“ਤਨ ਅਤੇ ਮਨ ਇੱਕ ਦੂਜੇ ਦੇ ਪੂਰਕ ਹਨ। ਤਨ ਤੰਦਰੁਸਤ ਹੋਵੇ ਤਾਂ ਮਨ ਵੀ ਤੰਦਰੁਸਤ ...”
(12 ਫਰਵਰੀ 2022)
ਸਾਡੇ ਸਾਹਮਣੇ ਬਹੁਤ ਵੱਡਾ ਸਵਾਲ ਹੁੰਦਾ ਹੈ ਕਿ ਇਹ ਜੋ ਜ਼ਿੰਦਗੀ ਅੱਦਭੁਤ ਹੈ, ਅਨਮੋਲ ਹੈ, ਜੀਵ ਨੂੰ ਮਿਲਿਆ ਕੁਦਰਤ ਦਾ ਵਰਦਾਨ ਹੈ, ਸਾਨੂੰ ਬਿਨ ਮੰਗਿਆਂ ਮਿਲਦੀ ਹੈ, ਆਖਿਰ ਇਸਦਾ ਪ੍ਰਯੋਜਨ ਕੀ ਹੈ? ਅਸੀਂ ਹੋਰ ਬਹੁਤ ਸਾਰੀਆਂ ਵਸਤੂਆਂ ਵਾਂਗ ਜ਼ਿੰਦਗੀ ਨੂੰ ਵੀ ‘ਫੌਰ ਗਰਾਂਟਿਡ’ ਹੀ ਲੈਂਦੇ ਹਾਂ ਪਰ ਬਾਬਾ ਫਰੀਦ ਕਹਿੰਦੇ ਹਨ: “ਕੰਧੀ ਉਤੈ ਰੁਖੜਾ ਕਿਚਰਕੁ ਬੰਨੇ ਧੀਰ॥ ਫਰੀਦਾ ਕੱਚੈ ਭਾਂਡੇ ਰੱਖੀਏ ਕਿਚਰ ਤਾਈਂ ਨੀਰ॥” ਭਾਵ ਕਿ ਜੀਵਨ ਨੇ ਇੱਕ ਦਿਨ ਖਤਮ ਹੋਣਾ ਹੈ। ਸੋ ਪ੍ਰਸ਼ਨ ਇਹ ਹੈ ਕਿ ਇਸ ਨਿੱਕੇ ਜਿਹੇ ਜੀਵਨ ਨੂੰ ਕਿਵੇਂ ਜੀਵਿਆ ਜਾਵੇ?
ਕਿਸੇ ਸ਼ਾਇਰ ਨੇ ਸੱਚ ਹੀ ਲਿਖਿਐ: ‘ਦੁਨੀਆ ਜਿਸੇ ਕਹਿਤੇ ਹੈਂ ਜਾਦੂ ਕਾ ਖਿਲੌਨਾ ਹੈ, ਮਿਲ ਜਾਏ ਤੋਂ ਮਿੱਟੀ ਹੈ ਖੋ ਜਾਏ ਤੋਂ ਸੋਨਾ ਹੈ!’ ਜੀਵਨ ਮਿਲਦਾ ਹੈ, ਅਸੀਂ ਇਸਦੀ ਕਦਰ ਨਹੀਂ ਕਰਦੇ ਪਰ ਜਦੋਂ ਅੰਤ ਆਉਂਦਾ ਦਿਸਦਾ ਹੈ ਤਾਂ ਅਸੀਂ ਮਿੰਨਤਾਂ ਕਰਦੇ ਹਾਂ ਕਿ ਸਾਨੂੰ ਥੋੜ੍ਹੀ ਜਿਹੀ ਹੋਰ ਮੁਹਲਤ ਮਿਲ ਜਾਏ। ਜੀਵਨ ਨੂੰ ਵਿਉਂਤ ਨਾਲ ਜੀਣਾ ਹੁੰਦਾ ਹੈ। ਸੁਚੱਜੇ ਢੰਗ ਨਾਲ ਜੀਊਣ ਨਾਲ ਜ਼ਿੰਦਗੀ ਸਾਰਥਕ ਹੋ ਜਾਂਦੀ ਹੈ। ਪਰ ਜ਼ਿੰਦਗੀ ਨੂੰ ਕਿਹੜੇ ਹੁਨਰ ਨਾਲ ਜੀਅ ਕੇ ਸਾਰਥਕ ਬਣਾਈਏ?
ਗੱਲ ਆਪਣੇ ਆਪ ਤੋਂ ਸ਼ੁਰੂ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 1382 ਤੇ ਬਾਬਾ ਫਰੀਦ ਦਾ ਹੀ ਇੱਕ ਹੋਰ ਸ਼ਲੋਕ ਹੈ, “ਆਪੁ ਸਵਾਰਹਿ ਮੈਂ ਮਿਲਹਿ ਮੈਂ ਮਿਲਿਆ ਸੁਖ ਹੋਇ।। ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗ ਤੇਰਾ ਹੋਇ।।” ਸਾਡਾ ਪ੍ਰਥਮ ਕਰਤਵ ਆਪਣੇ ਆਪ ਨੂੰ ਸੰਵਾਰਨ ਤੋਂ ਸ਼ੁਰੂ ਹੁੰਦਾ ਹੈ। ਸਾਡੀ ਕਾਇਆ ਸਾਡਾ ਮੰਦਰ ਹੈ; ਨਿੱਕਾ ਬ੍ਰਹਿਮੰਡ ਹੈ; ਇਸ ਅੰਦਰ ਕੁਦਰਤ ਨੇ ਸਭ ਕੁਝ ਪਾਇਆ ਹੈ ਜੋ ਪੂਰੀ ਕਾਇਨਾਤ ਵਿੱਚ ਵਿਦਮਾਨ ਹੈ। ਸੋ ਇਸ ਨੂੰ ਸਮਝਣਾ ਅਤੇ ਇਸਦੀ ਕਦਰ ਕਰਨਾ ਸਾਡਾ ਪਹਿਲਾ ਫਰਜ਼ ਹੈ। ਆਪਣੇ ਸਰੀਰ ਨੂੰ ਸਾਫ਼ ਸੁਥਰਾ ਅਤੇ ਤੰਦਰੁਸਤ ਰੱਖਣ ਦਾ ਪ੍ਰਯਤਨ ਕਰਨਾ ਸਾਡਾ ਕਰਤਵ ਹੈ ਜਿਸ ਲਈ ਪੌਸ਼ਟਿਕ ਭੋਜਨ ਅਤੇ ਲਗਾਤਾਰ ਕਸਰਤ ਕਰਨੀ ਲੋੜੀਂਦੀ ਹੈ। ਹਰ ਆਦਮੀ ਦੀ ਆਪਣੀ ਪਹੁੰਚ ਅਤੇ ਪਸੰਦ ਮੁਤਾਬਿਕ ਇਨ੍ਹਾਂ ਗੱਲਾਂ ਦੀ ਚੋਣ ਕੀਤੀ ਜਾ ਸਕਦੀ ਹੈ।
ਤਨ ਅਤੇ ਮਨ ਇੱਕ ਦੂਜੇ ਦੇ ਪੂਰਕ ਹਨ। ਤਨ ਤੰਦਰੁਸਤ ਹੋਵੇ ਤਾਂ ਮਨ ਵੀ ਤੰਦਰੁਸਤ ਰਹਿੰਦਾ ਹੈ। ਤਨ ਅਤੇ ਮਨ ਦੋਵੇਂ ਇਕੱਠੇ ਕੰਮ ਕਰਨੇ ਚਾਹੀਦੇ ਹਨ। ਤਕੜਾ ਮਨ ਹੀ ਤਨ ਨੂੰ ਵਿਕਾਰਾਂ ਤੋਂ ਰਹਿਤ ਰੱਖ ਸਕਦਾ ਹੈ। ਮਨ ਦੇ ਸ਼ੁੱਧੀਕਰਣ ਲਈ ਵਿਦਵਾਨਾਂ/ ਮਹਾਂਪੁਰਖਾਂ ਦੇ ਚੰਗੇ ਵਿਚਾਰ ਸੁਣਨੇ ਹਨ, ਚੰਗੀਆਂ ਪੁਸਤਕਾਂ ਪੜ੍ਹਨੀਆਂ ਹਨ ਅਤੇ ਹਮੇਸ਼ਾ ਪੌਜ਼ੇਟਿਵ ਰਹਿਣ ਦੀ ਕੋਸ਼ਿਸ਼ ਕਰਨੀ ਹੈ। ਚੰਗੇ ਦੋਸਤਾਂ ਦੀ ਸੰਗਤ ਨਾਲ ਵੀ ਮਨ ਖਿੜਿਆ ਰਹਿੰਦਾ ਹੈ। ਰੋਜ਼ ਧਿਆਨ ਲਗਾਉਣਾ ਵੀ ਮਨ ਨੂੰ ਸ਼ਾਂਤ ਕਰਦਾ ਹੈ। ਮਨ ਨੂੰ ਪੌਜ਼ੇਟਿਵ ਰੱਖਣ ਦਾ ਇੱਕ ਹੋਰ ਵੀ ਤਰੀਕਾ ਹੈ ਕਿ ਰੋਜ਼ ਸਵੇਰੇ ਉੱਠ ਕੇ ਕੁਦਰਤ ਵੱਲੋਂ ਦਿੱਤੀਆਂ ਨਿਹਮਤਾਂ ਦਾ ਧੰਨਵਾਦ ਕਰੀਏ ਅਤੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਤਕ ਕੇ ਕਹੀਏ, “ਆਹਾ! ਕਿੰਨਾ ਖੂਬਸੂਰਤ ਹਾਂ ਮੈਂ! ਮੈਂ ਤੰਦਰੁਸਤ ਹਾਂ! ਮੈਂਨੂੰ ਸਾਰੇ ਪਿਆਰ ਕਰਦੇ ਹਨ! ਮੈਂ ਵੀ ਆਪਣੇ ਆਪ ਨੂੰ ਪਿਆਰ ਕਰਦਾ ਹਾਂ! ਮੈਂ ਬਹੁਤ ਖੁਸ਼ ਹਾਂ! ਕੁਦਰਤ ਨੇ ਮੈਂਨੂੰ ਬਹੁਤ ਕੁਝ ਦਿੱਤਾ ਹੈ, ਇਤਿਆਦਿ ਦ੍ਰਿੜ੍ਹ ਕਥਨ ਦੁਹਰਾਉਣ ਨਾਲ ਆਪਣੇ ’ਤੇ ਵਿਸ਼ਵਾਸ ਬਣਿਆ ਰਹਿੰਦਾ ਹੈ ਅਤੇ ਆਦਮੀ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਸੋ ਤਨ ਅਤੇ ਮਨ ਦੋਹਾਂ ਨੂੰ ਸੁੰਦਰ ਰੱਖਣਾ ਹੈ।
ਅਸੀਂ ਜ਼ਿੰਦਗੀ ਨੂੰ ਹੰਢਾਉਂਦੇ ਹਾਂ, ਜਿਊਂਦੇ ਨਹੀਂ। ਕਿਸੇ ਸ਼ਾਇਰ ਨੇ ਸੱਚ ਹੀ ਕਿਹਾ ਹੈ, “ਸੁਬਹ ਹੋਤੀ ਹੈ ਸ਼ਾਮ ਹੋਤੀ ਹੈ, ਜ਼ਿੰਦਗੀ ਯੂਹੀਂ ਤਮਾਮ ਹੋਤੀ ਹੈ।” ਜ਼ਿੰਦਗੀ ਦੇ ਉਦੇਸ਼ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਜ਼ਿੰਦਗੀ ਵਿੱਚ ਕਰਨਾ ਕੀ ਹੈ? ਕੀ ਅਸੀਂ ਸਿਰਫ਼ ਖਾਣਾ ਪੀਣਾ ਅਤੇ ਸੌਣਾ ਹੈ ਜਾਂ ਇਸਦੇ ਨਾਲ ਅਸੀਂ ਮਾਨਵਤਾ ਦੇ ਵੀ ਕੰਮ ਆਉਣਾ ਹੈ? ਕਈ ਲੋਕ ਚੰਗੇ ਵਪਾਰੀ ਬਣਨਾ ਚਾਹੁਣਗੇ ਅਤੇ ਕਈ ਕਿਸੇ ਕਿੱਤੇ ਵਿੱਚ ਮਾਹਿਰ ਹੋਣਾ। ਕਈਆਂ ਦਾ ਸੁਪਨਾ ਹੋਵੇਗਾ ਕਿ ਵਿਦੇਸ਼ ਜਾਂ ਪੁਲਾੜ ਵਿੱਚ ਜਾਣਾ ਹੈ। ਕੋਈ ਵੀ ਹੋਵੇ ਪਰ ਜ਼ਿੰਦਗੀ ਦਾ ਉਦੇਸ਼ ਹੋਣਾ ਜ਼ਰੂਰੀ ਚਾਹੀਦਾ ਹੈ। ਸਾਡਾ ਉਦੇਸ਼ ਸਾਡੀ ਜ਼ਿੰਦਗੀ ਨੂੰ ਨਵੇਂ ਅਰਥ ਅਤੇ ਜੀਊਣ ਦੀ ਇੱਛਾ ਪ੍ਰਦਾਨ ਕਰਦਾ ਹੈ। ਅਸੀਂ ਉਤਸ਼ਾਹਿਤ ਰਹਿੰਦੇ ਹਾਂ। ਸੋ ਕਿਸੇ ਇੱਕ ਉਦੇਸ਼ ਨੂੰ ਮਿੱਥ ਲਈਏ, ਉਸ ਨੂੰ ਵੱਡਾ ਵੱਡਾ ਕਰਕੇ ਲਿਖ ਲਈਏ ਅਤੇ ਕਿਸੇ ਦਿਵਾਰ ’ਤੇ ਉਸ ਜਗਾ ਲਗਾਈਏ ਜਿੱਥੋਂ ਸਾਨੂੰ ਹਰ ਵਕਤ ਦਿਸਦਾ ਰਹੇ। ਇਸ ਨਾਲ ਉਸ ਉਦੇਸ਼ ਨੂੰ ਊਰਜਾ ਮਿਲਦੀ ਰਹਿੰਦੀ ਹੈ ਅਤੇ ਸਾਨੂੰ ਉਹ ਉਦੇਸ਼ ਯਾਦ ਰਹਿੰਦਾ ਹੈ।
ਜ਼ਿੰਦਗੀ ਵਿੱਚ ਹਾਂ-ਪੱਖੀ ਰਹਿਣਾ ਅਤੇ ਚੇਤੰਨ ਰਹਿਣਾ ਅਤਿ ਜ਼ਰੂਰੀ ਹੈ। ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਕਿ ਅਸੀਂ ਆਪਣੇ ਉਦੇਸ਼ ਪੂਰੇ ਨਹੀਂ ਕਰ ਸਕਦੇ ਪਰ ਇਸਦਾ ਭਾਵ ਇਹ ਨਹੀਂ ਕਿ ਆਦਮੀ ਨਿਰਾਸ਼ ਹੋ ਜਾਵੇ। ਹਿੰਮਤ ਅਤੇ ਮਿਹਨਤ ਨਾਲ ਦੁਬਾਰਾ ਕਾਮਯਾਬ ਹੋਇਆ ਜਾ ਸਕਦਾ ਹੈ। ‘ਰਾਈਟ ਬਰਦਰਜ਼’ ਨੇ ਪਹਿਲੀ ਵਾਰ ਵਿੱਚ ਹੀ ਜਹਾਜ਼ ਨਹੀਂ ਬਣਾ ਲਿਆ ਸੀ, ਇਸ ਤੋਂ ਪਹਿਲਾਂ ਉਹ ਦੋ ਬਾਰ ਬੁਰੀ ਤਰ੍ਹਾਂ ਫੇਲ ਹੋਏ। ‘ਥੌਮਸ ਐਲਵਾ ਐਡੀਸਨ’ ਅਤਿਅੰਤ ਬਾਰ ਫੇਲ ਹੋਇਆ ਪਰ ਉਸਨੇ ਆਪਣੇ ਬਾਰੇ ਆਖਿਆ ਕਿ ਮੈਂ ਫੇਲ ਨਹੀਂ ਹੋਇਆ ਬਲਕਿ ਮੈਂ 10,000 ਅਜਿਹੇ ਤਰੀਕੇ ਸਿੱਖੇ ਜਿਹੜੇ ਕੰਮ ਨਹੀਂ ਕਰਦੇ। ਹਾਂ-ਪੱਖੀ ਰਹਿਣ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਬਾਰੇ ਚੇਤੰਨ ਰਹਿਣਾ ਅਤੇ ਉਸਦਾ ਗਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ।
ਹਮੇਸ਼ਾ ਹਲਕੇ ਫੁਲਕੇ ਰਹੀਏ, ਕਿਸੇ ਚਿੰਤਾ ਜਾਂ ਫਿਕਰ ਤੋਂ ਦੂਰ ਰਹੀਏ। ਇਹ ਤਾਂ ਹੀ ਹੋ ਸਕਦਾ ਹੈ ਜੇ ਜ਼ਿੰਦਗੀ ਦੇ ਕੁਦਰਤੀ ਵਹਾਅ ਨਾਲ ਚੱਲੀਏ। ਆਪਣੀਆਂ ਇੱਛਾਵਾਂ ਨੂੰ ਜੇ ਘੱਟ ਰੱਖਾਂਗੇ ਤਾਂ ਤਣਾਉ ਤੋਂ ਮੁਕਤ ਰਹਿ ਸਕਦੇ ਹਾਂ। ਜਿੰਨਾ ਜੀਵਨ ਆਸਾਨ ਅਤੇ ਸਾਦਾ ਰੱਖਾਂਗੇ ਉੰਨੇ ਹੀ ਸੁਖੀ ਰਹਾਂਗੇ। ਇੱਛਾਵਾਂ ਦਾ ਕੋਈ ਅੰਤ ਨਹੀਂ ਹੁੰਦਾ, ਇਸ ਲਈ ਇਨ੍ਹਾਂ ਨੂੰ ਸੀਮਤ ਰੱਖਣਾ ਚਾਹੀਦਾ ਹੈ ਅਤੇ ਆਪਣੀ ਹਰ ਸੋਚ ਅਤੇ ਹਰ ਇੱਛਾ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ। ਕਈ ਵਾਰ ਬਹੁਤੀਆਂ ਇੱਛਾਵਾਂ ਸਾਥੋਂ ਗਲਤ ਕੰਮ ਕਰਵਾ ਦਿੰਦੀਆਂ ਹਨ। ਜੇ ਆਪਣੇ ਲਈ ਕੋਈ ਮੌਕਾ ਨਜ਼ਰ ਆਉਂਦਾ ਹੋਵੇ ਤਾਂ ਉਸ ਨੂੰ ਜ਼ਰੂਰ ਪ੍ਰਾਪਤ ਕਰ ਲਈਏ, ਅਵੇਸਲੇ ਹੋ ਕੇ ਗਵਾਈਏ ਨਾ।
ਦੂਜਿਆਂ ਦੀ ਮਦਦ ਕਰਨ ਨਾਲ ਵੀ ਅਜੀਬ ਤਰ੍ਹਾਂ ਦਾ ਸਕੂਨ ਮਿਲਦਾ ਹੈ, ਜ਼ਿੰਦਗੀ ਦੇ ਅਰਥਾਂ ਦੀ ਸਮਝ ਆਉਂਦੀ ਹੈ। ਇਸ ਲਈ ਜੇ ਆਪਣੇ ਨੇੜੇ ਤੇੜੇ ਕੋਈ ਲੋੜਵੰਦ ਦਿਸੇ ਉਸਦੀ ਮਦਦ ਕਰਨ ਨਾਲ ਉਸ ਨੂੰ ਤਾਂ ਮਦਦ ਮਿਲਦੀ ਹੀ ਹੈ ਆਪਣੇ ਵੀ ਚੰਗੇ ਕਰਮਾਂ ਵਿੱਚ ਵਾਧਾ ਹੁੰਦਾ ਹੈ। ਬੰਦਾ ਉਦਾਰਚਿਤ ਬਣਦਾ ਹੈ ਅਤੇ ਸੰਕੀਰਣਤਾ ਤੋਂ ਬਚ ਜਾਂਦਾ ਹੈ। ਜੇ ਅਸੀਂ ਇਸ ਦੁਨੀਆ ਲਈ ਕੁਝ ਕਰ ਸਕਦੇ ਹਾਂ ਤਾਂ ਜ਼ਰੂਰ ਕਰੀਏ। ਕੁਝ ਲੋਕ ਨਿੰਦਾ ਵੀ ਕਰਨਗੇ ਪਰ ਕੁਝ ਤੁਹਾਡੇ ਨਾਲ ਵੀ ਹੋ ਜਾਣਗੇ। ਕੁਝ ਨਵਾਂ ਕਰਦੇ ਰਹਿਣਾ ਜ਼ਿੰਦਗੀ ਨੂੰ ਤਾਜ਼ਗੀ ਦਿੰਦਾ ਹੈ, ਮਨ ਪ੍ਰਸੰਨ ਰਹਿੰਦਾ ਹੈ। ਜ਼ਿੰਦਗੀ ਇੱਕ ਹੁਨਰ ਹੈ, ਆਉ ਇਸ ਨੂੰ ਇੱਕ ਸੁਹਾਨਾ ਸਫ਼ਰ ਬਣਾ ਲਈਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (