RipudamanRoop7ਅਸੀਂ ਸਾਰੇ ਪੰਜਾਬੀ ਭਾਸ਼ਾ ਦੀ ਪੰਜਾਬ ਵਿਚ ਹੋ ਰਹੀ ਦੁਰਦਸ਼ਾ ...
(20 ਫਰਬਰੀ 2018)

 

ਪੰਜਾਬੀ ਭਾਸ਼ਾ ਦੇ ਭਵਿੱਖ ਦਾ ਫਿਕਰ ਕਰਨਾ ਵੀ ਬਣਦਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਚੁਣੌਤੀਆਂ ਵੀ ਬੜੀਆਂ ਨੇ। ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਪੰਜਾਬ ਦੀ ਧਰਤੀ ਵਿਚ ਡੂੰਘੀਆਂ ਲਹੀਆਂ ਹੋਈਆਂ ਹਨ। ਭਾਵੇਂ ਉੱਪਰੋਂ ਭਾਸਦਾ ਹੈ ਕਿ ਪੰਜਾਬੀ ਦਾ ਭਵਿੱਖ ਖਤਰੇ ਵਿਚ ਹੈ, ਪਰ ਜਾਨਦਾਰ ਭਾਸ਼ਾ ਕਦੇ ਮਰਦੀ ਨਹੀਂ ਹੁੰਦੀ। ਪੰਜਾਬੀ ਭਾਸ਼ਾ ਨੂੰ ਤਬਾਹ ਕਰਨ ਦੇ ਬੜੇ ਯਤਨ ਹੋਏ ਹਨ। ਪਹਿਲਾਂ ਮੁਸਲਮਾਨ ਅਤੇ ਮੁਗ਼ਲ ਧਾੜਵੀਆਂ ਦੇ ਆਉਣ ਨਾਲ ਪੰਜਾਬੀ ਨੂੰ ਸੱਟ ਵੱਜੀ। ਮੁਸਲਮਾਨ ਅਤੇ ਮੁਗ਼ਲਾਂ ਦੇ ਆਉਣ ਨਾਲ ਅਰਬੀ ਫਾਰਸੀ ਦਾ ਗ਼ਲਬਾ ਹੋਣ ਲੱਗਾ। ਉਹਨਾਂ ਦੀ ਭਾਸ਼ਾ ਦਾ ਅਸਰ ਸਾਡੇ ਉੱਤੇ ਹੋਣ ਲੱਗਾ। ਕੁਦਰਤੀ ਹੈ ਕਿ ਹਾਕਮਾਂ ਦਾ ਅਸਰ ਰਿਆਇਆ ਕਬੂਲਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਵੀ ਬਾਬਾ ਫ਼ਰੀਦ ਅਤੇ ਗੁਰੂਆਂ ਦੀ ਭਾਸ਼ਾ ਨੂੰ ਨਹੀਂ ਅਪਣਾਇਆ। ਉਹਦੇ ਰਾਜ ਵਿਚ ਵੀ ਫ਼ਾਰਸੀ ਦਾ ਬੋਲਬਾਲਾ ਰਿਹਾ।

ਅੰਗਰੇਜ਼ਾਂ ਨੇ ਰਹਿੰਦੀ-ਖੂੰਦੀ ਕਸਰ ਕੱਢ ਦਿੱਤੀ। ਅੰਗਰੇਜ਼ ਸਾਮਰਾਜ ਨੂੰ ਪਤਾ ਸੀ ਕਿ ਅੰਗਰੇਜ਼ੀ ਭਾਸ਼ਾ ਪੰਜਾਬੀਆਂ ਉੱਤੇ ਠੋਸ ਕੇ ਹੀ ਇਹਨਾਂ ਨੂੰ ਜ਼ਿਹਨੀ ਤੌਰ ਉੱਤੇ ਗੁਲਾਮ ਬਣਾਇਆ ਜਾ ਸਕਦਾ ਹੈ। ਅੰਗਰੇਜ਼ ਵਿਦਵਾਨ ਮੈਕਾਲੇ ਨੇ ਆਪਣੇ ਪਿਤਾ ਨੂੰ ਚਿੱਠੀ ਵਿਚ ਲਿਖਿਆ ਸੀ ਕਿ ਭਾਰਤੀ ਅੰਗਰੇਜ਼ਾਂ ਤੋਂ ਤਾਂ ਭਾਵੇਂ ਆਜ਼ਾਦੀ ਪ੍ਰਾਪਤ ਕਰ ਸਕਦੇ ਹਨ, ਪਰ ਅੰਗਰੇਜ਼ੀ ਦੇ ਸਦੀਆਂ ਤੱਕ ਗੁਲਾਮ ਰਹਿਣਗੇ। ਕਿਸੇ ਕੌਮ ਨੂੰ ਜੇ ਨਿੱਸਲ ਕਰਨਾ ਹੋਵੇ ਤਾਂ ਉਸ ਦੀ ਭਾਸ਼ਾ ਅਤੇ ਸੱਭਿਆਚਾਰ ਨੂੰ ਤਹਿਸ-ਨਹਿਸ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਸਦੀਆਂ ਤੋਂ ਅੰਗਰੇਜ਼ੀ ਨੂੰ ਪੰਜਾਬੀ ਨਾਲੋਂ ਵੱਧ ਅਪਣਾਉਂਦੇ ਹਾਂ।

1952 ਵਿਚ ਪੰਜਾਬ ਵਿਚ ਮਰਦਮਸ਼ੁਮਾਰੀ ਵੇਲੇ ਆਪਣੀ ਮਾਤ ਭਾਸ਼ਾ ਪੰਜਾਬੀ ਅਤੇ ਹਿੰਦੀ ਵਿਚ ਲਿਖਵਾਉਣ ਕਰਕੇ ਪਾਟਕ ਪੈ ਗਏ ਸਨ। ਦੋ ਫਿਰਕਿਆਂ ਦੀ ਸਾਂਝ ਇਹ ਮਰਦਮਸੁ਼ਮਾਰੀ ਕਰਕੇ ਦੁਸ਼ਮਣੀ ਵਿਚ ਵਟ ਗਈ ਸੀ ਜਿਸ ਦਾ ਖਮਿਆਜ਼ਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ। ਸ਼ਾਇਦ ਸੰਸਾਰ ਵਿਚ ਪੰਜਾਬੀ ਭਾਸ਼ਾ ਹੀ ਇੱਕ ਅਜਿਹੀ ਭਾਸ਼ਾ ਹੈ ਜਿਸ ਨੂੰ ਉਸਦੇ ਆਪਣੇ ਹੀ ਅੱਧੇ ਪੁੱਤਰ ਆਪਣੀ ਭਾਸ਼ਾ ਮੰਨਣ ਤੋਂ ਮੁਨਕਰ ਹਨ। ਗੱਲਬਾਤ, ਬੋਲ-ਚਾਲ ਉਹਨਾਂ ਦੀ ਪੰਜਾਬੀ ਹੁੰਦੀ ਹੈ। ਪਿਆਰ-ਮੁਹੱਬਤ, ਲੜਾਈ-ਝਗੜੇ, ਗਾਲੀ-ਗਲੋਚ ਪੰਜਾਬੀ ਵਿਚ ਕਰਦੇ ਹਨ। ਪਰ ਜਦੋਂ ਮਰਦਮਸ਼ੁਮਾਰੀ ਹੁੰਦੀ ਹੈ ਤਾਂ ਉਹ ਆਪਣੀ ਬੋਲੀ ਹਿੰਦੀ ਲਿਖਵਾਉਂਦੇ ਹਨ।

ਇਹ ਸੱਭ ਗੱਲਾਂ ਸਿਆਸੀ ਕਾਰਨਾਂ ਕਰਕੇ ਹੁੰਦੀਆਂ ਹਨ। ਰਾਜਸੀ ਲੋਕ ਇਹ ਨਹੀਂ ਸੋਚਦੇ ਕਿ ਆਮ ਸਾਧਾਰਨ ਲੋਕਾਂ ਦੇ ਭਲੇ ਵਿਚ ਕਿਹੜੀ ਗੱਲ ਹੈ? ਬੱਸ ਉਹ ਆਪਣੀ ਵੋਟ ਬੈਂਕ ਸੁਰੱਖਿਅਤ ਕਰਦੇ ਹਨ, ਲੋਕ ਪੈਣ ਢੱਠੇ ਖੂਹ ਵਿਚ। ਪੰਜਾਬ ਵਿਚ ਰਾਜ ਕਰਦੀਆਂ ਪਾਰਟੀਆਂ ਨੂੰ ਪੰਜਾਬੀ ਭਾਸ਼ਾ ਦੇ ਭਲੇ ਦਾ ਕੋਈ ਫਿਕਰ ਨਹੀਂ ਹੈ। ਅਕਾਲੀ ਪਾਰਟੀ ਜਿਹੜੀ ਪੰਜਾਬੀ ਭਾਸ਼ਾ ਦਾ ਦਮ ਭਰਦੀ ਹੈ, ਉਹਨਾਂ ਵੀ ਆਪਣੇ ਸੌੜੇ ਹਿੱਤਾਂ ਖ਼ਾਤਰ ਪੰਜਾਬੀ ਸੂਬੇ ਦੇ ਅੰਦੋਲਨ ਵੇਲੇ ਪੰਜਾਬੀ ਬੋਲਦੇ ਇਲਾਕੇ ਹੀ ਬਾਹਰ ਕਢਵਾ ਦਿੱਤੇ। ਉਹਨਾਂ ਨੂੰ ਪੰਜਾਬੀ ਬੋਲਣ ਵਾਲਾ ਇਲਾਕਾ ਨਹੀਂ ਸੀ ਚਾਹੀਦਾ। ਉਹਨਾਂ ਨੂੰ ਤਾਂ ਸਿੱਖ ਬਹੁ-ਗਿਣਤੀ ਵਾਲਾ ਇਲਾਕਾ ਚਾਹੀਦਾ ਸੀ ਤਾਂ ਜੋ ਉਹਨਾਂ ਦੀ ਸਰਕਾਰ ਬਣ ਸਕੇ। ਭਲਾ ਹੋਵੇ ਲਛਮਣ ਸਿੰਘ ਗਿੱਲ ਦਾ ਜਿਸ ਨੇ 1967 ਵਿਚ ਪੰਜਾਬੀ ਭਾਸ਼ਾ ਲਾਗੂ ਕੀਤੀ। ਪਰ ਅਕਾਲੀ ਦਲ ਦੀ ਸਰਕਾਰ ਨੇ ਹੁਣ ਤੱਕ ਵੀ ਪੰਜਾਬੀ ਭਾਸ਼ਾ ਦੇ ਐਕਟ ਵਿਚ ਸਜ਼ਾ ਦੀ ਮਦ ਨਹੀਂ ਜੋੜੀ। ਨਾ ਹੀ ਚੰਡੀਗੜ੍ਹ ਵਿਚ ਕੇਂਦਰੀ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕਰਨ ਵਿਰੁੱਧ ਕੋਈ ਸੰਘਰਸ਼ ਹੀ ਕੀਤਾ। ਹੁਣ ਵੀ ਪੰਜਾਬੀ ਭਾਸ਼ਾ ਟ੍ਰਿਬਿਊਨਲ ਸਥਾਪਿਤ ਨਹੀਂ ਕੀਤਾ ਜਾ ਰਿਹਾ।

ਮੈਨੂੰ ਯਾਦ ਹੈ ਉਹ ਸਮਾਂ ਜਦੋਂ ਤਤਕਾਲੀਨ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ 25 ਅਕਤੂਬਰ 1997 ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਨਫਰੰਸ ਵਿਚ ਬੜੇ ਜੋਸ਼ੋ ਖਰੋਸ਼ ਨਾਲ ਮੁਹਾਲੀ ਵਿਚ ਕੇਂਦਰੀ ਲੇਖਕ ਸਭਾ ਦੇ ਦਫ਼ਤਰ ਲਈ ਪਲਾਟ ਅਲਾਟ ਕਰਨ ਤੋਂ ਬਿਨਾਂ ਇਸ ਦੀ ਇਮਾਰਤ ਉਸਾਰਕੇ ਦੇਣ ਦਾ ਇਕਰਾਰ ਪੰਜਾਬ ਯੁਨੀਵਰਸਿਟੀ ਦੇ ਲਾਅ ਐਡੀਟੋਰੀਅਮ ਵਿਚ ਲੇਖਕਾਂ ਨਾਲ ਨੱਕੋ ਨੱਕ ਭਰੇ ਹਾਲ ਵਿਚ ਕੀਤਾ ਸੀ। ਲੇਖਕਾਂ ਨੇ ਬੜੇ ਹੌਸਲੇ ਅਤੇ ਉਤਸ਼ਾਹ ਨਾਲ ਜ਼ੋਰਦਾਰ ਤਾੜੀਆਂ ਮਾਰਕੇ ਇਸ ਐਲਾਨ ਦਾ ਸੁਆਗਤ ਕੀਤਾ ਸੀ।

ਪਰ ਅੱਜ ਵੀ ਪਰਨਾਲਾ ਉੱਥੇ ਦਾ ਉੱਥੇ ਹੈ। ਅੱਜ ਤੱਕ ਬਾਦਲ ਸਾਹਿਬ ਦੇ ਐਲਾਨ ਨੇ ਦਿਨ ਦੀ ਰੌਸ਼ਨੀ ਨਹੀਂ ਵੇਖੀ।

ਜਦੋਂ ਕਦੇ ਕੇਂਦਰੀ ਪੰਜਾਬੀ ਲੇਖਕ ਸਭਾ, ਵਿਧਾਨ ਸਭਾ ਅੱਗੇ ਪੰਜਾਬੀ ਭਾਸ਼ਾ ਅਤੇ ਲੇਖਕਾਂ ਦੀਆਂ ਹੋਰ ਮੰਗਾਂ ਬਾਰੇ ਧਰਨਾ ਦਿੰਦੀ ਹੈ ਤਾਂ ਸਮੇਂ ਦੀ ਵਿਰੋਧੀ ਪਾਰਟੀ ਦੇ ਵੱਡੇ ਵੱਡੇ ਨੇਤਾ, ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਰਹੇ ਆਗੂ ਵੀ ਉਹਨਾਂ ਦੀ ਦੁਬਾਰਾ ਸਰਕਾਰ ਆਉਣ ਉੱਤੇ ਲੇਖਕਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਬੜਾ ਠੋਕ ਵਜਾ ਕੇ, ਦੇ ਕੇ ਚਲੇ ਜਾਂਦੇ ਹਨ। ਪਰ ਅੱਜ ਵੀ ਅਸੀਂ ਸਾਰੇ ਪੰਜਾਬੀ ਭਾਸ਼ਾ ਦੀ ਪੰਜਾਬ ਵਿਚ ਹੋ ਰਹੀ ਦੁਰਦਸ਼ਾ ਦੇਖ ਰਹੇ ਹਨ। 2017 ਵਿਚ ਹੋਂਦ ਵਿਚ ਆਈ ਕਾਂਗਰਸ ਦੀ ਸਰਕਾਰ ਵੇਲੇ ਮੁੱਖ ਮੰਤਰੀ ਅਮਰਿੰਦਰ ਸਿੰਘ, ਰਾਣਾ ਗੁਰਜੀਤ ਸਿੰਘ ਨੇ ਅੰਗਰੇਜ਼ੀ ਵਿਚ ਅਤੇ ਅਰੁਣਾ ਚੌਧਰੀ ਨੇ ਹਿੰਦੀ ਵਿਚ ਸੌਂਹ ਚੁੱਕੀ ਹੈ। ਪੈਂਦਾ ਹੈ ਕੋਈ ਅਸਰ ਲੇਖਕਾਂ ਦੇ ਅੰਦੋਲਨਾਂ ਦਾ?

ਇਹ ਤਾਂ ਹੋਈ ਸਰਕਾਰਾਂ ਦੀ ਗੱਲ। ਪੰਜਾਬੀ ਦੇ ਅੱਧੇ ਪੁੱਤਰਾਂ ਦੀ ਗੱਲ। ਪਰ ਸੰਸਾਰ ਪੱਧਰ ਉੱਤੇ ਸਾਮਰਾਜੀਆਂ ਅਤੇ ਹੁਣ ਕਾਰਪੋਰੇਟ ਸੈਕਟਰਾਂ ਵੱਲੋਂ ਜਿਵੇਂ ਸੰਸਾਰ ਭਰ ਦੇ ਦੇਸ਼ਾਂ ਅਤੇ ਅੱਗੋਂ ਉਹਨਾਂ ਦੇ ਖਿੱਤਿਆਂ ਵਿਚ ਉੱਥੋਂ ਦੀਆਂ ਮਾਤ ਭਾਸ਼ਾਵਾਂ ਉੱਤੇ ਹੱਲਾ ਬੋਲਿਆ ਜਾ ਰਿਹਾ ਹੈ, ਉਹ ਸੱਭ ਤੋਂ ਮਾਰੂ ਹੈ। ਅੰਗਰੇਜ਼ੀ ਸਿਰਫ਼ ਇੰਗਲੈਂਡ ਦੀ ਮਾਤ ਭਾਸ਼ਾ ਹੈ। ਬਾਕੀ ਯੂਰਪੀਨ ਅਤੇ ਹੋਰ ਦੇਸ਼ਾਂ ਦੀਆਂ ਆਪਣੀਆਂ ਆਪਣੀਆਂ ਬੋਲੀਆਂ ਅਤੇ ਭਾਸ਼ਾਵਾਂ ਹਨ। ਇਹਨਾਂ ਭਾਸ਼ਾਵਾਂ ਨੂੰ ਵੀ ਅੰਗਰੇਜ਼ੀ ਦੀ ਸਾਮਰਾਜੀਅਤ ਆਪਣੇ ਦਾਬੇ ਵਿਚ ਰੱਖਦੀ ਹੈ।

