JaswinderSBhuleria7ਅੱਜ ਵੀ ਬਾਪੂ ਰੋਂਦਾ ਚੁੱਪ ਨਹੀਂ ਕਰਦਾ... ਉਹਨੂੰ ਚੇਤਾ ਆਉਂਦਾ ਪਿਛਲੇ ਘਰ ਦਾ ...
(16 ਅਗਸਤ 2026)


1.     ਅਜ਼ਾਦੀ ਦਾ ਦੁਖਾਂਤ 

ਅੱਜ ਵੀ ਬਾਪੂ ਰੋਂਦਾ ਚੁੱਪ ਨਹੀਂ ਕਰਦਾ
ਉਹਨੂੰ ਚੇਤਾ ਆਉਂਦਾ ਪਿਛਲੇ ਘਰ ਦਾ

ਰਾਤੋ ਰਾਤ ਸਭ ਕੁਝ ਛੱਡਣਾ ਪੈ ਗਿਆ
ਜਿਹੜਾ ਧੇਲੀ ਡਿਗੀ ਨਹੀਂ ਸੀ ਜਰਦਾ

ਅੰਗਰੇਜ਼ਾਂ ਨੇ ਦਿੱਤੀਆਂ ਖਿੱਚ ਲਕੀਰਾਂ
ਪੰਜਾਬ ਨੂੰ ਕਰਤਾ ਲੀਰਾਂ ਲੀਰਾਂ

ਖਾਲੀ ਹੱਥ ਤੁਰ ਪਏ ਛੱਡ ਪਿੰਡਾਂ ਨੂੰ
ਚਾਰ ਚੁਫੇਰੇ ਦਿਸਣ ਵਹੀਰਾਂ

ਰਾਹ ਵਿੱਚ ਲੁੱਟਣ ਲੱਗ ਪਏ ਲੁਟੇਰੇ
ਉਹਨਾਂ ਨਾਲ ਕੀਤੇ ਮੁਕਾਬਲੇ ਬਥੇਰੇ

ਕਈ ਵੱਢ ਟੁੱਕ ਵਿੱਚ ਗਏ ਮਾਰੇ
ਕਈਆਂ ਦੇ ਬੱਝੇ ਰਹਿ ਗਏ ਸਿਹਰੇ

ਕੋਈ ਅੱਗੇ ਪੱਕਾ ਨਹੀਂ ਸੀ ਟਿਕਾਣਾ
ਪਤਾ ਨਹੀਂ ਕਿੱਧਰ ਨੂੰ ਕਿਸੇ ਜਾਣਾ

ਭੁੱਖੇ ਰੋਂਦੇ ਸੀ ਬੀਬੀਆਂ ਕੋਲ ਨਿਆਣੇ
ਉਹਨਾਂ ਨੂੰ ਔਖਾ ਸੀ ਚੁੱਪ ਕਰਾਣਾ

ਇਹ ਕਿਹਨਾਂ ਲਈ ਸੀ ਆਜ਼ਾਦੀ
ਜਿਹੜੀ ਸਾਡੀ ਕਰ ਗਈ ਬਰਬਾਦੀ

ਅਸੀਂ ਉਹਨਾਂ ਵੇਲਿਆਂ ਦੇ ਮਾਰੇ
ਇਹ ਗੱਲ ਦਸਦੀ ਰੋ ਰੋ ਕੇ ਦਾਦੀ

ਹਰ ਸਾਲ ਜਖਮਾਂ ’ਤੇ ਲੂਣ ਲਾਉਂਦੇ
ਦੱਸੋ ਇਹ ਖੁਸ਼ੀ ਕਾਹਦੀ ਮਨਾਉਂਦੇ

ਲੋਕ ਜਸਵਿੰਦਰ ਫੜ ਕੇ ਹੱਥ ਤਿਰੰਗੇ
ਫਿਰਦੇ ਅੱਜ ਵੀ ਨਫਰਤ ਫੈਲਾਉਂਦੇ

         *     *     *

2.  ਕੌਣ ਆਖਦਾ ਅਸੀਂ ਅਜ਼ਾਦ ਹੋਏ

ਅਜ਼ਾਦੀ ਦਾ ਦਿਹਾੜਾ,
ਕਈਆਂ ਲਈ ਚੰਗਾ ਕਈਆਂ ਲਈ ਮਾੜਾ
ਕਈਆਂ ਦੇ ਭੁੱਜੇ ਉੱਗ ਪਏ,
ਕਈਆਂ ਲਈ ਪੈ ਗਿਆ ਉਜਾੜਾ
ਕਈ ਰੋਂਦੇ ਫਿਰਦੇ ਅੱਜ ਵੀ,
ਜਿਨ੍ਹਾਂ ਦਾ ਸੜ ਗਿਆ ਸੀ ਵਾੜਾ
ਕਈ ਬੈਠਣ ਵਿੱਚ ਜਹਾਜਾਂ ਦੇ,
ਕਈਆਂ ਨੂੰ ਮਿਲੇ ਬੱਸ ਦਾ ਭਾੜਾ
ਕਈ ਫਾਂਸੀ ਰਹੇ ਲੱਗਦੇ,
ਕਈਆਂ ਬਣਾਇਆ ਮੌਤ ਨੂੰ ਅਖਾੜਾ
ਕਈ ਕਾਲੇ ਅੰਗਰੇਜ਼ਾਂ ਦਾ ਰਿਸ਼ਤਾ
ਗੋਰਿਆਂ
ਨਾਲ ਬਹੁਤ ਸੀ ਗਾੜ੍ਹਾ
ਜਸਵਿੰਦਰਾ
ਖੁਸ਼ੀਆਂ ਸਾਡੀਆਂ ਮਰ ਗਈਆਂ,
ਬਸ ਰਹਿ ਗਿਆ ਸਾੜਾ
ਕੋਈ ਦੇਣ ਨਾ ਆਇਓ ਵਧਾਈਆਂ,
ਸਾਨੂੰ ਲਗਣਾ ਬਹੁਤ ਹੈ ਮਾੜਾ
ਕਈਆਂ ਦੇ ਭੁੱਜੇ ਉੱਗ ਪਏ,
ਕਈਆਂ ਦੇ ਲਈ ਪੈ ਗਿਆ ਉਜਾੜਾ

        *     *     *

3. ਬਗਲੇ ਨਹਾਉਣ ਧੋਣ ਨਾਲ ਹੰਸ ਨਹੀਂ ਬਣ ਜਾਂਦੇ

ਬਗਲੇ ਨਹਾਉਣ ਧੋਣ ਨਾਲ, ਹੰਸ ਨਹੀਂ ਬਣ ਜਾਂਦੇ
ਚਿੱਟੇ ਚੋਲੇ ਤੇ ਗਲ ਮਾਲਾ ਪਾਕੇ, ਸਾਰੇ ਸੰਤ ਨਹੀਂ ਬਣ ਜਾਂਦੇ
 
ਭਾਵੇਂ ਮਾਮੇ ਭਣੇਵਿਆਂ ਦੇ ਰਿਸ਼ਤੇ, ਹੁੰਦੇ ਨੇ ਪਾਕ ਪਵਿੱਤਰ
ਪਰ ਫਿਰ ਵੀ ਕਦੇ ਕਦਾਈਂ ਵਿੱਚੋਂ, ਕਈ ਮਾਮੇ ਕੰਸ ਬਣ ਜਾਂਦੇ
ਪਰ ਫਿਰ ਵੀ ਕਦੇ ਕਦਾਈਂ ਵਿੱਚੋਂ ...

ਬੋਲ ਬੋਲਣ ਵਾਲਿਆਂ ਦੇ ਕਦੇ, ਵੇਖੇ ਨਹੀਂ ਹੁੰਦੇ ਬੋਲ ਪੂਰੇ
ਝੂਠ ਕੁਫਰ ਤੋਲਣ ਵਾਲਿਆਂ ਦੇ, ਕਦੇ ਨਹੀਂ ਹੁੰਦੇ ਤੋਲ ਪੂਰੇ
ਖੁਸ਼ੀ ਵਿੱਚ ਤਾਂ ਬਿਮਾਰ ਵੀ, ਨੱਚਣ ਲੱਗ ਜਾਂਦੇ ਢੋਲ ਮੋਹਰੇ
ਫਾਇਰ ਕੱਢਣ ਵੇਲੇ ਪਤਾ ਨਹੀਂ ਕਿੱਥੋਂ ਲਾਈਸੈਂਸ ਬਣ ਜਾਂਦੇ
ਪਰ ਫਿਰ ਵੀ ਕਦੇ ਕਦਾਈਂ ਵਿੱਚੋਂ...

ਪੈਸੇ ਵਾਲਿਆਂ ਦੇ ਕਾਫਲੇ ਵਿੱਚ, ਬਦੋਬਦੀ ਲੋਕ ਨੇ ਜੁੜ ਜਾਂਦੇ
ਗਰੀਬੀ ਦੀ ਮਾਰ ਪਵੇ, ਫਿਰ ਭੈਣ ਭਰਾਵਾਂ ਦੇ ਮੂੰਹ ਵੀ ਮੁੜ ਜਾਂਦੇ
ਕੁਦਰਤੀ ਆਫ਼ਤ ਆਉਣ ਨਾਲ, ਉੱਚੇ ਉੱਚੇ ਪਹਾੜ ਵੀ ਰੁੜ੍ਹ ਜਾਂਦੇ
ਲਿਖਾਰੀ ਤਾਂ ਸਾਰੇ ਹੀ ਹੁੰਦੇ ਪਰ ਹਰ ਕੋਈ ਹਰੀ ਬੰਸ ਨਹੀਂ ਬਣ ਜਾਂਦੇ
ਪਰ ਫਿਰ ਵੀ ਕਦੇ ਕਦਾਈਂ ਵਿੱਚੋਂ...

ਜਿਹੜੇ ਲੋਕਾਂ ਨੂੰ ਉਪਦੇਸ਼ ਦਿੰਦੇ, ਉਹੀ ਉਪਦੇਸ਼ਾਂ ਤੋਂ ਭੱਜ ਜਾਂਦੇ
ਜਿਹੜੇ ਹੋਣ ਰੱਜਕੇ ਭੁੱਖੇ, ਉਹੀ ਸਿਆਸਤ ਵਿਚ ਜਾ ਕੇ ਰੱਜ ਜਾਂਦੇ
ਬਹੁਤੇ ਜੁੱਤੀਆਂ ਖਾਣ ਤੋਂ ਬਾਅਦ ਵੀ, ਜਾ ਕੇ ਸਟੇਜਾਂ ’ਤੇ ਸਜ ਜਾਂਦੇ
ਤਾਹੀਉ ਤਾਂ ਜਸਵਿੰਦਰਾ ਪਰਸੂ ਤੋਂ ਪਰਸ ਰਾਮ ਦੇ ਸੰਨਜ਼ ਬਣ ਜਾਂਦੇ
ਬਗਲੇ ਨਹਾਉਣ ਧੋਣ ਨਾਲ, ਕਦੇ ਕੋਈ ਹੰਸ ਨਹੀਂ ਬਣ ਜਾਂਦੇ
ਚਿੱਟੇ ਚੋਲੇ ਤੇ ਗਲ ਮਾਲਾ ਪਾਕੇ, ਸਾਰੇ ਸੰਤ ਨਹੀਂ ਬਣ ਜਾਂਦੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

Jaswinder S Bhuleria

Jaswinder S Bhuleria

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author