“ਜੇਕਰ ਸਹੀ ਅਰਥਾਂ ਵਿੱਚ ਔਰਤ ਸਸ਼ਕਤੀਕਰਨ ਕਰਨਾ ਹੈ ਤਾਂ ਸਭ ਤੋਂ ਪਹਿਲਾਂ ...”
(12 ਜੁਲਾਈ 2026)
ਜਦੋਂ ਕਿਸੇ ਦੇਸ਼ ਦੇ ਸਮਾਜਿਕ ਸੱਭਿਆਚਾਰਕ ਅਤੇ ਆਰਥਿਕ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਦੇਖਿਆ ਜਾਂਦਾ ਕਿ ਉੱਥੇ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਪ੍ਰਤੀ ਕੀ ਰਵਈਆ ਹੈ। ਖਾਸ ਤੌਰ ’ਤੇ ਸਮਾਜ ਵਿੱਚ ਔਰਤ ਦਾ ਸਥਾਨ ਕੀ ਹੈ। ਸਿੱਖਿਆ ਪ੍ਰਾਪਤ ਕਰਨ ਉਪਰੰਤ ਇੱਕ ਸਿਹਤਮੰਦ ਔਰਤ ਰੁਜ਼ਗਾਰ ਦੀ ਮੰਡੀ ਵਿੱਚ ਸ਼ਮੂਲੀਅਤ ਕਰਦੀ ਹੈ। ਵਿੱਤੀ ਸਾਧਨਾਂ ਦੇ ਨਾਲ ਨਾਲ ਉਸਦੀ ਹੋਰ ਭੌਤਿਕ ਅਤੇ ਕੁਦਰਤੀ ਸਾਧਨਾਂ ਵੱਲ ਪਹੁੰਚ ਵਧਣ ਲਗਦੀ ਹੈ ਤਾਂ ਉਸਦਾ ਆਰਥਿਕ ਸਸ਼ਕਤੀਕਰਨ ਹੁੰਦਾ ਹੈ। ਆਰਥਿਕ ਤੌਰ ’ਤੇ ਆਤਮ ਨਿਰਭਰ ਔਰਤ ਆਪਣੇ ਨਿੱਜ ਨਾਲ ਸੰਬੰਧਿਤ ਫੈਸਲੇ ਆਪ ਲੈਣ ਦੇ ਸਮਰੱਥ ਹੋ ਜਾਂਦੀ ਹੈ। ਜਦੋਂ ਸੰਸਦ ਜਾਂ ਵਿਧਾਨ ਸਭਾ ਵਿੱਚ ਵੀ ਉਸਦੀ ਨੁਮਾਇੰਦਗੀ ਹੁੰਦੀ ਹੈ, ਉਹ ਸਮਾਜਿਕ ਅਤੇ ਦੇਸ਼ ਨਾਲ ਸਬੰਧਤ ਫੈਸਲਿਆਂ ਵਿੱਚ ਬਰਾਬਰ ਦੀ ਹਿੱਸੇਦਾਰ ਹੁੰਦੀ ਹੈ ਤਾਂ ਇਸ ਨੂੰ ਰਾਜਨੀਤਕ ਸਸ਼ਕਤੀਕਰਨ ਕਿਹਾ ਜਾਂਦਾ ਹੈ। ਔਰਤ ਦਾ ਆਰਥਿਕ ਤੇ ਰਾਜਨੀਤਿਕ ਸਸ਼ਕਤੀਕਰਨ ਇੱਕ ਬਹੁਪੱਖੀ, ਬਹੁਪਰਤੀ, ਸਮਾਜਿਕ, ਕਾਨੂੰਨੀ ਅਤੇ ਆਰਥਿਕ ਪ੍ਰਕਿਰਿਆ ਹੈ ਜਿਸ ਵਿੱਚੋਂ ਹਰ ਸਮਾਜ ਨੂੰ ਲੰਘਣਾ ਪੈਂਦਾ ਹੈ। ਅੱਜ ਸਰਕਾਰੀ ਮਸ਼ੀਨਰੀ ਔਰਤ ਸਸ਼ਕਤੀਕਰਨ ਲਈ ਯਤਨਸ਼ੀਲ ਹੈ। ‘ਬੇਟੀ ਬਚਾਓ, ਬੇਟੀ ਪੜ੍ਹਾਓ’, ‘ਨੰਨੀ ਛਾਂ’, ‘ਮਾਵਾਂ, ਧੀਆਂ ਦਾ ਸਤਿਕਾਰ’ ਆਦਿ ਨਾਹਰਿਆਂ ਨਾਲ ਨਾਰੀ ਸ਼ਕਤੀਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਮਾਦਾ ਭਰੂਣ ਹੱਤਿਆ ਰੋਕਣ ਵਾਸਤੇ ਸਿਹਤ ਸੰਸਥਾਵਾਂ ਉੱਪਰ ਕੀਤੀ ਗਈ ਸਖਤੀ ਬਹੁਤ ਹੱਦ ਤਕ ਕਾਮਯਾਬ ਹੋ ਗਈ ਹੈ। ਅਰਥਾਤ ਬੇਟੀ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮਰਨ ਤੋਂ ਬਚਾ ਲਿਆ ਗਿਆ ਹੈ। ਸਿੱਖਿਆ ਪ੍ਰਾਪਤੀ ਦੇ ਮੁਢਲੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਲੜਕੀ ਨੂੰ ਪੜ੍ਹਨ ਵਾਸਤੇ ਵੀ ਭੇਜ ਦਿੱਤਾ ਜਾਂਦਾ ਹੈ। ਪੜ੍ਹ ਲਿਖ ਕੇ ਨੌਕਰੀ ਪੇਸ਼ੇ ਦੀ ਭਾਲ ਵਿੱਚ ਉਹ ਕਿਸੇ ਨਾ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਵਿੱਚ ਕੰਮ ਕਰਨ ਲਗਦੀ ਹੈ। ਇਨ੍ਹਾਂ ਪੜਾਵਾਂ ਵਿੱਚੋਂ ਗੁਜ਼ਰਦੀ ਬੇਟੀ/ਲੜਕੀ ਜਾਂ ਔਰਤ ਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ? ਜੀਵਨ ਦੇ ਹਰ ਪੜਾਅ ਉੱਪਰ ਉਸ ਨੂੰ ਸਮਾਜਿਕ, ਭਾਵਨਾਤਮਕ ਅਤੇ ਸਰੀਰਕ ਸ਼ੋਸ਼ਣ ਦੇ ਖੌਫ ਵਿੱਚੋਂ ਗੁਜ਼ਰਨਾ ਪੈਂਦਾ ਹੈ। ਔਰਤ ਵਿਰੁੱਧ ਹਿੰਸਾ ਉਸਦੇ ਘਰ ਪਰਿਵਾਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਜਿਹੜੀ ਸਕੂਲ, ਕਾਲਜ ਤੋਂ ਬਾਅਦ ਨੌਕਰੀ ਪੇਸ਼ੇ ਵਾਲੇ ਸਥਾਨ ਤੋਂ ਹੁੰਦੇ ਹੋਏ ਉਸਦੇ ਸਹੁਰੇ ਪਰਿਵਾਰ ਵਿੱਚ ਜਾਣ ਉਪਰੰਤ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰਹਿੰਦੀ ਹੈ। ਅੱਜ ਦੀ ਔਰਤ ਹਰ ਕਿੱਤੇ ਅਤੇ ਖਿੱਤੇ ਵਿੱਚ ਕੰਮ ਕਰਨ ਦੇ ਕਾਬਲ ਹੈ ਜਿਹੜੇ ਪਹਿਲਾਂ ਉਸ ਲਈ ਵਰਜਿਤ ਸਨ। ਡਾਕਟਰ, ਅਧਿਆਪਕ, ਬੈਂਕਾਂ ਦਫਤਰਾਂ, ਫੌਜ, ਹਵਾਈ ਸੈਨਾ ਅਤੇ ਹੋਰ ਨਿੱਜੀ ਕੰਪਨੀਆਂ ਵਿੱਚ ਕੰਮ ਕਰਨ ਤੋਂ ਇਲਾਵਾ ਔਰਤ ਸਪੇਸ ਵਿੱਚ ਵੀ ਆਪਣੀ ਹਾਜ਼ਰੀ ਲਵਾ ਚੁੱਕੀ ਹੈ। ਇਸ ਸਸ਼ਕਤੀਕਰਨ ਦੇ ਬਾਵਜੂਦ ਔਰਤ ਕਿਸੇ ਵੀ ਪੜਾਅ ’ਤੇ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਿਉਂ ਨਹੀਂ ਕਰਦੀ? ਇਸ ਬਾਰੇ ਗੰਭੀਰਤਾ ਨਾਲ ਵਿਚਾਰਨ ਦੀ ਜ਼ਰੂਰਤ ਹੈ।
ਸਾਡੇ ਸਮਾਜ ਵਿੱਚ ਅਧਿਆਪਕ ਜਾਂ ਉਸਤਾਦ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ। ਡਾਕਟਰ ਨੂੰ ਲੋਕ ਰੱਬ ਦਾ ਰੂਪ ਮੰਨਦੇ ਹਨ। ਕੰਮ ਕਾਜੀ ਸੰਸਥਾਵਾਂ, ਦਫਤਰਾਂ, ਕੰਪਨੀਆਂ ਜਾਂ ਉੱਚ ਵਿੱਦਿਅਕ ਅਦਾਰਿਆਂ ਦੇ ਮੁਖੀ ਦਾ ਦਰਜਾ ਘਰ ਦੇ ਮੁਖੀਏ ਦੇ ਬਰਾਬਰ ਹੁੰਦਾ ਹੈ ਜਿਸਦਾ ਫਰਜ਼ ਆਪਣੇ ਅਧੀਨ ਅਤੇ ਨਾਲ ਕੰਮ ਕਰਦੇ ਕਰਮਚਾਰੀਆਂ ਦੇ ਹਿਤਾਂ ਦੀ ਹਿਫਾਜ਼ਤ ਕਰਨਾ ਹੁੰਦਾ ਹੈ। ਪਰ ਅੱਜ ਸਕੂਲ-ਕਾਲਜ, ਹਸਪਤਾਲ ਅਤੇ ਕੰਮਕਾਜੀ ਸੰਸਥਾਵਾਂ ਔਰਤ ਲਈ ਕਾਫੀ ਹੱਦ ਤਕ ਸੁਰੱਖਿਅਤ ਨਹੀਂ ਹਨ। ਕੁਰਕਸ਼ੇਤਰ ਦੇ ਇੱਕ ਹਸਪਤਾਲ ਵਿੱਚ ਆਪਣੀ ਦਾਦੀ ਨਾਲ ਆਈ 15 ਸਾਲ ਦੀ ਬੱਚੀ ਦਾ ਚੈੱਕਅਪ ਕਰਨ ਦੇ ਬਹਾਨੇ ਮਰਦ ਡਾਕਟਰ ਵੱਲੋਂ ਓ ਪੀ ਡੀ ਵਿੱਚ ਹੀ ਰੇਪ ਕੀਤਾ ਗਿਆ। ਵੂਮੈੱਨ ਕਮਿਸ਼ਨ ਦੀ ਚੇਅਰ ਪਰਸਨ ਰੇਨੂੰ ਭਾਟੀਆ ਦੇ ਧਿਆਨ ਵਿੱਚ ਮਾਮਲਾ ਆਇਆ। ਉਸਨੇ ਉੱਥੋਂ ਦੀਆਂ ਨਰਸਾਂ ਅਤੇ ਹੋਰ ਸਟਾਫ ਨਾਲ ਗੱਲਬਾਤ ਕੀਤੀ ਪਰ ਇਸ ਦੌਰਾਨ ਰੇਨੂੰ ਭਾਟੀਆ ਨੂੰ ਹੀ ਆਪਣੇ ਪਦ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ। ਪਹਿਲਾਂ ਵੀ 2017 ਵਿੱਚ ਉਸਨੂੰ ਇਹੋ ਜਿਹੇ ਘਿਨਾਉਣੇ ਅਪਰਾਧ ਕਾਰਨ ਸਸਪੈਂਡ ਕੀਤਾ ਗਿਆ ਸੀ। ਪ੍ਰੰਤੂ ਦੋ ਤਿੰਨ ਸਾਲ ਬਾਅਦ ਮੁੜ ਜੁਆਇਨ ਕਰਵਾ ਲਿਆ ਗਿਆ ਸੀ। ਕਲਕੱਤੇ ਦੇ ਆਰ ਜੀ ਕਾਰ ਕਾਲਜ ਵਿੱਚ ਟਰੇਨਿੰਗ ਅਧੀਨ ਡਾਕਟਰ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਦਸੰਬਰ 2012 ਵਿੱਚ ਦਿੱਲੀ ਦੀਆਂ ਸੜਕਾਂ ਉੱਪਰ ਛੇ ਦਰਿੰਦਿਆਂ ਨੇ ਡਾਕਟਰ ਕੁੜੀ ਨਾਲ ਚਲਦੀ ਬੱਸ ਵਿੱਚ ਇਸੇ ਪ੍ਰਕਾਰ ਦੀ ਵਹਿਸ਼ਿਆਨਾ ਹਰਕਤ ਕਰਨ ਉਪਰੰਤ ਕੁੜੀ ਨੂੰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਸੜਕ ’ਤੇ ਸੁੱਟ ਦਿੱਤਾ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਹੀ ਕੰਮਕਾਜੀ ਥਾਂਵਾਂ ਉੱਪਰ ਹੁੰਦੀਆਂ ਹਿੰਸਕ ਘਟਨਾਵਾਂ ਨੂੰ ਰੋਕਣ ਵਾਸਤੇ 2013 ਵਿੱਚ ਕਾਨੂੰਨ ਬਣਾਇਆ ਗਿਆ ਸੀ। ਲਾਅ ਕਾਲਜ ਵਿੱਚ ਪੜ੍ਹਦੀ ਕੁੜੀ ਦੇ ਮੂੰਹ ’ਤੇ ਉਸਦੇ ਜਾਣਕਾਰ ਲੜਕੇ ਵੱਲੋਂ ਤੇਜ਼ਾਬ ਸੁੱਟ ਕੇ ਉਸਨੂੰ ਬਦਨਾਮ ਕਰਨ ਦੇ ਨਾਲ ਨਾਲ ਬਦਸ਼ਕਲ ਕਰਨਾ ਆਪਣੇ ਆਪ ਵਿੱਚ ਬਾਕੀ ਵਿਦਿਆਰਥੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਨ ਵਾਲੀ ਘਟਨਾ ਹੈ। ਹਰਿਆਣਾ ਦੀਆਂ ਪਹਿਲਵਾਨ ਕੁੜੀਆਂ ਦਾ ਭਾਰਤ ਦੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ, ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਨਾ ਅਤੇ ਉਸ ਉਪਰੰਤ ਵੀ ਅਗਲੀਆਂ ਓਲੰਪਿਕ ਖੇਡਾਂ ਵਿੱਚ ਸ਼ਮੂਲੀਅਤ ਕਰਨ ਵਿਰੁੱਧ ਅੜਿੱਕੇ ਡਾਹੁਣਾ ਕਿਸੇ ਤੋਂ ਛੁਪਿਆ ਵਰਤਾਰਾ ਨਹੀਂ ਹੈ। ਉੱਚ ਵਿੱਦਿਅਕ ਅਦਾਰਿਆਂ ਜਾਂ ਯੂਨੀਵਰਸਿਟੀਆਂ ਵਿੱਚ ਖੋਜ ਕਾਰਜ ਕਰਨ ਵਿੱਚ ਲੱਗੀਆਂ ਵਿਦਿਆਰਥਣਾਂ ਦੇ ਜਦੋਂ ਮਰਦ ਸੁਪਰਵਾਈਜ਼ਰ ਹੁੰਦੇ ਹਨ ਤਾਂ ਉਹਨਾਂ ਵਿੱਚੋਂ ਕਈ ਕੁੜੀਆਂ ਨੂੰ ਆਪਣਾ ਖੋਜ ਕਾਰਜ ਪੂਰਾ ਕਰਨ ਲਈ ਸਮਝੌਤੇ ਵਾਲੀ ਸਥਿਤੀ ਵਿੱਚੋਂ ਗੁਜ਼ਰਨਾ ਪੈਂਦਾ ਹੈ। ਕੇਰਲ ਵਿੱਚ ਕੋਚੀ ਨੇੜੇ ਫਿਲਮੀ ਉਦਯੋਗ ਦੀ ਇੱਕ ਮਸ਼ਹੂਰ ਅਦਾਕਾਰਾਂ ਨੂੰ ਅਗਵਾ ਕਰਕੇ ਚਲਦੀ ਕਾਰ ਵਿੱਚ ਬਲਾਤਕਾਰ ਕੀਤਾ ਗਿਆ। ਜਾਂਚ ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਬਣੀ ਜਿਸਨੇ 2017 ਵਿੱਚ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਮਲਿਆਲਮ ਫਿਲਮੀ ਉਦਯੋਗ ਵਿੱਚ ਜਿਣਸੀ ਸ਼ੋਸ਼ਣ ਅਤੇ ਪਰੇਸ਼ਾਨੀ ਦੇ ਕੇਸ ਆਮ ਹੀ ਹੁੰਦੇ ਰਹਿੰਦੇ ਹਨ, ਜਿੱਥੇ ਪ੍ਰੋਡਿਊਸਰ ਅਤੇ ਡਾਇਰੈਕਟਰ ਸਭ ਰਲੇ ਹੁੰਦੇ ਹਨ। ਮਨੀਪੁਰ ਵਿੱਚ ਹੋਈ ਹਿੰਸਾ ਦੌਰਾਨ ਕੁੱਕੀ ਤਬਕੇ ਦੀਆਂ ਔਰਤਾਂ ਨੂੰ ਨਗਨ ਅਵਸਥਾ ਵਿੱਚ ਸੜਕਾਂ ’ਤੇ ਤੁਰਨ ਲਈ ਮਜਬੂਰ ਕਰਨਾ, ਦੰਗਿਆਂ ਦੌਰਾਨ ਔਰਤਾਂ ਨੂੰ ਬੇਪਤ/ਬੇਇੱਜ਼ਤ ਕਰਨਾ (ਬਿਲਕੀਸ ਬਾਨੋ ਦਾ ਕੇਸ) ਔਰਤ ਪ੍ਰਤੀ ਨਕਾਰਾਤਮਕ ਸੋਚ ਦਾ ਹੀ ਪ੍ਰਗਟਾਵਾ ਹੈ। ਹਾਲ ਹੀ ਵਿੱਚ 4 ਜੂਨ ਨੂੰ ਮੁਹਾਲੀ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਲੜਕੀ ਉੱਪਰ ਉਸਦੇ ਸਹਿਕਰਮੀ ਲੜਕੇ ਨੇ ਤੇਜ਼ ਹਥਿਆਰ ਨਾਲ 30-35 ਵਾਰ ਹਮਲਾ ਕਰਕੇ ਕੁੜੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸਦੀ ਬਾਅਦ ਵਿੱਚ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਉਹ ਦੋਵੇਂ ਦੋਸਤ ਸਨ ਪਰ ਬਾਅਦ ਵਿੱਚ ਦੋਸਤੀ ਟੁੱਟ ਗਈ ਸੀ। ਲੜਕੀ ਵੱਲੋਂ ਦੁਬਾਰਾ ਦੋਸਤੀ ਕਰਨ ਲਈ ਨਾਂਹ ਕਰਨ ’ਤੇ ਉਸ ਮਰਦ ਦੀ ਹਉਮੈਂ ਜਾਗ ਪਈ ਤੇ ਉਹ ਹਿੰਸਕ ਕਾਰਵਾਈ ਕਰਨ ਤੇ ਉੱਤਰ ਆਇਆ।
ਗਿਆਨ ਪ੍ਰਦਾਨ ਕਰਨ ਵਾਲੇ ਵਿੱਦਿਅਕ ਅਦਾਰੇ, ਹਸਪਤਾਲ, ਮੈਡੀਕਲ ਕਾਲਜਾਂ ਵਿੱਚ ਡਾਕਟਰ, ਨਰਸਾਂ, ਮੈਡੀਕਲ, ਪੈਰਾ ਮੈਡੀਕਲ ਸਟਾਫ ਸੁਰੱਖਿਅਤ ਨਹੀਂ ਹੈ। ਜੇਕਰ ਕੰਮਕਾਜੀ ਥਾਂਵਾਂ, ਦਫਤਰਾਂ ਜਾਂ ਕੰਪਨੀਆਂ ਵਿੱਚ ਕੰਮ ਕਰਦੀਆਂ ਔਰਤਾਂ ਨਾਲ ਪੱਖਪਾਤੀ ਵਖਰੇਵਾਂ ਜਾਂ ਹੋਰ ਅਪਰਾਧਕ ਘਟਨਾਵਾਂ ਵਾਪਰਦੀਆਂ ਹਨ ਤਾਂ ਔਰਤ ਲਈ ਹਮੇਸ਼ਾ ਹੀ ਅਸੁਰੱਖਿਅਤ ਵਾਤਾਵਰਣ ਦਾ ਮਾਹੌਲ ਬਣਿਆ ਰਹਿੰਦਾ ਹੈ। ਜਦੋਂ ਵੀ ਕੋਈ ਅਜਿਹੀ ਘਿਨਾਉਣੀ ਵਾਰਦਾਤ ਹੁੰਦੀ ਹੈ ਲੋਕ ਸੁੱਤੀ ਹਕੂਮਤ ਨੂੰ ਜਗਾਉਣ ਲਈ ਰੋਸ ਪ੍ਰਦਰਸ਼ਨ ਕਰਦੇ ਹਨ। ਮੋਮਬੱਤੀ ਮਾਰਚ ਹੁੰਦੇ ਹਨ ਅਤੇ ਬਾਰ-ਬਾਰ ਇਨਸਾਫ ਦੀ ਮੰਗ ਦੁਹਰਾਈ ਜਾਂਦੀ ਹੈ। ਪਰ ਕੀ ਬੇਟੀਆਂ ਨੂੰ ਇਨਸਾਫ ਮਿਲਿਆ? ਕਾਨੂੰਨੀ ਅਵਸਥਾ ਹੋਣ ਦੇ ਬਾਵਜੂਦ ਔਰਤਾਂ ਵਿਰੁੱਧ ਹਿੰਸਕ ਵਾਰਦਾਤਾਂ ਨਿੱਤ ਪ੍ਰਤੀ ਦਿਨ ਵਧ ਰਹੀਆਂ ਹਨ। ਇਹ ਸਾਰਾ ਵਰਤਾਰਾ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਨਿਕੰਮੀ ਅਤੇ ਮਾੜੀ ਕਾਰਗੁਜ਼ਾਰੀ ਦੀ ਤਰਫ ਹੀ ਇਸ਼ਾਰਾ ਕਰਦਾ ਹੈ।
ਔਰਤ ਸ਼ਕਤੀਕਰਨ ਦੇ ਬਾਵਜੂਦ ਔਰਤ ਦੀ ਸੁਰੱਖਿਆ ਯਕੀਨੀ ਨਾ ਹੋਣ ਦੇ ਕੀ ਕਾਰਨ ਹਨ? ਸਭ ਤੋਂ ਪਹਿਲਾ ਅਤੇ ਵੱਡਾ ਕਾਰਨ ਸਾਡੇ ਸਮਾਜ ਦੀ ਮਰਦ ਪ੍ਰਧਾਨ ਸੋਚ ਹੈ। ਮਰਦ ਔਰਤ ਨਾਬਰਾਬਰੀ ਵਾਲੇ ਸਮਾਜ ਵਿੱਚ ਔਰਤ ਨਾਲ ਪੈਰ ਪੈਰ ’ਤੇ ਵਿਤਕਰਾ ਹੁੰਦਾ ਹੈ। ਪਿਛਲੇ 20 ਸਾਲਾਂ ਤੋਂ ਇਸ ਨਾਬਰਾਬਰੀ ਅਤੇ ਪ੍ਰਾਪਤੀਆਂ ਵਿਚਾਲੇ ਪਾੜੇ ਨੂੰ ਸਮਝਣ ਵਾਸਤੇ ਵਰਲਡ ਇਕਨੌਮਿਕ ਫੋਰਮ ਦੁਆਰਾ ਆਲਮੀ ਪੱਧਰ ’ਤੇ ਇੱਕ ਗਲੋਬਲ ਜੈਂਡਰ ਗੈਪ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। 2025 ਵਿੱਚ ਜਾਰੀ ਕੀਤੀ ਗਈ ਇਸ ਰਿਪੋਰਟ ਅਨੁਸਾਰ ਭਾਰਤ 148 ਦੇਸ਼ਾਂ ਵਿੱਚੋਂ 131ਵੇਂ ਸਥਾਨ ’ਤੇ ਆਉਂਦਾ ਹੈ। ਇਵੇਂ ਹੀ ਜੌਰਜਟਾਊਨ ਇੰਸਟੀਚਿਊਟ ਫਾਰ ਵੂਮੈੱਨ, ਪੀਸ ਐਂਡ ਸਕਿਉਰਿਟੀ ਅਤੇ ਪੀਸ ਰਿਸਰਚ ਇੰਸਟੀਚਿਊਟ ਓਸਲੋ, ਵੱਲੋਂ ਜਾਰੀ ਕੀਤੀ 2025-26 ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦਾ 181 ਦੇਸ਼ਾਂ ਵਿੱਚੋਂ 131ਵਾਂ ਸਥਾਨ ਹੈ। ਇਸ ਰਿਪੋਰਟ ਵਿੱਚ ਔਰਤਾਂ ਦੀ ਹਿਫਾਜ਼ਤ, ਕੰਮ ਕਰਨ ਵਿੱਚ ਸ਼ਮੂਲੀਅਤ ਅਤੇ ਸੁਰੱਖਿਆ ਸੰਬੰਧੀ 13 ਵੱਖ ਵੱਖ ਸੂਚਕ ਅੰਕ ਲਏ ਜਾਂਦੇ ਹਨ। ਵਿਸ਼ਵ ਪੱਧਰ ’ਤੇ ਜਾਰੀ ਕੀਤੀਆਂ ਰਿਪੋਰਟਾਂ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤੀ ਨਾਰੀ ਕਿੰਨੀ ਕੁ ਸੁਰੱਖਿਅਤ ਅਤੇ ਸ਼ਕਤੀਸ਼ਾਲੀ ਹੈ ਅਤੇ ਭਾਰਤ ਦਾ ਵਿਕਾਸ ਕਿੰਨਾ ਕੁ ‘ਸਭ ਦੀ ਸ਼ਮੂਲੀਅਤ ਵਾਲਾ ਵਿਕਾਸ’ ਹੈ।
ਨੈਸ਼ਨਲ ਕ੍ਰਾਈਮ ਰਿਪੋਰਟ ਬਿਊਰੋ 2024 ਵਿੱਚ ਔਰਤਾਂ ਪ੍ਰਤੀ ਹਿੰਸਕ ਵਾਰਦਾਤਾਂ ਵਿੱਚ ਪਿਛਲੇ ਸਾਲ ਨਾਲੋਂ 4% ਵਾਧਾ ਦਰਜ਼ ਕੀਤਾ ਗਿਆ ਹੈ। ਬ੍ਰਿਟਿਸ਼ ਸੇਫਟੀ ਕੌਂਸਲ ਅਨੁਸਾਰ ਭਾਰਤ ਵਿੱਚ ਕੇਵਲ 20% ਔਰਤ ਕਰਮਚਾਰੀ ਸਿਹਤ ਅਤੇ ਹਿਫਾਜ਼ਤ ਦੇ ਕਵਰ ਅਧੀਨ ਹਨ, ਬਾਕੀ 80% ਔਰਤਾਂ ਅਸੁਰੱਖਿਆ ਦੇ ਵਾਤਾਵਰਣ ਅਤੇ ਹਾਲਾਤ ਵਿੱਚ ਕੰਮ ਕਰਦੀਆਂ ਹਨ। ਸਮਾਜਿਕ ਕਦਰਾਂ ਕੀਮਤਾਂ ਵਿੱਚ ਨਿਘਾਰ, ਰਿਸ਼ਤਿਆਂ ਵਿੱਚ ਪੈਂਦੀਆਂ ਤਰੇੜਾਂ ਤੋਂ ਇਲਾਵਾ ਨੌਜਵਾਨਾਂ ਵਿੱਚ ਆਪਣੇ ਨਿਸ਼ਚਿਤ ਅਤੇ ਸੁਰੱਖਿਅਤ ਭਵਿੱਖ ਦੀ ਚਿੰਤਾ ਵੀ ਉਨ੍ਹਾਂ ਨੂੰ ਲੁੱਟਾਂ ਖੋਹਾਂ ਅਤੇ ਹਿੰਸਕ ਗਤੀਵਿਧੀਆਂ ਵੱਲ ਧਕੇਲ ਰਹੀ ਹੈ। ਜ਼ਰੂਰਤ ਤੋਂ ਜ਼ਿਆਦਾ ਡਿਜਿਟਲ ਉਪਕਰਣਾਂ ਦੀ ਵਰਤੋਂ ਬੱਚਿਆਂ ਨੂੰ ਇਕੱਲਤਾ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਕਰਦੀ ਹੈ। ਬੱਚਿਆਂ ਦੀ ਸ਼ਖਸੀਅਤ ਬਣਾਉਣ ਵਿੱਚ ਪਰਿਵਾਰ ਦਾ ਰੋਲ ਘਟ ਗਿਆ ਹੈ। ਮਰਦ ਪ੍ਰਧਾਨ ਸਮਾਜਿਕ ਤਾਣੇਬਾਣੇ ਵਿੱਚ ਮੁੰਡਿਆਂ ਨੂੰ ਕੁੜੀ ਵੱਲੋਂ ‘ਨਾਂਹ ਸੁਣਨਾ ‘ ਗਵਾਰਾ ਨਹੀਂ। ਪੜ੍ਹ ਲਿਖ ਕੇ ਸੱਭਿਅਕ ਅਤੇ ਸਚਿਆਰੇ ਮਨੁੱਖ ਬਣਨ ਦੀ ਥਾਂ ਸਭ ਕੁਝ ਤੁਰੰਤ ਹਾਸਲ ਕਰਨ ਖਾਤਰ ਦੂਜੇ ਦੇ ਜਜ਼ਬਾਤਾਂ ਦੀ ਕੋਈ ਕਦਰ ਨਹੀਂ ਹੈ। ਸਮਾਜ ਵਿੱਚ ਇਸ ਹੱਦ ਤਕ ਨਿਘਾਰ ਆ ਚੁੱਕਿਆ ਹੈ ਕਿ ਕਾਫੀ ਗਿਣਤੀ ਵਿੱਚ ਔਰਤਾਂ ਆਪਣੇ ਪਰਿਵਾਰ ਅਤੇ ਰਿਸ਼ਤੇਦਾਰੀ ਵਿੱਚ ਵੀ ਸੁਰੱਖਿਅਤ ਨਹੀਂ।
ਜੇਕਰ ਸਹੀ ਅਰਥਾਂ ਵਿੱਚ ਔਰਤ ਸਸ਼ਕਤੀਕਰਨ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਔਰਤਾਂ ਪ੍ਰਤੀ ਮਾੜੀ ਸੋਚ ਅਤੇ ਵਰਤਾਰਾ ਬਦਲਣ ਦੀ ਜ਼ਰੂਰਤ ਹੈ। ਸਰਕਾਰੀ ਤੌਰ ’ਤੇ ਔਰਤ ਦੀ ਸੁਰੱਖਿਆ ਵਾਸਤੇ ਕਾਨੂੰਨ ਬਣੇ ਹੋਏ ਹਨ ਪ੍ਰੰਤੂ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਇਨ੍ਹਾਂ ਕਾਨੂੰਨਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਔਰਤਾਂ ਵੱਲੋਂ ਔਰਤਾਂ ਦੀ ਸੁਰੱਖਿਆ ਅਤੇ ਹਿਫਾਜ਼ਤ ਲਈ ਬਣੇ ਕਾਨੂੰਨਾਂ ਦੀ ਆਪਣੇ ਥੋੜ੍ਹਚਿਰੀ ਜਾਂ ਸੌੜੇ ਹਿਤਾਂ ਦੀ ਪੂਰਤੀ ਵਾਸਤੇ ਨਜਾਇਜ਼ ਵਰਤੋਂ ਕੀਤੀ ਜਾਂਦੀ ਹੈ। ਬਦਲਾਖੋਰੀ ਦੀ ਭਾਵਨਾ ਤਹਿਤ ਮੁੰਡੇ ਦੇ ਪਰਿਵਾਰ ਉੱਪਰ ਝੂਠਾ ਅਤੇ ਨਾ ਮੁਆਫੀਯੋਗ ਇਲਜ਼ਾਮ ਲਾਇਆ ਜਾਂਦਾ ਹੈ। ਇਸ ਨਾਲ ਬਾਕੀ ਔਰਤਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੀਆਂ ਹਨ। ਇਸ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈ। ਇਸ ਤੋਂ ਵੀ ਵਧੇਰੇ ਜ਼ਰੂਰੀ ਹੈ ਔਰਤਾਂ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ। ਆਪਣੇ ਆਪ ਨੂੰ ਕਮਜ਼ੋਰ ਜਾਂ ਅਬਲਾ ਸਮਝਣ ਦੀ ਬਜਾਏ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਨ। ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ, ਮਰਦ ਔਰਤ ਬਰਾਬਰੀ ਦਾ ਸਮਾਜ ਸਿਰਜਣ ਅਤੇ ਔਰਤ ਪ੍ਰਤੀ ਦਕੀਆਨੂਸੀ ਮਾੜੀ ਸੋਚ ਨੂੰ ਬਦਲਣ ਵਾਸਤੇ ਵਿਸ਼ਾਲ ਪੱਧਰ ’ਤੇ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ। ਇਸ ਵਿੱਚ ਜਮਹੂਰੀਅਤ ਪਸੰਦ ਜਥੇਬੰਦੀਆਂ ਅਤੇ ਚਿਤੰਨ ਵਰਗ ਦੇ ਲੋਕਾਂ ਦੀ ਅਹਿਮ ਭੂਮਿਕਾ ਹੈ। ਸਮਾਜਿਕ ਮਸਲਿਆਂ ਦੇ ਹੱਲ ਲਈ ਭਾਈ ਭਤੀਜਾਵਾਦ ਵਾਲੀ ਦਖਲਅੰਦਾਜ਼ੀ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਨਿਆਂ ਪ੍ਰਣਾਲੀ ਦਾ ਆਜ਼ਾਦ ਅਤੇ ਨਿਰਪੱਖ ਹੋਣਾ ਵੀ ਉੰਨਾ ਹੀ ਲਾਜ਼ਮੀ ਹੈ। ਔਰਤ ਸ਼ਕਤੀਕਰਨ ਅਤੇ ‘ਸਭ ਕਾ ਸਾਥ, ਸਭ ਕਾ ਵਿਕਾਸ’ ਤਾਂ ਹੀ ਸੰਭਵ ਹੋਵੇਗਾ ਜੇਕਰ ਦੇਸ਼ ਦੀ ਅੱਧੀ ਅਬਾਦੀ, (ਔਰਤਾਂ) ਨੂੰ ਸੁਰੱਖਿਅਤ ਮਾਹੌਲ ਅਤੇ ਵਾਤਾਵਰਣ ਉਪਲਬਧ ਹੋਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)






















































































































