ShamSingh7“ਜੇ ਲੋਕਤੰਤਰ ਵਿੱਚ ਲੋਕ ਸਰਕਾਰ ਦੇ ਜਬਰ ਅਤੇ ਨੀਤੀਆਂ ਦਾ ਵਿਰੋਧ ਕਰਦਿਆਂ ਆਵਾਜ਼ ਬੁਲੰਦ ਕਰਨ ਦਾ ਜਤਨ ਕਰਦੇ ਹਨ ਤਾਂ ...”
(29 ਜੁਲਾਈ 2017)

 

ਜਿਸ ਘਰ, ਸੂਬੇ ਅਤੇ ਦੇਸ ਵਿੱਚ ਕੋਈ ਜੰਮਿਆ-ਪਲਿਆ ਹੋਵੇ, ਉਹ ਕਦੇ ਵੀ ਉਸ ਲਈ ਓਪਰਾ, ਪਰਾਇਆ ਅਤੇ ਬੇਗਾਨਾ ਨਹੀਂ ਹੋ ਸਕਦਾ।  ਉਸ ਦਾ ਮਿੱਟੀ ਨਾਲ ਮੋਹ ਹੋ ਜਾਂਦਾ ਹੈ ਅਤੇ ਆਲੇ-ਦੁਆਲੇ ਨਾਲ ਇਸ਼ਕ। ਅਜਿਹੀ ਗਹਿਰੀ ਸਾਂਝ ਪੈ ਜਾਂਦੀ ਹੈ, ਜਿਸ ਨੂੰ ਨਾ ਮਾਪਣਾ ਆਸਾਨ ਹੁੰਦਾ ਹੈ, ਨਾ ਤੋੜਨਾ। ਰੂਹ ਦਾ ਪੱਕਾ ਸਿਲਸਿਲਾ ਅਜਿਹਾ ਬਣ ਜਾਂਦਾ ਹੈ, ਜਿਹੜਾ ਉਮਰ ਤੋਂ ਪਹਿਲਾਂ ਖ਼ਤਮ ਨਹੀਂ ਹੁੰਦਾ।

ਅਚੇਤ-ਸੁਚੇਤ ਰੂਪ ਵਿੱਚ ਹਰ ਕੋਈ ਇਤਿਹਾਸ ਅਤੇ ਰਸਮਾਂ-ਰੀਤਾਂ ਦੀ ਬੁੱਕਲ ਵਿੱਚ ਲਿਪਟਿਆ ਉਹਨਾਂ ਵਿੱਚੋਂ ਬਾਹਰ ਨਿਕਲਣ ਦਾ ਨਾਂਅ ਨਹੀਂ ਲੈਂਦਾ। ਉਹਨਾਂ ਨਾਲ ਅਜਿਹੀ ਮੁਹੱਬਤ ਪੈ ਜਾਂਦੀ ਹੈ, ਜਿਸ ਨੂੰ ਛੱਡਣਾ ਸੌਖਾ ਨਹੀਂ ਰਹਿੰਦਾ। ਉਹ ਆਲੇ-ਦੁਆਲੇ ਵਿੱਚ ਇੰਨਾ ਰਚ-ਮਿਚ ਜਾਂਦਾ ਹੈ ਕਿ ਆਪਣੇ ਆਪ ਨੂੰ ਉਸ ਤੋਂ ਵੱਖਰਾ ਨਹੀਂ ਸਮਝਦਾ। ਅਜਿਹੇ ਹਾਲਾਤ ਵਿੱਚ ਸ਼ੱਕ-ਸ਼ੁਬਹੇ ਪੈਦਾ ਹੋਣੇ ਸੰਭਵ ਹੀ ਨਹੀਂ ਹੁੰਦੇ।

ਬਚਪਨ ਤੋਂ ਹੀ ਦੇਸ-ਭਗਤੀ ਦੇ ਗੀਤ ਸੁਣਾਏ ਜਾਣ ਕਾਰਨ ਦੇਸ ਪ੍ਰਤੀ ਪਿਆਰ ਪੈਦਾ ਹੋਣਾ ਦੂਰ ਦੀ ਗੱਲ ਨਹੀਂ ਰਹਿੰਦੀ। ਇਸੇ ਲਈ ਦੇਸ ਦੀ ਆਨ ਅਤੇ ਸ਼ਾਨ ਲਈ ਜਾਨ ਤੱਕ ਦੀ ਬਾਜ਼ੀ ਲਾਉਣ ਦੀ ਪਰਵਾਹ ਨਹੀਂ ਕੀਤੀ ਜਾਂਦੀ। ਦੇਸ ਦੀ ਰੱਖਿਆ ਲਈ ਕਿੰਨੇ ਜੁਆਨ ਸਰਦੀਆਂ-ਗਰਮੀਆਂ ਝੱਲਦੇ ਥੱਕਦੇ ਨਹੀਂ ਅਤੇ ਉਹ ਆਪਣਾ ਹਰ ਸਵਾਸ ਦੇਸ ਦੇ ਲੇਖੇ ਲਾਉਣ ਤੋਂ ਝਿਜਕਦੇ ਨਹੀਂ।

ਦੇਸ-ਭਗਤ ਲੋਕਾਂ ਦੇ ਮਨ ਉਦੋਂ ਖੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ, ਜਦੋਂ ਉਹਨਾਂ ਨਾਲ ਦੁਰਵਿਹਾਰ ਕਰ ਕੇ ਉਹਨਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ। ਉਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝ ਕੇ, ਜ਼ੁਲਮ ਦਾ ਸ਼ਿਕਾਰ ਬਣਾ ਕੇ ਹੀਣਤਾ ਦੀ ਖਾਈ ਵਿੱਚ ਸੁੱਟਣ, ਧਕੇਲਣ ਨੂੰ ਬਹਾਦਰੀ ਸਮਝ ਲਿਆ ਜਾਂਦਾ ਹੈ, ਇਹ ਸ਼ਰਮ ਦੀ ਗੱਲ ਹੈ। ਫੁੱਟ ਦੇ ਬੀਜ ਬੀਜਣ ਵਾਲੇ ਅਜਿਹਾ ਕੁਝ ਕਰਨ ਤੋਂ ਬਾਜ਼ ਨਹੀਂ ਆਉਂਦੇ।

ਕਈ ਵਾਰ ਸਰਕਾਰ ਵੀ ਆਪਣੇ ਸਵਾਰਥਾਂ ਲਈ ਅਜਿਹੇ ਲੋਕਾਂ ਦੀ ਪਿੱਠ ਪੂਰਦੀ ਹੈ ਤਾਂ ਕਿ ਹਮਾਇਤੀ ਬਣਾਉਣ ਲਈ ਉਹਨਾਂ ਨੂੰ ਡਰਾਇਆ-ਧਮਕਾਇਆ ਅਤੇ ਦਬਾਇਆ ਜਾ ਸਕੇ। ਅਜਿਹਾ ਕਰਦਿਆਂ ਸਰਕਾਰ ਲੋਕਤੰਤਰ ਦੇ ਉਹ ਸਾਰੇ ਅਸੂਲ ਛਿੱਕੇ ਟੰਗ ਦਿੰਦੀ ਹੈ, ਜਿਨ੍ਹਾਂ ਦੇ ਆਸਰੇ ਬਿਨਾਂ ਰਾਜ-ਭਾਗ ਵਿੱਚ ਆਇਆ ਹੀ ਨਹੀਂ ਜਾ ਸਕਦਾ।

ਜੇ ਲੋਕਤੰਤਰ ਵਿੱਚ ਲੋਕ ਸਰਕਾਰ ਦੇ ਜਬਰ ਅਤੇ ਨੀਤੀਆਂ ਦਾ ਵਿਰੋਧ ਕਰਦਿਆਂ ਆਵਾਜ਼ ਬੁਲੰਦ ਕਰਨ ਦਾ ਜਤਨ ਕਰਦੇ ਹਨ ਤਾਂ ਸਰਕਾਰ ਦਾ ਫਰਜ਼ ਹੈ ਕਿ ਉਨਾਂ ਨੂੰ ਸੁਣਿਆ ਜਾਵੇ, ਉਹਨਾਂ ਦੇ ਮਸਲਿਆਂ ਦਾ ਨਿਪਟਾਰਾ ਕੀਤਾ ਜਾਵੇ। ਉਹਨਾਂ ਨੂੰ ਜਬਰ ਨਾਲ ਦਬਾਉਣਾ ਸੱਚ ਨੂੰ ਹਵਾ ਨਾ ਲੱਗਣ ਦੇਣਾ ਹੁੰਦਾ ਹੈ, ਜਿਸ ਨੂੰ ਕੋਈ ਸਵੀਕਾਰ ਨਹੀਂ ਕਰ ਸਕਦਾ।

