“ਜਿਨ੍ਹਾਂ ਹਤਿਆਰਿਆਂ ਨੇ ਪਹਿਲਗਾਮ ਵਾਲੀ ਘਿਨਾਉਣੀ ਹਰਕਤ ਕੀਤੀ ਹੈ, ਉਹਨਾਂ ਨੂੰ ਚੁਰਾਹੇ ਵਿੱਚ ...”
(7 ਮਈ 2025)
ਜਿਸ ਦਿਨ ਦਾ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਨਿਰਦੋਸ਼ ਸੈਲਾਨੀਆਂ ਦਾ ਅੱਤਵਾਦੀਆਂ ਵੱਲੋਂ ਕਤਲ ਕੀਤਾ ਗਿਆ ਹੈ, ਉਸ ਦਿਨ ਤੋਂ ਜੰਗ ਦੀਆਂ ਅਫਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ। ਜੰਗ ਲਾਉਣਾ ਭਾਵੇਂ ਅੱਜਕਲ ਖਾਲਾ ਜੀ ਦਾ ਵਾੜਾ ਨਹੀਂ ਪਰ ਫਿਰ ਜੰਗ ਦਾ ਡਰ ਤਾਂ ਬਹੁਤ ਹੁੰਦਾ ਹੈ। ਜੰਗ ਤਬਾਹੀ ਦਾ ਉਹ ਰਾਹ ਹੈ, ਜਿਹੜਾ ਕਦੇ ਮੁੱਕਣ ਦਾ ਨਾਂਅ ਨਹੀਂ ਲੈਂਦਾ।
ਮੈਂ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਕਰਨ ਜਾ ਰਿਹਾ, ਮੈਂ ਆਪਣੀ ਗੱਲ ਕਰਨ ਲੱਗਾ ਹਾਂ। ਹੱਡ ਬੀਤੀ ਅਤੇ ਜੱਗ ਬੀਤੀ ਵਿੱਚ ਫਰਕ ਬਹੁਤ ਹੁੰਦਾ ਹੈ। ਗੁਰਬਾਣੀ ਵਿੱਚ ਵੀ ਆਉਂਦਾ ਹੈ ਕਿ “ਜਿਸ ਤਨੁ ਲਾਗੇ ਸੋ ਤਨੁ ਜਾਣੈ, ਕੌਣ ਜਾਣੈ ਪੀੜ ਪਰਾਈ।” ਗੱਲ ਇਹ ਹੈ ਕਿ ਅਸੀਂ ਬਿਲਕੁਲ ਹਿੰਦ ਪਾਕਿ ਬਾਰਡਰ ਦੀ ਜ਼ੀਰੋ ਲਾਈਨ ਦੇ ਨਜ਼ਦੀਕ ਰਹਿੰਦੇ ਹਾਂ। ਜਿੰਨਾ ਸਾਨੂੰ ਪਤਾ ਹੈ ਕਿ ਜੰਗ ਦੇ ਮਾਅਨੇ ਕੀ ਹੁੰਦੇ ਹਨ, ਸ਼ਾਇਦ ਇੰਨਾ ਹੋਰ ਕਿਸੇ ਨੂੰ ਨਾ ਪਤਾ ਹੋਵੇ ਕਿਉਂਕਿ ਜਦੋਂ ਅਸੀਂ ਜੰਗ ਦਾ ਨਾਂਅ ਸੁਣਦੇ ਹਾਂ, ਉਸ ਵਕਤ ਸਾਡੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਪੂਰੇ ਪਰਿਵਾਰ ਨੂੰ ਲੈ ਕੇ ਕਿੱਥੇ ਜਾਵਾਂਗੇ? ਉੱਥੇ ਕੀ ਕਰਾਂਗੇ ਕੀ ਖਾਵਾਂਗੇ? ਪਿੱਛੋਂ ਸਾਡੀ ਖੇਤੀ ਦਾ ਕੀ ਬਣੇਗਾ? ਸਾਡੇ ਮਾਲ ਡੰਗਰ ਦਾ ਕੀ ਬਣੇਗਾ? ਬੇਜ਼ਬਾਨਿਆਂ ਨੂੰ ਕਿੱਥੇ ਛੱਡਾਂਗੇ? ਘਰ ਦਾ ਸਾਰਾ ਸਮਾਨ ਕਿਸ ਕੋਲ ਰੱਖਾਂਗੇ? ਬਜ਼ੁਰਗ ਮਾਪਿਆਂ ਦਾ, ਨੌਜਵਾਨ ਧੀਆਂ ਦਾ ਤੇ ਸਕੂਲ ਪੜ੍ਹਦੇ ਬੱਚਿਆਂ ਦਾ ਕੀ ਬਣੇਗਾ? ਇਹ ਸਾਰਾ ਦ੍ਰਿਸ਼ ਅੱਖਾਂ ਅੱਗੇ ਘੁੰਮਣ ਲੱਗ ਜਾਂਦਾ ਹੈ। ਪਰ ਜਦੋਂ ਮੈਂ ਆਪਣੇ ਆਲੇ ਦੁਆਲੇ ਨਿਗ੍ਹਾ ਮਾਰਦਾ ਹਾਂ ਤਾਂ ਸਭ ਕੁਝ ਆਮ ਵਾਂਗ ਹੀ ਜਾਪਦਾ ਹੈ। ਲੋਕ ਰੋਜ਼ ਮੱਰਾ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਜਿਵੇਂ ਪਹਿਲਾਂ ਕਾਰੋਬਾਰ ਕਰਦੇ ਸੀ, ਅੱਜ ਵੀ ਉਵੇਂ ਹੀ ਕਰ ਰਹੇ ਹਨ। ਕਿਸੇ ਨੂੰ ਜੰਗ ਦਾ ਕੋਈ ਖੌਫ ਨਹੀਂ ਨਜ਼ਰ ਆਉਂਦਾ। ਫਿਰ ਜੰਗ ਕਿੱਥੇ ਹੈ? ਕੋਈ ਫੌਜ ਨਹੀਂ ਹਰਕਤ ਕਰਦੀ ਨਜ਼ਰ ਆ ਰਹੀ। ਲੋਕਾਂ ਨੇ ਆਪਣੀ ਕਣਕ ਦੀ ਵਾਢੀ ਕਰਕੇ ਤੂੜੀ ਬਣਾ ਲਈ ਹੈ। ਹੁਣ ਝੋਨਾ ਲਾਉਣ ਦੀ ਤਿਆਰੀ ਅਰੰਭ ਕਰ ਦਿੱਤੀ ਹੈ। ਝੋਨੇ ਦੀਆਂ ਪਨੀਰੀਆਂ ਬੀਜੀਆਂ ਜਾ ਰਹੀਆਂ ਹਨ। ਜ਼ਮੀਨਾਂ ਨੂੰ ਤਿਆਰ ਕਰਨ ਵਿੱਚ ਦਿਨ ਰਾਤ ਟਰੈਕਟਰ ਚਲਦੇ ਵੇਖੇ ਜਾ ਸਕਦੇ ਹਨ।
ਇਸ ਸਭ ਕੁਝ ਦੇ ਬਾਵਜੂਦ ਮੀਡੀਆ, ਸੋਸ਼ਲ ਮੀਡੀਆ ਅਤੇ ਮੋਬਾਈਲਾਂ ਉੱਤੇ ਬੜੇ ਘਮਸਾਨ ਦਾ ਯੁੱਧ ਲੱਗਾ ਹੋਇਆ ਦੇਖਣ ਨੂੰ ਮਿਲ ਰਿਹਾ ਹੈ। ਟੈਲੀਵਿਜ਼ਨ ਵਾਲੇ ਤਾਂ ਬੰਬ ਚਲਾਉਣ ਤੋਂ ਪਿੱਛੇ ਨਹੀਂ ਹਟ ਰਹੇ। ਉਹ ਇੰਨਾ ਜ਼ਹਿਰ ਉਗਲ ਰਹੇ ਹਨ ਕਿ ਕਹਿਣ ਦੀ ਹੱਦ ਕੋਈ ਹੀ ਨਹੀਂ। ਪ੍ਰਿੰਟ ਮੀਡੀਆ ਵੀ ਛਛੋਪੰਜ ਵਿੱਚ ਪਿਆ ਹੋਇਆ ਨਜ਼ਰ ਆ ਰਿਹਾ ਹੈ। ਇੱਕ ਜੰਗ ਹਿੰਦ ਪਾਕਿ ਦੀ ਕਰਵਾਈ ਜਾ ਰਹੀ ਹੈ, ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਦੀ ਪਾਣੀ ਨੂੰ ਲੈਕੇ ਜੰਗ ਹੋ ਰਹੀ ਹੈ। ਪਰ ਜੇ ਇਹ ਕਹਿ ਲਿਆ ਜਾਵੇ ਕਿ ਜੰਗ ਬਰਬਾਦੀ ਤੋਂ ਇਲਾਵਾ ਸਾਨੂੰ ਕੁਝ ਨਹੀਂ ਦੇ ਸਕਦੀ ਇਹ ਕੋਈ ਅਅਤਿਕਥਨੀ ਨਹੀਂ ਹੋਵੇਗੀ। ਅਸੀਂ ਬਾਰਡਰ ਦੇ ਲੋਕ ਇਹੋ ਹੀ ਅਰਦਾਸ ਕਰਦੇ ਹਾਂ ਕਿ ਜੰਗ ਨਾ ਲੱਗੇ। ਜੰਗ ਦਾ ਮਾਹੌਲ ਸਿਰਜਣ ਵਾਲੇ ਸ਼ਾਂਤੀ ਵੱਲ ਝੁਕਾਅ ਕਰਨ। ਜਿਨ੍ਹਾਂ ਲੋਕਾਂ ਨੂੰ ਜੰਗ ਦੀ ਜ਼ਿਆਦਾ ਜ਼ਰੂਰਤ ਹੈ, ਉਹ ਸਾਡੀ ਥਾਂ ’ਤੇ ਆ ਜਾਣ ਤੇ ਸਾਨੂੰ ਆਪਣੀਆਂ ਥਾਂਵਾਂ ਉੱਤੇ ਰੈਣ ਬਸੇਰਾ ਕਰ ਲੈਣ ਦੇਣ। ਫਿਰ ਜਦੋਂ ਮਰਜ਼ੀ ਤੇ ਜਿੰਨੀ ਮਰਜ਼ੀ ਜੰਗ ਲੜ ਲੈਣ। ਵਾਸਤਾ ਜੇ ਰੱਬ ਦਾ ਸਾਨੂੰ ਜੰਗ ਤੋਂ ਬਚਾ ਲਓ, ਅਸੀਂ ਜੰਗ ਨਹੀਂ ਚਾਹੁੰਦੇ।
ਜਿਨ੍ਹਾਂ ਹਤਿਆਰਿਆਂ ਨੇ ਪਹਿਲਗਾਮ ਵਾਲੀ ਘਿਨਾਉਣੀ ਹਰਕਤ ਕੀਤੀ ਹੈ, ਉਹਨਾਂ ਨੂੰ ਚੁਰਾਹੇ ਵਿੱਚ ਖੜ੍ਹਾ ਕਰਕੇ ਮੌਤ ਦੇ ਘਾਟ ਉਤਾਰ ਦਿਉ। ਪਰ ਸਾਡੇ ਹੱਸਦੇ ਵਸਦੇ ਘਰਾਂ ਨੂੰ ਉਜਾੜਨ ਦੀ ਖੇਚਲ ਨਾ ਕਰੋ। ਸਾਡੇ ਤਾਂ ਅਜੇ ਸੰਤਾਲੀ ਵਾਲੇ ਜ਼ਖ਼ਮ ਵੀ ਨਹੀਂ ਭਰੇ, ਹੁਣ ਫਿਰ ਦੁਬਾਰਾ ਸਾਨੂੰ ਮੌਤ ਦੇ ਮੂੰਹ ਵਿੱਚ ਕਿਉਂ ਧੱਕ ਰਹੇ ਹੋ? ਸਾਡੇ ’ਤੇ ਰਹਿਮ ਕਰੋ! ਜੰਗਾਂ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ ਵੇਖੇ। ਅਖੀਰ ਮੇਜ਼ ਉੱਤੇ ਹੀ ਸਮਝੌਤਾ ਹੁੰਦਾ ਦੇਖਿਆ ਹੈ, ਉਹ ਹੁਣ ਹੀ ਕਰ ਲਉ, ਸਭ ਕੁਝ ਠੀਕਠਾਕ ਹੋ ਜਾਵੇਗਾ। ਬੰਦ ਕਰੋ ਜੰਗ ਦੀ ਗਾਥਾ ਤੇ ਮੀਡੀਆ ਦੇ ਮੂੰਹ ’ਤੇ ਲਗਾਉ ਲਗਾਮ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)