ਦੀ ਹੈ। ਮੈਂ ਦਸਵੀਂ ਪਾਸ ਅਨਟਰੇਂਡ ਪ੍ਰਾਇਮਰੀ ਅਧਿਆਪਕ ਲੱਗਿਆ ਸਾਂ 1955 ’ਚ। ਸਾਰੀ ਪੜ੍ਹਾਈ ਮੈਂ ਸਰਵਿਸ ਦੌਰਾਨ ਹੀ ਕੀਤੀ ਹੈ। ਪ੍ਰਾਰਈਵੇਟ। ਹਾਂ ... ਬੀ.ਐੱਡ ਜ਼ਰੂਰ ਦਾਖਿਲ ਹੋ ਕੇ ਪਟਿਆਲੇ ਕੀਤੀ ਸੀ। ਐੱਮ.ਐੱਡ ਡਾਕ ਰਾਹੀਂ ਸ਼ਿਮਲਾ ਯੂਨੀਵਰਸਿਟੀ ਤੋਂ ਕੀਤੀ ਸੀ।” ਪਤੀ ਪਤਨੀ ਦੇ ਘੋਖ ਘੋਖ ਪੁੱਛਣ ਉੱਤੇ ਜਿਵੇਂ ਉਹਨੇ ਇੱਕੋ ਵਾਰ ਗੱਲ ਮੁਕਾ ਦਿੱਤੀ ਹੋਵੇ।
“ਧੰਨ ਹੋ ਤੁਸੀਂ ਅੰਕਲ, ਤੁਸੀਂ ਯੂਨੀਅਨਾਂ ਵਿੱਚ ਵੀ ਕੰਮ ਕਰਦੇ ਰਹੇ ... ਜੇਲਾਂ-ਜੂਲਾਂ ਵਿੱਚ ਵੀ ਜਾਂਦੇ ਰਹੇ। ਫੇਰ ਵੀ ਇੰਨਾ ਪੜ੍ਹ ਗਏ ...।” ਪਤੀ ਹੈਰਾਨ ਸੀ।
“ਭਾਈ ਸਾਰੇ ਕੰਮ ਵਿੱਚੇ ਚੱਲੀ ਜਾਂਦੇ ਹੁੰਦੇ ਨੇ, ਬੰਦੇ ਦਾ ਇਰਾਦਾ ਹੋਵੇ ਬੱਸ ... ਸਭ ਕੰਮ ਹੋਈ ਜਾਂਦੇ ਨੇ ...।”
ਪਤਨੀ ਨੇ ਹੁਣ ਗੰਭੀਰ ਹੋ ਕੇ ਗੱਲ ਕਰਨੀ ਸ਼ੁਰੂ ਕੀਤੀ, “ਅੰਕਲ ਜੀ ਮੈਂ ... ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਤੁਸੀਂ ਸਕੂਲ ਬੋਰਡ ਵੱਲੋਂ ਕਰਵਾਏ ਜਾਂਦੇ ਸਕੂਲਾਂ ਦੇ ਮੁਕਾਬਲਿਆਂ ਵਿੱਚ ਜੱਜ ਨਿਯੁਕਤ ਹੋ ਜਾਇਆ ਕਰੋ। ਵਿਸ਼ੇਸ਼ ਤੌਰ ’ਤੇ ਪੰਜਾਬ ਪੱਧਰ ਦੇ ਮੁਕਾਬਲਿਆਂ ਦੇ ...।”
“ਮੇਰੀ ਬੀਬਾ ਇਹਨਾਂ ਕੰਮਾਂ ਵਿੱਚ ਦਿਲਚਸਪੀ ਨਹੀਂ। ਦਰਅਸਲ ਮੈਂ ਕਈਆਂ ਦੇ ਕਹਿਣ-ਕਹਾਉਣ ਉੱਤੇ ਪਰਚੇ ਵੀ ਚੈੱਕ ਕੀਤੇ ਹਨ, ਇਮਤਿਹਾਨਾਂ ਵਿੱਚ ਦੋ ਚਾਰ ਵਾਰ ਸੁਪਰਟੈਂਡੈਂਟ ਵੀ ਲੱਗਿਆ ਹਾਂ ਪਰ ਮੈਂਨੂੰ ਇਹ ਕੰਮ ਚੰਗੇ ਨਹੀਂ ਲਗਦੇ। ਐਵੇਂ ਵਾਧੂ ਜਿਹੇ ਕੰਮ ਨੇ ਇਹ ...।” ਗੁਰਦੇਵ ਸਿੰਘ ਨੇ ਬੇਵਸੀ ਜ਼ਾਹਿਰ ਕੀਤੀ।
ਅਸਲ ਵਿੱਚ ਗੁਰਦੇਵ ਸਿੰਘ ਨੂੰ ਇਹਨਾਂ ਕੰਮਾਂ ਦੇ ਬੜੇ ਕੌੜੇ ਤਜਰਬੇ ਸਨ। ਇੱਕ ਵਾਰ ਜਦੋਂ ਉਸ ਨੂੰ ਅੱਸਵਿਆਂ ਵਿੱਚ ਅਤਿਵਾਦ ਦੇ ਦੌਰ ਵਿੱਚ ਇਸ ਸ਼ਹਿਰ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਬੇਨਤੀ ਕਰਕੇ ਸੁਪਰਟੈਂਡੈਂਟ ਲਾਇਆ ਗਿਆ ਸੀ ਤਾਂ ਔਖੇ ਵੇਲੇ ਕੋਈ ਨੇੜੇ ਨਹੀਂ ਸੀ ਖੜ੍ਹਿਆ। ਉਸ ਵੇਲੇ ਉਸ ਇਕੱਲੇ ਨੇ ਹੀ ਅਤਿਵਾਦੀਆਂ ਨਾਲ ਨਿਪਟਿਆ ਸੀ ਤੇ ਮਸਾਂ ਕੰਮ ਸਿਰੇ ਲਾਇਆ ਸੀ। ਇਸੇ ਤਰ੍ਹਾਂ ਇੱਕ ਹੋਰ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਇਮਤਿਹਾਨਾਂ ਵਿੱਚ ਡਿਊਟੀ ਕਰ ਰਹੇ ਸਟਾਫ ਨੂੰ ਪਾਰਟੀਆਂ ਕਰਨ ਤੋਂ ਮਸੀਨ ਵਰਜਿਆ ਸੀ ਤੇ ਸਟਾਫ ਉਸ ਤੋਂ ਅੱਡ ਔਖਾ ਹੋਇਆ ਪਿਆ ਸੀ।
ਗੁਰਦੇਵ ਸਿੰਘ ਨੂੰ ਸੋਚੀਂ ਪਿਆ ਦੇਖ ਕੇ ਪਤਨੀ ਬੋਲੀ, “ਚਲੋ ਅੰਕਲ ਜੀ, ਐਂ ਕਰੋ, ਮੇਰੇ ਕਹੇ ਤੋਂ ਤੁਸੀਂ ਪੰਜਾਬ ਪੱਧਰ ਦੇ ਲਿਖਣ, ਗਿੱਧੇ, ਭੰਗੜੇ, ਨਾਟਕਾਂ ਆਦਿ ਦੇ ਜੱਜ ਬਣ ਜਾਇਆ ਕਰੋ। ਸਾਨੂੰ ਤੁਹਾਡੇ ਵਰਗੇ ਸਤਿਕਾਰਯੋਗ ਬੰਦਿਆਂ ਦੀ ਬਹੁਤ ਲੋੜ ਹੈ। ਸਾਡੇ ਕੋਲ ਤਾਂ ਉੱਪਰੋਂ ਲੋਕ ਸਿਫ਼ਾਰਸ਼ਾਂ ਪਵਾਉਂਦੇ ਨੇ ਇਹਨਾਂ ਕੰਮਾਂ ਲਈ।” ਪਤਨੀ ਨੇ ਜਿਵੇਂ ਅੰਕਲ ਨੂੰ ਅਰਜੋਈ ਕੀਤੀ ਹੋਵੇ।
“ਚੰਗਾ ਭਾਈ, ਜਿਵੇਂ ਤੁਸੀਂ ਕਹਿੰਦੇ ਹੋ, ਇਹ ਵੀ ਕਰਕੇ ਦੇਖ ਲਵਾਂਗਾ ... ਪਰ ਰੱਖਿਓ ਮੈਂਨੂੰ ਆਪਣੇ ਸ਼ਹਿਰ ਵਿੱਚ ਹੀ, ਬਾਹਰ ਨਹੀਂ ਮੈਂ ਕਿਤੇ ਜਾ ਸਕਦਾ ...।” ਗੁਰਦੇਵ ਸਿੰਘ ਮੰਨ ਗਿਆ।
ਛੇ ਕੁ ਮਹੀਨੇ ਮਗਰੋਂ ਗੁਰਦੇਵ ਸਿੰਘ ਨੂੰ ਇੱਕ ਪਬਲਿਕ ਸਕੂਲ ਵਿੱਚ ਲੇਖ ਲਿਖਣ ਦੇ ਮੁਕਾਬਲਿਆਂ ਦਾ ਜੱਜ ਨਿਯੁਕਤ ਕੀਤਾ ਗਿਆ। ਗੁਰਦੇਵ ਸਿੰਘ ਸਮੇਂ ਸਿਰ ਸਕੂਲ ਪਹੁੰਚ ਗਿਆ। ਉੱਥੋਂ ਦਾ ਪ੍ਰਿੰਸੀਪਲ ਗੁਰਦੇਵ ਸਿੰਘ ਨੂੰ ਝੁਕ ਝੁਕ ਮਿਲੇ। ਸਾਰੇ ਸਟਾਫ ਨੂੰ ਮਿਲਾਵੇ। ਇੱਕ ਹੋਰ ਜੱਜ ਆਇਆ ਬੈਠਾ ਸੀ, ਜਿਸ ਨੂੰ ਗੁਰਦੇਵ ਸਿੰਘ ਪਹਿਲੋਂ ਹੀ ਜਾਣਦਾ ਸੀ। ਇਹ ਇੱਕ ਲੇਖਕ ਸੀ, ਕਹਾਣੀਆਂ ਨਾਵਲ ਲਿਖਦਾ ਸੀ। ਪ੍ਰਿੰਸੀਪਲ ਦੇ ਇਸ਼ਾਰੇ ਉੱਤੇ ਸਟਾਫ ਉਹਨਾਂ ਦੋਵਾਂ ਦੀ ਆਓ ਭਗਤ ਕਰ ਰਿਹਾ ਸੀ, ਡਰਾਈ ਫਰੂਟ, ਬਰਫ਼ੀ, ਪਕੌੜਿਆਂ ਆਦਿ ਨਾਲ।
ਪੰਜਾਬ ਪੱਧਰ ਦੇ ਸਕੂਲਾਂ ਵਿੱਚੋਂ ਚੁਣ ਕੇ ਆਏ ਵਿਦਿਆਰਥੀਆਂ ਨਾਲ ਉਹਨਾਂ ਦੇ ਸਕੂਲਾਂ ਦੇ ਅਧਿਆਪਕ ਵੀ ਸਨ। ਉਹ ਵੀ ਦੂਰੋਂ ਹੱਥ ਜੋੜ ਕੇ ਉਹਨਾਂ ਦਾ ਸਤਿਕਾਰ ਕਰ ਰਹੇ ਸਨ।
ਬਲੈਕ ਬੋਰਡ ਉੱਤੇ ਲੇਖ ਦੇ ਵਿਸ਼ੇ ਬਾਰੇ ਲਿਖਿਆ ਗਿਆ, ਜਿਸ ਬਾਰੇ ਲੇਖ ਲਿਖਿਆ ਜਾਣਾ ਸੀ। ਬੱਚੇ ਬੜੇ ਹੌਸਲੇ ਨਾਲ ਲੇਖ ਲਿਖ ਰਹੇ ਸਨ। ਵਿਸ਼ੇ ਉੱਤੇ ਲੇਖ ਲਿਖਣ ਮਗਰੋਂ ਦੋਵਾਂ ਜੱਜਾਂ ਨੇ ਪੇਪਰ ਚੈੱਕ ਕੀਤੇ। ਪ੍ਰਿੰਸੀਪਲ ਨੇ ਕਿਹਾ, “ਸਰ, ਸਕੂਲ ਬੋਰਡ ਵੱਲੋਂ ਇਹ ਸਰ ਆਏ ਹਨ, ਇਹੋ ਤੁਹਾਡੇ ਲਾਏ ਨੰਬਰਾਂ ਦੀ ਔਸਤ ਕੱਢ ਕੇ ਨਤੀਜਾ ਸੁਣਾਉਣਗੇ, ਫਸਟ, ਸੈਕਿੰਡ ਅਤੇ ਥਰਡ।” ਦੋਵਾਂ ਨੇ ਪ੍ਰਿੰਸੀਪਲ ਦੇ ਕਹੇ ਅਨੁਸਾਰ ਉਸ ਨੂੰ ਪੇਪਰ ਅਤੇ ਲਿਸਟਾਂ ਫੜਾ ਦਿੱਤੀਆਂ।
ਅੱਧੇ ਕੁ ਘੰਟੇ ਮਗਰੋਂ ਬੋਰਡ ਵੱਲੋਂ ਆਏ ਵਿਅਕਤੀ ਨੇ ਪੇਪਰਾਂ ਤੇ ਨੰਬਰਾਂ ਦੀ ਘੋਖ ਕਰਨ ਮਗਰੋਂ ਨਤੀਜਾ ਐਲਾਨ ਦਿੱਤਾ। ਜਿਸ ਸਕੂਲ ਵਿੱਚ ਮੁਕਾਬਲਾ ਹੋ ਰਿਹਾ ਸੀ, ਉਸੇ ਸਕੂਲ ਦਾ ਵਿਦਿਆਰਥੀ ਫਸਟ ਆਇਆ ਸੀ। ਸੈਕਿੰਡ ਅਤੇ ਥਰਡ ਵੀ ਇਸੇ ਸ਼ਹਿਰ ਦੇ ਦੋ ਪਬਲਿਕ ਸਕੂਲਾਂ ਦੇ ਵਿਦਿਆਰਥੀ ਸਨ।
ਗੁਰਦੇਵ ਸਿੰਘ ਨੂੰ ਗੱਲ ਜਚ ਨਹੀਂ ਰਹੀ ਸੀ। ਦੋਵਾਂ ਜੱਜਾਂ ਨੂੰ ਆਪ ਹੀ ਸਲਾਹ ਕਰਕੇ ਨਤੀਜਾ ਕੱਢਣਾ ਚਾਹੀਦਾ ਸੀ। ਇਹ ਬੋਰਡ ਦਾ ਬੰਦਾ ਕਿੱਥੋਂ ਆ ਗਿਆ? ਪਰ ਹੁਣ ਕੀ ਕੀਤਾ ਜਾਵੇ। ਨਤੀਜਾ ਤਾਂ ਐਲਾਨਿਆ ਜਾ ਚੁੱਕਾ ਸੀ। ਪਰ ਇਸ ਸਾਰੇ ਕਾਸੇ ਵਿੱਚ ਗੁਰਦੇਵ ਸਿੰਘ ਨੂੰ ਘਾਲਾ-ਮਾਲਾ ਲੱਗ ਰਿਹਾ ਸੀ।
ਅਗਲੇ ਸਾਲ ਫਿਰ ਗੁਰਦੇਵ ਸਿੰਘ ਨੂੰ ਕਿਸੇ ਹੋਰ ਪਬਲਿਕ ਸਕੂਲ ਵਿੱਚ ਸੂਬਾ ਪੱਧਰੀ ਮੁਕਾਬਲਿਆਂ ਲਈ ਨਿਯੁਕਤੀ ਪੱਤਰ ਆ ਗਿਆ। ਐਤਕੀਂ ਉਸ ਨੇ ਗਿੱਧਾ, ਭੰਗੜਾ ਅਤੇ ਨਾਟਕ ਆਦਿ ਦੀ ਜਜਮੈਂਟ ਕਰਨੀ ਸੀ। ਭਾਵ ਇਹ ਸੱਭਿਆਚਾਰਕ ਪ੍ਰੋਗਰਾਮਾਂ ਦੇ ਮੁਕਾਬਲੇ ਸਨ। ਇਹ ਮੁਕਾਬਲੇ ਦੋ ਦਿਨ ਚਲਣੇ ਸਨ।
ਜਦੋਂ ਗੁਰਦੇਵ ਸਿੰਘ ਪਹਿਲੇ ਦਿਨ ਉਸ ਸਕੂਲ ਵਿੱਚ ਪਹੁੰਚਿਆ ਤਾਂ ਗੇਟ ਤੋਂ ਸਕੂਲ ਦਾ ਵਾਈਸ ਪ੍ਰਿੰਸੀਪਲ ਆਪ ਲੈ ਕੇ ਗਿਆ। ਪ੍ਰਿੰਸੀਪਲ ਦੇ ਦਫਤਰ ਵਿੱਚ ਗਿਆ ਤਾਂ ਪ੍ਰਿੰਸੀਪਲ ਚੀਮਾ ਗੁਰਦੇਵ ਸਿੰਘ ਨੂੰ ਦੇਖਦੇ ਸਾਰ ਹੱਥ ਜੋੜ ਕੇ ਉੱਠ ਕੇ ਮਿਲਿਆ। ਦੂਜਾ ਜੱਜ ਪਹਿਲੋਂ ਹੀ ਉੱਥੇ ਆਇਆ ਬੈਠਾ ਸੀ। ਦੂਜੇ ਜੱਜ ਨੂੰ ਗੁਰਦੇਵ ਸਿੰਘ ਪਹਿਲੋਂ ਹੀ ਜਾਣਦਾ ਸੀ। ਪ੍ਰਿੰਸੀਪਲ ਨੇ ਗੁਰਦੇਵ ਸਿੰਘ ਅੱਗੇ ਡਰਾਈ ਫਰੂਟ ਕੀਤੇ। ਬਦਾਮ, ਕਾਜੂ, ਸੌਗੀ, ਪਿਸਤਾ। ਗੁਰਦੇਵ ਸਿੰਘ ਨੇ ਸ਼ਿਸ਼ਟਾਚਾਰ ਵਜੋਂ ਇੱਕ ਕਾਜੂ ਮੂੰਹ ਵਿੱਚ ਪਾ ਲਿਆ। ਹੁਣ ਪ੍ਰਿੰਸੀਪਲ ਦੋਵਾਂ ਜੱਜਾਂ ਨੂੰ ਆਪਣਾ ਸਕੂਲ ਦਿਖਾਉਣ ਨਾਲ ਲੈ ਤੁਰਿਆ। ਤਿੰਨ ਚਾਰ ਮੰਜ਼ਲਾਂ ਵਿੱਚ ਕਮਰੇ ਸਨ, ਅਰਧ-ਗੋਲ ਚੱਕਰ ਵਿੱਚ। ਫੇਰ ਪ੍ਰਿੰਸੀਪਲ ਗੁਰਦੇਵ ਸਿੰਘ ਹੋਰਾਂ ਨੂੰ ਲਿਫਟ ਰਾਹੀਂ ਉੱਪਰ ਬਣੇ ਹਾਲ ਵਿੱਚ ਲੈ ਗਿਆ। ਬਹੁਤ ਖੁੱਲ੍ਹਾ-ਡੁੱਲ੍ਹਾ ਹਾਲ ਸੀ। ਬੜੀ ਵਧੀਆ ਸਟੇਜ, ਲਾਈਟਾਂ,ਸਾਊਂਡ ਸਿਸਟਮ। ਪੰਜ ਸੌ ਕੁਰਸੀਆਂ ਲੱਗੀਆਂ ਹੋਈਆਂ ਸਨ। ਪ੍ਰਿੰਸੀਪਲ ਨੂੰ ਇੱਕ ਫ਼ੋਨ ਆਇਆ। ਉਹ ਫੋ਼ਨ ਉੱਤੇ ਕਹਿ ਰਹੇ ਸਨ, “ਫ਼ਿਕਰ ਨਾ ਕਰੋ, ਜੱਜ ਸਾਹਿਬਾਨ ਮੇਰੇ ਨਾਲ ਹਨ। ਇਹਨਾਂ ਨੂੰ ਸਕੂਲ ਦਾ ਚੱਕਰ ਮਰਵਾ ਰਿਹਾ ਹਾਂ, ਫ਼ਿਕਰ ਨਾ ਕਰੋ ... ਅਸੀਂ ਹੁਣੇ ਆ ਰਹੇ ਹਾਂ। ਤੁਸੀਂ ਸਾਰੀ ਤਿਆਰੀ ਕਰ ਲਵੋ। ਸਾਊਂਡ ਸਿਸਟਮ ਫਿੱਟ ਕਰ ਲਵੋ ... ਅਸੀਂ ਬੱਸ ਸਮਝੋ ਆ ਰਹੇ ਹਾਂ।”
ਗੁਰਦੇਵ ਸਿੰਘ ਅਤੇ ਦੂਜਾ ਜੱਜ, ਪ੍ਰਿੰਸੀਪਲ ਚੀਮਾ ਦੇ ਨਾਲ ਨਾਲ ਤੁਰੇ ਜਾ ਰਹੇ ਸਨ, ਉਸ ਖੁੱਲ੍ਹੀ ਸਟੇਜ ਵੱਲ ਜਿੱਥੇ ਸਭਿਆਚਾਰਕ ਮੁਕਾਬਲੇ ਹੋਣੇ ਸਨ। ਅੱਗੇ ਮੈਡਮਾਂ ਹੱਥਾਂ ਵਿੱਚ ਬੁੱਕੇ ਲਈ ਖੜ੍ਹੀਆਂ ਸਨ, ਜੱਜਾਂ ਦੇ ਸਤਿਕਾਰ ਲਈ। ਪ੍ਰਿੰਸੀਪਲ ਨੇ ਮਾਈਕ ਫੜਕੇ ਦੋਵਾਂ ਜੱਜਾਂ ਦੀ ਤਾਰੀਫ਼ ਕੀਤੀ। ਵਿਸ਼ੇਸ਼ ਕਰਕੇ ਗੁਰਦੇਵ ਸਿੰਘ ਨੂੰ ਸ਼ਹਿਰ ਦੇ ਉੱਘੇ ਅਤੇ ਸਤਿਕਾਰਯੋਗ ਵਿਅਕਤੀ ਦੱਸਿਆ। ਫੇਰ ਉਹਨਾਂ ਦੋਵਾਂ ਜੱਜਾਂ ਨੂੰ ਅੱਡ ਅੱਡ ਬਿਠਾਇਆ ਗਿਆ, ਦੂਰ ਦੂਰ। ਗੁਰਦੇਵ ਸਿੰਘ ਨੂੰ ਇੱਕ ਕੰਧ ਨਾਲ। ਦੂਜੇ ਜੱਜ ਨੂੰ ਵੀ ਇੱਕ ਹੋਰ ਪਰੇ ਸੋਫ਼ੇ ਉੱਤੇ। ਆਲੇ-ਦੁਆਲੇ ਵਿਦਿਆਰਥੀ, ਵਿਦਿਆਰਥਣਾਂ ਬੈਠੀਆਂ ਸਨ। ਬੱਚੇ ਉੱਚੀ ਉੱਚੀ ਗੱਲੀਂ ਲੱਗੇ ਹੋਏ ਸਨ। ਉਹਨਾਂ ਦੀ ਆਵਾਜਾਂ ਦੀ ਭਿਨਭਿਨਾਹਟ ਚਾਰੇ ਪਾਸੇ ਫੈਲੀ ਹੋਈ ਸੀ। ਮਾਹੌਲ ਵਿੱਚ ਗਰਮਜੋਸ਼ੀ ਅਤੇ ਉਤਸ਼ਾਹ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। ਜੱਜਾਂ ਦੀ ਸੇਵਾ ਵਿੱਚ ਮੈਡਮਾਂ ਅਤੇ ਪੀਅਨ ਲੱਗੇ ਹੋਏ ਸਨ। ਉਹਨਾਂ ਅੱਗੇ ਡਰਾਈ ਫਰੂਟ, ਚਾਹ, ਕਾਫ਼ੀ, ਪਨੀਰ ਪਕੌੜੇ ਆਦਿ ਰੱਖ ਰਹੇ ਸਨ।
ਅੱਜ ਪਹਿਲੇ ਦਿਨ ਭੰਗੜੇ ਦਾ ਮੁਕਾਬਲਾ ਹੋਣ ਜਾ ਰਿਹਾ ਸੀ। ਸਾਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਜ਼ੋਨਾਂ ਵਿੱਚੋਂ ਚੁਣ ਕੇ ਟੀਮਾਂ ਆਈਆਂ ਹੋਈਆਂ ਸਨ। ਪਰ ਗੁਰਦੇਵ ਸਿੰਘ ਬਹੁਤ ਪ੍ਰੇਸ਼ਾਨ ਸੀ। ਇਹ ਕੀ ਹੋ ਰਿਹਾ ਹੈ? ਜੱਜ ਸਦਾ ਦੂਰ ਦੂਰ ਕਿਉਂ ਬਿਠਾਏ ਜਾਂਦੇ ਹਨ? ਜੱਜ ਤਾਂ ਇਕੱਠੇ ਬਿਠਾਏ ਜਾਂਦੇ ਹਨ ਤਾਂਕਿ ਉਹ ਸਲਾਹ ਮਸ਼ਵਰਾ ਕਰ ਸਕਣ। ਗੁਰਦੇਵ ਸਿੰਘ ਨੂੰ ਪ੍ਰਿੰਸੀਪਲ ਨੇ ਦੋ ਬੰਦਿਆਂ ਨੂੰ ਮਿਲਾਉਂਦਿਆਂ ਕਿਹਾ, “ਜਨਾਬ, ਇਹ ਸੱਜਣ ਬੋਰਡ ਵੱਲੋਂ ਆਏ ਹਨ। ਨਿਗਰਾਨੀ ਲਈ ...।”
“ਨਿਗਰਾਨੀ? ਨਿਗਰਾਨੀ ਕਾਹਦੀ? ਜੱਜਾਂ ਉੱਤੇ ਨਿਗਰਾਨੀ? ਮੈਂ ਸਮਝਿਆ ਨਹੀਂ?” ਗੁਰਦੇਵ ਸਿੰਘ ਨੇ ਜਿਵੇਂ ਕੋਰਾ ਹੁੰਦਿਆਂ ਪੁੱਛਿਆ।
“ਇਹ ਇਸੇ ਤਰ੍ਹਾਂ ਹੀ ਹੁੰਦਾ ਹੈ ਜੀ।” ਦੋਵੇਂ ਸੱਜਣ ਇਕੱਠੇ ਬੋਲੇ।
“ਦਿਖਾਓ ਆਪਣੇ ਨਿਯੁਕਤੀ ਪੱਤਰ? ਇਹ ਤਾਂ ਮੈਂ ਪਹਿਲੀ ਵਾਰ ਦੇਖਿਐ, ਜੱਜਾਂ ਉੱਤੇ ਨਿਗਰਾਨੀ?” ਅੱਜ ਗੁਰਦੇਵ ਸਿੰਘ ਜਿਵੇਂ ਆਪਣੀ ਆਈ ਉੱਤੇ ਆਇਆ ਹੋਇਆ ਸੀ। ਅਸਲ ਵਿੱਚ ਉਸ ਨੂੰ ਜਿਵੇਂ ਪਹਿਲੋਂ ਹੀ ਖਟਕ ਗਈ ਹੋਵੇ।
“ਦੇਖੋ ਸਰ, ਸਾਨੂੰ ਬੋਰਡ ਵੱਲੋਂ ਹੀ ਭੇਜਿਆ ਗਿਆ ਹੈ। ਐਵੇਂ ਥੋੜੋ ਅਸੀਂ ਆ ਸਕਦੇ ਹਾਂ? ਆਪਣੀ ਡਿਊਟੀ ਛੱਡ ਕੇ?” ਉਹ ਦੋਵੇਂ ਜਿਵੇਂ ਇਕੱਠੇ ਹੀ ਬੋਲੇ ਹੋਣ।
ਪ੍ਰਿੰਸੀਪਲ ਚੀਮਾ ਨੇ ਢੰਗ ਨਾਲ ਗੱਲ ਬੋਚਦਿਆਂ ਕਿਹਾ, “ਗੁਰਦੇਵ ਸਿੰਘ ਜੀ ਇਹ ਦੋਵੇਂ ਪੀ.ਐੱਚ.ਡੀ. ਹਨ। ਬੋਰਡ ਵਿੱਚ ਦੋਵੇਂ ਵਿਸ਼ਾ ਮਾਹਿਰ ਲੱਗੇ ਹੋਏ ਹਨ, ਜ਼ਿੰਮੇਵਾਰ ਬੰਦੇ ਨੇ ... ਤੁਸੀਂ ਫ਼ਿਕਰ ਨਾ ਕਰੋ, ਇਹਨਾਂ ਦੀ ਜ਼ਿੰਮੇਵਾਰੀ ਮੇਰੀ ਹੈ, ਬੱਸ ...।”
“ਅਸੀਂ ਜੀ, ਤੁਹਾਨੂੰ ਬਹੁਤ ਚਿਰ ਤੋਂ ਜਾਣਦੇ ਹਾਂ ਗੁਰਦੇਵ ਜੀ ... ਤੁਸੀਂ ਕਈ ਵਾਰ ਬੋਰਡ ਦੇ ਕਰਮਚਾਰੀਆਂ ਦੀ ਰੈਲੀਆਂ ਨੂੰ ਸੰਬੋਧਨ ਕਰਕੇ ਗਏ ਹੋ। ਸਾਡੇ ਪਿੰਡ ਵੀ ਦੋਵਾਂ ਦੇ ਇੱਥੋਂ ਨੇੜੇ ਹੀ ਹਨ ਜੀ ... ਇਹਨਾਂ ਦਾ ਮਨੌਲੀ, ਮੇਰਾ ਚੁੰਨ੍ਹੀ ਕਲਾਂ ...।” ਉਹਨਾਂ ਵਿੱਚੋਂ ਇੱਕ ਜਣਾ ਬੋਲ ਰਿਹਾ ਸੀ।
“ਕੋਈ ਨੀ, ਕੋਈ ਨੀ, ... ਫਿਰੋ ਤੁਰੋ ਤੁਸੀਂ ਵੀ ਐਥੇ ... ਸਾਨੂੰ ਕੋਈ ਇਤਰਾਜ਼ ਨਹੀਂ ... ਦੇਖੋ ਤੁਸੀਂ ਮੁਕਾਬਲੇ ਹੁੰਦੇ।” ਗੁਰਦੇਵ ਸਿੰਘ ਨੇ ਗੱਲ ਮੁਕਾਉਂਦਿਆਂ ਕਿਹਾ।
ਦੂਜਾ ਜੱਜ ਵੀ ਗੱਲਾਂ ਹੁੰਦੀਆਂ ਦੇਖ ਕੇ ਕੋਲ ਆ ਗਿਆ। ਉਸ ਨੇ ਗੁਰਦੇਵ ਸਿੰਘ ਦੀ ਗੱਲ ਦੀ ਹਾਮੀ ਭਰੀ। ਗੁਰਦੇਵ ਸਿੰਘ ਅਤੇ ਇਸ ਜੱਜ ਨੇ ਪਟਿਆਲੇ ਇਕੱਠਿਆਂ ਬੀ.ਐੱਡ. ਕੀਤੀ ਸੀ। ਗੁਰਦੇਵ ਸਿੰਘ ਕਾਲਜ ਵਿੱਚ ਬਣੀ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸੀ ਅਤੇ ਇਹ ਜੱਜ ਸ਼ਮਸ਼ੇਰ ਸਿੰਘ ਉਸ ਦੀ ਐਗਜ਼ੈਕਟਿਵ ਦਾ ਮੈਂਬਰ। ਉਹਨੇ ਕਾਲਜ ਵਿੱਚ ਵੀ ਦੇਖਿਆ ਸੀ ਕਿ ਗੁਰਦੇਵ ਸਿੰਘ ਆਪਣੇ ਅਸੂਲਾਂ ਤੋਂ ਮੁੜਨ ਵਾਲਾ ਨਹੀਂ ਹੈ। ਸ਼ਮਸ਼ੇਰ ਸਿੰਘ ਸਾਊ, ਧੀਮਾ ਬੋਲਣ ਵਾਲਾ ਸੀ। ਅੱਜ ਕੱਲ੍ਹ ਇਹਦੀਆਂ ਲਿਖਤਾਂ ਪੰਜਾਬੀ ਦੇ ਰਿਸਾਲਿਆਂ ਅਤੇ ਅਖ਼ਬਾਰਾਂ ਵਿੱਚ ਛਪਦੀਆਂ ਸਨ। ਉਹ ਭਾਵੇਂ ਧੀਮੇ ਮਿਜਾਜ਼ ਦਾ ਸੀ ਪਰ ਸੱਚ ਨਾਲ ਡਟ ਕੇ ਖੜ੍ਹ ਜਾਂਦਾ ਸੀ।
ਇੱਕ ਮੈਡਮ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਾਈਕ ਉੱਤੇ ਅਨਾਉਂਸ ਕੀਤਾ ਕਿ ਭੰਗੜੇ ਦੀ ਟੀਮ ਸਟੇਜ ਉੱਤੇ ਆ ਜਾਵੇ। ਢੋਲ ਦਾ ਡੱਗਾ ਵੱਜਿਆ। ਭੰਗੜੇ ਦੇ ਕਲਾਕਾਰਾਂ ਨੇ ਹੱਥਾਂ ਵਿੱਚ ਡਾਂਗਾਂ ਫੜੀਆਂ ਹੋਈਆਂ ਸਨ ਅਤੇ ਲੱਗੇ ਹੁਣ ਵਾਰੋ ਵਾਰੀ ਉਹ ਆਪਣੇ ਕਰਤਵ ਦਿਖਾਉਣ।
ਮੈਡਮਾਂ ਦੋਵਾਂ ਜੱਜਾਂ ਅੱਗੇ ਡਰਾਈ ਫਰੂਟ ਅਤੇ ਪਕੌੜੇ ਆਦਿ ਰੱਖ ਰਹੀਆਂ ਸਨ। ਇੱਕ ਪਲੇਟ ਵਿੱਚ ਕਾਜੂ ਬਰਫ਼ੀ ਵੀ ਆ ਗਈ ਸੀ। ਕਾਫ਼ੀ ਦਾ ਕੱਪ ਜੱਜਾਂ ਕੋਲ ਪਿਆ ਹੀ ਰਹਿੰਦਾ ਸੀ। ਕਦੇ ਕਦੇ ਉਹ ਮੂੰਹ ਹਿਲਾਉਣ ਖ਼ਾਤਰ ਭੁੱਜੇ ਹੋਏ ਕਾਜੂ ਦਾ ਦਾਣਾ ਚੁੱਕ ਕੇ ਮੂੰਹ ਵਿੱਚ ਪਾ ਲੈਂਦੇ ਜਾਂ ਕਾਫ਼ੀ ਦੀਆਂ ਚੁਸਕੀਆਂ ਲੈਂਦੇ। ਹੁਣ ਸਾਰਾ ਮਾਹੌਲ ਹੀ ਬਹੁਤ ਰੰਗੀਨ ਬਣਿਆ ਹੋਇਆ ਸੀ। ਢੋਲ ਦੇ ਡੱਗੇ ਉੱਤੇ ਜਵਾਨ ਨੱਚ ਰਹੇ ਸਨ। ਮੁੰਡੇ ਕੁੜੀਆਂ ਤਾੜੀਆਂ ਮਾਰ ਮਾਰ ਭੰਗੜੇ ਵਾਲਿਆਂ ਦਾ ਹੌਸਲਾ ਵਧਾ ਰਹੇ ਸਨ।
ਇੱਕ ਪੀ.ਐੱਚ.ਡੀ. ਪਾਸ ਵਿਸ਼ਾ ਮਾਹਿਰ ਗੁਰਦੇਵ ਸਿੰਘ ਕੋਲ ਆ ਕੇ ਕੰਨ ਵਿੱਚ ਕਹਿਣ ਲੱਗਾ, “ਸਰ, ਪ੍ਰਿੰਸੀਪਲ ਸਾਹਿਬ ਨੇ ਕਿਹੈ ਕਿ ਤੁਸੀਂ ਸ਼ਾਮ ਨੂੰ ਸੱਤ ਕੁ ਵਜੇ ਤਾਜ ਹੋਟਲ ਵਿੱਚ ਪਹੁੰਚ ਜਾਣਾ, ਉੱਥੇ ਆਪਾਂ ਬੈਠਾਂਗੇ। ਆਪਣੇ ਨਾਲ ਆਪਣਾ ਕੋਈ ਦੋਸਤ-ਮਿੱਤਰ ਵੀ ਲੈਂਦੇ ਆਉਣਾ।”
ਗੁਰਦੇਵ ਸਿੰਘ ਨੇ ਉੇਸ ਵੱਲ ਦੇਖਕੇ ਮੁਸਕਰਾਉਂਦਿਆਂ ਕਿਹਾ, “ਕੋਈ ਨੀ, ... ਦੇਖਾਂਗੇ ਡਾਕਟਰ ਸਾਹਿਬ। ਪਹਿਲਾਂ ਆਹ ਕੰਮ ਨਿਪਟਾ ਲਈਏ।”
ਹੁਣ ਸਾਰੇ ਜ਼ੋਨਾਂ ਵਿੱਚੋਂ ਆਈਆਂ ਟੀਮਾਂ ਦੇ ਭੰਗੜੇ ਖ਼ਤਮ ਹੋ ਚੁੱਕੇ ਸਨ। ਇਸ ਸ਼ਹਿਰ ਦੇ ਜ਼ੋਨ ਦੀ ਪ੍ਰਤੀਨਿਧਤਾ ਇਸੇ ਸਕੂਲ ਦੀ ਭੰਗੜੇ ਦੀ ਟੀਮ ਕਰ ਰਹੀ ਸੀ। ਹੁਣ ਸਾਰਾ ਮਾਹੌਲ ਹੀ ਨਤੀਜਾ ਉਡੀਕ ਰਿਹਾ ਸੀ। ਘੁਸਰ-ਮੁਸਰ ਹੋ ਰਹੀ ਸੀ। ਦੋਵੇਂ ਜੱਜ ਨਤੀਜਾ ਕੱਢਣ ਲਈ ਨੇੜੇ-ਨੇੜੇ ਆਏ। ਉੇਸੇ ਵੇਲੇ ਪ੍ਰਿੰਸੀਪਲ ਚੀਮਾ ਅਤੇ ਸਿੱਖਿਆ ਬੋਰਡ ਦੇ ਦੋਵੇਂ ਕਰਮਚਾਰੀ ਵੀ ਨੇੜੇ ਆ ਗਏ। ਪ੍ਰਿੰਸੀਪਲ ਨੇ ਕਿਹਾ, “ਗੁਰਦੇਵ ਸਿੰਘ ਜੀ, ਲਿਆਓ ਤੁਸੀਂ ਆਪਣੇ ਆਪਣੇ ਲਾਏ ਨੰਬਰਾਂ ਦੀ ਕਾਪੀ। ਆਪਾਂ ਇਹ ਬੋਰਡ ਵਾਲਿਆਂ ਨੂੰ ਦੇ ਦੇਈਏ ਤਾਂਕਿ ਇਹ ਨਤੀਜਾ ਕੱਢ ਦੇਣ।" ਪ੍ਰਿੰਸੀਪਲ ਬੜੇ ਹੀ ਸਲੀਕੇ ਨਾਲ ਗੱਲ ਕਰ ਰਿਹਾ ਸੀ।
ਗੁਰਦੇਵ ਸਿੰਘ ਬੋਲਿਆ, “ਆਪਾਂ ਨੇ ਇਹਨਾਂ ਨੂੰ ਕਿਉਂ ਤਕਲੀਫ਼ ਦੇਣੀ ਐਂ ਪ੍ਰਿੰਸੀਪਲ ਸਾਹਿਬ? ਅਸੀਂ ਦੋਵਾਂ ਨੇ ਪਰੇ ਸੋਫ਼ੇ ਉੱਤੇ ਬੈਠ ਕੇ ਨਤੀਜਾ ਕੱਢ ਦੇਣੈ। ਅਨਾਉਂਸ ਵੀ ਅਸੀਂ ਆਪ ਹੀ ਕਰ ਦੇਵਾਂਗੇ। ...ਠੀਕ ਐ ਨਾ ਪ੍ਰਿੰਸੀਪਲ ਸਾਹਿਬ।”
“ਅਨਾਊਂਸ ... ਅਨਾਊਂਸ ਤਾਂ ...” ਪ੍ਰਿੰਸੀਪਲ ਥਿੜਕ ਥਿੜਕ ਬੋਲ ਰਿਹਾ ਸੀ। ਅਸਲ ਵਿੱਚ ਉਸ ਨੂੰ ਪਤਾ ਸੀ ਕਿ ਗੁਰਦੇਵ ਸਿੰਘ ਛੇਤੀ ਮੰਨਣ ਵਾਲਾ ਨਹੀਂ ਹੈ।
“ਹਾਂ, ਹਾਂ, ਚੀਮਾ ਸਾਹਿਬ ... ਅਨਾਉਂਸ ਵੀ ਅਸੀਂ ਕਰ ਦਿਆਂਗੇ। ਜੱਜ ਹੀ ਅਨਾਉਂਸ ਕਰਦੇ ਸ਼ੋਭਦੇ ਨੇ ...।” ਗੁਰਦੇਵ ਸਿੰਘ ਨੇ ਜਿਵੇਂ ਠੋਕ ਕੇ ਗੱਲ ਕੀਤੀ ਹੋਵੇ।
ਕੋਈ ਚਾਰਾ ਚਲਦਾ ਨਾ ਦੇਖ ਕੇ ਪ੍ਰਿੰਸੀਪਲ ਚੀਮਾ ਅਤੇ ਦੋਵੇਂ ਉਹ ਪੀ.ਐੱਚ.ਡੀ. ਕਰਮਚਾਰੀ ਪੈਰ ਮਲਦੇ ਮਲਦੇ ਪਰੇ ਨੂੰ ਚਲੇ ਗਏ ਅਤੇ ਇੱਕ ਵੱਖਰੇ ਰੱਖੇ ਸੋਫ਼ੇ ਉੱਤੇ ਬੈਠ ਗਏ।
ਦੋਵੇਂ ਜੱਜ ਇੱਕ ਸੁਰ ਸਨ। ਗੁਰਦੇਵ ਸਿੰਘ ਇਹਨਾਂ ਪ੍ਰਾਈਵੇਟ ਸਕੂਲ ਵਾਲਿਆਂ ਦੀਆਂ ਆਪਹੁਦਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਪਿੱਛੇ ਜਿਹੇ ਇਸੇ ਸਕੂਲ ਬਾਰੇ ਖ਼ਬਰ ਛਪੀ ਸੀ ਕਿ ਇੱਕ ਵਿਦਿਆਰਥੀ ਨੂੰ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਅਖੇ ਇਸ ਨੇ ਮੋਟਰ ਸਾਈਕਲ ਚਲਾਉਣ ਵੇਲੇ ਹੈਲਮੈਟ ਕਿਉਂ ਨਹੀਂ ਪਾਈ ਸੀ? ਭਲਾ ਹੈਲਮਟ ਨਾ ਪਾਉਣ ਦਾ ਚਲਾਨ ਪੁਲਿਸ ਨੇ ਕਰਨਾ ਹੁੰਦਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਨੇ? ਬਹਾਨੇ ਬਹਾਨੇ ਬੱਚਿਆਂ ਤੋਂ ਪੈਸੇ ਬਟੋਰੇ ਜਾਂਦੇ ਸਨ। ਐਵੇਂ ਤਾਂ ਨਹੀਂ ਕਨਾਲ ਦੀ ਕੋਠੀ ਵਿੱਚ ਕਿਰਾਏ ਉੱਤੇ ਚਲਦਾ ਸਕੂਲ ਐਡੇ ਵੱਡੇ ਸਕੂਲ ਦੇ ਰੂਪ ਵਿੱਚ ਬਦਲ ਗਿਆ ਸੀ?
ਦੋਵਾਂ ਜੱਜਾਂ ਨੇ ਨਤੀਜਾ ਕੱਢਿਆ। ਗੁਰਦੇਵ ਸਿੰਘ ਨੇ ਨਾਲ ਦੇ ਜੱਜ ਸ਼ਮਸ਼ੇਰ ਸਿੰਘ ਨੂੰ ਕਿਹਾ, “ਲਓ ਸ਼ਮਸ਼ੇਰ ਜੀ, ਤੁਸੀਂ ਸੁਣਾਓ ਨਤੀਜਾ ... ਜਾਓ ਸਟੇਜ ਉੱਤੇ ...।”
“ਓ ਨਹੀਂ ਜੀ ... ਨਹੀਂ ... ਭਲਾ ਮੈਂ ਥੋਡੇ ਹੁੰਦਿਆਂ ਨਤੀਜਾ ਕੱਢ ਸਕਦਾ ਹਾਂ? ਤੁਸੀਂ ਹੀ ਸਜਦੇ ਹੋ ਅਨਾਊਂਸ ਕਰਦੇ ... ਉਂਝ ਵੀ ਤੁਸੀਂ ਸਾਡੇ ਲੀਡਰ ਹੋ।” ਸ਼ਮਸ਼ੇਰ ਸਿੰਘ ਨੇ ਗੁਰਦੇਵ ਸਿੰਘ ਨੂੰ ਬਾਂਹ ਤੋਂ ਫੜਕੇ ਸਟੇਜ ਵੱਲ ਕੀਤਾ।
ਗੁਰਦੇਵ ਸਿੰਘ ਨਤੀਜਾ ਲੈ ਕੇ ਮਾਈਕ ਸਾਹਮਣੇ ਚਲਾ ਗਿਆ। ਸਾਰੇ ਮਾਹੌਲ ਵਿੱਚ ਹਿਲਜੁਲ ਹੋਈ। ਸਾਰਾ ਸਟਾਫ ਅਤੇ ਵਿਦਿਆਰਥੀ ਸਾਹ ਰੋਕੀ ਨਤੀਜਾ ਉਡੀਕ ਰਹੇ ਸਨ।
ਸਭ ਤੋਂ ਪਹਿਲਾਂ ਗੁਰਦੇਵ ਸਿੰਘ ਨੇ ਪ੍ਰਿੰਸੀਪਲ ਅਤੇ ਸਟਾਫ ਦਾ ਧੰਨਵਾਦ ਕੀਤਾ, ਚੰਗਾ ਬੰਦੋਬਸਤ ਕਰਨ ਲਈ। ਫਿਰ ਉਸ ਨੇ ਪ੍ਰਿੰਸੀਪਲ ਚੀਮਾ ਨੂੰ ਆਪਣੇ ਕੋਲ ਸਟੇਜ ਉੱਤੇ ਬੁਲਾਇਆ। ਪ੍ਰਿੰਸੀਪਲ ਚੀਮਾ ਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ ਕਿ ਕਿਵੇਂ ਇਹਨਾਂ ਸਖ਼ਤ ਮਿਹਨਤ ਅਤੇ ਲਗਨ ਨਾਲ ਸਕੂਲ ਨੂੰ ਇੱਥੋਂ ਤਕ ਪਹੁੰਚਾਇਆ ਹੈ। ਜਿਉਂ ਜਿਉਂ ਗੁਰਦੇਵ ਸਿੰਘ ਪ੍ਰਿੰਸੀਪਲ ਦੀਆਂ ਸਿਫ਼ਤਾਂ ਕਰ ਰਿਹਾ ਸੀ, ਉਵੇਂ ਉਵੇਂ ਪ੍ਰਿੰਸੀਪਲ ਦਾ ਚਿਹਰਾ ਹੋਰ ਸਾਊ ਅਤੇ ਸੰਜੀਦਾ ਬਣਦਾ ਜਾ ਰਿਹਾ ਸੀ ਪਰ ਨਾਲ ਹੀ ਚਿਹਰੇ ਉੱਪਰ ਹਲਕੀ ਤ੍ਰੇਲੀ ਵੀ ਝਲਕ ਰਹੀ ਸੀ। ਹੁਣ ਗੁਰਦੇਵ ਨੇ ਆਪਣੇ ਸਾਥੀ ਜੱਜ ਸ਼ਮਸ਼ੇਰ ਸਿੰਘ ਦੀ ਤਾਰੀਫ਼ ਕੀਤੀ। ਉਸ ਬਾਰੇ ਦੱਸਿਆ ਕਿ ਇਹ ਪੰਜਾਬੀ ਵਾਰਤਕ ਦੇ ਪ੍ਰਸਿੱਧ ਲੇਖਕ ਹਨ। ਅਖ਼ਬਾਰਾਂ ਰਿਸਾਲਿਆਂ ਵਿੱਚ ਛਪਦੇ ਨੇ। ਇਹਨਾਂ ਦੀ ਸ਼ੈਲੀ ਬਿਲਕੁਲ ਪੰਜਾਬੀ ਦੇ ਸਿਰਮੌਰ ਲੇਖਕ ਗੁਰਬਖ਼ਸ ਸਿੰਘ ਪ੍ਰਤੀਲੜੀ ਵਰਗੀ ਹੈ। ਜਦੋਂ ਸਾਰਾ ਮਾਹੌਲ ਗੁਰਦੇਵ ਸਿੰਘ ਨੇ ਬੰਨ੍ਹ ਲਿਆ ਤਾਂ ਉਸ ਨੇ ਪ੍ਰਿੰਸੀਪਲ ਨੂੰ ਆਪਣੀ ਥਾਂ ਬੈਠਣ ਲਈ ਕਿਹਾ।
ਹੁਣ ਗੁਰਦੇਵ ਸਿੰਘ ਬੜੇ ਹੀ ਵਿਸ਼ਵਾਸ ਨਾਲ ਨਤੀਜਾ ਅਨਾਊਂਸ ਕਰਨ ਲੱਗਾ। ਸਭ ਤੋਂ ਪਹਿਲਾਂ ਗੁਰਦੇਵ ਸਿੰਘ ਨੇ ਤੀਜੇ ਨੰਬਰ ਉੱਤੇ ਆਈ ਟੀਮ ਦਾ ਨਾਂ ਬੋਲਿਆ। ਤੀਜੇ ਨੰਬਰ ਉੱਤੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੀ ਟੀਮ ਦੇ ਆਉਣ ਬਾਰੇ ਦੱਸਿਆ। ਹੇਠੋਂ ਤਾੜੀ ਵੱਜੀ। ਪਰ ਬਹੁਤੀ ਨਹੀਂ।
ਦੂਜੇ ਨੰਬਰ ਉੱਤੇ ਆਈ ਟੀਮ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਦਾ ਨਾਂ ਬੋਲਿਆ ਗਿਆ। ਹੁਣ ਵੀ ਤਾੜੀ ਬਹੁਤੀ ਨਹੀਂ ਵੱਜੀ। ਲਗਦਾ ਸੀ ਜਿਵੇਂ ਬਾਹਰੋਂ ਆਈਆਂ ਟੀਮਾਂ ਨੇ ਹੀ ਤਾੜੀਆਂ ਮਾਰੀਆਂ ਹੋਣ।
ਹੁਣ ਫਸਟ ਆਈ ਟੀਮ ਬਾਰੇ ਜਾਨਣ ਲਈ ਸਭ ਉਤਾਵਲੇ ਸਨ। ਸਾਰੇ ਸਟਾਫ ਅਤੇ ਪ੍ਰਿੰਸੀਪਲ ਦੇ ਚਿਹਰਿਆਂ ਉੱਤੇ ਬੇਚੈਨੀ ਸਾਫ਼ ਦਿਸ ਰਹੀ ਸੀ। ਪਹਿਲੇ ਅਨਾਊਂਸ ਕੀਤੇ ਦੋ ਨਤੀਜਿਆਂ ਨੂੰ ਦੇਖਣ ਨਾਲ ਉਹਨਾਂ ਦੇ ਦਿਲ ਬੈਠ ਰਹੇ ਸਨ। ਗੁਰਦੇਵ ਸਿੰਘ ਨੇ ਇੱਕ ਉਤੇਜਿਤ ਮਾਹੌਲ ਸਿਰਜਣ ਮਗਰੋਂ ਹੌਲੀ ਜਿਹੀ ਬੋਲਿਆ, “ਅੱਜ ਦੇ ਭੰਗੜੇ ਦੇ ਹੋਏ ਮੁਕਾਬਲਿਆਂ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲਾਣਾ ਦੀ ਟੀਮ ਫਸਟ ਆਈ ਹੈ। ਮੈਂ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੰਦਾ ਹਾਂ ... ਇਹ ਨਾ ਸਮਝਣਾ ਕਿ ਬਾਕੀ ਟੀਮਾਂ ਨੇ ਭੰਗੜਾ ਚੰਗਾ ਨਹੀਂ ਪਾਇਆ। ਸਾਰੀਆਂ ਟੀਮਾਂ ਹੀ ਇੱਕ ਤੋਂ ਇੱਕ ਵੱਧ ਸਨ ...। ਪ੍ਰਿੰਸੀਪਲ ਸਾਹਿਬ ਅਤੇ ਸਾਰੇ ਸਟਾਫ ਮੈਂਬਰਾਂ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਹਿਯੋਗ ਦੇਣ ਲਈ ਅਸੀਂ ਬਹੁਤ ਰਿਣੀ ਹਾਂ ...।”
ਬਾਹਰੋਂ ਆਈਆਂ ਟੀਮਾਂ ਨੇ ਜ਼ੋਰਦਾਰ ਤਾੜੀਆਂ ਮਾਰੀਆਂ। ਪਰ ਇਸ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਘੁਸਰ-ਮੁਸਰ ਕਰ ਰਹੇ ਸਨ। ਉਹ ਵੀ ਚੁੱਪ-ਚਾਪ ਉੱਠ ਕੇ ਜਾ ਰਹੇ ਸਨ। ਫਸਟ ਆਈ ਟੀਮ ਦੇ ਮੈਂਬਰ ਅਤੇ ਉਹਨਾਂ ਦੇ ਨਾਲ ਆਏ ਅਧਿਆਪਕ ਬੜੇ ਹੀ ਗਰਮਜੋਸ਼ੀ ਅਤੇ ਚੜ੍ਹਦੀ ਕਲਾ ਵਿੱਚ ਸਨ। ਉਹ ਉੱਚੀ-ਉੱਚੀ ਬੋਲ ਰਹੇ ਸਨ, “ਜੱਜ ਸਾਹਿਬਾਨ ਬਹੁਤ ਸ਼ੁਕਰੀਆ ... ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਬਾਹਰਲੇ ਸਕੂਲ ਦੀ ਟੀਮ ਫਸਟ ਆਈ ਹੈ, ਨਹੀਂ ਤਾਂ ਹੁਣ ਤਕ ਇਸੇ ਸ਼ਹਿਰ ਦੇ ਜਿਸ ਸਕੂਲ ਵਿੱਚ ਮੁਕਾਬਲੇ ਹੁੰਦੇ ਹਨ, ਉਸੇ ਸਕੂਲ ਦੀ ਟੀਮ ਫਸਟ ਆਉਂਦੀ ਰਹੀ ਹੈ।”
ਬਾਹਰਲੀਆਂ ਟੀਮਾਂ ਛਾਲਾਂ ਮਾਰਦੀਆਂ ਜਾ ਰਹੀਆਂ ਸਨ ਜਿਵੇਂ ਉਹਨਾਂ ਅੱਜ ਕੋਈ ਮਾਅਰਕਾ ਮਾਰ ਲਿਆ ਹੁੰਦਾ ਹੈ। ਪੰਡਾਲ ਲਗਭਗ ਖਾਲੀ ਹੋ ਚੁੱਕਾ ਸੀ। ਸਾਊਂਡ ਅਤੇ ਟੈਂਟ ਵਾਲੇ ਦੋ ਚਾਰ ਬੰਦੇ ਆਪਣਾ ਆਪਣਾ ਸਾਜ਼ੋ ਸਾਮਾਨ ਸੰਭਾਲ ਰਹੇ ਸਨ।
ਗੁਰਦੇਵ ਸਿੰਘ ਨੂੰ ਨਾ ਤਾਂ ਗੇਟ ਤਕ ਛੱਡਣ ਲਈ ਕੋਈ ਆਇਆ ਤੇ ਨਾ ਸ਼ਾਮ ਨੂੰ ਤਾਜ ਵਿੱਚ ਬੈਠਣ ਦੀ ਦਾਅਵਤ ਦਾ ਸੱਦਾ ਦੇਣ ਵਾਲਾ ਸੱਜਣ ਹੀ ਕਿਧਰੇ ਨਜ਼ਰੀਂ ਪਿਆ। ਨਾ ਹੀ ਆਪਣੀ ਗੱਡੀ ਵਿੱਚ ਘਰ ਛੱਡ ਆਉਣ ਦਾ ਵਾਅਦਾ ਕਰਨ ਵਾਲੇ ਪ੍ਰਿੰਸੀਪਲ ਚੀਮਾ ਦਾ ਕੋਈ ਸੁਨੇਹਾ ਆਇਆ। ਹੁਣ ਗੁਰਦੇਵ ਸਿੰਘ ਆਪੇ ਸਕੂਲ ਦਾ ਗੇਟ ਖੋਲ੍ਹ ਮੇਨ ਰੋਡ ’ਤੇ ਪੁੱਜਾ ਅਤੇ ਉੱਥੋਂ ਆਟੋ ਵਿੱਚ ਬੈਠ ਆਪਣੇ ਘਰ ਵਲ ਨੂੰ ਚੱਲ ਪਿਆ। ਦੂਜਾ ਜੱਜ ਪਹਿਲੋਂ ਹੀ ਜਾ ਚੁੱਕਾ ਸੀ।
ਦੂਜੇ ਦਿਨ ਗਿੱਧੇ ਦੀਆਂ ਟੀਮਾਂ ਦੇ ਮੁਕਾਬਲੇ ਹੋਣੇ ਸਨ। ਸਮੇਂ ਸਿਰ ਗੁਰਦੇਵ ਸਿੰਘ ਅਤੇ ਸ਼ਮਸ਼ੇਰ ਸਿੰਘ ਸਕੂਲ ਪਹੁੰਚ ਗਏ। ਗੇਟ ਉੱਪਰ ਸਕਿਉਰਿਟੀ ਗਾਰਡ ਨੇ ਉਨ੍ਹਾਂ ਨੂੰ ਰੋਕ ਕੇ ਕੰਮ ਪੁੱਛਿਆ ਤਾਂ ਉਨ੍ਹਾਂ ਦੱਸਿਆ ਉਹ ਸਕੂਲ ਵਿੱਚ ਹੋ ਰਹੇ ਮੁਕਾਬਲਿਆਂ ਦੇ ਜੱਜ ਹਨ। ਗਾਰਡ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕਰਦਿਆਂ ਅੰਦਰ ਫ਼ੋਨ ਮਿਲਾਇਆ ਤੇ ਅੰਦਰੋਂ ਹਾਮੀ ਹੋਣ ਮਗਰੋਂ ਉਹਨਾਂ ਨੂੰ ਛੋਟੇ ਗੇਟ ਰਾਹੀਂ ਅੰਦਰ ਆਉਣ ਦਾ ਇਸ਼ਾਰਾ ਕੀਤਾ।
“ਕੀ ਗੱਲ ਕਾਕਾ ਐਨੀ ਛੇਤੀ ਭੁੱਲ ਗਿਆ ਸਾਨੂੰ? ਹਾਲੇ ਕੱਲ੍ਹ ਤਾਂ ਆਏ ਸੀ ਅਸੀਂ। ਵਾਈਸ ਪ੍ਰਿੰਸੀਪਲ ਸਾਨੂੰ ਆਪ ਲੈ ਕੇ ਗਏ ਸਨ ਗੇਟ ਤੋਂ ...।” ਗੁਰਦੇਵ ਸਿੰਘ ਨੇ ਕਿਹਾ।
“ਪਛਾਣ ਤਾਂ ਲਿਆ ਸੀ, ਪਰ ਕੀ ਕਰਾਂ ... ਸਾਡੀ ਡਿਉਟੀ ਹੈ ਜੀ, ਤੁਸੀਂ ਆਓ ਅੰਦਰ।” ਗਾਰਡ ਥੋੜ੍ਹਾ ਕੱਚਾ ਜਿਹਾ ਸੀ।
ਅੱਜ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਵਿੱਚੋਂ ਕੋਈ ਵੀ ਉਹਨਾਂ ਦੇ ਨੇੜੇ ਨਹੀਂ ਸੀ ਆ ਰਿਹਾ। ਗੁਰਦੇਵ ਸਿੰਘ ਨੇ ਹੀ ਪ੍ਰਿੰਸੀਪਲ ਚੀਮਾ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ। ਬਾਕੀ ਸਟਾਫ ਨੂੰ ਵੀ ਦੋਵੇਂ ਜੱਜ ਆਪ ਜਾ ਜਾ ਮਿਲ ਰਹੇ ਸਨ। ਅੱਜ ਸਕੂਲ ਦੇ ਸਟਾਫ ਵਿੱਚ ਕੱਲ੍ਹ ਵਰਗਾ ਉਤਸ਼ਾਹ ਨਹੀਂ ਸੀ। ਬੱਸ ਉਹਨਾਂ ਦਾ ਜ਼ਿੰਮਾ ਜਿਵੇਂ ਸਿਰਫ ਸਟੇਜ ਅਤੇ ਮਾਈਕ ਦੇਣਾ ਹੀ ਹੋਵੇ।
ਪੰਡਾਲ ਵਿੱਚ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਕੱਲ੍ਹ ਵਾਂਗ ਹੀ ਬੈਠੇ ਸਨ। ਪ੍ਰਿੰਸੀਪਲ ਚੀਮਾ ਵੀ ਇੱਕ ਸੋਫ਼ੇ ਉੱਤੇ ਬੈਠਾ ਸੀ। ਗੁਰਦੇਵ ਸਿੰਘ ਅਤੇ ਸ਼ਮਸ਼ੇਰ ਸਿੰਘ ਕੱਲ੍ਹ ਵਾਂਗ ਆਪ ਹੀ ਆਪਣੀ ਆਪਣੀ ਥਾਂ ਉੱਤੇ ਬੈਠ ਗਏ।
ਗਿੱਧੇ ਦੀਆਂ ਟੀਮਾਂ ਦੇ ਮੁਕਾਬਲੇ ਸ਼ੁਰੂ ਹੋਏ। ਬਾਹਰੋਂ ਆਈਆਂ ਟੀਮਾਂ ਦੇ ਨਾਲ ਆਏ ਅਧਿਆਪਕ ਅਤੇ ਮੈਡਮਾਂ ਜਿਵੇਂ ਆਪਣੇ ਆਪ ਸਾਰਾ ਕੰਮ ਸੰਭਾਲ ਰਹੇ ਸਨ। ਇਸ ਸਕੂਲ ਦੇ ਗਿੱਧੇ ਦੀ ਟੀਮ ਦੀ ਇੰਚਾਰਜ ਅਧਿਆਪਕਾ ਆਪਣੀ ਟੀਮ ਦੇ ਨਾਲ ਬੈਠੀ ਸੀ।
ਅੱਜ ਜੱਜਾਂ ਕੋਲ ਡਰਾਈ ਫਰੂਟ, ਪਨੀਰ ਪਕੌੜੇ, ਚਾਹ ਜਾਂ ਕਾਫ਼ੀ ਤਾਂ ਕੀ ਆਉਣੀ ਸੀ, ਉਹਨਾਂ ਨੂੰ ਕੋਈ ਪਾਣੀ ਵੀ ਨਹੀਂ ਸੀ ਪੁੱਛ ਰਿਹਾ। ਕੋਈ ਚਪੜਾਸੀ ਵੀ ਨੇੜੇ ਨਹੀਂ ਆਇਆ। ਗੁਰਦੇਵ ਸਿੰਘ ਅੰਦਰੋਂ ਬਹੁਤ ਖੁ਼ਸ਼ ਸੀ। ਮਨ ਹੀ ਮਨ ਵਿੱਚ ਹੱਸ ਰਿਹਾ ਸੀ। ਅੱਜ ਸਕੂਲ ਬੋਰਡ ਦੇ ਦੋ ਪੀ.ਐੱਚ.ਡੀ. ਅਧਿਕਾਰੀ ਵੀ ਕਿਧਰੇ ਨਹੀਂ ਸਨ ਨਜ਼ਰ ਆ ਰਹੇ।
ਸਟੇਜ ਉੱਤੇ ਕੁੜੀਆਂ ਗਿੱਧਾ ਪਾ ਰਹੀਆਂ ਸਨ। ਦੂਰ ਤਕ ਚਾਰ ਚੁਫ਼ੇਰੇ ਗਿੱਧੇ ਦੀਆਂ ਧਮਾਲਾਂ ਸੁਣ ਰਹੀਆਂ ਸਨ। ਕੁੜੀਆਂ ਇੱਕ ਤੋਂ ਇੱਕ ਵੱਧ ਚੜ੍ਹ ਕੇ ਬੋਲੀਆਂ ਪਾ ਰਹੀਆਂ ਸਨ। ਸਕੂਲ ਦੇ ਨੇੜੇ ਕੋਠੀਆਂ ਦੀਆਂ ਬਾਲਕੋਨੀਆਂ ਵਿੱਚ ਖੜ੍ਹੇ ਔਰਤ ਮਰਦ ਗਿੱਧਾ ਦੇਖ ਰਹੇ ਸਨ।
ਘੰਟੇ ਕੁ ਮਗਰੋਂ ਗੁਰਦੇਵ ਸਿੰਘ ਨੂੰ ਪਿਆਸ ਲੱਗੀ। ਭਾਵੇਂ ਦਸੰਬਰ ਦਾ ਮਹੀਨਾ ਸੀ, ਪਰ ਧੁੱਪ ਤਿੱਖੀ ਸੀ। ਉਹਦਾ ਪਾਣੀ ਪੀਣ ਨੂੰ ਜੀਅ ਕੀਤਾ। ਉਹਨੇ ਆਲੇ-ਦੁਆਲੇ ਬੈਠੇ ਬੱਚਿਆਂ ਨੂੰ ਪਾਣੀ ਪਿਲਾਉਣ ਲਈ ਆਖਿਆ। ਪਰ ਉਹ ਸਾਰੇ ਗਿੱਧਾ ਦੇਖਣ ਵਿੱਚ ਗਲਤਾਨ ਸਨ। ਗੁਰਦੇਵ ਸਿੰਘ ਨੂੰ ਇੱਕ ਚਪੜਾਸੀ ਨਜ਼ਰੀਂ ਪਿਆ। ਉਹਦੀ ਅੱਖ ਗੁਰਦੇਵ ਸਿੰਘ ਨਾਲ ਮਿਲੀ। ਉਹਨੇ ਚਪੜਾਸੀ ਨੂੰ ਹੱਥ ਨਾਲ ਇਸ਼ਾਰਾ ਕਰਕੇ ਕੋਲ ਬੁਲਾਇਆ। ਚਪੜਾਸੀ ਪੈਰ ਮਲਦਾ-ਮਲਦਾ ਆ ਰਿਹਾ ਸੀ। ਜਿਵੇਂ ਆਉਣਾ ਨਾ ਚਾਹੁੰਦਾ ਹੋਵੇ। ਗੁਰਦੇਵ ਸਿੰਘ ਨੇ ਕਿਹਾ, “ਯਾਰ ਪਾਣੀ ਤਾਂ ਪਿਲਾ ਜ਼ਰਾ ... ਪਿਆਸ ਲੱਗੀ ਹੈ ਬਹੁਤ ...” ਚਪੜਾਸੀ ਬਿਨਾਂ ਜਵਾਬ ਦਿੱਤੇ ਵਾਪਸ ਚਲਾ ਗਿਆ। ਬਿੰਦ ਕੁ ਮਗਰੋਂ ਉਹ ਇੱਕ ਜੱਗ ਵਿੱਚ ਪਾਣੀ ਅਤੇ ਗਿਲਾਸ ਲੈ ਆਇਆ। ਗੁਰਦੇਵ ਸਿੰਘ ਨੇ ਉਹਦਾ ਧੰਨਵਾਦ ਕਰਦਿਆਂ ਕਿਹਾ, “ਸ਼ੁਕਰੀਆ ਜਨਾਬ, ਹੁਣ ਤੁਸੀਂ ਐਂ ਕਰੋ, ਆਹ ਜੱਗ ਤੇ ਗਿਲਾਸ ਰੱਖ ਜਾਓ ਮੇਜ਼ ਉੱਤੇ ...।” ਚਪੜਾਸੀ ਚੁੱਪ-ਚਾਪ ਜੱਗ ਅਤੇ ਗਿਲਾਸ ਮੇਜ਼ ਉੱਤੇ ਰੱਖ ਗਿਆ। ਗੁਰਦੇਵ ਸਿੰਘ ਨੇ ਮਹਿਸੂਸ ਕੀਤਾ ਕਿ ਅਸਲੀ ਸਤਿਕਾਰ ਉਹਨਾਂ ਦਾ ਅੱਜ ਹੋ ਰਿਹਾ ਸੀ।
ਗੁਰਦੇਵ ਸਿੰਘ ਵੱਲੋਂ ਨਤੀਜਾ ਐਲਾਨਣ ਮਗਰੋਂ ਮੁਕਾਬਲੇ ਸਮਾਪਤ ਹੋ ਗਏ ਸਨ। ਅੱਜ ਇਸ ਸ਼ਹਿਰ ਦੇ ਕਿਸੇ ਵੀ ਸਕੂਲ ਦੀ ਗਿੱਧੇ ਦੀ ਟੀਮ ਪਹਿਲੀਆਂ ਦੋ ਥਾਵਾਂ ਉੱਤੇ ਨਾ ਆ ਸਕੀਆਂ।
ਗੁਰਦੇਵ ਸਿੰਘ ਨੂੰ ਮੁੜ ਕਦੇ ਸਕੂਲ ਸਿੱਖਿਆ ਬੋਰਡ ਵੱਲੋਂ ਜੱਜ ਬਣਨ ਲਈ ਸੱਦਾ ਨਹੀਂ ਆਇਆ। ਨਾ ਹੀ ਕਦੇ ਉਹ ਬੀਬੀ ਮਿਲਣ ਆਈ ਜਿਹੜੀ ਗੁਰਦੇਵ ਸਿੰਘ ਨੂੰ ਬਹੁਤ ਸਤਿਕਾਰਯੋਗ ਸਮਝਦੀ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2340)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)