RipudamanRoop7ਦੇਸ ਵਾਸੀਆਂ ਦੇ ਇੱਕਜੁੱਟ ਸੰਘਰਸ਼ ਨੂੰ ਦੇਖ ਕੇ ਹੁਣ ਸਰਕਾਰ ...
(7 ਮਾਰਚ 2020)

 

ਲੰਮੇ ਸਮੇਂ ਤੋਂ ਭਾਰਤ ਇੱਕ ਜਮੂਦ ਵਿੱਚ ਸੀ। ਕੇਂਦਰ ਅਤੇ ਪ੍ਰਾਂਤਾਂ ਵਿੱਚ ਚੋਣਾਂ ਹੁੰਦੀਆਂ, ਸਰਕਾਰਾਂ ਬਦਲਦੀਆਂ। ਮੁੜ ਮੁੜ ਉਹੀ ਪਾਰਟੀਆਂ ਬਦਲ ਬਦਲ ਸੱਤਾਂ ਵਿੱਚ ਆਉਂਦੀਆਂ। ਕੋਈ ਧਰਮ ਦੇ ਨਾਂ ਉੱਤੇ, ਕੋਈ ਜਾਤ-ਬਰਾਦਰੀਆਂ ਦੇ ਨਾਂ ਉੱਤੇ ਵੋਟਾਂ ਲੈਂਦੀਆਂ। ਕਦੇ ਗ਼ਰੀਬੀ ਹਟਾਓ ਦੇ ਨਾਅਰੇ ਹੇਠਾਂ, ਜਿਹੜੇ ਇੰਦਰਾ ਗਾਂਧੀ ਤੋਂ ਲੈ ਕੇ ਅੱਜ ਤੱਕ ਲੱਗ ਰਹੇ ਹਨ। ਥੋੜ੍ਹੇ ਬਹੁਤ ਲੋਕਾਂ ਦੇ ਕੰਮ ਕਰ ਦਿੱਤੇ ਪਰ ਬਹੁਤਾ ਧਿਆਨ ਆਪਣੀਆਂ ਜਾਇਦਾਦਾਂ ਬਣਾਉਣ ਵੱਲ ਲਾਈ ਰੱਖਿਆਬੈਂਕਾਂ ਵਿੱਚੋਂ ਕਰਜ਼ੇ ਲੈ ਕੇ ਵਾਪਸ ਨਾ ਮੋੜਨੇ। ਦੇਸ਼ ਤੇ ਪ੍ਰਾਂਤਾਂ ਵਿੱਚ ਗਿਣਤੀ ਦੇ ਪਰਿਵਾਰ ਅਮੀਰ, ਹੋਰ ਅਮੀਰ ਹੁੰਦੇ ਗਏ ਅਤੇ ਗ਼ਰੀਬ ਹੋਰ ਗ਼ਰੀਬ। ਲੱਖਾਂ ਕਰੋੜਾਂ ਲੋਕ ਕੰਗਾਲੀ ਦੇ ਪੱਧਰ ਉੱਤੇ ਪਹੁੰਚ ਗਏ। ਦੇਸ਼ ਦੇ ਕਿਸਾਨ ਖੁ਼ਦਕੁਸ਼ੀਆਂ ਕਰਨ ਲੱਗੇ। ਕਿਸਾਨਾਂ ਨੂੰ ਟਰੈਕਟਰ, ਖਾਦਾਂ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਕੇ ਕੰਪਨੀਆਂ ਆਪ ਮੁਨਾਫੇ ਕਮਾਉਣ ਲੱਗੀਆਂ। ਕਰਜ਼ੇ ਚੜ੍ਹਣ ਲੱਗੇ। ਜਮੀਨਾਂ ਵਿਕਣ ਲੱਗੀਆਂ। ਦੇਸ਼ ਦੇ ਹਾਕਮ ਚਾਹੇ ਉਹ ਕੇਂਦਰ ਵਿੱਚ ਹੋਣ, ਚਾਹੇ ਪ੍ਰਾਂਤਾਂ ਵਿੱਚ, ਕੰਪਨੀਆਂ ਨਾਲ ਹਿੱਸੇ ਪੱਤੀਆਂ ਪਾ ਕੇ ਆਪੋ ਆਪਣੇ ਘਰ ਭਰਨ ਲੱਗੇ।

ਪਰ ਜਦੋਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਦੀ ਅਗਵਾਈ ਵਿੱਚ ਬੀ.ਜੇ.ਪੀ. ਨੂੰ ਭਰਵੀਂ ਬਹੁਮਤ ਨਾਲ ਸਫ਼ਲਤਾ ਮਿਲੀ ਤਾਂ ਸਮਝੋ ਉਸੇ ਦਿਨ ਤੋਂ ਭਾਰਤ ਦੀ ਰਾਜਨੀਤੀ ਵਿੱਚ ਜਮੂਦ ਟੁੱਟਣਾ ਸ਼ੁਰੂ ਹੋਇਆ। ਖੜੋਤ ਖਤਮ ਹੋਣ ਲੱਗੀ। ਅੰਨ੍ਹਾ ਹਜ਼ਾਰੇ ਦੇ ਜੰਤਰ ਮੰਤਰ ਉੱਤੇ ਭ੍ਰਿਸ਼ਟਾਚਾਰ ਵਿਰੁੱਧ ਧਰਨੇ ਦਾ ਲਾਹਾ ਬੀ.ਜੇ.ਪੀ. ਨੂੰ ਮਿਲਿਆ। ਚੋਣਾਂ ਵਿੱਚ ਵੀ ਬੀ.ਜੇ.ਪੀ. ਦਾ ਮੁੱਖ ਏਜੰਡਾ ਦੇਸ਼ ਵਿੱਚ ਭ੍ਰਿਸ਼ਟਾਚਾਰ, ਮੰਹਿਗਾਈ, ਬੇਰੁਜ਼ਗਾਰੀ ਦੇ ਮੁੱਦਿਆਂ ਦਾ ਰਿਹਾ। ਲੋਕ ਵੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਅੱਕੇ-ਥੱਕੇ ਹੋਏ ਸਨ। ਮੋਦੀ ਨੇ ਸਮੇਂ ਅਨੁਸਾਰ ਠੀਕ ਦਾਅ ਪੇਚ ਖੇਡਿਆ ਤੇ ਜਿੱਤ ਪ੍ਰਾਪਤ ਕੀਤੀ।

ਬੀ.ਜੇ.ਪੀ. ਦੀ ਸਰਕਾਰ ਕੀ ਬਣੀ, ਬੱਸ ਇੱਕੋ ਵਾਰ ਅੱਠ ਸੌ ਸਾਲਾਂ ਮਗਰੋਂ ਹਿੰਦੂਆਂ ਦਾ ਰਾਜ ਆਉਣ ਦਾ ਰਾਜ ਅਲਾਪਿਆ ਗਿਆ। ਮੁਸਲਮਾਨਾਂ ਨੂੰ ਗਊਆਂ ਲੈ ਕੇ ਜਾ ਰਿਹਾਂ ਨੂੰ ਫੜ ਕੇ ਕਤਲ ਕੀਤਾ ਜਾਣ ਲੱਗਿਆ। ਮੁਸਲਮਾਨਾਂ ਦੇ ਘਰਾਂ ਵਿੱਚ ਪਏ ਮੀਟ ਨੂੰ ਗਊ ਦਾ ਮੀਟ ਦੱਸ ਕੇ ਸ਼ਰੇਆਮ ਕਤਲ ਕੀਤਾ ਜਾਣ ਲੱਗਿਆ। ਬਹਾਨੇ ਬਹਾਨੇ ਭੀੜਾਂ ਮੁਸਲਮਾਨਾਂ ਉੱਤੇ ਹਮਲੇ ਕਰਨ ਲੱਗੀਆਂ। ਦਲਿਤ ਜੇ ਕਿਤੇ ਮਰੀ ਹੋਈ ਗਊ ਦੀ ਖੱਲ ਉਧੇੜ ਰਹੇ ਹੁੰਦੇ ਤਾਂ ਉਹਨਾਂ ਨੂੰ ਦਰਖ਼ਤਾਂ ਨਾਲ ਬੰਨ੍ਹ ਕੇ ਕੁੱਟਿਆ ਗਿਆਚੀਕਾਂ ਮਰਵਾਉਂਦੇ ਅਤੇ ਬੜੀ ਸ਼ਾਨ ਨਾਲ ਸੋਸ਼ਲ ਮੀਡੀਆਂ ਉੱਤੇ ਦਿਖਾਉਂਦੇ। ਜੇ ਕੋਈ ਦਲਿਤ ਵਿਆਹ ਵਾਲੀ ਘੋੜੀ ਉੱਤੇ ਚੜ੍ਹਿਆ ਮਿਲ ਜਾਂਦਾ ਤਾਂ ਉਸ ਨੂੰ ਵੀ ਕੁੱਟਿਆ ਜਾਂਦਾ। ਗੱਲ ਕੀ ਹਰ ਪਾਸੇ ਭੈਅ, ਡਰ, ਦਹਿਸ਼ਤ ਫੈਲ ਚੁੱਕੀ ਸੀ। ਪੂਰਾ ਦੇਸ਼ ਸੋਚਾਂ ਵਿੱਚ ਪਿਆ ਹੋਇਆ ਸੀ।

ਖੱਬੀ ਵਿਚਾਰਧਾਰਾ ਦੇ ਬੁੱਧੀਜੀਵੀਆਂ, ਲੇਖਕਾਂ, ਪ੍ਰੋਫੈਸਰਾਂ ਦੇ ਕਤਲ ਹੋਣ ਲੱਗੇ। ਸ਼ਰੇਆਮ ਖੱਬੇ ਪੱਖੀ ਵਿਚਾਰਾਂ ਵਾਲਿਆਂ ਨੂੰ ਸ਼ਹਿਰੀ ਨਕਸਲੀ ਗਰਦਾਨਿਆ ਜਾਣ ਲੱਗਾ। ਦੇਸ ਦਾ ਸਾਰਾ ਮਾਹੌਲ ਹੀ ਜਿਵੇਂ ਇੱਕ ਸਕਤੇ ਵਿੱਚ ਆ ਗਿਆ ਹੋਵੇ। ਦੂਜੀ ਵਾਰ 2019 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਪਹਿਲਾਂ ਨਾਲੋਂ ਵੀ ਬੀ.ਜੇ.ਪੀ. ਨੂੰ 303 ਸੀਟਾਂ ਨਾਲ ਭਰਵੀਂ ਬਹੁਸੰਮਤੀ ਮਿਲੀ, ਬੱਸ ਫਿਰ ਤਾਂ ਜਿਵੇਂ ਬੀ.ਜੇ.ਪੀ. ਅਤੇ ਆਰ.ਐੱਸ.ਐੱਸ. ਵਾਲੇ ਸਮਝਣ ਲੱਗ ਪਏ ਕਿ ਉਹਨਾਂ ਜਿਵੇਂ ਜਹਾਨ ਜਿੱਤ ਲਿਆ ਹੋਵੇ। ਪਹਿਲਾਂ ਨਾਲੋਂ ਵੀ ਵੱਧ ਬੀ.ਜੇ.ਪੀ. ਅਤੇ ਆਰ.ਐੱਸ.ਐੱਸ. ਦੇ ਲੀਡਰਾਂ ਦੇ ਤੌਰ ਬਦਲ ਗਏ। ਹੁਣ ਉਹਨਾਂ ਅੱਗੇ ਕੌਣ ਅੜ ਸਕਦਾ ਹੈ? ਉਹ ਕੁਝ ਵੀ ਕਰ ਸਕਦੇ ਹਨ। ਉਹ ਸਰਬ ਸ਼ਕਤੀਮਾਨ ਹਨ। ਉਹਨਾਂ ਦਾ ਹੰਕਾਰ ਰਾਵਣ ਵਾਂਗ ਫੁੰਕਾਰੇ ਮਾਰਨ ਲੱਗਿਆ। ਜੰਮੂ ਕਸ਼ਮੀਰ ਦੀ ਧਾਰਾ 370, 65 ਏ ਹਟਾਉਣਾ, ਜੰਮੂ ਕਸ਼ਮੀਰ ਨੂੰ ਟੁਕੜਿਆਂ ਵਿੱਚ ਵੰਡ ਕੇ ਯੂ.ਟੀ ਬਣਾਉਣਾ। ਸੁਪਰੀਮ ਕੋਰਟ ਦਾ ਰਾਮ ਜਨਮ ਭੂਮੀ ਦਾ ਫੈਸਲਾ ਹੱਕ ਵਿੱਚ ਹੋਣਾ। ਇਹਨਾਂ ਸਾਰੀਆਂ ਗੱਲਾਂ ਦਾ ਹੁਲਾਰਾ ਬੀ.ਜੇ.ਪੀ. ਨੂੰ ਅਜਿਹਾ ਮਿਲਿਆ ਕਿ ਫ਼ਟਾਫ਼ਟ ਪਾਰਲੀਮੈਂਟ ਅਤੇ ਰਾਜ ਸਭਾ ਦੀ ਬਹੁਸੰਮਤੀ ਦੇ ਆਸਰੇ ਨਾਗਰਿਕਤਾ ਕਾਨੂੰਨ ਦਾ ਪਾਸ ਕਰਨਾ। ਬਿਨਾਂ ਵਿਰੋਧੀਆਂ ਦੀ ਗੱਲ ਸੁਣੇ ਵਗੈਰ ਆਪ ਹੀ ਫਟਾਫਟ ਬਿੱਲ ਪਾਸ ਕਰਨੇ।

