“ਇਹ ਮੁਖੌਟੇ ਲਹਿ ਜਾਣੇ ਕਿਸੇ ਦਿਨ, ਪਰ ਅਜੇ ਤੂੰ ਇਹਨਾਂ ਨੂੰ, ਇਵੇਂ ਹੀ ਪਾਈ ਰੱਖ ...”
(ਨਵੰਬਰ 25, 2015)
1.
ਸ਼ਬਦਾਂ ਨੂੰ ਚੁੱਪ ਰਹਿਣ ਦੇ
ਜੇ ਚੁੱਪ ਨੇ ਸ਼ਬਦ
ਤਾਂ ਚੁੱਪ ਰਹਿਣ ਦੇ
ਤੇਰੇ ਮੁਖੌਟੇ ਹੇਠੋਂ
ਤੇਰਾ ਚਿਹਰਾ ਕੁਛ ਕਹਿੰਦੈ
ਮੈਨੂੰ ਵੇਖ ਲੈਣ ਦੇ
ਤੈਨੂੰ ਮੁਖੌਟੇ ਬੜੇ ਸਜਦੇ ਨੇ
ਤੂੰ ਇਹਨਾਂ ਨੂੰ
ਇੱਦਾਂ ਹੀ ਪਾਈ ਰੱਖ!
ਠਹਿਰ
ਮੈਨੂੰ ਵੀ ਅਣਜਾਣ ਹੋਣ ਦਾ
ਕੋਈ ਸਾਂਗ ਰਚ ਲੈਣ ਦੇ!
ਆ!
ਫੇਰ ਬੈਠਦੇ ਹਾਂ
ਗੂੜ੍ਹੀ ਚੁੱਪ ਦੀ ਛਾਂਵੇਂ
ਦੱਬੇ ਹੋਏ ਅਹਿਸਾਸਾਂ ਨੂੰ
ਹੋਰ ਦਬਾ ਲਵਾਂਗੇ!
ਇਹ ਚੁੱਪ ਕਦੇ
ਕੋਈ ਕਹਾਣੀ ਕਹਿ ਹੀ ਦੇਵੇਗੀ,
ਜਦੋਂ ਕਦੇ ਬਰਸਾਤ ਹੋਵੇਗੀ
ਤੇਰੇ ਮੇਕਅੱਪ ਦੀ ਪਰਤ ਉੱਤਰੇਗੀ,
ਧੁੱਪ ਨਿੱਖਰੇਗੀ
ਤਾਂ ਤੇਰੇ ਚਿਹਰੇ ’ਤੇ ਉੱਕਰੀ
ਇਕ ਇਕ ਝੁਰੜੀ ਨਿੱਖਰੇਗੀ!
ਅਜੇ ਤਾਂ ਤੇਰੇ
ਮੇਕਅੱਪ ਦੀ ਪਰਤ ਬੜੀ ਗੂੜ੍ਹੀ ਹੈ
ਅਜੇ ਤਾਂ ਲੁਕੀ ਹੋਈ
ਤੇਰੇ ਮੱਥੇ ਦੀ ਹਰ ਤਿਊੜੀ ਹੈ
ਅਜੇ ਤਾਂ ਚੁੱਪ ਰਹਿਣ ਦੀ ਮਜਬੂਰੀ ਹੈ
ਇਹ ਮੁਖੌਟੇ ਲਹਿ ਜਾਣੇ ਕਿਸੇ ਦਿਨ
ਪਰ ਅਜੇ ਤੂੰ ਇਹਨਾਂ ਨੂੰ
ਇਵੇਂ ਹੀ ਪਾਈ ਰੱਖ
ਤੈਨੂੰ ਮੁਖੌਟੇ ਬੜੇ ਸਜਦੇ ਨੇ!
**
2.
ਪੱਤਾ
ਹਵਾ ਵਿੱਚ ਝੂਮਦਾ
ਮੀਂਹਾਂ ਵਿੱਚ ਭਿੱਜਦਾ
ਧੁੱਪਾਂ ਨਾਲ ਖੇਡਦਾ
ਸ਼ਾਨ ਨਾਲ ਜੀਊਂਦਾ
ਰੁੱਖ ਦਾ ਇਕ ਪੱਤਾ!
ਬਦਲੀ ਰੁੱਤ
ਟੁੱਟਣ ਟੁੱਟਣ ਕਰਦਾ
ਸੁੱਕ ਕੇ
ਟਾਹਣੀ ’ਤੇ ਲਟਕਦਾ
ਉਹੀ ਪੱਤਾ!
