“ਬੇਸ਼ਕ ਅੱਜ ਵੀ ਅਜਿਹੇ ਭਰਾ ਹਨ; ਜੋ ਭੈਣਾਂ ਨੂੰ ਮਾਪੇ ਯਾਦ ਨਹੀਂ ਆਉਣ ਦਿੰਦੇ ਤੇ ਉਨ੍ਹਾਂ ...”
(27 ਅਗਸਤ 2026)
“ਭੈਣ ਕੋਲੋਂ ਵੀਰਾ ਵੇ ਬੰਨਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ਤੇ ਸਜ਼ਾ ਲੈ ਰੱਖੜੀ” ਵੀਰਾਂ ਨਾਲ ਭੈਣਾਂ ਦਾ ਦੇਸ਼ ਵਸਦਾ, ਮੈਂ ਇਕੱਲੀ ਨਹੀਂ ਕਹਿੰਦੀ ਸਾਰਾ ਜੱਗ ਦੱਸਦਾ।” ਇਸ ਤਰ੍ਹਾਂ ਦੇ ਹਜ਼ਾਰਾਂ ਹੀ ਲੋਕ ਗੀਤ ਭੈਣ ਭਰਾਵਾਂ ਦੇ ਪਿਆਰ ਦੀਆਂ ਬਾਤਾਂ ਪਾਉਂਦੇ ਹਨ। ਭੈਣਾਂ ਨੂੰ ਤਾਂ ਇੱਕ ਮੌਕਾ ਚਾਹੀਦਾ ਹੁੰਦਾ ਹੈ ਭਰਾਵਾਂ ਨੂੰ ਮਿਲਣ ਵਾਸਤੇ। ਭੈਣਾਂ ਕਦੇ ਵੀਰਾਂ ਨੂੰ ਮਿਲਣ ਲਈ ਔਸੀਆਂ ਪਾਉਂਦੀਆਂ ਹਨ, ਕਦੇ ਕਾਵਾਂ ਨੂੰ ਟੁੱਕ। ਇਹ ਕੋਈ ਗੱਲ ਨਵੇਕਲੀ ਜਾਂ ਪੁਰਾਣੀ ਨਹੀਂ ਅੱਜ ਵੀ ਜਿਨ੍ਹਾਂ ਭੈਣਾਂ ਦਾ ਭਰਾਵਾਂ ਨਾਲ ਪਿਆਰ ਹੁੰਦਾ ਹੈ ਉਹ ਅੱਜ ਵੀ ਆਨੇ ਭਾਣੇ ਭਰਾਵਾਂ ਨੂੰ ਯਾਦ ਕਰਦੀਆਂ ਹੀ ਰਹਿੰਦੀਆਂ ਹਨ। ਉਸੇ ਲੜੀ ਨੂੰ ਅੱਗੇ ਵਿਧਾਉਂਦੇ ਹੋਏ ਇੱਕ ਰੱਖੜੀ ਵੀ ਉਸ ਪਿਆਰ ਦਾ ਹਿੱਸਾ ਹੈ, ਜਿਸ ਕਰਕੇ ਰੱਖੜੀ ਤਾਂ ਭੈਣ ਭਰਾ ਦੀ ਸਾਂਝ ਅਤੇ ਸਨੇਹ ਦਾ ਪਿਆਰਾ ਤਿਉਹਾਰ ਹੈ। ਇਸ ਤਿਉਹਾਰ ਨੂੰ ਪੈਸੇ ਨਾਲ ਨਹੀਂ ਤੋਲਿਆ ਜਾਣਾ ਚਾਹੀਦਾ। ਰੱਖੜੀ ਦੀ ਕਦਰ, ਕੀਮਤ ਉਨ੍ਹਾਂ ਭੈਣਾਂ ਨੂੰ ਪੁੱਛ ਕੇ ਦੇਖੋ, ਜਿਨ੍ਹਾਂ ਨੂੰ ਰੱਬ ਨੇ ਵੀਰ ਦਿੱਤਾ ਹੀ ਨਾ ਹੋਵੇ ਤੇ ਉਹ ਰੱਬ ਨੂੰ ਵਾਰ ਵਾਰ ਬੇਨਤੀਆਂ ਕਰਦੀਆਂ ਰਹੀਆਂ ਹੋਣ, “ਇੱਕ ਵੀਰ ਦੇਈਂ ਵੇ ਰੱਬਾ ਸਹੁੰ ਖਾਣ ਨੂੰ ਬੜਾ ਚਿੱਤ ਕਰਦਾ। ਉਹ ਭੈਣਾਂ ਕਿਸੇ ਮੂੰਹ ਬੋਲੇ ਭਰਾ ਜਾਂ ਤਾਏ, ਚਾਚੇ, ਮਾਮੇ, ਭੂਆ ਦੇ ਪੁੱਤ ਭਰਾ ਦੇ ਮੁੰਡੇ ਨੂੰ ਰੱਖੜੀ ਬੰਨ੍ਹਦੀਆਂ ਵੀ ਹਨ। ਤਾਂ ਵੀ ਉਨ੍ਹਾਂ ਦੀ ਰੂਹ ਮਾਂ ਜਾਏ ਵੀਰ ਪਿਆਰ ਨੂੰ ਤਰਸਦੀ ਰਹਿੰਦੀ ਹੈ। ਕਈ ਵਾਰ ਨੇਕ ਦਿਲ ਭਰਾ ਨਾਲ ਦੇ ਜੰਮਿਆਂ ਵਾਂਗ ਨਿਭ ਵੀ ਜਾਂਦੇ ਹਨ। ਪਰ ਇਸ ਸਵਾਰਥੀ ਯੁਗ ਵਿੱਚ ਅਜਿਹਾ ਬਹੁਤ ਘੱਟ ਸੰਭਵ ਹੈ। ਕਈ ਲੋਕ ਕਿਸੇ ਦੀ ਇਸ ਘਾਟ ਤੋਂ ਬਹੁਤ ਫਾਇਦੇ ਵੀ ਉਠਾ ਜਾਂਦੇ ਹਨ। ਇਸ ਪਵਿੱਤਰ ਰਿਸ਼ਤੇ ਦਾ ਨਾਂ ਵੀ ਕਲੰਕਤ ਕਰਦੇ ਹਨ।
ਕਈ ਵਾਰ ਕੋਈ ਭਰਾ ਵੀ ਭੈਣ ਦੇ ਪਿਆਰ ਨੂੰ ਤਰਸਦਾ ਹੈ। ਕਿਸੇ ਨੂੰ ਮੂੰਹ ਬੋਲੀ ਭੈਣ ਬਣਾ ਲਵੇ ਤਾਂ ਸਾਡਾ ਸਮਾਜ ਉਸਨੂੰ ਛੇਤੀ ਛੇਤੀ ਸਵੀਕਾਰ ਨਹੀਂ ਕਰਦਾ। ਕਈ ਵਾਰ ਇਸ ਪਾਕ ਪਵਿੱਤਰ ਰਿਸ਼ਤੇ ਤੇ ਊਜਾਂ ਦਾ ਚਿੱਕੜ ਵੀ ਪੈਂਦਾ ਹੈ। ਮੂੰਹ ਬੋਲੇ ਰਿਸ਼ਤੇ ਦੀ ਤਸਵੀਰ ਦੇ ਇਹ ਦੋ ਪਾਸੇ ਹਨ। ਅਜਿਹੇ ਰਿਸ਼ਤੇ ਵੀ ਬਹੁਤ ਸੋਚ ਸਮਝ ਕੇ ਬਣਾਉਣੇ ਚਾਹੀਦੇ ਹਨ ਤਾਂ ਜੋ ਰੱਖੜੀ ਦੀ ਮੋਹ ਭਰੀ ਸੁੱਚੀ ਡੋਰ ਮੈਲੀ ਨਾ ਹੋਵੇ। ਬੇਸ਼ਕ ਭੈਣਾਂ ਦੀ ਰੱਖੜੀ ਜਾਂਦੇ ਵੀਰ ਦੀ ਬਾਂਹ ਨਹੀਂ ਫੜ ਸਕਦੀ, ਉਸਦੀ ਉਮਰ ਲੰਬੀ ਨਹੀਂ ਕਰ ਸਕਦੀ। ਅਜਿਹੀਆਂ ਭੈਣਾਂ ’ਤੇ ਰੱਖੜੀ ਵਾਲੇ ਦਿਨ ਕੀ ਬੀਤਦੀ ਹੈ, ਇਹ ਉਹ ਹੀ ਜਾਣਦੀਆਂ ਹਨ। ਜਦੋਂ ਉੱਚੇ ਲੰਮੇ ਗੱਭਰੂ ਭਰਾ ਦੀ ਕੜੀ ਵਰਗੀ ਕਲਾਈ ਦੀ ਥਾਂ ਉਸਦੇ ਨਿੱਕੇ ਜਿਹੇ ਪੁੱਤ ਦੀ ਲਗਰ ਵਰਗੀ ਸੋਹਲ ਕਲਾਈ ’ਤੇ ਰੱਖੜੀ ਬੰਨ੍ਹਣ ਦੀ ਨੌਬਤ ਆਉਂਦੀ ਹੈ, ਗਲੀਆਂ ਦੇ ਕੱਖ ਵੀ ਰੋਂਦੇ ਹਨ। ਭੈਣਾਂ ਦਾ ਹਰ ਸਾਹ ਹਉਕਾ ਬਣ ਜਾਂਦਾ ਹੈ। ਕਿਸੇ ਤਿਉਹਾਰ ਵਿਹਾਰ ’ਤੇ ਜਦੋਂ ਭਰਾ ਦੇ ਥਾਂ ਪੁੱਤਾਂ ਵਾਂਗ ਪਾਲੇ ਭਤੀਜੇ ਨੂੰ ਖੜ੍ਹਾ ਕੇ ਭੈਣਾਂ ਕਹਿੰਦੀਆਂ ਹਨ, “ਪੁੱਤ ਵੀਰ ਦਾ, ਭਤੀਜਾ ਮੇਰਾ, ਨਿਉਂ ਜੜ੍ਹ ਮਾਪਿਆਂ ਦੀ ਤਾਂ ਤੁਰ ਗਿਆ ਭਰਾ ਸਾਮਰਤੱਖ ਉਨ੍ਹਾਂ ਦੀਆਂ ਅੱਖਾਂ ਅੱਗੇ ਆ ਖੜ੍ਹਦਾ ਹੈ। ਬੇਸ਼ਕ ਅੱਜ ਰਿਸ਼ਤਿਆ ਵਿੱਚ ਪਹਿਲਾਂ ਵਾਲੀ ਨਿੱਘ ਅਤੇ ਨੇੜਤਾ ਨਹੀਂ ਰਹੀ ਪਰ ਅਜੇ ਵੀ ਕੁਝ ਲੋਕ ਮੋਹ ਭਰੇ ਦਿਲ ਰੱਖਦੇ ਹਨ। ਰੱਖੜੀ ਬਾਰੇ ਇਸ ਲਿਖਤ ਵਿੱਚ ਕੌੜੀਆਂ ਸੱਚਾਈਆਂ ਨੂੰ ਬਿਆਨ ਕੀਤਾ ਗਿਆ ਹੈ। ਉਹ ਸਿਰਫ ਇਸ ਲਈ ਕਿ ਸਾਰੇ ਭੈਣ ਭਰਾ ਇਸ ਰਿਸ਼ਤੇ ਨੂੰ ਮਹਿਜ਼ ਇੱਕ ਰਸਮੀ ਤਿਉਹਾਰ ਨਾ ਸਮਝਣ। ਦਿਖਾਵਿਆਂ ਨੂੰ ਛੱਡ ਕੇ ਸਾਦਗੀ ਅਤੇ ਪਿਆਰ ਸਤਿਕਾਰ ਨਾਲ ਇਹ ਮੋਹ ਦੀਆਂ ਤੰਦਾਂ ਮਜ਼ਬੂਤ ਕੀਤੀ ਜਾਣ ਤਾਂ ਭੈਣ ਭਰਾ ਦੇ ਗੂੜ੍ਹੇ ਰਿਸ਼ਤੇ ਲਈ ਇਹ ਵਰਦਾਨ ਬਣ ਜਾਣਗੀਆਂ। ਪਿਛਲੇ ਸਮੇਂ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ ਪੈਂਦਾ ਸੀ, ਦਿਖਾਵੇ, ਕੱਪੜੇ ਅਤੇ ਗਹਿਣੇ ਨਾਲ ਨਹੀਂ। ਬੇਸ਼ਕ ਅੱਜ ਵੀ ਅਜਿਹੇ ਭਰਾ ਹਨ; ਜੋ ਭੈਣਾਂ ਨੂੰ ਮਾਪੇ ਯਾਦ ਨਹੀਂ ਆਉਣ ਦਿੰਦੇ ਤੇ ਉਨ੍ਹਾਂ ਦੇ ਸਾਰੀ ਉਮਰ ਦੇ ਮਾਪੇ ਬਣ ਕੇ ਰਹਿੰਦੇ ਹਨ। ਅਜਿਹੀਆਂ ਭੈਣਾਂ ਵੀ ਹਨ ਜੋ ਭਰਾਵਾਂ ਨੂੰ ਮਾਪਿਆਂ ਵਾਂਗ ਅਤੇ ਪੁੱਤਾਂ ਵਾਂਗ ਸਤਿਕਾਰਦੀਆਂ ਤੇ ਪਿਆਰਦੀਆਂ ਹਨ। ਪਰ ਅਜਿਹੇ ਲੋਕ ਹੁਣ ਬਹੁਤ ਘੱਟ ਹਨ। ਭੈਣ ਦੇ ਪਿਆਰ ਦੀ ਪ੍ਰਤੀਕ ਇਹ ਰੱਖੜੀ ਬੰਨ੍ਹਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਇੱਕ ਦੂਜੇ ਨੂੰ ਪਿਆਰ ਸਤਿਕਾਰ ਦੇਣ, ਨਹੀਂ ਤਾਂ ਮਹਿੰਗੀਆਂ ਤੇ ਖੂਬਸੂਰਤ ਰੱਖੜੀਆਂ ਦਾ ਕੋਈ ਮਹੱਤਵ ਨਹੀਂ ਹੈ।
ਕਈ ਭੈਣਾਂ ਸੋਨੇ ਜਾਂ ਚਾਂਦੀ ਦੀਆਂ ਰੱਖੜੀਆਂ ਵੀ ਭਰਾ ਦੇ ਬੰਨ੍ਹਦੀਆਂ ਹਨ। ਇਹ ਆਪਣੀ ਪਹੁੰਚ ਜਾਂ ਸੋਚ ’ਤੇ ਨਿਰਭਰ ਹੈ। ਪਰ ਮੋਹ ਦੀ ਤੰਦ ਤਾਂ ਇੱਕ ਧਾਗਾ ਹੀ ਹੋ ਨਿੱਬੜਦਾ ਹੈ, ਜੋ ਤਾਅ ਉਮਰ ਰੂਹ ਨਾਲ ਲਿਪਟਿਆ ਰਹੇ। ਅੱਜ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ ਨਹੀਂ, ਕੱਪੜੇ, ਗਹਿਣੇ ਜਾਂ ਪੈਸੇ ਨਾਲ ਪੈਂਦਾ ਹੈ। ਕਈ ਭੈਣਾਂ ਉਸੇ ਭਰਾ ਨੂੰ ਜ਼ਿਆਦਾ ਮਾਣ ਆਦਰ ਦਿੰਦੀਆਂ ਹਨ, ਜਿਹੜਾ ਉਨ੍ਹਾਂ ਦੀ ਰੱਖੜੀ ਦਾ ਜ਼ਿਆਦਾ ਮੁੱਲ ਪਾਉਂਦਾ ਹੈ। ਕਈ ਘਰਾਂ ਵਿੱਚ ਭਾਬੀਆਂ ਰੱਖੜੀ ਨੂੰ ਮੱਥੇ ਵੱਟ ਵੀ ਪਾਉਂਦੀਆਂ ਹਨ। ਖਰਚ ਅਤੇ ਖੇਚਲ, ਦੋਵਾਂ ਤੋਂ ਕਤਰਾਉਂਦੀਆਂ ਹਨ। ਕਈ ਆਈਆਂ ਨਨਾਣਾਂ ਨੂੰ ਦਿਲੋਂ ਜੀ ਆਇਆਂ ਕਹਿੰਦੀਆਂ ਹਨ। ਸਰਦਾ ਬਣਦਾ ਮਾਣ ਕਰਦੀਆਂ ਸੋਚਦੀਆਂ ਹਨ ਕਿ ਇਨ੍ਹਾਂ ਨੂੰ ਭਰਾ ਓਵੇਂ ਹੀ ਪਿਆਰੇ ਹਨ ਜਿਵੇਂ ਸਾਨੂੰ ਆਪਣੇ ਭਰਾ ਹਨ। ਸਾਰੀਆਂ ਭੈਣਾਂ ਰੱਖੜੀ ਨੂੰ ਪੈਸੇ ਨਾਲ ਨਹੀਂ ਤੋਲਦੀਆਂ। ਕਈ ਭੈਣਾਂ ਵੀਰ ਦੇ ਘਰ ਦਾ ਫੋਕੇ ਪਾਣੀ ਦਾ ਗਲਾਸ ਪੀ ਕੇ ਵੀ ਅਸੀਸਾਂ ਦੇਣ ਵਾਲੀਆਂ ਹੁੰਦੀਆਂ ਹਨ। ਕਈ ਸੂਟ ਦਾ ਰੰਗ ਪਸੰਦ ਨਾ ਹੋਣ ’ਤੇ ਮੂੰਹ ਮੋਟਾ ਕਰਨ ਵਾਲੀਆਂ ਵੀ।
ਭੈਣ ਭਰਾਵਾਂ ਦਾ ਪਿਆਰ ਇੱਕ ਧਾਗੇ ਤਕ ਸੀਮਿਤ ਨਹੀਂ ਹੋਣਾ ਚਾਹੀਦਾ। ਜਿਵੇਂ ਭੈਣ ਭਰਾ ਪਹਿਲਾਂ ਨਿੱਕੇ ਨਿੱਕੇ ਹੱਸਦੇ ਖੇਡਦੇ ਰੱਖੜੀ ਬੰਨ੍ਹ ਕੇ ਮਾਂ ਪਿਉ ਤੋਂ ਪੈਸੇ ਲੈਕੇ ਦੋਵੇਂ ਰਲਕੇ ਖਰਚਦੇ ਹੁੰਦੇ ਹਨ, ਉਸੇ ਤਰ੍ਹਾਂ ਹੀ ਇਸ ਸਮੇਂ ਵੀ ਹੱਸਣਾ ਖੇਡਣਾ ਭਰਾਵਾਂ ਭਤੀਜਿਆਂ ਨੂੰ ਪਿਆਰ ਵੰਡਣਾ ਬਣਦਾ ਹੈ। ਭੈਣਾਂ ਹੱਸ ਕੇ ਇਹੋ ਹੀ ਕਹਿਣ “ਭੈਣ ਕੋਲੋਂ ਵੀਰਾ ਵੇ ਬੰਨਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ’ਤੇ ਸਜ਼ਾ ਲੈ ਰੱਖੜੀ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































