“ਇਹ ਸੰਸਕਾਰ ਬੱਚਿਆਂ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਅਸੀਂ ਖ਼ੁਦ ਸਿਖਾਉਣੇ ਹਨ ...”
(15 ਮਾਰਚ 2026)
“ਵਿਦਿਆ ਵੀਚਾਰੀ ਤਾਂ ਪਰਉਪਕਾਰੀ” ਇਹ ਸ਼ਬਦ ਸਾਡੇ ਗੁਰੂਆਂ ਨੇ ਸਾਨੂੰ ਸਮਝਾਉਣ ਵਾਸਤੇ ਬਾਣੀ ਦੇ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕਰ ਦਿੱਤਾ ਹੈ। ਵਿੱਦਿਆ ਮਨੁੱਖ ਦਾ ਤੀਜਾ ਨੇਤਰ ਵੀ ਮੰਨਿਆ ਜਾਂਦਾ ਹੈ। ਕਾਲਾ ਅੱਖਰ ਭੈਂਸ ਬਰਾਬਰ ਉਹਨਾਂ ਲੋਕਾਂ ਵਾਸਤੇ ਹੁੰਦਾ ਹੈ ਜਿਹੜੇ ਲੋਕ ਅੱਖਰੀ ਅਨਪੜ੍ਹ ਹੁੰਦੇ ਹਨ। ਅੱਜ ਤਕ ਜਿੰਨੇ ਵੀ ਲੋਕਾਂ ਨੇ ਕਿਸੇ ਵੀ ਖੇਤਰ ਵਿੱ ਮੱਲਾਂ ਮਾਰੀਆਂ ਹਨ, ਉਹ ਪੜ੍ਹਾਈ ਦੇ ਸਦਕਾ ਹੀ ਮਾਰੀਆਂ ਹਨ। ਇੱਕ ਕਹਾਵਤ ਪਿੰਡਾਂ ਵਿੱਚ ਆਮ ਪ੍ਰਚਲਤ ਹੈ ਕਿ ਫਲਾਣਿਆ ਤੂੰ ਪੜ੍ਹ ਕੇ ਕਿਹੜਾ ਡੀਸੀ ਲੱਗ ਜਾਵੇਂਗਾ? ਇਹ ਗੱਲ ਬਿਲਕੁਲ ਸੋਲਾਂ ਆਨੇ ਸੱਚ ਹੈ ਕਿ ਪੜ੍ਹਿਆ ਲਿਖਿਆ ਇਨਸਾਨ ਹੀ ਡੀਸੀ ਬਣ ਸਕਦਾ ਹੈ ਨਾ ਕਿ ਅਨਪੜ੍ਹ। ਪੜ੍ਹਾਈ ਉੱਤੇ ਬੰਦੇ ਦਾ ਬਹੁਤ ਕੁਝ ਨਿਰਭਰ ਹੁੰਦਾ ਹੈ। ਪੜ੍ਹਾਈ ਦੀ ਕੋਈ ਉਮਰ ਜਾਂ ਸੀਮਾ ਨਹੀਂ ਹੁੰਦੀ। ਪਰ ਦਿਮਾਗ਼ ਜਿਹੜਾ ਕੰਮ ਬਚਪਨ ਵਿੱਚ ਕੰਮ ਕਰਦਾ ਹੈ, ਉਹ ਵੱਡੀ ਉਮਰ ਵਿੱਚ ਨਹੀਂ ਕਰ ਸਕਦਾ। ਜਿਹੜੀ ਗੱਲ ਬੱਚਾ ਆਪਣੇ ਅਧਿਆਪਕ ਕੋਲੋਂ ਸਿੱਖ ਸਕਦਾ ਹੈ, ਮੇਰੇ ਹਿਸਾਬ ਨਾਲ ਉਹ ਹੋਰ ਕਿਸੇ ਕੋਲੋਂ ਨਹੀਂ ਸਿੱਖ ਸਕਦਾ। ਪਰ ਕੁਝ ਕੁ ਗੱਲਾਂ ਇਹੋ ਜਿਹੀਆਂ ਹੁੰਦੀਆਂ ਹਨ, ਜਿਹੜੀਆਂ ਬੱਚਾ ਸਕੂਲ ਵਿੱਚੋਂ ਨਹੀਂ ਬਲਕਿ ਆਪਣੇ ਆਸ ਪਾਸ ਤੋਂ ਸਿੱਖਦਾ ਹੈ। ਜੇਕਰ ਗੱਲ ਕਰੀਏ, ਚੋਰੀ ਕਰਨ ਵਾਸਤੇ ਕੋਈ ਅਲੱਗ ਸਿਖਲਾਈ ਕੇਂਦਰ ਨਹੀਂ ਬਣੇ, ਨਸ਼ਾ ਲਾਉਣਾ ਲੋਕ ਆਪਣੇ ਆਪ ਸਿੱਖਦੇ ਹਨ। ਉਹਨਾਂ ਨੂੰ ਨਸ਼ਾ ਸੇਵਨ ਕਰਨ ਦੀ ਕੋਈ ਵੱਖਰੀ ਸਿੱਖਿਆ ਨਹੀਂ ਦਿੱਤੀ ਜਾਂਦੀ ਨਾ ਹੀ ਉਹਨਾਂ ਲਈ ਕੋਈ ਵੱਖਰੇ ਕੇਂਦਰ ਬਣਾਏ ਗਏ ਹਨ। ਇਹ ਭੈੜੇ ਵਿਹਾਰ ਬੱਚੇ ਆਪਣੇ ਨਜ਼ਦੀਕੀਆਂ ਕੋਲੋਂ ਸਹਿਜ ਸੁਭਾ ਹੀ ਸਿੱਖ ਲੈਂਦੇ ਹਨ। ਬਾਅਦ ਵਿੱਚ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਜ਼ਰੂਰ ਕੇਂਦਰਾਂ ਵਿੱਚ ਭੇਜਣਾ ਪੈਂਦਾ ਹੈ। ਜੇਕਰ ਵਿੱਦਿਆ, ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਚੰਗੇ ਸੰਸਕਾਰ ਸਿਖਾਏ ਜਾਣ ਤਾਂ ਸਮਝੋ ਸੋਨੇ ’ਤੇ ਸੁਹਾਗੇ ਵਾਲੀ ਗੱਲ ਬਣ ਸਕਦੀ ਹੈ। ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨਾਲ ਪਿਆਰ ਕਰੋ। ਘਰ ਵਿੱਚ ਜਿਹੜਾ ਵੀ ਮਹਿਮਾਨ ਆਉਂਦਾ ਹੈ, ਉਸ ਨੂੰ ਰਿਸ਼ਤੇ ਮੁਤਾਬਿਕ ਇੱਜ਼ਤ ਦੇਣੀ ਸਿਖਾਉ। ਜਦੋਂ ਸਕੂਲ ਤੋਂ ਘਰ ਵਾਪਸ ਆਉਂਦੇ ਨੇ, ਆਉਂਦਿਆਂ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਰਾਮ ਰਾਮ, ਜੋ ਵੀ ਸਤਿਕਾਰ ਯੋਗ ਸ਼ਬਦ ਨੇ, ਉਹਨਾਂ ਨਾਲ ਇੱਜ਼ਤ ਦਿਉ। ਬਜ਼ੁਰਗਾਂ ਦੇ ਪੈਰੀਂ ਹੱਥ ਲਾਓ। ਗਰੀਬਾਂ ਦੀ ਸਹਾਇਤਾ ਕਰਨੀ, ਆਪਣੇ ਫਰਜ਼ਾਂ ਪ੍ਰਤੀ ਜਗ੍ਰਤ ਕਰਵਾਉਣਾ, ਇਹ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਇੱਕ ਦਿਨ ਬੰਦੇ ਨੂੰ ਮਹਾਨ ਬਣਾ ਦਿੰਦੀਆਂ ਹਨ।
ਜਦੋਂ ਬੱਚੇ ਕਿਸੇ ਆਏ ਗਏ ਨੂੰ ਸਤਿਕਾਰ ਨਾਲ ਬੋਲਣਗੇ ਤਾਂ ਦੇਖਣ ਵਾਲੇ ਨੂੰ ਵੀ ਬਹੁਤ ਵਧੀਆ ਲੱਗੇਗਾ। ਸਾਹਮਣੇ ਵਾਲੇ ਦੇ ਮੂੰਹ ਵਿੱਚੋਂ ਇਹ ਸ਼ਬਦ ਆਪ ਮੁਹਾਰੇ ਹੀ ਨਿਕਲ ਆਉਣਗੇ ਕਿ ਬੱਚੇ ਕਿੰਨੇ ਸੰਸਕਾਰੀ ਨੇ। ਇਹ ਸੰਸਕਾਰ ਬੱਚਿਆਂ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਅਸੀਂ ਖ਼ੁਦ ਸਿਖਾਉਣੇ ਹਨ। ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸਨ। ਸਾਰੇ ਚਾਚੇ, ਤਾਏ, ਬਜ਼ੁਰਗ ਇਕੱਠੇ ਰਹਿੰਦੇ ਸੀ। ਬੱਚੇ ਉਹਨਾਂ ਨੂੰ ਦੇਖ ਦੇਖਕੇ ਆਪੇ ਹੀ ਸਿੱਖ ਜਾਂਦੇ ਸਨ। ਅੱਜਕਲ ਉਹ ਜ਼ਮਾਨਾ ਨਹੀਂ ਰਿਹਾ। ਪਰਿਵਾਰ ਛੋਟੇ ਹੋ ਗਏ ਨੇ ਲੋਕ ਇਕੱਲੇ ਇੱਕਲੇ ਰਹਿਣਾ ਪਸੰਦ ਕਰਦੇ ਨੇ। ਇਸ ਕਰਕੇ ਸਾਡੇ ਬੱਚਿਆਂ ਵਿੱਚੋਂ ਸੰਸਕਾਰ ਮਨਫੀ ਹੁੰਦੇ ਜਾ ਰਹੇ ਹਨ। ਸਕੂਲਾਂ ਵਿੱਚ ਤਾਂ ਇੰਨੇ ਕੁ ਮੁਕਾਬਲੇ ਚੱਲ ਰਹੇ ਨੇ ਕਿ ਬੱਸ ਪੜ੍ਹਾਈ ਹੀ ਪੜ੍ਹਾਈ, ਹੋਰ ਕੋਈ ਗੱਲ ਨਹੀਂ। ਕੋਈ ਸਰੀਰਕ ਮਾਪਦੰਡ ਨਹੀਂ। ਕਿਤਾਬਾਂ ਦੇ ਬੋਝ ਨੇ ਹੀ ਬੱਚਿਆਂ ਨੂੰ ਦੱਬ ਕੇ ਰੱਖਿਆ ਹੋਇਆ ਹੈ। ਫਿਰ ਸੰਸਕਾਰਾਂ ਦੀ ਗੱਲ ਕਿਵੇਂ ਚੱਲ ਸਕਦੀ ਹੈ? ਆਪਾਂ ਸਾਰਿਆਂ ਨੂੰ ਰਲਮਿਲ ਕੇ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਸਾਡਾ ਆਉਣ ਵਾਲਾ ਭਵਿੱਖ ਉੱਜਲਾ ਹੋ ਸਕੇ। ਸਾਡੀ ਮਾਂ ਬੋਲੀ ਪੰਜਾਬੀ ਦੇ ਲੁਪਤ ਹੁੰਦੇ ਜਾ ਰਹੇ ਸ਼ਬਦ ਫਿਰ ਦੁਬਾਰਾ ਜੀਵਿਤ ਹੋ ਜਾਣ -ਚਾਚਾ, ਤਾਇਆ, ਬਾਬਾ, ਮਾਮਾ, ਭੂਆ, ਫੁੱਫੜ, ਮਾਸੜ, ਚਾਚੀ ਤਾਈ, ਮਾਸੀ, ਭੈਣ ਭਰਾ ਜੀ, ਨਾਨੀ, ਨਾਨਾ, ਦਾਦਾ, ਦਾਦੀ, ਭਤੀਜਾ ਭਤੀਜੀ, ਭਣੇਵਾਂ, ਭਾਣੇਵੀਂ, ਦਿਉਰ, ਜੇਠ, ਸੱਸ, ਸਹੁਰਾ, ਨਾਨਕੇ, ਦਾਦਕੇ। ਇਨ੍ਹਾਂ ਰਿਸ਼ਤਿਆਂ ਬਾਰੇ ਬੱਚੇ ਜਾਣ ਲੈਣ, ਇਸ ਕਰਕੇ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਸੰਸਕਾਰਾਂ ਪ੍ਰਤੀ ਜਾਗਰੂਕ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