ਪਾਕਿਸਤਾਨ ਵਿਚ ਵਸਦੇ ਪੰਜਾਬੀ ਲੋਕ, ਭਾਸ਼ਾ ਨੂੰ ਆਪਣੀ ਮੁੱਢਲੀ ਸਿੱਖਿਆ ਵਿਚ ਹੋਣ ਨੂੰ ਤਰਸਦੇ ਹਨ। ਪਰ ਉੱਥੋਂ ਦੀ ਨਾਦਰਸ਼ਾਹੀ ਸਰਕਾਰ ਉਰਦੂ ਨੂੰ ਸਰਕਾਰੀ ਭਾਸ਼ਾ ਬਣਾ ਕੇ ਠੋਸਦੀ ਹੈ। ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਬਣਾਉਣਾ ਉੱਥੋਂ ਦੀ ਹਰ ਸਰਕਾਰ ਆਪਣੀ ਹੱਤਕ ਸਮਝਦੀ ਹੈ।

ਅੱਜ ਅੰਗਰੇਜ਼ੀ ਸਿੱਖਣ ਉਪਰੰਤ ਹੀ ਕੋਈ ਵਿਆਕਤੀ ਬਦੇਸ਼ ਵਿਚ ਨੌਕਰੀ ਲਈ ਜਾ ਸਕਦਾ ਹੈ। ਇਸ ਦਾ ਭਾਵ ਹੋਇਆ ਕਿ ਭਾਸ਼ਾ ਨੂੰ, ਆਪਣੀ ਮਾਤ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜਨਾ ਚਾਹੀਦਾ ਹੈ। ਬਿਨਾਂ ਰੁਜ਼ਗਾਰ ਦੇ ਨਾਲ ਜੋੜਿਆਂ ਭਲਾ ਕੋਈ ਮਾਤ ਭਾਸ਼ਾ ਕਿਉਂ ਪੜ੍ਹੇ? ਰੁਜ਼ਗਾਰ ਤਾਂ ਪਹਿਲੀ ਗੱਲ ਹੈ। ਬਾਕੀ ਅਗਲੀਆਂ ਗੱਲਾਂ ਮਗਰੋਂ ਹੁੰਦੀਆਂ ਹਨ। ਪੇਟ ਨਾ ਪਈਆਂ ਰੋਟੀਆਂ ਤਾਂ ਸੱਭੇ ਗੱਲਾਂ ਖੋਟੀਆਂ। ਚੀਨੀ, ਫਰਾਂਸੀਸੀ, ਜਰਮਨ, ਰੂਸੀ ਭਾਸ਼ਾਵਾਂ ਵਿਚ ਉੱਚ ਵਿੱਦਿਆ ਹਾਸਿਲ ਕੀਤੀ ਜਾ ਸਕਦੀ ਹੈ। ਪਰ ਪੰਜਾਬੀ ਵਿਚ ਨਹੀਂ। ਕਿਹੀ ਵਿਡੰਬਣਾ ਹੈ। ਪਰ ਬਦੇਸ਼ਾਂ ਵਿਚ ਜਦੋਂ ਪੰਜਾਬੀ ਰੁਜ਼ਗਾਰ ਨਾਲ ਜੁੜਦੀ ਹੈ ਤਾਂ ਗੋਰੇ ਵੀ ਪੰਜਾਬੀ ਸਿੱਖਦੇ ਹਨ। ਰੁਜ਼ਗਾਰ ਖਾਤਰ। ਜੇ ਸਾਡੇ ਮੁਲਕ ਵਿਚ ਪੰਜਾਬੀ ਵਿਚ ਉੱਚ ਵਿੱਦਿਅਕ ਸਿੱਖਿਆ, ਸਿਵਲ ਤੇ ਜੁਡੀਸ਼ੀਅਲ ਸੇਵਾਵਾਂ ਨੂੰ ਮਾਤ ਭਾਸ਼ਾ ਨਾਲ ਜੋੜਿਆ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਮਾਤ ਭਾਸ਼ਾ ਅਰਸ਼ਾਂ ਉੱਪਰ ਪਹੁੰਚੀ ਹੋਵੇਗੀ। ਚੀਨ ਵਿਚ ਤਾਂ ਹੁਣ ਸਾਰਾ ਇਨਟਰਨੈੱਟ ਆਦਿ ਦਾ ਕੰਮ ਚੀਨੀ ਭਾਸ਼ਾ ਵਿਚ ਹੁੰਦਾ ਹੈ। ਸੰਸਾਰ ਦਾ ਕੋਈ ਵਿਅਕਤੀ ਚੀਨੀ ਭਾਸ਼ਾ ਜਾਣੇ ਬਿਨਾਂ ਚੀਨੀ ਇਨਟਰਨੈੱਟ ਨੂੰ ਵਰਤ ਨਹੀਂ ਕਰ ਸਕਦਾ।

ਪਰ ਨਿਰਾਸ਼ ਹੋਣ ਦੀ ਕਦਾਚਿਤ ਲੋੜ ਨਹੀਂ ਹੈ। ਪੰਜਾਬੀ ਸੰਸਾਰ ਦੀਆਂ ਸ਼ਕਤੀਸ਼ਾਲੀ ਭਾਸ਼ਾਵਾਂ ਵਿੱਚੋਂ ਇੱਕ ਹੈ। ਜਿਵੇਂ ਪੰਜਾਬੀ ਲੋਕ ਜਾਨਦਾਰ ਹਨ, ਇਵੇਂ ਹੀ ਇਨ੍ਹਾਂ ਦੀ ਬੋਲੀ ਜਾਨਦਾਰ ਹੈ। ਪੰਜਾਬ ਦੇ ਹੀ ਨਹੀਂ, ਬਦੇਸ਼ਾਂ ਵਿਚ ਬੈਠੇ ਪੰਜਾਬੀ ਵੀਰ ਤੇ ਭੈਣਾਂ ਬੜੇ ਉਤਸ਼ਾਹੀ ਹਨ। ਜਿੱਥੇ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹਨ, ਉਵੇਂ ਹੀ ਉਹ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਿਚ ਵੀ ਲੱਗੇ ਹੋਏ ਹਨ। ਜਿਵੇਂ ਸੁੱਘੜ ਸਿਆਣੇ ਅਤੇ ਸੁਹਿਰਦ ਧੀਆਂ-ਪੁੱਤਰ ਆਪਣੀ ਮਾਂ ਦੀ ਰਾਖੀ ਅੱਖ ਦੀ ਪੁਤਲੀ ਵਾਂਗ ਕਰਦੇ ਹਨ, ਇਵੇਂ ਹੀ ਸੁਹਿਰਦ ਪੰਜਾਬੀ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਸੰਭਾਲ ਕਰ ਰਹੇ ਹਨ।

ਪੰਜਾਬੀ ਬੋਲੀ ਨੂੰ ਸਿੰਜਿਆ ਵੀ ਕੋਈ ਛੋਟੇ ਕੱਦ ਵਾਲਿਆਂ ਨੇ ਨਹੀਂ ਹੈ, ਬਾਬਾ ਫ਼ਰੀਦ, ਗੁਰੂ ਨਾਨਕ ਨੇ ਆਪਣੇ ਸਲੋਕਾਂ ਅਤੇ ਸ਼ਬਦਾਂ ਨਾਲ ਇਸ ਨੂੰ ਸਿੰਜਿਆ ਹੈ। ਉਦਾਹਰਣ ਦੇ ਤੌਰ ਉੱਤੇ ਕੁੱਝ ਟੂਕਾਂ ਹੇਠ ਦਰਜ ਕੀਤੀਆਂ ਜਾਂਦੀਆਂ ਹਨ:

ਨੀਚਾਂ ਅੰਦਰ ਨੀਚ ਜ਼ਾਤ
ਨੀਚੋਂ ਹੂੰ ਅਤਿ ਨੀਚ
ਨਾਨਕ ਤਿੰਨ ਕੇ ਸੰਗ ਸਾਥ
ਵਡਿਆਂ ਸਿਉਂ ਕਿਹੁੰ ਰੀਸ

(ਗੁਰੂ ਨਾਨਕ ਦੇਵ ਜੀ)

ਕਾਲੇ ਮੈਂਡੇ ਕਪੜੇ
ਕਾਲਾ ਮੈਂਡਾਂ ਵੇਸੁ
ਗੁਨਹੀਂ ਭਰਿਆ ਮੈਂ ਫਿਰਾਂ
ਲੋਕ ਕਹਿਣ ਦਰਵੇਸ਼

(ਬਾਬਾ ਫ਼ਰੀਦ)

ਸੂਰਾ ਸੋ ਪਹਿਚਾਨੀਐਂ
ਜੋ ਲਰੈ ਦੀਨ ਕੇ ਹੇਤੁ
ਪੁਰਜ਼ਾ ਪੁਰਜ਼ਾ ਕੱਟ ਮਰੈ
ਕਬਹੂ ਨਾ ਛਾਡੇ ਖੇਤ।

(ਭਗਤ ਕਬੀਰ ਜੀ)

ਜੈਸੇ ਸਭ ਮੰਦਰ ਕਚਿਨ ਕੇ ਉਸਾਰ ਦੀਨੈ
ਤੈਸਾ ਪੁੰਨ ਸਿੱਖ ਕਉ ਇੱਕ ਸ਼ਬਦ ਸਿਖਾਏ।

(ਭਾਈ ਗੁਰਦਾਸ ਜੀ)

ਇਸੇ ਤਰ੍ਹਾਂ ਅਜੋਕੇ ਪੰਜਾਬੀ ਸਾਹਿਤ ਵਿਚ ਭਾਈ ਵੀਰ ਸਿੰਘ ਦਾ ਮਹਾਂ ਕਾਵਿ ‘ਰਾਣਾ ਸੂਰਤ ਸਿੰਘ’, ਨਾਨਕ ਸਿੰਘ ਦਾ ਨਾਵਲ ‘ਚਿੱਟਾ ਲਹੂ’, ਸੰਤ ਸਿੰਘ ਸੇਖੋਂ ਦੀ ਕਹਾਣੀ ‘ਪੇਮੀ ਦੇ ਨਿਆਣੇ’, ਮੋਹਨ ਸਿੰਘ ਦੀ ਕਵਿਤਾ ‘ਇੱਕ ਅੰਬੀ ਦਾ ਬੂਟਾ’, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’, ਜਸਵੰਤ ਸਿੰਘ ਕੰਵਲ ਦਾ ਨਾਵਲ ‘ਪੂਰਨਮਾਸ਼ੀ’, ਸੰਤੋਖ ਸਿੰਘ ਧੀਰ ਦੀ ਕਹਾਣੀ ‘ਕੋਈ ਇੱਕ ਸਵਾਰ’, ਕਵਿਤਾ ‘ਨਿੱਕੀ ਸਲੇਟੀ ਸੜਕ ਦਾ ਟੋਟਾ’, ਗੁਰਦਿਆਲ ਸਿੰਘ ਦਾ ਨਾਵਲ ‘ਮੜ੍ਹੀ ਦਾ ਦੀਵਾ’, ਗੁਰਬਚਨ ਭੁੱਲਰ ਦੀ ਕਹਾਣੀ ‘ਓਪਰਾ ਮਰਦ’, ਅਜਿਹੀਆਂ ਸ਼ਾਹਕਾਰ ਰਚਨਾਵਾਂ ਹਨ ਜਿਹਨਾਂ ਦੇ ਹੁੰਦਿਆਂ ਪੰਜਾਬੀ ਭਾਸ਼ਾ ਨੂੰ ਕੌਣ ਮਾਰ ਸਕਦਾ ਹੈ? ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਹੇਠਾਂ ਪਤਾਲ ਤੱਕ ਲੱਗੀਆਂ ਹੋਈਆਂ ਹਨ।

ਇੰਗਲੈਂਡ ਅਤੇ ਕੈਨੇਡਾ ਵਿਚ ਇਵੇਂ ਲਗਦਾ ਹੈ ਜਿਵੇਂ ਪੰਜਾਬ ਦੇ ਲੇਖਕਾਂ, ਪਾਠਕਾਂ ਨਾਲੋਂ ਉੱਥੋਂ ਦੇ ਲੇਖਕ ਅਤੇ ਪਾਠਕ ਵੱਧ ਯਤਨਸ਼ੀਲ ਹਨ। ਵੈਨਕੂਵਰ ਸਰੀ ਦੀਆਂ ਦੁਕਾਨਾਂ ਉੱਤੇ ਪੰਜਾਬੀ ਦੇ ਸਾਈਨ ਬੋਰਡ ਲੱਗੇ ਹੋਏ ਹਨ। ਅਨੇਕਾਂ ਸਾਹਿਤ ਸਭਾਵਾਂ ਰਾਹੀਂ ਪੰਜਾਬੀ ਸਾਹਿਤ ਦਾ ਕੰਮ ਹੋ ਰਿਹਾ ਹੈ। ਹੁਣ ਤਾਂ ਬਦੇਸ਼ਾਂ ਵਿਚ ਵਸਦੇ ਪੰਜਾਬੀ ਲੇਖਕ ਓਧਰ ਆਪਣੇ ਹੱਡੀਂ ਹੰਢਾਏ ਜੀਵਨ ਨੂੰ ਸਾਹਿਤ ਵਿਚ ਬਿਆਨ ਕਰਦੇ ਹਨ। ਪਹਿਲਾਂ ਪਹਿਲਾਂ ਬਦੇਸ਼ਾਂ ਵਿਚ ਵਸਦੇ ਪੰਜਾਬੀ ਲੇਖਕ ਪੰਜਾਬ ਦਾ ਹੇਰਵਾ ਆਪਣੀਆਂ ਰਚਨਾਵਾਂ ਵਿਚ ਬਿਆਨ ਕਰਦੇ ਸਨ। ਪਰ ਹੁਣ ਤਾਂ ਉਹ ਉੱਥੋਂ ਦੇ ਜੀਵਨ ਨੂੰ ਆਪਣੀਆਂ ਰਚਨਾਵਾਂ ਵਿਚ ਉਲੀਕਦੇ ਹਨ। ਇਹੋ ਸਾਡੇ ਬਦੇਸ਼ੀ ਵਸਦੇ ਪੰਜਾਬੀਆਂ ਦੀ, ਪੰਜਾਬੀ ਲੇਖਕਾਂ ਦੀ ਵੱਡੀ ਪ੍ਰਾਪਤੀ ਹੈ।

ਪਰ ਚੌਣਤੀਆਂ ਵੀ ਬਹੁਤ ਵੱਡੀਆਂ ਹਨ। ਸੰਸਾਰ ਭਰ ਦਾ ਕਾਰਪੋਰੇਟ ਸੈਕਟਰ, ਪੂੰਜੀਵਾਦ ਸੈਕਟਰ ਨਹੀਂ ਚਾਹੁੰਦਾ ਕਿ ਸੰਸਾਰ ਦੇ ਲੋਕ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਨਾਲ ਇੱਕ ਮਿੱਕ ਹੋਣ। ਉਹ ਚਾਹੁੰਦਾ ਹੈ ਕਿ ਅੰਗਰੇਜ਼ੀ ਰਾਹੀਂ ਸਾਰਾ ਸੰਸਾਰ ਉਹਨਾਂ ਦੇ ਅਧੀਨ ਹੋਵੇ। ਸਾਰੇ ਸਾਧਾਰਣ ਅਤੇ ਆਮ ਲੋਕ ਆਪਣੀ ਮਾਂ ਬੋਲੀ ਵੱਲ ਪਿੱਠ ਕਰਕੇ ਰੱਖਣ। ਉਹ ਆਪਣੀਆਂ ਜੜ੍ਹਾਂ ਤੋਂ ਟੁੱਟ ਜਾਣ। ਆਪਣੀ ਬੋਲੀ ਭੁੱਲ ਜਾਣ। ਆਪਣਾ ਖਾਣ-ਪੀਣ, ਪਹਿਨਣ ਭੁੱਲ ਜਾਣ। ਜ਼ਹਿਨੀ ਤੌਰ ’ਤੇ ਗੁਲਾਮ ਹੋ ਜਾਣ ਤਾਂਕਿ ਉਹ ਗੁਲਾਮੀ ਦੀ ਪੰਜਾਲੀ ਲਾ ਕੇ ਆਪਣੇ ਮਰਜ਼ੀ ਅਨੁਸਾਰ ਉਹਨਾਂ ਨੂੰ ਹੱਕੀ ਜਾਣ।

ਪਰ ਲੱਖਾਂ ਚਣੌਤੀਆਂ ਦੇ ਬਾਵਜੂਦ ਪੰਜਾਬ ਵਿਚ ਅਤੇ ਬਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਮਜ਼ਬੂਤ ਹੱਥਾਂ ਵਿਚ ਉਹਨਾਂ ਦੀ ਮਾਤ-ਭਾਸ਼ਾ ਪੰਜਾਬੀ ਸੁਰੱਖਿਅਤ ਹੈ ਅਤੇ ਇਸਦਾ ਭਵਿੱਖ ਉੱਜਲ ਹੈ।

*****

(1022)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author