“ਇਹ ਕਿਤਾਬ ਇੱਕ ਮਹੱਤਵਪੂਰਣ ਦਸਤਾਵੇਜ਼ ਹੈ ਜੋ ਆਪਣੇ ਅੰਦਰ ਗਿਆਨ ਦਾ ...”
(30 ਅਕਤੂਬਰ 2025)
ਵਾਰਤਕ ਸਾਹਿਤ ਦਾ ਇੱਕ ਅਜਿਹਾ ਮਹੱਤਵਪੂਰਣ ਰੂਪ ਹੈ ਜਿਸ ਵਿੱਚ ਲੇਖਕ ਆਪਣੇ ਮਨੋਭਾਵਾਂ ਨੂੰ ਕਲਾਤਮਕ ਢੰਗ ਨਾਲ ਗੁੰਦ ਕੇ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ। ਵਾਰਤਕ ਪੜ੍ਹ ਕੇ ਪਾਠਕ ਦੀ ਬੌਧਿਕ ਸੰਤੁਸ਼ਟੀ ਹੁੰਦੀ ਹੈ। ਜਿੰਨੀ ਕਲਾਤਮਕਤਾ ਨਾਲ ਵਾਰਤਕਕਾਰ ਆਪਣੇ ਵਿਚਾਰਾਂ ਨੂੰ ਜੋੜਦਾ ਹੈ, ਉਸਦੀ ਵਾਰਤਕ ਉੰਨੀ ਹੀ ਪ੍ਰਭਾਵਸਾਲੀ ਹੁੰਦੀ ਹੈ। ਪੰਜਾਬੀ ਵਿੱਚ ਵਾਰਤਕ ਬਹੁਤ ਘੱਟ ਲਿਖੀ ਜਾ ਰਹੀ ਹੈ, ਕੁਝ ਗਿਣੇ-ਚੁਣੇ ਲੇਖਕ ਹੀ ਵਾਰਤਾਕ ਲਿਖ ਰਹੇ ਹਨ। ਸੁਖਦੇਵ ਸਿੰਘ ਝੰਡ ਕੈਨੇਡਾ ਦੇ ਉਹਨਾਂ ਚੰਦ ਕੁ ਲੇਖਕਾਂ ਵਿੱਚੋਂ ਹੈ ਜਿਹੜੇ ਵਾਰਤਕ ਲਿਖਣ ਵੱਲ ਰੁਚਿਤ ਹਨ। ‘ਸਰੋਕਾਰ ਅਤੇ ਸ਼ਖਸੀਅਤਾਂ’ ਉਸਦੀ ਵਾਰਤਕ ਦੀ ਨਵੀਂ ਪੁਸਤਕ ਹੈ।
ਡਾ. ਝੰਡ ਪੰਜਾਬੀ ਸਾਹਿਤ ਦਾ ਬਹੁ-ਵਿਧਾਵੀ ਲੇਖਕ ਹੈ, ਜੋ ਇਸ ਤੋਂ ਪਹਿਲਾਂ ਰੁੱਖਾਂ ’ਤੇ ਤਿੰਨ, ਇੱਕ ਸਵੈਜੀਵਨੀ, ਇੱਕ ਕਾਵਿ ਸੰਗ੍ਰਹਿ ਅਤੇ ਤਿੰਨ ਲਾਇਬਰੇਰੀ ਨਾਲ ਸੰਬੰਧਿਤ ਜਾਣਕਾਰੀ ਤੇ ਅਧਾਰਿਤ ਕਿਤਾਬਾਂ ਲਿਖ ਚੁੱਕਿਆ ਹੈ। ਹਥਲੀ ਪੁਸਤਕ ਬਹੁਤ ਸਾਰੇ ਵਿਸ਼ਿਆਂ ਨੂੰ ਮੁਖਾਤਿਬ ਹੈ; ਜਿਵੇਂ ਕਿ ਇਸਦੇ ਨਾਂ ਤੋਂ ਹੀ ਪਤਾ ਲਗਦਾ ਹੈ, ਇਸ ਵਿੱਚ ਵੱਖ ਵੱਖ ਸਰੋਕਾਰਾਂ ਅਤੇ ਸ਼ਖਸੀਅਤਾਂ ਦੀ ਗੱਲ ਕੀਤੀ ਗਈ ਹੈ।
ਦੋ ਭਾਗਾਂ ਵਿੱਚ ਵੰਡੀ ਇਸ ਵੱਡ-ਆਕਾਰੀ ਪੁਸਤਕ ਵਿੱਚ 28 ਲੇਖ ਹਨ, ਜਿਨ੍ਹਾਂ ਵਿੱਚ ਬਹੁ-ਪੱਖੀ ਗਿਆਨ ਹੈ। ਮੁਖਬੰਧ ਵਿੱਚ ਵੱਖ ਵੱਖ ਵਿਦਵਾਨਾਂ, ਜਿਵੇਂ ਕਿ ਡਾ. ਗੁਰਬਖ਼ਸ਼ ਭੰਡਾਲ, ਪੂਰਨ ਸਿੰਘ ਪਾਂਧੀ, ਕੁਲਜੀਤ ਮਾਨ, ਮਲਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਝੰਡ ਹੋਰਾਂ ਦੇ ਲੇਖ ਸ਼ਾਮਲ ਹਨ ਜੋ ਕਿਤਾਬ ਦੇ ਪਹਿਲੇ 25 ਸਫਿਆਂ ਤੇ ਫੈਲੇ ਹੋਏ ਹਨ। ਪਹਿਲੇ ਭਾਗ ਵਿੱਚ ਸੋਲ੍ਹਾਂ ਸਰੋਕਾਰਾਂ ’ਤੇ ਗੱਲ ਕੀਤੀ ਗਈ ਹੈ ਅਤੇ ਦੂਜੇ ਭਾਗ ਵਿੱਚ ਬਾਰਾਂ ਵਿਅਕਤੀ ਵਿਸ਼ੇਸ਼ ਸ਼ਾਮਲ ਕੀਤੇ ਗਏ ਹਨ।
ਕਿਤਾਬ ਖੋਲ੍ਹਦਿਆਂ ਸਾਰ ਭੂਮਿਕਾ ਵਿੱਚ ਲਿਖੇ ਪੂਰਨ ਸਿੰਘ ਪਾਂਧੀ ਹੋਰਾਂ ਦੇ ਲੇਖ ਨੂੰ ਪੜ੍ਹ ਕੇ ਹੀ ਪਾਠਕ ਇਸ ਗੱਲ ਦਾ ਅੰਦਾਜ਼ਾ ਲਾ ਸਕਦਾ ਹੈ ਕਿ ਇਹ ਕਿਤਾਬ ਆਪਣੇ ਵਿੱਚ ਕੀ ਕੁਝ ਸਮੋਈ ਬੈਠੀ ਹੈ। ਇਸ ਤੋਂ ਇਲਾਵਾ ਪਾਂਧੀ ਸਾਹਿਬ ਦੀ ਵਾਰਤਕ ਦੀ ਤਾਰੀਫ ਕਰਨੋਂ ਵੀ ਪਾਠਕ ਨਹੀਂ ਰਹਿ ਸਕਦਾ। ਝੰਡ ਸਾਹਿਬ ਬਾਰੇ ਇਸ ਪੁਸਤਕ ਦੇ ਪੰਨਾ ਨੰਬਰ 17 ਤੇ ਪਾਂਧੀ ਸਾਹਿਬ ਲਿਖਦੇ ਹਨ, “ਕਿਤਾਬ ਦੀ ਸਮੁੱਚੀ ਸਮੱਗਰੀ ਤੋਂ ਸਿੱਧ ਹੁੰਦਾ ਹੈ ਕਿ ਡਾ. ਸੁਖਦੇਵ ਸਿੰਘ ਝੰਡ ਦੇ ਅੰਤਿਹਕਰਣ ਵਿੱਚ ਬਹੁ ਪੱਖੀ ਤੇ ਬਹੁ-ਮੰਤਵੀ ਵਿਸ਼ਾਲ ਗਿਆਨ ਦੀਆਂ ਜੋਤਾਂ ਜਗਦੀਆਂ ਪਈਆਂ ਹਨ। ਉਹ ਪ੍ਰਤਿਭਾ ਦੀ ਉੱਚੀ ਪ੍ਰਵਾਜ਼, ਗਿਆਨ ਦੇ ਡੂੰਘੇ ਸਾਗਰਾਂ ਦਾ ਤਾਰੂ ਅਤੇ ਬ੍ਰਹਿਮੰਡੀ ਚੇਤਨਾ ਦੇ ਚਾਨਣ ਦਾ ਚਿਰਾਗ ਹੈ। ਗਿਆਨ-ਵਿਗਿਆਨ ਦੇ ਔਖੇ ਤੇ ਅਸਧਾਰਨ ਰਾਹਾਂ ਦਾ ਪਾਂਧੀ ਅਰਸ਼ੀ ਉਡਾਰੀਆਂ ਦਾ ਮਤਵਾਲਾ ਅਤੇ ਵਿਸ਼ਾਲ ਜਾਣਕਾਰੀ ਦਾ ਭੰਡਾਰ ਹੈ। ਉਸਦੀ ਬੋਲੀ, ਸ਼ੈਲੀ ਅਤੇ ਸ਼ਬਦਾਵਲੀ ਦੀ ਸਰੋਦੀ ਲੈਅ ਤੇ ਵਿਸਮਾਦੀ ਰਿਦਮ ਪਾਠਕ ਨੂੰ ਆਪਣੇ ਨਾਲ ਜੋੜਨ, ਤੋਰਨ ਅਤੇ ਕੀਲਣ ਦੀ ਸਮਰੱਥਾ ਰੱਖਦੀ ਹੈ।”
ਪਾਂਧੀ ਸਾਹਿਬ ਦਾ ਇਹ ਲੇਖ ਕਿਤਾਬ ਦੇ ਵਿਸ਼ਿਆਂ, ਬੋਲੀ ਅਤੇ ਸ਼ੈਲੀ ਬਾਰੇ ਜਾਣਕਾਰੀ ਦੇ ਕੇ ਪਾਠਕ ਨੂੰ ਇਹ ਕਿਤਾਬ ਪੜ੍ਹਨ ਲਈ ਪ੍ਰੇਰਦਾ ਹੈ। ਪੁਸਤਕ ਦੇ ਪਹਿਲੇ ਭਾਗ ਸਰੋਕਾਰ ਵਿੱਚ 16 ਅਤੇ ਸ਼ਖਸੀਅਤਾਂ ਵਿੱਚ 12 ਲੇਖ ਹਨ। ਪਹਿਲੇ ਭਾਗ ਵਿੱਚ ਪੰਜਾਬ ਅਤੇ ਪੰਜਾਬੀਅਤ ’ਤੇ ਦੋ ਲੇਖ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਪਿਛੋਕੜ ਅਤੇ ਮੌਜੂਦਾ ਹਾਲਾਤ ਬਾਰੇ ਬੜੇ ਦਰਦ ਭਿੰਨੇ ਲਹਿਜੇ ਵਿੱਚ ਗੱਲ ਕੀਤੀ ਗਈ ਹੈ। ਮਹਿੰਜੋਦਾੜੋ ਤੋਂ ਲੈ ਕੇ ਸਿਕੰਦਰ, ਬਾਬਰ, ਅਬਦਾਲੀ, ਗਜ਼ਨਵੀ ਤਕ ਦੇ ਪੰਜਾਬ ਨੂੰ ਉਸਨੇ ਛੋਹਿਆ ਹੈ। ਸਿੱਖ ਰਾਜ ਦੇ ਦਿਨਾਂ ਨੂੰ ਵੀ ਯਾਦ ਕੀਤਾ ਹੈ। ਇਨ੍ਹਾਂ ਸਮਿਆਂ ਵਿੱਚ ਪੰਜਾਬੀਆਂ ਦੇ ਪਿੰਡੇ ਹੰਢਾਏ ਦਰਦਾਂ ਦੀ ਗੱਲ ਉਹ ਅਤਿ ਸੂਖਮ ਲਹਿਜੇ ਵਿੱਚ ਕਰਦਾ ਹੈ।
ਦੂਜਾ ਲੇਖ ਦਿੱਲੀ ਵਿੱਚ ਇੱਕ ਸਾਲ ਤੋਂ ਵੱਧ ਚੱਲੇ ਕਿਸਾਨੀ ਅੰਦੋਲਨ ’ਤੇ ਹੈ ਜਿਸ ਵਿੱਚ 700 ਤੋਂ ਵੱਧ ਲੋਕਾਂ ਨੇ ਕੁਰਬਾਨੀ ਦਿੱਤੀ, ਬੇਹੱਦ ਮਾਲੀ ਨੁਕਸਾਨ ਵੀ ਹੋਇਆ ਤਾਂ ਕਿਤੇ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਕਾਨੂੰਨ ਵਾਪਸ ਲਏ। ਅੰਦੋਲਨ ਦੇ ਵੱਖਰੇ ਵੱਖਰੇ ਪੜਾਵਾਂ ਦੀ ਗੱਲ ਕੀਤੀ ਹੈ। ਇਸਦਾ ਖੂਬਸੂਰਤ ਹਾਸਲ ਇਹ ਸੀ ਕਿ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਕੇ ਭਰਾਵਾਂ ਵਾਂਗ ਵਿਚਰੇ। ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ, ਜਿਸ ਵਿੱਚ ਹਰ ਉਮਰ ਦੇ ਮਰਦ ਅਤੇ ਔਰਤ ਦੀ ਸ਼ਮੂਲੀਅਤ ਰਹੀ। ਇਸ ਅੰਦੋਲਨ ਵਿੱਚ ਧਰਮ ਅਤੇ ਜਾਤ-ਪਾਤ ਖਤਮ ਹੋਈ।
ਮਨੁੱਖੀ ਸਰੋਕਾਰ ਵਿੱਚ 5 ਲੇਖ ਹਨ, ਪਹਿਲਾ ਪਾਣੀ ਜੀਓ ਹੈ, ਲਗਾਤਾਰ ਵਿਗੜ ਰਿਹਾ ਏ ਵਾਤਾਵਰਣ, ਆਚਰਣ ਹੀ ਸਭ ਕੁਝ ਏ, ਆਦਤਾਂ ਬਦਲੀਆਂ ਵੀ ਜਾ ਸਕਦੀਆਂ ਹਨ, ਚਿੰਤਾ ਚਿਖਾ ਬਰਾਬਰੀ ਲੇਖ ਹਨ ਜਿਨ੍ਹਾਂ ਦੇ ਵਿਸ਼ੇ ਇਨ੍ਹਾਂ ਦੇ ਨਾਮ ਤੋਂ ਹੀ ਪਛਾਣੇ ਜਾ ਸਕਦੇ ਹਨ। ਚਾਰ ਲੇਖ ਸਮਾਜਕ ਸਰੋਕਾਰਾਂ ਨਾਲ ਸੰਬੰਧਤ ਹਨ - ਫੈਸਲਾ ਲੈਣਾ ਕਲਾ ਏ, ਪ੍ਰਕਿਰਿਆ ਜਾਂ ਜੁਗਤ, ਪਰਿਵਾਰਾਂ ਵਿੱਚ ਹੋ ਰਹੀ ਟੁੱਟ ਭੱਜ ਵਿੱਚ ਨਿਊਕਲੀਅਰ ਬਨਾਮ ਸਾਂਝੇ ਪਰਿਵਾਰ ਦੀ ਗੱਲ ਹੈ, ਇਕਾਂਤਵਾਸ ਬਨਾਮ ਘਰੇਲੂ ਬਨਵਾਸ ਵਿੱਚ ਕਰੋਨਾ ਕਾਲ ਦੌਰਾਨ ਨਿੱਜੀ ਅਨੁਭਵ ਅਤੇ ਕੋਰਨਟੀਨ ਬਾਰੇ ਬੜੇ ਰੋਚਕ ਢੰਗ ਨਾਲ ਇਹ ਦੱਸਿਆ ਹੈ ਕਿ ਕਿਵੇਂ ਉਹ ਅਤੇ ਉਨ੍ਹਾਂ ਵਰਗੇ ਬਹੁਤ ਸਾਰੇ ਪਰਿਵਾਰ ਘਰਾਂ ਤੋਂ ਦੂਰ ਰਹਿਣ ਲਈ ਮਜਬੂਰ ਹੋਏ।
ਅਗਲੇ ਤਿੰਨ ਬਹੁਤ ਹੀ ਮਹੱਤਵਪੂਰਨ ਲੇਖ ਭਾਈ ਗੁਰਦਾਸ ਦੀਆਂ ਵਾਰਾਂ ਨਾਲ ਸੰਬੰਧਤ ਹਨ। ਉਸਨੇ ਚੋਣਵੀਆਂ ਵਾਰਾਂ ਦੀ ਵਿਆਖਿਆ ਕਰਕੇ ਸਿੱਖ ਜੀਵਨ-ਜਾਚ, ਸੱਚੇ ਗੁਰੂ ਦਾ ਸੰਕਲਪ, ਗੁਰਮੁਖ ਅਤੇ ਮਨਮੁਖ ਅਤੇ ਨਿੰਦਕ ਬਾਰੇ ਭਾਈ ਗੁਰਦਾਸ ਜੀ ਕੀ ਕਹਿੰਦੇ ਹਨ, ਦੱਸਿਆ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਲੇਖਕ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਜਾਣੀ ਜਾਣ ਵਾਲੀ ਭਾਈ ਗੁਰਦਾਸ ਜੀ ਦੀ ਬਾਣੀ ਦਾ ਵੀ ਗਿਆਨ ਹੈ। ਇਸ ਤੋਂ ਇਲਾਵਾ ਵਿਸਾਖੀ ਅਤੇ ਕੈਨੇਡਾ ਵਿੱਚ ਪੰਜਾਬੀ ਮੀਡੀਆ ’ਤੇ ਵੀ ਬੜੇ ਖੋਜ ਭਰਪੂਰ ਲੇਖ ਸ਼ਾਮਲ ਕੀਤੇ ਗਏ ਹਨ।
ਦੂਜੇ ਭਾਗ ਸ਼ਖਸੀਅਤਾਂ ਵਿੱਚ ਗੁਰੂ ਸਾਹਿਬਾਨ ਤੇ ਤਿੰਨ ਲੇਖ ਹਨ। ਪਹਿਲਾ ਲੇਖ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਾਰਥਿਕਤਾ ਬਾਰੇ ਹੈ। ਦੂਜੇ ਲੇਖ ਦਾ ਵਿਸ਼ਾ ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਕੁਰਬਾਨੀ ਹੈ। ਅਗਲਾ ਲੇਖ ਗੁਰੂ ਗੋਬਿੰਦ ਸਿੰਘ ਜੀ ਬਾਰੇ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਉਨ੍ਹਾਂ ਦੇ ਚਰਿੱਤਰ ਦੀ ਤਸਵੀਰ ਸਾਕਾਰ ਹੁੰਦੀ ਹੈ। ਖੋਜ ਅਤੇ ਤਰਕ ’ਤੇ ਆਧਾਰਿਤ ਇਹ ਲੇਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਤੋਂ ਕੁਝ ਸਿੱਖਣ ਲਈ ਪ੍ਰੇਰਦੇ ਹਨ।
ਇਸਦੇ ਨਾਲ ਪੰਜ ਸਮਾਜਿਕ ਸ਼ਖਸੀਅਤਾਂ, ਸ਼ਹੀਦ ਭਗਤ ਸਿੰਘ, ਪ੍ਰਮੁੱਖ ਵਿਦਵਾਨ ਮਹਿੰਦਰ ਸਿੰਘ ਰੰਧਾਵਾ, ਡਾ. ਬਲਵੰਤ ਸਿੰਘ ਲੱਛੜ, ਪੂਰਨ ਸਿੰਘ ਪਾਂਧੀ, ਡਾ. ਰਾਜੇਸ਼ ਪੱਲਣ ’ਤੇ ਲੇਖ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਿਆਕਤ ਨਾਲ ਵੱਖ ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਕੇ ਸਮਾਜ ਨੂੰ ਸੇਧ ਦਿੱਤੀ।
ਆਪਣੇ ਸ਼ਹਿਰ ਦੇ ਵਿਦਵਾਨ ਪੂਰਨ ਸਿੰਘ ਪਾਂਧੀ ਦੀ ਸਿਆਣਪ ਅਤੇ ਵਿਦਵਤਾ ਬਾਰੇ ਅਸੀਂ ਸਾਰੇ ਜਾਣਦੇ ਹਾਂ। ਇਸਦੇ ਨਾਲ ਹੀ ਡਾ. ਪੱਲਣ ਬਾਰੇ ਜਾਣ ਕੇ ਚੰਗਾ ਲੱਗਿਆ ਕਿ ਸਾਡੇ ਵਿੱਚ ਇੰਨਾ ਵੱਡਾ ਇੱਕ ਹੋਰ ਵਿਦਵਾਨ ਬੈਠਾ ਬੜੀ ਸਹਿਜਤਾ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਪਿਛੋਕੜ, ਵਿੱਦਿਆ, ਅਧਿਆਪਨ ਅਤੇ ਖੋਜ ਕਾਰਜਾਂ ਅਤੇ ਸਾਹਿਤਕ ਕਿਰਤਾਂ ਬਾਰੇ ਗੱਲ ਕਰਕੇ ਨਾਲ ਹੀ ਇਸ ਗੱਲ ਦੀ ਸ਼ਲਾਘਾ ਕੀਤੀ ਗਈ ਹੈ ਕਿ ਉਹ ਕੁਝ ਇੱਕ ਗਿਣੇ ਚੁਣੇ ਵਿਦਵਾਨਾਂ ਵਿੱਚੋਂ ਹਨ, ਜੋ ਅੰਗਰੇਜ਼ੀ ਵਿੱਚ ਪੀ ਐੱਚ ਡੀ ਕਰਨ ਦੇ ਬਾਵਜੂਦ ਪੰਜਾਬੀ ਵਿੱਚ ਲਿਖਦੇ ਹਨ।
ਇਸੇ ਤਰ੍ਹਾਂ ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਵੈਮਾਣ ਸਿੰਘ ਪੱਖੋਕੇ ਅਤੇ ਪੰਜਾਬੀ ਦੇ ਸਿਰਮੌਰ ਲੇਖਕਾਂ ਧਨੀ ਰਾਮ ਚਾਤ੍ਰਿਕ, ਨਾਨਕ ਸਿੰਘ ਅਤੇ ਜਸਵੰਤ ਸਿੰਘ ਕੰਵਲ ਦੇ ਸ਼ਬਦ-ਚਿੱਤਰ ਬਹੁਤ ਖੂਬਸੂਰਤ ਹਨ। ਜਸਵੰਤ ਸਿੰਘ ਕੰਵਲ ਦੀ ਜ਼ਿੰਦਗੀ ਦੀ ਮੁਢਲੀ ਪੜ੍ਹਾਈ, ਮਲੇਸ਼ੀਆ ਅਤੇ ਕਵਿਤਾ ਦੀ ਚੇਟਕ ਲੱਗਣ ਤੋਂ ਲੈ ਕੇ ਢੁੱਡੀਕੇ ਵਾਪਸੀ, ਨਾਵਲਕਾਰ ਵਜੋਂ ਸਥਾਪਿਤ ਹੋਣਾ, ਇਨਾਮਾਂ ਸਨਮਾਨਾਂ ਦੀ ਪ੍ਰਾਪਤੀ ਤੋਂ ਲੈ ਕੇ ਡਾ. ਜਸਵੰਤ ਗਿੱਲ ਨਾਲ ਦੂਜਾ ਵਿਆਹ ਕਰਵਾਉਣ ਬਾਰੇ ਖੁੱਲ੍ਹ ਕੇ ਲਿਖਿਆ ਹੈ। ਜਦੋਂ ਕੰਵਲ ਹਰਿਮੰਦਰ ਸਾਹਿਬ ਨੌਕਰੀ ਕਰਦਾ ਸੀ, ਉੱਥੇ ਉਸ ਨੂੰ ਨਾਨਕ ਸਿੰਘ ਦਾ ਇਹ ਕਹਿਣਾ ਕਿ ਤੂੰ ਬਹੁਤ ਵਧੀਆ ਲਿਖਦਾ ਹੈਂ, ਲਿਖਣਾ ਨਾ ਛੱਡੀਂ, ਪੜ੍ਹ ਕੇ ਬਹੁਤ ਖੁਸ਼ੀ ਹੋਈ ਅਤੇ ਇਸ ਨਾਲ ਬਹੁਤ ਸਾਰਿਆਂ ਨੂੰ ਪ੍ਰੇਰਨਾ ਵੀ ਮਿਲੀ ਹੋਵੇਗੀ ਕਿ ਇੱਕ ਲੇਖਕ ਨੂੰ ਦੂਜੇ ਲੇਖਕ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਇਹ ਕਿਤਾਬ ਇੱਕ ਮਹੱਤਵਪੂਰਣ ਦਸਤਾਵੇਜ਼ ਹੈ ਜੋ ਆਪਣੇ ਅੰਦਰ ਗਿਆਨ ਦਾ ਇੱਕ ਬਹੁਤ ਵੱਡਾ ਖਜ਼ਾਨਾ ਸਮੋਈ ਬੈਠੀ ਹੈ। ਇਸ ਵਿੱਚ ਸਮਾਜਕ, ਧਾਰਮਿਕ, ਵਿਗਿਆਨਕ, ਪਰਿਵਾਰਿਕ ਅਤੇ ਵਾਤਾਵਰਣ ਨਾਲ ਸੰਬੰਧਿਤ ਬਹੁਤ ਸਾਰੇ ਵਿਸ਼ਿਆਂ ਤੇ’ ਬਹੁਤ ਤਰਕਪੂਰਣ ਜਾਕਾਰੀ ਸਾਂਝੀ ਕੀਤੀ ਹੋਈ ਹੈ। ਇਸਦੀ ਭਾਸ਼ਾ ਸਾਦੀ ਅਤੇ ਰਵਾਂ ਹੈ ਜੋ ਕਿ ਬਹੁਤ ਜਲਦੀ ਪੜ੍ਹੀ ਜਾਂਦੀ ਹੈ। ਲੇਖਕ ਕਿਤੇ ਵੀ ਅਕਾਊ ਨਹੀਂ ਹੁੰਦਾ। ਉਸਨੇ ਵਿਸ਼ਿਆਂ ਅਨੁਸਾਰ ਲੇਖਾਂ ਦੀ ਵੰਡ ਕਰਕੇ ਪਾਠਕ ਨੂੰ ਕਿਤਾਬ ਨਾਲ ਜੋੜੀ ਰੱਖਿਆ ਹੈ। ਇਸ ਨਾਲ ਪਾਠਕ ਦਾ ਧਿਆਨ ਇੱਕੋ ਵਿਸ਼ੇ ’ਤੇ ਕੇਂਦਰਿਤ ਰਹਿੰਦਾ ਹੈ। ਕੁੱਲ ਮਿਲਾ ਕੇ ਹਥਲੀ ਪੁਸਤਕ ਦਾ ਪੰਜਾਬੀ ਸਾਹਿਤ ਵਿੱਚ ਆਉਣਾ ਇੱਕ ਸ਼ੁਭ ਸ਼ਗਨ ਹੈ। ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਅੱਜਕਲ ਵਾਰਤਕ ਬਹੁਤ ਘੱਟ ਲਿਖੀ ਜਾ ਰਹੀ ਹੈ ਖਾਸ ਕਰਕੇ ਕੈਨੇਡਾ ਵਿੱਚ ਵਾਰਤਕ ਦੀ ਕੋਈ ਟਾਵੀਂ ਟਾਵੀਂ ਪੁਸਤਕ ਹੀ ਆਉਂਦੀ ਹੈ, ਇਸ ਲਈ ਝੰਡ ਸਾਹਿਬ ਵਧਾਈ ਦੇ ਪਾਤਰ ਹਨ। ਸ਼ਾਲਾ ਉਹ ਇਵੇਂ ਹੀ ਲਿਖਦੇ ਰਹਿਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (