“ਹੋਰ ਕਿੰਨਾ ਕੁ ਚਿਰ ਸਮੁੱਚੇ ਪੰਜਾਬ ਨੂੰ ਚੱਕੀ ਦੇ ਪੁੜਾਂ ਵਿੱਚ ਪਿਸਦੇ ਰਹਿਣ ਵਾਸਤੇ ...”
(14 ਜੁਲਾਈ 2025)
ਪੰਜਾਬ ਪੰਜਾਂ ਪਾਣੀਆਂ, ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ, ਜਿੱਥੇ ਚੌਵੀ ਘੰਟੇ ਗੁਰਬਾਣੀ ਦਾ ਪ੍ਰਵਾਹ ਚਲਦਾ ਹੈ। ਜਿਸ ਧਰਤੀ ਤੇ ਕੋਈ ਭੁੱਖਾ ਨਹੀਂ ਸੌਂਦਾ, ਜਿਸਦੀ ਹਵਾ ਵਿੱਚ ਮਹਿਕ, ਜਿਸਦੀ ਬੋਲੀ ਵਿੱਚ ਮਿਠਾਸ ਹੈ। ਜਿਸ ਥਾਂ ’ਤੇ ਕੋਈ ਜਾਤ ਪਾਤ ਦਾ ਭੇਦ ਭਾਵ ਨਹੀਂ। ਸਾਰਾ ਸੂਬਾ ਸੇਵਾ ਕਰਦਾ ਥੱਕਦਾ ਨਹੀਂ। ਬਾਹਰੋਂ ਆਏ ਮਹਿਮਾਨਾਂ ਨੂੰ ਅੱਖਾਂ ਦੀਆਂ ਪਲਕਾਂ ’ਤੇ ਬਿਠਾਉਣ ਵਾਲਾ ਪੰਜਾਬ, ਜਿਸਦੇ ਜੰਮਪਲ ਸਪੁੱਤਰ ਅੱਜ ਦੁਨੀਆਂ ਦੇ ਕੋਨੇ ਕੋਨੇ ਉੱਤੇ ਆਪਣੀ ਵੱਖਰੀ ਪਛਾਣ ਬਣਾ ਕੇ ਰਹਿ ਰਹੇ ਹਨ। ਦੁਨੀਆਂ ਵਿੱਚ ਕੋਈ ਵੀ ਆਫ਼ਤ ਆ ਜਾਵੇ, ਪੰਜਾਬੀ ਸਭ ਤੋਂ ਪਹਿਲਾਂ ਉੱਥੇ ਪਹੁੰਚ ਕੇ ਸਥਿਤੀ ਨੂੰ ਸੰਭਾਲਣ ਵਾਲੇ ਲੋਕ ਹਨ। ਅਦੁੱਤੀਆਂ ਮਿਸਾਲਾਂ ਕਾਇਮ ਕਰਨ ਵਾਲੇ ਮਰਜੀਵੜੇ ਜੋਧੇ ਪੰਜਾਬੀ। ਇਹੋ ਜਿਹੀ ਧਰਤੀ ਉੱਤੇ ਜੰਮੇ ਪਲੇ ਚੰਗੇ ਸੰਸਕਾਰਾਂ ਵਾਲੇ ਪੁੱਤ ਅੱਜ ਕਿਹੜੇ ਰਾਹ ਉੱਤੇ ਤੁਰ ਪਏ ਨੇ ਕੋਈ ਸਮਝ ਨਹੀਂ ਆ ਰਹੀ। ਕਿਸਨੇ ਇਹੋ ਜਿਹੀ ਸਿੱਖਿਆ ਦੇ ਦਿੱਤੀ ਹੈ ਕਿ ਤੁਸੀਂ ਆਪਣਿਆਂ ਨੂੰ ਹੀ ਮਾਰ ਮੁਕਾਈ ਜਾਓ। ਕਦੇ ਸੋਚਿਆ ਹੈ ਕਿ ਕੌਣ ਮਰ ਰਿਹਾ ਹੈ, ਕੌਣ ਮਾਰ ਰਿਹਾ ਹੈ? ਕੋਈ ਹੋਰ ਨਹੀਂ ਅਸੀਂ ਮਰ ਰਹੇ ਹਾਂ। ਸਾਡੇ ਭਰਾ, ਸਾਡੇ ਪੁੱਤ ਸਾਡੇ ਬਜ਼ੁਰਗ ਤੇ ਸਾਡੀਆਂ ਮਾਵਾਂ ਭੈਣਾਂ। ਕਿਸ ਬਦਲੇ? ਇੱਕ ਪੈਸੇ ਖਾਤਰ, ਇੱਕ ਨਾਂਅ ਬਦਲੇ, ਝੂਠੀ ਸ਼ੋਹਰਤ ਲਈ। ਕਿਸੇ ਨੂੰ ਤੁਸੀਂ ਮਾਰ ਰਹੇ ਹੋ, ਕੋਈ ਤੁਹਾਨੂੰ ਮਾਰ ਰਿਹਾ ਹੈ। ਆਉਣ ਵਾਲੀਆਂ ਪੀੜ੍ਹੀਆਂ ਖ਼ਤਮ ਕਰਨ ਦਾ ਠੇਕਾ ਲੈ ਲਿਆ ਹੈ। ਜ਼ਿੰਦਗੀ ਇੱਕ ਵਾਰ ਮਿਲਦੀ ਹੈ, ਦੁਬਾਰਾ ਨਹੀਂ। ਪਰ ਕਦੇ ਕਿਸੇ ਨੇ ਸੋਚਣ ਦੀ ਹਿੰਮਤ ਹੀ ਨਹੀਂ ਕੀਤੀ। ਅਸਲੇ ਨਾਲ ਕਦੇ ਮਸਲੇ ਹੱਲ ਹੁੰਦੇ ਵੇਖੇ ਹਨ? ਸਗੋਂ ਤਬਾਹੀ ਹੀ ਹੁੰਦੀ ਹੈ। ਹਥਿਆਰਾਂ ਦੇ ਸ਼ੌਕ ਪੰਜਾਬ ਨੂੰ ਤਬਾਹੀ ਵੱਲ ਲੈਕੇ ਜਾ ਰਹੇ ਹਨ। ਕਿਸੇ ਨੇ ਪੁੱਛਿਆ ਕਿ ਇੱਕ ਰਾਊਂਡ ਦਾ ਮੁੱਲ ਕਿੰਨਾ ਹੁੰਦਾ ਹੈ। ਇਹ ਕਿੰਨੀ ਦੂਰ ਤਕ ਮਾਰ ਕਰਦਾ ਹੈ। ਅੱਗੋਂ ਸਿਆਣੇ ਬਜ਼ੁਰਗ ਨੇ ਜਵਾਬ ਦਿੱਤਾ ਕਿ ਪੁੱਤਰ ਭਾਅ ਤਾਂ ਇਸਦਾ ਬਹੁਤ ਥੋੜ੍ਹਾ ਹੁੰਦਾ ਹੈ ਪਰ ਇਸਦਾ ਭਾਰ ਕਈ ਪੀੜ੍ਹੀਆਂ ਨਹੀਂ ਲਾਹ ਸਕਦੀਆਂ। ਰਹੀ ਗੱਲ ਕਿ ਅੱਗੇ ਇਹ ਕਿੰਨੇ ਕੁ ਕਿੱਲੇ ਜਾਂਦੀ ਹੈ। ਅੱਗੇ ਤਾਂ ਭਾਵੇਂ ਦੋ ਤਿੰਨ ਕਿੱਲੇ ਹੀ ਜਾਂਦੀ ਹੈ ਪਰ ਪਿੱਛੇ ਕਈ ਕਿੱਲੇ ਲੈ ਜਾਂਦੀ ਹੈ, ਜਿਨ੍ਹਾਂ ਬਾਰੇ ਇਨਸਾਨ ਕਦੇ ਸੋਚ ਵੀ ਨਹੀਂ ਸਕਦਾ। ਅੱਜ ਕੋਈ ਇਹੋ ਜਿਹਾ ਦਿਨ ਨਹੀਂ ਲੰਘਦਾ ਜਿਸ ਦਿਨ ਗੈਂਗਸਟਰਾਂ ਦੀ ਆਪਸੀ ਝੜਪ ਨਾ ਹੁੰਦੀ ਹੋਵੇ। ਪਰਿਵਾਰਾਂ ਨੂੰ ਮਾਰ ਮਾਰ ਕੇ ਫਿਰ ਜ਼ਿੰਮੇਵਾਰੀਆਂ ਲੈਣੀਆਂ। ਇੱਕ ਦੂਜੇ ਨਾਲ ਫੇਸਬੁੱਕਾਂ ਉੱਤੇ ਉਲਝੀ ਜਾਣਾ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਅਗਰ ਮੁਕਾਬਲਾ ਕਰਨਾ ਹੀ ਹੈ ਤੇ ਕਰੋ ਜ਼ਰੂਰ ਕਰੋ। ਪਰ ਉਹ ਅਫਸਰ ਬਣਨ ਦਾ, ਉਹ ਵਿਗਿਆਨੀ ਬਣਨ ਦਾ, ਉਲੰਪਿਕ ਵਿੱਚ ਖੇਡਣ ਦਾ। ਅਗਰ ਨਿਸ਼ਾਨੇ ਹੀ ਲਾਉਣੇ ਨੇ ਤਾਂ ਉਹ ਮੈਡਲਾਂ ਉੱਤੇ ਲਾਓ, ਕਿਸੇ ਦੇ ਘਰ ਦੇ ਚਿਰਾਗ ਉੱਤੇ ਨਹੀਂ। ਅੱਜ ਕਿੰਨੀਆਂ ਮਾਵਾਂ ਵਿਲਕਦੀਆਂ ਫਿਰਦੀਆਂ ਨੇ ਆਪਣੇ ਪੁੱਤਰਾਂ ਨੂੰ ਇਨਸਾਫ ਦਿਵਾਉਣ ਲਈ। ਭੈਣਾਂ ਹੱਥਾਂ ਵਿੱਚ ਰੱਖੜੀਆਂ ਲੈ ਕੇ ਵਿਰਲਾਪ ਕਰਦੀਆਂ ਫਿਰਦੀਆਂ ਹਨ। ਕਈ ਭੈਣਾਂ ਸਿਹਰੇ ਖਰੀਦ ਕੇ ਰੋਂਦੀਆਂ ਫਿਰਦੀਆਂ ਹਨ। ਬਜ਼ੁਰਗ ਮਾਪੇ ਸਿਵਿਆਂ ਵਿੱਚ ਭੁੱਬਾਂ ਮਾਰਦੇ ਹੋਏ ਵੇਖੇ ਨਹੀਂ ਜਾਂਦੇ। ਕੀ ਮੇਰਾ ਉਹੀ ਰੰਗਲਾ ਪੰਜਾਬ ਆਪਣੀ ਉਸੇ ਲੀਹ ਉੱਤੇ ਆ ਜਾਵੇਗਾ? ਕੀ ਲੋਕ ਸਕੂਨ ਨਾਲ ਸ਼ਹਿਰ ਤੋਂ ਵਾਪਸ ਘਰ ਆ ਜਾਣਗੇ। ਕੋਈ ਨਹੀਂ ਕੁੱਟੇਗਾ, ਕੋਈ ਨਹੀਂ ਲੁੱਟੇਗਾ, ਕੀ ਗੁੱਟ ਬਾਜ਼ੀਆਂ ਮੁੱਕ ਜਾਣਗੀਆਂ? ਗੈਂਗ ਵਾਰ ਖ਼ਤਮ ਹੋ ਜਾਵੇਗੀ ਜਾਂ ਫਿਰ ਹਰ ਰੋਜ਼ ਕਤਲ ਹੁੰਦੇ ਰਹਿਣਗੇ। ਇਨ੍ਹਾਂ ਕਤਲਾਂ ਦਾ ਜ਼ਿੰਮੇਵਾਰ ਕੌਣ ਹੋਵੇਗਾ, ਹੁਣ ਇਹ ਸਵਾਲ ਹਰ ਪੰਜਾਬੀ ਦੇ ਮਨ ਵਿੱਚ ਉੱਠਦਾ ਹੈ ਪਰ ਬੋਲ ਕੋਈ ਨਹੀਂ ਰਿਹਾ। ਹੋਰ ਕਿੰਨਾ ਕੁ ਚਿਰ ਸਮੁੱਚੇ ਪੰਜਾਬ ਨੂੰ ਚੱਕੀ ਦੇ ਪੁੜਾਂ ਵਿੱਚ ਪਿਸਦੇ ਰਹਿਣ ਵਾਸਤੇ ਮਜਬੂਰ ਹੋਣਾ ਪਵੇਗਾ। ਜਾਂ ਫਿਰ ਇਸੇ ਤਰ੍ਹਾਂ ਗੈਂਗਸਟਰਾਂ ਦੀ ਰੱਸਾਕਸ਼ੀ ਵਿੱਚ ਹੁੰਦੇ ਰਹਿਣਗੇ ਪੰਜਾਬੀਆਂ ਦੇ ਕਤਲ? ਕੁਝ ਸੋਚੋ! ਕੁਝ ਕਰੋ ਪੰਜਾਬੀਓ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (