JaswantAjit7ਦੇਸ਼ ਦੀ ਰਾਜਨੀਤੀ ਵਿੱਚ ਵਧਦੇ ਜਾ ਰਹੇ ਅਪਰਾਧੀਕਰਣ ਨੂੰ ਬਹੁਤ ਹੀ ...
(13 ਜਨਵਰੀ 2018)

 

ਕੋਈ ਤਿੰਨ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਦੇਸ਼ ਦੀ ਸਰਵ ਉੱਚ ਅਦਾਲਤ, ਸੁਪਰੀਮ ਕੋਰਟ ਨੇ ਦੇਸ਼ ਦੀ ਰਾਜਨੀਤੀ ਵਿੱਚ ਅਪਰਾਧੀ ਅਨਸਰ ਦੀ ਵਧ ਰਹੀ ਭਾਈਵਾਲੀ ਪੁਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਰਾਜਨੀਤੀ ਵਿੱਚ ਵਧ ਰਿਹਾ ਅਪਰਾਧੀਕਰਣ ਦੇਸ਼ ਦੀ ਰੀੜ੍ਹ ਦੀ ਹੱਡੀ ਵਿੱਚ ਨਾਸੂਰ ਬਣਕੇ ਪਨਪ ਰਿਹਾ ਹੈ, ਜੋ ਕਿ ਦੇਸ਼ ਦੇ ਲੋਕਤੰਤਰ ਦੀ ਪਵਿੱਤਰਤਾ ਲਈ ਭਾਰੀ ਖਤਰਾ ਹੈ। ਇਸ ਲਈ ਦੇਸ਼ ਦੀ ਰਾਜਨੀਤੀ ਵਿੱਚ ਵਧਦੇ ਜਾ ਰਹੇ ਅਪਰਾਧੀਕਰਣ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਣ ਅਤੇ ਇਸ ਨੂੰ ਠੱਲ੍ਹ ਪਾਉਣ ਦੀ ਲੋੜ ਹੈ। ਇਹ ਚਿੰਤਾ ਪ੍ਰਗਟ ਕਰਦਿਆਂ ਅਦਾਲਤ ਨੇ ਇਹ ਸਲਾਹ ਵੀ ਦਿੱਤੀ ਸੀ ਕਿ ਜਿਨ੍ਹਾਂ ਵਿਅਕਤੀਆਂ ਵਿਰੁੱਧ ਅਦਾਲਤ ਵਲੋਂ ਦੋਸ਼ ਤੈਅ ਕੀਤੇ ਜਾ ਚੁੱਕੇ ਹਨ, ਉਨ੍ਹਾਂ ਨੂੰ ਕੇਂਦਰੀ ਤੇ ਪ੍ਰਦੇਸ਼ਕ ਮੰਤਰੀ-ਮੰਡਲਾਂ ਵਿੱਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਸੁਪਰੀਮ ਕੋਰਟ ਨੇ ਹੋਰ ਕਿਹਾ ਸੀ ਕਿ ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਭਾਰਤੀ ਸਮਾਜ ਵਿੱਚ ਅਪਰਾਧੀਕਰਣ ਬਹੁਤ ਹੀ ਬੁਰੀ ਤਰ੍ਹਾਂ ਫੈਲਦਾ ਚਲਿਆ ਜਾ ਰਿਹਾ ਹੈ, ਜਿਸ ਕਾਰਣ ਹਾਲਾਤ ਬਹੁਤ ਹੀ ਗੰਭੀਰ ਹੁੰਦੇ ਜਾ ਰਹੇ ਹਨ। ਇੰਨਾ ਹੀ ਨਹੀਂ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਸਮਾਜ ਵਿੱਚ ਅਪਰਾਧ (ਕਰਾਈਮ) ਸਿੰਡੀਕੇਟ ਵੀ ਫੈਲਦੇ ਜਾ ਰਹੇ ਹਨ। ਕਈ ਰਾਜਸੀ ਵਿਅਕਤੀਆਂ, ਬਿਊਰੋਕਰੈਟਾਂ ਅਤੇ ਅਪਰਾਧੀਆਂ ਵਿੱਚ ਸਾਂਝ ਵੀ ਵਧਦੀ ਜਾ ਰਹੀ ਹੈ। ਸਮਾਜ ਵਿੱਚ ਇਸਦਾ ਅਸਰ ਲਗਾਤਾਰ ਵਧਦਾ ਜਾਂਦਾ ਵੇਖਣ ਨੂੰ ਮਿਲਣ ਲੱਗਾ ਹੈ।

ਅਦਾਲਤ ਨੇ ਇਹ ਵੀ ਯਾਦ ਕਰਵਾਇਆ ਕਿ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ ਕਿ 1996 ਵਿੱਚ ਰਾਸ਼ਟਰਪਤੀ ਤਕ ਨੂੰ ਰਾਸ਼ਟਰ ਦੇ ਨਾਂ ਜਾਰੀ ਆਪਣੇ ਸੰਦੇਸ਼ ਵਿੱਚ ਇਸਦਾ ਜ਼ਿਕਰ ਕਰਨਾ ਪੈ ਗਿਆ ਸੀ। ਸੁਪਰੀਮ ਕੋਰਟ ਨੇ ਹੋਰ ਕਿਹਾ ਕਿ ‘ਸਿਸਟੇਮੈਟਿਕ ਭ੍ਰਿਸ਼ਟਾਚਾਰ’ ਅਤੇ ‘ਪ੍ਰਾਯੋਜਿਤ ਕਰਿਮੀਨਲਾਈਜ਼ੇਸ਼ਨ’ ਕਾਰਣ ਲੋਕਤੰਤਰ ਦੀ ਬੁਨਿਆਦ ਤਕ ਨੂੰ ਵੀ ਖਤਰਾ ਪੈਦਾ ਹੋ ਰਿਹਾ ਹੈ। ਅਦਾਲਤ ਨੇ ਕਿਹਾ ਕਿ ਇੱਕ ਲੋਕਤਾਂਤਰਿਕ ਦੇਸ਼ ਵਿੱਚ ਲੋਕਾਂ ਵਲੋਂ ਇਹ ਆਸ ਪ੍ਰਗਟ ਕੀਤੀ ਜਾਂਦੀ ਹੈ ਕਿ ਦੇਸ਼ ਪੁਰ ਜੋ ਵੀ ਸ਼ਾਸਨ (ਹਕੂਮਤ) ਕਰੇ, ਉਹ ਤੇ ਉਸਦੇ ਪ੍ਰਤੀਨਿਧੀ ਬੇਦਾਗ਼ ਹੋਣ ਅਤੇ ਕਿਸੇ ਵੀ ਤਰ੍ਹਾਂ ਦੇ ਅਪਰਾਧ ਵਿੱਚ ਲਿਪਤ ਨਾ ਹੋਣ। ਸੁਪਰੀਮ ਕੋਰਟ ਨੇ ਇਸਦੇ ਨਾਲ ਭ੍ਰਿਸ਼ਟਾਚਾਰ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਦੋਵੇਂ, ਆਪਰਾਧੀ ਅਤੇ ਭ੍ਰਿਸ਼ਟਾਚਾਰੀ, ਨਾਲੋ-ਨਾਲ ਇੱਕ-ਜੁਟ ਹੋ ਕੇ ਚੱਲ ਰਹੇ ਹਨ ਤੇ ਦੇਸ਼ ਇਸ ਨੂੰ ਮੂਕ ਦਰਸ਼ਕ ਬਣ ਵੇਖ ਰਿਹਾ ਹੈ। ਇਸ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਲੋਕਤੰਤਰ ਪ੍ਰਤੀ ਆਮ ਲੋਕਾਂ ਦੇ ਭਰੋਸੇ ’ਤੇ ਡੂੰਘੀ ਸੱਟ ਵੱਜ ਰਹੀ ਹੈ।

ਦੇਸ਼ ਦੀ ਰਾਜਨੀਤੀ ਵਿੱਚ ਵਧ ਰਹੇ ਅਪਰਾਧੀਕਰਣ ਤੇ ਭ੍ਰਿਸ਼ਟਾਚਾਰ ਅਤੇ ਇਨ੍ਹਾਂ ਵਿੱਚ ਬਣ ਰਹੀ ਸਾਂਝ ਪੁਰ ਸੁਪਰੀਮ ਕੋਰਟ ਵਲੋਂ ਇਹ ਚਿੰਤਾ ਪ੍ਰਗਟ ਕੀਤਿਆਂ ਤਿੰਨ ਵਰ੍ਹਿਆਂ ਤੋਂ ਅਤੇ ਰਾਸ਼ਟਰਪਤੀ ਵਲੋਂ ਚਿੰਤਾ ਪ੍ਰਗਟ ਕੀਤਿਆਂ 21 ਵਰ੍ਹਿਆਂ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ, ਪ੍ਰੰਤੂ ਇਸ ਪੁਰ ਕਿਸੇ ਵੀ ਪੱਧਰ ’ਤੇ ਕੋਈ ਸੁਧਾਰ ਹੋਇਆ ਹੋਵੇ, ਨਜ਼ਰ ਨਹੀਂ ਆ ਰਿਹਾ।

ਹਾਲ ਵਿੱਚ ਹੀ ਹਿਮਾਚਲ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਜੋ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਅਨੁਸਾਰ ਵਿਧਾਨ ਸਭਾ ਲਈ ਚੁਣੇ ਗਏ 68 ਮੈਂਬਰਾਂ ਵਿੱਚੋਂ 22 ਅਜਿਹੇ ਹਨ, ਜਿਨ੍ਹਾਂ ਆਪ ਮੰਨਿਆ ਹੈ ਕਿ ਉਨ੍ਹਾਂ ਵਿਰੁੱਧ ਅਪਰਾਧਕ ਮਾਮਲੇ ਦਰਜ ਹਨ ਅਤੇ ਇਨ੍ਹਾਂ ਵਿੱਚੋਂ 8 ਅਜਿਹੇ ਹਨ ,ਜਿਨ੍ਹਾਂ ਆਪਣੇ ਵਿਰੁੱਧ ਗੰਭੀਰ ਅਪਰਾਧਕ ਮਾਮਲੇ ਦਰਜ ਹੋਣ ਦੀ ਗੱਲ ਸਵੀਕਾਰੀ ਹੈ। ਜਦ ਕਿ 2012 ਵਿੱਚ ਹੋਈਆਂ ਇਸੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ 14 ਅਜਿਹੇ ਜੇਤੂ ਸਨ, ਜਿਨ੍ਹਾਂ ਆਪਣੇ ਵਿਰੁੱਧ ਅਪਰਾਧਕ ਮਾਮਲੇ ਦਰਜ ਹੋਣ ਤੇ ਇਨ੍ਹਾਂ ਵਿੱਚੋਂ ਪੰਜ ਅਜਿਹੇ ਸਨ, ਜਿਨ੍ਹਾਂ ਆਪਣੇ ਵਿਰੁੱਧ ਗੰਭੀਰ ਮਾਮਲੇ ਦਰਜ ਹੋਣਾ ਮੰਨਿਆ ਸੀ।

ਇਹ ਅੰਕੜੇ 68 ਮੈਂਬਰਾਂ ਦੀ ਵਿਧਾਨ ਸਭਾ ਦੇ ਹਨ, ਜਿਸ ਤੋਂ ਇਹ ਅਨੁਮਾਨ ਲਾਇਆ ਜਾਣਾ ਮੁਸ਼ਕਿਲ ਨਹੀਂ ਕਿ ਦੇਸ਼ ਦੀ ਸੰਸਦ ਦੇ ਦੋਹਾਂ ਸਦਨਾਂ (ਲੋਕ ਸਭਾ ਅਤੇ ਰਾਜ ਸਭਾ) ਅਤੇ ਸਮੁੱਚੀਆਂ ਵਿਧਾਨ ਸਭਾ ਦੇ ਅੰਕੜਿਆਂ ਦੀ ਘੋਖ ਕੀਤੀ ਜਾਏ ਤਾਂ ਇਹ ਸਵੀਕਾਰ ਕਰਨਾ ਹੀ ਪਵੇਗਾ ਕਿ ਰਾਸ਼ਟਰਪਤੀ ਤੇ ਸੁਪਰੀਮ ਕੋਰਟ ਵਲੋਂ ਦੇਸ਼ ਵਿਚਲੇ ਅਪਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਵਿੱਚ ਪੈਦਾ ਸਾਂਝ ਅਤੇ ਦੇਸ਼ ਦੀ ਰਾਜਨੀਤੀ ਵਿੱਚ ਉਨ੍ਹਾਂ ਦੇ ਵਧ ਰਹੇ ਪ੍ਰਭਾਵ ਪੁਰ ਪ੍ਰਗਟ ਕੀਤੀ ਗਈ ਚਿੰਤਾ ਅਤੇ ਵਿਗੜ ਰਹੀ ਸਥਿਤੀ ਨੂੰ ਸੰਭਾਲਣ ਲਈ ਦਿੱਤੀਆਂ ਗਈਆਂ ਚਿਤਾਵਨੀ ਭਰੀਆਂ ਸਲਾਹਵਾਂ, ਥਿੰਦੇ ਘੜੇ ਪੁਰ ਪਾਣੀ ਵਾਂਗ ਅਸਰ ਕਰ ਰਹੀਆਂ ਹਨ ਅਤੇ ਦੇਸ਼ ਪੁਰ ਅਪਰਾਧੀਆਂ ਤੇ ਭ੍ਰਿਸ਼ਟਾਚਾਰੀਆਂ ਦਾ ਸ਼ਿਕੰਜਾ ਲਗਾਤਾਰ ਕਸਦਾ ਚਲਿਆ ਜਾ ਰਿਹਾ ਹੈ।

**

ਤਿੰਨ ਤਲਾਕ ਬਨਾਮ ਤਲਾਕ:

ਇਕ ਪਾਸੇ ਤਾਂ ਭਾਰਤ ਸਰਕਾਰ ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਦੇ ਸ਼ਿਕੰਜੇ ਤੋਂ ਅਜ਼ਾਦ ਕਰਾਉਣ ਲਈ ਕਾਨੂੰਨ ਬਣਾ ਰਹੀ ਹੈ, ਦੂਸਰੇ ਪਾਸੇ ਗੈਰ-ਮੁਸਲਿਮ ਔਰਤਾਂ ਪੁਰ ਤਲਾਕ ਦੇ ਨਾਂ ਤੇ ਜੋ ਜ਼ੁਲਮ ਹੋ ਰਿਹਾ ਹੈ, ਉਸ ਪਾਸੇ ਸ਼ਾਇਦ ਉਸਦਾ ਧਿਆਨ ਨਹੀਂ ਜਾ ਰਿਹਾ। ਖਬਰਾਂ ਅਨੁਸਾਰ ਕੁਝ ਹੀ ਦਿਨ ਪਹਿਲਾਂ ਦਿੱਲੀ ਦੇ ਆਦਰਸ਼ ਨਗਰ ਇਲਾਕੇ ਵਿੱਚ ਹੋਏ ਇੱਕ ਦੋਹਰੇ ਕਤਲ, ਦੀ ਜਾਂਚ ਦੌਰਾਨ ਜੋ ਗੱਲ ਸਾਹਮਣੇ ਆਈ, ਉਸ ਤੋਂ ਪਤਾ ਚੱਲਿਆ ਕਿ ਦੋਹਰੇ ਹਤਿਆਕਾਂਡ ਦੇ ਦੋਸ਼ੀ ਨੇ ਆਪਣੀ ਪਤਨੀ (ਸ਼ਾਲਿਨੀ) ਵਲੋਂ ਬੇਟੀ ਨੂੰ ਜਨਮ ਦੇਣ ਦਾ ‘ਗੁਨਾਹ’ ਕੀਤੇ ਜਾਣ ਤੇ, ਉਸਦੇ ਪਤੀ, ਅਜੀਤ ਨੇ ਉਸ ਪਾਸੋਂ ਤਲਾਕ ਲੈਣ ਲਈ, ਅਦਲਤ ਵਿੱਚ ਅਰਜ਼ੀ ਦਾਖਲ ਕਰ ਦਿੱਤੀ। ਹੱਤਿਆ ਦਾ ਸ਼ਿਕਾਰ ਹੋਈ ਪਤਨੀ (ਸ਼ਾਲਿਨੀ) ਦੇ ਪੇਕਿਆਂ ਨੇ ਪੁਲਿਸ ਨੂੰ ਦੱਸਿਆ ਕਿ ਫਰਵਰੀ 2010 ਵਿੱਚ ਸ਼ਾਦੀ ਹੋਣ ਤੋਂ ਬਾਅਦ ਕੁਝ ਮਹੀਨਿਆਂ ਤਕ ਤਾਂ ਸਭ-ਕੁਝ ਠੀਕ-ਠਾਕ ਚਲਦਾ ਰਿਹਾ ਪ੍ਰੰਤੂ ਫਿਰ ਅਚਾਨਕ ਹੀ ਪਤੀ (ਅਜੀਤ0 ਦੇ ਸੁਭਾਅ ਵਿੱਚ ਤਬਦੀਲੀ ਨਜ਼ਰ ਆਉਣ ਲੱਗ ਪਈ। ਉਹ ਪਤਨੀ (ਸ਼ਾਲਿਨੀ) ਨੂੰ ਦਾਜ ਲਿਆਉਣ ਲਈ ਤੰਗ ਤੇ ਪ੍ਰੇਸ਼ਾਨ ਅਤੇ ਦਾਜ ਨਾ ਲਿਆਉਣ ਦੀ ਸੂਰਤ ਵਿੱਚ ਉਹ ਉਸ ਨਾਲ ਝਗੜਾ ਵੀ ਕਰਨ ਲੱਗ ਪਿਆ। ਇਸੇ ਦੌਰਾਨ ਨਵੰਬਰ 2011 ਵਿੱਚ ਸ਼ਾਲਿਨੀ (ਪਤਨੀ) ਨੇ ਬੇਟੀ ਨੂੰ ਜਨਮ ਦਿੱਤਾ ਤਾਂ ਉਹ ਬਹੁਤ ਹੀ ਗੁੱਸੇ ਵਿਚ ਭਰ ਗਿਆ। ਪਹਿਲਾਂ ਤਾਂ ਉਸਨੇ ਪਤਨੀ ਨਾਲ ਬੁਰੀ ਤਰ੍ਹਾਂ ਝਗੜਾ ਕੀਤਾ, ਫਿਰ ਉਸਨੇ ਅਦਾਲਤ ਵਿੱਚ ਜਾ ਕੇ ਤਲਾਕ ਲਈ ਅਰਜ਼ੀ ਦਾਖਲ ਕਰ ਦਿੱਤੀ। ਉਸਦੀ ਇਸ ਹਰਕਤ ਤੋਂ ਦੁਖੀ ਹੋ ਕੇ ਸ਼ਾਲਿਨੀ ਤੇ ਉਸਦੇ ਘਰ ਵਾਲਿਆਂ ਨੇ ਦਾਜ ਲਈ ਤੰਗ ਕਰਨ ਤੇ ਮਾਰਨ ਕੁੱਟਣ ਦੇ ਦੋਸ਼ ਵਿੱਚ ਉੇਸ ਵਿਰੁੱਧ ਪਾਲਮ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਾਲਿਨੀ ਦੇ ਪਰਿਵਾਰ ਵਾਲਿਆਂ ਅਨੁਸਾਰ, ਬਾਅਦ ਵਿੱਚ ਅਦਾਲਤ ਨੇ ਦੋਹਾਂ ਵਿੱਚਕਾਰ ਕਾਉਂਸਲਿੰਗ ਕਰਵਾ ਕੇ ਸਮਝੌਤਾ ਕਰਵਾ ਦਿੱਤਾ। ਇਸ ਸਮਝੌਤੇ ਤੋਂ ਬਾਅਦ ਉਹ ਕੋਈ ਸਵਾ-ਕੁ ਸਾਲ ਦੋਵੇਂ ਇਕੱਠੇ ਰਹੇ ਤੇ ਫਿਰ ਦੋਹਰੇ ਕਤਲ ਦੀ ਘਟਨਾ ਸਾਹਮਣੇ ਆ ਗਈ।

**

ਸਾੜ੍ਹੀ ਬਣੀ ਤਲਾਕ ਦਾ ਬਹਾਨਾ:

ਮੁੰਬਈ ਦੀ ਜਸਟਿਸ ਏ ਪੀ ਦੇਸ਼ਪਾਂਡੇ ਅਤੇ ਜਸਟਿਸ ਰੇਖਾ ਅਧਾਰਤ ਇੱਕ ਦੋ-ਮੈਂਬਰੀ ਡਿਵੀਜ਼ਨਲ ਬੈਂਚ ਨੇ ਹੋਮਿਊਪੈਥਿਕ ਡਾਕਟਰ ਅਲਕਾ (ਬਦਲਿਆ ਨਾਂ) ਦੀ ਤਲਾਕ ਦੀ ਪਟੀਸ਼ਨ ਖਾਰਿਜ ਕਰਦਿਆਂ, ਆਪਣੇ ਫੈਸਲੇ ਵਿੱਚ ਕਿਹਾ ਕਿ ‘ਹਿੰਦੂ ਮੈਰਿਜ ਐਕਟ’ ਅਨੁਸਾਰ ਸਹੁਰੇ ਪਰਿਵਾਰ ਵਲੋਂ ਸਾੜ੍ਹੀ ਪਹਿਨਣ ਲਈ ਦਬਾਉ ਬਣਾਉਣਾ, ਘਰੇਲੂ ਹਿੰਸਾ (ਜ਼ੁਲਮ) ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਦੱਸਿਆ ਗਿਆ ਕਿ ਅਲਕਾ ਅਤੇ ਅਨੰਦ ਦੀ ਸ਼ਾਦੀ ਜੂਨ 2003 ਵਿੱਚ ਹੋਈ ਸੀ। ਕੁਝ ਹੀ ਸਮੇਂ ਬਾਅਦ ਅਲਕਾ ਪਤੀ ਅਤੇ ਸਹੁਰਿਆਂ ਨਾਲ ਹੋਏ ਲੜਾਈ-ਝਗੜੇ ਤੋਂ ਬਾਅਦ ਪੇਕੇ ਜਾ ਕੇ ਰਹਿਣ ਲੱਗ ਪਈ। ਇਸ ਤੋਂ ਬਾਅਦ ਅਲਕਾ ਨੇ ਫੈਮਿਲੀ ਕੋਰਟ ਵਿੱਚ ਤਲਾਕ ਲਈ ਪਟੀਸ਼ਨ ਦਾਖਲ ਕਰ ਦਿੱਤੀ। ਤਲਾਕ ਲਈ ਦਾਖਲ ਕੀਤੀ ਗਈ ਪਟੀਸ਼ਨ ਵਿਚਲੀਆਂ ਉਸਦੀਆਂ ਸ਼ਿਕਾਇਤਾਂ ਵਿੱਚੋਂ ਇੱਕ ਇਹ ਸੀ ਕਿ ਸਹੁਰੇ ਸਾੜ੍ਹੀ ਪਾਉਣ ਲਈ ਉਸ ਪੁਰ ਦਬਾਉ ਪਾਉਂਦੇ ਹਨ। ਜਿਸ ’ਤੇ ਫੈਮਿਲੀ ਕੋਰਟ ਨੇ ਉਸਦੀ ਅਰਜ਼ੀ ਖਾਰਜ ਕਰ ਦਿੱਤੀ। ਇਸ ਫੈਸਲੇ ਵਿਰੁੱਧ ਅਲਕਾ ਹਾਈਕੋਰਟ ਜਾ ਪੁੱਜੀ। ਉੱਥੇ ਵੀ ਹਾਈਕੋਰਟ ਨੇ ਫੈਮਿਲੀ ਕੋਰਟ ਦੇ ਫੈਸਲੇ ਪੁਰ ਮੋਹਰ ਲਾਉਂਦਿਆਂ ਉਸਦੀ ਪਟੀਸ਼ਨ ਖਾਰਜ ਕਰ ਦਿੱਤੀ।

**

ਅਤੇ ਅੰਤ ਵਿੱਚ:

ਕੁਝ ਹੀ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਬੀਬੀ ਮ੍ਰਿਦੁਲਾ ਸਿਨਹਾ ਦੀ ਲਿਖਤ ਇੱਕ ‘ਯਾਦ’ ਪੜ੍ਹਨ ਦਾ ਮੌਕਾ ਮਿਲਿਆ। ਜਿਸ ਵਿੱਚ ਉਸ ਦੱਸਿਆ ਕਿ ਸੰਨ 1967 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਹ ਕਿਸੇ ਪਾਰਟੀ ਵਿਸ਼ੇਸ਼ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਘਰ-ਘਰ ਘੁੰਮ ਰਹੀ ਸੀ ਕਿ ਇੱਕ ਦਿਨ ਉਸ ਸ਼ਹਿਰ ਨਾਲ ਜੁੜੇ ਪਿੰਡ ਦੇ ਇੱਕ ਘਰ ਦਾ ਉਸ ਨੇ ਦਰਵਾਜ਼ਾ ਜਾ ਖੜਕਾਇਆ। ਉਸ ਘਰ ਦੇ ਮਾਲਕ ਨੇ ਉਸਦੀ ਪਾਰਟੀ ਤੇ ਉਮੀਦਵਾਰ ਦਾ ਨਾਂ ਸੁਣਕੇ ਉਸਦਾ ਸੁਆਗਤ ਕੀਤਾ। ਉਹ ਖੁਸ਼ੀ ਨਾਲ ਬੋਲਿਆ ਕਿ ਉਹ ਤਾਂ ਪ੍ਰੋਫੈਸਰ ਸਾਹਿਬ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਸ਼ਹਿਰ ਵਿੱਚ ਜਦੋਂ ਕਦੀ ਉਹ ਪੈਦਲ ਚਲਦੇ ਮਿਲ ਜਾਂਦੇ ਹਨ ਤਾਂ ਮੈਂ ਆਪਣੀ ਸਾਈਕਲ ਤੋਂ ਉੱਤਰ ਕੇ ਉਨ੍ਹਾਂ ਦੇ ਪੈਰ ਛੂਹ ਕੇ ਪ੍ਰਣਾਮ ਕਰਦਾ ਹਾਂ। ਅੱਜ ਦੇ ਜ਼ਮਾਨੇ ਵਿੱਚ ਅਜਿਹੇ ਗੁਣਵਾਨ ਵਿਅਕਤੀ ਕਿੱਥੇ ਮਿਲਦੇ ਹਨ? ਇਹ ਗੱਲ ਸੁਣ ਕੇ ਉਹ ਬੀਬੀ ਬਹੁਤ ਖੁਸ਼ ਹੋਈ। ਉਸ ਕਿਹਾ ਕਿ ਫਿਰ ਤਾਂ ਤੁਸੀਂ ਉਨ੍ਹਾਂ ਨੂੰ ਜਿਤਾਉਣ ਵਿੱਚ ਜ਼ਰੂਰ ਮਦਦ ਕਰੋਗੇ? ਉਹ ਬੋਲੇ ‘ਨਹੀਂ! ਹੁਣ ਤੁਸੀਂ ਹੀ ਸੋਚੋ, ਇਨ੍ਹਾਂ ਕੋਲ ਸਾਈਕਲ ਵੀ ਨਹੀਂ। ਕਦੀ ਲੋੜ ਪੈ ਜਾਏ ਤਾਂ ਉਹ ਮੈਂਨੂੰ ਆਪਣੇ ਨਾਲ ਕਿਧਰੇ ਲੈ ਕੇ ਜਾ ਵੀ ਨਹੀਂ ਸਕਦੇ। ਇਨ੍ਹਾਂ ਦੇ ਵਿਰੋਧੀ ਪਾਸ ਦਸ-ਦਸ ਗੱਡੀਆਂ ਹਨ। ਉਸਦਾ ਬੜਾ ਕਾਰੋਬਾਰ ਹੈ। ਉਹ ਕਈ ਸੰਸਥਾਵਾਂ ਦਾ ਸਰਪ੍ਰਸਤ ਵੀ ਹੈ। ਉਹ ਕਿੰਨਿਆਂ ਨੂੰ ਨੌਕਰੀਆਂ ਵੀ ਲੁਆਉਂਦਾ ਹੈ। ਤੁਹਾਡੇ ਉਮੀਦਵਾਰ ਦੀ ਕਮਾਈ ਨਾਲ ਤਾਂ ਉਸਦਾ ਆਪਣਾ ਘਰ ਵੀ ਨਹੀਂ ਚਲਦਾ। ਨੇਤਾਗਿਰੀ ਇਉਂ ਥੋੜ੍ਹੀ ਚਲਦੀ ਹੈ? ਆਦਰ-ਸਤਿਕਾਰ ਆਪਣੀ ਜਗ੍ਹਾ ਹੈ, ਪੇਟ ਆਪਣੀ ਜਗ੍ਹਾ!”

ਇਹ ਗੱਲ ਸੁਣ ਕੇ ਉਸ ਬੀਬੀ ਪਾਸ ਕਹਿਣ ਲਈ ਕੁਝ ਵੀ ਨਹੀਂ ਸੀ, ਪਰ ਉਸਦੇ ਸੋਚਣ ਲਈ ਬਹੁਤ ਕੁਝ ਸੀ! ਤੁਸੀਂ ਵੀ ਸੋਚੋ ਕਿ ਚੋਣਾਂ ਵਿੱਚ ਅੱਜ ਦਾ ਮਤਦਾਤਾ ਆਪਣੇ ਪਸੰਦੀਦਾ ਉਮੀਦਵਾਰ ਵਿੱਚ ਕਿਹੋ ਜਿਹੇ ‘ਗੁਣ’ ਵੇਖਣੇ ਚਾਹੁੰਦਾ ਹੈ?

*****

(969)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author