“ਬਿਹਤਰ ਹੈ ਪਹਿਲਾਂ ... ਆਪਾਂ ਆਪਣੀ ਆਪਣੀ ... ਗੁਫ਼ਾ ਅੰਦਰ ਵੜੀਏ ...”
(14 ਜਨਵਰੀ 2022)
1. ਆਦਮ ਤੇ ਹੱਵਾ ਦਾ ਸੰਵਾਦ
ਐ ਹੱਵਾ!
ਚੱਲ ਚੱਲਦੇ ਹਾਂ ਕਿਸੇ ਬੀਚ ’ਤੇ
ਬਹੁਤ ਤਪਸ਼ ਹੈ ਇੱਥੇ
ਸੜ ਗਏ ਹਾਂ ਅੱਗ ਦੇ ਇਸ ਮੌਸਮ ’ਚ
ਠੰਢੇ ਪਾਣੀਆਂ ’ਚ ਤੈਰਦੇ ਹਾਂ ਚੱਲਕੇ
ਮਘਦੀਆਂ ਧੁੱਪਾਂ ’ਚ ‘ਸਨ-ਬਾਥ’ ਲਵਾਂਗੇ
ਜ਼ਿੰਦਗੀ ਦਾ ਜਸ਼ਨ ਮਾਣਾਂਗੇ ਰੱਜਕੇ
ਭੁੱਲ ਜਾਵਾਂਗੇ ਆਹ ਗਿਲੇ ਸ਼ਿਕਵੇ!
ਖਿੜ-ਖਿੜਾ ਕੇ ਹੱਸਦੀ ਹੈ ਹੱਵਾ-
ਕੀ ਕਰਾਂਗੇ ਓਪਰੀਆਂ ਥਾਂਵਾਂ ’ਤੇ ਜਾ ਕੇ
ਪਹਿਲਾਂ ਜ਼ਰਾ ਇੱਥੇ
ਆਪਣੇ ਆਪਣੇ ਮਸਲੇ ਸਮੇਟ ਲਈਏ
ਦੂਰ ਚਲੇ ਵੀ ਗਏ ਤਾਂ
ਕੀ ਫ਼ਰਕ ਪੈਣੈ
ਤੱਤੀਆਂ ਹਵਾਵਾਂ ਤਾਂ ਰੁਕਣੀਆਂ ਨਹੀਂ
ਨਾਲ ਹੀ ਵਗਦੀਆਂ ਰਹਿਣੀਆਂ ਨੇ
ਜੇ ਸਾਡੇ ਜੀਊਣ ਦੇ ਅੰਦਾਜ਼ ਨੇ ਮੁਹਾਰ ਨਾ ਬਦਲੀ!
ਜਾਨ ਚੱਲ ਨਾ!
ਕੋਈ ਹੋਰ ਦਿਸਹੱਦੇ ਭਾਲਦੇ ਹਾਂ ਚੱਲਕੇ
ਬੋਰ ਹੋ ਗਏ ਹਾਂ ਇੱਕੋ ਥਾਂ ਰਹਿ ਰਹਿ ਕੇ
ਥੱਕ ਗਏ ਹਾਂ ਰੁੱਸ-ਰੁੱਸ ਕੇ, ਮੰਨ ਮੰਨ ਕੇ
ਸੁਨਹਿਰੀ ਰੇਤ ’ਤੇ ਪਏ
ਮਰਮਰੀ ਪਿੰਡਿਆਂ ’ਤੇ ਚਿਪਕੇ
ਮੋਤੀ ਤਲਾਸ਼ ਕਰ ਲਵਾਂਗੇ ਮਿਲਕੇ!
ਨਾ ਨਾ ਨਾ ਹੇ ਆਦਮ!
ਆਪਣੀਆਂ ਛਾਵਾਂ ਨੂੰ ਲਿਤਾੜ ਕੇ ਭਟਕ ਜਾਵਾਂਗੇ
ਜੰਗਲ ਵਿਚ ਤਾਂ ਪਹਿਲਾਂ ਹੀ ਗੁਆਚੇ ਹੋਏ ਹਾਂ
ਬੀਚਾਂ ’ਤੇ ਜਾ ਕੇ ਤੂਫਾਨੀ ਹਵਾਵਾਂ ਨਾਲ
ਹੋਰ ਤੜਫ਼ ਜਾਵਾਂਗੇ!
ਬਿਹਤਰ ਹੈ ਪਹਿਲਾਂ
ਆਪਾਂ ਆਪਣੀ ਆਪਣੀ
ਗੁਫ਼ਾ ਅੰਦਰ ਵੜੀਏ
ਇਕੱਲੇ ਇਕੱਲੇ ਚੁੱਪ-ਚਾਪ
ਆਪਣੇ ਆਪ ਨੂੰ ਮਿਲੀਏ
ਫਿਰ ਏਸ ਗਹਿਰੀ ਧੁੰਦ ’ਚੋਂ ਨਿਕਲ ਕੇ
ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ!
***
2. ਤੂੰ ਵੀ ਗੀਤ ਕੋਈ ਗਾ
ਚੁੱਪ ਕਿਉਂ ਤੇਰੀ ਸਰਗਮ
ਸੁਰ ਸੁੱਤੇ ਹੋਏ
ਗੀਤ ਗੁੰਮੇ ਹੋਏ!
ਨਾ ਤਾਲ
ਨਾ ਰਾਗ਼
ਨੂਪੁਰ ਰੁੱਸੇ ਹੋਏ!
ਗੁਟਰਗੂੰ! ਗੁਟਰਗੂੰ! ਕਰਦੀ
ਗੁਟਾਰ ਇਕ ਗੀਤ ਗਾ ਰਹੀ
ਖਮੋਸ਼ੀ ਵਿਚ ਹਰਕਤ ਹੋਈ
ਕਿਰਨਾਂ ਦੀ ਬਰਾਤ ਲੈ
ਧੁੱਪ ਅੰਦਰ ਆ ਰਹੀ!
ਗੜੈਂ ਗੜੈਂ ਕਰਦਾ ਡੱਡੂ ਵੀ
ਟਪੂਸੀਆਂ ਮਾਰਦਾ ਨੱਚ ਰਿਹੈ
ਕਿਰਨਾਂ ਦੇ ਮਰਕਜ਼ ਵੇਖ
ਸਾਰਕਾਂ ਦਾ ਝੁੰਡ ਇਕ
ਫੜੜ ਫੜੜ ਕਰਦਾ
ਐਧਰ ਓਧਰ ਚੁਗ ਰਿਹੈ
ਕਿੱਟ ਕਿੱਟ ਕਿੱਟ
ਕੰਧ ’ਤੇ ਕਾਟੋ ਕੁਛ ਟੁੱਕਣ ਲੱਗ ਪਈ
ਚਿੜੀਆਂ ਦੀ ਚੀਂ ਚੀਂ
ਤੇ ਬੀਡਿਆਂ ਦੀ ਟੀਂ ਟੀਂ
ਮੈਨੂੰ ਕੁਛ ਪੁੱਛਣ ਲੱਗ ਪਈ-
ਕਿਉਂ ਚੁੱਪ ਤੇਰੀ ਸਰਗਮ
ਕਿਉਂ ਸੁਰ ਤੇਰੇ ਸੌਂ ਰਹੇ
ਕਿਉਂ ਤੇਰੇ ਗੀਤ ਗੁੰਮ ਹੋ ਗਏ?
ਹਰ ਸ਼ੈਅ ਜਿੰਦਗੀ ਦਾ ਜਸ਼ਨ ਮਨਾ ਰਹੀ
ਤੂੰ ਵੀ ਕੋਈ ਗੀਤ ਗਾ
ਕੁਦਰਤ ਸਾਰੀ ਰਾਗ ਭੈਰਵੀ ਗਾ ਰਹੀ!
***
3. ਮੇਰੇ ਸਵਾਲ
ਮਿਹਰਬਾਨੋ!
(ਇਕ ਕੁੜੀ ਆਪਣੇ ਸਵਾਲਾਂ ਦੇ ਜਵਾਬ ਮੰਗਦੀ ਹੈ)
ਤੁਹਾਡੀ ਏਸ ਨਗਰੀ ’ਚ
ਐਨਾ ਸ਼ੋਰ ਕਿਉਂ ਐ ਮੇਰੇ ਲਈ?
ਏਸ ਦੇ ਬੁੱਲ੍ਹਾਂ ’ਤੇ ਚੁੱਪ ਕਦ ਧਰੋਗੇ?
ਮੌਨ ਹੋ ਚੁੱਕੇ ਨੇ ਮੇਰੇ ਬੋਲ-
ਇਸ ਮੌਨ ਦਾ ਵਿਸਤਾਰ ਕਦ ਕਰੋਗੇ?
ਕੋਈ ਡਾਢੀ ਪਿਆਸ ਮੇਰੇ ਹਲਕ ’ਚ-
ਅੰਜੁਲੀ ਭਰ ਸਾਗਰ
ਇਸ ’ਤੇ ਕਦ ਧਰੋਗੇ
ਹਾਇ ਇਕ ਛਿੱਟ ਸਵਾਂਤੀ ਬੂੰਦ
ਕਦ ਇਸਦੇ ਹਵਾਲੇ ਕਰੋਗੇ
ਠੋਸ ਹੋਏ ਅਲੰਕਾਰਾਂ ਨੂੰ
ਮੇਰੇ ਲਈ ਤਰਲ ਕਦ ਕਰੋਗੇ?
ਕਿਉਂ ਮੇਰੀ ਉਡਾਣ ’ਚ ਇੰਨੀ ਬੇਵਸੀ!
ਕਿਉਂ ਇਕ ਵੀ ਚੁੰਗੀ ਮੈਥੋਂ ਭਰੀ ਨਾ ਗਈ?
ਉਕਾਬ ਜਿਹੀ ਇਕ ਉਡਾਣ ਦੀ
ਕਰਤਾ ਹੋਣ ਦਾ ਕਰਮ ਕਦ ਕਰੋਗੇ?
ਮੇਰੀ ਪਰਵਾਜ਼ ਵਿਚ
ਤਾਰਿਆਂ ਜੜੇ ਅਸਮਾਨ ਦੀਆਂ
ਖਿੜਕੀਆਂ ਕਦ ਭਰੋਗੇ?
ਤੇ ਮੇਰੇ ਵਿਰਾਮ ਨੂੰ ਵਿਸਰਾਮ ਕਦ ਦਿਓਗੇ?
ਪੈਰਿਸ ਦੀਆਂ ਗਲ਼ੀਆਂ ਮੈਨੂੰ ਕਮਲੀ ਕਹਿੰਦੀਆਂ
ਐਰੀਜ਼ੋਨਾ ਦੀਆਂ ਗਰੈਂਡ ਕੈਨੀਅਨਾਂ ਮੇਰੇ ਅੰਦਰ ਰਹਿੰਦੀਆਂ
ਚਾਈਨਾ ਦੀ ਵਾਲ ’ਤੇ
ਚੜ੍ਹ ਬੈਠੀਆਂ ਮੇਰੇ ਹਿੱਸੇ ਦੀਆਂ ਚਾਨਣੀਆਂ!
ਸੰਘਣੇ ਜੰਗਲ਼ਾਂ ਦੇ ਪੈਂਡੇ,
ਖੂਹ-ਖਾਤੇ
ਦੀਵਾਰਾਂ
ਮੇਰੇ ਰਾਹਾਂ ’ਚ ਕਿਉਂ ਅਟਕਣਾਂ ਰਹਿੰਦੀਆਂ?
ਇਨ੍ਹਾਂ ਨੂੰ ਮੇਰੇ ਸਫ਼ਰ ’ਚੋਂ ਕਦ ਮਨਫ਼ੀ ਕਰੋਗੇ
ਤੇ ਮੈਨੂੰ ਵਿੰਡ-ਚਾਈਮਾਂ ਨਾਲ ਭਰਿਆ
ਇਕ ਘਰ ਕਦ ਦਿਓਗੇ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (