ShamSingh7“ਇਹ ਪਾਰਟੀ ਉੱਠੀ ਤਾਂ ਅਨਾਰ ਦੇ ਚੱਲਣ ਵਾਂਗ ਸੀਜਿਸ ਨੇ ਪੰਜਾਬੀਆਂ ਦਾ ਇੰਨਾ ਧਿਆਨ ...”
(15 ਸਤੰਬਰ 2018)

 

ਸਾਰੇ ਮੁਲਕਾਂ ਦੀਆਂ ਹਕੂਮਤਾਂ ਵਿਰੋਧੀ ਸੁਰਾਂ ਸੁਣਨ ਵਾਸਤੇ ਤਿਆਰ ਨਹੀਂ ਹੁੰਦੀਆਂ। ਉਹ ਹਾਂ-ਪੱਖੀ ਆਵਾਜ਼ਾਂ ਸੁਣਨ ਦੀਆਂ ਆਦੀ ਹੁੰਦੀਆਂ ਹਨ, ਨੁਕਤਾਚੀਨੀ ਨੂੰ ਕਦੇ ਨਹੀਂ ਸਹਿੰਦੀਆਂ। ਲੋਕਤੰਤਰੀ ਤਰਜ਼ ਦੀਆਂ ਹਕੂਮਤਾਂ ਦਾ ਸੁਭਾਅ ਹੋਰ ਤਰ੍ਹਾਂ ਦਾ ਇਸ ਲਈ ਹੋਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹਨਾਂ ਵਿੱਚ ਲੋਕਾਂ ਦੀ ਗਹਿਰ-ਗੰਭੀਰ ਭਾਈਵਾਲੀ ਵੀ ਹੁੰਦੀ ਹੈ ਅਤੇ ਹਮਾਇਤ ਵੀ। ਲੋਕਾਂ ਦੀ ਆਪਣੀ ਬਣਾਈ ਹੋਈ ਸਰਕਾਰ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ, ਕਿਉਂਕਿ ਉਸ ਵਿੱਚ ਸ਼ਾਮਲ ਹਾਕਮ ਕਿਸੇ ਤਰ੍ਹਾਂ ਵੀ ਲੋਕਾਂ ਤੋਂ ਦੂਰ ਜਾਣ ਬਾਰੇ ਸੋਚ ਤੱਕ ਨਹੀਂ ਸਕਦੇ। ਜਦੋਂ ਕਦੇ ਉਹ ਲੋਕ ਮੁੱਦਿਆਂ ਅਤੇ ਮਸਲਿਆਂ ਨੂੰ ਤਰਜੀਹ ਨਾ ਦਿੰਦੇ ਹੋਏ ਆਪਣੇ ਸਵਾਰਥਾਂ ਨੂੰ, ਭਾਈ-ਭਤੀਜਾਵਾਦ ਨੂੰ ਪਹਿਲ ਦੇਣ ਲੱਗ ਪੈਂਦੇ ਹਨ ਤਾਂ ਲੋਕ ਵਿਰੋਧ ਦੇ ਰਾਹ ’ਤੇ ਤੁਰਨ ਲਈ ਮਜਬੂਰ ਹੁੰਦੇ ਹਨ।

ਸਮਾਜ ਦੇ ਸਿਆਣੇ ਲੋਕ, ਚਿੰਤਕ, ਫਨਕਾਰ, ਲੇਖਕ ਅਤੇ ਬੁਲਾਰੇ ਲੋਕ ਹਿਤ ਵਿੱਚ ਆਵਾਜ਼ ਬੁਲੰਦ ਕਰਦੇ ਹਨ ਤਾਂ ਹਾਕਮਾਂ ਨੂੰ ਪਸੰਦ ਨਹੀਂ ਆਉਂਦੀ। ਸਰਕਾਰਾਂ ਨੂੰ ਅਜਿਹੇ ਲੋਕਾਂ ਦੇ ਬੋਲਾਂ ਅਤੇ ਲਿਖਤਾਂ ਵਿੱਚੋਂ ਬਗ਼ਾਵਤ ਦੀ ਬੂ ਆਉਂਦੀ ਹੈ, ਜਿਸ ਨੂੰ ਦਬਾਉਣ ਲਈ ਸਰਕਾਰਾਂ ਹਰ ਤਰ੍ਹਾਂ ਦੇ ਹਰਬੇ ਵਰਤਦੀਆਂ ਹਨਜਾਗਦੇ ਸਿਰਾਂ ਵਾਲੇ ਅਤੇ ਜਾਗਦੀ ਜ਼ਮੀਰ ਵਾਲੇ ਇਹਨਾਂ ਵਿਰੋਧੀ ਸੁਰ ਵਾਲੇ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ, ਤਾਂ ਕਿ ਸਖ਼ਤੀ ਕਰ ਕੇ ਸਬਕ ਸਿਖਾਇਆ ਜਾ ਸਕੇ। ਸਰਕਾਰਾਂ ਨੂੰ ਸ਼ਾਇਦ ਪਤਾ ਨਹੀਂ ਹੁੰਦਾ ਕਿ ਇਹ ਲੋਕ ਤਾਂ ਆਪਣੇ ਲੋਕਾਂ ਲਈ ਪਰਣਾਏ ਹੁੰਦੇ ਹਨ ਅਤੇ ਲੋਕ ਹਿਤ ਦੀ ਵਿਚਾਰਧਾਰਾ ਨੂੰ ਛੱਡਣ ਲਈ ਤਿਆਰ ਨਹੀਂ ਹੋ ਸਕਦੇ। ਉਹ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਤੋਂ ਨਹੀਂ ਡਰਦੇ ਅਤੇ ਨਾ ਹੀ ਸਰਕਾਰ ਦੇ ਤਸ਼ੱਦਦ ਤੋਂ ਘਬਰਾਉਂਦੇ ਹਨ।

ਬਹੁਤ ਮੁਲਕਾਂ ਦੇ ਅਗਾਂਹ ਵਧੂ ਲੋਕਾਂ ਨੇ ਆਪਣੇ ਸੁਖ-ਆਰਾਮ ਤਿਆਗ ਕੇ ਕਾਲ ਕੋਠੜੀਆਂ ਨੂੰ ਘਰ ਸਮਝ ਲਿਆ ਅਤੇ ਹੱਥ-ਕੜੀਆਂ, ਬੇੜੀਆਂ ਨੂੰ ਨਵੇਂ ਅਰਥ ਪ੍ਰਦਾਨ ਕਰ ਦਿੱਤੇ। ‘ਤੇਰੇ ਲਈ ਛਣਕਾ ਕੇ ਲੰਘੇ ਬੇੜੀਆਂ, ਤੂੰ ਹੀ ਸਾਡੀ ਚਾਲ ਪਹਿਚਾਣੀ ਨਹੀਂ।’ ਅਜਿਹਾ ਵਰਤਾਰਾ ਤਾਨਾਸ਼ਾਹ ਸਰਕਾਰਾਂ, ਬਾਦਸ਼ਾਹਾਂ ਵਾਲੀ ਤਰਜ਼ ਦੀਆਂ ਹਕੂਮਤਾਂ ਵਿੱਚ ਤਾਂ ਝੱਲਣਾ ਪੈਂਦਾ ਹੈ। ਲੋਕਤੰਤਰੀ ਤਰਜ਼ ਵਾਲੀਆਂ ਹਕੂਮਤਾਂ ਵਿੱਚ ਅਜਿਹਾ ਹੋਵੇ ਤਾਂ ਸਹਿਣ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਲੋਕਾਂ ਦੀਆਂ ਆਪਣੀਆਂ ਹੁੰਦੀਆਂ ਹਨ ਅਤੇ ਮਿੱਥੀ ਮਿਆਦ ਤੋਂ ਵੱਧ ਰਹਿ ਵੀ ਨਹੀਂ ਸਕਦੀਆਂ। ਜਿਹੜੀਆਂ ਸਰਕਾਰਾਂ ਲੋਕਾਂ ਦੀ ਵਿਰੋਧੀ ਸੁਰ ਨੂੰ ਨਾ ਮੰਨਦੀਆਂ ਹੋਈਆਂ ਉਹਨਾਂ ਨੂੰ ਦਬਾਉਣ ਅਤੇ ਕੁਚਲਣ ਦੇ ਰਾਹ ਪੈ ਜਾਂਦੀਆਂ ਹਨ, ਉਹਨਾਂ ਨੂੰ ਸਬਕ ਸਿਖਾਉਣ ਤੋਂ ਲੋਕ ਪਿੱਛੇ ਨਹੀਂ ਰਹਿੰਦੇ।

ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੀ ਬਣੀ ਹਕੂਮਤ ਨੂੰ ਇਹ ਗੱਲ ਸਾਫ਼-ਸਾਫ਼ ਸਮਝਣੀ ਚਾਹੀਦੀ ਹੈ ਕਿ ਵਿਰੋਧੀ ਸੁਰਾਂ ਨੇਤਾਵਾਂ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਹੁੰਦੀਆਂ ਹਨ ਜਾਂ ਫੇਰ ਹਕੂਮਤ ਦੀਆਂ ਨੀਤੀਆਂ ਵਿਰੁੱਧ, ਪਰ ਉਹ ਮੁਲਕ ਦੇ ਵਿਰੁੱਧ ਨਹੀਂ ਹੁੰਦੀਆਂ। ਹਕੂਮਤਾਂ ਵੱਲੋਂ ਅਜਿਹੀਆਂ ਸੁਰਾਂ ਨੂੰ ਦਬਾਉਣ ਅਤੇ ਮਿਟਾਉਣ ਲਈ ਦੇਸ਼-ਵਿਰੋਧੀ ਗਰਦਾਨ ਕੇ ਉਹਨਾਂ ਉੱਤੇ ਦੇਸ-ਧਰੋਹ ਦਾ ਦਾਗ਼ ਲਾਉਣ ਦਾ ਜਤਨ ਕੀਤਾ ਜਾਂਦਾ ਹੈ, ਜਿਸ ਨੂੰ ਕਿਸੇ ਤਰਕ ਨਾਲ ਸਾਬਤ ਨਹੀਂ ਕੀਤਾ ਜਾ ਸਕਦਾ।

ਜ਼ਰੂਰੀ ਹੈ ਕਿ ਲੋਕਤੰਤਰ ਵਾਲੇ ਦੇਸਾਂ ਵਿੱਚ ਲੋਕ ਪ੍ਰਤੀਨਿਧ ਇਹ ਸਮਝਣ ਅਤੇ ਮੰਨਣ ਦਾ ਯਤਨ ਕਰਨ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਕਿਸਮ ਦੀਆਂ ਆਵਾਜ਼ਾਂ ਸੁਣਨੀਆਂ ਚਾਹੀਦੀਆਂ ਹਨ, ਤਾਂ ਕਿ ਵਿਰੋਧ ਪੈਦਾ ਹੀ ਨਾ ਹੋਣ। ਵਿਰੋਧੀ ਸੁਰਾਂ ਜੇ ਉੱਠਦੀਆਂ ਹਨ ਤਾਂ ਹਕੂਮਤ ਦੇ ਕੰਨ ਖਿੱਚਣ ਲਈ ਹੁੰਦੀਆਂ ਹਨ, ਤਾਂ ਕਿ ਲੋਕਤੰਤਰ ਵਿੱਚ ਹਰ ਇੱਕ ਦੀ ਸੁਣੀ ਜਾਵੇ। ਹਰੇਕ ਦੀ ਸੁਣਨ ਵਾਲੀ ਅਤੇ ਹਰੇਕ ਦੇ ਮਸਲੇ ਸੁਲਝਾਉਣ ਵਾਲੀ ਹਕੂਮਤ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਹਿੱਸਾ ਪਾਉਂਦੀ ਹੈ ਅਜਿਹੇ ਵਕਤ ਆ ਗਏ ਹਨ, ਜਦੋਂ ਲੋਕ ਪਹਿਲਾਂ ਵਰਗੇ ਨਹੀਂ ਰਹੇ, ਸਗੋਂ ਪੜ੍ਹ-ਲਿਖ ਕੇ, ਮਾਰਾਂ ਖਾ ਕੇ ਸਿਆਸਤਦਾਨਾਂ ਨੂੰ ਸਮਝ ਕੇ ਸੂਝਵਾਨ ਹੋ ਗਏ ਹਨ, ਜਿਸ ਕਾਰਨ ਉਹਨਾਂ ਨੂੰ ਚਾਰਿਆ ਨਹੀਂ ਜਾ ਸਕਦਾ। ਜਿਹੜੇ ਨੇਤਾ ਜਾਂ ਪਾਰਟੀਆਂ ਅੱਜ ਵੀ ਲੋਕਾਂ ਨੂੰ ਧੋਖਾ ਦੇਣ ਬਾਰੇ ਸੋਚਦੇ ਹਨ, ਉਹ ਹੁਣ ਜਿੱਤ ਨਹੀਂ ਸਕਦੇ।

ਲੋਕਤੰਤਰ ਦੀ ਰੱਖਿਆ ਅਤੇ ਮਜ਼ਬੂਤੀ ਲਈ ਉਹ ਕਦਮ ਪੁੱਟੇ ਜਾਣ ਦੀ ਅਤੀ ਜ਼ਰੂਰਤ ਹੈ, ਜਿਨ੍ਹਾਂ ਨਾਲ ਦੇਸ ਵਿੱਚ ਉੱਠਦੀਆਂ ਵਿਰੋਧੀ ਸੁਰਾਂ ਨੂੰ ਗੌਰ ਨਾਲ ਸੁਣਿਆ-ਸਮਝਿਆ ਜਾਵੇ ਅਤੇ ਸੰਭਵ ਹੱਦ ਤੱਕ ਉਹਨਾਂ ਦੇ ਰੋਸਿਆਂ ਨੂੰ ਦੇਸ ਦਾ ਫ਼ਿਕਰ ਸਮਝ ਕੇ ਦੂਰ ਕਰਨ ਦਾ ਯਤਨ ਹੋਵੇ। ਅਜਿਹਾ ਹੋਣ ਨਾਲ ਲੋਕਾਂ ਵਿੱਚ ਭਰੋਸੇਯੋਗਤਾ ਬਣੇਗੀ ਵੀ ਅਤੇ ਵਧੇਗੀ ਵੀ। ਲੋਕ ਲੋਕਤੰਤਰ ਨੂੰ ਆਪਣੀ ਢਾਲ ਸਮਝਣਗੇ ਅਤੇ ਆਪਣੀ ਸੋਚ ਨਾਲ ਚੁਣੇ ਪ੍ਰਤੀਨਿਧਾਂ ਨੂੰ ਸਤਿਕਾਰ ਦੇਣਗੇ, ਜਿਹੜੇ ਲੋਕਾਂ ਦੀਆਂ ਚਿੰਤਾਵਾਂ ਅਤੇ ਫ਼ਿਕਰਾਂ ਨੂੰ ਦੂਰ ਕਰ ਕੇ ਉਹਨਾਂ ਲਈ ਖ਼ੁਸ਼ਹਾਲੀਆਂ ਪੈਦਾ ਕਰਨਗੇ।

ਪੰਜਾਬ ਸਿਆਸਤ ਦਾ ਚਿਹਰਾ

ਕਿਸੇ ਪੰਜਾਬੀ ਨੂੰ ਵੀ ਪਾਉ, ਇਹ ਸਵਾਲ ਬਹੁਤ ਔਖਾ ਹੈ ਕਿ ਜੇ ਅੱਜ ਚੋਣ ਕਰਨੀ ਹੋਵੇ ਤਾਂ ਉਹ ਕਿਸ ਰਾਜਸੀ ਪਾਰਟੀ ਦੇ ਹੱਕ ਵਿੱਚ ਹੱਥ ਖੜ੍ਹੇ ਕਰੇਗਾ ਅਤੇ ਵੋਟ ਪਾਵੇਗਾ।

ਕਾਂਗਰਸ ਹਾਕਮ ਪਾਰਟੀ ਹੈ, ਪਰ ਲੋਕਾਂ ਦੀਆਂ ਆਸਾਂ ’ਤੇ ਪੂਰੀ ਨਹੀਂ ਉੱਤਰੀ। ਹਾਂ, ਇੰਨਾ ਜ਼ਰੂਰ ਹੈ ਕਿ ਦਸ ਸਾਲਾਂ ਤੱਕ ਰਾਜ ਕਰਨ ਵਾਲੀ ਪਾਰਟੀ ਨੇ ਤਾਂ ਅਸਲ ਮੁੱਦੇ ਛੋਹੇ ਹੀ ਨਹੀਂ। ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ ਦਾ ਮਸਲਾ ਹੀ ਨਹੀਂ ਛੇੜਿਆ। ਲੋਕਾਂ ਦੇ ਪੈਸਿਆਂ ਦੁਆਰਾ ਬਣਾਈਆਂ ਸੜਕਾਂ ਦਾ ਸ਼ੋਰ ਪਾ ਕੇ ਹੀ ਸਾਰ ਲਿਆ, ਜਿਹੜਾ ਕਿ ਕਿਸੇ ਵੀ ਸਰਕਾਰ ਲਈ ਬੁਨਿਆਦੀ ਕੰਮ ਵੀ ਹੁੰਦਾ ਹੈ। ਇਹਨਾਂ ਦੋਹਾਂ ਪਾਰਟੀਆਂ ਦੇ ਹੱਕ ਵਿੱਚ ਲੋਕ ਹਾਮੀ ਨਹੀਂ ਭਰਦੇ। ਅਜੇ ਕਾਂਗਰਸ ਸਰਕਾਰ ਕੋਲ ਵਕਤ ਹੈ, ਜਿਸ ਦੌਰਾਨ ਕਿਸਾਨਾਂ ਦੇ ਪੂਰੇ ਕਰਜ਼ੇ ਵੀ ਮਾਫ਼ ਕੀਤੇ ਜਾ ਸਕਦੇ ਹਨ, ਘਰ-ਘਰ ਜਾ ਕੇ ਨੌਕਰੀਆਂ ਵੀ ਦਿੱਤੀਆਂ ਜਾ ਸਕਦੀਆਂ ਹਨ ਅਤੇ ਸਮਾਰਟ ਫੋਨ ਵੀ ਵੰਡਣੇ ਕੋਈ ਮੁਸ਼ਕਿਲ ਕੰਮ ਨਹੀਂ। ਜੇ ਕਾਂਗਰਸ ਨੇ ਇਹ ਕੁਝ ਕਰ ਦਿੱਤਾ ਤਾਂ ਲੋਕ ਇਸ ਪਾਰਟੀ ਦੇ ਹੱਕ ਵਿੱਚ ਹੋਣ ਤੋਂ ਗੁਰੇਜ਼ ਨਹੀਂ ਕਰਨਗੇ।

ਰਹੀ ਤੀਜੀ ਧਿਰ ਬਣਨ ਦੀ ਗੱਲ ਕਰਨ ਵਾਲੀ ਰਾਜਸੀ ਪਾਰਟੀ ਆਮ ਆਦਮੀ ਪਾਰਟੀ। ਇਹ ਪਾਰਟੀ ਉੱਠੀ ਤਾਂ ਅਨਾਰ ਦੇ ਚੱਲਣ ਵਾਂਗ ਸੀ, ਜਿਸ ਨੇ ਪੰਜਾਬੀਆਂ ਦਾ ਇੰਨਾ ਧਿਆਨ ਖਿੱਚਿਆ ਕਿ ਇੱਕ ਵਾਰ ਤਾਂ ਲੱਗਣ ਲੱਗ ਪਿਆ ਸੀ ਕਿ ‘ਆਪ’ ਦੀ ਸਰਕਾਰ ਬਣੀ ਕਿ ਬਣੀ, ਪਰ ਇਸਦੇ ਆਪਣੇ ਨੇਤਾਵਾਂ ਨੇ ਆਪਣਾ ਬੇੜਾ ਆਪ ਹੀ ਡੋਬ ਲਿਆ।

ਹੁਣ ਤਾਂ ਗੱਲ ਹੋਰ ਵੀ ਖ਼ਰਾਬ ਹੋ ਕੇ ਰਹਿ ਗਈ ਹੈਪਾਰਟੀ ਦੋਫਾੜ ਹੋ ਗਈ ਹੈਸੁਖਪਾਲ ਸਿੰਘ ਅਤੇ ਕੰਵਰ ਦੀ ਅਗਵਾਈ ਵਾਲਾ ਪੰਜਾਬ ਧੜਾ ਅਤੇ ਦੂਜਾ ਭਗਵੰਤ ਵਾਲਾ ਦਿੱਲੀ ਧੜਾ। ਪੰਜਾਬ ਦੇ ਲੋਕ ਸੁਖਪਾਲ-ਕੰਵਰ ਦੇ ਗੁੱਟ ਵੱਲ ਵੱਧ ਹੋ ਗਏ ਅਤੇ ਦਿੱਲੀ ਵੱਲ ਦੇਖਣ ਵਾਲਿਆਂ ਦਾ ਵਿਰੋਧ ਹੋਣ ਲੱਗ ਪਿਆ। ਦੋਵੇਂ ਧੜੇ ਆਪੋ-ਆਪਣੀ ਖਿਚੜੀ ਪਕਾ ਰਹੇ ਹਨ, ਜਿਸ ਨੂੰ ਖਾਣ ਲਈ ਅਜੇ ਪੰਜਾਬ ਦੇ ਲੋਕ ਮਨ ਨਹੀਂ ਬਣਾ ਸਕੇ। ਪੰਜਾਬ ਧੜੇ ਵਾਲੇ ਪਾਰਟੀ ਛੱਡ ਨਹੀਂ ਸਕਦੇ, ਕਿਉਂਕਿ ਅੱਠ ਵਿਧਾਇਕਾਂ ਦੀ ਮੈਂਬਰੀ ਖ਼ਤਮ ਹੋ ਜਾਵੇਗੀ, ਦਿੱਲੀ ਵਾਲੇ ਉਹਨਾਂ ਨੂੰ ਕੱਢਦੇ ਵੀ ਨਹੀਂ। ਪੰਜਾਬ ਵਾਲੇ ਬੈਨਰ ਅਤੇ ਨਾਂਅ ਤਾਂ ‘ਆਪ’ ਦਾ ਹੀ ਵਰਤਦੇ ਹਨ, ਪਰ ਦਿੱਲੀ ਦੇ ਨੇਤਾਵਾਂ ਨੂੰ ਤਿੱਖੀ ਸੁਰ ਵਾਲੀ ਆਲੋਚਨਾ ਤੋਂ ਬਖਸ਼ਦੇ ਨਹੀਂ। ਅਜਿਹੀ ਹਾਲਤ ਵਿੱਚ ਕੋਈ ਧੜਾ ਪੰਜਾਬੀਆਂ ਦੇ ਬਹੁਮੱਤ ਨੂੰ ਆਪਣੇ ਵੱਲ ਖਿੱਚਣ ਦੇ ਅਜੇ ਯੋਗ ਨਹੀਂ ਹੋਇਆ।

*****

(1307)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author