SurjitK7ਜੇ ਮਨੁੱਖਤਾ ਜਿਊਂਦੀ ਹੁੰਦੀ ਤਾਂ ਸੀਰੀਆ ਦੇ ਲੋਕ ...
(28 ਜੂਨ 2020)

 

ਉਹ ਮਾਈ ...! ਕਿਵੇਂ ਲੱਭਾਂਗੀ ਪਿੰਕੀ ਨੂੰ ਐਨੇ ਵੱਡੇ ਸਟੇਡੀਅਮ ਵਿੱਚ ... ਪੰਜਾਬੀ ਸੂਟਾਂ ਵਾਲੀਆਂ ਐਨੀਆਂ ਬੀਬੀਆਂ ਵਿੱਚੋਂ? ਐਨੀ ਗਹਿਮਾ ਗਹਿਮ! ਆਲੇ ਦੁਆਲੇ ਨਜ਼ਰ ਦੌੜਾਉਂਦੀ ਹਾਂ; ਸਾਹਮਣੇ ਲੱਗੇ ਵੱਡੇ ਸਾਰੇ ਟੀਵੀ ’ਤੇ ਚੱਲਦੀਆਂ ਖਬਰਾਂ ’ਤੇ ਨਜ਼ਰ ਪੈ ਗਈ ... ਉਫ਼ ਫੇਰ ਉਹੀ ਖਬਰਾਂ! ਇਨ੍ਹਾਂ ਤੋਂ ਪਿੰਡ ਛੁਡਾ ਕੇ ਤਾਂ ਇਹ ਸ਼ੋਅ ਵੇਖਣ ਆਈ ਸਾਂ ... ਰੌਲਾ ਇੰਨਾ ਕਿ ਆਵਾਜ਼ ਹੀ ਨਾ ਸੁਣੇ ... ਦੁਨੀਆਂ ਭਰ ਵਿੱਚ ਫੈਲੇ; ਖਾਸ ਕਰਕੇ ਸੀਰੀਆ ਦੀ ਤਬਾਹੀ ਦੀਆਂ ਇਹੋ ਜਿਹੀਆਂ ਖਬਰਾਂ ਅਤੇ ਤਸਵੀਰਾਂ ਟੀਵੀ ’ਤੇ ਆਮ ਦਿਖਾਈ ਦਿੰਦੀਆਂ ਉਨ੍ਹੀਂ ਦਿਨੀਂ ... ਕਦੇ ਅਮਰੀਕਾ ਵਿੱਚ ਕਿਸੇ ਸਿਰ ਫਿਰੇ ਨੇ ਲੋਕਾਂ ਦੇ ਇਕੱਠ ’ਤੇ ਅੰਨ੍ਹੇ ਵਾਹ ਗੋਲੀ ਚਲਾ ਦਿੱਤੀ ... ਕਦੇ ਫਰਾਂਸ ਵਿੱਚ ਜਾਂ ਕੈਨੈਡਾ ਵਿੱਚ ਤੁਰੇ-ਫਿਰਦੇ ਲੋਕਾਂ ’ਤੇ ਟਰੱਕ ਚੜ੍ਹਾ ਦਿੱਤੇ ... ਸੱਚੀਂ ਮਨ ਦਾ ਜਿਵੇਂ ਸਕੂਨ ਹੀ ਚਲਾ ਗਿਆ ਤੇ ਹੁਣ ਇੱਥੇ ਵੀ ਉਹੀ ਖਬਰਾਂ! ਹਾਇ ਜੇ ਕਿਤੇ ਇੱਥੇ ਵੀ ਕਿਸੇ ਸਿਰ ਫਿਰੇ ਨੇ ਆ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਤਾਂ ... ਇਕੱਠ ਜੁ ਇੰਨਾ ਹੋਇਆ! ਲਉ ਔਹ ਖੜ੍ਹੀ ਏ ਪਿੰਕੀ!

ਅਚਾਨਕ ਨਜ਼ਰ ਫਿਸਲ ਕੇ ਬੂਹੇ ਕੋਲ ਖੜ੍ਹੀ ਪਿੰਕੀ ’ਤੇ ਪੈ ਗਈ, ਮੈਂਨੂੰ ਦੇਖਦਿਆਂ ਹੀ ਮੇਰੇ ਵੱਲ ਦੌੜੀ ਆਈ ਤੇ ਸਿਰ ਤੋਂ ਪੈਰਾਂ ਵੱਲ ਵੇਖਦੀ ਇੱਕ ਹੱਥ ਠੋਡੀ ’ਤੇ ਰੱਖ, ਸਿਰ ਜਿਹਾ ਟੇਢਾ ਕਰ ਸ਼ਰਾਰਤ ਨਾਲ ਕਹਿਣ ਲੱਗੀ,

“ਹਾਇ ਮੈਂ ਮਰ ਜਾਵਾਂ! ਦੇਖੀਂ ਕਿਤੇ ਨਜ਼ਰ ਹੀ ਨਾ ਲਵਾਂ ਲਈਂ ਅੱਜ ...!”

“ਕਮ ਔਨ! ਨਾ ਹਾਇ ਨਾ ਹੈਲੋ! ਬੱਸ ਮਜ਼ਾਕ ਹੀ ਸੁੱਝਦੈ ਤੈਨੂੰ ... ਹਰ ਵੇਲੇ ... ਹੈਂ ...! ਉੱਦਾਂ ਘੱਟ ਤਾਂ ਤੂੰ ਵੀ ਨਹੀਂ ਕੀਤੀ ਅੱਜ, ਜਿੱਦਾਂ ਤੂੰ ਕਪਿਲ ਸ਼ਰਮਾ ਨੂੰ ਵੇਖਣ ਨਹੀਂ ਆਈ, ਉਹ ਤੈਨੂੰ ਵੇਖਣ ਆਇਐ?”

ਕਹਿਣ ਨੂੰ ਤਾਂ ਮੈਂ ਮਜ਼ਾਕ ਵਿੱਚ ਕਹਿ ਦਿੱਤਾ ਪਰ ਧਿਆਨ ਜਿਵੇਂ ਉੱਖੜਿਆ ਪਿਆ ਸੀ ਅਸੀਂ ਇੱਕ ਦੂਜੀ ਨਾਲ ਗੱਲਾਂ ਕਰਦੀਆਂ ਹਾਲ ਵੱਲ ਨੂੰ ਤੁਰ ਪਈਆਂ-ਜਿੱਥੇ ਪ੍ਰੋਗਰਾਮ ਹੋਣਾ ਸੀਉੱਚੀ ਅੱਡੀ ਦੇ ਸੈਂਡਲ ਪਾਈ, ਠੁਮਕ ਠੁਮਕ ਕਰਦੀਆਂ, ਸਟੇਡੀਅਮ ਦੀਆਂ ਪੌੜੀਆਂ ਉੱਤਰਨ ਲੱਗੀਆਂ ਪਿੰਕੀ ਗੱਲਾਂ ਕਰੀ ਜਾਵੇ ਅਤੇ ਮੈਂ ਸਟੇਡੀਅਮ ਵਿੱਚ ਜਮ੍ਹਾਂ ਲੋਕਾਂ ਨੂੰ ਵੇਖ ਵੇਖ ਹੈਰਾਨ ਹੋਈ ਜਾਵਾਂ ਇੰਨਾ ਕਰੇਜ਼ ਕਪਿਲ ਦਾ, ਸਾਡੇ ਆਪਣੇ ਪੰਜਾਬ ਦਾ ਮੁੰਡਾ - ਮਾਣ ਨਾਲ ਸਿਰ ਜਿਹਾ ਉੱਚਾ ਹੋ ਗਿਆਇਕਦਮ ਹਾਲ ਵਿੱਚ ਹਨੇਰਾ ਪਸਰ ਗਿਆ ਕਪਿਲ ਸਟੇਜ ’ਤੇ ਆ ਗਿਆ, ਹਾਲ ਤਾੜੀਆਂ ਨਾਲ ਗੂੰਜ ਪਿਆ ਉਸੇ ਵੇਲੇ ਪਤਾ ਨਹੀਂ ਕੀ ਹੋਇਆ ਕਿ ਮੈਂ ਪੌੜੀਆਂ ਉੱਤਰਦੀ ਉੱਤਰਦੀ ‘ਧੜੰਮ’ ਕਰਕੇ ਹੇਠਾਂ ਡਿੱਗ ਪਈ ਤੇ ਪੌੜੀਆਂ ਤੋਂ ਰਿੜ੍ਹਦੀ ਨੂੰ ਅੱਗੇ ਜਾਂਦੇ ਲੋਕਾਂ ਨੇ ਮਸਾਂ ਰੋਕਿਆ ਕੁਝ ਸਮੇਂ ਤਕ ਤਾਂ ਹੋਸ਼ ਹੀ ਗੁੰਮ ਹੋ ਗਏਪਤਾ ਹੀ ਨਾ ਲੱਗੇ ਕੀ ਹੋਇਆ, ਕਿਵੇਂ ਹੋਇਆਸੱਜੀ ਬਾਂਹ ਟੁੱਟ ਕੇ ਲਟਕਦੀ ਵੇਖ ਕੇ ਮੇਰੀਆਂ ਚੀਕਾਂ ਨਿੱਕਲ ਗਈਆਂ, “ਹਾਇ ਮੇਰੀ ਬਾਂਹ!” ਮੱਥੇ ਨੂੰ ਹੱਥ ਲਾਇਆ, “ਹਾਇ ਮੇਰੇ ਮੱਥੇ ’ਤੇ ਐਡਾ ਵੱਡਾ ਰੋੜ?” ਪੈਰ ਚੁੱਕਾਂ ਤਾਂ ਚੁੱਕ ਹੀ ਨਾ ਹੋਵੇਪਿੰਕੀ ਵੀ ਕੋਲ ਖੜ੍ਹੀ ਅੱਖਾਂ ਪੂੰਝੀ ਜਾਵੇ, “ਓ ਮਾਈ ਗੌਡ! ਆਹ ਕੀ ਹੋ ਗਿਆ ... ਪਲੀਜ਼ ਸਕਿਉਰਟੀ ਨੂੰ ਬੁਲਾ ਦਿਉ

ਆਲੇ ਦੁਆਲੇ ਦੇ ਲੋਕ ਦੌੜੇ ਆਏ ਮੈਂਨੂੰ ਚੁੱਕਿਆ ਤੇ ਇੱਕ ਨਰਸ ਦੇ ਹਵਾਲੇ ਕਰ ਦਿੱਤਾ ਉੱਥੋਂ ਐਂਬੂਲੈਂਸ ਵਾਲੇ ਸਥਾਨਕ ਹਸਪਤਾਲ ਵਿੱਚ ਲੈ ਗਏ ਉਨ੍ਹਾਂ ਮੇਰੀ ਬਾਂਹ ਦਾ ਅਪਰੇਸ਼ਨ ਕਰਕੇ ਵਿੱਚ ਪਲੇਟ ਪਾ ਕੇ ਉੱਪਰ ਪਲੱਸਤਰ ਲਗਾ ਦਿੱਤਾ ਤੇ ਦਵਾਈਆਂ ਲਿਖ ਕੇ ਘਰ ਨੂੰ ਤੋਰ ਦਿੱਤਾ

“ਅੱਜ ਤਾਂ ਸੱਚੀਂ ਹਾਸੇ ਦਾ ਮੜਾਸਾ ਹੀ ਹੋ ਗਿਆ” ਪਰੇਸ਼ਾਨ ਪਿੰਕੀ ਨੇ ਕਾਰ ਸਟਾਰਟ ਕਰਕੇ ਤੁਰਦਿਆਂ ਚੁੱਪ ਤੋੜੀ

“ਰਿੱਧੀ ਖੀਰ ਤੇ ਹੋ ਗਿਆ ਦਲੀਆ! ਇਟ ਵਾਜ਼ ਸੋ ਅਨਸਰਟਨ! ਆਈ ਐੱਮ ਸੋ ਸੌਰੀ ਪਿੰਕੀ, ਤੇਰਾ ਵੀ ਸ਼ੋਅ ਖਰਾਬ ਕਰ ਦਿੱਤਾ

“ਐਨਾ ਥੋੜ੍ਹਾ ਐ ਤੂੰ ਬਚ ਗਈ ਪਤਾ ਨਹੀਂ ਕੀ ਹੋ ਜਾਣਾ ਸੀ ਜਿਵੇਂ ਗੇਂਦ ਵਾਂਗ ਤੂੰ ਹੇਠਾਂ ਨੂੰ ਰਿੜਦੀ ਜਾਂਦੀ ਸੀ? ਮੈਂ ਤਾਂ ਬਹੁਤ ਘਬਰਾ ਗਈ ਸੀ ਉਸ ਵੇਲੇ, ਹੋਇਆ ਕੀ ਸੀ? ਕੀ ਸੋਚਦੀ ਸੀ ਤੂੰ?” ਪਿੰਕੀ ਨੇ ਸਟੀਅਰਿੰਗ ਮੋੜਦਿਆਂ ਸਵਾਲਾਂ ਦੀ ਝੜੀ ਲਗਾ ਦਿੱਤੀ

“ਸੋਚਣਾ ਕੀ ਐ ... ਬੱਸ ਐਵੇਂ ਹੀ ...! ਘਬਰਾ ਤਾਂ ਯਾਰ ਮੈਂ ਵੀ ਬਹੁਤ ਗਈ ਸੀ ... ਪਰ ਚਲੋ! ਘਰ ਨਹੀਂ ਦੱਸਣਾ, ਓ ਕੇ, ਐਵੇਂ ਦੂਰ ਬੈਠਿਆ ਨੂੰ ਕਾਹਨੂੰ ਫਿਕਰਾਂ ਵਿੱਚ ਪਾਉਣਾ

“ਚਲੋ ਨਹੀਂ ਦੱਸਦੀ, ਮੈਂ ਛੁੱਟੀਆਂ ਲੈ ਕੇ ਤੇਰੇ ਕੋਲ ਆ ਜਾਂਦੀ ਹਾਂ ... ਪਈ ਐ ਮਹੀਨੇ ਦੀ ਛੁੱਟੀ ਮੇਰੇ ਕੋਲ”

“ਨਾ ਨਾ, ਤੂੰ ਕਰ ਆਪਣਾ ਕੰਮ ਮੈਂ ਆਪੇ ਟੇਕ ਕੇਅਰ ਕਰ ਲਵਾਂਗੀ

“ਪਾਗਲ ਐਂ ... ਸੱਜੀ ਬਾਂਹ ਐ ... ਬਹੁਤ ਕਰ ਲਵੇਂਗੀ ਤੂੰ ... ਕਿਵੇਂ ਕਰੇਂਗੀ ਸਾਰਾ ਕੁਝ?”

ਮੈਂ ਉਸਦਾ ਕਹਿਣਾ ਮੰਨ ਲਿਆ ਹੋਰ ਇਸ ਪਰਦੇਸ ਵਿੱਚ ਹੈ ਵੀ ਕੌਣ ਆਪਣਾ? ਸੋਚਿਆ, ਇਕੱਲੇ ਰਹਿ ਰਹਿ ਕੇ ਊਲ ਜਲੂਲ ਸੋਚਦੀ ਰਹਿੰਦੀ ਹਾਂ, ਕੁਝ ਦਿਨ ਦਿਲ ਹੋਰ ਥਾਂ ਪੈ ਜਾਊਪਿੰਕੀ ਨੂੰ ਪਤਾ ਹੈ ਕਿ ਮੈਂ ਕਿੰਨਾ ਘਬਰਾ ਜਾਂਦੀ ਹਾਂ ਨਿੱਕੇ ਜਿਹੇ ਦੁੱਖ ਤੋਂਪਿੰਕੀ ਆਪ ਬਹੁਤ ਸੀਰੀਅਸ ਸੁਭਾਅ ਦੀ ਹੈ ਅਤੇ ਬਹੁਤ ਘੱਟ ਬੋਲਦੀ ਹੈਦਰਅਸਲ ਪਿੰਕੀ ਤੇ ਮੈਂ ਇੱਕੋ ਪਿੰਡ ਤੋਂ ਹਾਂ; ਬਚਪਨ ਤੋਂ ਇਕੱਠੀਆਂ ਖੇਡੀਆਂ, ਪੜ੍ਹੀਆਂ ਅਤੇ ਬੀ.ਏ. ਕਰਕੇ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਆ ਪਹੁੰਚੀਆਂਇੱਕੋ ਕਾਲਜ ਤੋਂ ਟਰੈਵਲ ਐਂਡ ਟੂਰਿਜ਼ਮ ਦਾ ਡਿਪਲੋਮਾ ਕਰਕੇ ਵੱਖ ਵੱਖ ਸ਼ਹਿਰਾਂ ਵਿੱਚ ਜੌਬ ਕਰਨ ਲੱਗੀਆਂ ਉਸ ਨੂੰ ਇੱਕ ਹੋਟਲ ਦੀ ਰਿਸੈਪਸ਼ਨ ’ਤੇ ਕੰਮ ਮਿਲ ਗਿਆ ਅਤੇ ਮੈਂ ਇੱਕ ਟਰੈਵਲ ਏਜੰਸੀ ਵਿੱਚ ਕੰਮ ਕਰਨ ਲੱਗੀਜੀ ਟੀ ਏ ਵਿੱਚ ਕੋਈ ਵੀ ਪੰਜਾਬੀ ਪ੍ਰੋਗਰਾਮ ਹੋਵੇ ਅਸੀਂ ਇਕੱਠੀਆਂ ਹੋ ਜਾਂਦੀਆਂ, ਇਸੇ ਤਰ੍ਹਾਂਕਪਿਲ ਸਾਡੇ ਦੋਹਾਂ ਦਾ ਚਹੇਤਾ ਕਲਾਕਾਰ ਹੈ, ਇਸ ਲਈ ਅਸੀਂ ਬੜੇ ਉਤਸ਼ਾਹ ਨਾਲ ਸਜ ਧਜ ਕੇ ਆਈਆਂ ਸਾਂ

ਮੈਂ ਹੱਸ ਕੇ ਕਿਹਾ, “ਅੱਜ ਲਗਦਾ ਹੈ ਨਾ ਕਿ ਘਰ ਦਿਆਂ ਦੇ ਆਖੇ ਲੱਗ ਕੇ ਵਿਆਹ ਕਰਵਾ ਲੈਣਾ ਚਾਹੀਦਾ ਸੀ! ਚਲੋ ਕੋਈ ਸੇਵਾ ਤਾਂ ਕਰਨ ਵਾਲਾ ਹੁੰਦਾ ...”

ਪਿੰਕੀ ਵਿੱਚੋਂ ਹੀ ਬੋਲ ਪਈ, “ਵਿਆਹ? ਕਦੋਂ ਕਰਵਾਉਣਾ ਸੀ? ਸਮਾਂ ਹੀ ਕਦੋਂ ਮਿਲਿਆ ਤੈਨੂੰ? ਪਹਿਲਾਂ ਕੈਨੇਡਾ ਆਉਣ ਲਈ ਸਿਰ ਤੋੜ ਮਿਹਨਤ, ਫੇਰ ਇੱਥੇ ਆ ਕੇ ਪੜ੍ਹਾਈ ਵਰਕ ਪਰਮਿਟ, ਨੌਕਰੀ ਅਤੇ ਪੀ ਆਰ! ਨਾਲੇ ਕਰਦਾ ਸੇਵਾ ਤੇਰੀ ਉਹ? ਅਗਲੇ ਨੇ ਪੀ. ਆਰ. ਕਾਰਡ ਲੈ ਕੇ ਔਹ ਜਾਣਾ ਸੀ ...” ਉਸਨੇ ਇੱਕ ਠੰਢਾ ਸਾਹ ਲਿਆ ਤੇ ਚੁੱਪ ਕਰ ਗਈ

ਮੈਂ ਹੀ ਚੁੱਪ ਤੋੜੀ, “ਉੱਦਾਂ ਹੁਣ ਮਿਲੇਗਾ ਵੀ ਕੌਣ ਆਪਾਂ ਨੂੰ? ਪੈਂਤੀ ਸਾਲਾਂ ਦੀ ਉਮਰ ਹੋ ਗਈ ਆਪਣੀ ... ਹੁਣ ਤਾਂ ਆਪਾਂ ਦੋਵੇਂ ਹੀ ਕਰਵਾ ਲਈਏ ਵਿਆਹ!”

“ਛੀ ਛੀ! ਕਿੱਦਾਂ ਦੀਆਂ ਗੱਲਾਂ ਕਰਦੀ ਏਂ ਅੱਜ? ਪਾਗਲ ਤਾਂ ਨਹੀਂ ਹੋ ਗਈ? ਬਹੁਤ ਦਰਦ ਹੁੰਦੀ ਏ?” ਪਿੰਕੀ ਨੇ ਮੇਰੇ ਮੂੰਹ ਵੱਲ ਵੇਖ ਰਹੀ ਸੀ

“ਮੈਂ ਤਾਂ ਐਵੇਂ ਤੈਨੂੰ ਹਸਾਉਣ ਦੀ ਕੋਸ਼ਿਸ਼ ਕਰਦੀ ਸੀ, ਦਰਦ ਤਾਂ ਨਹੀਂ ਹੁੰਦੀ ਬਿਲਕੁਲ

ਅਸੀਂ ਘਰ ਪਹੁੰਚ ਗਈਆਂਪਿੰਕੀ ਨੇ ਮੇਰੇ ਪਰਸ ਵਿੱਚੋਂ ਆਪੇ ਚਾਬੀਆਂ ਕੱਢੀਆਂ ਅਤੇ ਬੂਹਾ ਖੋਲ੍ਹਿਆ ਮੈਂਨੂੰ ਆਸਰਾ ਦੇ ਕੇ ਅੰਦਰ ਲੈ ਕੇ ਗਈ

“ਕੁਝ ਖਾਣੈ?”

“ਭੁੱਖ ਤਾਂ ਲੱਗੀ ਹੋਈ ਐ ਬੜੀ, ਸੱਚੀਂ!”

“ਦੱਸ ਕੀ ਬਣਾਂਵਾਂ?”

“ਚੱਲ ਦੁੱਧ ਦਾ ਕੱਪ ਕੱਪ ਪੀ ਕੇ ਸੌ ਜਾਂਦੇ ਹਾਂ, ਹੁਣ ਅੱਧੀ ਰਾਤ ਨੂੰ ਕੀ ਬਣਾਵੇਂਗੀ?”

ਪਰ ਮੈਂ ਸਾਰੀ ਰਾਤ ਨਾ ਸੌਂ ਸਕੀਸਿਰ ਅਤੇ ਲੱਤ ਦੇ ਦਰਦ ਦੇ ਨਾਲ ਨਾਲ ਬਾਂਹ ’ਤੇ ਲੱਗੇ ਕਾਸਟ ਕਰਕੇ ਵੀ ਬੇਆਰਾਮੀ ਹੋ ਰਹੀ ਸੀਅੱਜ ਹਸਪਤਾਲ ਵਿੱਚ ਕਿੰਨੇ ਜ਼ਖਮੀ ਵੇਖ ਕੇ ਪਤਾ ਨਹੀਂ ਕਿਉਂ ਇੱਕ ਦਮ ਸੀਰੀਆਂ ਦੀ ਤਬਾਹੀ ਦੇ ਜ਼ਖਮੀਆਂ ਦੀ ਤਸਵੀਰ ਸਾਹਮਣੇ ਆ ਗਈ ਅਸੀਂ ਨਿੱਕੇ ਜਿਹੇ ਦੁੱਖ ਤੋਂ ਘਬਰਾ ਜਾਂਦੇ ਹਾਂ! ਉਹ ਵਿਚਾਰੇ? ਕਿੰਨੇ ਜ਼ਖਮੀ ਲੋਕਾਂ ਦੀਆਂ ਚੀਕਾਂ ਮੈਂਨੂੰ ਸੁਣਨ ਲੱਗੀਆਂਕਿਸੇ ਦੀ ਬਾਂਹ ਗਾਇਬ ... ਕਿਸੇ ਦੀ ਲੱਤ ... ਉਹ ਬੇਘਰ ਭਟਕਦੇ ਲੋਕ! ਰੋਂਦੇ ਚਿੱਲਾਉਂਦੇ ਘਰ ਛੱਡ ਕੇ ਭੱਜਦੇ ... ਬਿਮਾਰ ... ਬੁੱਢੇ ... ਬੱਚੇਸੋਚਦਿਆਂ ਰਾਤ ਲੰਘ ਗਈ ਕਿਵੇਂ ਲੰਘਦੀਆਂ ਹੋਣਗੀਆਂ ਉਨ੍ਹਾਂ ਦੀਆਂ ਰਾਤਾਂ? ਕਿਵੇਂ ਰਹਿੰਦੇ ਹੋਣਗੇ ਆਸਮਾਨ ਦੀ ਛੱਤ ਹੇਠ ... ਬਹੁਤ ਖਬਰਾਂ ਸੁਣੀਆਂ ... ਸੋਸ਼ਲ ਮੀਡੀਆ ’ਤੇ ਘੁੱਗ ਵਸਦੇ ਸ਼ਹਿਰ ਬੰਬਾਂ ਨਾਲ ਉਡਦੇ ਵੇਖੇ ... ਲੋਕ ਬੀਆਬਾਨ ਥਾਵਾਂ ’ਤੇ ਭਟਕਦੇ ਵੇਖੇ ... ਕੇਹਾ ਆਤੰਕ ਫੈਲ ਗਿਆ ਹੈ ਦੁਨੀਆ ’ਤੇ... ਅੱਖਾਂ ਵਿੱਚੋਂ ਆਪ ਮੁਹਾਰੇ ਪਾਣੀ ਦੀਆਂ ਧਾਰਾਂ ਵਗ ਤੁਰੀਆਂ ਮੈਂ ਡੁਸਕਦੀ ਰਹੀ ਅਤੇ ਇਹੀ ਸੋਚਦੀ ਰਹੀ ਰਾਤ ਭਰ ਪਤਾ ਨਹੀਂ ਕਦੋਂ ਸੁੱਤੀ ਸਵੇਰੇ ਉੱਠੀ ਤਾਂ ਗੋਡੇ ਗੋਡੇ ਦਿਨ ਚੜ੍ਹ ਆਇਆ ਸੀਇੰਝ ਔਖਿਆਂ ਸੌਖਿਆਂ ਸੱਤ ਦਿਨ ਅਤੇ ਸੱਤ ਰਾਤਾਂ ਕੱਟ ਲਈਆਂ

ਹਫਤੇ ਬਾਅਦ ਚੈੱਕ ਅੱਪ ਲਈ ਫੇਰ ਅਸੀਂ ਉਸੇ ਹਸਪਤਾਲ ਜਾ ਰਹੀਆਂ ਸਾਂ ਸੌ ਕਿਲੋਮੀਟਰ ਦੀ ਸਪੀਡ ’ਤੇ ਹਾਈਵੇਅ ’ਤੇ ਦੌੜ ਰਹੀ ਕਾਰ ... ਖੂਬਸੂਰਤ ‘ਲੌਂਗ ਡਰਾਈਵ’ ਦਾ ਆਨੰਦ ਮਾਣਦੀਆਂ, ਆਪੋ ਆਪਣੀਆਂ ਸੋਚਾਂ ਵਿੱਚ ਗੁੰਮ, ਕਾਰ ਵਿੱਚ ਚੁੱਪ-ਚਾਪ ਬੈਠੀਆਂ ਸਾਂ ਅਸੀਂ ਦੋਵੇਂ ਬਾਹਰ ਦੂਰ ਤਕ ਫੈਲੇ ਹਰੇ ਰੁੱਖ ਅਤੇ ਪਾਣੀ ਨਾਲ ਭਰੀਆਂ ਝੀਲਾਂ ਸਾਹਮਣੀ ਪਹਾੜੀ ’ਤੇ ਨਜ਼ਰ ਆਉਂਦਾ ਹਰੇ ਕਚੂਰ ਰੁੱਖਾਂ ਦਾ ਸੰਘਣਾ ਝੁੰਡ, ਸਿਰ ਉੱਪਰ ਖੁੱਲ੍ਹਾ ਅਸਮਾਨ, ਕੁਦਰਤ ਦੀ ਖੂਬਸੂਰਤੀ ਦਾ ਦਿਲਕਸ਼ ਨਜ਼ਾਰਾ ਇਹ ਸਭ ਸਾਡੇ ਨਾਲ ਨਾਲ ਚੱਲਿਆ ਆ ਰਿਹਾ ਸੀਸੁਹਾਵਣੀ ਹਵਾ ਨੇ ਮਨ ਵਿੱਚ ਇੱਕ ਚਾਅ ਜਿਹਾ ਭਰ ਦਿੱਤਾ

“ਕਾਸ਼! ਇਹ ਦਰਖਤ ਸਦਾ ਇੱਦਾਂ ਹੀ ਹਰੇ ਭਰੇ ਰਹਿਣ

“ਪਰ ਬਦਲਾਅ ਤਾਂ ਕੁਦਰਤ ਦਾ ਸੁਭਾਅ ਹੈ ਨਾ! ਅਗਸਤ ਤਾਂ ਲੰਘ ਚੱਲਿਆ ਏ। ਮੌਸਮ ਨੇ ਤਾਂ ਬਦਲਣਾ ਹੀ ਹੈ ਹੁਣ ਪੱਤਝੜ ਤਾਂ ਆਈ ਖੜੀ ... ਪੱਤਿਆਂ ਨੇ ਤਾਂ ਝੜਣਾ ਹੀ ਹੈ ਇੱਕ ਦਿਨ” ਪਿੰਕੀ ਨੇ ਸਹਿਜ ਹੀ ਜਵਾਬ ਦਿੱਤਾ

“ਜ਼ਿੰਦਗੀ ਬਹੁਤ ‘ਅਨਸਰਟਨ’ ਹੈ; ਕੁਝ ਵੀ ਪਤਾ ਨਹੀਂ ਲੱਗਦਾ, ਨਾ ਖੁਸ਼ੀ ਦਾ ਨਾ ਗ਼ਮੀ ਦਾ ...! ਵੇਖ ਨਾ ਉਸ ਦਿਨ ਅਚਾਨਕ ਹੀ ਕਿਵੇਂ ਇਹ ਹਾਦਸਾ ਵਾਪਰ ਗਿਆ ... ਸੋਚਦੀ ਹਾਂ ਜੇ ਕੋਈ ਆਤੰਕੀ ਉੱਥੇ ਆ ਜਾਂਦਾ ... ਕਿੰਨੇ ਲੋਕਾਂ ਦੀਆਂ ਜਾਨਾਂ ਸਟੇਕ ’ਤੇ ਸਨ ... ਮੌਸਮ ਤਾਂ ਖੈਰ ਬਦਲਣੇ ਹੀ ਹੋਏ” ਇਸ ਤੋਂ ਪਹਿਲਾਂ ਕਿ ਪਿੰਕੀ ਮੈਂਨੂੰ ਨੈਗੇਟਿਵ ਹੋਣ ’ਤੇ ਝਿੜਕਦੀ ਮੈਂ ਗੱਲ ਬਦਲ ਦਿੱਤੀ, “ਹਾਂ ਯਾਰ ...!”

“ਹੁਣ ਥੋੜ੍ਹੇ ਚਿਰ ਬਾਅਦ ਬਰਫ਼ਾਂ ਪੈਣੀਆਂ ਸ਼ੁਰੂ ਹੋ ਜਾਣੀਆਂ ... ਪਰ ਫੇਰ ਨਵੰਬਰ ਵਿੱਚ ਕ੍ਰਿਸਮਸ ਦੀ ਸਜਾਵਟ ਵੀ ਤਾਂ ਸ਼ੁਰੂ ਹੋ ਜਾਣੀ ਆ ਦਸੰਬਰ ਵਿੱਚ ਕ੍ਰਿਸਮਸ ਪਾਰਟੀਆਂ ...! ਉਂਝ ਵੇਖਿਆ ਜਾਵੇ ਤਾਂ ਮਨੁੱਖ ਹੈ ਬੜਾ ਸਕੀਮੀ ... ਸਰਦੀਆਂ ਦੀਆਂ ਉਦਾਸ ਕਾਲ਼ੀਆਂ ਠੰਢੀਆਂ ਰਾਤਾਂ ਨੂੰ ਖੂਬਸੂਰਤ ਬੱਤੀਆਂ ਨਾਲ ਸਜ਼ਾ ਕੇ ਹਨੇਰੇ ਨੂੰ ਚਾਨਣ ਨਾਲ ਭਰ ਲੈਂਦਾ ਆ ਤੇ ਕਹਿੰਦਾ ਆ ਕਿ ਕ੍ਰਿਸਮਸ ਮਨਾ ਰਿਹੈ” ਮੈਂ ਬਾਰੀ ਦਾ ਸ਼ੀਸ਼ਾ ਬੰਦ ਕਰਦਿਆਂ ਹੁੰਗਾਰਾ ਭਰਿਆ

ਨਿੱਕੀਆਂ ਨਿੱਕੀਆਂ ਗੱਲਾਂ ਕਰਦੀਆਂ ਹਸਪਤਾਲ ਪਹੁੰਚ ਗਈਆਂ ਕਾਰ ਪਾਰਕ ਕੀਤੀ ਅਤੇ ਫਰੈਕਚਰ ਕਲੀਨਿਕ ਦੀ ਲਾਊਂਜ ਵਿੱਚ ਜਾ ਬੈਠੀਆਂ ਪਿੰਕੀ ਮੇਰੇ ਕੋਲ ਬੈਠੀ ਆਪਣਾ ਫੋ਼ਨ ਚੈੱਕ ਕਰਨ ਲੱਗ ਪਈ, ਸ਼ਾਇਦ ਫ਼ੇਸਬੁੱਕ ਦੇਖ ਰਹੀ ਸੀ ਆਸੇ ਪਾਸੇ ਬੈਠੇ ਲੋਕ ਵੀ ਆਪਣੇ ਆਪਣੇ ਫੋਨ ’ਤੇ ਕੁਝ ਵੇਖਣ ਵਿੱਚ ਵਿਅਸਤ ਸਨ ਲਾਊਂਜ ਵਿੱਚ ਚੂੰ ਜਿੰਨੀ ਵੀ ਆਵਾਜ਼ ਨਹੀਂ ਸੀ ਇੱਥੋਂ ਤਕ ਕਿ ਟੀ ਵੀ ਸਿਰਫ ਤਸਵੀਰਾਂ ਦਿਖਾ ਰਿਹਾ ਸੀਅਚਾਨਕ ਪਿੰਕੀ ਨੇ ਮੇਰੇ ਮੂਹਰੇ ਫੋਨ ਦੀ ਸਕਰੀਨ ਕਰਦਿਆਂ ਕਿਹਾ, “ਆਹ ਵੇਖਿਐ ਤੂੰ?”

“ਕੀ?” ਮੈਂ ਸਕਰੀਨ ’ਤੇ ਨਜ਼ਰ ਮਾਰੀ ਪਹਿਲੀ ਨਜ਼ਰੇ ਮੈਂਨੂੰ ਜਾਪਿਆ ਜਿਵੇਂ ਕੋਈ ‘ਸਟੱਫ਼ਡ ਟੁਆਏ` ਬੀਚ ’ਤੇ ਪਿਆ ਹੈ ਧਿਆਨ ਨਾਲ ਵੇਖਿਆ ਤਾਂ ਮੇਰਾ ਦਿਲ ਕੰਬ ਗਿਆ, “ਆਹ ਕੀ?” ਵੇਖ ਕੇ ਮੈਂ ਬਿਲਕੁਲ ਸੁੰਨ ਹੋ ਗਈ ਇੱਕ ਨਿੱਕਾ ਜਿਹਾ ਬੱਚਾ ਲਾਲ ਸ਼ਰਟ ਅਤੇ ਨੀਲੀ ਨਿੱਕਰ ਪਾਈ ਸਮੁੰਦਰ ਦੇ ਕੰਢੇ ਮੂਧਾ ਪਿਆ ਸੀ ਮੂੰਹ ਉਸਦਾ ਪਾਣੀ ਵਿੱਚ ਅਤੇ ਧੜ ਰੇਤ ’ਤੇ ਮੈਂ ਜਲਦੀ ਜਲਦੀ ਕੈਪਸ਼ਨ ਪੜ੍ਹੀ ਲਿਖਿਆ ਸੀ: ‘ਤਿੰਨ ਸਾਲਾਂ ਦਾ ਸੀਰੀਅਨ ਬੱਚਾ, ਆਇਲਨ ਕੁਰਡੀ ਤੁਰਕੀ ਦੇ ਸਮੁੰਦਰੀ ਤਟ ’ਤੇ`

ਮੇਰਾ ਤ੍ਰਾਹ ਨਿਕਲ ਗਿਆ ਦਿਲ ’ਤੇ ਹੱਥ ਧਰ, ਕਾਹਲੀ ਕਾਹਲੀ ਚੀਕਣ ਵਾਂਗ ਪਿੰਕੀ ਨੂੰ ਕਿਹਾ, “ਗੂਗਲ ’ਤੇ ਸਰਚ ਕਰਕੇ ਦੇਖ, ਇਹ ਦਿਲ ਕੰਬਾ ਦੇਣ ਵਾਲੀ ਤਸਵੀਰ ਕਿਸਦੀ ਹੈ?”

