“ਮਾਂ! ਜੇ ਇਹ ਗੱਲ ਹੈ ਤਾਂ ਮੈਂ ਅੱਜ ਤੋਂ ਤੁਹਾਡੀ ਧੀ ਨਹੀਂ, ਪੁੱਤਰ ਬਣਕੇ ਵਿਖਾਵਾਂਗੀ। ਅੱਜ ਤੋਂ ...”
(31 ਅਗਸਤ 2015) ਇਸ ਸਮੇਂ ਪਾਠਕ: 1315.
“ਮਾਂ ਮੇਰੀਏ, ਮੈਂ ਤਾਂ ਬਾਪੂ ਜੀ ਨੂੰ ਆਖ ਆਖ ਆ ਕੇ ਥੱਕ ਗਈ ਆਂ ਕਿ ਤੂੰ ਬੁੱਢੇ ਵਾਰੇ ਐਡੀ ਵੱਡੀ ਪੰਡ ਸਿਰ ’ਤੇ ਚੁੱਕ ਕੇ ਘਰੇ ਨਾ ਲਿਆਇਆ ਕਰ। ਨੇ ਜਾਣੀਏ ਰਾਹ ਵਿੱਚ ਕਿਤੇ ਠੇਡਾ ਠੂਡਾ ਲੱਗ ਗਿਆ, ਤੈਨੂੰ ਕੋਈ ਸੱਟ ਫੇਟ ਲੱਗ ਗਈ, ਫਿਰ ਅਸੀਂ ਕਿਸਦੀ ਮਾਂ ਨੂੰ ਮਾਸੀ ਆਖਾਂਗੇ? ਸਾਰਾ ਘਰ ਤੇਰੇ ਨਾਲ ਏ, ਜੇ ਤੈਨੂੰ ਹੀ ਕੁਝ ਹੋ ਗਿਆ, ਫਿਰ ਅਸੀਂ ਕਿਸ ਜੋਗੇ ਆਂ।”
“ਨਹੀਂ ਸੀਤੋ, ਤੇਰੇ ਪਿਓ ਨੂੰ ਕੁਝ ਨਹੀਂ ਹੁੰਦਾ। ਤੇਰਾ ਪਿਉ ਤਾਂ ਜੰਮਿਆਂ ਹੀ ਪੰਡਾਂ ਚੁੱਕਣ ਵਾਸਤੇ ਆ। ਇਹਨੇ ਇਸ ਤੋਂ ਵੀ ਵੱਡੀਆਂ ਵੱਡੀਆਂ ਪੰਡਾਂ ਪਹਿਲਾਂ ਚੁੱਕੀਆਂ ਹੋਈਆਂ ਹਨ। ਤੇਰਾ ਦਾਦਾ ਭਰ ਜਵਾਨੀ ਵਿੱਚ ਤੁਰ ਗਿਆ। ਤੇਰਾ ਪਿਉ ਘਰ ਵਿੱਚ ਵੱਡਾ ਸੀ। ਚਾਰ ਭਰਾ ਤੇ ਤਿੰਨ ਭੈਣਾਂ। ਉਹਨਾਂ ਦੀ ਜ਼ਿੰਮੇਵਾਰੀ ਦੀ ਪੰਡ ਉਦੋਂ ਤੋਂ ਹੀ ਇਸਦੇ ਸਿਰ ’ਤੇ ਪੈ ਗਈ। ਤੇਰੀ ਦਾਦੀ ਬੜੀ ਭਲੀਮਾਣਸ ਸੀ। ਉਸ ਨੂੰ ਕੋਈ ਪਤਾ ਨਹੀਂ ਸੀ ਕਿ ਬਾਹਰੋਂ ਕੀ ਲਿਆਉਣਾ ਤੇ ਕੀ ਦੇਣਾ ਹੈ। ਬੱਸ ਉਹ ਘਰ ਵਿੱਚ ਹੀ ਕੰਮ ਧੰਦਾ ਕਰਨ ਵਾਲੀ ਸੀ। ਸ਼ਰੀਕਾਂ ਨੂੰ ਮੌਕਾ ਮਿਲ ਗਿਆ ਕਿ ਹੁਣ ਬੰਸੋ, ਤੇਰੀ ਦਾਦੀ, ਜੁਆਕ ਜੱਲੇ ਲੈਕੇ ਆਪਣੇ ਪੇਕੇ ਚਲੀ ਜਾਵੇਗੀ, ਪਿੱਛੋਂ ਅਸੀਂ ਸਾਰੀ ਜਮੀਨ ’ਤੇ ਕਬਜਾ ਕਰ ਲਵਾਂਗੇ। ਪਰ ਤੇਰਾ ਪਿਉ ਉਦੋਂ ਮਸਾਂ ਤੇਰਾ ਚੌਂਦ੍ਹਾਂ ਵਰ੍ਹਿਆਂ ਦਾ ਹੋਣਾ ਹੈ। ਇਹਨੂੰ ਕਿਸੇ ਨੇ ਦੱਸ ਦਿੱਤਾ ਕਿ ਮੱਖਣਾ, ਜੇ ਤੁਸੀਂ ਆਪਣੇ ਨਾਨਕੇ ਚਲੇ ਗਏ, ਫਿਰ ਉੱਥੋਂ ਜੋਗੇ ਈ ਰਹਿ ਜਾਉਗੇ। ਤੁਹਾਨੂੰ ਦੁਬਾਰਾ ਇੱਥੇ ਕਿਸੇ ਨੇ ਪੈਰ ਵੀ ਨਹੀਂ ਧਰਨ ਦੇਣਾ। ਬੱਸ ਉਸੇ ਸਮੇਂ ਇਸਨੇ ਆਪਣੇ ਦਿਲ ਵਿੱਚ ਗੰਢ ਬੰਨ੍ਹ ਲਈ। ਉਹ ਦਿਨ ਜਾਵੇ ਤੇ ਅੱਜ ਦਾ ਦਿਨ ਆਵੇ, ਇਸਨੇ ਘਰੋਂ ਬਾਹਰ ਪੈਰ ਵੀ ਨਹੀਂ ਕੱਢਿਆ।...
“ਸਾਲ ਡੇਢ ਸਾਲ ਬਾਅਦ ਸਾਡਾ ਵਿਆਹ ਹੋ ਗਿਆ। ਫਿਰ ਮੈਂ ਇਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰ ਪਈ। ਅਸੀਂ ਦਿਨ ਰਾਤ ਇੱਕ ਕਰਕੇ ਇਸ ਘਰ ਨੂੰ ਅੱਗੇ ਤੋਰਿਆ। ਇਹ ਗੱਲ ਸ਼ਰੀਕਾਂ ਨੂੰ ਕਿੱਥੇ ਚੰਗੀ ਲਗਦੀ ਸੀ। ਫਿਰ ਜਿਵੇਂ ਜਿਵੇਂ ਤੇਰੀ ਭੂਆ ਤੇ ਚਾਚੇ ਜਵਾਨ ਹੁੰਦੇ ਗਏ, ਅਸੀਂ ਉਹਨਾਂ ਦਾ ਵਿਆਹ ਕਰੀ ਗਏ। ਖੈਰ ਭੂਆਂ ਤੇਰੀਆਂ ਆਪਣੇ ਸਹੁਰੇ ਘਰ ਚਲੀਆਂ ਗਈਆਂ। ਤੇਰੀਆਂ ਚਾਚੀਆਂ ਨੇ ਤੇਰੇ ਚਾਚੇ ਸਾਥੋਂ ਖੋਹ ਲਏ। ਜਿਹੜੀ ਆਵੇ, ਉਹ ਇਹੋ ਹੀ ਆਖਦੀ ਕਿ ਅਸੀਂ ਨਹੀਂ ਇਨ੍ਹਾਂ ਨਾਲ ਰਹਿਣਾ, ਸਾਡੀ ਜਿਠਾਣੀ ਸਾਰਾ ਘਰ ਖਾ ਗਈ ਏ। ਸ਼ਰੀਕਾਂ ਦੀ ਉਂਗਲ ਨੇ ਇੱਕ ਇੱਕ ਕਰਕੇ ਤੇਰੇ ਸਾਰੇ ਚਾਚੇ ਸਾਥੋਂ ਵੱਖਰੇ ਕਰਵਾ ਦਿੱਤੇ। ਪਰ ਤੇਰੇ ਪਿਉ ਦੀ ਪੰਡ ਫਿਰ ਵੀ ਸਿਰ ਤੋਂ ਥੱਲੇ ਨਾ ਉੱਤਰੀ। ਸਾਰਾ ਕਰਜਾ ਇਸਦੇ ਸਿਰ ਉੱਤੇ ਆਣ ਚੜ੍ਹਿਆ। ਕਿਸੇ ਨੇ ਹੱਥ ਵੀ ਨਾ ਵਟਾਇਆ। ... ਸੱਚੀ ਪੁੱਛਦੀ ਏਂ ਸੀਤੋ? ਮੈਂ ਕਈ ਵਾਰ ਡੋਲ ਜਾਂਦੀ ਸੀ ਪਰ ਤੇਰਾ ਪਿਉ ਇੱਕ ਦਿਨ ਵੀ ਨਹੀਂ ਡੋਲਿਆ। ਹਮੇਸ਼ਾ ਇਸਨੇ ਮੈਨੂੰ ਹੀ ਹੌਸਲਾ ਦਿੱਤਾ। ਫਿਰ ਕੀ ਹੋਇਆ? ਅਸੀਂ ਕਿਹੜੇ ਰੱਬ ਦੇ ਮਾਂਹ ਮਾਰੇ ਹੋਏ ਆ, ਕਦੇ ਤਾਂ ਦਿਨ ਚੰਗੇ ਆਉਣਗੇ। ਇਸਦੀ ਦਲੇਰੀ ਦੇਖ ਕੇ ਮੈਂ ਵੀ ਹੌਸਲਾ ਕਰ ਜਾਂਦੀ। ਹੁਣ ਸੁੱਖ ਨਾਲ ਤੁਸੀਂ ਸਾਡੇ ਬਰਾਬਰ ਹੋ ਗਏ ਓਂ। ਹੁਣ ਉਹ ਤੁਹਾਡਾ ਫਿਕਰ ਕਰਨ ਲੱਗ ਪਿਆ ਏ। ਇਸਦੇ ਸਿਰ ਤੋਂ ਪੰਡ ਅਜੇ ਲਹਿੰਦੀ ਨਹੀਂ ਦਿਸਦੀ।”
“ਮਾਂ! ਜੇ ਇਹ ਗੱਲ ਹੈ ਤਾਂ ਮੈਂ ਅੱਜ ਤੋਂ ਤੁਹਾਡੀ ਧੀ ਨਹੀਂ, ਪੁੱਤਰ ਬਣਕੇ ਵਿਖਾਵਾਂਗੀ। ਅੱਜ ਤੋਂ ਬਾਪੂ ਇਕੱਲਾ ਨਹੀਂ, ਅਸੀਂ ਦੋ ਜਣੇ ਹੋ ਗਏ ਆਂ। ਇੱਕ ਇੱਕ ਤੇ ਦੋ ਗਿਆਰਾਂ ਹੁੰਦੇ ਹਨ। ਹੁਣ ਬਾਪੂ ਇਕੱਲਾ ਪੰਡ ਚੁੱਕ ਏ ਨਹੀਂ ਲਿਆਏਗਾ, ਮੈਂ ਵੀ ਬਰਾਬਰ ਪੱਠਿਆਂ ਦੀ ਪੰਡ ਚੁੱਕ ਕੇ ਲਿਆਇਆ ਕਰਾਂਗੀ।”
“ਨਹੀਂ ਨਹੀਂ, ਤੂੰ ਰਹਿਣ ਦੇ, ਲੋਕ ਕੀ ਕਹਿਣਗੇ। ਬੰਦਿਆਂ ਨਾਲ ਬੁੜ੍ਹੀਆਂ ਕੰਮ ਕਦੋਂ ਤੋਂ ਕਰਾਉਣ ਲੱਗ ਪਈਆਂ ...।”
“ਤੂੰ ਮਾਂ ਛੱਡ ਲੋਕਾਂ ਦੀਆਂ ਗੱਲਾਂ, ਦਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ,ਦੁਨੀਆਂ ਨੂੰ ਦੋਵੇਂ ਪਾਸੇ। ਮਾਂ, ਬਾਪੂ ਵੀ ਇੱਕ ਇਨਸਾਨ ਐ। ਉਹ ਹੁਣ ਬੁੱਢਾ ਹੋ ਗਿਆ ਐ।”
“ਕੁੜੀਏ! ਤੈਨੂੰ ਅਸੀਂ ਮੰਗਣਾ ਵਿਆਹਣਾ ਏਂ। ਬੱਸ ਥੋੜ੍ਹੇ ਕੁ ਸਾਲਾਂ ਦੀ ਦੇਰ ਐ, ਤੇਰਾ ਛੋਟਾ ਵੀਰ ਜਦੋਂ ਜਵਾਨ ਹੋ ਜਾਵੇਗਾ, ਉਹ ਬਾਪੂ ਵਾਲੀ ਪੰਡ ਆਪ ਚੁੱਕਣ ਲੱਗ ਪਵੇਗਾ।”
“ਬੇਬੇ, ਮੈਂ ਨਹੀਂ ਚਾਹੁੰਦੀ ਕਿ ਬਾਪੂ ਵਾਂਗ ਮੇਰਾ ਭਰਾ ਵੀ ਉਮਰ ਤੋਂ ਪਹਿਲਾਂ ਸਿਰ ’ਤੇ ਪੰਡ ਚੁੱਕ ਕੇ ਤੁਰਨਾ ਸ਼ੁਰੂ ਕਰ ਦੇਵੇ। ਮੈਂ ਤੁਹਾਡੀ ਇੱਜ਼ਤ ਬਰਕਰਾਰ ਰੱਖਾਂਗੀ, ਤੁਹਾਡੇ ਨਾਲ ਵਾਅਦਾ ਕਰਦੀ ਆਂ ਕਿ ਤੁਹਾਡੇ ਵੱਲ ਕੋਈ ਉਂਗਲ ਨਹੀਂ ਚੁੱਕ ਸਕਦਾ। ਜਿਸ ਦਿਨ ਮੇਰਾ ਵੀਰਾ ਵੱਡਾ ਹੋ ਜਾਵੇਗਾ, ਤੁਸੀਂ ਮੇਰਾ ਵਿਆਹ ਕਰ ਦੇਣਾ ... ਜਿੱਥੇ ਮਰਜ਼ੀ। ਪਰ ਅੱਜ ਤੋਂ ਮੈਂ ਬਾਪੂ ਦੇ ਨਾਲ ਕੰਮ ਕਰਨ ਜਾਇਆ ਕਰਾਂਗੀ।”
ਇੰਨੇ ਨੂੰ ਮੱਖਣ ਸਿੰਘ ਨੇ ਸਿਰ ਤੋਂ ਪੰਡ ਲਾਹ ਕਿ ਟੋਕੇ ਲਾਗੇ ਸੁੱਟ ਦਿੱਤੀ। ਸਿਰ ਤੋਂ ਸਾਫਾ ਲਾਹ ਕੇ ਮੁੜ੍ਹਕਾ ਪੂੰਝਣ ਲੱਗ ਪਿਆ। ਫਿਰ ਬੋਲਿਆ, “ਮੇਰੀ ਧੀ ਰਾਣੀ ਕੀ ਕਹਿ ਰਹੀ ਏ? ਮੈਂ ਲੇਟ ਹੋ ਗਿਆ, ਇਸ ਕਰਕੇ ਕੁਛ ਬੋਲ ਰਹੀ ਏ?”
“ਨਹੀਂ ਬਾਪੂ ਜੀ, ਮੈਂ ਤਾਂ ਕਹਿ ਰਹੀ ਹਾਂ ਕਿ ਹੁਣ ਤੁਸੀਂ ਬੁੱਢੇ ਹੋ ਗਏ ਹੋ। ਹੁਣ ਸਾਡਾ ਕੰਮ ਕਰਨ ਦਾ ਵੇਲਾ ਏ। ਹੁਣ ਮੈਂ ਤੁਹਾਡੇ ਨਾਲ ਹੱਥ ਵਟਾਇਆ ਕਰਾਂਗੀ।”
“ਕਿਹੜੀਆਂ ਗੱਲਾਂ ਵਿੱਚ ਤੂੰ ਪੈ ਗਈ ਸੀਤੋ? ਮੈਂ ਅਜੇ ਬੁੱਢਾ ਨਹੀਂ ਹੋਇਆ, ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਏ ਆਪਣੇ ਬੱਚਿਆਂ ਲਈ।”
“ਬਾਪੂ ... ਜਿਹੜੇ ਹਿਸਾਬ ਨਾਲ ਤੂੰ ਸੋਚ ਰਿਹਾ ਏਂ, ਇਸ ਹਿਸਾਬ ਨਾਲ ਤੇਰੇ ਸਿਰ ਤੋਂ ਕੋਈ ਵੀ ਪੰਡ ਨਹੀਂ ਲਾਹ ਸਕਦਾ। ਮੈਂ ਤਾਂ ਕੀ, ਕੋਈ ਹੋਰ ਵੀ ਨਹੀਂ ...।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (