SurjitKaur7ਵਿਹਲੜ ਅਤੇ ਭੇਖੀ ਸਾਧ ਟੋਲੀਆਂ ਬਣ ਬਣ ਲੋਕਾਂ ਨੂੰ ਵਰਗਲਾ ਰਹੇ ਹਨ ਅਤੇ ਲੋਕ ...
(1 ਦਸੰਬਰ 2020)

 

GuruNanakPlough1 ਗੁਰੂ ਨਾਨਕ ਭਾਵੇਂ ਇਸ ਧਰਤੀ ’ਤੇ 551 ਵਰ੍ਹੇ ਪਹਿਲਾਂ ਆਏ ਪਰ ਉਹਨਾਂ ਦਾ ਫ਼ਲਸਫ਼ਾ ਅੱਜ ਤਕ ਵੀ ਸਮੁੱਚੀ ਮਨੁੱਖਤਾ ਲਈ ਸਾਰਥਕ ਹੈਅਸੀਂ ਸਦੀਆਂ ਤੋਂ ਗੁਰੂ ਨਾਨਕ-ਬਾਣੀ ਨੂੰ ਪੜ੍ਹਦੇ ਆ ਰਹੇ ਹਾਂ, ਗੁਰੂ ਨਾਨਕ ਦੇ ਨਾਂ ਨੂੰ ਵੇਚ-ਵਰਤ ਵੀ ਰਹੇ ਹਾਂਇਸ ਪ੍ਰਤੀ ਅੰਤਾਂ ਦੀ ਸ਼ਰਧਾ ਵੀ ਰੱਖਦੇ ਹਾਂ। ਇਸ ਨੂੰ ਬਹੁਤ ਵਿਚਾਰਿਆ ਜਾ ਰਿਹਾ ਹੈ, ਗਾਇਆ ਜਾ ਰਿਹਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਯੂਨੀਵਰਸਲ ਸੰਦੇਸ਼ ਦੇ ਅਰਥਾਂ ਦੀ ਗਹਿਰਾਈ ਨੂੰ ਸਮਝ ਕੇ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਨਹੀਂ ਜਾ ਰਿਹਾਇਸ ਵੇਲੇ ਜਦੋਂ ਅਸੀਂ ਗੁਰੂ ਸਾਹਿਬ ਦਾ 551ਵਾਂ ਜਨਮ ਉਤਸਵ ਮਨਾ ਰਹੇ ਹਾਂ ਸਾਨੂੰ ਇਸ ਸਵਾਲ ਬਾਰੇ ਵਿਚਾਰਨ ਦੀ ਲੋੜ ਹੈ ਕਿ ਅਸੀਂ ਉਨ੍ਹਾਂ ਦੇ ਫ਼ਲਸਫ਼ੇ ਨੂੰ ਕਿੰਨਾ ਕੁ ਅਪਨਾਇਆ? ਅਸੀਂ ਉਨ੍ਹਾਂ ਦੇ ਕਿਹੋ ਜਿਹੇ ਪੈਰੋਕਾਰ ਹਾਂ?

ਵੇਖਿਆ ਜਾਵੇ ਤਾਂ ਅੱਜ ਵੀ ਉਹੀ ਹਾਲਾਤ ਹਨ ਜਿਨ੍ਹਾਂ ਬਾਰੇ ਗੁਰੂ ਸਾਹਿਬ ਨੇ ਉਚਾਰਿਆ ਸੀ, “ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤੁ ਮੁਖਹੁ ਆਲਾਈ”ਅੱਜ ਸਾਰੀ ਮਨੁੱਖ ਜਾਤੀ ਲਾਲਸਾਵਾਂ, ਹਉਮੈ, ਨਫ਼ਰਤ, ਮਜ਼੍ਹਬਾਂ, ਦੇਸ਼ਾਂ, ਹੱਦਾਂ ਬੰਨਿਆਂ, ਰੰਗ-ਨਸਲ ਦੇ ਭੇਦ-ਭਾਵ ਵਰਗੀਆਂ ਬਹੁਤ ਵੱਡੀਆਂ ਬਿਮਾਰੀਆਂ ਦਾ ਸ਼ਿਕਾਰ ਹੋਈ ਪਈ ਹੈਬਾਬੇ ਦੇ ਕਥਨ ‘ਕੂੜ ਰਾਜਾ ਕੂੜ ਪਰਜਾ’ ਦੇ ਅਨੁਸਾਰ ਸਿਆਸੀ ਆਗੂ ਜਨਤਾ ਨੂੰ ਲੁੱਟ ਖਾ ਰਹੇ ਹਨ ਅਤੇ ਪਰਜਾ ਭੇਡਾਂ-ਬੱਕਰੀਆਂ ਵਾਂਗ ਉਨ੍ਹਾਂ ਦੇ ਇਸ਼ਾਰਿਆਂ ’ਤੇ ਨਸਲਕੁਸ਼ੀ, ਲਿੰਚ ਜਾਂ ਦੰਗੇ-ਫਸਾਦਾਂ ਵਰਗੇ ਕੁਕਰਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀਗੁਰੂ ਸਾਹਿਬ ਦੇ ਕਥਨ ‘ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦੀਸੇ ਬਾਹਰਾ ਜੀਉ’ ਨੂੰ ਅਸੀਂ ਭੁੱਲ ਗਏ ਹਾਂਗੁਰੂ ਨਾਨਕ ਨੂੰ ਤਾਂ ਨਾ ਕੋਈ ਹਿੰਦੂ ਨਾ ਮੁਸਲਿਮ ਜਾਪਦਾ ਸੀ ਪਰ ਅੱਜ ਧਰਮਾਂ ਦੇ ਨਾਂ ’ਤੇ ਸਾਰੀ ਮਨੁੱਖਤਾ ਮਰ-ਮਾਰ ਰਹੀ ਹੈਇਸ ਵਰ੍ਹਦੀ ਅੱਗ ਨੂੰ ਠੱਲ੍ਹ ਪਾਉਣ ਲਈ ਗੁਰੂ ਸਾਹਿਬ ਦੇ ਸੰਦੇਸ਼ ਨੂੰ ਸੁਨਣ/ਸਮਝਣ ਦੀ ਲੋੜ ਹੈ,

ਪੂਛਨ ਫੋਲ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ
ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋ ਰੋਈ

ਸੋ ਬਾਬਾ ਜੀ ਨੇ ਕਿਹਾ ਸੀ ਕਿ ਸਾਰੀ ਗੱਲ ਤਾਂ ਅਮਲਾਂ ਦੀ ਹੈ, ਜਾਤਾਂ ਦੀ ਨਹੀਂਪਰ ਕੀ ਅਸੀਂ ਸਮਝੇ? ਸਾਰੇ ਧਰਮ ਮਨੁੱਖ ਲਈ ਬਣੇ ਹਨ ਤੇ ਮਨੁੱਖਤਾ ਸਭ ਧਰਮਾਂ ਤੋਂ ਉੱਪਰ ਹੈ ਪਰ ਹਾਲਾਤ ਅੱਜ ਇਸ ਤੋਂ ਵਿਪਰੀਤ ਹਨ। ਜੇ ਅਸੀਂ ਸੱਚਮੁੱਚ ਗੁਰੂ ਨਾਨਕ ਦੇ ਸਿੱਖ ਹਾਂ ਤਾਂ ਸਾਨੂੰ ਜਾਤਾਂ-ਪਾਤਾਂ ਤੋਂ ਉੱਪਰ ਉੱਠ ਕੇ ਮਨੁੱਖ ਹੋ ਕੇ ਸੋਚਣਾ ਪਵੇਗਾ ਅਤੇ ਬਾਬੇ ਦੇ ਸ਼ਬਦਾਂ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਨੂੰ ਫਿਰ ਤੋਂ ਸਮਝਣਾ ਤੇ ਅਪਣਾਉਣਾ ਪਵੇਗਾ ਤਾਂ ਕਿ ਇਸ ‘ਜਗਤ ਜਲੰਦੇ’ ਵਿੱਚ ਅਮਨ ਤੇ ਸ਼ਾਂਤੀ ਕਾਇਮ ਕੀਤੀ ਜਾ ਸਕੇ

ਜੇ ਵਾਤਾਵਰਣ ਦੀ ਗੱਲ ਕਰੀਏ ਤਾਂ ਉਹ ਵੀ ਅੱਜ ਸਾਡੀ ਚਿੰਤਾ ਦਾ ਵੱਡਾ ਕਾਰਣ ਬਣਿਆ ਹੋਇਆ ਹੈਜ਼ਰਖੇਜ਼ ਧਰਤੀ ਬੰਜਰ ਹੋ ਰਹੀ ਹੈ, ਧਰਤੀ ਵਿੱਚੋਂ ਪਾਣੀ ਮੁੱਕਦਾ ਜਾ ਰਿਹਾ ਹੈਇਸ ਧਰਤੀ ’ਤੇ ਰਹਿਣ ਵਾਲਾ ਮਨੁੱਖ ਆਪ ਹੀ ਇਸ ਉਪਗ੍ਰਹਿ ਨੂੰ ਖਤਮ ਕਰਨ ’ਤੇ ਤੁਲਿਆ ਹੋਇਆ ਹੈਉਹ ਧਰਤੀ ਦੇ ਹੇਠੋਂ ਤੇਲ ਤੇ ਖਣਿਜ ਪਦਾਰਥ ਕੱਢ ਕੇ ਇਸ ਨੂੰ ਖੋਖਲੀ ਕਰ ਰਿਹਾ ਹੈਗੁਰੂ ਨਾਨਕ ਨੇ ਮਨੁੱਖ ਅਤੇ ਕੁਦਰਤ ਦੇ ਰਿਸ਼ਤੇ ਨੂੰ ਬਿਆਨਦਿਆਂ ਆਖਿਆ ਸੀ - ‘ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ’ ਪਰ ਅੱਜ ਮਨੁੱਖ ਮਾਤਾ-ਪਿਤਾ ਅਤੇ ਇੱਥੋਂ ਤਕ ਕਿ ਸਵੈ ਨਾਲੋਂ ਵੀ ਟੁੱਟ ਚੁੱਕਾ ਹੈ, ਉਸਨੇ ਹਵਾ-ਪਾਣੀ, ਪਸ਼ੂ ਪੰਛੀਆਂ ਅਤੇ ਧਰਤੀ ਦੀ ਤਾਂ ਕੀ ਕਦਰ ਕਰਨੀ ਸੀ? ਗੁਰੂ ਨਾਨਕ ਨੇ ਜਿਸ ਕੁਦਰਤ ਨੂੰ ਰੱਬ ਦਾ ਦਰਜਾ ਦਿੱਤਾ, ਬੰਦੇ ਨੇ ਉਸ ਦਾ ਨਿਰਾਦਰ ਕਰਕੇ ਪਤਾ ਨਹੀਂ ਕਿੰਨੇ ਕੁ ਹੋਰ ਰੱਬ ਸਿਰਜ ਕੇ ਪੂਜਣੇ ਸ਼ੁਰੂ ਕਰ ਦਿੱਤੇਮਨੁੱਖ ਹਉਮੈ ਦੀ ਬਿਮਾਰੀ ਨਾਲ ਅਜਿਹਾ ਗ੍ਰਸਿਆ ਹੈ ਕਿ ਉਸਨੇ ਐਟਮੀ ਤਾਕਤਾਂ ਪੈਦਾ ਕਰ ਲਈਆਂ ਅਤੇ ਕਲਿਆਣਕਾਰੀ ਬਣਨ ਦੀ ਬਜਾਇ ਧਰਤੀ ਦੀ ਹੋਂਦ ਨੂੰ ਹੀ ਖਤਰਾ ਪੈਦਾ ਕਰ ਦਿੱਤਾਸਿੱਟੇ ਵਜੋਂ ਪ੍ਰਦੂਸ਼ਣ ਇੰਨਾ ਵਧ ਗਿਆ ਹੈ ਕਿ ਅੱਜ ਮਨੁੱਖ ਕੈਂਸਰ ਵਰਗੀਆਂ ਲਾਇਲਾਜ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈਜੇ ਅਸੀਂ ਆਪਣੇ ਦਰਿਆ ਗੰਧਲੇ ਤੇ ਹਵਾ ਜ਼ਹਿਰੀਲੀ ਨਾ ਕਰਦੇ ਤਾਂ ਇਨ੍ਹਾਂ ਬਿਮਾਰੀਆਂ ਨੂੰ ਬੁਲਾਵਾ ਨਾ ਦਿੰਦੇਅੱਜ ਵੀ ਅਸੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਗੁਰੂ ਨਾਨਕ ਦੇ ਫ਼ਲਸਫ਼ੇ ਅਨੁਸਾਰ ਕੁਦਰਤ ਨਾਲ ਨਾਤਾ ਜੋੜ ਕੇ ਲੱਭ ਸਕਦੇ ਹਾਂਕੁਦਰਤ ਸਾਡਾ ਅਟੁੱਟ ਅੰਗ ਹੈ:

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ

ਸਚੀ ਤੇਰੀ ਸਿਫਤਿ ਸਚੀ ਸਾਲਾਹ
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ

ਜਾਂ

ਭੈ ਵਿੱਚ ਸੂਰਜ ਭੈਅ ਵਿੱਚ ਚੰਦ
ਕੋਹ ਕਰੋੜੀ ਚਲਤ ਨਾ ਅੰਤ

ਭਾਵ ਕਿ ਜਿਵੇਂ ਕੁਦਰਤ ਬੈਲੰਸ ਬਣਾ ਕੇ ਰੱਖਦੀ ਹੈ ਇਵੇਂ ਹੀ ਮਨੁੱਖ ਨੂੰ ਵੀ ਆਪਣੇ ਅਤੇ ਕੁਦਰਤ ਵਿੱਚ ਬੈਲੰਸ ਬਣਾ ਕੇ ਰੱਖਣਾ ਪਵੇਗਾ ਤਾਂ ਹੀ ਇਸ ਧਰਤੀ ਨੂੰ ਬਚਾਇਆ ਜਾ ਸਕਦਾ ਹੈ

ਗੁਰੂ ਨਾਨਕ ਨੇ ਇੱਕ ਨਵਾਂ ਨਰੋਆ ਸਮਾਜ ਸਿਰਜਣ ਲਈ ਚਾਰ ਉਦਾਸੀਆਂ ਕੀਤੀਆਂਉਹਨਾਂ ਮੱਕੇ ਮਦੀਨੇ, ਬਗਦਾਦ, ਚੀਨ, ਅਸਾਮ ਅਤੇ ਹੋਰ ਦੂਰ ਦੂਰਾਡੀਆਂ ਥਾਵਾਂ ’ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ, ਉਨ੍ਹਾਂ ਨਾਲ ਸੰਵਾਦ ਰਚਾਇਆ ਅਤੇ ਤਰਕ ਦੇ ਕੇ ਉਨ੍ਹਾਂ ਨੂੰ ਬਦਲਿਆ। ਮਨੁੱਖ ਨੂੰ ਨਿਡਰ ਅਤੇ ਸੱਚਾ ਬਣਨ ਦੀ ਪ੍ਰੇਰਨਾ ਦਿੱਤੀਉਨ੍ਹਾਂ ਦੱਸਿਆ ‘ਸੱਚਹੁ ਓਰੇ ਸਭ ਕੋ ਊਪਰ ਸੱਚ ਆਚਾਰ’, ਮਨੁੱਖ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੁਨੇਹਾ ਦਿੱਤਾਅੱਜ ਸੱਚ ਦੀ ਜਗਾਹ ਝੂਠ, ਕਿਰਤ ਦੀ ਥਾਂ ਤੇ ਧੋਖੇਧੜੀਆਂ, ਵੰਡ ਛਕਣ ਦੀ ਬਜਾਇ ਲੁੱਟ-ਖਸੁੱਟ ਹੀ ਵੇਖਣ ਨੂੰ ਮਿਲਦੀ ਹੈਸਾਡੇ ਕੋਲ ਬਾਬੇ ਦਾ ਦਿੱਤਾ ਸ਼ਬਦ ਹੈ, ਵਿਚਾਰ ਹੈ, ਅਸੀਂ ਕਿਉਂ ਕਿਸੇ ਹੋਰ ਦੇ ਪਿੱਛੇ ਲੱਗ ਕੇ ਕੁਰਾਹੇ ਪਈਏ? ਕਿਉਂ ਨਾ ਬਾਬਾ ਜੀ ਦੀ ਬਾਣੀ ਦੇ ਤਰਕ ਨੂੰ ਸਮਝੀਏ ਅਤੇ ਹੋਰ ਲੋਕਾਂ ਤਕ ਪਹੁੰਚਾਈਏ‘ਜਬ ਲੱਗ ਦੁਨੀਆ ਰਹੀਏ ਨਾਨਕ, ਕਿਛੁ ਸੁਣੀਐ ਕਿਛੁ ਕਹੀਐ’ - ਸਾਡੇ ਕੋਲ ਰਸਤਾ ਵੀ ਹੈ, ਦਿਸ਼ਾ ਵੀ ਹੈ। ਜੇ ਅਸੀਂ ਇਸ ’ਤੇ ਚੱਲਾਂਗੇ ਤਾਂ ਹੀ ਬਾਬਾ ਜੀ ਦੇ ਇਸ ਉਤਸਵ ਨੂੰ ਮਨਾਉਣ ਦਾ ਫਾਇਦਾ ਹੋਵੇਗਾ

ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਜਿਨ੍ਹਾਂ ਵਹਿਮਾਂ-ਭਰਮਾਂ ਵਿੱਚੋਂ ਕੱਢਿਆ ਸੀ, ਲੋਕ ਅੱਜ ਤਕ ਉਨ੍ਹਾਂ ਤੋਂ ਪਿੱਛਾ ਨਹੀਂ ਛੁਡਾ ਸਕੇਬਾਬਾ ਜੀ ਨੇ ਤਾਂ ਆਖਿਆ ਸੀ:

ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ,
ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ

ਉਦੋਂ ਲੋਕ ਅਨਪੜ੍ਹ ਸਨ ,ਇਸ ਲਈ ਘੱਟ ਸਮਝਦੇ ਸਨ ਪਰ ਅੱਜ ਸਾਇੰਸ ਦੇ ਯੁਗ ਵਿੱਚ ਵੀ ਲੋਕ ਵਹਿਮਾਂ-ਭਰਮਾਂ ਅਤੇ ਹੋਰ ਕਈ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਵਿੱਚ ਗ੍ਰਸੇ ਹੋਏ ਹਨਗੁਰਦੁਆਰਿਆਂ ਵਿੱਚ ਰੁਮਾਲਿਆਂ ਦੇ ਢੇਰ, ਦਿਵਾਲੀ ’ਤੇ ਦੀਵਿਆਂ, ਸਰ੍ਹੋਂ ਦੇ ਤੇਲ ਦੀਆਂ ਬੋਤਲਾਂ ਅਤੇ ਮਠਿਆਈਆਂ ਦੇ ਚੜ੍ਹਾਵਿਆਂ ਦੇ ਢੇਰ, ਪਾਲਕੀ ਸਾਹਿਬ ਨੂੰ ਰੱਖੜੀਆਂ ਬੰਨਣੀਆਂ ਅਤੇ ਨਿਸ਼ਾਨ ਸਾਹਿਬ ਨੂੰ ਮੱਥੇ ਟੇਕਣੇ ਆਦਿ ਬਾਰੇ ਮੁੜ ਸੋਚਣ ਦੀ ਲੋੜ ਹੈਗੁਰੂ ਸਾਹਿਬ ਨੇ ਸਾਰੇ ਵਹਿਮਾਂ-ਭਰਮਾਂ, ਕਰਾਮਾਤਾਂ ਅਤੇ ਅੰਧ ਵਿਸ਼ਵਾਸਾਂ ਦਾ ਖੰਡਨ ਕੀਤਾ ਸੀ ਤੇ ਕਿਹਾ ਸੀ,

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿੱਤਰ ਹੈ ਦਿਤੋਨੁ ਰਿਜਕੁ ਸੰਬਾਹਿ॥
ਨਾਨਕ ਜਿਨੀ ਗੁਰਮੁਖਿ ਬੁਝਿਆ ਤਿਨਾ ਸੂਤਕੁ ਨਾਹਿ॥

ਗੁਰੂ ਨਾਨਕ ਨੇ ਵਿਹਲੜਾਂ ਤੇ ਭੇਖੀਆਂ ਨੂੰ ਹੱਥੀਂ ਕਿਰਤ ਕਰਨ ਦਾ ਸੰਦੇਸ਼ ਦਿੱਤਾ ਅਤੇ ਖੁਦ ਤਕਰੀਬਨ 18 ਸਾਲ ਕਰਤਾਰਪੁਰ ਵਿੱਚ ਖੇਤੀ ਕਰਦਿਆਂ ‘ਘਾਲਿ ਖਾਇ ਕਿਛੁ ਹੱਥੋਂ ਦੇਹਿ ਨਾਨਕ ਰਾਹ ਪਛਾਣੇ ਸੇਇ’ ਦਾ ਸੰਦੇਸ਼ ਦਿੱਤਾਅੱਜ ਫਿਰ ਉਹੀ ਸਮਾਂ ਆ ਚੁੱਕਾ ਹੈ, ਵਿਹਲੜ ਅਤੇ ਭੇਖੀ ਸਾਧ ਟੋਲੀਆਂ ਬਣ ਬਣ ਲੋਕਾਂ ਨੂੰ ਵਰਗਲਾ ਰਹੇ ਹਨ ਅਤੇ ਲੋਕ ਬਾਬੇ ਨਾਨਕ ਦੇ ਸੰਦੇਸ਼ ਨੂੰ ਭੁੱਲ ਕੇ ਉਨ੍ਹਾਂ ਦੇ ਪਿੱਛੇ ਲੱਗ ਰਹੇ ਹਨਬਿਲਕੁਲ ਉਹੀ ਗੱਲ ਫਿਰ ਦੁਹਰਾਈ ਜਾ ਰਹੀ ਹੈ-

ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।
ਸੇਵਕ ਬੈਠਨਿ ਘਰਾਂ ਵਿੱਚ ਗੁਰ ਉਠਿ ਘਰੀ ਤਿਨਾੜੇ ਜਾਈ।

ਅੱਜ ਸਮਾਂ ਆ ਗਿਆ ਹੈ ਕਿ ਅਸੀਂ ਇਨ੍ਹਾਂ ਤੁਕਾਂ ਦੇ ਅਰਥ ਸਮਝੀਏ ਅਤੇ ਵਿਹਲੜ ਸਾਧਾਂ ਦੇ ਚੁੰਗਲ ਤੋਂ ਬਚ ਕੇ ਗੁਰੂ ਨਾਨਕ ਦੇ ਦੱਸੇ ਸੱਚ ਦੇ ਰਾਹ ਤੇ ਤੁਰੀਏਉਨ੍ਹਾਂ ਦੇ ਅਗਾਂਹਵਧੂ ਅਤੇ ਤਰਕ ਭਰਪੂਰ ਸੰਦੇਸ਼ ਨੂੰ ਸਮਝੀਏ ਅਤੇ ਇਸ ’ਤੇ ਅਮਲ ਕਰੀਏਉਨ੍ਹਾਂ ਦੀ ਬਾਣੀ ਸਰਬਕਾਲੀ ਹੈਕਾਰਲ ਮਾਰਕਸ ਨੇ ਜੋ ਸਮਾਜਵਾਦ ਦਾ ਸਿਧਾਂਤ 19ਵੀਂ ਸਦੀ ਵਿੱਚ ਲੋਕਾਂ ਨੂੰ ਦਿੱਤਾ ਉਹ ਗੁਰੂ ਨਾਨਕ ਪਹਿਲਾਂ ਹੀ ਦੇ ਗਏ ਸਨਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਹੱਕ ਦੀ ਕਮਾਈ ਕਰੋ ਤੇ ਇਹ ਵੀ ਸਮਝਾਇਆ ਕਿ ਮਾਇਆ ਪਾਪਾਂ ਬਾਝਹੁ ਆਉਂਦੀ ਨਹੀਂ ਅਤੇ ਮੁਇਆਂ ਸਾਥ ਨਹੀਂ ਜਾਂਦੀ, ਇਸ ਲਈ ਚੰਗੇ ਕਰਮਾਂ ’ਤੇ ਜ਼ੋਰ ਦਿੱਤਾਜੇ ਅੱਜ ਅਸੀਂ ਇਸ ਸੰਦੇਸ਼ ਨੂੰ ਮੰਨ ਸਕੀਏ ਤੇ ਵੰਡ ਛਕੀਏ ਤਾਂ ਦੁਨੀਆਂ ਵਿੱਚ ਕੋਈ ਵੀ ਭੁੱਖਾ ਨਹੀਂ ਸੌਂਵੇਗਾ

ਗੁਰੂ ਸਾਹਿਬ ਨੇ ਵੇਲੇ ਦੇ ਹਾਕਮਾਂ ਨੂੰ ‘ਰਾਜੇ ਸ਼ੀਂਹ ਮੁਕਦਮ ਕੁੱਤੇ ਜਾਇ ਜਗਾਇਣ ਬੈਠੇ ਸੁੱਤੇ’ ਤਕ ਆਖ ਕੇ ਵੰਗਾਰਿਆਬਾਬਰ ਨੇ ਜਦੋਂ ਹਿੰਦੁਸਤਾਨ ’ਤੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਨੇ ਉਸ ਨੂੰ ਜਾਬਰ ਕਹਿ ਕੇ ਉਸਦੀ ਨਿੰਦਾ ਕੀਤੀ ਅਤੇ ਸਜ਼ਾ ਦੀ ਪਰਵਾਹ ਤਕ ਨਾ ਕੀਤੀਪਰ ਅਸੀਂ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦੀ ਬਜਾਇ ਨਿੱਕੀਆਂ ਨਿੱਕੀਆਂ ਪ੍ਰਸਥਿਤੀਆਂ ਨਾਲ ਸਮਝੌਤਾ ਕਰ ਲੈਂਦੇ ਹਾਂਬਾਬਾ ਜੀ ਨੇ ਕਿਹਾ ਕਿ ਜਦੋਂ ਬੋਲਣ ਦੀ ਲੋੜ ਹੋਵੇ ਤਾਂ ਚੁੱਪ ਨਹੀਂ ਰਹਿਣਾ ਚਾਹੀਦਾਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ‘ਤਖਤਿ ਰਾਜਾ ਜੋ ਬਹੈ ਜਿ ਤਖਤੈ ਲਾਇਕ ਹੋਈ’ (ਮਾਰੂ ਵਾਰ, ਪੰਨਾ 1088) ਪਰ ਅੱਜ ਵੋਟਾਂ ਦੀ ਰਾਜਨੀਤੀ ਵਿੱਚ ਇਸ ਤੋਂ ਉਲਟ ਹੋ ਰਿਹਾ ਹੈਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੋਟਾਂ ਦੀ ਰਾਜਨੀਤੀ ਸਮਝ ਕੇ ਸਹੀ ਆਗੂ ਚੁਣੀਏ ਜੋ ਜਨਤਾ ਦੇ ਭਲੇ ਲਈ ’ਤੇ ਹੱਕ ਸੱਚ ਲਈ ਖੜ੍ਹੇ ਹੋਣ

ਜਦੋਂ ਇਹ ਪ੍ਰਚੱਲਤ ਸੀ ਕਿ ‘ਢੋਲ ਪਸ਼ੂ ਸ਼ੂਦਰ ਅਰ ਨਾਰੀ ਚਾਰੋਂ ਤਾੜਣ ਕੇ ਅਧਿਕਾਰੀ’ ਗੁਰੂ ਸਹਿਬ ਨੇ ਉਸ ਵੇਲੇ ਇਸਤਰੀ ਦੇ ਹੱਕ ਵਿੱਚ ਆਵਾਜ਼ ਉਠਾਈਮਨੁੱਖਾਂ ਨੂੰ ਸੋਝੀ ਕਰਵਾਈ ਕਿ ਰੱਬ ਵੱਲੋਂ ਇਸਤਰੀ ਨੂੰ ਨੀਵਾਂ ਨਹੀਂ ਥਾਪਿਆ ਗਿਆਆਪ ਨੇ ਇਸਤਰੀ ਵਿੱਚ ਸਵੈਮਾਨ ਜਗਾਇਆ ਤੇ ਬਾਣੀ ਵਿੱਚ ਕਿਹਾ ਕਿ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਤੇ ਇਸਤਰੀ ਨੂੰ ਧਰਮ ਤੇ ਸਮਾਜ ਵਿੱਚ ਬਰਾਬਰੀ ਦਾ ਦਰਜਾ ਦਿਵਾਇਆਪਰ ਅੱਜ ਫੇਰ ਸੋਚਣ ਦੀ ਲੋੜ ਹੈ ਕਿ ਇਸ ਗੱਲ ਨੂੰ ਅੱਜ ਤਕ ਸਮਾਜ ਨੇ ਮੰਨਿਆ ਕਿਉਂ ਨਹੀਂ? ਅੱਜ ਤਕ ਉਹ ਦੂਜੇ ਦਰਜੇ ਦੀ ਹਸਤੀ ਹੀ ਕਿਉਂ ਮੰਨੀ ਜਾਂਦੀ ਹੈ? ਅੱਜ ਵੀ ਉਸ ਨੂੰ ਬਰਾਬਰ ਦੀ ਇਨਸਾਨ ਕਿਉਂ ਨਹੀਂ ਸਮਝਿਆ ਜਾਂਦਾ? ਔਰਤ ਨੂੰ ਮਾਣ ਦਿਉ, ਸਮਾਜ ਦਾ ਮੁਹਾਂਦਰਾ ਹਾਂਮੁਖੀ ਹੋ ਜਾਵੇਗਾ

ਜੇ ਅਜੋਕਾ ਸਮਾਂ ਸਾਇੰਸ ਅਤੇ ਟੈਕਨੌਲੋਜੀ ਦਾ ਹੈ ਤਾਂ ਗੁਰੂ ਨਾਨਕ ਦੀ ਸੋਚ ਵੀ ਅਗਰਗਾਮੀ ਸੀ ਜਿਸਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈਸੱਚ ਤੇ ਝੂਠ ਵਿੱਚ ਨਿਤਾਰਾ ਕਰਨ ਦੀ ਲੋੜ ਹੈਗੁਰੂ ਨਾਨਕ ਦੇ ਫ਼ਲਸਫ਼ੇ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾਅੱਜ ਬਾਬੇ ਦੇ ਜਨਮ ਦਿਨ ’ਤੇ ਕਰਵਾਏ ਜਾ ਰਹੇ ਸੈਮੀਨਾਰਾਂ ਵਿੱਚ ਇਕੱਤਰ ਹੋਣ ਦਾ ਮਕਸਦ ਇਹੀ ਹੈ ਕਿ ਅਸੀਂ ਬਾਬੇ ਨਾਨਕ ਦੀ ਬਾਣੀ ਦਾ ਮੁੜ ਚਿੰਤਨ ਕਰੀਏ ਅਤੇ ਇਸ ਗੱਲ ਨੂੰ ਸਮਝੀਏ ਕਿ ਇਹ ਸਿੱਖਿਆਵਾਂ ਸਾਡੇ ਲਈ ਅੱਜ ਵੀ ਲਾਹੇਵੰਦ ਹਨ ਤੇ ਇਨ੍ਹਾਂ ’ਤੇ ਅਮਲ ਕਰ ਕੇ ਅਸੀਂ ਧਰਤੀ ’ਤੇ ਆਪਣੇ ਜੀਵਨ ਨੂੰ ਸੁਖਾਵਾਂ ਬਣਾ ਸਕਦੇ ਹਾਂਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਪਹਿਲਾ ਸਵਾਲ ਹੀ ਇਹ ਉਠਾਉਂਦੇ ਹਨ ‘ਕਿਵ ਸਚਿਆਰਾ ਹੋਵੀਐ ਕਿਵ ਕੂੜੇ ਟੁੱਟੇ ਪਾਲ’ ਅਤੇ ਉਨ੍ਹਾਂ ਦੀ ਸਾਰੀ ਬਾਣੀ ਇਸੇ ਸਵਾਲ ਦਾ ਜਵਾਬ ਹੈ, ਜੇ ਸਮਝਣਾ ਹੋਵੇ ਤਾਂ ਗੁਰੂ ਸ਼ਬਦ ਦੇ ਲੜ ਲੱਗ ਕੇ ਸਮਝਿਆ ਜਾ ਸਕਦਾ ਹੈਆਉ ਗੁਰੂ ਨਾਨਕ ਬਾਣੀ ਦੀ ਪ੍ਰਸੰਗਿਕਤਾ ਨੂੰ ਸਮਝ ਕੇ ਆਪਣੇ ਜੀਵਨ ਨੂੰ ਇਸਦੇ ਅਨੁਸਾਰ ਢਾਲੀਏ ਅਤੇ ਇਸ ਧਰਤੀ ਤੇ ਵਸਦੇ ਜੀਵਨ ਦੇ ਸ਼ੁਭਚਿੰਤਕ ਬਣੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2440)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਰਜੀਤ

ਸੁਰਜੀਤ

Brampton, Ontario, Canada.
Email: (surjitk33@gmail.com)