ਹਰੇ ਪੱਤਿਆਂ ਤੋਂ
ਵਿਛੜਣ ਤੋਂ ਪਹਿਲਾਂ
ਰੁੱਖ ਨੂੰ ਆਖਦਾ
ਅਲਵਿਦਾ!
ਆਖਦੈ ਵਿਛੜੇ ਪੱਤਿਆਂ ਨੂੰ-
ਦੋਸਤੋ ਫਿਰ ਮਿਲਾਂਗੇ
ਮਿੱਟੀ ’ਚ ਲਿੱਬੜੇ
ਢੇਰਾਂ ’ਤੇ ਉੱਡਦੇ
ਕਿਸੇ ਦਿਨ ਕਿਸੇ ਮੁਕਾਮ ’ਤੇ
ਇਕ ਹੋ ਜਾਵਾਂਗੇ
ਮਿੱਟੀ ’ਚ ਮਿਲਕੇ
ਅੱਜ ਮੇਰੀ
ਭਲਕੇ ਤੁਹਾਡੀ ਵਾਰੀ
ਫੇਰ ਮਿਲਾਂਗੇ ਖਾਕ ਹੋਕੇ
ਇਸ ਕਾਇਨਾਤ ਦੇ
ਕਣ ਕਣ ਵਿਚ ਰਲਕੇ!
**
3.
ਪਰਾਹੁਣੀ
ਇਕ ਦਿਨ ਪਰਾਹੁਣੀ
ਉਸਦੀਆਂ ਬਰੂਹਾਂ ’ਤੇ ਖੜ੍ਹੀ ਸੀ,
ਹੱਸ ਕੇ ਕਹਿਣ ਲੱਗੀ:
ਹੁਣ ਚੱਲਣ ਦਾ ਵੇਲਾ ਹੈ
... ਤੈਨੂੰ ਲੈਣ ਆਈ ਹਾਂ!
ਉਸਨੇ ਠਠੰਬਰ ਕੇ ਕਿਹਾ:
ਹੁਣੇ ... ??
ਫਿਰ ਥਥਲਾ ਕੇ ਬੋਲਿਆ-
ਠਹਿਰ ਲੈ ...
ਅਜੇ ਮੈਂ ਕਈ ਕੰਮ ਮੁਕਾਉਣੇ ਨੇ
ਅਜੇ ਤਾਂ ਮੈਂ ਜ਼ਿੰਦਗੀ ਨੂੰ ਵੀ ਮਿਲਣਾ ਏ!
ਪਰਾਹੁਣੀ ਜ਼ਿੰਦਗੀ ਨੂੰ ਮੁਖਾਤਿਬ ਹੋਈ:
ਤੂੰ ਇੰਨੇ ਵਰ੍ਹੇ ਕਿੱਥੇ ਰਹੀ?
ਇਸ ਨੂੰ ਮਿਲੀ ਕਿਉਂ ਨਹੀਂ?
ਜ਼ਿੰਦਗੀ ਨੇ ਕਿਹਾ-
ਮੈਂ ਤਾਂ ਬਾਰ ਬਾਰ
ਇਸਦੇ ਬੂਹੇ ਦਸਤਕ ਦਿੱਤੀ,
ਪਰ ਇਸਦੇ ਕੋਲ ਮੈਨੂੰ ਮਿਲਣ ਲਈ
ਵਿਹਲ ਨਹੀਂ ਸੀ!
ਮੈਂ ਜਦ ਵੀ
ਸੁਹਾਵਣੇ ਮੌਸਮ ਬਣ
ਇਸ ਦੇ ਕੋਲ ਆਈ,
ਉਹਨਾਂ ਨੂੰ ਮਾਨਣ ਦਾ
ਸਮਾਂ ਨਹੀਂ ਸੀ ਇਸ ਕੋਲ!
ਮਾਯੂਸ ਹੋ ਮੈਂ ਇਸਦੇ ਕੋਲੋਂ ਹੀ
ਲੰਘ ਜਾਂਦੀ ਰਹੀ!
ਕੋਇਲ ਕੂਕਦੀ ਰਹੀ
ਤਾਰੇ ਡਲਕਦੇ ਰਹੇ
ਸਮੁੰਦਰ ਗਾਉਂਦਾ ਰਿਹਾ
ਹਵਾ ਸਾਂ ਸਾਂ ਕਰਦੀ,
ਰੁੱਖਾਂ ਨੂੰ ਛੂਹ ਕੇ ਲੰਘਦੀ ਰਹੀ,
ਪਰ ਇਨ੍ਹਾਂ ਲਈ
ਸਮਾਂ ਨਹੀਂ ਸੀ ਇਸ ਕੋਲ!
ਇਸ ਕੋਲ ਤਾਂ ਇਕ ਪਿੰਜਰਾ ਸੀ,
ਜਿਸ ਵਿਚ ਇਸਨੇ
ਜੰਜੀਰਾਂ ਨਾਲ ਖੁਦ ਨੂੰ ਨੂੜਿਆ
ਕੁਝ ਪੱਥਰ ਗੀਟੇ ਇਕੱਠੇ ਕੀਤੇ
ਤੇ ਖੇਡਦਾ ਰਿਹਾ!
ਮੇਰੇ ਕੋਲ ਤਾਂ ਕਿੰਨਾ ਕੁਝ ਸੀ
ਇਸਨੂੰ ਦੇਣ ਲਈ,
ਪਰ ਇਸਨੇ ਆਪਣੀਆਂ ਤਲੀਆਂ
ਰੇਤ ਨਾਲ ਭਰੀਆਂ ਹੋਈਆਂ ਸਨ।
ਪਰਾਹੁਣੀ ਉੱਠੀ ਤੇ ਕਹਿਣ ਲੱਗੀ-
‘ਸੌਰੀ, ਮੇਰੇ ਕੋਲ ਵੀ ਤੇਰੇ ਲਈ
ਹੋਰ ਮੁਹਲਤ ਨਹੀਂ,
ਚੱਲਣ ਦਾ ਵੇਲਾ ਟਲਦਾ ਨਹੀਂ ਹੁੰਦਾ!’
**
4.
ਬੇਖਬਰ ਮੌਸਮ
ਸਰਦ ਮੌਸਮ!
ਰਾਤ ਖਾਮੋਸ਼!!
ਸੋਚਾਂ ਦਾ ਡੋਲਾ ਚੁੱਕੀ
ਤੁਰ ਪਈ ਹੈ ਚਾਨਣੀ!
ਚਿੰਤਨ ਨੇ ਖੋਲ੍ਹ ਲਈ
ਬਰਫ਼ ਦੇ ਸ਼ਹਿਰ ਵਲ ਨੂੰ ਜਾਂਦੀ
ਸੜਕ ਦੀ ਬਾਰੀ!
ਮਿਰਗ ਤ੍ਰਿਸ਼ਨਾ ਦੀ
ਗ੍ਰਿਫ਼ਤ ’ਚ ਜਕੜੀ ਕੁੜੀ
ਕਪਾਹੀ ਬਰਫ਼ ਦੇ ਤਲਿੱਸਮ ’ਚ
ਕਿਧਰੇ ਗੁਆਚ ਗਈ!
ਹੱਥ ਵਿਚ ਡਿਗਰੀਆਂ ਫੜੀ
ਇਕ ਸ਼ਖ਼ਸ
ਸੁਪਨੇ ਲੱਭਣ ਤੁਰ ਪਿਐ
ਉਸਦਾ ਮਨ ਜੰਗਲ
ਤੇ ਤਨ ‘ਸੀਤਾ’ ਹੈ!
ਭੀੜ ਹੈ ਰਿਸ਼ਤਿਆਂ ਦੀ
ਦਸਤ-ਪੰਜਿਆਂ ਦੀ
ਬਰਫ਼ ਦੇ ਪੁਤਲਿਆਂ ਦੀ
ਠੰਢੀਆਂ ਯੱਖ਼ ਮੁਸਕਾਨਾਂ ਦੀ
ਅਣਪਛਾਤੀਆਂ ਨਜ਼ਰਾਂ ਦੀ
ਗੁਆਚੀ ਪਹਿਚਾਣ ਦੀਆਂ ਖਬਰਾਂ ਦੀ!
ਇਕ ਢਾਣੀ ਹੈ ਜੋ ਕਦੀ
ਲਛਮਣ ਰੇਖਾ ਵਾਹ ਲੈਂਦੀ ਹੈ
ਕਦੇ ਢਾਹ ਲੈਂਦੀ ਹੈ!
ਤੁਰ ਰਹੇ ਨੇ ਕੁਝ ਲੋਕ
ਦੋਸਤੀ ਦੇ ਅਹਿਸਾਸ ਨੂੰ ਮਿੱਧਦੇ
ਨਵੇਂ ਦੋਸਤਾਂ ਦੇ ਸਿਰਨਾਵੇਂ ਲੱਭਦੇ
ਹੋਰ ਅੱਗੇ
ਹੋਰ ਅੱਗੇ!
ਨੌਕਰੀ ਹੈ
ਕਾਰ ਹੈ
ਘਰ ਹੈ
ਬਿੱਲ ਹਨ
ਕਰੈਡਿਟ ਕਾਰਡ ਹਨ
ਗੱਡੀ ਚੱਲ ਰਹੀ ਹੈ
ਪਹੀਏ ਘਿਸ ਰਹੇ ਨੇ!
ਬਰਫ਼ ਦੇ ਸ਼ਹਿਰ ਵਿਚ
ਮੌਸਮਾਂ ਤੋਂ ਬੇਖਬਰ ਆਦਮੀ
ਲਟ ਲਟ ਬਲ ਰਹੇ ਨੇ
ਬੇਖਬਰ ਮੌਸਮ
ਆਪਣੀ ਚਾਲੇ ਚੱਲ ਰਹੇ ਨੇ!
**
5.
ਮਹਿਮਾਨ
ਕਦੀ ਕਦੀ ਕੋਈ ਊਰਜਾ
ਇੰਜ ਵੀ ਤੁਹਾਡੇ ਘਰ
ਮਹਿਮਾਨ ਆਉਂਦੀ ਏ
ਕਿ ਘਰ ਦੇ ਬੂਹੇ ਕੰਬਦੇ ਨੇ
ਕੰਧਾਂ ਸੌੜੀਆਂ
ਛੱਤਾਂ ਨੀਵੀਂਆਂ
ਅਤੇ ਘਰ ਦੇ ਲੋਕ ਸੰਗਦੇ ਨੇ!
ਮੇਜ, ਕੁਰਸੀਆਂ, ਸੋਫ਼ੇ,
ਕਰੌਕਰੀ ਤੇ ਪਰਦੇ
ਘਸਮੈਲੇ ਦਿਸਣ ਲਗਦੇ ਨੇ!
ਬੱਚੇ ਆਪਣੇ ਪਰ ਲੁਕਾ ਲੈਂਦੇ ਨੇ!
ਵੱਡੇ ਕਿੰਨੇ ਮੁਖੌਟੇ ਪਾ ਲੈਂਦੇ ਨੇ!
ਸਫ਼ਾਈਆਂ ਦਿੰਦੇ ਦਿੰਦੇ ਬੋਹੜ ਤੋਂ
ਬੌਨਜਾਈ ਥੀਣ ਲਗਦੇ ਨੇ!
ਸਹਿਮ ਜਾਂਦੀ ਹੈ ਘਰ ਦੀ ਫ਼ਿਜ਼ਾ
ਬਦਲ ਜਾਂਦੀ ਹੈ ਇਸਦੀ ਊਰਜਾ!
ਫੇਰ ਚਲਦਾ ਏ ਇਕ ਦੌਰ ਹੋਰ
ਗਲਾਸੀਆਂ ਦੇ ਬਦਲਦੇ ਸੰਗੀਤ ਨਾਲ
ਬਦਲ ਜਾਂਦੈ ਕਿੰਨਾ ਕੁਝ ਹੋਰ-
ਗੱਲਬਾਤ ਦੀ ਤਹਿਜ਼ੀਬ,
ਸਬਜ਼ੀਆਂ ਦਾ ਸੁਆਦ,
ਬੱਚਿਆਂ ਦੀ ਪੜ੍ਹਾਈ ਦਾ ਮੂਡ,
ਨੀਂਦ ਦਾ ਸਮਾਂ,
ਦੋਸਤਾਂ ਦੀ ਨਜ਼ਰ
ਅਤੇ ਘਰ ਦੀ ਨੁਹਾਰ!
ਪਤਾ ਨਹੀਂ
ਕਈ ਬਾਰ ਕੋਈ ਕੋਈ ਊਰਜਾ
ਘਰ ਵਿਚ ਆਫ਼ਤ ਵਾਂਗ
ਕਿਉਂ ਆਉਂਦੀ ਏ
ਤੇ ਅੰਦਰ ਦੀ ਖਾਮੋਸ਼ੀ ਦਾ
ਚੀਰ-ਹਰਣ ਕਰਕੇ
ਟੁਰ ਜਾਂਦੀ ਏ!!
*****
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (