“ਪੰਜਾਬੀ ਸਾਹਿਤ ਦੇ ਵਿਹੜੇ ਇਸ ਕਿਰਤ ਦਾ ਆਗਮਨ ਸ਼ੁਭ ਸ਼ਗਨ ਹੈ ...”
(17 ਮਈ 2020)
ਪ੍ਰੋਫੈਸਰ ਹਰਦਿਲਬਾਗ ਸਿੰਘ ਗਿੱਲ ਜੀ ਮੇਰੇ ਲਈ ਬਹੁਤ ਸਤਿਕਾਰਯੋਗ ਸਨ। ਇੰਨੇ ਵੱਡੇ ਵਿਦਵਾਨ ਦੀ ਲਿਖਤ ਬਾਰੇ ਲਿਖਣ ਦੀ ਮੇਰੀ ਹੈਸੀਅਤ ਹੀ ਨਹੀਂ ਹੈ, ਮੈਂ ਜੋ ਵੀ ਲਿਖ ਰਹੀ ਹਾਂ, ਸ਼ਰਧਾ ਵਸ ਹੋ ਕੇ ਲਿਖ ਰਹੀ ਹਾਂ। ਹਰਦਿਲਬਾਗ ਸਿੰਘ ਹੋਰਾਂ ਨਾਲ ਮੇਰੀ ਮੁਲਾਕਾਤ ਨੈੱਟ ਰਾਹੀਂ ਹੋਈ ਸੀ। ਇੱਕ ਦਿਨ ਮੈਂ ਉਨ੍ਹਾਂ ਦੀ ਇੱਕ ਕਵਿਤਾ ਪੜ੍ਹੀ ਜੋ ਕਿ ਕੁਛ ਇਸ ਤਰ੍ਹਾਂ ਸੀ,
Each man an earthen lamp burning bright
afloat on the surface of the river;
Glow-worm sparkling through the night;
ਮੈਂ ਇਨ੍ਹਾਂ ਸਤਰਾਂ ਤੋਂ ਅਤਿਅੰਤ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਵਧਾਈ ਭੇਜੀ। ਪ੍ਰੋ. ਹਰਦਿਲਬਾਗ ਸਿੰਘ ਗਿੱਲ ਹੋਰਾਂ ਦੱਸਿਆ ਕਿ ਇਹ ਉਨ੍ਹਾਂ ਦੇ ਨਾਟਕ ‘ਇੱਕ ਮਨਸੂਰ ਹੋਰ’ ਵਿੱਚੋਂ ਲਏ ਗਏ ਇੱਕ ਕਾਵਿ ਟੋਟੇ ਦਾ ਅੰਗਰੇਜ਼ੀ ਅਨੁਵਾਦ ਹੈ। ਮੈਂ ਉਨ੍ਹਾਂ ਦੀ ਵਿਦਵਤਾ ਤੇ ਕਾਵਿ-ਸਮਰੱਥਾ ਦਾ ਅੰਦਾਜ਼ਾ ਉੱਥੋਂ ਹੀ ਲੱਗਾ ਲਿਆ ਸੀ। ਮੇਰੇ ਮੰਗਣ ’ਤੇ ਉਨ੍ਹਾਂ ਨੇ ਮੈਂਨੂੰ ਆਪਣਾ ਨਾਟਕ ਭੇਜ ਦਿੱਤਾ। ਇਸ ਨਾਟਕ ਨੂੰ ਮੈਂ ਭੋਰਾ ਭੋਰਾ ਕਰਕੇ ਮਾਣਿਆ ਹੈ। ਇਸ ਨੂੰ ਪੜ੍ਹਦਿਆਂ ਗਿੱਲ ਸਾਹਿਬ ਦੀ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਉੱਤੇ ਪਕੜ ਦੇ ਨਾਲ ਨਾਲ ਉਹਨਾਂ ਦੇ ਬਹੁਤ ਵਧੀਆ ਕਵੀ ਹੋਣ ਦਾ ਪ੍ਰਮਾਣ ਵੀ ਮਿਲ ਗਿਆ।
ਸਵਾਲ ਪੈਦਾ ਹੁੰਦਾ ਹੈ ਕਿ ਜੇ ਉਹ ਆਪ ਇੰਨਾ ਵਧੀਆ ਸਿਰਜ ਸਕਦੇ ਹਨ ਤਾਂ ਫਿਰ ਅਨੁਵਾਦ ਕਿਉਂ? ਉਹ ਆਪ ਹੀ ‘ਇੱਕ ਮਨਸੂਰ ਹੋਰ’ ਵਰਗਾ ਕੋਈ ਹੋਰ ਕਾਵਿ-ਨਾਟਕ ਲਿਖ ਸਕਦੇ ਸਨ। ਪਰ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਨੂੰ ਜਾਨਣ ਲਈ ਉਨ੍ਹਾਂ ਦਾ ਅਨੁਵਾਦ ਹੋਣਾ ਜ਼ਰੂਰੀ ਹੁੰਦਾ ਹੈ। ਇਸ ਨਾਲ ਦੂਜੇ ਸੱਭਿਆਚਾਰਾਂ ਦਾ ਪਤਾ ਲਗਦਾ ਹੈ ਅਤੇ ਮਨੁੱਖ ਦੀ ਦ੍ਰਿਸ਼ਟੀ ਵਿਸ਼ਾਲ ਹੁੰਦੀ ਹੈ। ਇਹ ਗਿੱਲ ਸਾਹਿਬ ਦੀ ਮਹਾਨਤਾ ਹੈ ਕਿ ਉਹਨਾਂ ਨੇ ਅਨੁਵਾਦ ਵਰਗੇ ਔਖੇ ਕੰਮ ਨੂੰ ਇਸ ਲਈ ਨੇਪਰੇ ਚਾੜ੍ਹਿਆ ਕਿ ਜੋ ਲੋਕ ਬਹੁਤੀ ਅੰਗਰੇਜ਼ੀ ਨਹੀਂ ਸਮਝਦੇ ਉਹ ਪੰਜਾਬੀ ਵਿੱਚ ਅੰਗਰੇਜ਼ੀ ਸਾਹਿਤ ਦਾ ਆਨੰਦ ਮਾਣ ਸਕਣ। ਅੰਗਰੇਜ਼ੀ ਦੇ ਨਾਟਕਾਂ ਦਾ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਵੀ ਅਨੁਵਾਦ ਦੁਆਰਾ ਹੀ ਹੋਇਆ ਹੈ।
ਪ੍ਰੋ. ਹਰਦਿਲਬਾਗ ਸਿੰਘ ਗਿੱਲ ਨੇ ਅਨੁਵਾਦ ਕਰਨ ਲਈ ਸ਼ੇਕਸਪੀਅਰ ਦਾ ਨਾਟਕ ‘ਮੈਕਬੈਥ’ ਚੁਣਿਆ ਹੈ। ਇਹ ਆਪਣੇ ਆਪ ਵਿੱਚ ਹੀ ਇੱਕ ਬਹੁਤ ਚੁਣੌਤੀ ਭਰਿਆ ਕਾਰਜ ਹੈ ਕਿਉਂਕਿ ਸ਼ੇਕਸਪੀਅਰ ਦੇ ‘ਮੈਕਬੈੱਥ’ ਦਾ ਅਨੁਵਾਦ ਪਹਿਲਾਂ ਵੀ ਸੰਤ ਸਿੰਘ ਸੇਖੋਂ ਅਤੇ ਮੋਹਨ ਸਿੰਘ ਵੈਦ ਜਿਹੇ ਕਈ ਵਿਦਵਾਨ ਕਰ ਚੁੱਕੇ ਹਨ। ਮੈਂਨੂੰ ਪੂਰੀ ਆਸ ਹੈ ਕਿ ਹਰਦਿਲਬਾਗ ਸਿੰਘ ਗਿੱਲ ਹੋਰਾਂ ਦੁਆਰਾ ਅਨੁਵਾਦਿਤ ‘ਮੈਕਬੈਥ’ ਪੰਜਾਬੀ ਸਾਹਿਤ ਵਿੱਚ ਇੱਕ ਮਾਣਯੋਗ ਹਾਸਿਲ ਸਿੱਧ ਹੋਵੇਗਾ।
ਅਨੁਵਾਦ ਕਰਨ ਵੇਲੇ ਲੇਖਕ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਹਨ। ਕਵਿਤਾ ਦਾ ਅਨੁਵਾਦ ਹੋਰ ਵੀ ਔਖਾ ਹੁੰਦਾ ਹੈ, ਖਾਸ ਕਰਕੇ ਜੇ ਇਹ ਕਾਵਿ-ਨਾਟਕ ਹੋਵੇ। ਗਿੱਲ ਸਾਹਿਬ ਨੇ ਇਸ ਨਾਟਕ ਦਾ ਅਨੁਵਾਦ ਕਰਦਿਆਂ ਅਸਲੀ ਕਿਰਤ ਵਿਚਲੀ ਕਾਵਿਕਤਾ ਵੀ ਕਾਇਮ ਰੱਖੀ ਹੈ ਤੇ ਇਸਦਾ ਨਾਟਕੀ ਅੰਸ਼ ਵੀ। ਇਸਦੀ ਭਾਸ਼ਾ ਸਿੱਧੀ ਸਾਦੀ ਅਤੇ ਪਾਤਰਾਂ ਦੇ ਭਾਵਾਂ ਤੇ ਪ੍ਰਸਥਿਤੀਆਂ ਦੇ ਅਨੁਕੂਲ ਹੈ। ਇਹ ਭਾਸ਼ਾ ਪੰਜਾਬੀ ਸੁਭਾਅ ਅਤੇ ਸੱਭਿਆਚਾਰ ਨਾਲ ਵੀ ਮੇਲ ਖਾਂਦੀ ਹੈ। ਪੜ੍ਹਨ ਵਿੱਚ ਵੀ ਰੌਚਕਤਾ ਬਣੀ ਰਹਿੰਦੀ ਹੈ। ਪੰਨਾ 19 ਤੇ ਇੱਕ ਸਿਪਾਹੀ ਜੰਗ ਦਾ ਬਿਆਨ ਕੁਛ ਇਸ ਤਰ੍ਹਾਂ ਕਰਦਾ ਹੈ:
ਜਿੱਦਾਂ ਬਾਜਾਂ ਉੱਤੇ ਟੁੱਟਣ ਚਿੜੀਆਂ,
ਜਾਂ ਖਰਗੋਸ਼ ਸ਼ੇਰ ’ਤੇ ਝਪਟੇ।
ਸੱਚ ਕਹਾਂ ਤਾਂ ਕਹਿਣਾ ਪੈਂਦਾ ਹੈ:
ਦਗਣ ਦੁਨਾਲੀਆਂ ਤੋਪਾਂ ਜਿੱਦਾਂ,
ਮੂੰਹ ਥੀਂ ਨਾਲ ਬਰੂਦ ਦੇ ਭਰੀਆਂ,
ਦੋਹਰੇ ਚੌਹਰੇ ਵਾਰ ਉਹਨਾਂ ਦੇ,
ਇਉਂ ਦੁਸ਼ਮਣ ’ਤੇ ਕੀਤੇ:
ਇਹਨਾਂ ਸਤਰਾਂ ਵਿੱਚ ਪਾਠਕ ਲਈ ਕੋਈ ਅਜਿਹਾ ਸ਼ਬਦ ਜਾਂ ਭਾਵ ਨਹੀਂ ਜਿਹੜਾ ਉਸ ਨੂੰ ਸਮਝ ਨਾ ਆਉਂਦਾ ਹੋਵੇ। ਬੀਰ ਰਸ ਨੂੰ ਬਰਕਰਾਰ ਰੱਖਣ ਲਈ ਇਸਦੀ ਸ਼ਬਦਾਵਲੀ ਤੇ ਵਾਕ-ਤੀਬਰਤਾ ਬਹੁਤ ਢੁੱਕਵੀਂ ਅਤੇ ਯਥਾਰਥਕ ਹੈ।
ਸ਼ੇਕਸਪੀਅਰ ਦੇ ਨਾਟਕਾਂ ਵਿੱਚ ਕਹਾਣੀ ਦੀ ਬਜਾਇ ਇਸਦਾ ਕਾਵਿਕ ਅੰਸ਼ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ‘ਮੈਕਬੈੱਥ’ ਵਿੱਚ ਜ਼ਿੰਦਗੀ ਦੇ ਅਨੇਕਾਂ ਰੰਗ ਹਨ ਜੋ ਪੰਜਾਬੀ ਸੁਭਾਅ ਨਾਲ ਮਿਲਦੇ ਜੁਲਦੇ ਹਨ। ਸੁਖ ਦੁੱਖ ਅਤੇ ਰਾਜਸੀ ਸਾਜ਼ਿਸ਼ਾਂ ਨਾਲ ਭਰਪੂਰ ਇਹ ਨਾਟਕ ਜਦੋਂ ਪ੍ਰੋ. ਗਿੱਲ ਦੀ ਕਲਮ ਹੇਠੋਂ ਨਿੱਕਲਦਾ ਹੈ ਤੇ ਉਸੇ ਕਾਵਿਕਤਾ ਨਾਲ ਲਬਰੇਜ਼ ਹੁੰਦਾ ਹੈ,
ਟਿੱਡੀ ਦਲ ਲੈ ਚੜ੍ਹਿਆ ਨੌਰਵੇ, ਲੈ ਸਰਦਾਰ ਕਾਡਰ ਦਾ ਨਾਲੇ,
ਆਕੀ ਮਹਾਨ, ਦੇਸ਼ ਧ੍ਰੋਹੀ, ਕੂੜ, ਕਮੀਨਾ, ਮੱਕਾਰ ਕਮਾਲੇ
ਵਿਸ਼ਵਾਸ ਘਾਤੀ, ਨਿਸ਼ਠਾਹੀਣ, ਮਹਾਂਵਿਦਰੋਹੀ, -
ਦੋਵਾਂ ਰਲ ਉਤਪਾਤ ਮਚਾਇਆ; -
‘ਰਣ ਚੰਡੀ’ ਫਿਰ ਘਲਿਆ ਸੂਰਾ, ਪਹਿਰਨ ਲੋਹ-ਸੰਜੋਆ ਪਾਕੇ,
ਜੀਹਨੇ ਜਾ ਫਿਰ ਆਢਾ ਲਾਇਆ;
ਪ੍ਰੋ. ਹਰਦਿਲਬਾਗ ਸਿੰਘ ਗਿੱਲ ਜੀ ਨੂੰ ‘ਮੈਕਬੈਥ’ ਦੇ ਖੂਬਸੂਰਤ ਅਨੁਵਾਦ ’ਤੇ ਵਧਾਈ ਦਿੰਦਿਆਂ, ਪੰਜਾਬੀ ਸਾਹਿਤ ਦੇ ਵਿਹੜੇ ਇਸ ਕਿਰਤ ਦਾ ਆਗਮਨ ਸ਼ੁਭ ਸ਼ਗਨ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2135)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)