JaswantAjit7ਇਸੇ ਸੋਚ ਅਧੀਨ ਬਗਲਾਂ ਵਜਾਈਆਂ ਕਿ ਇਸ ਸਿੱਖ ਬਹੁਗਿਣਤੀ ਵਾਲੇ ਸੂਬੇ ਵਿੱਚਉਨ੍ਹਾਂ ਦੀ ਹੀ ਤੂਤੀ ਬੋਲਦੀ ਰਹੇਗੀ ...”
(26 ਨਵੰਬਰ 2016)

 

ਕਦੀ ਪੰਜ ਦਰਿਆਵਾਂ ਦੀ ਧਰਤੀ ਦੇ ਪੰਜ-ਆਬ, ਦੀ ਹੋਈ ਦੂਸਰੀ ਵੰਡ ਨਾਲ ਹੋਂਦ ਵਿੱਚ ਆਇਆ ਪੰਜਾਬੀ ਸੂਬਾ, ਜਿਸ ਨੂੰ ਅੱਜਕਲ ਪੰਜਾਬ ਆਖਿਆ ਜਾਂਦਾ ਹੈ, 31 ਅਕਤੂਬਰ ਨੂੰ ਆਪਣੀ ਸਥਾਪਨਾ ਦੇ 50 ਵਰ੍ਹੇ ਪੂਰੇ ਕਰਕੇ ਪਹਿਲੀ ਨਵੰਬਰ ਨੂੰ 51ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਬੀਤੇ 50 ਵਰ੍ਹਿਆਂ ਵਿੱਚ ਪੰਜਾਬੀਆਂ ਨੇ ਕੀ ਖੱਟਿਆ ਅਤੇ ਕੀ ਗਵਾਇਆ? ਇਸਦੀ ਇੱਕ ਬਹੁਤ ਹੀ ਲੰਬੀ ਕਹਾਣੀ ਹੈ, ਜਿਸਦਾ ਜ਼ਿਕਰ ਫਿਰ ਕਿਸੇ ਸਮੇਂ ਕਰਨ ਲਈ ਛੱਡ, ਅੱਜ ਦੇ ਹਾਲਾਤ ਪੁਰ ਚਰਚਾ ਕੀਤੀ ਜਾਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਆਮ ਪੰਜਾਬੀਆਂ ਦੀ ਗੱਲ ਕਰਨੀ ਹੋਵੇਗੀ ਜੋ ਇਹ ਮੰਨ ਕੇ ਚੱਲ ਰਹੇ ਹਨ ਕਿ ‘ਪੰਜਾਬੀ ਸੂਬੇ’ ਦੇ ਹੋਂਦ ਵਿੱਚ ਆਉਣ ਨਾਲ ਅਕਾਲੀਆਂ ਦਾ ਮਾਤ੍ਰ ਇੱਕੋ-ਇੱਕ ਉਦੇਸ਼ ਪੂਰਾ ਹੋਇਆ ਹੈ, ਤੇ ਉਹ ਇਹ ਕਿ ਜਦੋਂ ਕਦੀ ਵੀ ਇਸ ਪ੍ਰਦੇਸ਼ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਹੋਣ, ਅਕਾਲੀਆਂ ਦਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਪੁਰ ਦਾਅਵਾ ਬਰਕਰਾਰ ਰਹਿ ਸਕੇ। ਇਸ ਤੋਂ ਬਿਨਾਂ ਨਾ ਤਾਂ ਪੰਜਾਬੀ ਸੂਬੇ ਦੇ ਗਠਨ ਤੋਂ ਬਾਅਦ ਅੱਜ ਤਕ, ਉਸਦੇ ਗਠਨ ਨਾਲ ਸੰਬੰਧਤ ਰਹੀਮੁੱਖ ਮੰਗ, ਪੰਜਾਬੀ ਭਾਸ਼ਾ ਨੂੰ ਸਨਮਾਨ ਦਿੱਤੇ ਜਾਣ ਦਾ ਉਦੇਸ਼ ਪੂਰਾ ਹੋ ਸਕਿਆ ਹੈ। ਅਰਥਾਤ ਇਨ੍ਹਾਂ 50 ਵਰ੍ਹਿਆਂ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਨੂੰ ਉਤਸ਼ਾਹਿਤ ਕਰਨ ਦਾ ਨਾ ਤਾਂ ਮੌਕਾ ਹੀ ਬਣ ਪਾਇਆ ਹੈ ਅਤੇ ਨਾ ਹੀ ਪ੍ਰਦੇਸ਼ ਦੀ ਰਾਜ-ਭਾਸ਼ਾ ਵਜੋਂ ਪੰਜਾਬੀ ਭਾਸ਼ਾ ਨੂੰ ਉਹ ਸਨਮਾਨ ਮਿਲ ਸਕਿਆ ਹੈ, ਜਿਸਦੀ ਉਹ ਅਧਿਕਾਰੀ ਹੈ। ਹੋਰ ਤਾਂ ਹੋਰ ਉਸਨੂੰ, ਉਹ ਸਨਮਾਨ ਵੀ ਨਹੀਂ ਮਿਲ ਪਾਇਆ ਹੈ, ਜੋ ਉਸਨੂੰ ਦੁਆਉਣ ਲਈ ਮੋਰਚੇ ਲਾਏ ਜਾਂਦੇ ਰਹੇ ਅਤੇ ਜਿਨ੍ਹਾਂ ਵਿੱਚ ਹਜ਼ਾਰਾਂ ਪੰਜਾਬੀ ਜੇਲ੍ਹਾਂ ਵਿੱਚ ਡੱਕੇ, ਮਾਰਾਂ-ਕੁਟਾਂ ਖਾਂਦੇ ਰਹੇ, ਫਲਸਰੂਪ ਕਈ ਪੰਜਾਬੀ ਸ਼ਹੀਦ ਵੀ ਹੋ ਗਏ।

ਪੁਰਾਣੇ ਟਕਸਾਲੀ ਅਕਾਲੀ ਆਗੂ ਦੱਸਦੇ ਹਨ ਕਿ ਜਦੋਂ ਪੰਜਾਬੀ ਸੂਬੇ ਦੀ ਮੰਗ ਨੂੰ ਪੂਰਿਆਂ ਕਰਨ ਦੇ ਉਦੇਸ਼ ਨਾਲ ਉਸਦੇ ਗਠਨ ਦੀ ਪ੍ਰਕ੍ਰਿਆ ਸ਼ੁਰੂ ਹੋ ਰਹੀ ਸੀ, ਉਸ ਸਮੇਂ ਇਸ ‘ਸਫਲਤਾ’ ਦਾ ਸਿਹਰਾ ਬੰਨ੍ਹ ਸਵਾਗਤ ਸਨਮਾਨ ਕਰਵਾਉਣ ਲਈ ਸੰਤ ਫਤਿਹ ਸਿੰਘ ਵਿਦੇਸ਼ ਰਵਾਨਾ ਹੋ ਗਏ। ਪਿੱਛੇ ਰਹੇ ਕਥਤ ਸੀਨੀਅਰ ਅਕਾਲੀ ਲੀਡਰਾਂ ਨੇ ਹੋ ਰਹੀ ਹੱਦਬੰਦੀ ਵਿੱਚ ਸੂਬੇ ਦੇ ਅਤੇ ਆਪਣੇ ਹਿਤਾਂ ਦੀ ਰੱਖਿਆ ਕਰਨ ਦੀ ਜ਼ਿੰਮੇਂਦਾਰੀ ਨਿਭਾਉਣ ਪ੍ਰਤੀ ਕੋਈ ਦਿਲਚਸਪੀ ਨਹੀਂ ਵਿਖਾਈ। ਨਤੀਜਾ ਇਹ ਹੋਇਆ ਪੰਜਾਬ ਲਈ ਉਸਾਰੇ ਗਏ ਚੰਡੀਗੜ੍ਹ ਨੂੰ ਉਸ ਤੋਂ ਖੋਹ ਲਿਆ ਗਿਆ ਅਤੇ ਕਈ ਪੰਜਾਬੀ ਬੋਲਦੇ ਇਲਾਕੇ ਪੰਜਾਬ ਪਾਸੋਂ ਤੋੜ, ਉਨ੍ਹਾਂ ਨਾਲ ਹਿੰਦੀ ਬੋਲਦੇ ਇਲਾਕੇ ਜੋੜ ਇੱਕ ਨਵੇਂ ਰਾਜ, ਹਰਿਆਣੇ ਦਾ ਗਠਨ ਕਰ ਦਿੱਤਾ ਗਿਆ। ਇਸੇ ਤਰ੍ਹਾਂ ਪੰਜਾਬ ਨਾਲੋਂ ਤੋੜ ਪਹਾੜੀ ਇਲਾਕੇ ਇੱਕ ਪਾਸੇ ਕਰ ਹਿਮਾਚਲ ਨੂੰ ਦੇ ਦਿੱਤੇ ਗਏ। ਇਸ ਤਰ੍ਹਾਂ ਜੋ ਪੰਜਾਬ ਦਿੱਲੀ ਦੀਆਂ ਸਰਹਦਾਂ ਤਕ ਫੈਲਿਆ ਹੋਇਆ ਸੀ, ਉਹ ਇੱਕ ਲੰਗੜੀ ‘ਸੂਬੀ’ ਬਣ ਕੇ ਰਹਿ ਗਿਆ। ਇਨ੍ਹਾਂ ਟਕਸਾਲੀ ਅਕਾਲੀਆਂ ਦਾ ਦਾਅਵਾ ਹੈ ਕਿ ਇਸ ਛੋਟੀ ਜਿਹੀ ਸੂਬੀ ਨੂੰ ਲੈ ਕੇ ਅਕਾਲੀ ਆਗੂਆਂ ਨੇ ਇੱਕ ਪਾਸੇ ਮਗਰਮੱਛੀ ਅਥਰੂ ਵਹਾਏ ਤੇ ਦੂਸਰੇ ਪਾਸੇ ਇਸ ‘ਸਫਲਤਾ’ ਪੁਰ ਖੁਸ਼ੀ ਦੇ ਸ਼ਾਦਿਆਨੇ ਵਜਾ, ਇਸੇ ਸੋਚ ਅਧੀਨ ਬਗਲਾਂ ਵਜਾਈਆਂ ਕਿ ਇਸ ਸਿੱਖ ਬਹੁਗਿਣਤੀ ਵਾਲੇ ਸੂਬੇ ਵਿੱਚ, ਉਨ੍ਹਾਂ ਦੀ ਹੀ ਤੂਤੀ ਬੋਲਦੀ ਰਹੇਗੀ ਅਤੇ ਇਸਦੇ ਮੁੱਖ ਮੰਤਰੀ ਦੇ ਅਹੁਦੇ ਪੁਰ ਉਨ੍ਹਾਂ ਦਾ ਦਾਅਵਾ ਪੱਕਾ ਬਣਿਆ ਰਹੇਗਾ। ਉਨ੍ਹਾਂ ਅਨੁਸਾਰ ਇਹ ਅਕਾਲੀ ਆਗੂ, ਜਦੋਂ ਸੱਤਾ ਤੋਂ ਬਾਹਰ ਹੁੰਦੇ ਹਨ, ਤਾਂ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਪੁਰ ਦਾਅਵੇ ਠੋਕ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਹਨ, ਜਿਉਂ ਹੀ ਸੱਤਾ ਦੀ ਕੁਰਸੀ ਪੁਰ ਬੈਠਦੇ ਹਨ, ਇਨ੍ਹਾਂ ਮੰਗਾਂ ਨੂੰ ਠੰਢੇ ਬਸਤੇ ਵਿੱਚ ਸੁਟ ਅਗਲੀ ਵਾਰ ਵਾਸਤੇ ਰਾਖਵੇਂ ਕਰ ਲੈਂਦੇ ਹਨ।

ਲੰਗੜੇ ਪੰਜਾਬੀ ਸੂਬੇ’ ਦੇ ਗਠਨ ਤੋਂ ਬਾਅਦ ਕਈ ਵਾਰ ਕੇਂਦਰ ਵਿੱਚ ਗੈਰ-ਕਾਂਗਰਸੀ ਸਰਕਾਰਾਂ ਬਣੀਆਂ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਵੀ ਰਹੀ, ਪਰ ਉਸ ਸਮੇਂ ਦੌਰਾਨ ਅਕਾਲੀ ਨੇਤਾਵਾਂ ਨੇ ਕਦੀ ਵੀ ਪੰਜਾਬ ਅਤੇ ਸਿੱਖਾਂ ਦੇ ਹਿਤਾਂ-ਅਧਿਕਾਰਾਂ ਦੀ ਗੱਲ ਨਹੀਂ ਕੀਤੀ। ਕੇਂਦਰੀ ਸਰਕਾਰ ਵਿੱਚ ਇੱਕ ਕੁਰਸੀ ਦੀ ਭਾਈਵਾਲੀ ਲੈ, ਪੰਜਾਬ ਅਤੇ ਸਿੱਖ-ਪੰਥ ਦੇ ਹਿਤਾਂ ਨੂੰ ਠੰਢੇ ਬਸਤੇ ਵਿੱਚ ‘ਸਾਂਭੀ’ ਰੱਖਣ ਵਿੱਚ ਵੀ ਕਦੀ ਝਿਜਕ ਮਹਿਸੂਸ ਨਹੀਂ ਕੀਤੀ।

ਜੇ ਸੱਚਾਈ ਸਵੀਕਾਰ ਕਰਨ ਦੀ ਦਲੇਰੀ ਹੋਵੇ ਤਾਂ ਇੱਕ ਸੱਚਾਈ ਇਹ ਵੀ ਹੈ ਕਿ ਅਣਵੰਡੇ ਪੰਜਾਬ ਵਿੱਚ ਜੋ ਪੰਜਾਬੀ ਰਾਜਸੀ ਵਿਚਾਰਧਾਰਕ ਸੋਚ ਤੋਂ ਉੱਪਰ ਉੱਠ, ਸਾਂਝਾ, ਸਦਭਾਵਨਾ-ਪੂਰਣ ਅਤੇ ਪਿਆਰ ਭਰਿਆ ਜੀਵਨ ਜੀਉਂਦੇ ਤੇ ਦਿਲਾਂ ਦੀਆਂ ਡੂੰਘਿਆਈਆਂ ਵਿੱਚੋਂ ਉਮੜੇ ਪਿਆਰ ਨਾਲ ਇੱਕ-ਦੂਸਰੇ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੁੰਦੇ ਚਲੇ ਆ ਰਹੇ ਸਨ, ਉਹ ਭਾਵੇਂ ਅੱਜ ਵੀ ਇੱਕ-ਦੂਸਰੇ ਦਾ ਦੁੱਖ-ਸੁਖ ਵੰਡਾਣ ਲਈ ਅੱਗੇ ਆ ਜਾਂਦੇ ਹਨ, ਪ੍ਰੰਤੂ ਰਾਜਸੀ ਵਿਚਾਰਧਾਰਕ ਸੋਚ ਦੇ ਅਧਾਰ ’ਤੇ ਉਹ ਉਸੇ ਤਰ੍ਹਾਂ ਵੰਡੇ ਹੋਏ ਹਨ, ਜਿਵੇਂ ਪੰਜਾਬੀ ਸੂਬਾ ਮੋਰਚੇ ਦੇ ਦੌਰਾਨ ਉਹ ਵੰਡੇ ਗਏ ਸਨ। ਅਰਥਾਤ ਅੱਜ ਵੀ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿੱਖਾਂ ਅਤੇ ਭਾਜਪਾ ਨੂੰ ਹਿੰਦੂਆਂ ਦਾ ਹੀ ਪ੍ਰਤੀਨਿਧ ਮੰਨ, ਚਲਦੇ ਆ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼ਾਇਦ, ਅਕਾਲੀ ਦਲ ਦੀ ਹਿੰਦੂਆਂ ਦੇ ਸਹਿਯੋਗ ’ਤੇ ਸਮਰਥਨ ਲਈ, ਭਾਜਪਾ ਪੁਰ ਰਾਜਸੀ ਨਿਰਭਰਤਾ ਖਤਮ ਕਰਨ ਦੇ ਉਦੇਸ਼ ਨਾਲ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕੌਮੀ ’ਤੇ ਧਰਮ-ਨਿਰਪੱਖ ਪਾਰਟੀ ਦੇ ਰੂਪ ਵਿੱਚ ਸਥਾਪਤ ਕਰਨ ਲਈ ਹਿੰਦੂਆਂ ਅਤੇ ਪੰਜਾਬ ਵਿਚਲੇ ਹੋਰ ਵਰਗਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਉੱਚੇ ਅਤੇ ਜ਼ਿੰਮੇਂਦਾਰ ਅਹੁਦਿਆਂ ਪੁਰ ਹਿੱਸੇਦਾਰੀ ਦਿੱਤੀ, ਇਸਦੇ ਬਾਵਜੂਦ ਉਹ ਸਿੱਖਾਂ ਦੀ ਸਰਵਉੱਚ ਧਾਰਮਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਬਣਾਈ ਰੱਖ, ਉਸਦੇ ਫੰਡਾਂ ਅਤੇ ਸਾਧਨਾਂ ਦੀ ਦਲ ਦੇ ਰਾਜਸੀ ਹਿਤਾਂ ਲਈ ਵਰਤੋਂ ਕਰਨ ਦੀ ਲਾਲਸਾ ਦਾ ਤਿਆਗ ਨਾ ਕਰ ਸਕੇ, ਜਿਸ ਕਾਰਣ ਅਕਾਲੀ ਦਲ ਨੂੰ ਕੇਵਲ ਸਿੱਖਾਂ ਦਾ ਹੀ ਪ੍ਰਤੀਨਿਧ ਹੋਣ ਦੇ ਮਿਲੇ ਉਭਾਰ ਤੋਂ ਮੁਕਤ ਨਾ ਕਰ ਸਕੇ।

ਇੱਕ ਦਿਲਚਸਪ ਪੱਖ ਇਹ ਵੀ ਰਿਹਾ ਕਿ ਦਲ ਵਿੱਚ ਪੰਜਾਬ ਦੇ ਸਾਰੇ ਵਰਗਾਂ ਨੂੰ ਪ੍ਰਤੀਨਿਧਤਾ ਦਿੱਤੇ ਜਾਣ ਦੇ ਬਾਵਜੂਦ ਸ. ਸੁਖਬੀਰ ਸਿੰਘ ਬਾਦਲ ਇੱਕ ਪਾਸੇ ਤਾਂ ਦਲ ਨੂੰ ਧਰਮ-ਨਿਰਪੱਖ ਕੌਮੀ ਪਾਰਟੀ ਵਜੋਂ ਸਥਾਪਤ ਕਰਨ ਵਿੱਚ ਸਫਲ ਨਹੀਂ ਹੋ ਸਕੇ, ਦੂਸਰੇ ਪਾਸੇ ਸਿੱਖਾਂ ਨੇ ਵੀ ਉਸਦੇ ਇੱਕ-ਮਾਤ੍ਰ ਆਪਣਾ ਪ੍ਰਤੀਨਿਧ ਹੋਣ ਪੁਰ ਵੀ ਸਵਾਲੀਆ-ਨਿਸ਼ਾਨ ਲਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਵਿਚਲੇ ਸਿੱਖਾਂ ਦੇ ਇੱਕ ‘ਵਰਗ ਵਿਸ਼ੇਸ਼’ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਆਪਣਾ ਕਬਜ਼ਾ ਬਣਾਈ ਰੱਖਣ ਵਿੱਚ ਸਫਲ ਹੁੰਦਾ ਚਲਿਆ ਆ ਰਿਹਾ ਹੈ।

ਇਸਦੇ ਨਾਲ ਹੀ ਪੰਜਾਬ ਭਾਜਪਾ ਦੇ ਮੁੱਖੀਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੁਰ ਆਪਣਾ ਦਬਾਉ ਬਣਾਈ ਰੱਖਣ ਦੇ ਉਦੇਸ਼ ਨਾਲ, ਉਸ ਵਲੋਂ ਹਿੰਦੂਆਂ ਵਿੱਚ ਕੀਤੀ ਜਾ ਰਹੀ ਘੁਸਪੈਠ ਦੇ ਜਵਾਬ ਵਿੱਚ, ਸਿੱਖਾਂ ਵਿੱਚ ਆਪਣੀ ਪੈਂਠ ਸਥਾਪਤ ਕਰਨ ਦੇ ਉਦੇਸ਼ ਨਾਲ ਸਿੱਖਾਂ ਨੂੰ ਆਪਣੇ ਨਾਲ ਸਿੱਧਾ ਜੋੜਨ ਲਈ ਜੋ ਕਦਮ ਵਧਾਏ, ਉਨ੍ਹਾਂ ਵਿੱਚ ਸਹਿਯੋਗ ਕਰਨ ਲਈ ਆਰ ਐੱਸ ਐੱਸ ਦੀ ਸਹਿਯੋਗੀ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਅੱਗੇ ਆ ਗਈ। ਇਸਦੇ ਬਾਵਜੂਦ ਭਾਜਪਾ ਵੀ, ਪੰਜਾਬੀ ਸੂਬਾ ਮੋਰਚੇ ਦੌਰਾਨ ਹਿੰਦੂਆਂ ਦੀ ਪ੍ਰਤੀਨਿਧ ਜਥੇਬੰਦੀ ਹੋਣ ਦੇ ਮਿਲੇ ਉਭਾਰ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕਰ ਸਕੀ। ਇਹੀ ਕਾਰਣ ਹੈ ਕਿ ਪੰਜਾਬੀ ਸੂਬੇ ਦੇ ਗਠਨ ਦੇ 51ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਜਾਣ ਦੇ ਬਾਵਜੂਦ ਪੰਜਾਬ ਵਿੱਚ ਵਧੇਰੇ ਹਿੰਦੂ ਅਤੇ ਸਿੱਖ ਰਾਜਸੀ ਵਿਚਾਰਧਾਰਕ ਸੋਚ ਦੇ ਚਲਦਿਆਂ ਵੰਡੇ ਚਲੇ ਆ ਰਹੇ ਹਨ। ਭਾਵੇਂ ਇਸ ਵੰਡ ਦੀ ਦਰਾਰ ਭਰਨ ਲਈ ਕਾਂਗਰਸ ਸਰਗਰਮ ਭੂਮਿਕਾ ਨਿਭਾਉਣ ਦੀ ਕਥਿਤ ਕੋਸ਼ਿਸ਼ ਕਰ ਰਹੀ ਹੈ, ਪ੍ਰੰਤੂ ਪੰਜਾਬੀ ਸੂਬਾ ਮੋਰਚੇ ਦੌਰਾਨ ਪੈਦਾ ਹੋਈ ਦਰਾਰ ਨੂੰ ਪੂਰੀ ਤਰ੍ਹਾਂ ਭਰ ਪਾਉਣ ਵਿੱਚ ਉਹ ਵੀ ਸਫਲ ਨਹੀਂ ਹੋ ਪਾ ਰਹੀ।

*****

(508)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author