ShamSingh7ਜਿਵੇਂ ਰਾਮ ਨੂੰ ਲਛਮਣ ਸੀ’ ਦਾ ਲੋਕ-ਅਰਪਣ 15 ਜੁਲਾਈ 2018 ਨੂੰ ਸਵੇਰੇ 10.30 ਵਜੇ ...
(14 ਜੁਲਾਈ 2018)

 

SantokhSDhirBook2ਚਿੱਠੀ ਮੇਰੇ ਢੋਲ ਨੂੰ ਪੁਚਾਈਂ ਵੇ ਕਬੂਤਰਾ’ ਅਜਿਹੇ ਵਕਤਾਂ ਵਿੱਚ ਦਿਲਾਂ ਦੀ ਸੁਹਿਰਦ ਆਵਾਜ਼ ਹੁੰਦੀ ਸੀ, ਜਦੋਂ ਚਿੱਠੀਆਂ ਰਾਹੀਂ ਹੀ ਜਜ਼ਬੇ, ਹਸਰਤਾਂ ਅਤੇ ਹਾਲਾਤ ਸਫਰ ਕਰਦੇ ਸਨ। ਇਸ ਬਾਰੇ ਤਾਂ ਪੱਕਾ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਕਿ ਕਬੂਤਰ ਸਿਖਿਅਤ ਹੁੰਦੇ ਸਨ ਜਾਂ ਨਹੀਂ ਪਰ ਸੁਨੇਹੜਿਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਣ ਵਿਚ ਕਬੂਤਰਾਂ ਦੀ ਡਾਕੀਏ ਵਜੋਂ ਭੂਮਿਕਾ ਜ਼ਰੂਰ ਰਹੀ ਹੋਵੇਗੀ, ਕੇਵਲ ਨਿਰੀ ਖ਼ਿਆਲੀ ਨਹੀਂ ਹੋ ਸਕਦੀ।

ਹੁਣ ਚਿੱਠੀਆਂ ਲਿਖਣ ਦਾ ਰਿਵਾਜ ਘਟ ਗਿਆ ਜਿਨ੍ਹਾਂ ਦੀ ਥਾਂ ਨਵੀਂ ਤਕਨਾਲੋਜੀ ਨਾਲ ਈਜਾਦ ਹੋਏ ਹੋਰ ਸਾਧਨਾਂ ਨੇ ਲੈ ਲਈ। ਅਜਿਹਾ ਹੋਣ ਨਾਲ ਉਹ ਮੋਹ ਮੁਹੱਬਤ ਗੁਆਚ ਕੇ ਰਹਿ ਗਈ ਜਿਸ ਵਿਚ ਅੰਤਾਂ ਦੀ ਸੁਹਿਰਦਤਾ ਵੀ ਹੁੰਦੀ ਸੀ ਅਤੇ ਮਨਮੋਹਕ ਨਿੱਘ ਵੀ।

ਪਹਿਲਾਂ ਚਿੱਠੀਆਂ ਵਿਚ ਦਿਲ ਦੇ ਵਲਵਲੇ ਹੁੰਦੇ ਸਨ। ਫੁਰਨੇ ਵੀ, ਮਨ ਦੇ ਸੁਫਨੇ ਵੀ ਅਤੇ ਜ਼ਿਹਨ ਦੇ ਵਿਚਾਰ ਵੀ, ਆਪਣੇ ਹਾਲਾਤ ਵੀ ਅਤੇ ਸਮਕਾਲੀ ਸਥਿਤੀ ਵੀ। ਚਿੱਠੀ-ਲੇਖਕ ਲਿਖਣ ਬਾਅਦ ਰਾਹਤ ਮਹਿਸੂਸ ਕਰਦਾ ਸੀ ਅਤੇ ਪੜ੍ਹਨ ਵਾਲਾ ਪੜ੍ਹਨ ਬਾਅਦ ਹਲਕਾ ਫੁਲਕਾ ਵੀ ਹੋ ਜਾਂਦਾ ਸੀ ਅਤੇ ਅਨੰਦਤ ਵੀ, ਕਿਉਂਕਿ ਸੋਚਾਂ ਦੇ ਜਿਸ ਭਾਰ ਥੱਲੇ ਉਹ ਹੁੰਦਾ, ਉਨ੍ਹਾਂ ਤੋਂ ਮੁਕਤ ਹੋ ਜਾਂਦਾ। ਚਿੱਠੀ ਪਾਉਣ ਵੇਲੇ ਵੀ ਉਤਸੁਕਤਾ ਅਤੇ ਚਾਅ ਹੁੰਦਾ ਸੀ ਅਤੇ ਆਉਣ ਵੇਲੇ ਵੀ।

ਬਹੁਤ ਕਰਕੇ ਚਿੱਠੀਆਂ ਮਿੱਠੀਆਂ, ਰਸੀਲੀਆਂ ਅਤੇ ਰੌਚਕ ਵੀ ਹੁੰਦੀਆਂ ਅਤੇ ਨਾਲ ਦੀ ਨਾਲ ਸੁਝਾਉ, ਉਪਦੇਸ਼ ਭਰੀਆਂ ਅਤੇ ਤਲਖੀ-ਭਰੀਆਂ ਵੀ ਹੁੰਦੀਆਂ। ਕਈ ਇਕ ਵਿਚ ਧਰਤੀ ਦੇ ਦ੍ਰਿਸ਼ ਹੁੰਦੇ ਜਾਂ ਫਿਰ ਮਨੋ-ਦ੍ਰਿਸ਼। ਹਰ ਤਰ੍ਹਾਂ ਦੇ ਹਾਲਾਤ ਵੀ ਵਰਨਣ ਕੀਤੇ ਹੁੰਦੇ ਅਤੇ ਦੁੱਖ-ਦਰਦ ਦੇ ਕਿੱਸੇ ਵੀ।

ਉੱਘੇ ਪੰਜਾਬੀ ਸਾਹਿਤਕਾਰ ਸੰਤੋਖ ਸਿੰਘ ਧੀਰ ਵੱਲੋਂ ਵੇਲੇ-ਕੁਵੇਲੇ ਲਿਖੀਆਂ ਚਿੱਠੀਆਂ ਵਿਚ ਤਰ੍ਹਾਂ ਤਰ੍ਹਾਂ ਦੀਆਂ ਭਾਵਨਾਵਾਂ ਅਤੇ ਫੁਰਨਿਆਂ ਦਾ ਅਜਿਹਾ ਚਿਤਰਣ ਹੈ ਜਿਸ ਵਿਚ ਮਨੋ-ਦਸ਼ਾ, ਧਰਤੀ-ਦ੍ਰਿਸ਼ਾਂ, ਮੌਸਮਾਂ ਅਤੇ ਘਟਨਾਵਾਂ ਦੇ ਨੈਣ-ਨਕਸ਼ ਵੀ ਦੇਖੇ ਜਾ ਸਕਦੇ ਹਨ, ਆਲੇ-ਦੁਆਲੇ ਵਾਪਰਦੇ ਚੰਗੇ ਮਾੜੇ ਵਰਤਾਰੇ ਵੀ। ਜਦ ਉਹ 1975 ਦੌਰਾਨ ਵਿਦੇਸ਼ (ਇੰਗਲੈਂਡ) ਦੀ ਯਾਤਰਾ ’ਤੇ ਗਿਆ ਤਾਂ ਉੱਥੋਂ ਦੇ ਤੌਰ ਤਰੀਕਿਆਂ, ਵਰਤਾਰਿਆਂ ਅਤੇ ਵਿਵਹਾਰਾਂ ਦਾ ਚਿਤਰਣ ਵੀ ਕਰਦਾ ਹੈ, ਉੱਥੋਂ ਦੀਆਂ ਵਚਿੱਤਰ ਗੱਲਾਂ ਵੀ ਲਿਖਦਾ ਹੈ ਅਤੇ ਮਿਲੇ ਰਲੇ-ਮਿਲੇ ਹੁੰਗਾਰਿਆਂ ਬਾਰੇ ਵੀ। ਉਹ ਆਪਣੇ ਲਛਮਣ ਵਰਗੇ ਛੋਟੇ ਭਰਾ ਰਿਪੁਦਮਨ ਸਿੰਘ ਰੂਪ ਨੂੰ ਖਤ ਲਿਖਦਾ ਹੈ ਤਾਂ ਹਰ ਚਿੱਠੀ ਕਈ ਤਰ੍ਹਾਂ ਦੇ ਹਾਲਾਤ ਵੀ ਬਿਆਨਦੀ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਵਰਤਾਰਿਆਂ ਦੇ ਖ਼ੁਲਾਸੇ ਵੀ। ਘਰ ਦੇ ਹਾਲਾਤ ਲਿਖਦਿਆਂ ਤੰਗੀਆਂ-ਤੁਰਸ਼ੀਆਂ ਅਤੇ ਛੋਟੇ ਮੋਟੇ ਸਾਮਾਨ ਦਾ ਜ਼ਿਕਰ ਵੀ ਨਹੀਂ ਛੱਡਿਆ।

ਚਿੱਠੀਆਂ ਵਿੱਚੋਂ ਦੋਹਾਂ ਭਰਾਵਾਂ ਵਿਚ ਪ੍ਰੇਮ ਦਾ ਨਿੱਘ ਵੀ ਹੈ ਅਤੇ ਗਹਿਰੇ ਵਿਸ਼ਵਾਸ ਦਾ ਭਰਵਾਂ ਪ੍ਰਗਟਾਵਾ ਵੀ ਜੋ ਅੱਜ ਕੱਲ੍ਹ ਬਹੁਤਿਆਂ ਨੂੰ ਨਸੀਬ ਨਹੀਂ। ਵੱਡਾ ਭਰਾ ਆਪਣੇ ਵੱਡੇ ਹੋਣ ਦੇ ਰੁਤਬੇ ਦੀ ਵਰਤੋਂ ਕਰਦਿਆਂ ਛੋਟੇ ਭਰਾ ਰੂਪ ਨੂੰ ਜੀਵਨ ਦੇ ਮਨੋਰਥ ਤੋਂ ਵੀ ਜਾਣੂ ਕਰਾਉਣ ਦਾ ਜਤਨ ਕਰਦਾ ਹੈ ਅਤੇ ਸੇਧਾਂ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦਾ।

ਸਾਹਿਤਕ-ਹਲਕਿਆਂ ਵਿਚ ਚੱਲਦੀਆਂ ਗੁਟਬਾਜ਼ੀਆਂ ਅਤੇ ਅੰਦਰਲੀਆਂ ਖ਼ਬਰਾਂ ਦੀ ਸਾਰ ਵੀ ਮਿਲਦੀ ਹੈ ਅਤੇ ਖਾਰ ਵੀ। ਧੀਰ ਨੇ ਤਲਖੀਆਂ ਅਤੇ ਮੁਨਾਸਬ ਗਾਲੀ ਗਲੋਚ ਨੂੰ ਵੀ ਮਾਫ ਨਹੀਂ ਕੀਤਾ, ਸਗੋਂ ਲੋੜ ਅਨੁਸਾਰ ਗੁੱਸੇ ਨੂੰ ਪ੍ਰਗਟ ਕਰਦਿਆਂ ਸੱਚ ਬੋਲਣ ਨੂੰ ਤਰਜੀਹ ਦਿੱਤੀ ਹੈ, ਝੂਠ ਬੋਲਣ ਜਾਂ ਡਰ ਦਾ ਸਹਾਰਾ ਨਹੀਂ ਲਿਆ।

ਬਹੁਤ ਕੁੱਝ ਹੈ ਇਨ੍ਹਾਂ ਚਿੱਠੀਆਂ ਵਿਚ ਜਿਸ ਨੂੰ ਕਈ ਕੋਨਿਆਂ ਤੋਂ ਪੜ੍ਹਿਆ ਅਤੇ ਘੋਖਿਆ ਜਾ ਸਕਦਾ ਹੈ ਜਿਸ ਵਿਚ ਧੀਰ ਦਾ ਪਰਿਵਾਰ ਵੀ ਤੁਰਦਾ ਹੈ, ਸਾਹਿਤਕ ਪਰਿਵਾਰ ਵੀ ਅਤੇ ਸਾਰੇ ਦਾ ਸਾਰਾ ਪਕੜ ਵਿਚ ਆਇਆ ਆਲਾ ਦੁਆਲਾ ਵੀ। ਤਣਾਅ ਵੀ ਤੁਰਦਾ ਹੈ, ਝਗੜੇ ਝੇੜੇ ਵੀ, ਰਿਸ਼ਤਿਆਂ ਦੀ ਟੁੱਟ-ਭੱਜ ਵੀ ਅਤੇ ਮੌਲਿਕ ਸਿਰਜਣਾ ਦੀ ਪਰਕਿਰਿਆ ਵੀ। ਚਿੱਠੀਆਂ ਦਾ ਪਾਠ ਕਰਦਿਆਂ ਕਈ ਤਰ੍ਹਾਂ ਦੇ ਅਨੁਭਵ ਵਿੱਚੋਂ ਲੰਘਿਆ ਹਾਂ, ਜੋ ਰੌਚਿਕ ਵੀ ਹਨ, ਮਨਮੋਹਕ ਵੀ, ਮੋਹ-ਭਰੇ ਵੀ ਤੇ ਮੁਹੱਬਤ ਰੰਗੇ ਵੀ।

ਸੰਤੋਖ ਸਿੰਘ ਧੀਰ ਦੀਆਂ ਇਨ੍ਹਾਂ ਚਿੱਠੀਆਂ ਦੇ ਰੰਜੀਵਨ ਸਿੰਘ ਵੱਲੋਂ ‘ਜਿਵੇਂ ਰਾਮ ਨੂੰ ਲਛਮਣ ਸੀ’ ਸਿਰਲੇਖ ਅਧੀਨ ਸੰਪਾਦਿਤ ਕੀਤੇ ਸੰਗ੍ਰਹਿ ਦਾ ਲੋਕ-ਅਰਪਣ 15 ਜੁਲਾਈ 2018 ਨੂੰ ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਹੋ ਰਿਹਾ ਹੈ।

SantokhSDhirPoster2

 

*****

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author