“ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬੇਨਤੀਆਂ ਤੋਂ ਬਾਅਦਫ਼ੌਜ, ਸੀਮਾ ਸੁਰੱਖਿਆ ਬਲ, ਭਾਰਤੀ ਹਵਾਈ ਸੈਨਾ ...”
(6 ਸਤੰਬਰ 2025)
ਜਦੋਂ ਵੀ ਕੋਈ ਕੰਮ ਪ੍ਰਸ਼ਾਸਨ ਦੇ ਵੱਸ ਤੋਂ ਬਾਹਰ ਹੋ ਜਾਵੇ, ਉਸ ਸਮੇਂ ਫੌਜ ਨੂੰ ਆਵਾਜ਼ ਮਾਰਨੀ ਪੈਂਦੀ ਹੈ। ਫੌਜ ਹੁਕਮ ਮਿਲਦਿਆਂ ਹੀ ਹਰਕਤ ਵਿੱਚ ਆ ਜਾਂਦੀ ਹੈ। ਇਹ ਫਿਰ ਕੋਈ ਨਾ ਦਿਨ ਦੇਖਦੀ ਹੈ ਨਾ ਰਾਤ। ਨਾ ਪਹਾੜ ਦੇਖਦੀ ਹੈ ਨਾ ਸਮੁੰਦਰ। ਬੱਸ ਜੋ ਕੰਮ ਮਿਲਦਾ ਹੈ, ਉਸ ਨੂੰ ਫਤਿਹ ਕਰਨ ਵਿੱਚ ਮਾਣ ਮਹਿਸੂਸ ਕਰਦੀ ਹੈ। ਫੌਜ ਨੂੰ ਹਰ ਤਰ੍ਹਾਂ ਦੀ ਟਰੇਨਿੰਗ ਹੁੰਦੀ ਹੈ। ਫੌਜ ਨੂੰ ਕਿਸੇ ਧਰਮ, ਮਜ਼ਹਬ ਜਾਂ ਸੂਬੇ ਨਾਲ ਕੋਈ ਮਤਲਬ ਨਹੀਂ ਹੁੰਦਾ, ਹੁਕਮ ਨੂੰ ਹੁਕਮ ਮੰਨ ਕੇ ਤੁਰ ਪੈਂਦੀ ਹੈ। ਤੁਸੀਂ ਹੁਣ ਹੀ ਦੇਖ ਲਓ ਕਿ ਪਿਛਲੇ ਕਈ ਦਿਨਾਂ ਤੋਂ ਪਹਾੜਾਂ ਵਿੱਚ ਮੀਂਹ ਲਗਾਤਾਰ ਪੈ ਰਿਹਾ ਹੈ, ਹਿਮਾਚਲ, ਜੰਮੂ ਅਤੇ ਪੰਜਾਬ ਦੀ ਹਾਲਤ ਹੜ੍ਹਾਂ ਨਾਲ ਖਸਤਾ ਹੋਈ ਪਈ ਹੈ। ਪੰਜਾਬ ਵਿੱਚ ਭਾਰੀ ਮੀਂਹ ਪੈਣ, ਪਹਾੜਾਂ ਵਿੱਚ ਲਗਾਤਾਰ ਬੱਦਲ਼ ਫਟਣ ਅਤੇ ਸਾਰੇ ਡੈਮਾਂ ਦੇ ਨੱਕੋ-ਨੱਕ ਭਰਨ ਉਪਰੰਤ ਇਨ੍ਹਾਂ ਵਿੱਚੋਂ ਪਾਣੀ ਛੱਡੇ ਜਾਣ ਨਾਲ ਪੰਜਾਬ ਭਾਰੀ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ। ਲਗਾਤਾਰ ਇੱਕ ਹਫ਼ਤੇ ਤੋਂ ਪੰਜਾਬ ਦੇ ਘੱਟੋ-ਘੱਟ 23 ਜ਼ਿਲ੍ਹੇ ਭਾਰੀ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਹਨ। ਫੌਜ ਅਤੇ ਵੱਖ-ਵੱਖ ਕੇਂਦਰੀ ਏਜੰਸੀਆਂ ਰਾਜ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਪਾਣੀ ਵਿੱਚ ਡੁੱਬੇ ਇਲਾਕਿਆਂ ਵਿੱਚੋਂ ਫਸੇ ਲੋਕਾਂ ਨੂੰ ਕੱਢਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ।
ਹੜ੍ਹ ਦੇ ਪਾਣੀ ਦੀ ਮਾਰ ਪੈਣ ਕਾਰਨ ਲੋਕਾਂ ਦੇ ਘਰ ਨੁਕਸਾਨੇ ਗਏ ਹਨ। ਕਿਸਾਨਾਂ ਦੀ ਤਿੰਨ ਲੱਖ ਏਕੜ ਤੋਂ ਵੱਧ ਫ਼ਸਲ ਬਰਬਾਦ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬੇਨਤੀਆਂ ਤੋਂ ਬਾਅਦ ਫ਼ੌਜ, ਸੀਮਾ ਸੁਰੱਖਿਆ ਬਲ, ਭਾਰਤੀ ਹਵਾਈ ਸੈਨਾ ਅਤੇ ਰਾਸ਼ਟਰੀ ਆਫ਼ਤ ਬਲ ਨੇ ਸੰਕਟ ਦੀ ਸਥਿਤੀ ਸੰਭਾਲਣ ਲਈ ਮੋਰਚਾ ਸੰਭਾਲ ਲਿਆ ਹੈ। ਵੱਡੇ ਪੱਧਰ ’ਤੇ ਬਚਾ ਕਾਰਜ ਚਲਾ ਰਹੇ ਹਨ। ਉਹ ਰਾਜ ਆਫ਼ਤ ਪ੍ਰਤੀਕਿਰਿਆ ਬਲ, ਪੰਜਾਬ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਇਹ ਕਾਰਜ ਕਰ ਰਹੇ ਹਨ। ਹੁਣ ਤਕ ਬਚਾਏ ਗਏ ਲੋਕਾਂ ਵਿੱਚ ਬਹੁਤ ਸਾਰੇ ਬਜ਼ੁਰਗ, ਬੱਚੇ ਤੇ ਗਰਭਵਤੀ ਔਰਤਾਂ ਸ਼ਾਮਲ ਹਨ। ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ, ਗੁਰਦਾਸਪੁਰ, ਫਾਜ਼ਿਲਕਾ, ਇਨ੍ਹਾਂ ਜ਼ਿਲ੍ਹਿਆਂ ਵਿੱਚ ਫੌਜ ਨੇ ਮੋਰਚਾ ਸੰਭਾਲਿਆ ਹੋਇਆ ਹੈ। ਫ਼ੌਜੀ ਜਵਾਨਾਂ ਦੀ ਮਦਦ ਨਾਲ ਰਮਦਾਸ ਖੇਤਰ ਦੇ ਡੁੱਬੇ ਹੋਏ ਪਿੰਡਾਂ ਵਿੱਚ ਫਸੇ ਕਈ ਲੋਕਾਂ, ਜਿਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਸਨ, ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਰਾਵੀ ਦਰਿਆ ਦੇ ਵਧਦੇ ਪਾਣੀ ਨਾਲ ਘਿਰੇ ਖੇਤਰ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਐਫੀਬੀਅਸ ਆਲ-ਟੇਰੇਨ ਵਾਹਨ (ਏ.ਟੀ.ਓ.ਆਰ.) ਅਤੇ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ। ਸਭ ਤੋਂ ਵੱਧ ਹੜ੍ਹਾਂ ਨਾਲ ਪ੍ਰਭਾਵਿਤ ਪਿੰਡ ਜ਼ਿਲ੍ਹਾ ਪਠਾਨਕੋਟ, ਜਲੰਧਰ, ਗੁਰਦਾਸਪੁਰ, ਫ਼ਾਜ਼ਿਲਕਾ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਏ ਹਨ। ਫੌਜ ਨੂੰ ਬਾਰਡਰ ’ਤੇ ਲਗਾਤਾਰ ਨਿਗਰਾਨੀ ਕਰਨੀ ਪੈ ਰਹੀ ਹੈ। ਤਾਰਾਂ ਪਾਣੀ ਦੇ ਤੇਜ਼ ਵਹਾ ਕਰਕੇ ਟੁੱਟ ਚੁੱਕੀਆਂ ਹਨ, ਜਿਸ ਕਰਕੇ ਹੋਰ ਵੀ ਜ਼ਿਆਦਾ ਸਖਤੀ ਨਾਲ ਫੌਜ ਨੂੰ ਨਿਗਰਾਨੀ ਪੈ ਰਹੀ ਹੈ। ਬਹੁਤ ਸਾਰੀਆਂ ਚੌਕੀਆਂ ਪਾਣੀ ਵਿੱਚ ਜਲ-ਥਲ ਹੋਈਆਂ ਪਈਆਂ ਹਨ। ਜਵਾਨਾਂ ਨੂੰ ਕਿਸ਼ਤੀਆਂ ਦੇ ਸਹਾਰੇ ਇੱਧਰ ਉੱਧਰ ਗਸ਼ਤ ਕਰਨੀ ਪੈ ਰਹੀ ਹੈ। ਦੂਜੇ ਪਾਸੇ ਹੜ੍ਹਾਂ ਨਾਲ ਨਜਿੱਠਣਾ ਪੈ ਰਿਹਾ ਹੈ।
ਫੌਜ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਜੇ ਇਨ੍ਹਾਂ ਦੀਆਂ ਸੇਵਾਵਾਂ ਵੱਲ ਨਜ਼ਰ ਮਾਰੀਏ ਤਾਂ ਉਹ ਵੀ ਘੱਟ ਨਹੀਂ ਹਨ। ਫੌਜ ਨੂੰ ਬਣਦਾ ਮਾਣ ਸਨਮਾਨ ਜ਼ਰੂਰ ਮਿਲਣਾ ਚਾਹੀਦਾ ਹੈ। ਇੰਝ ਨਹੀਂ ਹੋਣਾ ਚਾਹੀਦਾ ਕਿ ਚਾਰ ਕੁ ਪੁਲਿਸ ਇੰਸਪੈਕਟਰ ਰਲ ਕੇ ਕਰਨਲ ਪੁਛਪਿੰਦਰ ਸਿੰਘ ਦੇ ਗਲ ਪੈ ਜਾਣ, ਇਹ ਆਖਣ ਕਿ ਅਸੀਂ ਫੌਜ ਨੂੰ ਕੀ ਜਾਣਦੇ ਹਾਂ। ਹੁਣ ਉਹਨਾਂ ਨੂੰ ਪੁੱਛਣਾ ਬਣਦਾ ਹੈ ਕਿ ਫੌਜ ਦੀ ਦੇਸ਼ ਨੂੰ ਜ਼ਰੂਰਤ ਹੈ ਜਾਂ ਨਹੀਂ? ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਭਾਰਤੀ ਫੌਜ ਇਕੱਲੀ ਸਰਹੱਦ ’ਤੇ ਲੜਾਈ ਹੀ ਨਹੀਂ ਲੜਦੀ, ਸਗੋਂ ਦੇਸ਼ ਵਿੱਚ ਕੋਈ ਵੀ ਆਫ਼ਤ ਆਉਣ ’ਤੇ ਨਾਲ ਖੜ੍ਹਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (