KanwaljitKGill Pro7ਸਥਿਤੀ ਦੀ ਗੰਭੀਰਤਾ ਨੂੰ ਭਾਂਪਦੇ ਹੋਏ ਜ਼ਰੂਰੀ ਹੈ ਕਿ ਮੌਜੂਦਾ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ...
(13 ਅਗਸਤ 2025)

 

ਆਮ ਭਾਸ਼ਾ ਵਿੱਚ ਕੁਪੋਸ਼ਣ ਤੋਂ ਭਾਵ ਹੈ ਕਿ ਜਦੋਂ ਜ਼ਰੂਰਤ ਅਨੁਸਾਰ ਨਾ ਕੇਵਲ ਪੇਟ ਭਰਨ ਜੋਗਾ ਭੋਜਨ ਹੀ ਮਿਲਦਾ ਹੈ, ਸਗੋਂ ਜਿਹੜਾ ਮਿਲਦਾ ਵੀ ਹੈ, ਉਹ ਪੌਸ਼ਟਿਕ ਤੱਤਾਂ ਤੋਂ ਵਿਹੂਣਾ ਅਤੇ ਅਸੰਤੁਲਿਤ ਹੁੰਦਾ ਹੈਕੁਪੋਸ਼ਣ ਅਤੇ ਮਿਆਰੀ ਭੋਜਨ ਦੀ ਅਣਹੋਂਦ ਦਾ ਸਰੀਰਕ ਸਿਹਤ ਅਤੇ ਦਿਮਾਗੀ ਵਿਕਾਸ ਉੱਪਰ ਮਾੜਾ ਪ੍ਰਭਾਵ ਪੈਂਦਾ ਹੈਕੰਮ ਕਰਨ ਦੀ ਸਮਰੱਥਾ ਵੀ ਘਟਦੀ ਹੈ ਅਤੇ ਵਿਅਕਤੀ ਅਨੇਕਾਂ ਬਿਮਾਰੀਆਂ ਦਾ ਉਮਰ ਤੋਂ ਪਹਿਲਾਂ ਹੀ ਸ਼ਿਕਾਰ ਹੋਣ ਲਗਦਾ ਹੈਭਾਰਤ ਵਿੱਚ ਬਾਲ ਕੁਪੋਸ਼ਣ ਦੀ ਸਥਿਤੀ ਬਹੁਤ ਮਾੜੀ ਹੈਹਾਲ ਹੀ ਵਿੱਚ ਹੋਈ ਰਾਜ ਸਭਾ ਦੀ ਮੀਟਿੰਗ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਮੰਤਰਾਲੇ ਨੇ ਵੀ ਇਸਦਾ ਜ਼ਿਕਰ ਕੀਤਾ ਹੈਕੁਪੋਸ਼ਣ ਦੇ ਸ਼ਿਕਾਰ ਬੱਚੇ ਆਪਣੀ ਉਮਰ ਅਨੁਸਾਰ ਘੱਟ ਭਾਰ ਜਾਂ ਵਜ਼ਨ ਦੇ ਹੁੰਦੇ ਹਨ, ਜਾਂ ਉਮਰ ਅਨੁਸਾਰ ਉਹਨਾਂ ਦਾ ਕੱਦ-ਕਾਠ ਘੱਟ ਹੁੰਦਾ ਹੈਕਈ ਵਾਰ ਉਹਨਾਂ ਦਾ ਭਾਰ ਆਪਣੇ ਕੱਦ ਦੇ ਹਿਸਾਬ ਨਾਲ ਘੱਟ ਹੁੰਦਾ ਹੈ ਜਾਂ ਇਹੋ ਜਿਹੇ ਬੱਚਿਆਂ ਦੀ ਪੰਜ ਸਾਲ ਤੋਂ ਘੱਟ ਉਮਰ ਵਿੱਚ ਹੀ ਮੌਤ ਹੋ ਜਾਂਦੀ ਹੈਸਥਿਤੀ ਕੋਈ ਵੀ ਹੋਵੇ, ਇਸਦਾ ਸੰਬੰਧ ਭੋਜਨ ਦੀ ਸਹੀ ਮਿਕਦਾਰ, ਮਿਆਰ ਅਤੇ ਪੌਸ਼ਟਿਕ ਤੱਤਾਂ ਅਤੇ ਖਣਿਜ ਪਦਾਰਥਾਂ ਦੇ ਮਿਸ਼ਰਣ ਨਾਲ ਹੈਜੇਕਰ ਭਾਰਤ ਨੇ ਵਿਸ਼ਵ ਪੱਧਰ ’ਤੇ ਆਪਣੀ ਆਰਥਿਕ ਪਛਾਣ ਅਤੇ ਚਮਕ ਦਮਕ ਬਣਾਈ ਰੱਖਣੀ ਹੈ ਅਤੇ 2030 ਤਕ ਯੂ ਐੱਨ ਓ ਦੇ ਚਿਰ ਸਥਾਈ ਵਿਕਾਸ ਦੇ ਟੀਚੇ (SDG) ਪੂਰੇ ਕਰਨੇ ਹੋਣਗੇ ਅਤੇ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿੱਚ ਸ਼ਮੂਲੀਅਤ ਕਰਨੀ ਹੈ ਤਾਂ ਅੱਜ ਦੇ ਬੱਚਿਆਂ ਦੀ ਸਿਹਤ ਸੁਰੱਖਿਆ, ਸੰਤੁਲਿਤ ਅਤੇ ਮਿਆਰੀ ਆਹਾਰ ਵੱਲ ਵਿਸ਼ੇਸ਼ ਤਵੱਜੋ ਦੇਣੀ ਹੋਵੇਗੀ

ਇੱਕ ਪਾਸੇ ਭਾਰਤ ਚੌਥੀ ਵੱਡੀ ਅਰਥਵਿਵਸਥਾ ਹੋਣ ਦੇ ਦਾਅਵੇ ਕਰ ਰਿਹਾ ਹੈ ਅਤੇ ਦੂਜੇ ਪਾਸੇ 80 ਕਰੋੜ ਤੋਂ ਵਧੇਰੇ ਲੋਕਾਂ ਨੂੰ ਮੁਫਤ ਅਨਾਜ ਮੁਹਈਆ ਕਰਵਾਇਆ ਜਾ ਰਿਹਾ ਹੈਇਸ ਸਾਰੇ ਵਰਤਾਰੇ ਦਾ ਕੀ ਕਾਰਨ ਹੈ? ਇਸ ਕੁਪੋਸ਼ਣ ਦੇ ਕੀ ਪ੍ਰਭਾਵ ਪੈ ਰਹੇ ਹਨ? ਜਦੋਂ ਅਸੀਂ 2047 ਵਿੱਚ ਭਾਰਤ ਦੀ ਆਜ਼ਾਦੀ ਦੀ ਸ਼ਤਾਬਦੀ ਦੇ ਜਸ਼ਨ ਮਨਾ ਰਹੇ ਹੋਵਾਂਗੇ ਤਾਂ ਅੱਜ ਦੇ ਕੁਪੋਸ਼ਣ ਦੇ ਸ਼ਿਕਾਰ ਬੱਚੇ ਜਿਨ੍ਹਾਂ ਦੀ ਉਮਰ ਉਸ ਵੇਲੇ 22-24 ਸਾਲਾਂ ਦੀ ਹੋਵੇਗੀ, ਕਿਸ ਪ੍ਰਕਾਰ ਦੀ ਸਰੀਰਕ ਸਿਹਤ ਅਤੇ ਦਿਮਾਗੀ ਮਨੋਸਥਿਤੀ ਵਿੱਚ ਹੋਣਗੇਇਸ ਸਾਰੇ ਕੁਝ ਬਾਰੇ ਗੰਭੀਰਤਾ ਨਾਲ ਅੱਜ ਤੋਂ ਹੀ ਵਿਚਾਰਨ ਦੀ ਜ਼ਰੂਰਤ ਹੈ

ਗਲੋਬਲ ਹੰਗਰ ਰਿਪੋਰਟ 2024, ਜਿਹੜੀ ਵਿਸ਼ਵ ਵਿਆਪਕ ਭੁੱਖ ਮਰੀ ਅਤੇ ਕੁਪੋਸ਼ਣ ਦੇ ਅੰਕੜੇ ਇਕੱਠੇ ਕਰਦੀ ਹੈ, ਦੇ ਸੂਚਕ ਅੰਕ ਅਨੁਸਾਰ ਭਾਰਤ 127 ਦੇਸ਼ਾਂ ਵਿੱਚੋਂ 105ਵੇਂ ਦਰਜੇ ’ਤੇ ਆਉਂਦਾ ਹੈਅਰਥਾਤ ਭੁੱਖ, ਕੁਪੋਸ਼ਣ, ਮਿਆਰੀ ਅਤੇ ਸੰਤੁਲਿਤ ਆਹਾਰ ਦੀ ਘਾਟ ਦੇ ਪੱਖ ਤੋਂ ਭਾਰਤ ਦੀ ਸਥਿਤੀ 27.3 ਅੰਕਾਂ ਨਾਲ ਬਹੁਤ ਹੀ ਚਿੰਤਾਜਨਕ ਹੈਦੱਖਣੀ ਏਸ਼ੀਆ ਦੇ ਗੁਆਂਢੀ ਦੇਸ਼ਾਂ ਵਿੱਚੋਂ ਭਾਰਤ ਦੀ ਸਥਿਤੀ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਇਲਾਵਾ ਸਭ ਤੋਂ ਮਾੜੀ ਹੈਇਸ ਰਿਪੋਰਟ ਅਨੁਸਾਰ ਸ਼੍ਰੀ ਲੰਕਾ 56ਵੇਂ ਦਰਜੇ, ਨੇਪਾਲ 68ਵੇਂ ਅਤੇ ਬੰਗਲਾਦੇਸ਼ 84ਵੇਂ ਦਰਜੇ ’ਤੇ ਹਨਪਾਕਿਸਤਾਨ ਨੂੰ 109ਵਾਂ ਦਰਜਾ ਮਿਲਿਆ ਹੈਗਲੋਬਲ ਹੰਗਰ ਇੰਡੈਕਸ ਵਿੱਚ ਚਾਰ ਮੁੱਦੇ ਲਏ ਜਾਂਦੇ ਹਨਪਹਿਲਾ, ਕੁਪੋਸ਼ਣ, ਜਿਸ ਤੋਂ ਭਾਵ ਹੈ ਲਗਾਤਾਰ ਘੱਟ ਮਾਤਰਾ ਵਿੱਚ ਭੋਜਨ ਪ੍ਰਾਪਤੀ, ਦੂਜਾ ਮਿਆਰੀ ਅਤੇ ਸੰਤੁਲਿਤ ਭੋਜਨ ਜਾਂ ਲੋੜੀਂਦੀ ਮਾਤਰਾ ਵਿੱਚ ਕੈਲੋਰੀਆਂ ਦਾ ਨਾ ਹੋਣਾ, ਤੀਜਾ ਭੋਜਨ ਦੁਆਰਾ ਮਿਲਣ ਵਾਲੇ ਪੌਸ਼ਟਿਕ ਤੱਤਾਂ ਅਤੇ ਖਣਿਜ ਪਦਾਰਥਾਂ ਦੇ ਮਿਸ਼ਰਣ ਦੀ ਘਾਟ ਅਤੇ ਚੌਥਾ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰਅਰਥਾਤ ਪੇਟ ਭਰ ਖਾਣਾ ਮਿਲਣ ਦੀ ਵਿਵਸਥਾ ਦੇ ਨਾਲ ਨਾਲ ਦੇਖਿਆ ਜਾਂਦਾ ਹੈ ਕਿ ਉਹਨਾਂ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੱਦ-ਕਾਠ ਕੀ ਹੈ, ਉਮਰ ਦੇ ਹਿਸਾਬ ਨਾਲ ਭਾਰ ਕਿੰਨਾ ਹੈ ਤੇ ਉਹਨਾਂ ਦੇ ਕੱਦ-ਕਾਠ ਦੇ ਹਿਸਾਬ ਨਾਲ ਵਜ਼ਨ ਵਿੱਚ ਵੀ ਕੋਈ ਤਬਦੀਲੀ ਆ ਰਹੀ ਹੈ ਕਿ ਨਹੀਂ? ਬੱਚੇ ਨੂੰ ਨਾ ਕੇਵਲ ਲੋੜੀਂਦੀ ਮਾਤਰਾ ਵਿੱਚ ਭੋਜਨ ਚਾਹੀਦਾ ਹੈ ਸਗੋਂ ਇਸ ਵਿੱਚ ਸਹੀ ਮਾਤਰਾ ਵਿੱਚ ਪ੍ਰੋਟੀਨ, ਘਿਓ, ਖਣਿਜ ਪਦਾਰਥ ਅਤੇ ਹੋਰ ਕੈਲਰੀਆਂ ਪੂਰੀਆਂ ਕਰਨ ਵਾਲੇ ਤੱਤ ਵੀ ਮਿਲਣੇ ਜ਼ਰੂਰੀ ਹਨ ਕਿਉਂਕਿ ਪੌਸ਼ਟਿਕ ਆਹਾਰ ਹੀ ਬੱਚੇ ਦੀ ਉਮਰ ਦੇ ਅਨੁਸਾਰ ਉਸਦਾ ਕੱਦ-ਕਾਠ ਅਤੇ ਭਾਰ ਆਦਿ ਨਿਸ਼ਚਿਤ ਕਰਦਾ ਹੈਸਿਹਤਮੰਦ ਬੱਚਾ ਲੰਮੀ ਉਮਰ ਜਿਊਣ ਦੇ ਕਾਬਲ ਵੀ ਹੁੰਦਾ ਹੈਰਾਜ ਸਭਾ ਵਿੱਚ ਪੇਸ਼ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ 37% ਬੱਚੇ ਅਵਿਕਸਿਤ (Stunted) ਹਨ, ਜਿਨ੍ਹਾਂ ਦਾ ਉਮਰ ਅਨੁਸਾਰ ਕੱਦ ਛੋਟਾ ਹੈ16% ਉਹ ਬੱਚੇ ਹਨ, ਜਿਨ੍ਹਾਂ ਦਾ ਉਮਰ ਅਨੁਸਾਰ ਭਾਰ ਘੱਟ ਹੈ ਅਤੇ 5.46% ਬੱਚੇ ਇੰਨੇ ਕਮਜ਼ੋਰ ਹਨ ਕਿ ਉਨ੍ਹਾਂ ਦਾ ਕੱਦ ਦੇ ਅਨੁਸਾਰ ਭਾਰ ਘੱਟ ਹੈਗਰੀਬ ਪਰਿਵਾਰਾਂ ਵਿੱਚ ਪੈਦਾ ਹੋਣ ਵਾਲੇ ਬਹੁਤੇ ਬੱਚੇ (2.9%) ਭੁੱਖਮਰੀ, ਕੁਪੋਸ਼ਣ ਅਤੇ ਉਚਿਤ ਸਿਹਤ ਸੇਵਾਵਾਂ ਦੀ ਅਣਹੋਂਦ ਕਾਰਨ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨਇਹ ਜਾਣਕਾਰੀ ਪੋਸਣ ਟ੍ਰੈਕਰ ਐਪ ਉੱਪਰ ਰਜਿਸਟਰ ਕੀਤੇ ਬੱਚਿਆਂ ਦੀ ਹੈ, ਜਿਨ੍ਹਾਂ ਦੀ ਉਮਰ ਪੰਜ ਸਾਲ ਤਕ ਹੈਪਿਛਲੇ ਸਾਲ ਹੀ ਇਸ ਐਪ ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਬੱਚਿਆਂ ਨੂੰ ਮਿਲਣ ਵਾਲੇ ਆਹਾਰ ਦੀ ਗੁਣਵੱਤਾ ਅਤੇ ਮਿਕਦਾਰ ਉੱਪਰ ਲਗਾਤਾਰ ਨਜ਼ਰ ਰੱਖਣੀ ਲਾਜ਼ਮੀ ਹੈ ਤਾਂ ਕਿ ਭਵਿੱਖ ਦੀ ਜਵਾਨੀ ਦੀ ਪੌਸ਼ਟਿਕਤਾ ਨੂੰ ਸੁਰੱਖਿਅਤ ਅਤੇ ਯਕੀਨੀ ਬਣਾਇਆ ਜਾ ਸਕੇ

ਗੰਭੀਰਤਾ ਦੀ ਪੱਧਰ ’ਤੇ ਪਹੁੰਚੀ ਬਾਲ ਕੁਪੋਸ਼ਣ ਦੀ ਇਸ ਸਥਿਤੀ ਦੇ ਹੁੰਦੇ ਹੋਏ ਅਸੀਂ ਇਸ ਸਮੱਸਿਆ ਨੂੰ ਅਣਗੌਲਿਆ ਨਹੀਂ ਕਰ ਸਕਦੇ ਕਿਉਂਕਿ ਕੁਪੋਸ਼ਣ ਦੇ ਅਨੇਕਾਂ ਹੀ ਦੁਸ਼ਪ੍ਰਭਾਵ ਪੈਂਦੇ ਹਨਲੋੜੀਂਦੀ ਮਾਤਰਾ ਅਤੇ ਸੰਤੁਲਿਤ ਭੋਜਨ ਨਾ ਮਿਲਣ ਕਾਰਨ ਜਿਊਂਦੇ ਰਹਿਣ ਦੀ ਸਮਰੱਥਾ ਘਟ ਜਾਂਦੀ ਹੈ ਅਰਥਾਤ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਵਿੱਚ ਮੌਤ ਦਰ ਮੁਕਾਬਲਤਨ ਜ਼ਿਆਦਾ ਹੁੰਦੀ ਹੈਬਿਮਾਰੀਆਂ ਜ਼ਿਆਦਾ ਅਤੇ ਜਲਦੀ ਆਣ ਘੇਰਦੀਆਂ ਹਨਦਿਮਾਗੀ ਤੌਰ ’ਤੇ ਘੱਟ ਵਿਕਸਿਤ ਹੋਣ ਕਾਰਨ ਹੋਰ ਵਧੇਰੇ ਸਿੱਖਣ ਦੀ ਸਮਰੱਥਾ ਵੀ ਘਟ ਜਾਂਦੀ ਹੈਕੰਮ ਕਾਰ ਕਰਨ ਦੀ ਸ਼ਕਤੀ ਵਿੱਚ ਜਲਦੀ ਨਿਘਾਰ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਵਿਅਕਤੀ ਆਪਣੀ ਉਮਰ ਨਾਲੋਂ ਪਹਿਲਾਂ ਬਿਰਧ ਹੋਣਾ ਸ਼ੁਰੂ ਹੋ ਜਾਂਦਾ ਹੈਕੁਪੋਸ਼ਣ ਦਾ ਸ਼ਿਕਾਰ ਕੇਵਲ ਬੱਚੇ ਹੀ ਨਹੀਂ ਔਰਤਾਂ, ਬੱਚੀਆਂ ਅਤੇ ਗਰਭਵਤੀ ਮਾਵਾਂ ਵੀ ਹਨਔਰਤਾਂ ਪ੍ਰਤੀ ਸਮਾਜਿਕ ਪੱਖਪਾਤ ਅਤੇ ਭੋਜਨ ਪ੍ਰਤੀ ਵਿਤਕਰਾ ਇੱਥੇ ਵੀ ਭਾਰੂ ਹੈਗਰਭ ਦੌਰਾਨ ਪੌਸ਼ਟਿਕ ਆਹਾਰ ਤੋਂ ਇਲਾਵਾ ਸਿਹਤ ਨਾਲ ਸੰਬੰਧਿਤ ਤੱਤ ਜਾਂ ਮਿਸ਼ਰਣ ਸਹੀ ਮਾਤਰਾ ਵਿੱਚ ਨਹੀਂ ਮਿਲਦੇਗਰਭ ਦੌਰਾਨ ਸੰਪੂਰਨ ਖੁਰਾਕ ਨਾ ਮਿਲਣ ਕਾਰਨ ਵੀ ਪੈਦਾ ਹੋਣ ਵਾਲੇ ਬੱਚੇ ਦੀ ਸਿਹਤ, ਵਜ਼ਨ ਅਤੇ ਲੰਬਾਈ ਉੱਪਰ ਮਾੜਾ ਪ੍ਰਭਾਵ ਪੈਂਦਾ ਹੈਲਿੰਗ ਆਧਾਰਿਤ ਪੌਸ਼ਟਿਕਤਾ ਦਾ ਪਾੜਾ ਅਜੇ ਵੀ ਬਰਕਰਾਰ ਹੈਔਰਤਾਂ ਅਤੇ ਬੱਚੀਆਂ ਨੂੰ ਮੀਟ, ਮੱਛੀ, ਅੰਡੇ ਆਦਿ ਮਾਸਾਹਾਰੀ ਭੋਜਨ ਖੁਆਉਣ ਤੋਂ ਬਹੁਤਿਆਂ ਪਰਿਵਾਰਾਂ ਵਿੱਚ ਅਜੇ ਵੀ ਗੁਰੇਜ਼ ਕੀਤਾ ਜਾਂਦਾ ਹੈਸਿੱਟੇ ਵਜੋਂ ਔਰਤਾਂ ਵਿੱਚ ਖ਼ੂਨ ਦੀ ਕਮੀ/ਅਨੀਮੀਆ ਦੀ ਅਲਾਮਤ ਮਰਦਾਂ ਦੇ ਮੁਕਾਬਲੇ ਵਧੇਰੇ ਹੈਅਜੋਕੇ ਸਮੇਂ ਵਿੱਚ ਜੀਵਨ ਜਾਚ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਨੀਮ ਅਤੇ ਮੱਧ ਵਰਗ ਦੇ ਬੱਚੇ ਬਹੁਤਾ ਸਮਾਂ ਮੋਬਾਇਲ ਉੱਪਰ ਬੈਠੇ ਬੈਠੇ ਹੀ ਸਮਾਂ ਬਤੀਤ ਕਰਦੇ ਹਨਭਾਵੇਂ ਉਹ ਸਾਰਾ ਦਿਨ ਖਾਂਦੇ ਰਹਿੰਦੇ ਹਨ ਪਰ ਜ਼ਰੂਰੀ ਨਹੀਂ ਕਿ ਉਹ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਹੀ ਖਾ ਰਹੇ ਹੋਣਇਸ ਪ੍ਰਕਾਰ ਉਹ ਵੀ ਕੁਪੋਸ਼ਣ ਦੀ ਮਾਰ ਹੇਠ ਆ ਕੇ ਜ਼ਰੂਰਤ ਤੋਂ ਜ਼ਿਆਦਾ ਮੋਟਾਪੇ ਅਤੇ ਦਿਮਾਗੀ ਮਨੋਵਿਕਾਰ ਦੀ ਸਥਿਤੀ ਦਾ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਸ਼ੂਗਰ, ਬਲੱਡ ਪ੍ਰੈੱਸ਼ਰ, ਡਿਪਰੈਸ਼ਨ ਆਦਿ ਦੀਆਂ ਬਿਮਾਰੀਆਂ ਵਧ ਰਹੀਆਂ ਹਨ

ਕੁਪੋਸ਼ਣ ਅਤੇ ਭੁੱਖਮਰੀ ਦੀ ਸਮੱਸਿਆ ਨੂੰ ਨਜਿੱਠਣ ਵਾਸਤੇ ਅਨੇਕਾਂ ਹੀ ਪ੍ਰੋਗਰਾਮ ਉਲੀਕੇ ਗਏ ਹਨਕੌਮੀ ਭੋਜਨ ਸਕਿਉਰਟੀ ਐਕਟ 2013 ਤਹਿਤ ਲਗਭਗ ਦੋ-ਤਿਹਾਈ ਲੋਕਾਂ ਨੂੰ ਘੱਟ ਰੇਟ ’ਤੇ ਅਨਾਜ ਦਿੱਤਾ ਗਿਆ ਸੀਉਸ ਤੋਂ ਬਾਅਦ ਕੋਵਿਡ ਮਹਾਂਮਾਰੀ ਦੌਰਾਨ ਅਤੇ ਉਸ ਤੋਂ ਬਾਅਦ ਵੀ 80 ਕਰੋੜ ਤੋਂ ਵੱਧ ਲੋਕਾਂ ਨੂੰ ਅਨਾਜ ਸਮੱਗਰੀ ਵੰਡੀ ਜਾ ਰਹੀ ਹੈਕੌਮੀ ਪੋਸ਼ਣ ਅਭਿਆਨ 2018 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ 2030 ਤਕ ਸਥਾਈ ਵਿਕਾਸ ਦੇ ਟੀਚੇ ਦਾ ਇੱਕ ਮੁੱਖ ਅੰਗ ਮੰਨਿਆ ਗਿਆ ਹੈਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਕੌਮੀ ਕੁਦਰਤੀ ਖੇਤੀ ਅਭਿਆਨ ਆਦਿ ਪ੍ਰੋਗਰਾਮ ਵੀ ਲਾਗੂ ਕੀਤੇ ਗਏ ਹਨਇਨ੍ਹਾਂ ਪ੍ਰੋਗਰਾਮਾਂ ਅਤੇ ਸਕੀਮਾਂ ਦੇ ਬਾਵਜੂਦ ਭਾਰਤ ਦੀ ਸਮੁੱਚੀ ਸਥਿਤੀ ਇਸ ਪੱਖ ਤੋਂ ਚਿੰਤਾਜਨਕ ਬਣੀ ਹੋਈ ਹੈਸਪਸ਼ਟ ਹੈ ਕਿ ਇਹ ਸਕੀਮਾਂ ਅਤੇ ਪ੍ਰੋਗਰਾਮ ਕਾਗਜ਼ਾਂ ਵਿੱਚ ਤਾਂ ਬਣ ਜਾਂਦੇ ਹਨ ਪਰ ਉਹਨਾਂ ਨੂੰ ਸਹੀ ਅਰਥਾਂ ਵਿੱਚ ਤਨਦੇਹੀ ਅਤੇ ਸੁਹਿਰਦਤਾ ਨਾਲ ਲਾਗੂ ਨਹੀਂ ਕੀਤਾ ਜਾਂਦਾ

ਇਹ ਵੀ ਸਹੀ ਹੈ ਕਿ ਭਾਵੇਂ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਦਰ ਘਟੀ ਹੈ ਪਰ ਦੂਜੇ ਪਾਸੇ ਆਮਦਨ ਨਾ-ਬਰਾਬਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਸਰਕਾਰੀ ਦਾਅਵੇ ਕੀਤੇ ਜਾ ਰਹੇ ਹਨ ਕਿ ਬਾਲ ਮੌਤ ਦਰ 41 ਤੋਂ ਘਟ ਕੇ 35 ਪ੍ਰਤੀ 1000 ਹੋ ਗਈ ਹੈਇਵੇਂ ਹੀ ਪੈਦਾਇਸ਼ੀ ਛੋਟੇ ਕੱਦ ਦੇ ਬੱਚੇ ਪੈਦਾ ਹੋਣ ਵਿੱਚ ਵੀ ਸੁਧਾਰ ਹੋਇਆ ਹੈਇਸ ਤੋਂ ਇਲਾਵਾ ਸਰਕਾਰ ਨੂੰ ਕੁਪੋਸ਼ਣ ਸੰਬੰਧੀ ਅੰਕੜਿਆਂ ਨੂੰ ਇਕੱਠੇ ਕਰਨ ਦੇ ਢੰਗ ਤਰੀਕਿਆਂ ਉੱਪਰ ਵੀ ਇਤਰਾਜ਼ ਹੈਤਰਕ ਦਿੱਤਾ ਜਾਂਦਾ ਹੈ ਕਿ ਕੁਪੋਸ਼ਣ ਦੇ ਅੰਕੜੇ ਕੇਵਲ ਬੱਚਿਆਂ ਨਾਲ ਸੰਬੰਧਿਤ ਹਨਇਹ ਅੰਕੜੇ ਸਮੁੱਚੀ ਭੁੱਖਮਰੀ ਜਾਂ ਕੁਪੋਸ਼ਣ ਦੀ ਤਸਵੀਰ ਪੇਸ਼ ਨਹੀਂ ਕਰਦੇਪ੍ਰੰਤੂ ਆਲਮੀ ਪੱਧਰ ’ਤੇ ਹੋ ਰਹੇ ਸਰਵੇਖਣਾਂ ਅਤੇ ਰਿਪੋਰਟਾਂ ਨੂੰ ਇਨ੍ਹਾਂ ਦਲੀਲਾਂ ਨਾਲ ਝੁਠਲਾਇਆ ਵੀ ਨਹੀਂ ਜਾ ਸਕਦਾਜਿਹੜੇ ਮਾਪ-ਦੰਡ ਬਾਕੀ ਦੇਸ਼ਾਂ ਲਈ ਵਰਤੇ ਜਾਂਦੇ ਹਨ, ਭਾਰਤ ਲਈ ਵੀ ਉਹੀ ਵਰਤੇ ਜਾਂਦੇ ਹਨ

ਸਥਿਤੀ ਦੀ ਗੰਭੀਰਤਾ ਨੂੰ ਭਾਂਪਦੇ ਹੋਏ ਜ਼ਰੂਰੀ ਹੈ ਕਿ ਮੌਜੂਦਾ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾਵੇਇੱਥੇ ਆਂਗਣਵਾੜੀ ਵਰਕਰਾਂ ਦੀ ਅਹਿਮ ਭੂਮਿਕਾ ਨੂੰ ਅਣਗੌਲਿਆ ਨਹੀਂ ਕਰ ਸਕਦੇਉਹਨਾਂ ਨੂੰ ਵਧੇਰੇ ਸਿਖਲਾਈ ਦੇਣ ਦੇ ਨਾਲ ਨਾਲ ਸੇਧ ਦੇਣੀ ਵੀ ਜ਼ਰੂਰੀ ਹੈ ਕਿ ਜਿੱਥੇ ਕਿਤੇ ਵੀ ਕੁਤਾਹੀ ਨਜ਼ਰ ਆਵੇ, ਉਸ ਨੂੰ ਤੁਰੰਤ ਸਹੀ ਕੀਤਾ ਜਾਵੇਸਕੂਲਾਂ ਵਿੱਚ ਵਰਤਾਏ ਜਾਂਦੇ ਮਿੱਡ-ਡੇ-ਮੀਲ ਨੂੰ ਨਿਯਮਬੱਧ ਅਤੇ ਮਿਆਰੀ ਪੱਧਰ ਦਾ ਕਰਨ ਦੀ ਜ਼ਰੂਰਤ ਹੈਬੱਚਿਆਂ ਦੀ ਸਿਹਤ ਸਬੰਧੀ ਸਰਵਪੱਖੀ ਵਿਕਾਸ ਉੱਪਰ ਨਿਰੰਤਰ ਨਜ਼ਰ ਰੱਖਣੀ ਜ਼ਰੂਰੀ ਹੈਜਿੱਥੇ ਕਿਤੇ ਵੀ ਕੋਈ ਅਣਗਹਿਲੀ ਹੋ ਰਹੀ ਹੈ, ਉਸ ਨੂੰ ਹੱਲ ਕਰਨਾ ਇਸ ਮੁਹਿੰਮ ਦਾ ਹਿੱਸਾ ਹੋਣਾ ਚਾਹੀਦਾ ਹੈਗਰੀਬੀ, ਆਮਦਨ ਨਾ-ਬਰਾਬਰੀ, ਪੀਣ ਵਾਲੇ ਸਾਫ ਪਾਣੀ ਦੀ ਘਾਟ, ਲਿੰਗ ਅਧਾਰਿਤ ਵਿਤਕਰਾ ਅਤੇ ਹੋਰ ਕੁਦਰਤੀ ਸਾਧਨਾਂ ਦੀ ਪ੍ਰਾਪਤੀ ਦੀ ਕਾਣੀ ਵੰਡ ਕਾਰਨ ਬਾਲ ਕੁਪੋਸ਼ਣ ਦੀ ਸਮੱਸਿਆ ਗੰਭੀਰ ਹੱਦ ਤਕ ਪਹੁੰਚ ਗਈ ਹੈਇਸ ਸਮੱਸਿਆ ਦੇ ਹੱਲ ਲਈ ਇਨ੍ਹਾਂ ਮੁੱਦਿਆਂ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾਕੁਪੋਸ਼ਣ ਦੀ ਸਮੱਸਿਆ ਦੀ ਸਥਿਤੀ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਇਸਦੀ ਅਸਲੀਅਤ ਅਤੇ ਕਾਰਨਾਂ ਨੂੰ ਸਵੀਕਾਰ ਕਰਨ ਤੋਂ ਮੁਨਕਰ ਨਹੀਂ ਹੋਣਾ ਚਾਹੀਦਾਇਸ ਵਾਸਤੇ ਜ਼ਰੂਰੀ ਹੈ ਕਿ ਸਰਕਾਰੀ ਵੰਡ ਪ੍ਰਣਾਲੀ ਤਹਿਤ ਦਿੱਤੇ ਜਾਂਦੇ ਅਨਾਜ ਨੂੰ ਸਹੀ ਲੋਕਾਂ ਤਕ ਪੁੱਜਦਾ ਕੀਤਾ ਜਾਵੇ, ਇਸ ਵਿੱਚ ਪਾਰਦਰਸ਼ਤਾ ਹੋਵੇ ਅਤੇ ਅਸਲੀ ਹੱਕਦਾਰਾਂ ਨੂੰ ਹੀ ਇਸਦਾ ਲਾਭ ਹੋਵੇਜ਼ਰੂਰਤਮੰਦ ਲੋਕਾਂ ਤਕ ਲੋੜੀਂਦੀ ਮਾਤਰਾ ਵਿੱਚ ਪੌਸ਼ਟਿਕ ਅਹਾਰ ਮੁਹਈਆ ਕਰਵਾਉਣ ਲਈ ਅਤੇ ਅਨਾਜ ਅਤੇ ਹੋਰ ਖਾਧ ਪਦਾਰਥਾਂ ਲਈ ਪਹਿਲਾਂ ਤੋਂ ਚੱਲ ਰਹੀ ਸਰਕਾਰੀ ਵੰਡ ਪ੍ਰਣਾਲੀ ਨੂੰ ਹੋਰ ਵੀ ਮਜ਼ਬੂਤ ਕਰਨਾ ਹੋਵੇਗਾਸਰਕਾਰੀ ਡੀਪੂਆਂ ’ਤੇ ਲੋੜੀਂਦੀ ਸਮੱਗਰੀ ਦਾ ਮਿਆਰੀ ਹੋਣਾ ਅਤੇ ਉਚਿਤ ਰੇਟ ’ਤੇ ਮਿਲਣਾ ਜ਼ਰੂਰੀ ਹੈਘਰ ਘਰ ਭੋਜਨ ਯਕੀਨੀ ਬਣਾਉਣ ਲਈ ਘਰ ਘਰ ਰੁਜ਼ਗਾਰ ਦੇਣਾ ਵਧੇਰੇ ਕਾਰਗਰ ਸਾਬਤ ਹੋ ਸਕਦਾ ਹੈਗਰੀਬੀ ਘਟਾਉਣ ਦੇ ਨਾਲ ਨਾਲ ਆਮਦਨ ਨਾ-ਬਰਾਬਰੀ ਦੇ ਵਾਧੇ ਨੂੰ ਵੀ ਠੱਲ੍ਹ ਪਾਉਣੀ ਜ਼ਰੂਰੀ ਹੈਗਰਭਵਤੀ ਮਾਵਾਂ ਲਈ ਖਾਸ ਸਿਹਤ ਸਹੂਲਤਾਂ, ਪੌਸ਼ਟਿਕ ਆਹਾਰ ਅਤੇ ਹੋਰ ਵਿਵਸਥਾ ਯਕੀਨੀ ਕਰਨਾ ਵੀ ਇਨ੍ਹਾਂ ਪ੍ਰੋਗਰਾਮਾਂ ਦਾ ਹਿੱਸਾ ਹੋਣਾ ਚਾਹੀਦਾ ਹੈਆਰਥਿਕ ਵਿਕਾਸ ਦੇ ਨਾਲ ਨਾਲ ਸਮੁੱਚਾ ਮਨੁੱਖੀ ਵਿਕਾਸ ਵੀ ਉੰਨਾ ਹੀ ਮਹੱਤਵਪੂਰਨ ਹੈਇਸ ਲਈ ਮਰਦ ਔਰਤ ਬਰਾਬਰੀ, ਵਾਤਾਵਰਣ ਤਬਦੀਲੀ ਅਤੇ ਸੰਤੁਲਿਤ ਪੌਸ਼ਟਿਕ ਆਹਾਰ ਦੀ ਸਹੂਲਤ ਵਿੱਚ ਤਾਲਮੇਲ ਦਾ ਪ੍ਰਬੰਧ ਹੋਣਾ ਲਾਜ਼ਮੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰੋ. ਕੰਵਲਜੀਤ ਕੌਰ ਗਿੱਲ

ਪ੍ਰੋ. ਕੰਵਲਜੀਤ ਕੌਰ ਗਿੱਲ

Retired Professor, Dept of Economics, Punjabi University Patiala, Punjab, India.
Phone: (91 - 98551 - 22857)
Email: (kkgill207@gmail.com)

More articles from this author