ਇੰਨੇ ਨੂੰ ਕੋਲ ਬੈਠਾ ਇੱਕ ਮਰੀਜ਼ ਸਾਡੀ ਘਬਰਾਹਟ ਵੇਖ ਕੇ ਸਕਰੀਨ ਵੱਲ ਇਸ਼ਾਰਾ ਕਰ ਕੇ ਦੱਸਣ ਲੱਗ ਪਿਆ, “ਇਹ ਤਸਵੀਰ ਅੱਜ ਸਵੇਰੇ ਤੁਰਕੀ ਦੀਆਂ ਨਿਊਜ਼ ਏਜੰਸੀਆਂ ਨੇ ਨਸ਼ਰ ਕੀਤੀ ਹੈ ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਤੁਹਾਨੂੰ ਪਤਾ ਹੈ ਨਾ, ਸੀਰੀਆ ਵਿੱਚ ਆਏ ਸੰਕਟ ਦਾ?”

“ਜੀ!”

“ਵੇਖਿਐ, ਕਿਵੇਂ ਸੀਰੀਆ ਵਿੱਚ ਹੋ ਰਹੀ ਸਿਵਿਲ ਵਾਰ ਦੇ ਆਤੰਕ ਤੋਂ ਬਚਣ ਲਈ, ਜਾਨਾਂ ਬਚਾਉਂਦੇ ਲੋਕ ਆਪਣੇ ਘਰ-ਬਾਰ ਛੱਡ ਕੇ ਆਲੇ ਦੁਆਲੇ ਦੇ ਦੇਸਾਂ ਵਿੱਚ ਪਨਾਹ ਲੈਣ ਲਈ ਭਟਕਦੇ ਫ਼ਿਰਦੇ ਨੇ ... ਤੱਟ ’ਤੇ ਮਰਨ ਵਾਲਾ ਇਹ ਬੱਚਾ ਵੀ ਉਨ੍ਹਾਂ ਗਿਆਰਾਂ ਸੀਰੀਅਨ ਰਫ਼ਿਊਜੀਆਂ ਵਿੱਚੋਂ ਹੀ ਇੱਕ ਸੀ, ਜਿਨ੍ਹਾਂ ਸੀਰੀਆ ਤੋਂ ਕਿਸ਼ਤੀ ਰਾਹੀਂ ਯੌਰਪ ਜਾਣਾ ਸੀ ਇਸ ਦੌਰਾਨ ਇਨ੍ਹਾਂ ਦੀ ਕਿਸ਼ਤੀ ਸਮੁੰਦਰ ਦੀ ਕਰੋਪੀ ਦੀ ਭੇਂਟ ਚੜ੍ਹ ਗਈ ਤੇ ...” ਉਸ ਨੇ ਬੜੇ ਉਦਾਸ ਲਹਿਜ਼ੇ ਵਿੱਚ ਇਹ ਜਾਣਕਾਰੀ ਦਿੱਤੀ ਤੇ ਚੁੱਪ ਕਰ ਗਿਆ

ਅਸੀਂ ਦੋਵੇਂ ਉਸ ਨੂੰ ‘ਥੈਂਕਸ’ ਕਹਿਣ ਦੀ ਬਜਾਇ ਇੱਕ ਦੂਜੇ ਦਾ ਰੁਆਂਸਿਆ ਮੂੰਹ ਵੇਖ ਰਹੀਆਂ ਸਾਂ ਤੇ ਪਿੰਕੀ ਫਿਰ ਬੁੜਬੁੜਾ ਰਹੀ ਸੀ, “ਭਲਾ ਇਹ ਬੱਚਾ ਕੌਣ ਹੈ? ਹਿੰਦੂ? ਮੁਸਲਿਮ? ਸਿੱਖ ਕਿ ਈਸਾਈ? ਇਸ ਨੂੰ ਤਾਂ ਅਜੇ ਮਜ਼ਹਬ ਦੇ ਅਰਥ ਵੀ ਨਹੀਂ ਪਤਾ ਹੋਣੇ। ਇਹਦਾ ਵਿਚਾਰੇ ਦਾ ਕੀ ਕਸੂਰ ਸੀ? ਹੋਰ ਕਿੰਨਾ ਕੁ ਘਾਣ ਹੋਏਗਾ ਧਰਮਾਂ ਦੇ ਨਾਂਵਾਂ ’ਤੇ? ਇਹੋ ਜਿਹੀ ਦਹਿਸ਼ਤ! ਕੀ ਮਨੁੱਖਤਾ ਬਿਲਕੁਲ ਮਰ ਚੁੱਕੀ ਹੈ? ਕੀ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਵਾਲਾ ਕੋਈ ਨਹੀਂ?”

ਮੈਂ ਉੱਠ ਕੇ ਖੜ੍ਹੀ ਹੋ ਗਈ ਅੱਖਾਂ ਅੱਗੇ ਉਹੀ ਤਸਵੀਰ ਬਾਰ ਬਾਰ ਤੈਰ ਰਹੀ ਸੀ, ਬਹੁਤ ਬੇਚੈਨ ਹੋ ਗਈ ਸਾਂਡਾਕਟਰ ਨੂੰ ਮਿਲ ਕੇ ਅਸੀਂ ਘਰ ਵੱਲ ਨੂੰ ਟੁਰ ਪਈਆਂ ਰਾਹ ਵਿੱਚ ਨਾ ਕਿਸੇ ਕੁਦਰਤੀ ਨਜ਼ਾਰੇ ਨੇ ਆਕਰਸ਼ਿਤ ਕੀਤਾ ਅਤੇ ਨਾ ਹੀ ਬਾਹਰ ਵੱਲ ਧਿਆਨ ਗਿਆ ਕਾਰ ਦਾ ਰੇਡੀਓ ਆਨ ਕਰ ਲਿਆ ਇੱਕ ਪੰਜਾਬੀ ਨਿਊਜ਼਼ ਚੈਨਲ ਦੱਸ ਰਿਹਾ ਸੀ, “ਇਸ ਵਕਤ ਜੋ ਸੀਰੀਆ ਵਿੱਚ ਹੋ ਰਿਹਾ ਹੈ ਉਹ ਸਾਡੇ ਸਮਿਆਂ ਵਿੱਚ ਮਨੁੱਖਤਾ ’ਤੇ ਆਇਆ ਸਭ ਤੋਂ ਵੱਡਾ ਸੰਕਟ ਹੈ ਲੋਕਾਂ ਦੀਆਂ ਮੀਲਾਂ ਲੰਮੀਆਂ ਕਤਾਰਾਂ ਯੌਰਪ ਦਾ ਬਾਰਡਰ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੀਆਂ ਹਨ ਬੁੱਢੇ, ਬੱਚੇ ਅਤੇ ਬਿਮਾਰ ਲੋਕ ਧਾਹੀਂ ਰੋ ਰਹੇ ਹਨ ਇਸ ਤ੍ਰਾਸਦੀ ਦਾ ਸ਼ਿਕਾਰ ਗਿਆਰਾਂ ਮਿਲੀਅਨ ਲੋਕ ਹੋ ਚੁੱਕੇ ਹਨ ਬਹੁਤੇ ਸ਼ਰਨਾਰਥੀ ਗਵਾਂਢੀ ਦੇਸ਼ਾਂ ਵਿੱਚ ਮੁੜ ਵਸੇਬਾ ਕਰਨ ਲਈ ਤੇ ਯੌਰਪ ਪਹੁੰਚਣ ਲਈ ਜੱਦੋਜਹਿਦ ਕਰ ਰਹੇ ਹਨ ...”

ਕੋਈ ਵੀ ਸੋਸ਼ਲ ਸਾਈਟ ਖੋਲ੍ਹ ਕੇ ਵੇਖਦੀ – ਫੇਸਬੁੱਕ, ਟਵਿਟਰ, ਗੂਗਲ ਅਤੇ ਹੋਰ ਮੀਡੀਆ, ਹਰ ਪਾਸੇ ਵਾਇਰਲ ਹੋਈ ਹੋਈ ਉਹੀ ਤਸਵੀਰ ਦਿਖਾਈ ਦਿੰਦੀ ਤੱਟ ’ਤੇ ਮੂਧੀ ਪਈ ਨਿੱਕੇ ਜਿਹੇ ਬੱਚੇ ਦੀ ਲਾਸ਼ ਮਨੁੱਖਤਾ ਦਾ ਮੂੰਹ ਚਿੜਾਉਂਦੀ ਰਹੀ ਕਿਸੇ ਨੇ ਇਸ ਤਸਵੀਰ ਹੇਠਾਂ ਇੱਕ ਹੋਰ ਕੈਪਸ਼ਨ ਜੋੜ ਦਿੱਤੀ, “ਕਹਿੰਦੇ ਨੇ ਇੱਕ ਤਸਵੀਰ ਮਿਲੀਅਨ ਡਾਲਰਜ਼ ਦੀ ਹੁੰਦੀ ਏ, ਇਹ ਤਸਵੀਰ ਟਰਿਲੀਅਨ ਡਾਲਰਜ਼ ਦੀ ਏ

ਇਸ ਤਸਵੀਰ ਨੇ ਦੁਨੀਆ ਹਿਲਾ ਦਿੱਤੀ ਇਹ ਤਸਵੀਰ ਮੇਰੀ ਰੂਹ ਕੱਢ ਕੇ ਲੈ ਗਈ

ਇੱਕ ਦਿਨ ਮੈਂ ਪਿੰਕੀ ਨੂੰ ਕਿਹਾ, “ਪਿੰਕੀ ਚੱਲ ਸੀਰੀਆ ਦੇ ਲੋਕਾਂ ਦੀ ਮਦਦ ਕਰਨ ਚੱਲੀਏ, ਮੈਂ ਬਹੁਤ ਡਿਸਟਰਬ ਹਾਂ

“ਕੀ ਕਰਾਂਗੇ? ਕਿਵੇਂ ਕਰਾਂਗੇ? ਤੇਰੀ ਤਾਂ ਆਪ ਬਾਂਹ ਟੁੱਟੀ ਪਈ ਐ!”

“ਟੀਵੀ ’ਤੇ ਵੇਖਿਆ ਨਹੀਂ, ਕਈ ਚੈਰਿਟੀ ਸੰਸਥਾਵਾਂ ਨਾਲ ਜੁੜੇ, ਅਨੇਕ ਵਲੰਟੀਅਰ ਲੋਕਾਂ ਨੂੰ ਇਨ੍ਹਾਂ ਰਿਫਿਊਜੀਆਂ ਦੀ ਮਦਦ ਕਰਦਿਆਂ ...!”

“ਚਲੋ ਪੁੱਛਦੇ ਹਾਂ, ਆਪਾਂ ਕੀ ਕਰ ਸਕਦੇ ਹਾਂ ਕੁਛ ਫੰਡ ਰੇਜ਼ ਕਰਕੇ ਭੇਜੀਏ ਆਪਾਂ?”

“ਹਾਂ, ਇੰਨਾ ਕੰਮ ਤਾਂ ਆਪਾਂ ਕਰ ਹੀ ਸਕਦੇ ਹਾਂ ...”

ਮਨ ਬਹੁਤ ਪਰੇਸ਼ਾਨ ਰਹਿੰਦਾ ਸੋਚਦੀ ਰਹੀ ਕੀ ਕਰੀਏ ਤੇ ਕਿਵੇਂ ਕਰੀਏ! ਹਾਲਤ ਇਹ ਸੀ ਇੱਕ ਦਿਨ ਪਾਣੀ ਪੀਣ ਲਈ ਗਿਲਾਸ ਚੁੱਕਿਆ ਤਾਂ ਉਹ ਹੱਥ ਵਿੱਚੋਂ ਛੁੱਟ ਗਿਆ ਫਰਸ਼ ’ਤੇ ਪਾਣੀ ਹੀ ਪਾਣੀ ਹੋ ਗਿਆ ਪਾਣੀ ਵੇਖ ਕੇ ਉਹੀ ਸੀਨ ਫਿਰ ਯਾਦ ਆ ਗਿਆ ਚੀਜ਼ਾਂ ਹੱਥੋਂ ਛੁੱਟ ਛੁੱਟ ਜਾਂਦੀਆਂ ਸਨ ਮੈਂ ‘ਆਈ ਪੈਡ’ ਖੋਲ੍ਹ ਕੇ ਬੈਠ ਗਈ ਉਹੀ ਤਸਵੀਰ ਫੇਰ ਸਾਹਮਣੇ ਆ ਗਈ ਹੋਰ ਹੇਠਾਂ ਸਕਰੌਲ ਕੀਤਾ ਤਾਂ ਕਿੰਨਾ ਚਿਰ ਆਇਲਨ ਦੀਆਂ ਹਾਦਸੇ ਤੋਂ ਪਹਿਲਾਂ ਹੱਸਦੇ ਖੇਡਦੇ ਦੀਆਂ ਤਸਵੀਰਾਂ ਵੇਖਦੀ ਰਹੀ ਕਿਵੇਂ ਹੱਸਦੇ ਖੇਡਦੇ ਬੱਚੇ ਮਨੁੱਖ ਦੀ ਹੈਵਾਨੀਅਤ ਦੀ ਭੇਂਟ ਚੜ੍ਹ ਗਏ ਆਪ ਮੁਹਾਰੇ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ ਮੈਂਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਹੰਝੂ ਪੂੰਝਦਿਆਂ ਬੁੜਬੁੜਾਉਣ ਵੀ ਲੱਗੀ ਸਾਂ- ‘ਆਦਮੀ ਦਾ ਕੋਈ ਦੇਸ਼ ਕੋਈ ਘਰ ਹੀ ਨਹੀਂ ਹੁੰਦਾਪਤਾ ਨਹੀਂ ਕਦੋਂ ਸੱਤਾ ਦੇ ਭੁੱਖੇ ਮਨੁੱਖ ’ਤੇ ਹੈਵਾਨੀਅਤ ਭਾਰੂ ਹੋ ਜਾਵੇ ਤੇ ਉਹ ਉੱਥੇ ਵਸਣ ਵਾਲੇ ਲੋਕਾਂ ਨੂੰ ਆਪਣਾ ਘਰ ਛੱਡਣ ’ਤੇ ਮਜਬੂਰ ਕਰ ਦੇਵੇ47 ਵਿੱਚ ਪੰਜਾਬ ਦੇ ਵਾਸੀਆਂ ਨੂੰ ਵੀ ਤਾਂ ਇਹ ਮਾਰਾਂ ਝੱਲਣੀਆਂ ਹੀ ਪਈਆਂ ਸਨ ਆਪਣੇ ਘਰ ਬਾਹਰ ਛੱਡ ਲੋਕ ਭਟਕਦੇ ਰਹੇ, ਕਈ ਮਾਰੇ ਗਏ ਅਤੇ ਕਈਆਂ ...”

ਇੰਟਰਨੈੱਟ ’ਤੇ ਵਾਇਰਲ ਹੋਈ ਆਇਲਨ ਦੀ ਇਸ ਤਸਵੀਰ ’ਤੇ ਹਜ਼ਾਰਾਂ ਲੋਕਾਂ ਨੇ ਕਈ ਤਰ੍ਹਾਂ ਦੇ ‘ਕੁਮੈਂਟਸ’ ਕੀਤੇ ਤਸਵੀਰਾਂ ਵੇਖ ਵੇਖ ਇਕੱਲੀ ਮੈਂ ਨਹੀਂ, ਬਹੁਤ ਸਾਰੇ ਹੋਰ ਲੋਕ ਵੀ ਭਾਵੁਕ ਹੋ ਗਏ ਸਨ ਇੱਕ ਲੋਕ-ਆਵਾਜ਼ ਬੁਲੰਦ ਹੋ ਗਈ, ‘ਇੰਮੀਗਰੇਸ਼ਨ ਦੇ ਕਾਨੂੰਨਾਂ ਕਰਕੇ ਮਨੁੱਖਤਾ ਇੰਝ ਸਫ਼ਰ ਨਹੀਂ ਕਰ ਸਕਦੀ’ ਆਇਲਨ ਦੀ ਤਸਵੀਰ ਨੇ ਜਿੱਥੇ ਇੰਮੀਗਰੇਸ਼ਨ ਸਿਸਟਮ ਦੇ ਮੂੰਹ ’ਤੇ ਇੱਕ ਕਰਾਰੀ ਚਪੇੜ ਮਾਰੀ, ਉੱਥੇ ਲੋਕਾਂ ਦੀ ਖ਼ੂਬ ਹਮਦਰਦੀ ਵੀ ਜਿੱਤ ਲਈ

ਇਹ ਟ੍ਰੀਲੀਅਨ ਡਾਲਰਜ਼ ਦੀ ਤਸਵੀਰ ਮੇਰੇ ਦਿਲੋ-ਦਿਮਾਗ ’ਤੇ ਛਾ ਗਈ ਸੀਜਦੋਂ ਤਕ ਪਿੰਕੀ ਮੇਰੇ ਕੋਲ ਸੀ ਮੈਂਨੂੰ ਇਸ ਤਸਵੀਰ ਨੂੰ ਵੇਖਣ ਨਾ ਦਿੰਦੀਗੁੱਸੇ ਹੁੰਦੀ ਕਿ ਕੁਝ ਹੋਰ ਵੀ ਸੋਚ ਲਿਆ ਕਰਮੇਰੀ ਹਸਤੀ ’ਤੇ ਆਇਲਨ ਕੁਰਡੀ ਛਾਇਆ ਪਿਆ ਸੀ ਇੱਕ ਆਪਣੀ ਸਿਹਤ ਅਤੇ ਦੂਜੇ ਉਹ ਹਾਦਸਾ! ਇਸ ਨੂੰ ਬਾਰ ਬਾਰ ਦੇਖਦਿਆਂ ਮੇਰਾ ਘਰ ਵਿੱਚ ਦਮ ਘੁੱਟਣ ਲੱਗਦਾ ਪਿੰਕੀ ਆਪਣਾ ਘਰ ਵੇਖਣ ਚਲੀ ਗਈ ਸੀਮੈਂ ਜ਼ਰਾ ਬਾਹਰ ਨਿਕਲੀ ਅਤੇ ਆਪਣੇ ਅਪਾਰਟਮੈਂਟਸ ਦੇ ਲਾਅਨ ਵਿੱਚ ਘੁੰਮਣ ਲੱਗੀਸਾਡੀ ਗੁਆਂਢਣ ਮੈਂਨੂੰ ਵੇਖ ਮੇਰੇ ਵੱਲ ਆ ਗਈ ਉਸਨੇ ਵੀ ਉਹੀ ਗੱਲ ਸ਼ੁਰੂ ਕਰ ਦਿੱਤੀ, “ਵੇਖਿਆ, ਸੀਰੀਆ ਵਿੱਚ ਕੀ ਹੋ ਰਿਹਾ ਹੈ? ਤਕਰੀਬਨ, ਛੱਬੀ ਸੌ ਲੋਕ ਮੈਡੀਟਰੇਨੀਅਨ ਸਾਗਰ ਦੀ ਭੇਂਟ ਚੜ੍ਹ ਗਏ ... ਤੇ ਉਹ ਵਿਚਾਰਾ ਬੱਚਾ ਆਇਲਨ ...”

‘ਉਹ ਹੈੱਲ!! ਕਿਤੇ ਵੀ ਇਨ੍ਹਾਂ ਗੱਲਾਂ ਤੋਂ ਪਿੱਛਾ ਨਹੀਂ ਛੁੱਟਦਾ!’

“ਹਾਂ ... ਸ਼ਰਨਾਰਥੀਆਂ ਦੀ ਪੀੜ ਦਾ ਚਿੰਨ੍ਹ ਬਣ ਚੁੱਕਾ ਹੈ ਆਇਲਨ” ਮੈਂ ਬੱਸ ਇੰਨਾ ਹੀ ਕਹਿ ਸਕੀ ਮੈਥੋਂ ਹੋਰ ਨਾ ਖੜ੍ਹਿਆ ਗਿਆ ਸੋਚਿਆ, ਧਿਆਨ ਹੋਰ ਥਾਂ ਪਾਉਣ ਲਈ ਕੋਈ ਫਿਲਮ ਵੇਖਦੀ ਹਾਂ … ਅੰਦਰ ਜਾ ਕੇ ਟੀਵੀ ਔਨ ਕੀਤਾ… ਪਰ ਕਿੱਥੇ! ਇੱਥੇ ਵੀ ਉਹੀ ਕਹਾਣੀ - ਪਚਵੰਜਾ ਇੰਚ ਟੀ ਵੀ ਦੀ ਸਕਰੀਨ ’ਤੇ ਇੱਕ ਔਰਤ ਜ਼ਾਰ ਜ਼ਾਰ ਰੋਈ ਜਾਵੇ ਇਹ ਆਇਲਨ ਦੀ ਕੈਨੇਡਾ ਰਹਿੰਦੀ ਭੂਆ ਸੀ ਜੋ ਇੱਕ ਰਿਪੋਰਟਰ ਨਾਲ ਗੱਲਬਾਤ ਕਰ ਰਹੀ ਸੀ ਰੋ ਰੋ ਕੇ ਹਾਲੋਂ-ਬੇਹਾਲ ਹੋਈ ਉਹ ਦੱਸ ਰਹੀ ਸੀ, “ਆਈ ਟਾਕ ਟੂ ਮਾਈ ਬਰਾਦਰ ਫੈਮਿਲੀ ਥ੍ਰੀ ਡੇਅ ਅਗੋ, ਆਇਲਨ ਸੈਡ ‘ਆਂਟੀ ਆਈ ਨੀਡ ਅ ਸਾਇਕਲ’ ਉਹ ਟੁੱਟੀ ਫੁੱਟੀ ਅੰਗਰੇਜ਼ੀ ਵਿੱਚ ਕਹਿ ਰਹੀ ਸੀ, “ਮੈਂ ਕਿਹਾ, ਮੈਂ ਜ਼ਰੂਰ ਲੈ ਕੇ ਦਿਆਂਗੀ ਆਪਣੇ ਪੁੱਤ ਨੂੰ! ਬਹੁਤ ਪਿਆਰਾ ਸੀ ਮੇਰਾ ਆਇਲਨ ... ਮੈਂਨੂੰ ਕੀ ਪਤਾ ਸੀ ਉਸਨੇ ... (ਉਹ ਹੋਰ ਰੋਣ ਲੱਗੀ) ਮੈਂ ਤਾਂ ਆਪਣੇ ਵੀਰ ਦੇ ਟੱਬਰ ਨੂੰ ਆਪਣੇ ਕੋਲ ਇੱਥੇ ਬੁਲਾਉਣਾ ਚਾਹੁੰਦੀ ਸਾਂ ਉੱਥੇ ਉਹ ਬਹੁਤ ਤੰਗ ਸਨ ਭਟਕਦੇ ਫਿਰਦੇ ਸੀ ਇੱਧਰ ਓਧਰ ... ਪਰ ਕੈਨੇਡਾ ਵਿੱਚ ਸ਼ਰਣ ਨਾ ਮਿਲਣ ਕਰਕੇ ਉਹ ਇੱਥੇ ਆ ਹੀ ਨਾ ਸਕੇ! ਜੇ ਉਨ੍ਹਾਂ ਦੀ ਇੰਮੀਗਰੇਸ਼ਨ ਦੀ ਅਰਜ਼ੀ ਮਨਜ਼ੂਰ ਹੋ ਜਾਂਦੀ ਤਾਂ ਮੇਰੇ ਭਰਾ ਦਾ ਘਰ ਇੰਝ ਨਾ ਉੱਜੜਦਾ ... ਉਹ ਵਿਚਾਰਾ ਆਪਣੀ ਪਤਨੀ ਅਤੇ ਦੋਵੇਂ ਬੱਚੇ ਇੰਝ ਨਾ ਗੁਆਉਂਦਾ

ਉਹ ਲਗਾਤਾਰ ਸਿਸਕ ਰਹੀ ਸੀਰਿਪੋਰਟਰ ਸਰੋਤਿਆਂ ਨੂੰ ਮੁਖਾਤਿਬ ਹੋ ਕੇ ਕਹਿ ਰਹੀ ਸੀ, “ਬਹੁਤ ਵੱਡਾ ਸਵਾਲ ਹੈ ਮਨੁੱਖਤਾ ਅੱਗੇ! ਇਹ ਸਰਹੱਦਾਂ, ਇਹ ਇੰਮੀਗਰੇਸ਼ਨ ਵਿਭਾਗ, ਸੰਵਿਧਾਨ ਅਤੇ ਕਾਨੂੰਨ ਕਿਸ ਦੇ ਹੱਕ ਵਿੱਚ ਭੁਗਤ ਰਹੇ ਨੇ? ਕੌਣ ਵੱਡਾ ਹੈ ਇਨ੍ਹਾਂ ਵਿੱਚੋਂ ... ਮਨੁੱਖਤਾ ਕਿ ਕਾਨੂੰਨ ... ਹੈ ਜਵਾਬ ਕਿਸੇ ਕੋਲ?” ਸਕਰੀਨ ਉੱਪਰ ਸੁੰਨ ਜਿਹੀ ਪੱਸਰ ਗਈ

‘ਆਮ ਬੰਦਾ ਕਿੰਨਾ ਬੇਵੱਸ ਹੁੰਦਾ ਹੈ’, ਮੈਂ ਸੋਚਦੀ ਰਹੀ, ਕੀ ਕਰ ਸਕਦੇ ਹਾਂ ਅਸੀਂ?

ਉਸ ਦਿਨ ਫੇਰ ਰਾਤ ਨੂੰ ਮੈਂਨੂੰ ਨੀਂਦ ਨਾ ਆਈ, ਪਤਾ ਨਹੀਂ ਕਦੋਂ ਮਾੜੀ ਜਿਹੀ ਅੱਖ ਲੱਗੀ ਇੱਕ ਹਜੂਮ ਨੇ ਮੇਰੇ ਘਰ ਦੀਆਂ ਸਾਰੀਆਂ ਕੰਧਾਂ ਢਾਹ ਦਿੱਤੀਆਂ ਅਤੇ ਕੋਈ ਮੇਰੇ ਦਿਲ ਵਿੱਚ ਜ਼ੋਰ ਜ਼ੋਰ ਦੀ ਛੁਰੇ ਮਾਰ ਰਿਹਾ ਸੀ ਡਰ ਕੇ ਮੈਂ ਅੱਭੜਵਾਹੇ ਉੱਠ ਬੈਠੀ, ਪਸੀਨੇ ਨਾਲ ਤਰ ਜ਼ਰਾ ਕੁ ਹੋਸ਼ ਪਰਤੀ ਤਾਂ ਸੋਚਣ ਲੱਗੀ, ‘ਇਹੀ ਤਾਂ ਹੋ ਰਿਹਾ ਹੈ ਸਾਰੀ ਦੁਨੀਆ ਵਿੱਚ ... ਕਿਤੇ ਬੰਦਾ ਜਿਊਂਦੇ ਬੰਦੇ ਜਲਾ ਦਿੰਦਾ ਹੈ, ਕਿਤੇ ਬੰਬਾਂ ਨਾਲ ਸ਼ਹਿਰਾਂ ਦੇ ਸ਼ਹਿਰ ਤਬਾਹ ਕਰ ਦਿੰਦਾ ਹੈ ਹੁਣ ਆਪਣੇ ਦੇਸ਼, ਸ਼ਹਿਰ ਜਾਂ ਆਪਣੇ ਘਰ ਵੀ ਆਦਮੀ ਕਦੋਂ ਮਹਿਫੂਜ਼ ਹੈ? ਜੇ ਮਨੁੱਖਤਾ ਜਿਊਂਦੀ ਹੁੰਦੀ ਤਾਂ ਸੀਰੀਆ ਦੇ ਲੋਕ ਸਰਹੱਦਾਂ ’ਤੇ ਖੜ੍ਹੇ, ਯੂਰਪੀ ਦੇਸ਼ਾਂ ਵਿੱਚ ਸ਼ਰਣ ਲੈਣ ਲਈ ਇੰਝ ਇੰਤਜ਼ਾਰ ਨਾ ਕਰ ਰਹੇ ਹੁੰਦੇ! ਰੋਂਦੇ ਕੁਰਲਾਉਂਦੇ ਲੱਖਾਂ ਬੇਘਰ ਹੋਏ ਬੱਚੇ, ਬੁੱਢੇ ਅਤੇ ਔਰਤਾਂ; ਸਰਦੀ ਵਿੱਚ ਠੁਰ ਠੁਰ ਕਰਦੇ, ਬਿਮਾਰੀ ਨਾਲ ਜੂਝਦੇ, ਭੁੱਖ ਨਾਲ ਜੱਦੋਜਹਿਦ ਨਾ ਕਰ ਰਹੇ ਹੁੰਦੇ ... ਸਮੁੰਦਰ ਪਾਰ ਕਰਦੇ ਡੁੱਬ ਡੁੱਬ ਨਾ ਮਰ ਰਹੇ ਹੁੰਦੇ ... ਉਫ਼ ... ਵਿਚਾਰਾ ਆਇਲਨ!’ ਮੇਰੇ ਜ਼ਿਹਨ ਵਿੱਚ ਉਕਰੀ ਉਹੀ ਤਸਵੀਰ ਮੇਰੀਆਂ ਅੱਖਾਂ ਅੱਗੇ ਆ ਗਈਆਪ ਮੁਹਾਰੇ ਮੂੰਹੋਂ ਨਿਕਲਿਆ, “ਵੀ ਆਰ ਵੈਰੀ ਸੌਰੀ ਆਇਲਨ!”

ਸਮਾਂ ਆਪਣੀ ਤੋਰੇ ਤੁਰ ਰਿਹਾ ਸੀ ਪੱਤਿਆਂ ਨੇ ਰੰਗ ਬਦਲਣੇ ਸ਼ੁਰੂ ਕਰ ਦਿੱਤੇ ਤੇਜ਼ ਹਵਾਵਾਂ ਚੱਲਣ ਲੱਗੀਆਂ ਤੇ ਠੰਢ ਵਧਣ ਲੱਗੀ ਕਈ ਰੁੱਖ ਰੁੰਡ-ਮੁੰਡ ਹੋ ਗਏ ਹੁਣ ਮੈਂਨੂੰ ਆਪਣੀ ਟੁੱਟੀ ਬਾਂਹ ਅਤੇ ਸੱਟਾਂ ਘੱਟ ਹੀ ਯਾਦ ਰਹਿੰਦੀਆਂ ਆਇਲਨ ਦੀ ਉਹ ਤਸਵੀਰ ਓਵੇਂ ਹੀ ਅੱਖਾਂ ਅੱਗੇ ਤੈਰਦੀ ਰਹੀਮੈਂ ਸੋਚਦੀ ‘ਲਉ ਮੈਂ ਆਪਣੇ ਦੁੱਖ ਦਾ ਅਫ਼ਸੋਸ ਕਰ ਰਹੀ ਸਾਂ ਪਰ ਦੁਨੀਆਂ ਵਿੱਚ ਤਾਂ ਬਹੁਤੇਰੇ ਲੋਕ ਬਹੁਤ ਵੱਡੇ ਵੱਡੇ ਦੁੱਖ ਸਹਿਣ ਕਰ ਰਹੇ ਹਨ, ਜਿਸਦਾ ਸਾਨੂੰ ਘਰ ਬੈਠਿਆਂ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਉਸ ਸੰਕਟ ਸਾਹਮਣੇ ਮੇਰਾ ਆਹ ਨਿੱਕਾ ਜਿਹਾ ਹਾਦਸਾ ਕੀ ਹੈ! ਮੈਂਨੂੰ ਸਮੁੰਦਰ ਵਿੱਚ ਰੁੜ੍ਹ ਗਏ ਉਨ੍ਹਾਂ ਲੋਕਾਂ ਦਾ ਦੁੱਖ ਆਪਣੇ ਦੁੱਖ ਤੋਂ ਕਿਤੇ ਵੱਡਾ ਜਾਪਣ ਲੱਗਾਆਪਣੇ ਇਨਸਾਨ ਹੋਣ ’ਤੇ ਸ਼ਰਮਿੰਦਾ ਵੀ ਹੋਈ ... ਜੀਅ ਕਰਦਾ ਹੁਣੇ ਭੱਜ ਕੇ ਉਸ ਬੱਚੇ ਨੂੰ ਉੱਥੋਂ ਚੁੱਕ ਲਿਆਂਵਾਂ

ਛੇ ਹਫ਼ਤੇ ਲੰਘ ਗਏ ਟੁੱਟੀ ਬਾਂਹ ਵੀ ਜੁੜ ਗਈ ਬਾਂਹ ’ਤੇ ਲੱਗਿਆ ‘ਪਲਸਤਰ’ ਕਟਾਉਣ ਦੀ ਵਾਰੀ ਆ ਗਈ ਪਿੰਕੀ ਆ ਗਈ ਅਤੇ ਅਸੀਂ ਫਿਰ ਉਸੇ ਰਾਹ ’ਤੇ ਹਸਪਤਾਲ ਵੱਲ ਨੂੰ ਜਾ ਰਹੀਆਂ ਸਾਂ ਪਿੰਕੀ ਥੋੜ੍ਹਾ ਗੰਭੀਰ ਹੋ ਕੇ ਕਹਿਣ ਲੱਗੀ, ““ਤੇਰੀ ਬਾਂਹ ਤਾਂ ਡਾਕਟਰਾਂ ਨੇ ਜੋੜ ਦਿੱਤੀ, ਕਾਸ਼! ਕੋਈ ਅਜਿਹਾ ਡਾਕਟਰ ਵੀ ਹੋਵੇ ਜਿਹੜਾ ਇਸ ਮਨੁੱਖਤਾ ਦੀ ਟੁੱਟੀ ਹੋਈ ਆਸਥਾ ਨੂੰ ਵੀ ਜੋੜ ਦੇਵੇ

“ਅਮਰੀਕਾ ਵਿੱਚ ਇੱਕ ਵਾਰੀ ਬੱਚਿਆਂ ਦਾ ਇੱਕ ਆਰਟ-ਕੰਪੀਟੀਸ਼ਨ ਹੋਇਆ ਸੀ ਇੱਕ ਬੱਚੇ ਨੇ ਗਲੋਬ ਦੀ ਤਸਵੀਰ ਬਣਾ ਕੇ ਉੱਤੇ ‘ਬੈਂਡੇਜ’ ਲਗਾ ਦਿੱਤੀ ਮੁਕਾਬਲੇ ਵਿੱਚ ਇਹ ਤਸਵੀਰ ਅੱਵਲ ਰਹੀ ਸੀ” ਮੈਂ ਜਵਾਬ ਦਿੱਤਾ

“ਵਾਓ! ਇਹ ਵੀ ਤਾਂ ਟ੍ਰਿਲੀਅਨ ਡਾਲਰਾਂ ਦੀ ਤਸਵੀਰ ਹੋਈ ਨਾ ਫੇਰ! ਕਿੰਨੀ ਵਧੀਆ ਸੋਚ ਏ ਗਲੋਬ ਦੇ ਜ਼ਖਮਾਂ ’ਤੇ ਮਰ੍ਹਮ-ਪੱਟੀ! ਸੱਚ, ਬੱਚਿਆਂ ਦੀ ਸੋਚ ਬਹੁਤ ਮਾਸੂਮ ਤੇ ਸੱਚੀ ਹੁੰਦੀ ਏੇ ਕਈ ਵਾਰ ਤਾਂ ਉਹ ਦੁਨੀਆ ਨੂੰ ਹੈਰਾਨ ਹੀ ਕਰ ਦਿੰਦੇ ਨੇ! ਕਾਸ਼! ਕੋਈ ਇਸ ਮਨੁੱਖਤਾ ਨੂੰ ਇਸ ਆਤੰਕ ਤੋਂ ਬਚਾ ਸਕੇ।” ਪਿੰਕੀ ਬਹੁਤ ਗੰਭੀਰ ਹੋ ਕੇ ਕੁਝ ਸੋਚਣ ਲੱਗੀ

“ਤੂੰ ਵੇਖੀਂ ਆਇਲਨ ਦੀ ਉਹ ਤਸਵੀਰ ਵੀ ਇੱਕ ਦਿਨ ਕੋਈ ਨਾ ਕੋਈ ਬਦਲਾਉ ਲਿਆਏਗੀ ਜਰੂਰ।”

ਰਾਹ ਲੰਮਾ ਹੋਣ ਕਰਕੇ ਕੌਫ਼ੀ ਪੀਣ ਦੇ ਇਰਾਦੇ ਨਾਲ ਅਸੀਂ ਕਾਰ ਸੇਂਟ ਜੌਰਜ ਟਾਊਨ ਵੱਲ ਮੋੜ ਲਈ ਇੱਕ ਹਜ਼ਾਰ ਬੰਦੇ ਦੀ ਅਬਾਦੀ ਵਾਲਾ ਇਹ ਛੋਟਾ ਜਿਹਾ ਟਾਊਨ ਕ੍ਰਿਸਮਸ ਦੀ ਸਜਾਵਟ ਨਾਲ ਲਿਸ਼ਕਾਂ ਮਾਰ ਰਿਹਾ ਸੀ ਸਾਡਾ ਮਨ ਖੁਸ਼ੀ ਨਾਲ ਝੂਮ ਉੱਠਿਆ

ਦਰਖਤਾਂ ’ਤੇ ਲੱਗੀਆਂ ਰੰਗ-ਬਿਰੰਗੀਆਂ ਬੱਤੀਆਂ, ਬੂਹਿਆਂ ਅੱਗੇ ਲੱਗੇ ਰਬੜ ਦੇ ਵੱਡੇ ਵੱਡੇ ਸਾਂਟਾ ਕਲਾਜ਼, ਸੈਂਟਾ ਦੇ ਰੱਥ ਅੱਗੇ ਲੱਗੇ ਵੱਡੇ ਵੱਡੇ ਸਿੰਗਾਂ ਵਾਲੇ ਐਲਵਜ਼, ਦਰਵਾਜਿਆਂ ’ਤੇ ਟੰਗੇ ਲਾਲ ਹਰੇ ਫੁੱਲਾਂ ਦੇ ‘ਰੀਥ’ ... ਦਰਖ਼ਤਾਂ ’ਤੇ ਟੰਗੀ ਹੋਏ ਮਸਨੂਈ ਬਰਫ਼ ਦੇ ਤੋਦੇ, ਕ੍ਰਿਸਮਸ ਦੀ ਸਜਾਵਟ ਵਾਲੀਆਂ ਵਸਤੂਆਂ ਨਾਲ ਭਰੀਆਂ ਹੋਈਆਂ ਦੁਕਾਨਾਂ ... ਸ਼ਹਿਰ ਦੇ ਅੰਦਰ ਇੱਕ ਬੋਰਡ ਉੱਤੇ ਲਿਖਿਆ ਹੋਇਆ, “ਹੈਪੀ ਕ੍ਰਿਸਮਸ ਐਵਨ”

ਇਹ ਨਜ਼ਾਰੇ ਸਾਨੂੰ ਅਚੰਭਿਤ ਕਰ ਗਏ ਤੇ ਪਿੰਕੀ ਨੇ ਚਾਣਚੱਕ ਪੁੱਛਿਆ, “ਇਹ ਭਲਾ ਅਕਤੂਬਰ ਨਹੀਂ ਜਾ ਰਿਹਾ ਅਜੇ?”

“ਹਾਂ ਪਿੰਕੀ! ਹੈਰਾਨ ਤਾਂ ਮੈਂ ਵੀ ਹਾਂ, ਕ੍ਰਿਸਮਸ ਦੀ ਸਜਾਵਟ ਇੰਨੀ ਛੇਤੀ?”

ਜ਼ਰਾ ਅੱਗੇ ਜਾ ਕੇ ਵੇਖਿਆ ਤਾਂ ਸਾਰੀਆਂ ਗਲ਼ੀਆਂ ਇਸੇ ਤਰ੍ਹਾਂ ਸਜੀਆਂ ਹੋਈਆਂ ਸਨ। ਅਸੀਂ ਕਾਰ ਰੋਕ ਲਈ। ਕੁਝ ਸੀਨੀਅਰਜ਼ ਆਪਣੇ ਘਰਾਂ ਦੇ ਮੂਹਰੇ ਸਜਾਵਟ ਕਰਦੇ ਦਿਖਾਈ ਦਿੱਤੇ। ਇਹ ਸੋਚ ਕੇ ਕਿ ਵੱਡੇ ਸ਼ਹਿਰਾਂ ਨਾਲੋਂ ਛੋਟੇ ਸ਼ਹਿਰਾਂ ਦੇ ਲੋਕ ਵਧੇਰੇ ਮਿਲਾਪੜੇ ਹੁੰਦੇ ਹਨ, ਜੀਅ ਕੀਤਾ ਕਿ ਇਨ੍ਹਾਂ ਤੋਂ ਪੁੱਛ ਲਿਆ ਜਾਵੇ, ਇਹ ਮਾਜਰਾ ਕੀ ਹੈ?

ਇੱਕ ਬਜ਼ੁਰਗ ਔਰਤ ਤੋਂ ਅਸੀਂ ਪੁੱਛ ਹੀ ਲਿਆ, “ਹਾਇ ਮੈਮ! ਐਵਰੀਥਿੰਗ ਲ਼ੁੱਕਸ ਸੋ ਨਾਈਸ!! ਪਰ ਅਕਤੂਬਰ ਵਿੱਚ ਹੀ ਕ੍ਰਿਸਮਸ ਦੀ ਡੈਕੋਰੇਸ਼ਨ ਕਰਨ ਲੱਗ ਪਏ ਤੁਸੀਂ?”

ਉਹ ਔਰਤ ਸਿਰ ਉੱਤੇ ਸਾਂਟਾ ਕਲਾਜ਼ ਵਾਲੀ ਲਾਲ ਚਿੱਟੀ ਟੋਪੀ ਪਾਈ ਅਤੇ ਹਰੀ ਲਾਲ ਡਰੈੱਸ ਪਾਈ ਸਾਡੇ ਵੱਲ ਵਧੀ ਤੇ ਬੋਲੀ, “ਦਿਸ ਇਜ਼ ਫੌਰ ਅਵਰ ਡੀਅਰ ਐਵਨ!”

“ਐਵਨ? ਕੌਣ ਐਵਨ?”

“ਓ ਡੌਂਟ ਯੂ ਵਾਚ ਟੀਵੀ, ਯੰਗ ਲੇਡੀਜ਼”

ਅਸੀਂ ਉਸ ਵੱਲ ਵੇਖਿਆ। ਟੀਵੀ ਦਾ ਨਾਂ ਸੁਣਦੇ ਹੀ ਆਇਲਨ ਯਾਦ ਆ ਗਿਆ। “ਓਹ, ਯੂ ਮੀਨ ਦੈਟ ਸੀਰੀਅਨ ਬੁਆਇ?”

“ਓ ਨੋ।” ਉਹ ਔਰਤ ਅੰਗਰੇਜ਼ੀ ਵਿੱਚ ਦੱਸਣ ਲੱਗ ਪਈ, “ਉਹ ਪਿਆਰਾ ਬੱਚਾ ਤਾਂ ਆਇਲਨ ਸੀ। ਰੱਬ ਉਸ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ! ਇਹ ਤਾਂ ਸਾਡਾ ਐਵਨ ਹੈ!” ਉਹ ਸਾਡੇ ਹੋਰ ਨੇੜੇ ਹੋ ਗਈ ਅਤੇ ਆਪਣੀ ਸਾਂਟਾ ਟੋਪੀ ਨੂੰ ਠੀਕ ਕਰਦਿਆਂ ਬੋਲੀ, “ਸਾਡੇ ਟਾਊਨ ਦਾ ਪੰਜ ਸਾਲਾਂ ਦਾ ਬੱਚਾ ਹੈ ਐਵਨ। ਕਿੰਨੇ ਚਿਰਾਂ ਤੋਂ ਕੈਂਸਰ ਨਾਲ ਜੂਝ ਰਿਹਾ ਵਿਚਾਰਾ! ਐਤਕਾਂ ਡਾਕਟਰਾਂ ਨੇ ਉਸਦੇ ਮਾਪਿਆਂ ਨੂੰ ਦੱਸ ਦਿੱਤਾ ਹੈ ਕਿ ਉਹ ਕ੍ਰਿਸਮਸ ਤਕ ਜਿਊਂਦਾ ਨਹੀਂ ਰਹੇਗਾ। ਉਸਦੇ ਮੌਮ ਡੈਡ ਨੇ ਸਲਾਹ ਕੀਤੀ ਕਿ ਐਵਨ ਨੂੰ ਕ੍ਰਿਸਮਸ ਮਨਾ ਕੇ ਹੀ ਵਿਦਾ ਕੀਤਾ ਜਾਵੇ। ਸਾਡੇ ਟਾਊਨ ਦੇ ਲੋਕਾਂ ਨੇ ਕਿਹਾ ਕਿ ਇਕੱਲੇ ਐਵਨ ਦੇ ਪੇਰੈਂਟਸ ਹੀ ਕਿਉਂ! ਐਵਨ ਸਾਡਾ ਵੀ ਤਾਂ ਬੱਚਾ ਹੈ। ਇਸ ਲਈ ਸਾਰਾ ਟਾਊਨ ਹੀ ਉਸ ਲਈ ਅਕਤੂਬਰ ਵਿੱਚ ਕ੍ਰਿਸਮਸ ਮਨਾਵੇਗਾ। ਅਜਿਹਾ ਇਸ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ। ਸਾਰੇ ਟੀਵੀ ਚੈਨਲਾਂ ’ਤੇ ਇਹ ਖ਼ਬਰ ਆਉਂਦੀ ਰਹੀ ਹੈ। ਇਕੱਤੀ ਅਕਤੂਬਰ ਨੂੰ ਸਾਂਟਾ ਪਰੇਡ ਵੀ ਨਿੱਕਲ ਰਹੀ ਹੈ, ਤੁਸੀਂ ਵੀ ਵੇਖਣ ਆਉਣਾ ...।”

ਅਸੀਂ ਮਾਈ ਦਾ ਧੰਨਵਾਦ ਕੀਤਾ। ਦਿਲ ਫਿਰ ਉਦਾਸ ਹੋ ਗਿਆ।

ਕਾਰ ਵਿੱਚ ਬੈਠੇ ਤਾਂ ਪਿੰਕੀ ਬੋਲੀ, “ਇਹ ਰਾਹ ਹੀ ਸਰਾਪਿਆ ਹੋਇਆ ਹੈ। ਪਹਿਲੀ ਵਾਰ ਆਏ ਤਾਂ ਤੂੰ ਜ਼ਖਮੀ ਹੋ ਗਈ ... ਦੂਜੀ ਵਾਰੀ ਆਇਲਨ ਵਾਲਾ ਦੁਖਾਂਤ ਵਾਪਰ ਗਿਆ ... ਤੇ ਅੱਜ ਐਵਨ ਦੇ ਤੁਰ ਜਾਣ ਦੀ ਖ਼ਬਰ ਮਿਲ ਗਈ।”

“ਰਾਹਾਂ ਦਾ ਕੀ ਕਸੂਰ ਐ? ਇਨ੍ਹਾਂ ਤਾਂ ਤੁਰਦੇ ਜਾਣਾ ਹੈ। ਇਨ੍ਹਾਂ ਨੂੰ ਚੁਨਣਾ ਵੀ ਅਸੀਂ ਹੀ ਹੈ, ਇਨ੍ਹਾਂ ’ਤੇ ਤੁਰਨਾ ਵੀ ਅਸੀਂ ਹੈ। ਨਾਕੇ ਵੀ ਅਸੀਂ ਹੀ ਲਾਉਂਦੇ ਹਾਂ, ਸਰਹੱਦਾਂ ਵੀ ਅਸੀਂ ਬਣਾਉਂਦੇ ਹਾਂ। ਅਸੀਂ ਆਪਣੇ ਸਵਾਰਥ ਲਈ ਧਰਤੀ ਨੂੰ ਕੇਵਲ ਬਾਹਰੋਂ ਹੀ ਨਹੀਂ ਕੁਰੇਦਿਆ, ਸਾੜਿਆ, ਸਗੋਂ ਅੰਦਰੋਂ ਵੀ ਜ਼ਹਿਰੀਲੀ ਕਰ ਦਿੱਤਾ ਹੈ। ... ਤਾਂ ਹੀ ਤਾਂ ਕੈਂਸਰ ਵਰਗੇ ਰੋਗਾਂ ਨਾਲ ਗ੍ਰਸਤ ਹੋ ਰਹੇ ਨੇ ਇੰਨੇ ਛੋਟੇ ਛੋਟੇ ਬੱਚੇ।” ਮੈਂ ਵੀ ਆਪਣੀ ਫ਼ਿਲਾਸਫੀ ਝਾੜ ਦਿੱਤੀ।

“ਅੱਗ ਅੱਗ ਦੀ ਖੇਡ ਵਿੱਚ ਲੋਕਾਈ ਝੁਲਸ ਰਹੀ ਹੈ ... ਇਨਸਾਫ਼ ਕਿੱਥੇ ਹੈ?”

ਅੱਜ ਪਿੰਕੀ ਵੀ ਬਹੁਤ ਉਦਾਸ ਹੋ ਗਈ ਸੀ।

“ਓ ਡੀਅਰ! ਵਾਪਸ ਆ ਜਾ, ਧਿਆਨ ਨਾਲ ਕਾਰ ਚਲਾ ... ਹੋਰ ਨਾ ਕਿਤੇ ... ਚੱਲ ਛੱਡ ਯਾਰ! ਹੁਣ ਹੋਰ ਨਹੀਂ ਅਸੀਂ ਮਾਯੂਸ ਹੋਣਾ ... ਪਿਛਲੀ ਵਾਰੀ ਵਾਂਗ ਆਹ ਵੇਖ ਤਾਂ ਲੋਕ ਕਿੰਨੇ ਚੰਗੇ ਨੇ ... ਇੱਕ ਬੱਚੇ ਦੀ ਖਾਤਿਰ ਸਦੀਆਂ ਦੀਆਂ ਚੱਲੀਆਂ ਰਿਵਾਇਤਾਂ ਨੂੰ ਕੇਵਲ ਇਸ ਲਈ ਤੋੜ ਰਹੇ ਨੇ ਕਿ ਉਸ ਨੂੰ ਜਾਂਦੀ ਵਾਰ ਦੀ ਖੁਸ਼ੀ ਦੇ ਸਕਣ। ਫ਼ਿਕਰ ਨਾ ਕਰ, ਅਜੇ ਦੁਨੀਆ ਵਿੱਚ ਮੁਹੱਬਤ ਬਾਕੀ ਹੈਗੀ।” ਮੈਂ ਉਹਨੂੰ ਤੇ ਆਪਣੇ ਆਪ ਨੂੰ ਢਾਰਸ ਦੇਣ ਲਈ ਕਿਹਾ ਤਾਂ ਪਿੰਕੀ ਫਿਰ ਝੱਟ ਬੋਲ ਪਈ, “ਹਾਂ ਸੱਚ, ਗੱਲ ਤਾਂ ਤੇਰੀ ਸਹੀ ਹੈ। ਪੁੱਠੀਆਂ ਪੁੱਠੀਆਂ ਖਬਰਾਂ ਵੇਖ ਵੇਖ ਕੇ ਸਾਡੀ ਸੋਚ ਹੀ ਨੈਗੇਟਿਵ ਹੋ ਗਈ ਹੈ। ਅਸੀਂ ਸਾਰਾ ਸਮਾਂ ਇੱਕੋ ਗੱਲ ਵਿੱਚ ਫਸੀਆਂ ਰਹਿੰਦੀਆਂਪੌਜ਼ੇਟਿਵ ਤਾਂ ਸਾਨੂੰ ਦਿਸਦਾ ਹੀ ਨਹੀਂ! ਪਿੰਕੀ, ਆਈਏ ਫੇਰ ਇਸ ਪਰੇਡ ਨੂੰ ਦੇਖਣ ਉਸ ਦਿਨ?”

ਇਕੱਤੀ ਅਕਤੂਬਰ ਦਾ ਦਿਨ ... ਅਸੀਂ ਪਰੇਡ ਵਿੱਚ ਸ਼ਾਮਲ ਸਾਂ। ਹੈਰਾਨੀ ਦੀ ਗੱਲ ਕਿ ਇੱਕ ਹਜ਼ਾਰ ਲੋਕਾਂ ਦੀ ਆਬਾਦੀ ਵਾਲੇ ਛੋਟੇ ਜਿਹੇ ਸ਼ਹਿਰ ਦੀ ਸਾਂਟਾ-ਪਰੇਡ ਵਿੱਚ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦਾ ਇਕੱਠ! ਸਾਂਟਾ ਦੇ ਫਲੋਟ ’ਤੇ ਉਸਦੇ ਨਾਲ ਵਾਲੀ ਸੀਟ ’ਤੇ ਬੈਠਾ ਬੇਹੱਦ ਖੁਸ਼ ਦਿਸਦਾ ਐਵਨ! ਉਸ ਨੂੰ ਚੌਕਲੇਟਾਂ ਅਤੇ ਹੋਰ ਗਿਫ਼ਟਾਂ ਦੇ ਰਹੇ ਲੋਕ ... ਸਾਰੇ ਪਾਸਿਉਂ ‘ਮੈਰੀ ਕ੍ਰਿਸਮਸ ਐਵਨ`, ‘ਮੈਰੀ ਕ੍ਰਿਸਮਸ ਐਵਨ’ ਦੀਆਂ ਆਵਾਜ਼ਾਂ! ਕ੍ਰਿਸਮਸ ਦੇ ਗੀਤ ਗਾਉਂਦੇ ਹੋਏ ਲੋਕ। ਸਾਰਾ ਆਲਮ ਇੱਕ ਅਜੀਬ ਊਰਜਾ ਨਾਲ ਭਰਿਆ ਹੋਇਆ! ਇੱਕ ਅਜੀਬ ਨਜ਼ਾਰਾ! ਮੁਹੱਬਤ ਦਾ ਅਦਭੁੱਤ ਇਜ਼ਹਾਰ! ਐਵਨ ਬਹੁਤ ਖੁਸ਼ ਅਤੇ ਭੀੜ ਦੇ ਨਾਲ ਨਾਲ ਤੁਰ ਰਹੀਆਂ ਅਸੀਂ ਵੀ।

“ਹਾਂ ਸੱਚ ਸੁਣ ਸਖੀ! ਮਨੁੱਖਤਾ ਅਜੇ ਜਿਊਂਦੀ ਹੈ।” ਪਿੰਕੀ ਇੱਕ ਹੁਲਾਸ ਜਿਹੇ ਵਿੱਚ ਬੋਲੀ।

“ਹਾਂ! ਤੇ ਮੈਂਨੂੰ ਤਾਂ ਇਹੀ ਲੱਗੀ ਜਾਂਦਾ ਹੈ ਜਿਵੇਂ ਆਇਲਨ ਬੈਠਾ ਹੋਵੇ ਫਲੋਟ ’ਤੇ!” ਇਕਦਮ ਮੇਰੀ ਸੋਚ ਨੇ ਕਰਵਟ ਲਈ, “ਹਾਇ! ਜੇ ਆਇਲਨ ਦੇ ਟੱਬਰ ਨੂੰ ਇੰਮੀਗਰੇਸ਼ਨ ਮਿਲ ਜਾਂਦੀ ਤਾਂ ਸ਼ਾਇਦ ਉਹ ਵੀ ਅੱਜ ...”

ਪਿੰਕੀ ਇਕਦਮ ਬੋਲ ਪਈ, “ਪਰ ਵੇਖ ... ਆਇਲਨ ਅਤੇ ਐਵਨ ਦੋਵਾਂ ਨੇ ਕਿਵੇਂ ਦੁਨੀਆ ਹਿਲਾ ਦਿੱਤੀ!”

ਵਕਤ ਤੁਰਿਆ … ਨਵੰਬਰ ਚੜ੍ਹ ਗਿਆ। ਲੋਕ ਬਾਕੀ ਸਭ ਕੁਝ ਭੁੱਲ ਕੇ ਵੋਟਾਂ ਵਿੱਚ ਰੁੱਝ ਗਏ। ਸਾਰੇ ਮੀਡੀਏ ਵਿੱਚ ਬੱਸ ਹੁਣ ਵੋਟਾਂ ਦਾ ਹੀ ਰੌਲਾ ਸੁਣਦਾ। ਲਿਬਰਲ ਪਾਰਟੀ ਦੇ ਉਮੀਦਵਾਰ ਜਿੱਤ ਗਏ। ਜਸਟਿਨ ਟਰੂਡੋ ਨੇ ਵੋਟਾਂ ਤੋਂ ਪਹਿਲਾਂ ਵਾਇਦਾ ਕੀਤਾ ਸੀ, ਜੇ ਉਸਦੀ ਪਾਰਟੀ ਜਿੱਤੀ ਤਾਂ ਪੱਚੀ ਹਜ਼ਾਰ ਸੀਰੀਅਨ ਸ਼ਰਨਾਰਥੀਆਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਜਾਏਗੀ। ... ਤੇ ਟਰੂਡੋ ਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਸੀਰੀਆ ਤੋਂ ਸ਼ਰਨਾਰਥੀ ਆਉਣੇ ਸ਼ੁਰੂ ਹੋ ਗਏ।

ਹੁਣ ਮੀਡੀਆ ਦੁਆਰਾ ਨਸ਼ਰ ਹੁੰਦੀਆਂ ਤਸਵੀਰਾਂ ਵਿੱਚ ਕੈਨੇਡੀਅਨ ਲੋਕ ਏਅਰਪੋਰਟਾਂ ’ਤੇ ਪਹੁੰਚੇ ਸ਼ਰਨਾਰਥੀਆਂ ਦਾ ਸਵਾਗਤ ਕਰ ਰਹੇ ਦਿਖਾਈ ਦਿੰਦੇ ... ਮਾਵਾਂ ਦੀਆਂ ਗੋਦੀਆਂ ਵਿੱਚ ਬੈਠੇ ਬੱਚਿਆਂ ਦੇ ਚਿਹਰਿਆਂ ਦੀਆਂ ਮੁਸਕਾਨਾਂ ਵਿੱਚੋਂ ਆਇਲਨ ਕੁਰਡੀ ਦਾ ਚਿਹਰਾ ਉੱਭਰਦਾ ... ਇਉਂ ਜਾਪਦਾ ਜਿਵੇਂ ਤੱਟ ’ਤੇ ਨੀਲੀ ਨਿੱਕਰ ਅਤੇ ਲਾਲ ਸ਼ਰਟ ਪਾਈ ਖੜ੍ਹਾ ਆਇਲਨ ਦੂਰੋਂ ਹੱਥ ਹਿਲਾ ਰਿਹਾ ਹੋਵੇ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2221) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਰਜੀਤ

ਸੁਰਜੀਤ

Brampton, Ontario, Canada.
Email: (surjitk33@gmail.com)