“ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਜਿਹੜਾ ਕਿਸੇ ਅੱਗੇ ਟੋਆ ਪੁੱਟਦਾ ਹੈ, ਉਸ ਅੱਗੇ ...”
(21 ਅਕਤੂਬਰ 2026)
ਅਸੀਂ ਹਰ ਰੋਜ਼ ਖਬਰਾਂ ਪੜ੍ਹਦੇ ਅਤੇ ਸੁਣਦੇ ਹਾਂ, ਸੋਸ਼ਲ ਮੀਡੀਆ ਉੱਤੇ ਵੀ ਆਮ ਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਬੜੀ ਭੁੱਖਮਰੀ ਚੱਲ ਰਹੀ ਹੈ। ਉੱਥੋਂ ਦੀ ਆਵਾਮ ਸੇਰ ਸੇਰ ਆਟੇ ਨੂੰ ਤਰਸ ਰਹੀ ਹੈ। ਡੀਪੂਆਂ ਉੱਤੇ ਆਟਾ ਆਉਣ ਤੋਂ ਪਹਿਲਾ ਹੀ ਖੋਹ ਕੇ ਲੈ ਜਾਂਦੇ ਹਨ। ਪਰ ਉਹ ਫਿਰ ਵੀ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਸਾਡੀ ਸਰਹੱਦ ਵਾਲੇ ਪਾਸੇ ਅਸਮਾਨ ਤੋਂ ਡਰੋਨਾਂ ਰਾਹੀਂ ਲਗਾਤਾਰ “ਚਿੱਟਾ” ਬੇਝਿਜਕ ਸੁੱਟਦੇ ਰਹੇ ਹਨ। ਉਨ੍ਹਾਂ ਦੀਆਂ ਕੋਝੀਆਂ ਚਾਲਾਂ ਕਰਕੇ ਅੱਜ ਚਿੱਟਾ ਪੂਰੇ ਸਮੁੱਚੇ ਭਾਰਤ ਲਈ ਜਾਨ ਦਾ ਖੌਅ ਬਣ ਗਿਆ ਹੈ।
ਜੇ ਅਗਲੀ ਗੱਲ ਕਰੀਏ ਤਾਂ ਇਹ ਹੈ ਕਿ ਇਸ ਨੂੰ ਪ੍ਰਯੋਗ ਕਰਨ ਵਾਲੇ ਲਗਭਗ 15 ਸਾਲ ਤੋਂ 30 ਸਾਲ ਦੀ ਉਮਰ ਦੇ ਗਭਰੂ ਮੁੰਡੇ ਕੁੜੀਆਂ ਹਨ। ਨਾ ਤਾਂ ਇਸ ਤੋਂ ਛੋਟੀ ਉਮਰ ਦੇ ਬੱਚੇ ਅਤੇ ਨਾ ਹੀ ਇਸ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਵਰਤਦੇ ਹਨ। ਸਾਡੇ ਸਮਿਆਂ ਵਿੱਚ ਪਿੰਡ ਵਿੱਚ ਇੱਕਾ ਦੁੱਕਾ ਲੋਕ ਅਫੀਮ ਖਾਂਦੇ ਹੁੰਦੇ ਸੀ। ਪਿੰਡ ਵਿੱਚ ਉਨ੍ਹਾਂ ਨੂੰ ਲੋਕ ਅਮਲੀ ਕਹਿ ਦਿੰਦੇ ਸੀ। ਬਾਕੀ ਲੋਕ ਘਰ ਦੀ ਕੱਢੀ ਸ਼ਰਾਬ ਅਕਸਰ ਹੀ ਪੀਂਦੇ ਹੁੰਦੇ ਸੀ। ਇਸ ਤੋਂ ਇਲਾਵਾ, ਜਿਵੇਂ ਗੀਤਾਂ ਵਿੱਚ ਲੋਕ ਸੁਣਦੇ ਸੀ ... ਜਿਵੇਂ ਮੁਹੰਮਦ ਸਦੀਕ ਦਾ ਗਾਣਾ ਬਹੁਤ ਪ੍ਰਚਲਤ ਹੋਇਆ ਸੀ, “ਤੇਲੁ ਰਾਮ ਦੀ ਹੱਟੀ ਦਾ ਜ਼ਰਦਾ ਜੋੜਾਂ ਵਿੱਚ ਬਹਿ ਗਿਆ ਜੱਟ ਦੇ।” ਟਾਵੇਂ ਟਾਵੇਂ ਲੋਕ ਜ਼ਰਦਾ ਲਾਉਂਦੇ ਹੁੰਦੇ ਸੀ। ਗਰੀਬ ਅਤੇ ਦਿਹਾੜੀਦਾਰ ਲੋਕ ਬੀੜੀਆਂ ਪੀਂਦੇ ਸਨ। ਬੀੜੀਆਂ ਦਾ ਬੰਡਲ ਚੁਆਨੀ ਧੇਲੀ ਦਾ ਆ ਜਾਂਦਾ ਸੀ। ਇਸ ਤੋਂ ਇਲਾਵਾ ਹੋਰ ਕੋਈ ਨਸ਼ਾ ਪੰਜਾਬ ਵਿੱਚ ਨਹੀਂ ਸੀ ਹੁੰਦਾ। ਬਜ਼ੁਰਗਾਂ ਨੇ ਸਾਰਾ ਸਾਰਾ ਦਿਨ ਬਲਦਾਂ ਨਾਲ ਹੱਲ ਵਾਹੁਣੇ, ਹੱਥਾਂ ਨਾਲ ਕਈ ਕਈ ਪੰਡਾਂ ਪੱਠੇ ਕੁਤਰਨੇ, ਰਾਤਾਂ ਨੂੰ ਖੂਹ ਦਾ ਪਾਣੀ ਖੇਤਾਂ ਨੂੰ ਲਾਉਣਾ। ਧੀਆਂ ਪੁੱਤਰ ਵੀ ਨਾਲ ਕੰਮ ਉੱਤੇ ਲਾ ਲੈਣਾ। ਇੱਕੋ ਹੀ ਝੱਗੇ ਚਾਦਰ ਨਾਲ ਰਿਸ਼ਤੇਦਾਰਾਂ ਕੋਲ ਜਾ ਆਉਣਾ। ਕੋਈ ਸ਼ਕੀਨੀ ਨਹੀਂ ਸੀ ਹੁੰਦੀ। ਬੱਸ ਅੱਸੀ ਨੱਬੇ ਦੇ ਦਹਾਕੇ ਤੋਂ ਬਾਅਦ ਸਾਰਾ ਬਦਲਾਅ ਆਇਆ ਹੈ।
ਜਿੱਥੇ ਹਰੀ ਕ੍ਰਾਂਤੀ ਆਈ, ਉੱਥੇ ਹੀ ਲੋਕਾਂ ਦਾ ਮਿਜ਼ਾਜ ਬਦਲ ਗਿਆ। ਲੋਕਾਂ ਨੇ ਸ਼ਕੀਨੀ ਵਿੱਚ ਪੈਰ ਪਾਉਣੇ ਸ਼ੁਰੂ ਕਰ ਦਿੱਤੇ। ਸਾਡੇ ਪੰਜਾਬ ਵਿੱਚ ਸਭ ਤੋਂ ਵੱਡੀ ਢਾਹ ਪੌਪ ਸਿੰਗਰਾਂ ਨੇ ਲਾਈ ਹੈ। ਜਿਵੇਂ ਹੀ ਉਨ੍ਹਾਂ ਨੇ ਭੜਕੀਲੇ ਗਾਣੇ ਗਾਉਣੇ ਸ਼ੁਰੂ ਕੀਤੇ, ਤਿਵੇਂ ਤਿਵੇਂ ਲੋਕ ਆਪ ਮੁਹਾਰੇ ਉਨ੍ਹਾਂ ਗਾਣਿਆਂ ਦੇ ਪਾਤਰਾਂ ਵਰਗੇ ਹੋਣੇ ਸ਼ੁਰੂ ਹੋ ਗਏ। ਕੋਈ ਕਲਾਕਾਰ ਕਹਿੰਦਾ ਕਿ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸੌਂਕੀ ਹਨ - ਲੋਕਾਂ ਨੇ ਅਸਲਾ ਲੈਣਾ ਸ਼ੁਰੂ ਕਰ ਦਿੱਤਾ। ਕੋਈ ਕਹਿੰਦਾ ਕਿ ਮਝੈਲ ਅੱਖ ਖੜ੍ਹੀ ਰੱਖਦੇ ਹਨ। ਮੁੰਡੀਰ ਨੇ ਅੱਖ ਨਸ਼ੇ ਨਾਲ ਖੜ੍ਹੀ ਕਰਨੀ ਸ਼ੁਰੂ ਕਰ ਦਿੱਤੀ। ਕੋਈ ਕਲਾਕਾਰ ਕਹਿੰਦਾ ਕਿ ਮੁੰਡਾ ਲੁਧਿਆਣੇ ਉਡੀਕਦਾ ਹਾਲੇ ਚਿੱਟਾ ਨਾ ਬਾਰਡਰੋਂ ਨਾ ਲੰਘਿਆ। ਬੱਸ ਚਿੱਟੇ ਦਾ ਨਾਂ ਸੁਣਦੇ ਹੀ ਨਵੀਂ ਪੀੜ੍ਹੀ ਨੇ ਚਿੱਟੇ ਦਾ ਰੋਗ ਲੈ ਲਿਆ, ਜਿਹੜਾ ਮੌਤ ਤਕ ਮੁੰਡੀਰ ਨੂੰ ਲਈ ਜਾ ਰਿਹਾ ਹੈ।
ਕੋਈ ਗਾਉਂਦਾ ਸੀ, ਮੁੱਕ ਗਈ ਅਫੀਮ ਡੱਬੀ ’ਚੋਂ ਯਾਰੋ, ਅੱਜ ਕੋਈ ਅਮਲੀ ਦਾ ਡੰਗ ਸਾਰੋ। ਇਹ ਸਾਰਾ ਕੁਝ ਕੀ ਸੀ, ਬੱਸ ਨਵੀਂ ਪੀੜ੍ਹੀ ਨੂੰ ਕੁਰਾਹੇ ਪਾਉਣ ਦਾ ਢੰਗ ਤਰੀਕਾ। ਬੱਚੇ ਇੰਨੇ ਬੁੱਧੀਮਾਨ ਨਹੀਂ ਹੁੰਦੇ; ਉਨ੍ਹਾਂ ਨੂੰ ਕਿਸੇ ਚੀਜ਼ ਦਾ ਨਫੇ-ਨੁਕਸਾਨ ਦਾ ਪਤਾ ਨਹੀਂ ਹੁੰਦਾ। ਉਨ੍ਹਾਂ ਨੇ ਜੋ ਸੁਣਿਆ, ਉਹੀ ਅਪਣਾਅ ਲਿਆ। ਗਾਣਿਆਂ ਵਿਚਲੇ ਪਾਤਰਾਂ ਨੂੰ ਆਪਣੇ ਰੋਲ ਮਾਡਲ ਮੰਨ ਲਿਆ। ਗਵੱਈਆ ਤਬਕਾ ਕਮਾਈ ਕਰ ਗਿਆ, ਪੰਜਾਬ ਤਬਾਹ ਹੋ ਗਿਆ। ਉਸ ਤਬਾਹ ਹੋਏ ਪੰਜਾਬ ਨੂੰ ਬਚਾਉਣ ਵਾਸਤੇ ਅੱਜ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਗੱਲ ਕਿਸੇ ਤਣ ਪੱਤਣ ਲਗਦੀ ਨਜ਼ਰ ਨਹੀਂ ਆ ਰਹੀ।
ਸਾਰੇ ਰਵਾਇਤੀ ਨਸ਼ਿਆਂ ਨੂੰ ਚਿੱਟੇ ਨੇ ਮਾਤ ਪਾ ਦਿੱਤੀ ਹੈ। ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ, ਕਸਬਾ ਜਾਂ ਸ਼ਹਿਰ ਇਹੋ ਜਿਹਾ ਹੋਵੇਗਾ ਜਿੱਥੇ ਚਿੱਟੇ ਨੇ ਲੋਕਾਂ ਦੇ ਘਰਾਂ ਵਿੱਚ ਸੱਥਰ ਨਾ ਵਿਛਾਏ ਹੋਣ। ਖਾਸ ਕਰਕੇ ਜਿਨ੍ਹਾਂ ਦੇ ਇਕਲੌਤੇ ਪੁੱਤਰ ਧੀਆਂ ਸਨ, ਉਨ੍ਹਾਂ ਦੇ ਬੂਹੇ ਹੀ ਬੰਦ ਹੋ ਗਏ ਹਨ। ਅੱਜ-ਕੱਲ੍ਹ ਮਾਪੇ ਇਨ੍ਹਾਂ ਨਸ਼ਿਆਂ ਤੋਂ ਇੰਨਾ ਡਰ ਗਏ ਹਨ ਕਿ ਜਿਨ੍ਹਾਂ ਦਾ ਇੱਕ-ਇੱਕ ਵੀ ਬੱਚਾ ਸੀ; ਉਨ੍ਹਾਂ ਨੇ ਬਾਹਰਲੇ ਦੇਸ਼ਾਂ ਵਿੱਚ ਭੇਜ ਦਿੱਤੇ ਹਨ। ਹੁਣ ਉੱਥੇ ਵੀ ਇਹੋ ਕੁਝ ਹੋ ਰਿਹਾ ਹੈ।
ਚਿੱਟਾ ਨਸ਼ਾ ਇੰਨਾ ਮਹਿੰਗਾ ਹੈ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਪਰ ਪੀਣ ਵਾਲੇ ਫਿਰ ਵੀ ਪਿੱਛੇ ਨਹੀਂ ਮੁੜਦੇ। ਪਹਿਲਾਂ ਝੂਠ ਮਾਰਕੇ ਘਰੋਂ ਪੈਸੇ ਲੈਂਦੇ ਰਹਿੰਦੇ ਹਨ, ਜਦੋਂ ਘਰੋਂ ਪੈਸੇ ਮਿਲਣੇ ਬੰਦ ਹੋ ਜਾਂਦੇ ਹਨ, ਫਿਰ ਚੋਰੀਆਂ ਚਕਾਰੀਆਂ, ਲੁੱਟਾਂ ਖੋਹਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ; ਜਿਸ ਕਰਕੇ ਅੱਜ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ। ਹਾਲਾਤ ਦਿਨ ਬਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਗੈਂਗਸਟਰ ਦਿਨ ਦੀਵੀ ਲੋਕਾਂ ਦਾ ਕਤਲ ਕਰਕੇ ਪੋਸਟਾਂ ਪਾਉਂਦੇ ਪਏ ਹਨ।
ਹਰ ਰੋਜ਼ ਪਾਕਿਸਤਾਨ ਵਾਲੇ ਪਾਸਿਓਂ ਚਿੱਟੇ ਦੀਆਂ ਖੇਪਾਂ ਆ ਰਹੀਆਂ ਹਨ। ਵਿੱਚੋਂ ਥੋੜ੍ਹੀਆਂ ਬਾਹਲੀਆਂ ਫੜੀਆਂ ਜਾਂਦੀਆਂ ਹਨ, ਬਾਕੀ ਠਿਕਾਣੇ ’ਤੇ ਪਹੁੰਚ ਜਾਂਦੀਆਂ ਹਨ; ਜਿਨ੍ਹਾਂ ਕਰਕੇ ਅੱਜ ਪੰਜਾਬ ਦੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ। ਸਰਕਾਰਾਂ ਵੀ ਆਪਣਾ ਵਕਤ ਗੁਜ਼ਾਰ ਰਹੀਆਂ ਹਨ। ਜਿਸ ਖੇਤ ਨੂੰ ਵਾੜ ਹੀ ਖਾਣ ਲੱਗ ਜਾਵੇ, ਉਸ ਖੇਤ ਦਾ ਕੀ ਬਣੇਗਾ? ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜਾਵੇ, ਉਸ ਬਾਗ ਕੀ ਬਣਨਾ ਹੈ? ਜਦੋਂ ਰਖਵਾਲੇ ਹੀ ਪੈਸੇ ਦੇ ਮੋਹ ਵਿੱਚ ਫਸ ਜਾਣ, ਫਿਰ ਉਹ ਰੱਖਿਆ ਕਿਵੇਂ ਕਰ ਸਕਦੇ ਹਨ? ਉਹੀ ਹਾਲ ਅੱਜ ਸਾਨੂੰ ਦੇਖਣ ਅਤੇ ਸੁਣਨ ਨੂੰ ਮਿਲ ਰਿਹਾ ਹੈ। ਕਿਸੇ ਨੂੰ ਕਹਿਣ ਤੋਂ ਪਹਿਲਾਂ ਸਾਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਫੇਰ ਲੈਣਾ ਚਾਹੀਦਾ ਹੈ। ਜਿਹੜਾ ਨਸ਼ਾ ਵੇਚ ਰਿਹਾ ਹੈ, ਉਹ ਵੀ ਕਿਸੇ ਦਾ ਧੀਅ ਪੁੱਤ ਹੈ; ਜਿਹੜਾ ਖਰੀਦ ਰਿਹਾ ਹੈ, ਉਹ ਵੀ ਕਿਸੇ ਦਾ ਧੀਅ ਪੁੱਤ ਹੈ। ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਜਿਹੜਾ ਕਿਸੇ ਅੱਗੇ ਟੋਆ ਪੁੱਟਦਾ ਹੈ, ਉਸ ਅੱਗੇ ਖੂਹ ਵੀ ਆ ਜਾਂਦਾ ਹੈ।
ਥੋੜ੍ਹੇ ਸਮੇਂ ਵਿੱਚ ਮਿਹਨਤ ਕੀਤੇ ਬਿਨਾਂ ਜਲਦੀ ਅਮੀਰ ਹੋਣ ਦੀ ਲਾਲਸਾ ਨਵੀਂ ਪੀੜ੍ਹੀ ਵਿੱਚ ਵਧ ਗਈ ਹੈ; ਜਿਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ। ਮੈਂ ਤਾਂ ਇਹੋ ਕਹਾਂਗਾ ਕਿ ਆਪਾਂ ਸਾਰੇ ਨਸ਼ਿਆਂ ਤੋਂ ਦੂਰ ਰਹੀਏ, ਜਿਸ ਨਾਲ ਅਸੀਂ ਸਾਡਾ ਸਮਾਜ ਅਤੇ ਦੇਸ਼ ਬਚ ਸਕੇ। ਨਹੀਂ ਤਾਂ ਸਾਡੇ ਸਾਰੇ ਸੁਪਨੇ ਅਧੂਰੇ ਹੀ ਰਹਿ ਜਾਣਗੇ। ਮੈਂ ਪਾਕਿਸਤਾਨੀਆਂ ਨੂੰ ਵੀ ਇਹੋ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਪਾਕਿਸਤਾਨੀਓਂ... ਸਾਡੇ ਕੋਲੋਂ ਆਟਾ ਜਿੰਨਾ ਮਰਜ਼ੀ ਲੈ ਲਓ, ਵਾਸਤਾ ਰੱਬ ਦਾ, ਚਿੱਟਾ ਇੱਧਰ ਨਾ ਭੇਜੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