ਬਹੁਤ ਵਾਰ ਦੇਸ ਦੀ ਹਕੂਮਤ ਆਪਣੀਆਂ ਨੀਤੀਆਂ ਦੇ ਵਿਰੋਧ ਨੂੰ ਦੇਸ ਦਾ ਵਿਰੋਧ ਸਮਝਣ ਦੀ ਵੱਡੀ ਰਾਜਸੀ ਗ਼ਲਤੀ ਕਰ ਲੈਂਦੀ ਹੈ ਅਤੇ ਜਬਰ ਦੇ ਖ਼ਿਲਾਫ਼ ਉੱਠੀ ਆਵਾਜ਼ ਨੂੰ ਦਬਾਉਣ ਅਤੇ ਖ਼ਤਮ ਕਰਨ ਲਈ ਦੇਸ-ਧ੍ਰੋਹੀ ਵਰਗੇ ਇਲਜ਼ਾਮ ਲਗਾ ਦਿੰਦੀ ਹੈ, ਜੋ ਲੋਕਤੰਤਰੀ ਵਰਤਾਰਾ ਨਾ ਹੋਣ ਕਰ ਕੇ ਦੇਸ ਵਾਸੀ ਕਦੇ ਪਰਵਾਨ ਨਹੀਂ ਕਰਦੇ।

ਹਾਂ, ਜਿਹੜੇ ਲੋਕ ਹਕੂਮਤ ਦੀਆਂ ਜ਼ਿਆਦਤੀਆਂ ਤੋਂ ਤੰਗ ਆ ਕੇ ਹਕੂਮਤ ਦੀ ਖ਼ਿਲਾਫ਼ਤ ਕਰਨ ਦੀ ਬਜਾਏ ਦੇਸ ਦੇ ਵਿਰੁੱਧ ਨਾਹਰੇ ਬੁਲੰਦ ਕਰਨ ਲੱਗ ਪੈਂਦੇ ਹਨ, ਉਹ ਦੇਸ਼-ਭਗਤੀ ਨੂੰ ਵੀ ਕਲੰਕਤ ਕਰਦੇ ਹਨ ਅਤੇ ਆਪਣੇ ਆਪ ਨੂੰ ਵੀ। ਜਿਸ ਦੇਸ ਵਿੱਚ ਜੰਮੇ-ਪਲੇ ਅਤੇ ਜਿਸ ਦੇਸ ਦਾ ਖਾਈਏ, ਉਸ ਵਿਰੁੱਧ ਬੋਲਣ ਦਾ ਹੱਕ ਨਹੀਂ ਹੁੰਦਾ। ਫਿਰ ਵੀ ਜੇ ਕੋਈ ਬੋਲਦਾ ਹੈ ਤਾਂ ਉਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ।

ਭਾਰਤ ਵਿੱਚ ਕੁਝ ਸੂਬਿਆਂ ਦੇ ਦੇਸ-ਵਿਰੋਧੀ ਲੋਕਾਂ ਨੇ ਦੇਸ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ, ਜਿਸ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਹਨਾਂ ਸੂਬਿਆਂ ਦੇ ਲੋਕ ਖਾਂਦੇ ਅਤੇ ਪਹਿਨਦੇ ਦੇਸ ਦਾ ਹਨ, ਪਰ ਨਾਹਰੇ ਗੁਆਂਢੀ ਦੇਸ ਦੇ ਹੱਕ ਵਿੱਚ ਮਾਰਨ ਤੋਂ ਸੰਗ-ਸ਼ਰਮ ਨਹੀਂ ਕਰਦੇ। ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਤਕਲੀਫ਼ਾਂ ਹੱਲ ਨਹੀਂ ਹੁੰਦੀਆਂ, ਜੇ ਉਹਨਾਂ ਦੀ ਆਵਾਜ਼ ਸੁਣੀ ਨਹੀਂ ਜਾਂਦੀ ਤਾਂ ਉਹ ਹਕੂਮਤ ਦੇ ਖ਼ਿਲਾਫ਼ ਮੁਹਿੰਮ ਚਲਾਉਣ ਦਾ ਹੱਕ ਰੱਖਦੇ ਹਨ, ਪਰ ਦੇਸ ਦੇ ਖ਼ਿਲਾਫ਼ ਨਹੀਂ।

ਅਜਿਹੇ ਲੋਕ ਉਹਨਾਂ ਸਹੀ ਮੁਹਿੰਮਾਂ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੇ ਹਨ, ਕਿਉਂਕਿ ਹਕੂਮਤ ਉਹਨਾਂ ਨੂੰ ਵੀ ਹਕੂਮਤ-ਵਿਰੋਧੀ ਨਾ ਸਮਝ ਕੇ ਦੇਸ-ਵਿਰੋਧੀ ਸਮਝਣ ਵਿੱਚ ਦੇਰ ਨਹੀਂ ਲਾਉਂਦੀ। ਇਸ ਲਈ ਦੇਸ-ਵਿਰੋਧੀ ਸੋਚ ਰੱਖਣ ਵਾਲਿਆਂ ਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਦੇਸ ਵਿੱਚ ਰਹਿ ਕੇ ਦੇਸ ਦੇ ਵਿਰੁੱਧ ਨਹੀਂ ਸੋਚਣਾ ਚਾਹੀਦਾ।

ਜਿਹੜੇ ਲੋਕ ਦੇਸ-ਪ੍ਰੇਮ ਦੀ ਮਰਿਯਾਦਾ ਨੂੰ ਜਾਣਦੇ ਅਤੇ ਮੰਨਦੇ ਹਨ, ਉਹ ਕਦੇ ਦੇਸ ਦੇ ਵਿਰੁੱਧ ਨਹੀਂ ਜਾਂਦੇ, ਪਰ ਜਿਹੜੇ ਦਮਗਜ਼ੇ ਮਾਰਨ ਦੇ ਆਦੀ ਹੋਣ, ਦੂਜਿਆਂ ਦੇਸਾਂ ਦੀ ਚੁੱਕ ਵਿੱਚ ਆ ਜਾਣ, ਦੂਜੇ ਦੇਸਾਂ ਤੋਂ ਮਦਦ ਲੈਣ, ਉਹ ਦੇਸ ਦੇ ਗ਼ਦਾਰ ਤਾਂ ਹੋ ਸਕਦੇ ਹਨ, ਪਰ ਦੇਸ-ਭਗਤ ਨਹੀਂ। ਅਜਿਹੇ ਲੋਕਾਂ ਤੋਂ ਸਦਾ ਸੁਚੇਤ ਰਹਿਣਾ ਪਵੇਗਾ।

ਉਹ ਲੋਕ, ਜਿਹੜੇ ਦਹਿਸ਼ਤ ਅਤੇ ਦਹਿਸ਼ਤਗਰਦਾਂ ਦੀ ਪੁਸ਼ਤ-ਪਨਾਹੀ ਅਤੇ ਹਮਾਇਤ ਕਰਦੇ ਹਨ, ਉਹਨਾਂ ਨੂੰ ਕੇਵਲ ਦੇਸ-ਵਿਰੋਧੀ ਹੀ ਨਹੀਂ, ਸਗੋਂ ਮਾਨਵਤਾ-ਵਿਰੋਧੀ ਗਰਦਾਨਿਆ ਜਾਣਾ ਚਾਹੀਦਾ ਹੈ, ਕਿਉਂਕਿ ਉਹ ਭੋਲੇ-ਭਾਲੇ ਮਾਸੂਮਾਂ ਦੀਆਂ ਜਾਨਾਂ ਲੈਣ ਤੋਂ ਵੱਧ ਕੁਝ ਵੀ ਜਾਣਦੇ ਨਹੀਂ ਹੁੰਦੇ। ਦਹਿਸ਼ਤ ਅਤੇ ਦਹਿਸ਼ਤਪਸੰਦਾਂ ਦੀ ਮਾਇਕ ਸਹਾਇਤਾ ਅਤੇ ਸਦਾਚਾਰਕ ਹਮਾਇਤ ਕਰਨ ਵਾਲੇ ਕਦੇ ਵੀ ਦੇਸ ਦੇ ਮਿੱਤ ਨਹੀਂ ਹੋ ਸਕਦੇ। ਚੰਗਾ ਉਹਨਾਂ ਲਈ ਇਹੀ ਹੈ ਕਿ ਉਹਨਾਂ ਨੂੰ ਜਿੱਥੋਂ ਮਦਦ ਮਿਲਦੀ ਹੋਵੇ, ਉਹ ਉਸ ਦੇਸ ਵਿੱਚ ਚਲੇ ਜਾਣ, ਤਾਂ ਕਿ ਉਹਨਾਂ ਦੇ ਜਨਮ ਸਥਾਨ ਅਤੇ ਪਾਲਣ-ਪੋਸਣ ਕਰਨ ਵਾਲਾ ਦੇਸ ਕਿਸੇ ਨੁਕਸਾਨ ਤੋਂ ਬਚਿਆ ਰਹਿ ਸਕੇ, ਜਿਨ੍ਹਾਂ ਨੂੰ ਉਹ ਦਹਿਸ਼ਤਜ਼ਦਾ ਕਰਦੇ ਹਨ, ਉਹਨਾਂ ਦਾ ਭਵਿੱਖ ਦਾਗ਼ੀ ਹੋਣ ਤੋਂ ਬਚਿਆ ਰਹਿ ਸਕੇ।

ਆਪਣੇ ਦੇਸ ਪ੍ਰਤੀ ਸੁਹਿਰਦ ਲੋਕ ਦੇਸ-ਭਗਤ ਹੋਣ ਜਾਂ ਨਾ, ਪਰ ਉਹ ਕਦੇ ਆਪਣੇ ਦੇਸ ਨੂੰ ਬੇਗ਼ਾਨਾ ਜਾਂ ਪਰਾਇਆ ਨਹੀਂ ਸਮਝ ਸਕਦੇ। ਉਹ ਉਸ ਦੀ ਰਾਖੀ ਕਰਨ ਲਈ ਜਾਨ ਤੱਕ ਵਾਰ ਸਕਦੇ ਹਨ, ਪਰ ਦੇਸ ਨੂੰ ਕੈਰੀਆਂ ਅੱਖਾਂ ਦਾ ਸ਼ਿਕਾਰ ਨਹੀਂ ਹੋਣ ਦੇ ਸਕਦੇ। ਆਪਣਾ ਦੇਸ ਕਦੇ ਪਰਾਇਆ ਹੋ ਹੀ ਨਹੀਂ ਸਕਦਾ। ਮਸਲੇ, ਤਕਲੀਫ਼ਾਂ ਹੱਲ ਹੋਣ ਤੱਕ ਵਿਰੋਧੀ ਆਵਾਜ਼ ਦੱਬਣੀ ਨਹੀਂ ਚਾਹੀਦੀ, ਪਰ ਉਹ ਹਕੂਮਤ ਵਿਰੁੱਧ ਹੀ ਹੋਵੇ, ਦੇਸ ਵਿਰੁੱਧ ਨਹੀਂ। ਜਿਹੜੇ ਦੇਸ ਵਿਰੁੱਧ ਸੋਚਦੇ ਹਨ, ਉਹਨਾਂ ਨੂੰ ਆਪਣੇ ਅੰਦਰ ਝਾਕ ਕੇ ਮੁੜ ਸੋਚਣ ਅਤੇ ਸੋਧਣ ਦੀ ਜ਼ਰੂਰਤ ਹੈ, ਤਾਂ ਕਿ ਉਹ ਜਿਸ ਦੇਸ ਦਾ ਅੰਨ ਖਾ ਰਹੇ ਹੋਣ ਅਤੇ ਧਨ ਹੰਢਾ ਰਹੇ ਹੋਣ, ਉਹ ਦੇਸ ਉਹਨਾਂ ਲਈ ਕਦੇ ਪਰਾਇਆ ਨਹੀਂ ਹੋ ਸਕਦਾ।

ਦਹਿਸ਼ਤਗਰਦੀ ਸਾਜ਼ਿਸ਼ ਹੈ

ਜੋ ਅੱਜ ਤੱਕ ਸੁਣਨ, ਦੇਖਣ ਅਤੇ ਸਮਝਣ ਵਿੱਚ ਆਇਆ ਹੈ, ਉਹ ਇਹੀ ਹੈ ਕਿ ਦਹਿਸ਼ਤਗਰਦੀ ਆਲਮੀ ਪੱਧਰ ਤੇ ਮਾਨਵਤਾ ਵਿਰੁੱਧ ਵੱਡੀ ਸਾਜ਼ਿਸ਼ ਹੈ, ਜਿਸ ਤੋਂ ਧਰਤੀ ਦਾ ਕੋਈ ਵੀ ਹਿੱਸਾ ਅੱਜ ਮੁਕਤ ਨਹੀਂ। ਜਿਹੜੇ ਇਸ ਨੂੰ ਜਨਮ ਦੇਣ ਵਾਲੇ ਹਨ, ਉਹ ਵੀ ਇਸ ਨੂੰ ਪਾਲਣ-ਪੋਸਣ ਬਾਅਦ ਅੱਜ ਇਸ ਦਾ ਸ਼ਿਕਾਰ ਹੋਣ ਤੋਂ ਬਚ ਨਹੀਂ ਸਕੇ।

ਕੋਈ ਦਹਿਸ਼ਤਗਰਦੀ ਨੂੰ ਜਾਇਜ਼ ਨਹੀਂ ਠਹਿਰਾ ਸਕਦਾ ਕਿ ਮੇਲੇ ਵਿੱਚ ਘੁੰਮਦੇ ਲੋਕਾਂ ਨੂੰ ਮਨੁੱਖੀ ਬੰਬ ਨਾਲ ਮੌਤ ਦਾ ਸ਼ਿਕਾਰ ਬਣਾ ਦਿੱਤਾ ਜਾਵੇ। ਬਾਜ਼ਾਰ ਵਿੱਚ ਘੁੰਮਦੇ ਭੋਲੇ-ਭਾਲੇ ਲੋਕ ਮਾਰੇ ਜਾਣ। ਹੋਟਲਾਂ ਵਿੱਚ ਸੁੱਤੇ ਪਏ ਲੋਕ ਜਾਨਾਂ ਗੁਆ ਬੈਠਣ ਜਾਂ ਫੇਰ ਧਾਰਮਿਕ ਅਕੀਦੇ ਪੂਰੇ ਕਰਨ ਵਾਲੇ ਸਥਾਨਾਂ ਤੇ ਹਮਲੇ ਕਰ ਕੇ ਲੋਕਾਂ ਦੀ ਜਾਨ ਦੇ ਨਾਲ-ਨਾਲ ਜਿਉਂਦਿਆਂ ਦੇ ਵਿਸ਼ਵਾਸ ਨੂੰ ਵੀ ਤਹਿਸ-ਨਹਿਸ ਕਰ ਕੇ ਰੱਖ ਦਿੱਤਾ ਜਾਵੇ। ਇੱਥੋਂ ਤੱਕ ਕਿ ਸਕੂਲੀ ਬੱਚਿਆਂ, ਜਿਨ੍ਹਾਂ ਅਜੇ ਦੁਨੀਆ ਦੇਖਣੀ ਹੁੰਦੀ ਹੈ, ਨੂੰ ਗੋਲੀਆਂ ਨਾਲ ਵਿੰਨ੍ਹ ਕੇ ਸਦਾ ਦੀ ਨੀਂਦ ਸੁਆ ਦਿੱਤਾ ਜਾਵੇ। ਇਹ ਕਿੱਧਰਲੀ ਬਹਾਦਰੀ ਹੈ, ਜਿਸ ਤੇ ਜਸ਼ਨ ਮਨਾਏ ਜਾਣ?

ਦਹਿਸ਼ਤੀ ਮੁਹਿੰਮਾਂ ਚਲਾਉਣ ਵਾਲਿਆਂ ਨੂੰ ਆਪਣੇ ਸਿਲੇਬਸ ਬਾਰੇ ਮੁੜ ਵਿਚਾਰ ਕਰਨੀ ਚਾਹੀਦੀ ਹੈ, ਆਪਣੇ ਏਜੰਡੇ ਮੁੜ ਸੋਧਣੇ ਚਾਹੀਦੇ ਹਨ ਕਿ ਉਹ ਆਪਣੇ ਘਿਨਾਉਣੇ ਕੰਮਾਂ ਵਾਸਤੇ ਮਨੁੱਖਤਾ ਦਾ ਘਾਣ ਨਾ ਕਰਨ, ਸਗੋਂ ਆਪਣੇ ਮਨੋਰਥਾਂ ਨੂੰ ਪੂਰੇ ਕਰਨ ਲਈ ਹਾਕਮਾਂ ਨਾਲ ਦੋ ਹੱਥ ਕਰਨ, ਨਾ ਕਿ ਭੋਲੀ-ਭਾਲੀ ਜਨਤਾ ਦਾ ਘਾਣ ਕਰਨ।

*****

(780)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author