JaswantAjit7ਇਸਦੇ ਬਾਵਜੂਦ ਜੇ ਸਮੁੱਚੇ ਰੂਪ ਵਿੱਚ ਵੇਖਿਆ ਜਾਏ ਤਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ...
(2 ਨਵੰਬਰ 2017)

 

AcidAttack2

(ਇਹ ਨਿਸ਼ਾਨ ਤੇਜ਼ਾਬੀ ਹਮਲੇ ਦੇ ਹਨ।)

ਕਾਫੀ ਸਮਾਂ ਹੋਇਆ ਹਿੰਦੀ ਦੇ ਇੱਕ ਕਵੀ ਦੀ ਦਿਲ ਦੀਆਂ ਗਹਿਰਾਈਆਂ ਤਕ ਛੂਹ ਜਾਣ ਵਾਲੀ ਕਵਿਤਾ, ‘ਹਾਏ ਨਾਰੀ ਤੇਰੀ ਯਹੀ ਕਹਾਨੀ, ਆਂਚਲ ਮੇਂ ਹੈ ਦੂਧ, ਆਂਖੋਂ ਮੇਂ ਪਾਨੀ’ ਪੜ੍ਹੀ ਸੀ, ਜਿਸ ਵਿੱਚ ਉਸਨੇ ਬਹੁਤ ਹੀ ਦਰਦ ਭਰੇ ਸ਼ਬਦਾਂ ਵਿੱਚ ਨਾਰੀ ਦੇ ਜੀਵਨ ਦੇ ਇੱਕ ਅਜਿਹੇ ਅੰਗ ਦਾ ਚਿਤਰਣ ਕੀਤਾ ਸੀ, ਜਿਸਨੂੰ ਪੜ੍ਹਦਿਆਂ-ਪੜ੍ਹਦਿਆਂ ਅੱਖਾਂ ਦੇ ਸਾਹਮਣੇ ਭਾਰਤੀ ਨਾਰੀ ਦਾ ਉਹ ਜੀਵਨ ਚਲ-ਚਿਤਰ ਵਾਂਗ ਉੱਭਰ ਸਾਹਮਣੇ ਆ ਜਾਂਦਾ, ਜੋ ਉਸ ਨੂੰ ਆਪਣੇ ਹੀ ਉਸ ਦੇਸ਼ ਵਿੱਚ ਜੀਉਣਾ ਪੈ ਰਿਹਾ ਹੈ, ਜਿਸ ਦੇਸ਼ ਵਿੱਚ ਸਦੀਆਂ ਤੋਂ ਨਾਰੀ ਨੂੰ ਅਨੇਕਾਂ ਹੀ ਦੇਵੀਆਂ ਦੇ ਰੂਪ ਸਵੀਕਾਰਿਆ ਅਤੇ ਪੂਜਿਆ ਜਾਂਦਾ ਚਲਿਆ ਆ ਰਿਹਾ ਹੈ। ਇੰਨਾ ਹੀ ਨਹੀਂ ਸਿੱਖ ਧਰਮ, ਸਣੇ ਦੇਸ਼ ਵਿੱਚ ਪ੍ਰਚਲਤ ਸਾਰੇ ਹੀ ਧਰਮਾਂ ਦੇ ਪੈਰੋਕਾਰਾਂ ਵਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਦਾ ਧਰਮ ਨਾਰੀ ਨੂੰ ਨਾ ਕੇਵਲ ਮਰਦ ਦੇ ਬਰਾਬਰ ਦਰਜਾ ਅਤੇ ਅਧਿਕਾਰ ਦਿੰਦਾ ਹੈ, ਸਗੋਂ ਉਸ ਨਾਲੋਂ ਕਿਤੇ ਵੱਧ ਉਸਦਾ ਸਨਮਾਨ ਵੀ ਕਰਦਾ ਹੈ। ਕਵੀ ਵਲੋਂ ਇਸ ਕਵਿਤਾ ਵਿੱਚ ਨਾਰੀ ਦੇ ਜੀਵਨ ਦਾ ਜੋ ਚਿਤਰਣ ਪੇਸ਼ ਕੀਤਾ ਗਿਆ ਹੈ, ਭਾਵੇਂ ਉਹ ਕਈ ਦਹਾਕੇ ਪਹਿਲਾਂ ਦੇ ਉਸ ਸਮੇਂ ਦਾ ਹੈ, ਜਦੋਂ ਉਸਨੇ ਇਸ ਕਵਿਤਾ ਦੀ ਰਚਨਾ ਕੀਤੀ ਸੀ ਪ੍ਰੰਤੂ ਸੱਚਾਈ ਇਹ ਵੀ ਹੈ ਕਿ ਜੇ ਇਸ ਚਿਤਰਣ ਨਾਲ ਅੱਜ ਦੀ ਨਾਰੀ ਦੇ ਉਸ ਜੀਵਨ ਦੀ, ਜੋ ਉਹ ਜੀਅ ਰਹੀ ਹੈ, ਤਸਵੀਰ ਦੀ ਤੁਲਨਾ ਕੀਤੀ ਜਾਏ ਤਾਂ ਉਸ ਵਿੱਚ ਕੋਈ ਬਹੁਤਾ ਅੰਤਰ ਨਜ਼ਰ ਨਹੀਂ ਆਉਂਦਾ ਕੇਵਲ ਇੰਨੇ ਕੁ ਦੇ ਕਿ ਦੇਸ਼ ਦੇ ਸੰਵਿਧਾਨ ਰਾਹੀਂ ਨਾਰੀ ਨੂੰ ਮਰਦ ਦੇ ਬਰਾਬਰ ਦਰਜਾ ਦੇ ਦਿੱਤਾ ਗਿਆ ਹੋਇਆ ਹੈ ਅਤੇ ਅੱਜ ਉਹ ਕਾਨੂੰਨਨ ਮਰਦ ਦੇ ਮੌਢੇ ਨਾਲ ਮੌਢਾ ਜੋੜ ਅੱਗੇ ਵਧ ਸਕਦੀ ਹੈ। ਇੱਥੋਂ ਤਕ ਕਿ ਰਾਜਨੀਤੀ ਵਿੱਚ ਅਤੇ ਸਰਕਾਰੀ ਤੇ ਗੈਰ-ਸਰਕਾਰੀ ਨੌਕਰੀਆਂ ਵਿੱਚਲੇ ਮਹੱਤਵਪੂਰਣ ਅਹੁਦਿਆਂ ਪੁਰ ਬੈਠ ਜ਼ਿੰਮੇਦਾਰੀਆਂ ਵੀ ਨਿਭਾ ਸਕਦੀ ਹੈ।

ਇਸ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਅੱਜ ਦੀ ਨਾਰੀ ਨੇ ਇਨ੍ਹਾਂ ਜ਼ਿੰਮੇਦਾਰੀ ਭਰੇ ਅਹੁਦਿਆਂ ਪੁਰ ਰਹਿੰਦਿਆਂ ਤੇ ਖੇਡਾਂ ਦੇ ਮੈਦਾਨ ਵਿੱਚ ਕਈ ਪ੍ਰਸ਼ੰਸਾਯੋਗ ਪ੍ਰਦਰਸ਼ਨ ਕਰ ਵਾਹ ਵਾਹ! ਖੱਟੀ ਹੈ, ਇਸਦੇ ਬਾਵਜੂਦ ਜੇ ਸਮੁੱਚੇ ਰੂਪ ਵਿੱਚ ਵੇਖਿਆ ਜਾਏ ਤਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਦੀ ਆਮ ਨਾਰੀ ਜੋ ਜੀਵਨ ਬਤੀਤ ਕਰਨ ’ਤੇ ਮਜਬੂਰ ਹੋ ਰਹੀ ਹੈ, ਉਹ ਕਈ ਦਹਾਕੇ ਪਹਿਲਾਂ ਬਤੀਤ ਕਰਦੀ ਰਹੀ ਜ਼ਿੰਦਗੀ ਦੀ ਤਸਵੀਰ ਤੋਂ ਕੋਈ ਬਹੁਤੀ ਵੱਖਰੀ ਨਹੀਂ।

ਅੱਜਕਲ ਸਵੇਰੇ ਉੱਠਦਿਆਂ ਕੋਈ ਵੀ ਅਖਬਾਰ ਚੁੱਕ ਕੇ ਵੇਖ ਲਵੋ, ਉਸਦਾ ਕੋਈ ਵੀ ਪੰਨਾ ਤੁਹਾਨੂੰ ਅਜਿਹਾ ਨਹੀਂ ਮਿਲੇਗਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਵਿੱਚ ਲੱਗੀਆਂ ਅਜਿਹੀਆਂ ਖਬਰਾਂ ਨਾ ਮਿਲਣ, ਜਿਨ੍ਹਾਂ ਵਿੱਚ ਔਰਤ ਨੂੰ ਦਾਜ ਨਾ ਲਿਆਉਣ ਕਾਰਨ ਸਾੜਿਆ ਨਾ ਗਿਆ ਹੋਵੇ। ਸਮੂਹਕ ਬਲਾਤਕਾਰ ਕਰ, ਉਸਦੀ ਹੱਤਿਆ ਨਾ ਕਰ ਦਿੱਤੀ ਗਈ ਹੋਵੇ। ਉਸ ਨੂੰ ਨੰਗਿਆਂ ਕਰ ਉਸਦਾ ਜਲੂਸ ਕੱਢ ਕੇ ਘੁਮਾਇਆ ਨਾ ਗਿਆ ਹੋਵੇ ਸਹੁਰਿਆਂ ਤੇ ਪਤੀ ਦੇ ਜ਼ੁਲਮ ਤੋਂ ਤੰਗ ਆ ਉਸਨੇ ਆਤਮ ਹੱਤਿਆ ਨਾ ਕੀਤੀ ਹੋਵੇ।  ਆਪਣੇ ਮਾਤਾ-ਪਿਤਾ ਵਲੋਂ ਦਾਜ ਦਾ ਪ੍ਰਬੰਧ ਨਾ ਕਰ ਸਕਣ ਕਾਰਣ ਸੜ ਮਰਨ ਜਾਂ ਮਾਤਾ-ਪਿਤਾ ਵੱਲੋਂ ਬੱਚੀਆਂ ਨੂੰ ਜ਼ਹਿਰ ਦੇ ਕੇ ਆਪ ਵੀ ਆਤਮ ਹੱਤਿਆ ਕਰ ਲੈਣ ਦਾ ਜ਼ਿਕਰ ਨਾ ਕੀਤਾ ਗਿਆ ਹੋਵੇ।

ਅਜਿਹੀਆਂ ਖਬਰਾਂ ਹਰ ਰੋਜ਼ ਛਪਦੀਆਂ ਹਨ, ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ, ਪਰ ਬਹੁਤਾ ਗੌਲਦੇ ਨਹੀਂ। ਸ਼ਾਇਦ ਇਸਦਾ ਕਾਰਣ ਇਹ ਹੁੰਦਾ ਹੈ ਕਿ ਅਜਿਹੀਆਂ ਘਟਨਾਵਾਂ, ਜਿਹੜੀਆਂ ਨਿੱਤ ਸਾਡੇ ਆਲੇ-ਦੁਆਲੇ ਵਾਪਰਦੀਆਂ ਹਨ, ਦੀਆਂ ਖਬਰਾਂ ਹਰ ਰੋਜ਼ ਪੜ੍ਹਨ ਦੇ ਅਸੀਂ ਆਦੀ ਹੋ ਚੁੱਕੇ ਹਾਂ। ਇਹ ਗੱਲ ਵੇਖਣ ਅਤੇ ਸਮਝਣ ਵਾਲੀ ਹੈ ਕਿ ਅਜਿਹੀਆਂ ਘਟਨਾਵਾਂ ਕੇਵਲ ਸਾਡੇ ਦੇਸ਼ ਭਾਰਤ ਵਿੱਚ ਹੀ ਨਹੀਂ, ਸਗੋਂ ਦੂਸਰੇ, ਦਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਵੀ ਵਾਪਰ ਰਹੀਆਂ ਹਨ। ਜਿੱਥੋਂ ਤਕ ਪਛਮੀ ਦੇਸ਼ਾਂ, ਜੋ ਆਪਣੇ ਨੂੰ ਬਹੁਤ ਹੀ ਵਿਕਸਤ ਤੇ ਅਗਾਂਹ-ਵਧੂ ਦੇਸ਼ ਮੰਨਦੇ ਹਨ, ਦੀ ਗੱਲ ਹੈ, ਉਨ੍ਹਾਂ ਵਿੱਚ ਔਰਤਾਂ ਨੂੰ ਨਾ ਤਾਂ ਦਾਜ ਦੀ ਬਲੀ ਚੜ੍ਹਾਇਆ ਜਾਂਦਾ ਹੈ ਅਤੇ ਨਾ ਹੀ ਉੱਥੋਂ ਦੀਆਂ ਔਰਤਾਂ ਨੂੰ ਪ੍ਰੇਸ਼ਾਨ ਕਰਕੇ ਆਤਮ ਹੱਤਿਆ ਕਰਨ ਤੇ ਮਜਬੂਰ ਕੀਤਾ ਜਾਂਦਾ ਹੈ ਉੱਥੋਂ ਦੀਆਂ ਅੋਰਤਾਂ ਨਾਲ ਬਲਾਤਕਾਰ ਹੋਣ ਦੀਆਂ ਖਬਰਾਂ ਵੀ ਸ਼ਾਇਦ ਹੀ ਪੜ੍ਹਨ-ਸੁਣਨ ਨੂੰ ਮਿਲਦੀਆਂ ਹੋਣ, ਪਰ ਉੱਥੇ ਵੀ ਔਰਤ ਨੂੰ ਕੋਈ ਸਨਮਾਨ ਪ੍ਰਾਪਤ ਨਹੀਂ। ਉੱਥੇ ਉਸ ਨੂੰ ਇਸ਼ਤਿਹਾਰੀ ਸਭਿਅਤਾ ਦਾ ਇਕ ਹਿੱਸਾ ਮੰਨ, ਕੇ ਉਸਦੇ ਸ਼ਰੀਰ ਦੀ ਨੁਮਾਇਸ਼ ਕੀਤੀ ਜਾਂਦੀ ਹੈ। ਕੋਈ ਵੀ ਇਸ਼ਤਿਹਾਰ, ਭਾਵੇਂ ਸਾਬਣ ਦਾ ਹੋਵੇ ਜਾਂ ਫਿਰ ਸਿਗਰਟ ਦਾ, ਅਜਿਹਾ ਨਹੀਂ ਹੁੰਦਾ, ਜੋ ਔਰਤ ਦੇ ਸਰੀਰਕ ਨੰਗੇਜ਼ ਦੇ ਪ੍ਰਦਰਸ਼ਨ ਤੋਂ ਬਿਨਾ ਹੋਵੇ। ਜੇ ਵੇਖਿਆ ਜਾਏ ਤਾਂ ਇਹੀ ਸਭਿਅਤਾ ਅੱਜ ਭਾਰਤ ਤੇ ਹੋਰ ਦਖਣੀ ਏਸ਼ੀਆਈ ਦੇਸ਼ਾਂ ਵਿੱਚ ਵੀ ਭਾਰੂ ਹੁੰਦੀ ਚਲੀ ਜਾ ਰਹੀ ਹੈ। ਇਸ ਉਦੇਸ਼ ਵਿੱਚ ਭਾਰਤ ਸਹਿਤ ਹੋਰ ਵੀ ਕਈ ਦੇਸ਼ਾਂ ਵਿੱਚ ਲਗਾਤਾਰ ਵਧਦੇ ਜਾ ਰਹੇ ‘ਸੁੰਦਰਤਾ ਦੇ ਮੁਕਾਬਲੇ’ ਮਦਦਗਾਰ ਸਾਬਤ ਹੋ ਰਹੇ ਹਨ। ਇਨ੍ਹਾਂ ਮੁਕਾਬਲਿਆਂ ਰਾਹੀਂ ਹੀ ਸੁੰਦਰਤਾ ਦਾ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਅਤੇ ਵੱਡੇ-ਵੱਡੇ ਫੈਸ਼ਨ ਹਾਊਸ, ਭਾਰਤ ਤੇ ਹੋਰ ਏਸ਼ੀਆਈ-ਅਫਰੀਕੀ ਦੇਸ਼ਾਂ ਦਾ ਸ਼ੋਸ਼ਣ ਕਰਨ ਵਿੱਚ ਸਫਲ ਹੋ ਰਹੇ ਹਨ।

ਚਿਤਾਵਨੀ ਭਰੀਆਂ ਕੁਝ ਖਬਰਾਂ:

ਕੁਝ ਹੀ ਸਮਾਂ ਪਹਿਲਾਂ ਕਈ ਅਜਿਹੀਆਂ ਖਬਰਾਂ ਆਈਆਂ ਸਨ, ਜਿਨ੍ਹਾਂ ਰਾਹੀਂ ਭਵਿੱਖਬਾਣੀ ਕੀਤੀ ਗਈ ਹੋਈ ਸੀ ਕਿ ‘ਭਾਰਤ ਦਾ ਦਿੱਲੀ ਸ਼ਹਿਰ ਅਗਲੇ ਕੁਝ ਵਰ੍ਹਿਆਂ ਵਿੱਚ ਔਰਤਾਂ ਲਈ ਸਭ ਤੋਂ ਵੱਧ ਅਸੁਰਖਿਅਤ ਸ਼ਹਿਰ ਬਣ ਜਾਏਗਾ’। ਇਸਦਾ ਕਾਰਣ ਇਹ ਦੱਸਿਆ ਗਿਆ ਸੀ ਕਿ ਇਸ ਸਮੇਂ ਔਰਤਾਂ ਨੂੰ ਅਗਵਾ ਅਤੇ ਉਨ੍ਹਾਂ ਨਾਲ ਬਲਾਤਕਾਰ ਕਰਨ ਸਹਿਤ ਔਰਤਾਂ ਵਿਰੋਧੀ ਜੁਰਮ ਦੀਆਂ ਸਭ ਤੋਂ ਵੱਧ ਘਟਨਾਵਾਂ ਦਿੱਲੀ ਵਿੱਚ ਹੀ ਵਾਪਰਦੀਆਂ ਹਨ। ਭਾਵੇਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਬਿਹਾਰ ਵੀ ਇਸ ਤੋਂ ਕੋਈ ਬਹੁਤੇ ਪਿੱਛੇ ਨਹੀਂ ਹਨ! ਜਾਣਕਾਰ ਹਲਕਿਆਂ ਦਾ ਮੰਨਣਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਹੀ ਘੱਟ ਲੋਕੀ ਅਜਿਹੇ ਹਨ, ਜੋ ਬਲਾਤਕਾਰ ਹੋਣ ਦੀ ਘਟਨਾ ਦੀ ਰਿਪੋਰਟ ਦਰਜ ਕਰਵਾਉਣ ਲਈ ਪੁਲਿਸ ਪਾਸ ਜਾਂਦੇ ਹਨ ਉਨ੍ਹਾਂ ਦੀ ਮੰਨਣਾ ਹੈ ਕਿ ਬਲਾਤਕਾਰ ਦੇ ਮੁੱਦੇ ਨੂੰ ਲੈ ਕੇ ਅਦਾਲਤਾਂ ਵਿੱਚ ਜੋ ਬਹਿਸ ਹੁੰਦੀ ਹੈ, ਉਹ ਪੀੜਤ ਔਰਤ ਲਈ ਬਲਾਤਕਾਰ ਨਾਲੋਂ ਵੀ ਕਿਤੇ ਵੱਧ ਪੀੜਾਦਾਇਕ ਹੁੰਦੀ ਹੈ।

ਔਰਤਾਂ ਨਾਲ ਹੋਣ ਵਾਲੇ ਅਪਰਾਧਾਂ ਬਾਰੇ ਸਰਵੇ ਕਰਨ ਵਾਲੀ ਇੱਕ ਅੰਤਰ-ਰਾਸ਼ਟਰੀ ਸੰਸਥਾ ਵਲੋਂ ਭਾਰਤ ਦੇ ਕੁਝ ਚੋਣਵੇਂ ਸ਼ਹਿਰਾਂ ਵਿੱਚ ਕੀਤੇ ਗਏ ਸਰਵੇ ਅਨੁਸਾਰ ਇਸ ਦੇਸ਼ ਦੇ ਘਰਾਂ ਵਿੱਚ ਵੀ ਔਰਤ ਨਾਲ ਬਹੁਤ ਮਾੜਾ ਵਰਤਾਉ ਕੀਤਾ ਜਾਂਦਾ ਹੈ। ਇੱਥੋਂ ਤਕ ਕਿ ਉਸ ਨੂੰ ਮਾਰ-ਕੁੱਟ ਤਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਸੰਸਥਾ ਦੀ ਰਿਪੋਰਟ ਅਨੁਸਾਰ 40 ਪ੍ਰਤੀਸ਼ਤ ਤੋਂ ਵੱਧ ਔਰਤਾਂ ਨੂੰ ਘਰਾਂ ਵਿੱਚ, ਮਰਦਾਂ, ਜਿਨ੍ਹਾਂ ਵਿੱਚ ਪਤੀ, ਪਿਤਾ, ਭਰਾ, ਪੁੱਤਰ ਤੇ ਹੋਰ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ, ਹੱਥੋਂ ਮਾਰ-ਕੁੱਟ ਸਹਿਣੀ ਪੈਂਦੀ ਹੈ ਤੇ ਇਹ ਮਾਰ-ਕੁੱਟ ਕੇਵਲ ਥੱਪੜਾਂ-ਮੁੱਕਿਆਂ ਆਦਿ ਤਕ ਹੀ ਸੀਮਤ ਨਹੀਂ ਹੁੰਦੀ। ਇਸੇ ਰਿਪੋਰਟ ਅਨੁਸਾਰ ਕੰਮ-ਕਾਜੀ ਔਰਤਾਂ ਵੀ ਇਸ ਕੁੱਟ-ਮਾਰ ਤੋਂ ਬਚਦੀਆਂ ਨਹੀਂ। ਅਜਿਹੀ ਕੁੱਟ-ਮਾਰ ਦਾ ਸ਼ਿਕਾਰ ਹੋਣ ਵਾਲੀਆਂ ਬਹੁਤੀਆਂ ਕੰਮ-ਕਾਜੀ ਔਰਤਾਂ ਉਹ ਹੁੰਦੀਆਂ ਹਨ, ਜਿਨ੍ਹਾਂ ਦੇ ਪਤੀ ਬੇਰੋਜ਼ਗਾਰ ਹੁੰਦੇ ਹਨ ਤੇ ਕਮਾ ਕੇ ਘਰ ਚਲਾਉਣ ਵਾਲੀ ਔਰਤ ਨੂੰ ਉਹ ਇਸ ਲਈ ਕੁੱਟਦੇ-ਮਰਦੇ ਹਨ ਕਿ ਉਹ ਇਹ ਬਰਦਾਸ਼ਤ ਨਹੀਂ ਕਰਦੇ ਕਿ ਉਨ੍ਹਾਂ ਦੀ ਕਮਾਉ ਪਤਨੀ ਦਬਾਉ ਬਣਾ, ਉਨ੍ਹਾਂ ਨੂੰ ਆਪਣਾ ਦਬੇਲ ਬਣਾਉਣ ਵਿੱਚ ਸਫਲ ਹੋ ਜਾਏ ਜਾਂ ਅਜਿਹਾ ਕਰਨ ਦੀ ਕੋਸ਼ਿਸ਼ ਹੀ ਕਰੇ। ਇਸ ਮਾਰ-ਕੁਟ ਦੇ ਸਿਲਸਿਲੇ ਦੇ ਚੱਲਦਿਆਂ ਇਹ ਭੁਲੇਖਾ ਵੀ ਟੁੱਟ ਜਾਂਦਾ ਹੈ ਕਿ ਕਮਾਊ ਔਰਤ ਨੂੰ ਘਰ ਵਿੱਚ ਮਾਣ-ਸਤਿਕਾਰ ਮਿਲਦਾ ਹੈ।

… ਅਤੇ ਅੰਤ ਵਿੱਚ:

ਇੱਕ ਸਰਵੇ ਅਨੁਸਾਰ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਔਰਤ ਦੇ ਮਾਮਲੇ ਵਿੱਚ ਕਈ ਸਦੀਆਂ ਇਕੱਠੀਆਂ ਚੱਲ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਸਦੀ ਅਜਿਹੀ ਹੈ, ਜਿਸ ਵਿੱਚ ਔਰਤ ਨੂੰ ਜੰਮਦਿਆਂ ਹੀ ਘਰ ਦੀ ਅਜਿਹੀ ਚਾਰ-ਦੀਵਾਰੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਵਿੱਚ ਉਸ ਨੂੰ ਬਾਹਰ ਦੀ ਹਵਾ ਤੱਕ ਵੀ ਲੱਗਣ ਨਹੀਂ ਦਿੱਤੀ ਜਾਂਦੀ ਇਸੇ ਦੇਸ਼ ਵਿੱਚ ਇੱਕ ਸਦੀ ਉਹ ਵੀ ਚੱਲ ਰਹੀ ਹੈ ਜਿਸ ਵਿੱਚ ਵਿਧਵਾ ਹੋ ਜਾਣ ਵਾਲੀ ਔਰਤ ਨੂੰ ਇੱਕ ਅਜਿਹੀ ਕਾਲ-ਕੋਠੜੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਵਿੱਚ ਉਸ ਨੂੰ ਪਤਾ ਤਕ ਨਹੀਂ ਚੱਲਦਾ ਕਿ ਦੁਨੀਆਂ ਵਿੱਚ ਤਾਂ ਕੀ, ਉਸਦੇ ਘਰ ਵਿਚਲੀ ਉਸ ਕਾਲ ਕੋਠੜੀ ਤੋਂ ਬਾਹਰ ਕੀ ਹੋ ਰਿਹਾ ਹੈ, ਜਿਸ ਵਿੱਚ ਉਹ ਬੰਦ ਹੈ। ਇਨ੍ਹਾਂ ਦੋ ਸਦੀਆਂ ਤੋਂ ਇਲਾਵਾ ਇੱਕ ਸਦੀ ਉਹ ਵੀ ਹੈ ਜਿਸ ਵਿੱਚ ਔਰਤ ਹਵਾਈ ਜਹਾਜ਼ ਉਡਾ ਰਹੀ ਹੈ, ਪੁਲਾੜ ਦੀ ਖੋਜ ਵਿੱਚ ਮਰਦ ਦੇ ਮੋਢੇ ਨਾਲ ਮੋਢਾ ਜੋੜ ਉਸਦੀ ਮਦਦਗਾਰ ਸਾਬਤ ਹੋਣ ਦੇ ਨਾਲ ਹੀ ਵਿਗਿਆਨ, ਟੈਕਨੌਲੋਜੀ, ਅਤੇ ਮੈਡੀਕਲ ਸਾਇੰਸ ਆਦਿ ਦੇ ਖੇਤਰਾਂ ਵਿੱਚ ਨਾਮਣਾ ਖੱਟ ਕੇ ਮੀਲ ਪੱਥਰ ਸਥਾਪਤ ਕਰਨ ਵਿੱਚ ਸਫਲ ਹੋ ਰਹੀ ਹੈ।

*****

(882)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author