ਨਾਗਰਿਕਤਾ ਕਾਨੂੰਨ ਦੇ ਬਣਨ ਨਾਲ ਜਿਵੇਂ ਦੇਸ਼ ਵਿੱਚ ਇੱਕ ਭੁਚਾਲ ਆ ਗਿਆ। ਅਣਕਿਆਸਿਆ ਭੁਚਾਲ। ਇਸ ਭੁਚਾਲ ਨੇ ਦੇਸ਼ ਵਿੱਚ ਆਈ ਰਾਜਨੀਤਕ ਖੜੋਤ ਜਿਵੇਂ ਇੱਕੋ ਲਖ਼ਤ ਖ਼ਤਮ ਕਰ ਦਿੱਤੀ ਹੋਵੇ। ਦੇਸ਼ ਦੀਆਂ ਘੱਟ ਗਿਣਤੀਆਂ ਚੌਂਕ ਗਈਆਂ, ਹੱਕੀਆਂ ਬੱਕੀਆਂ ਰਹਿ ਗਈਆਂ। ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਪਹਿਲ ਕੀਤੀ। ਉਹਨਾਂ ਵਿਰੋਧ ਦਾ ਝੰਡਾ ਚੁੱਕ ਲਿਆ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਜਾਮੀਆਂ ਮਿਲੀਆ ਇਸਲਾਮੀਆ ਤੇ ਗਾਰਗੀ ਕਾਲਜ ਦੇ ਵਿਦਿਆਰਥੀਆਂ ਉੱਤੇ ਜਜ਼ੁਲਮ ਢਾਹੇ ਗਏ। ਨਕਾਬ ਪੋਸ਼ਾਂ ਅਤੇ ਪੁਲੀਸ ਨੇ ਸ਼ਰੇਆਮ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਉੱਤੇ ਲਾਠੀਆਂ ਵਰ੍ਹਾਈਆਂ, ਲਹੂ ਲੁਹਾਣ ਕੀਤਾ। ਇਹ ਸਾਰਾ ਕੁਝ ਸਰਕਾਰ ਨੇ ਆਪਣੇ ਆਰ.ਐੱਸ.ਐੱਸ. ਵਰਕਰਾਂ ਰਾਹੀਂ ਕਰਵਾਇਆ। ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮਝਦੇ ਹਨ ਕਿ ਉਹਨਾਂ ਨੂੰ ਕੌਣ ਪੁੱਛਣ ਵਾਲਾ ਹੈ? ਪਰ ਇਹ ਇਹਨਾਂ ਦਾ ਸਾਰਾ ਮੁਗ਼ਾਲਤਾ ਹੈ। ਰਾਜੇ ਮਹਾਰਾਜੇ, ਮੁਗ਼ਲ, ਨਾਦਰ, ਅਬਦਾਲੀ, ਅੰਗਰੇਜ਼ ਸਾਰੇ ਇਨ੍ਹਾਂ ਭੁਲੇਖਿਆਂ ਵਿੱਚ ਰਹੇ ਹਨ। ਪਰ ਲੋਕ ਲੋਕ ਹੁੰਦੇ ਹਨ। ਜੇ ਨਾ ਬੋਲਣ ਤਾਂ ਨਾ ਬੋਲਣ। ਪਰ ਜੇ ਉੱਠ ਖੜ੍ਹਨ ਤਾਂ ਇਨ੍ਹਾਂ ਅੱਗੇ ਗੋਲੀਆਂ, ਬੰਦੂਕਾਂ, ਬੰਬ ਕੁਝ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਦੇ ਗਲ ਪਈ ਭੰਗਾਨੀ ਦੀ ਲੜਾਈ ਇਸਦੀ ਇੱਕ ਉਦਾਹਰਣ ਹੈ। ਜਦੋਂ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਉੱਤੇ ਪਾਊਂਟਾ ਸਾਹਿਬ ਹਮਲਾ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਕੋਲ ਬਹੁਤੀ ਫੌਜ ਨਹੀਂ ਸੀ। ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਦਾ ਢੇਰ ਅੰਤਰ ਸੀ। ਸਦਕੇ ਜਾਈਏ ਉਹਨਾਂ ਲੋਕਾਂ ਦੇ ਜਿਹਨਾਂ ਆਪਣਾ ਕੰਮ ਕਰਦਿਆਂ ਕਰਦਿਆਂ ਆਪਣੇ ਹਥਲੇ ਸੰਦਾਂ ਨਾਲ ਹੀ ਲੜਾਈ ਸ਼ੁਰੂ ਕਰ ਦਿੱਤੀ। ਹਲਵਾਈਆਂ ਤੱਕ ਆਪਣੇ ਖੁਰਚਣੇ-ਬੇਲਣੇ ਚੁੱਕ ਕੇ ਪਹਾੜੀ ਰਾਜਿਆਂ ਉੱਤੇ ਟੁੱਟ ਪਏ। ਜਦੋਂ ਲੋਕ ਗੁਰੂ ਗੋਬਿੰਦ ਸਿੰਘ ਦੀ ਸਹਾਇਤਾ ਲਈ ਆਪ ਮੁਹਾਰੇ ਆ ਗਏ ਤਾਂ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੂੰ ਭੱਜਣ ਲਈ ਰਾਹ ਨਹੀਂ ਸੀ ਮਿਲ ਰਿਹਾ।

ਇਸੇ ਤਰ੍ਹਾਂ ਅੱਜ ਦਿੱਲੀ ਦਾ ਸ਼ਾਹੀਨ ਬਾਗ ਇਸਦੀ ਗਵਾਹੀ ਦੇ ਰਿਹਾ ਹੈ। ਇਸ ਸ਼ਾਹੀਨ ਬਾਗ਼ ਦੇ ਧਰਨੇ ਨੇ ਮੋਦੀ-ਅਮਿਤ ਸ਼ਾਹ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਆਰ.ਐੱਸ.ਐੱਸ. ਦੇ ਕਰਤੇ ਧਰਤੇ ਪ੍ਰੇਸ਼ਾਨ ਹਨ। ਉਹ ਦਿੱਲੀ ਦੀ ਹਾਰ ਨੂੰ ਹਿੰਦੂਤਵ ਦੀ ਹਾਰ ਨਹੀਂ ਮੰਨ ਰਹੇ ਹਨਅਖੇ ਆਰ.ਐੱਸ.ਐੱਸ. ਹੋਰ ਹੈ ਅਤੇ ਬੀ.ਜੇ.ਪੀ. ਹੋਰ। ਕੇਜਰੀਵਾਲ ਨੇ ਠੀਕ ਪੈਂਤੜਾ ਅਪਣਾ ਕੇ ਦਿੱਲੀ ਦੇ ਲੋਕਾਂ ਨੂੰ ਨਾਲ ਜੋੜਿਆ। ਜਨਤਾ ਦੇ ਮੁੱਢਲੇ ਕੰਮ ਪਾਣੀ, ਬਿਜਲੀ, ਸੀਵਰੇਜ, ਸਿੱਖਿਆ ਅਤੇ ਸਿਹਤ ਆਦਿ ਕਰਕੇ ਦਿਖਾਏ। ਜੇ ਹੁਣ ਬੀ.ਜੇ.ਪੀ. ਕੇਜਰੀਵਾਲ ਦੇ ਨੇੜੇ ਤੇੜੇ ਵੱਛੇ ਬੰਨ੍ਹ ਰਹੀ ਹੈ ਤਾਂ ਉਹ ਦਿੱਲੀ ਦਾ ਇੱਕੋ ਕੰਮ ਕਰਵਾਕੇ ਦਿਖਾਵੇ। ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇ ਦੇਵੇ। ਕਿੱਥੇ ਦੇ ਸਕਦੇ ਹਨ ਇਹ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ? ਇਹਨਾਂ ਦਾ ਬੱਸ ਚਲੇ ਇਹ ਤਾਂ ਪੰਜਾਬ ਅਤੇ ਹੋਰ ਸੂਬਿਆਂ ਨੂੰ ਵੀ ਯੂ.ਟੀ. ਬਣਾ ਦੇਣ।

ਦੇਸ਼ ਅੱਜ ਨਵੀਂ ਕਰਵਟ ਲੈ ਰਿਹਾ ਹੈ। ਇੱਕ ਵਿਦਰੋਹ ਚਾਰੇ ਪਾਸੇ ਉੱਠ ਰਿਹਾ ਹੈ। ਬੇਕਾਰੀ, ਬੇਚੈਨੀ, ਬੇਵਿਸ਼ਵਾਸੀ ਹੁਣ ਇੱਕ ਸੰਘਰਸ਼ ਵਿੱਚ ਤਬਦੀਲ ਹੋ ਰਹੀ ਹੈ। ਸ਼ਾਹੀਨ ਬਾਗ ਤਾਂ ਸਿਰਫ਼ ਇਸਦਾ ਇੱਕ ਪ੍ਰਤੀਕ ਹੈ। ਸੁਤੰਤਰਤਾ ਆਉਣ ਮਗਰੋਂ ਲੋਕਾਂ ਲੰਮਾ ਸਮਾਂ ਉਡੀਕ ਕੀਤੀ, ਆਗੂਆਂ ਵੱਲ ਦੇਖਦੇ ਰਹੇ। ਪਰ ਸਭ ਬੇਅਰਥ। ਹੁਣ ਲੋਕ ਆਪ ਉੱਠ ਰਹੇ ਹਨ, ਆਪ ਸੰਘਰਸ਼ ਵਿੱਢ ਰਹੇ ਹਨ। ਲੋਕਤੰਤਰ ਦੇ ਪਰਦੇ ਹੇਠ ਲੋਕਾਂ ਨੂੰ ਗੁਮਰਾਹ ਕੀਤਾ ਗਿਆ। ਮੋਮੋਠਗਣੀਆਂ ਕਰਕੇ ਲੋਕਾਂ ਤੋਂ ਵੋਟਾਂ ਲੈ ਕੇ, ਸਰਕਾਰਾਂ ਬਣਾ ਕੇ ਅੱਖਾਂ ਫੇਰੀਆਂ ਜਾਂਦੀਆਂ ਰਹੀਆਂ ਹਰ ਹਰਬਾ ਵਰਤ ਕੇ ਲੋਕਤੰਤਰ ਨੂੰ ਹਥਿਆ ਲਿਆ ਜਾਂਦਾ ਰਿਹਾ।

ਹੁਣ ਦੇਸਵਾਸੀ ਉੱਠ ਖੜ੍ਹੇ ਹਨ। ਨਾਗਰਿਕਤਾ ਕਾਨੂੰਨ ਨੇ ਸਮੂਹ ਲੋਕਾਂ ਨੂੰ ਇਕੱਠੇ ਕਰ ਦਿੱਤਾ ਹੈ। ਇਸ ਸੰਘਰਸ਼ ਵਿੱਚ ਨਾ ਕੋਈ ਕਿਸੇ ਦੀ ਜ਼ਾਤ ਪੁੱਛਦਾ ਹੈ, ਨਾ ਧਰਮ। ਸਭ ਇਕੱਠੇ ਮਰਨ ਮਾਰਨ ਨੂੰ ਤਿਆਰ ਹਨ। ਸ਼ਾਹੀਨ ਬਾਗ ਪੂਰੇ ਭਾਰਤ ਵਿੱਚ ਫੈਲ ਗਿਆ ਹੈ। ਦਿੱਲੀ ਅੱਗ ਵਿੱਚ ਸੜ ਰਹੀ ਹੈ। ਟਰੰਪ ਦੀਆਂ ਖ਼ਬਰਾਂ ਪਿੱਛੇ ਧੱਕੀਆਂ ਗਈਆਂ ਹਨ। ਨਾਗਰਿਕਤਾ ਕਾਨੂੰਨ ਦੇ ਵਿਰੁੱਧ ਸੰਘਰਸ਼ ਦੀਆਂ ਖ਼ਬਰਾਂ ਪਹਿਲੇ ਸਫ਼ੇ ਨੇ ਮੱਲ ਲਈਆਂ ਹਨ। ਪੰਜਾਬ, ਯੂ.ਪੀ., ਮਹਾਰਾਸ਼ਟਰ, ਬੰਗਾਲ, ਮੱਧ ਪ੍ਰਦੇਸ਼, ਹਰ ਸੂਬੇ ਵਿੱਚ ਲੋਕ ਉੱਠ ਖੜ੍ਹੇ ਹਨ। ਹੁਣ ਇਹ ਸੰਘਰਸ਼ ਜਿੱਥੇ ਨਾਗਰਿਕਤਾ ਕਾਨੂੰਨ, ਸ਼ਹਿਰੀ ਆਜ਼ਾਦੀਆਂ ਲਈ ਹੈ, ਉੱਥੇ ਗ਼ਰੀਬੀ, ਬੇਰੁਜ਼ਗਾਰੀ, ਭੁੱਖਮਰੀ, ਭ੍ਰਿਸ਼ਟਾਚਾਰ, ਅੱਤਿਆਚਾਰ, ਬੇਇਨਸਾਫੀ ਵਿਰੁੱਧ ਵੀ ਹੈ। ਚੰਗੀ ਗੱਲ ਇਹ ਹੈ ਕਿ ਸੰਘਰਸ਼ਸ਼ੀਲ ਲੋਕ ਹਰ ਵਰਗ ਤੋਂ ਹਨ। ਦੇਸ਼ ਦੀ ਆਜ਼ਾਦੀ ਲਈ ਲੋਕਾਂ ਜਿਵੇਂ ਸਾਂਝਾ ਖੂਨ ਡੋਲ੍ਹਿਆ ਸੀ, ਇਸੇ ਤਰ੍ਹਾਂ ਅੱਜ ਭਾਰਤ ਦੇ ਦੇਸ ਭਗਤ ਲੋਕਾਂ ਨੂੰ ਮਿਲਕੇ ਸੰਘਰਸ ਵਿੱਢਣਾ ਪਵੇਗਾ। ਲਹੂ ਵੀਟਵਾਂ ਸੰਘਰਸ਼। ਸੰਘਰਸ਼ ਵਿਧਾਨ ਦੀ ਰਾਖੀ ਲਈ। ਜਮਹੂਰੀਅਤ ਦੀ ਰਾਖੀ ਲਈ। ਸ਼ਹਿਰੀ ਆਜ਼ਾਦੀਆਂ ਲਈ। ਨੌਜਵਾਨਾਂ ਦੇ ਰੁਜ਼ਗਾਰ ਲਈ। ਨਫ਼ਰਤ ਅਤੇ ਵੰਡ ਪਾਊ ਸਿਆਸਤ ਦੇ ਵਿਰੋਧ ਵਿੱਚ।

ਦੇਸ ਵਾਸੀਆਂ ਦੇ ਇੱਕਜੁੱਟ ਸੰਘਰਸ਼ ਨੂੰ ਦੇਖ ਕੇ ਹੁਣ ਸਰਕਾਰ, ਬੀ.ਜੇ.ਪੀ. ਅਤੇ ਆਰ.ਐੱਸ.ਐੱਸ. ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ ਦੇਸ ਨੂੰ ਗ੍ਰਹਿਯੁੱਧ ਵੱਲ ਵੀ ਧੱਕ ਸਕਦੇ ਹਨ।

ਦੇਸ ਦੀ ਖ਼ਲਕਤ ਹੁਣ ਦੋ ਧੜਿਆਂ ਵਿੱਚ ਵੰਡੀ ਜਾ ਰਹੀ ਹੈ। ਲੋਕਾਂ ਅਤੇ ਜੋਕਾਂ ਵਿਚਕਾਰ। ਜਮਾਤੀ ਸੰਘਰਸ਼ ਵੱਲ ਦੇਸ ਵਧਣ ਜਾ ਰਿਹਾ ਹੈ। ਸਿਰਫ਼ ਸੁੱਚਜੀ ਅਤੇ ਪ੍ਰਤੀਬੱਧ ਲੀਡਰਸ਼ਿੱਪ ਦੀ ਲੋੜ ਹੈ ਅਤੇ ਉਹ ਸਮੇਂ ਦੀ ਲੋੜ ਅਨੁਸਾਰ ਆਪ ਹੀ ਸੰਘਰਸ਼ ਵਿੱਚੋਂ ਪੈਦਾ ਹੋ ਜਾਂਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1974)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author