“ਇਉਂ ਜਾਪਦਾ ਹੈ ਕਿ ਜਿਵੇਂ ਇਸ ਵਾਰ ਦਿੱਲੀ ਦੇ ਮਤਦਾਤਾਵਾਂ ਨੇ ਨਾ ਤਾਂ ...”
(15 ਫਰਵਰੀ 2020)
ਦਿੱਲੀ ਵਿਧਾਨ ਸਭਾ ਦੇ ਜੋ ਚੋਣ ਨਤੀਜੇ ਸਾਹਮਣੇ ਆਏ ਹਨ, ਉਹ ਦੇਸ਼ ਦੀ ਰਾਜਸੀ ਸਥਿਤੀ ਉੱਪਰ ਤਿੱਖੀ ਨਜ਼ਰ ਰੱਖਦੇ ਚਲੇ ਆ ਰਹੇ ਰਾਜਸੀ ਮਾਹਿਰਾਂ ਨੂੰ ਵੀ ਹੈਰਾਨ ਕਰ ਦੇਣ ਵਾਲੇ ਹਨ। ਇਸਦਾ ਕਾਰਣ ਇਹ ਹੈ ਕਿ ਦੇਸ਼ ਦੀ ਆਜ਼ਾਦੀ ਅਤੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਅੱਜ ਤਕ ਜਿੰਨੀਆਂ ਵੀ ਚੋਣਾਂ, ਭਾਵੇਂ ਉਹ ਲੋਕ ਸਭਾ ਦੀਆਂ ਸਨ ਜਾਂ ਪ੍ਰਦੇਸ਼ਾਂ ਦੀਆਂ, ਹੋਈਆਂ ਉਨ੍ਹਾਂ ਸਭ ਵਿੱਚ ਜਿੱਤ ਪਾਰਟੀ ਦੇ ਨਾ ਉੱਤੇ ਹੁੰਦੀ ਆਈ ਹੈ। ਇਹ ਪਹਿਲੀ ਵਾਰ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਾਰ-ਜਿੱਤ ਦਾ ਫੈਸਲਾ ਕਿਸੇ ਪਾਰਟੀ ਦੇ ਨਾ ਉੱਤੇ ਜਾਂ ਚੋਣ ਲੜ ਰਹੀਆਂ ਪਾਰਟੀਆਂ ਵਲੋਂ ਜਾਰੀ ਕੀਤੇ ਗਏ ‘ਚੋਣ ਮਨੋਰਥ ਪੱਤਰਾਂ’ ਰਾਹੀਂ ਵਿਖਾਏ ਗਏ ਸਬਜ਼ਬਾਗਾਂ ਦੇ ਆਧਾਰ ਉੱਤੇ ਨਾ ਹੋ ਕੇ ਬੀਤੇ ਸਮੇਂ ਵਿੱਚ ਸੱਤਾ ਉੱਪਰ ਕਾਬਜ਼ ਰਹੀ ਪਾਰਟੀ ਵਲੋਂ ਕੀਤੇ ਗਏ ਕੰਮਾਂ ਦੇ ਆਧਾਰ ਉੱਪਰ ਹੋਇਆ ਹੈ। ਇਨ੍ਹਾਂ ਚੋਣ ਨਤੀਜਿਆਂ ਨੇ ਦੇਸ਼ ਦੇ ਸਾਹਮਣੇ ਇੱਕ ਨਵਾਂ ‘ਦਿੱਲੀ ਮਾਡਲ’ ਪੇਸ਼ ਕੀਤਾ ਹੈ, ਜਿਸਦੀ ਘੋਖ ਕਰਕੇ ਉਸ ਨੂੰ ਅਪਨਾਉਣ ਲਈ ਲਗਭਗ ਉਨ੍ਹਾਂ ਸਾਰੇ ਰਾਜਾਂ ਦੀਆਂ ਸਰਕਾਰਾਂ ਤਿਆਰ ਹੁੰਦੀਆਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ ਦੀ ਸੱਤਾ ਉੱਪਰ ਗੈਰ-ਭਾਜਪਾ ਪਾਰਟੀਆਂ ਕਾਬਜ਼ ਹਨ।
ਮਤਦਾਤਾਵਾਂ ਦਾ ਫਤਵਾ:
ਇਨ੍ਹਾਂ ਚੋਣਾਂ ਦੇ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਇਉਂ ਜਾਪਦਾ ਹੈ ਕਿ ਜਿਵੇਂ ਇਸ ਵਾਰ ਦਿੱਲੀ ਦੇ ਮਤਦਾਤਾਵਾਂ ਨੇ ਨਾ ਤਾਂ ਕਿਸੇ ਪਾਰਟੀ ਜਾਂ ਨੇਤਾ ਵਲੋਂ ਜਾਰੀ ਕੀਤੇ ਗਏ ਆਦੇਸ਼ ਦਾ ਪਾਲਣ ਕੀਤਾ ਹੈ ਅਤੇ ਨਾ ਹੀ ਕਿਸੇ ਪਾਰਟੀ ਵਿਸ਼ੇਸ਼ ਪ੍ਰਤੀ ਆਪਣੇ ਨਿੱਜੀ ਝੁਕਾਉ ਨੂੰ ਆਪਣੇ ਫੈਸਲੇ ਉੱਪਰ ਭਾਰੂ ਹੋਣ ਦਿੱਤਾ ਹੈ, ਸਗੋਂ ਆਪਣੀ ਆਤਮਾ ਦੀ ਆਵਾਜ਼ ਉੱਤੇ ਫੈਸਲਾ ਕੀਤਾ ਹੈ। ਇਨ੍ਹਾਂ, ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਭਾਜਪਾ ਦੀ ਨੀਤੀ, ਆਮ ਆਦਮੀ ਪਾਰਟੀ ਦੇ ਪਿਛਲੇ ਸੱਤਾ-ਕਾਲ ਦੌਰਾਨ ਹੋਏ ਕੰਮਾਂ ਨੂੰ ਅਸਫਲ ਸਾਬਤ ਕਰਨਾ ਅਤੇ ਉਸ ਵਲੋਂ ਦਿੱਲੀ ਵਾਸੀਆਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਦਿੱਲੀ ਵਾਸੀਆਂ ਨੂੰ ਮੁਫਤਖੋਰੇ (ਭਿਖਾਰੀ) ਬਣਾਉਣ ਵਜੋਂ ਪ੍ਰਚਾਰੇ ਜਾਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਇੱਧਰ ਅਕਾਲੀਆਂ ਦੇ ਇੱਕ ਗੁੱਟ ਨੇ ਆਮ ਆਦਮੀ ਪਾਰਟੀ ਵਲੋਂ ਪਿਛਲੀ ਵਾਰ ਦੇ ਚਾਰ ਸਿੱਖ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੇ ਮੁਕਾਬਲੇ ਇਸ ਵਾਰ ਕੇਵਲ ਦੋ ਸਿੱਖ ਉਮੀਦਵਾਰ ਹੀ ਉਤਾਰੇ ਜਾਣ ਉੱਤੇ ਉਸ ਨੂੰ ਸਿੱਖ ਵਿਰੋਧੀ ਪ੍ਰਚਾਰ, ਸਿੱਖਾਂ ਨੂੰ ਉਸ ਵਿਰੁੱਧ ਖੜ੍ਹਿਆਂ ਹੋਣ ਲਈ ਪ੍ਰੇਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਇਸਦੇ ਬਾਵਜੂਦ ਦਿੱਲੀ ਦੇ ਆਮ ਸਿੱਖਾਂ ਅਤੇ ਦੂਸਰੇ ਮਤਦਾਤਾਵਾਂ ਨੇ ਆਪਣੀ ਸੋਚ ਸਮਝ ਦੇ ਅਧਾਰ ਉੱਪਰ ਮਤਦਾਨ ਕੀਤਾ। ਉਨ੍ਹਾਂ ਉੱਪਰ ਕਿਸੇ ਅਕਾਲੀ ਦਲ ਜਾਂ ਸਿੱਖ ਜਥੇਬੰਦੀ ਵਲੋਂ, ਭਾਜਪਾ ਦੇ ਹੱਕ ਵਿੱਚ ਭੁਗਤਣ ਜਾਂ ਕਿਸੇ ਵਿਸ਼ੇਸ਼ ਉਮੀਦਵਾਰ ਦਾ ਸਮਰਥਨ ਕਰਨ ਦੇ ਦਿੱਤੇ ਗਏ ਆਦੇਸ਼ ਦਾ ਕੋਈ ਅਸਰ ਨਹੀਂ ਹੋਇਆ।
ਭਾਜਪਾ ਨੇ ਸਮੁੱਚੀ ਤਾਕਤ ਝੋਕੀ:
ਕੋਈ ਸੱਤ-ਅੱਠ ਸਾਲ ਪਹਿਲਾਂ ਹੀ ਹੋਂਦ ਵਿੱਚ ਆਈ ਇੱਕ ਇਲਾਕਾਈ ਪਾਰਟੀ ‘ਆਮ ਆਦਮੀ ਪਾਰਟੀ’ ਪਾਸੋਂ ਦਿੱਲੀ ਵਰਗੇ ਇੱਕ ਛੋਟੇ ਜਿਹੇ ਕੇਂਦਰ-ਸ਼ਾਸਤ ਰਾਜ ਦੀ ਸੱਤਾ ‘ਖੋਹਣ’ ਲਈ ਭਾਜਪਾ ਵਲੋਂ ਜਿਸ ਤਰ੍ਹਾਂ ਆਪਣੀ ਸਮੁੱਚੀ ਤਾਕਤ ਝੌਂਕੀ ਗਈ, ਉਹ ਹੈਰਾਨ ਕਰਨ ਵਾਲੀ ਸੀ। ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਕੇਂਦਰ ਦੇ 40 ਮੰਤਰੀ ਲਗਭਗ 250 ਸਾਂਸਦ, ਭਾਜਪਾ ਸੱਤਾ ਵਾਲੇ 11 ਰਾਜਾਂ ਦੇ ਮੁੱਖ ਮੰਤਰੀ ‘ਆਪ’ ਪਾਸੋਂ ਸੱਤਾ ਖੋਹਣ ਲਈ ਇਸ ਮੈਦਾਨ ਵਿੱਚ ਉਤਾਰੇ ਗਏ। ਇੰਨਾ ਹੀ ਨਹੀਂ, ਮਤਦਾਨ ਵਾਲੇ ਦਿਨ ਸਮੇਤ ਅਖੀਰਲੇ ਚਾਰ ਦਿਨ ਸਾਰੇ ਸਾਂਸਦਾਂ ਨੂੰ ਦਿੱਲੀ ਦੀਆਂ ਝੁੱਗੀਆਂ, ਝੌਂਪੜੀਆਂ ਵਾਲੀਆਂ ਬਸਤੀਆਂ ਵਿੱਚ ਰਹਿਣ ਉੱਤੇ ਮਜਬੂਰ ਕੀਤਾ ਗਿਆ। (ਜਿਸਦਾ ਮਤਲਬ ਸਮਝਣਾ ਕੋਈ ਮੁਸ਼ਕਿਲ ਨਹੀਂ।) ਇਸਦੇ ਬਾਵਜੂਦ ਭਾਜਪਾ 70 ਸੀਟਾਂ ਵਿੱਚੋਂ ਕੇਵਲ ਅੱਠ ਸੀਟਾਂ ਉੱਪਰ ਹੀ ਕਾਬਜ਼ ਹੋ ਸਕੀ ਤੇ ‘ਕੱਲ੍ਹ’ ਦੀ ਜਨਮੀ ਪਾਰਟੀ ਉਸ ਉੱਪਰ ਭਾਰੂ ਬਣੀ ਰਹੀ।
ਕੀ ਹੋ ਰਿਹਾ ਹੈ ਇਸ ਦੇਸ਼ ਵਿੱਚ:
ਸ਼ਾਮ ਦਾ ਸਮਾਂ ਸੀ, ਯਾਰਾਂ ਦੀ ਮਹਿਫਲ ਜਮੀ ਹੋਈ ਸੀ। ਚਾਹ ਦੀਆਂ ਚੁਸਕੀਆਂ ਦੇ ਨਾਲ ਗੱਪ-ਸ਼ੱਪ ਦਾ ਦੌਰ ਚੱਲ ਰਿਹਾ ਸੀ। ਇਸੇ ਦੌਰ ਵਿੱਚ ਅਚਾਨਕ ਹੀ ਰਾਜਨੀਤੀ ਉੱਪਰ ਚਰਚਾ ਸ਼ੁਰੂ ਹੋ ਗਈ। ਅਜਿਹਾ ਹੁੰਦਾ ਵੀ ਕਿਉਂ ਨਾ, ਸਾਰੇ ਹੀ ਯਾਰ ਰਾਜਨੀਤੀ ਵਿੱਚ ਮੂੰਹ ਮਾਰਨ ਵਾਲੇ ਸਨ। ਚਰਚਾ ਸ਼ੁਰੂ ਕਰਦਿਆਂ ਰਾਜਦੀਪ ਨੇ ਦੱਸਿਆ ਕਿ ਅੱਜਕਲ ਦੇਸ਼ ਭਰ ਵਿੱਚ ‘ਦੇਸ਼ ਦੇ ਅੱਗੇ ਵਧਦਿਆਂ ਜਾਣ’ ਉੱਪਰ ਬੜੀ ਜ਼ੋਰਦਾਰ ਚਰਚਾ ਚੱਲ ਰਹੀ ਹੈ …। ਉਸਦੀ ਗੱਲ ਕੱਟਦਿਆਂ ਧਰੂ ਗੁਪਤ ਬੋਲ ਪਿਆ ਕਿ ਬੀਤੇ ਦਿਨੀਂ ਉਸਨੇ ਉੱਤਰ ਪ੍ਰਦੇਸ਼ ਦੇ ਇੱਕ ਸ਼ਹਿਰ ਵਿੱਚ ਦੋ ਕੁੜੀਆਂ ਨਾਲ ਵਾਪਰੀ ਵਹਿਸ਼ੀ ਘਟਨਾ ਦਾ ਜੋ ਵੀਡੀਓ ਵੇਖਿਆ, ਉਸ ਤੋਂ ਬਾਅਦ ਉਸ ਨੂੰ ਪੂਰਾ ਵਿਸ਼ਵਾਸ ਹੋ ਗਿਆ ਹੈ ਕਿ ਅਸੀਂ ਮਨੁੱਖਾ-ਇਤਿਹਾਸ ਦੇ ਸਭ ਤੋਂ ਵੱਧ ਭਿਆਨਕ ਦੌਰ ਵਿੱਚ ਜੀਅ ਰਹੇ ਹਾਂ। ਜਿਸ ਤਰ੍ਹਾਂ ਦਰਜਨ ਭਰ ਮੁੰਡਿਆਂ ਨੇ ਸਰੇ-ਬਾਜ਼ਾਰ ਦੋ ਸਹਿਮੀਆਂ-ਡਰੀਆਂ ਕੁੜੀਆਂ ਦੇ ਸਰੀਰ ਨਾਲ ਨੀਚਤਾ-ਭਰੀ ਖੇਡ ਖੇਡੀ, ਉਹ ਲਹੂ ਨੂੰ ਜਮਾ ਦੇਣ ਵਾਲੀ ਸੀ। ਕੋਈ ਵੀ ਸੰਵੇਦਨਸ਼ੀਲ ਵਿਅਕਤੀ ਇਸ ਘਟਨਾ ਦੇ ਵੀਡੀਓ ਨੂੰ ਪੂਰਿਆਂ ਨਹੀਂ ਵੇਖ ਸਕਦਾ। ਉਸ ਦੱਸਿਆ ਕਿ ਉਸ ਘਟਨਾ ਤੋਂ ਵੀ ਸ਼ਰਮਨਾਕ ਗੱਲ ਇਹ ਸੀ ਕਿ ਉੱਥੇ ਮੌਜੂਦ ਲੋਕ ਤਮਾਸ਼ਬੀਨ ਬਣੇ ਹੋਏ ਸਨ। ਉਹ ਸ਼ਾਇਦ ਇਸ ਦਰਦਨਾਕ ਘਟਨਾ ਵਿੱਚੋਂ ਵੀ ਆਪਣਾ ਮੰਨੋਰੰਜਨ ਲਭ ਰਹੇ ਸਨ। ਉਨ੍ਹਾਂ ਕੁੜੀਆਂ ਦੀਆਂ ਚੀਖਾਂ ਅਤੇ ਮਿੰਨਤਾਂ ਤੋਂ ਵੀ ਕਿਸੇ ਦੀ ਅੰਤਰ-ਆਤਮਾ ਨਹੀਂ ਜਾਗੀ। ਕਿਸੇ ਦੇ ਵੀ ਖੂਨ ਵਿੱਚ ਉਬਾਲ ਨਹੀਂ ਅਇਆ। ਉਸਨੇ ਭਰੇ ਹੋਏ ਮਨ ਨਾਲ ਕਿਹਾ ਕਿ ਅਜਿਹੀਆਂ ਘਟਨਾਵਾਂ ਦੱਸਦੀਆਂ ਹਨ ਕਿ ਦੇਸ਼ ਤੇ ਪ੍ਰਦੇਸ਼ ਦੀਆਂ ਸਰਕਾਰਾਂ ਨੇ ਪੁਲਿਸ ਨੂੰ ਕਿਵੇਂ ਰਾਜਨੈਤਿਕ, ਬੁਜ਼ਦਿਲ ਅਤੇ ਸੰਵੇਦਨਹੀਨ ਬਣਾ ਕੇ ਰੱਖ ਦਿੱਤਾ ਹੋਇਆ ਹੈ। ਹੁਣ ਤਾਂ ਪੁਲਿਸ ਤੋਂ ਕੋਈ ਡਰਦਾ ਹੀ ਨਹੀਂ। ਦੋ ਟਕੇ ਦੇ ਨੇਤਾ ਵੀ ਉਸ ਨੂੰ ਥੱਪੜ ਮਾਰ, ਚਲੇ ਜਾਂਦੇ ਹਨ ਅਤੇ ਦੋ ਟਕੇ ਦੇ ਅਪਰਾਧੀ ਵੀ। ਉਸਨੇ ਕਿਹਾ ਕਿ ਇਸਦੇ ਬਾਵਜੂਦ ਇਹ ਘਟਨਾ ਇੱਕ ਸਵਾਲ ਤਾਂ ਛੱਡ ਹੀ ਜਾਂਦੀ ਹੈ ਕਿ ਕੀ ਸੜਕਾਂ ਉੱਪਰ, ਗਲੀਆਂ ਵਿੱਚ, ਖੇਤਾਂ ਵਿੱਚ ਅਤੇ ਇੱਥੋਂ ਤਕ ਕਿ ਘਰਾਂ ਵਿੱਚ ਵੀ ਔਰਤਾਂ ਦੀ ਇੱਜ਼ਤ ਅਤੇ ਅਸਮਤ ਦੀ ਰੱਖਿਆ ਕਰਨਾ ਸਿਰਫ ਸਰਕਾਰ ਤੇ ਪੁਲਿਸ ਦੀ ਹੀ ਜ਼ਿੰਮੇਦਾਰੀ ਹੈ? ਅਸੀਂ ਉਸਦੀ ਲੁੱਟਦੀ ਹੋਈ ਇੱਜ਼ਤ-ਆਬਰੂ ਦਾ ਕੇਵਲ ਤਮਾਸ਼ਾ ਵੇਖਣ ਅਤੇ ਉਸਦਾ ਵੀਡੀਓ ਬਣਾਉਣ ਲਈ ਹੀ ਰਹਿ ਗਏ ਹਾਂ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1941)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)







































































































