“ਕੜਾਹੇ ਵਿੱਚ ਗੁੜ ਕੱਢਣਾ ਆ ਭਾਈਆ? ਹੁਣ ਤਾਂ ਕਮਾਦ ਵੀ ਹੈ ਨੀ! ...”
(19 ਦਸੰਬਰ 2025)
“ਹੜ੍ਹ ਦਾ ਪਾਣੀ ਪਿੰਡ ਵੱਲ ਨੂੰ ਆ ਗਿਆ! … ਲੋਕੋ ਆਪਣਾ ਆਪ ਸੰਭਾਲੋ ਬਈ!”
ਕੱਲ੍ਹ ਰਾਤ ਪਿੰਡ ਦੀਆਂ ਹਨੇਰੀਆਂ, ਭੀੜੀਆਂ ਅਤੇ ਉੱਚੀਆਂ-ਨੀਵੀਂਆਂ ਗਲੀਆਂ ਵਿੱਚ ਇੱਧਰ ਉੱਧਰ ਦੌੜਦੇ ਹੋਏ ਪਿੰਡ ਦੇ ਚੌਕੀਦਾਰ ‘ਸੰਤੂ’ ਦਾ ਇਹ ਹੋਕਾ ਪਿੰਡ ਦੇ ਲੋਕਾਂ ਦੀ ਜਾਨ ਹੀ ਕੱਢ ਗਿਆ। ਬਹੁਤੇ ਨਿਆਣਿਆਂ ਨੇ ‘ਡਰ’ ਵਿੱਚ ਅਤੇ ਸਿਆਣਿਆਂ ਨੇ ਫਿਕਰ ਅਤੇ ਸੋਚਾਂ ਵਿੱਚ ਬੈਠ ਕੇ ਰਾਤ ਕੱਟੀ।
ਪਿੰਡ ਵਾਸੀਆਂ ਨੂੰ ਤਕਰੀਬਨ ਹਰ ਵਰ੍ਹੇ ਆਉਂਦੇ ਹੜ੍ਹਾਂ ਨੇ ਝੰਬਿਆ ਹੋਇਆ ਸੀ। ਮਸਾਂ ਪੰਦਰਾਂ-ਵੀਹ ਫੁੱਟ ਚੌੜੀ ਅਤੇ ਪਿੰਡ ਦੇ ਦੁਆਲੇ ਨਾਗ ਵਲ ਖਾਂਦੀ ਵੇਈਂ ਭਾਵੇਂ ਆਮ ਮੌਸਮ ਵਿੱਚ ਇੱਕ ਗੰਦਾ ਨਾਲ਼ਾ ਜਿਹਾ ਹੀ ਜਾਪਦੀ, ਪਰ ਬਰਸਾਤ ਦੇ ਹੜ੍ਹਾਂ ਦੌਰਾਨ ਇਹੀ ਵੇਈਂ ਕਿਸੇ ਵੱਡੇ ਦਰਿਆ ਤੋਂ ਵੀ ਵੱਡੀ ਅਤੇ ਡਰਾਉਣੀ ਲਗਦੀ ਸੀ। ਵਰ੍ਹੇ ਦਰ ਵਰ੍ਹੇ ਅਤੇ ਪੀੜ੍ਹੀ ਦਰ ਪੀੜ੍ਹੀ ਹੜ੍ਹਾਂ ਦਾ ਸੰਤਾਪ ਭੋਗਦਿਆਂ ਹੋਇਆਂ ਵੀ ਪਿੰਡ ਦੇ ਮੁਹਤਬਰ ਵਿਅਕਤੀਆਂ ਜਾਂ ਪੰਚਾਇਤਾਂ ਨੇ ਇਸ ਨਾਲ ਸਾਰਥਕ ਤਰੀਕੇ ਨਾਲ ਨਜਿੱਠਣ ਦਾ ਪ੍ਰਬੰਧ ਨਾ ਕੀਤਾ। ਸਮੇਂ ਦੀਆਂ ਚੰਗੀਆਂ ਮੰਦੀਆਂ ਸਰਕਾਰਾਂ ਆਈਆਂ ਅਤੇ ਆਪਣਾ ਚੋਗਾ ਚੁਗ ਕੇ ਉਡ ਗਈਆਂ।
ਇਸ ਵਾਰ ਦੇ ਬਰਸਾਤੀ ਮੌਸਮ ਵਿੱਚ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਦੁਨੀਆਂ ਭਰ ਦੇ ਬੱਦਲਾਂ ਦਾ ਇਕੱਠਾ ਹੋਇਆ ਪਾਣੀ ਇਸ ਵੇਈਂ ਵਿੱਚ ਹੀ ਉੱਲਰ ਗਿਆ ਹੋਵੇ। ਦਰਿਆ ਨੁਮਾ ਵੇਈਂ ਦੇ ਪਿੰਡ ਤਕ ਪਹੁੰਚੇ ਕੰਢੇ ’ਤੇ ਖੜ੍ਹਿਆਂ ਦੂਰ-ਦੂਰ ਤਕ ਪਹੁੰਚਦੀ ਨਜ਼ਰ ਵਿੱਚ ਛੱਲ੍ਹਾਂ ਮਾਰਦੇ ਅਤੇ ਘੁੰਮਣ-ਘੇਰੀਆਂ ਵਾਲੇ ਹੜ੍ਹ ਦੇ ਪਾਣੀ ਵਿੱਚ ਰੁੜ੍ਹਦੇ ਜਾਂਦੇ ਵੱਡੇ ਦਰੱਖਤ, ਤੂੜੀ ਦੇ ਸਬੂਤੇ ਕੁੱਪ, ਖੁਰਲੀਆਂ ਸਮੇਤ ਤੈਰਦੇ ਪਸ਼ੂ, ਕੁੱਤੇ, ਬਿੱਲੇ, ਮਰੇ ਹੋਏ ਡੰਗਰ ਅਤੇ ਲੰਮੇ-ਲੰਮੇ ਸੱਪ ਵਗੈਰਾ ਸਾਫ ਦਿਸ ਰਹੇ ਸਨ। ਲੋਕਾਂ ਦੇ ਮਨ ਦੀ ਨਜ਼ਰ ਵਿੱਚ ਪਿੰਡ ਅਤੇ ਇਲਾਕੇ ਦੀ ਬਦਕਿਸਮਤੀ ਅਤੇ ਹਰ ਵਰ੍ਹੇ ਆਉਂਦੀ ਫਸਲਾਂ ਦੀ ਤਬਾਹੀ ਵੀ ਝਲਕ ਰਹੀ ਸੀ।
ਪਿੰਡ ਦੇ ਬਿਲਕੁਲ ਹੀ ਨਾਲ ਲਗਦੇ ਦੂਸਰੇ ਪਿੰਡ ਵਾਲੇ ‘ਕਰਨੈਲ ਸਿਹੁੰ’ ਦੀ ਖ਼ਰੀਦੀ ਹੋਈ ਜ਼ਮੀਨ ਵੇਈਂ ਤੋਂ ਬਹੁਤੀ ਹਟਵੀਂ ਨਹੀਂ ਸੀ। ਕੰਮਾਂ-ਕਾਰਾਂ ਤੋਂ ਵਿਹਲੇ ਹੁੰਦਿਆਂ ਉਸਦੇ ਪਰਿਵਾਰ ਦੇ ਮੈਂਬਰ ਤਾਂ ਰਾਤ ਨੂੰ ਆਪਣੇ ਘਰ ਵਾਪਸ ਪਰਤ ਆਉਂਦੇ, ਪਰ ਕਰਨੈਲ ਸਿਹੁੰ ਅਕਸਰ ਹੀ ਇਸ ਜ਼ਮੀਨ ’ਤੇ ਬਣਾਈ ਟਿਊਬਲ ਵਾਲੀ ਕੋਠੇ ਦੇ ਅੰਦਰ ਜਾਂ ਛੱਤ ਉੱਪਰ ਮੰਜਾ ਡਾਹ ਕੇ ਪਿਆ ਰਹਿੰਦਾ।
ਪਿਛਲੇ ਕਈ ਦਿਨਾਂ ਤੋਂ ਲੱਗੀ ਬਰਸਾਤ ਵਿੱਚ ਕੱਚੇ-ਪੱਕੇ ਮਕਾਨ ਧੈਅ-ਧੈਅ ਕਰਦੇ ਢਹਿ ਢੇਰੀ ਹੋ ਰਹੇ ਸਨ। ਵੇਈਂ ਵਿੱਚ ਪਾਣੀ ਦਾ ਪੱਧਰ ਵਧਣ ਲੱਗਾ ਤਾਂ ਉਹਦੇ ਘਰ ਵਾਲੇ ਜ਼ੋਰ ਪਾਉਣ ਲੱਗੇ ਕਿ ਉਹ ਉਨ੍ਹਾਂ ਨਾਲ ਹੀ ਪਿੰਡ ਵਾਲੇ ਘਰ ਨੂੰ ਆ ਜਾਵੇ। ਪਰ ਅੜੀਅਲ ਤਬੀਅਤ ਦੇ ਮਾਲਕ ਕਰਨੈਲ ਸਿਹੁੰ ਨੂੰ ਉਹ ਮਨਾ ਨਾ ਸਕੇ। ਉਸਨੇ ਇਹ ਕਹਿ ਕੇ ਜਵਾਬ ਦੇ ਦਿੱਤਾ, “ਹੜ੍ਹ ਤਾਂ ਪਿਛਲੇ ਸਾਲ ਵੀ ਆਏ ਸਨ ਤੇ ਸ਼ਾਇਦ ਅਗਲੇ ਸਾਲ ਵੀ ਆਉਣਗੇ। ਮੈਂ ਐਵੇਂ ਈ ਡਰ ਦਾ ਮਾਰਿਆ ਆਪਣਾ ਟਿਕਾਣਾ ਛੱਡ ਕੇ ਕਿਉਂ ਚਲੇ ਜਾਵਾਂ?” ਪੁੱਤਰਾਂ ਨੇ ਬਥੇਰਾ ਜ਼ੋਰ ਪਾਇਆ ਕਿ ਸੁਣਿਆ ਹੈ ਇਸ ਵਾਰੀ ਹੜ੍ਹ ਦਾ ਪਾਣੀ ਜ਼ਿਆਦਾ ਹੈ, ਪਰ ਉਹ ਆਪਣੀ ਜ਼ਿਦ ’ਤੇ ਅੜਿਆ ਰਿਹਾ।
ਜਦੋਂ ਹੜ੍ਹ ਦੇ ਪਾਣੀ ਦਾ ਵਹਾਅ, ਫੈਲਾਅ ਅਤੇ ਭੈਅ ਬਾਹਲਾ ਹੀ ਵਧਣ ਲੱਗਾ ਤਾਂ ਕਰਨੈਲ ਸਿਹੁੰ ਦੇ ਮੁੰਡਿਆਂ ਨੇ ਆਪਣੇ ਬਾਪੂ ਦੀ ਜ਼ਿਦ ਅਤੇ ਤਾਜ਼ਾ ਸਥਿਤੀ ਪਿੰਡ ਵਾਲਿਆਂ ਨਾਲ ਸਾਂਝੀ ਕੀਤੀ ਅਤੇ ਪੁਰਜ਼ੋਰ ਬੇਨਤੀ ਕੀਤੀ ਕਿ ਉਸ ਨੂੰ ਪਾਣੀ ਵਿੱਚੋਂ ਕੱਢ ਕੇ ਸੁਰੱਖਿਅਤ ਥਾਂ ’ਤੇ ਲਿਆਂਦਾ ਜਾਵੇ, ਨਹੀਂ ਤਾਂ ਉਹ ਟੂਬਲ ਵਾਲੀ ਕੋਠੇ ਦੇ ਨਾਲ ਹੀ ਰੁੜ੍ਹ ਜਾਵੇਗਾ।
ਪਿੰਡ ਵਾਲਿਆਂ ਨੇ ਦਰਿਆ-ਦਿਲੀ ਦਿਖਾਉਂਦਿਆਂ ਇਹ ਆਖ ਤਾਂ ਦਿੱਤਾ ਕਿ ਕਰਨੈਲ ਸਿਹੁੰ ਨੂੰ ਹਰ ਹਾਲਤ ਵਿੱਚ ਬਾਹਰ ਕੱਢਿਆ ਜਾਏਗਾ, ਪਰ ਸਮੱਸਿਆ ਉਸ ਤਕ ਪਹੁੰਚਣ ਦੀ ਸੀ। ਪਿੰਡ ਦੀ ਪੰਚਾਇਤ ਜਾਂ ਕਿਸੇ ਹੋਰ ਕੋਲ ਵੀ ਕਿਸ਼ਤੀ ਜਾਂ ਕੋਈ ਹੋਰ ਪ੍ਰਬੰਧ ਹੈ ਨਹੀਂ ਸੀ। ਖੇਤਾਂ ਵਿਚਲੇ ਅੱਧ ਡੁੱਬੇ ਦਰੱਖਤਾਂ ਤੋਂ ਸਹਿਜੇ ਹੀ ਅੰਦਾਜ਼ ਲਗਦਾ ਸੀ ਕਿ ਇਸ ਵਾਰ ਹੜ੍ਹ ਦਾ ਪਾਣੀ ਕਾਫ਼ੀ ਗਹਿਰਾ ਹੈ।
ਉੱਚੇ ਖੇਤ ਦੀ ਚੌੜੀ ਵੱਟ ’ਤੇ ਬੈਠਿਆਂ ਅਤੇ ਸਾਰੀ ਗੱਲ ਨੂੰ ਕੰਨ ਲਾ ਕੇ ਸੁਣਦਿਆਂ ਪਿੰਡ ਦੇ ਇੱਕ ਬਜ਼ੁਰਗ ‘ਹੁਕਮੇ’ ਨੇ ਹੱਥ ਵਿੱਚ ਚੁੱਕੇ ਹੋਏ ਹੁੱਕੇ ਦਾ ਲੰਮਾ ਸੂਹਟਾ ਖਿੱਚਿਆ, ਜਿਸ ਨਾਲ ਗੁੜ-ਗੁੜ ਦੀ ਆਵਾਜ਼ ਆਈ। ਵੱਡੀਆਂ ਅਤੇ ਧੁਆਂਖੀਆਂ ਮੁੱਛਾਂ ਵਿੱਚ ਲੁਕੀਆਂ ਨਾਸਾਂ ਰਾਹੀਂ ਭਾਫ ਵਾਲਾ ਲੰਮਾ ਤੇ ਗਰਮ ਸਾਹ ਬਾਹਰ ਕੱਢਦਿਆਂ ਉਹ ਬੋਲਿਆ, “ਮੇਰੀ ਗੱਲ ਸੁਣੋ ਬਈ ਜਵਾਨੋ! … ਇਹ ਟੈਮ ਬਹੁਤਾ ਆਲਾ-ਦੁਆਲਾ ਝਾਕਣ ਦਾ ਨਹੀਂ ਹੈ। ਕੋਈ ਜਣਾ ਛੇਤੀ ਕੋਈ ਪ੍ਰਬੰਧ ਕਰੋ, ਨਹੀਂ ਤਾਂ… ਕਰਨੈਲ ਸਿਹੁੰ ਤਾਂ ਗਿਆ! ਖੁਆਜੇ ਵਿੱਚ ਅੰਨ੍ਹਾ ਜ਼ੋਰ ਹੁੰਦਾ ਆ… ਸੀਮਿੰਟ ਦੀ ਟੀਪ ਵਾਲੀਆਂ ਕੰਧਾਂ ਵਾਲਾ ਟੂਬਲ ਵਾਲਾ ਕੋਠਾ ਕਿੰਨਾ ਕੁ ਚਿਰ ਅੜ ਜਾਊ ਪਾਣੀ ਦੇ ਮੋਹਰੇ?”
ਜਵਾਨ ਮੁੰਡਿਆਂ ਦੀ ਟੋਲੀ ਵਿੱਚੋਂ ‘ਲੰਬੜਾਂ ਦਾ ਮੱਖਣ’ ਜਵਾਨੀ ਦੇ ਜੋਸ਼ ਵਿੱਚ ਬੋਲਿਆ, “ਜਦੋਂ ਬਾਕੀ ਦਾ ਸਾਰਾ ਟੱਬਰ ਉੱਥੋਂ ਪਿੰਡ ਆ ਗਿਆ ਸੀ, ਤਦ ਉਹ ਬੁੱਢਾ ਉੱਥੇ ਹੜ੍ਹ ਵਿੱਚ ਹੜ੍ਹਨ ਜਾਂ ਮਰਨ ਨੂੰ ਰਹਿ ਪਿਆ ਸੀ?”
“ਕਾਕਾ, ਗੱਲ ਐਨੀ ਗਰਮੀ ਵਿੱਚ ਨਹੀਂ ਕਰੀਦੀ! ਆਪਣੇ ਪਿੰਡ ਦਾ ਨਾ ਸਹੀ ਪਰ ਫਿਰ ਵੀ ਕਰਨੈਲ ਸਿਹੁੰ ਕੋਈ ਓਪਰਾ ਬੰਦਾ ਨਹੀਂ ਆ।” ਹੁਕਮਾ ਬੋਲਿਆ।
“ਚੱਲ ਬਾਬਾ ਤੂੰ ਈ ਦੱਸ, …ਮੈਂ ਉਸ ਪੰਡ ਨੂੰ ਸਿਰ ਤੇ ਰੱਖ ਕੇ ਲਿਆਵਾਂ, ਫਿਰ? ... ਘੱਟੋ ਘੱਟ ਬੰਦੇ ਦੇ ਸਿਰ ਤਕ ਡੂੰਘਾ ਪਾਣੀ ਤਾਂ ਹਊਗਾ ਈ! ...ਪਿੰਡ ਵਿੱਚ ਨਾ ਕੋਈ ਕਿਸ਼ਤੀ ਆ, ਉੱਥੇ ਪਹੁੰਚਣਾ ਵੀ ਕਿੱਦਾਂ?... ਪਾਣੀ-ਓ-ਪਾਣੀ ਤਾਂ ਦਿਸਦਾ ਜਿੱਥੇ ਤਕ ਨਿਗ੍ਹਾ ਜਾਂਦੀ ਆ।” ਮੱਖਣ ਨੇ ਹੁਕਮੇ ਦੇ ਕੋਲ ਹੁੰਦਿਆਂ ਅਤੇ ਢੈਲਾ ਹੁੰਦਿਆਂ ਕਿਹਾ।
“ਫਿਰ ਵੀ ਕੁਛ ਤਾਂ ਕਰਨਾ ਹੀ ਪਊ, ਲੰਬੜਾ। ਮੋਹਰੇ ਰਾਤ ਦੌੜੀ ਆਉਂਦੀ ਆ, ਪਾਣੀ ਉੱਤਰਨ ਦੀ ਬਜਾਏ ਚੜ੍ਹਨ ਡਿਹਾ ਆ!”
“ਐਂ ਕਰੋ, ... ਤੁਸੀਂ ਜਾਓ, ਕਿਸੇ ਦਾ ‘ਚੁੱਭੇ ਵਾਲਾ ਕੜਾਹਾ’ ਚੁੱਕ ਕੇ ਲਿਆਓ। ਤਿੰਨ ਚਾਰ ਲੰਮੇ-ਲੰਮੇ ਬਾਂਸ ਦੇ ਡੰਡੇ ਵੀ!” ਹੁਕਮੇ ਨੇ ਜਵਾਨ ਮੁੰਡਿਆਂ ਦੀ ਢਾਣੀ ਨੂੰ ਹੁਕਮ ਕੀਤਾ।
“ਹੈਂਅ? ... ਕੀ ਕਿਹਾ?” ਮੁੰਡਿਆਂ ਦੀ ਭੀੜ ਵਿੱਚੋਂ ‘ਦੇਵੂ ਕੇ ਚੰਨੇ’ ਨੇ ਹੁਕਮੇ ਵੱਲ ਸਿਰ ਘੁਮਾ ਕੇ ਦੇਖਿਆ ਅਤੇ ਨਾਲ ਹੀ ਅਗਲਾ ਸਵਾਲ ਕਰ ਦਿੱਤਾ, “ਕੜਾਹੇ ਵਿੱਚ ਗੁੜ ਕੱਢਣਾ ਆਭਾਈਆ? ਹੁਣ ਤਾਂ ਕਮਾਦ ਵੀ ਹੈ ਨੀ!”
“ਕਰ ਦਿੱਤੀ ਗੱਲ, ਤੂੰ ਜਵਾਨਾਂ! ... ਤੂੰ ਤਾਂ ਕੀ, ਤੇਰੇ ਪਿਓ ਨੇ ਕਦੇ ਅਕਲ ਦੀ ਗੱਲ ਨਾ ਕੀਤੀ ਸਾਰੀ ਉਮਰ! ਤੁਹਾਡੇ ਟੱਬਰ ਦੇ ਤਾਂ ਪੱਦ ਵੀ ਊਠ ਦੇ ਪੱਦ ਵਾਂਗ ਹੀ ਹੁੰਦੇ ਆ, … ਨਾ ਜ਼ਮੀਨ ’ਤੇ ਨਾ ਹੀ ਅਸਮਾਨ ’ਤੇ!” ਚੰਨੇ ਨੂੰ ਸੰਬੋਧਨ ਕਰਦਿਆਂ ਹੁਕਮਾ ਬੋਲਿਆ।
“ਜਾਉ ਉਏ ਮੁੰਡਿਓ! ਜਾਓ ਬਈ ਛੇਤੀ ਕਰੋ! ... ਤੇ ਨਾਲ ਈ ਰੇਡੂਆ ਲਾ ਕੇ ਦੇਖੋ, ਜੇ ਕੋਈ ਚੱਲਦਾ ਹੈ ਤਾਂ ... ਸੁਣੀਏ ਤਾਂ ਸਹੀ ਕੀ ਕਹਿੰਦੇ ਆ ਮੌਸਮ ਵਭਾਗ ਵਾਲੇ।”
“ਰੇਡੀਓ ਤਾਂ ਮੇਰੇ ਪਾਸ ਹੀ ਹੈਗਾ ਆ, ਮੈਂ ਖ਼ਬਰਾਂ ਸੁਣਦਾ ਸੀ। ਲੈ... ਹੁਣੇ ਲਾ ਕੇ ਦੇਖਦਾਂ।” ਬੋਲਾ ਜਿੰਦੂ ਬੋਲਿਆ। ਉਸਨੇ ਐਨਟੀਨੇ ਨੂੰ ਖਿੱਚ ਕੇ ਬਾਹਰ ਕੱਢਿਆ ਤੇ ਰੇਡੀਓ ਦੀ ਪਿੱਠ ਉੱਪਰ ਜ਼ੋਰ ਨਾਲ ਇੱਕ ਦੋ ਵਾਰ ਹੱਥ ਮਾਰਿਆ। ਘਰੜ-ਘਰੜ ਕਰਦੇ ਰੇਡੀਓ ਨੂੰ ਹੁਕਮੇ ਦੇ ਕੰਨ ਦੇ ਲਾਗੇ ਕਰ ਦਿੱਤਾ। ਰੇਡੀਓ ਵਿੱਚੋਂ ਉੱਚੀ ਆਵਾਜ਼ ਆਈ, “ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ ... ਹੱਸਦਿਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ…”
“ਟੇਸ਼ਣ ਬਦਲ ਉਏ.. ਏਹਦਾ। ਮੇਲਾ ਮੁੱਕਾ ਨਹੀਂ ਅਜੇ! ਕਿਉਂ ਜਿਊਂਦਿਆਂ ਨੂੰ ਮਾਰੀ ਜਾਨਾ ਐਂ ਕੰਜਰਾ ...” ਹੁਕਮੇ ਨੇ ਬੋਲੇ ਜਿੰਦੂ ਨੂੰ ਹੁਕਮ ਦਿੱਤਾ।
ਜਿੰਦੂ ਨੇ ਸਟੇਸ਼ਨ ਬਦਲਣ ਵਾਲਾ ਗੋਲ ਬਟਨ ਘੁਮਾਇਆ ਪਰ ਘਰੜ-ਘਰੜ ਅਤੇ ਚੂੰ-ਚਾਂ-ਚੀਂ ਦੀਆਂ ਆਕਾਸ਼ਵਾਣੀ ਆਵਾਜ਼ਾਂ ਵਿੱਚੋਂ ਮੌਸਮ ਦੀ ਖ਼ਰਾਬੀ ਦਾ ਇਸ਼ਾਰਾ ਮਿਲ ਗਿਆ ਸੀ।
ਵੱਡੇ ਸਾਰੇ ਕੜਾਹੇ ਦੇ ਦੋਂਹ ਕੁੰਡਿਆਂ ਨੂੰ ਚਾਰ ਮੁੰਡੇ ਹੱਥ ਪਾਈ ਕਦੇ ਚੁੱਕੀ ਅਤੇ ਕਦੇ ਘਸੀਟੀ ਲਿਆ ਰਹੇ ਸੀ। ਪਿੱਛੇ ਦੋ ਕੁ ਮੁੰਡਿਆਂ ਕੋਲ ਲੰਮੇ ਬਾਂਸ ਦੇ ਡੰਡੇ ਫੜੇ ਹੋਏ ਸਨ। ਪਿੰਡ ਦੇ ਨਿਆਣੇ, ਜਵਾਨ ਅਤੇ ਸਿਆਣੇ ਹੁਕਮੇ ਦਾ ਹੁਕਮ ਮੰਨਦਿਆਂ ਇਸ ਸਾਰੇ ਵਰਤਾਰੇ ਨੂੰ ਮਿਸ਼ਨ, “ਕਰਨੈਲ ਸਿਹੁੰ” ਸਮਝਦਿਆਂ ਹਰੇਕ ਕੰਮ ਨੂੰ ਦੌੜ ਦੌੜ ਕੇ ਕਰ ਰਹੇ ਸਨ।
ਹੁਕਮੇ ਨੇ ਚਾਰ ਲੰਮੇ ਝੰਮੇ ਗੱਭਰੂਆਂ ਨੂੰ ਚੁਣਿਆ। ਉਨ੍ਹਾਂ ਦੇ ਅੱਗੇ ਖੜ੍ਹੇ ਹੁੰਦਿਆਂ ਅਤੇ ਅੱਖਾਂ ਵਿੱਚ ਅੱਖਾਂ ਪਾਉਂਦਿਆਂ ਕਿਹਾ, “ਮੈਨੂੰ ਪਤਾ ਐ ਤੁਹਾਨੂੰ ਸਾਰਿਆਂ ਨੂੰ ਤੈਰਨਾ ਆਉਂਦਾ ਆ। ਤੁਸੀਂ ਐਸ ਕੜਾਹੇ ਦੀ ਕਿਸ਼ਤੀ ਅਤੇ ਬਾਂਸ ਦੇ ਡੰਡਿਆਂ ਦੇ ਚੱਪੂਆਂ ਨਾਲ ਕਰਨੈਲ ਸਿਹੁੰ ਨੂੰ ਪਾਣੀ ਵਿੱਚੋਂ ਕੱਢ ਕੇ ਲਿਆਉਣਾ ਐ। ਤੁਹਾਡੇ ਵਰਗੇ ਜਵਾਨਾਂ ਲਈ ਇਹ ਕੋਈ ਵੱਡੀ ਗੱਲ ਨਹੀਂ ਐ।”
ਹੁਕਮੇ ਦੀ ਜੁਗਾੜੀ ਅਤੇ ਸੰਕਟਕਾਲੀਨ ਯੋਜਨਾ ਨੂੰ ਵਿਚਾਰਦਿਆਂ ‘ਲੰਬੜਾਂ ਦੇ ਮੱਖਣ’, “ਭਾਈਆਂ ਦੇ ਸੇਮੇ’ ਅਤੇ ‘ਡਰੈਵਰਾਂ ਦੇ ਰੋਡੇ’ ਨੇ ਤਾਂ ਹਾਂ ਕਰ ਦਿੱਤੀ, ਪਰ ‘ਦੇਵੂ ਕਾ ਚੰਨਾ’ ਡਰ ਗਿਆ ਅਤੇ ਉਹ ਇਹ ਕਹਿ ਕੇ ਕੋਰਾ ਜਵਾਬ ਦੇ ਗਿਆ ਕਿ ‘ਮੈਨੂੰ ਤਾਂ ਮਾੜਾ ਮੋਟਾ ਈ ਤੈਰਨਾ ਆਉਂਦਾ, .. ਮੈਂ ਇਸ ਉਮਰੇ ਹੀ ਮਰਨਾ ਥੋੜ੍ਹੀ ਆ।’
ਹੁਕਮੇ ਨੇ ਹੋਰ ਦੇਰੀ ਨਾ ਕਰਦਿਆਂ ਕਿਹਾ, “ਕੋਈ ਗੱਲ ਨੀਂ, ਤਿੰਨਾਂ ਨਾਲ ਵੀ ਸਰ ਜਾਊਗਾ। ‘ਕੜਾਹੇ ਦੀ ਕਿਸ਼ਤੀ’ ਨੂੰ ਹੜ੍ਹ ਦੇ ਡੂੰਘੇ ਪਾਣੀ ਤਕ ਖਿੱਚਦਿਆਂ-ਧੱਕਦਿਆਂ, ਤਿੰਨੇ ਮਲਾਹ ਬਾਂਸ ਦੇ ਡੰਡਿਆਂ ਦੇ ਚੱਪੂਆਂ ਨੂੰ ਹੱਥ ਵਿੱਚ ਫੜੀ ਤਿਆਰ ਬਰ ਤਿਆਰ ਸਨ। ਡੂੰਘੇ ਪਾਣੀ ਵਿੱਚ ਪਹੁੰਚਦਿਆਂ ਉਹ ਤਿੰਨੋਂ ਕੜਾਹੇ ਵਿੱਚ ਸਵਾਰ ਹੋ ਗਏ ਅਤੇ ਕੜਾਹਾ ਬਾਂਸ ਦੇ ਡੰਡਿਆਂ ਦੇ ਬਲ ਨਾਲ ਹੜ੍ਹ ਦੇ ਮਿੱਟੀ ਰੰਗੇ ਪਾਣੀ ਵਿੱਚ ਕਰਨੈਲ ਸਿਹੁੰ ਦੇ ਟਿਊਬਲ ਵਾਲੇ ਕੋਠੇ ਦੀ ਦਿਸ਼ਾ ਵੱਲ ਅੱਗੇ ਵਧਣ ਲੱਗਾ।
ਸੇਮਾ ਮੂੰਹ ਵਿੱਚ ਪਾਈ ਸਿਗਰਟ ਦੇ ਲੰਮੇ-ਲੰਮੇ ਸੂਹਟੇ ਖਿੱਚਦਾ ਅਤੇ ਨਾਸਾਂ ਰਾਹੀਂ ਅਸਮਾਨ ਵੱਲ ਧੂੰਆਂ ਛੱਡਦਾ ਤਾਂ ਇੰਜ ਲਗਦਾ ਜਿਵੇਂ ਕਿਸੇ ‘ਗੋਲ ਅਕਾਰ’ ਜਹਾਜ਼ ਦੇ ਇੰਜਣ ਵਿੱਚੋਂ ਧੂੰਆਂ ਨਿਕਲ ਰਿਹਾ ਹੋਵੇ।
ਕੰਢੇ ਤੋਂ ਮੀਲ ਕੁ ਦੀ ਦੂਰੀ ਨੂੰ ਘੰਟਿਆਂ ਬੱਧੀ ਲੱਗ ਗਏ ਕਿਉਂਕਿ ਪਾਣੀ ਦੇ ਤੇਜ਼ ਵਹਾਅ ਵਿੱਚ ਸਿੱਧਾ ਜਾਣ ਦੀ ਬਜਾਏ ਗੋਲ ਕੜਾਹਾ ਡੂੰਘੇ ਪਾਣੀ ਦੀਆਂ ਗੋਲ ਘੁੰਮਣ-ਘੇਰੀਆਂ ਵਿੱਚ ਗੋਲ ਘੁੰਮਣ ਲੱਗ ਜਾਂਦਾ। ਕੰਢੇ ਤੋਂ ਖੜ੍ਹਿਆਂ ‘ਕੜਾਹਾ-ਕਿਸ਼ਤੀ’ ਅਤੇ ਤਿੰਨ ਮਲਾਹ ਟਿਊਬਲ ਵਾਲੇ ਕੋਠੇ ਤਕ ਪਹੁੰਚਦਿਆਂ ਛੋਟੇ ਛੋਟੇ ਦਿਖਾਈ ਦਿੰਦਿਆਂ ਅਚਾਨਕ ਦਿਖਾਈ ਦੇਣੋ ਹੀ ਹਟ ਗਏ। ਕੰਢੇ ’ਤੇ ਖੜ੍ਹੇ ਲੋਕ ਕੁਝ ਘਬਰਾ ਗਏ।
ਕੁਝ ਕੁ ਘੰਟੇ ਬਾਅਦ ਉਹੀ ‘ਕੜਾਹਾ-ਕਿਸ਼ਤੀ’ ਤਿੰਨ ਮਲਾਹਾਂ ਅਤੇ ਕਰਨੈਲ ਸਿਹੁੰ ਸਮੇਤ ਵਾਪਸ ਪਿੰਡ ਵੱਲ ਆ ਰਹੀ ਸੀ। ਪਿੰਡ ਵਾਲੇ ਬਹੁਤ ਉਤਸੁਕਤਾ ਨਾਲ ਅੱਖਾਂ ਅਤੇ ਦਿਲ ਖੋਲ੍ਹ ਕੇ ਸਵਾਗਤ ਕਰਨ ਲਈ ਤਿਆਰ ਬਰ ਤਿਆਰ ਸਨ।
ਕਰਨੈਲ ਸਿਹੁੰ ਦੇ ਮੁੰਡਿਆਂ ਨੂੰ ਮਲਾਹਾਂ ਦੀਆਂ ਲੱਤਾਂ ਵਿਚਕਾਰ ਕੜਾਹੇ ਦੇ ਗੱਭੇ ਬੈਠੇ ਬਾਪ ਦੀ ਝਲਕ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ। ਉੱਧਰ ਹੁਕਮਾਂ ਵੀ ਇੱਕ ਜੰਗ ਜਿੱਤ ਚੁੱਕੇ ਜਰਨੈਲ ਵਾਂਗ ਅੰਦਰੋਂ ਅਤੇ ਬਾਹਰੋਂ ਖੁਸ਼ ਸੀ। ਉਸਦੇ ਚਿਹਰੇ ਦੀ ਕੰਨਾਂ ਤਕ ਫੈਲਦੀ ਮੁਸਕਰਾਹਟ ਅਤੇ ਹੁੱਕੇ ਦੀ ਉੱਚੀ ਸੁਰ ਵਾਲੀ ਗੁੜ-ਗੁੜ ਖ਼ੁਦ-ਬ-ਖ਼ੁਦ ਇਸ ਖੁਸ਼ੀ ਦਾ ਇਜ਼ਹਾਰ ਕਰ ਰਹੀ ਸੀ।
ਪੱਗ ਤੋਂ ਵਗੈਰ ਸਿਰ ਦੇ ਵਾਲਾਂ ਦੀ ਛੋਟੀ ਜਿਹੀ ਗੁੱਟੀ ਨੂੰ ਖੋਲ੍ਹ ਕੇ ਬੰਨ੍ਹਦਿਆਂ ਕਰਨੈਲ ਸਿਹੁੰ ਨੇ ਅੱਖਾਂ ਘੁਮਾ ਕੇ ਆਪਣੇ ਸਵਾਗਤ ਵਾਸਤੇ ਉਤਾਵਲੇ ਲੋਕਾਂ ਦੀ ਭੀੜ ਵੱਲ ਗਹੁ ਨਾਲ ਦੇਖਿਆ। ਸੇਮੇ ਦੀ ਸਿਗਰਟ ਦੇ ਆਖਰੀ ਸੂਹਟੇ ਦੀ ਲਾਲ ਲਾਟ ਮੰਜ਼ਿਲ ਸਰ ਕਰਨ ਦਾ ਇਸ਼ਾਰਾ ਕਰ ਰਹੀ ਸੀ। ਲੋਕਾਂ ਨੇ ਕੜਾਹੇ ਨੂੰ ਲੱਕ ਤੀਕਰ ਡੂੰਘੇ ਪਾਣੀ ਵਿੱਚੋਂ ਖਿੱਚ ਧੂਹ ਕੇ ਕੰਢੇ ਦੇ ਨਜ਼ਦੀਕ ਲੈ ਆਂਦਾ ਤਾਂ ਤਿੰਨੋ ਮਲਾਹ ਵਾਰੀ ਵਾਰੀ ਉਸ ਵਿੱਚੋਂ ਬਾਹਰ ਨਿਕਲ ਆਏ। ਪਿੰਡ ਦੇ ਕਈ ਲੋਕ ਕੜਾਹੇ ਵਿੱਚ ਬੈਠੇ ਕਰਨੈਲ ਸਿਹੁੰ ਨੂੰ ਹੱਥ ਲਾ ਕੇ ਛੂਹਣ ਲਈ ਉਤਾਵਲੇ ਹੋਣ ਲੱਗੇ। ਸ਼ਾਇਦ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਸਵਰਗ-ਨਰਕ ਦੇ ਬੂਹੇ ਤੋਂ ਵਾਪਸ ਹੋ ਕੇ ਆਇਆ ਹੈ।
ਪਿੰਡ ਦੇ ਇੱਕ ਬਾਹਲੇ ਈ ਚੁਸਤ ਚਲਾਕ ਬੰਦੇ ਨੇ ਕੜਾਹੇ ਦੇ ਐਨ ਗੱਭੇ ਬੈਠੇ ਕਰਨੈਲ ਸਿਹੁੰ ਨੂੰ ਪੱਤਰਕਾਰਾਂ ਦੇ ਸੂਲਾਂ ਵਰਗੇ ਤਿੱਖੇ ਸਵਾਲਾਂ ਦੀ ਵਾਛੜ ਕਰ ਦਿੱਤੀ, “ਬਜ਼ੁਰਗੋ ਕਿਵੇਂ ਹੋ? ... ਲਗਦਾ ਆ ਕਿ ਮੌਤ ਦੇ ਮੂੰਹ ਵਿੱਚੋਂ ਨਿਕਲ ਕੇ ਆਏ ਓ! ਐਨਾ ਹੜ੍ਹ ਦਾ ਪਾਣੀ ਤਾਂ ਜ਼ਿੰਦਗੀ ਵਿੱਚ ਨਹੀਂ ਦੇਖਿਆ ਹੋਣਾ ਤੁਸੀਂ? ਚੜ੍ਹ ਚੜ੍ਹ ਕੇ ਆਉਂਦੇ ਅਤੇ ਛੱਲ੍ਹਾਂ ਮਾਰਦੇ ਪਾਣੀ ਤੋਂ ਰਤਾ ਭਰ ਵੀ ਭੈਅ ਨਹੀਂ ਆਇਆ? ... ਜੇ ਤੁਹਾਨੂੰ ਉੱਥੋਂ ਕੱਢ ਕੇ ਹੀ ਨਾ ਲਿਆਉਂਦੇ, ਫਿਰ?”
ਕਿਸੇ ਹੋਰ ਅਗਲੇ ਸਵਾਲ ਤੋਂ ਪਹਿਲਾਂ ਈ ਕਰਨੈਲ ਸਿਹੁੰ ਨੇ ਕੰਨ ਵਿੱਚ ਪਏ ਮੀਂਹ ਦੇ ਪਾਣੀ ਨੂੰ ਉਂਗਲੀ ਨਾਲ ਸਾਫ ਕਰਦਿਆਂ ਕਿਹਾ, “ ਪਾਣੀ ਤਾਂ ਟੂਬਲ ਦੇ ਕੋਠੇ ਦੀ ਦਸ ਫੁੱਟੀ ਛੱਤ ਤੋਂ ਬਾਂਹ ਕੁ ਜਿੰਨਾ ਥੱਲੇ ਈ ਸੀ। ਮੈਂ ਤਾਂ ਪਰਸੋਂ ਦਾ ਛੱਤ ਉੱਪਰ ਤਰਪਾਲ ਪਾਈ ਬੈਠਾ ਸੀ। ਕੁੱਜੇ ਵਿੱਚ ਦਹੀਂ ਜਮਾਇਆ ਹੋਇਆ ਸੀ ਤੇ ਜਦੋਂ ਮਨ ਕਰਦਾ ਸੀ, ਜੁਆਰ ਦੀ ਲੂਣ ਆਲੀ ਰੋਟੀ ਨਾਲ ਖਾਈ ਜਾਂਦਾ ਸੀ! ਆਹ ਮੁੰਡੇ ਐਵੇਂ ਜ਼ੋਰ ਪਾ ਕੇ ਲੈ ਆਏ।”
ਪਿੰਡ ਵਾਲਿਆਂ ਵਾਸਤੇ ਕਰਨੈਲ ਸਿਹੁੰ ਨੂੰ ਬਚਾਉਣਾ ਇੱਕ ‘ਮਿਸ਼ਨ’ ਸੀ ਪਰ ਕਰਨੈਲ ਸਿਹੁੰ ਦੇ ਹਾਸੋਹੀਣੇ, ਬੇਤੁਕੇ ਅਤੇ ਰੁੱਖੇ ਜਿਹੇ ਜਵਾਬ ਨੇ ਸਭ ਨੂੰ ਨਿੰਮੋਝੂਣੇ ਕਰ ਦਿੱਤਾ। ਉਹਦੇ ਮੁੰਡਿਆਂ ਨੂੰ ਆਪਣੇ ਬਾਪ ਦੇ ਮੂੰਹੋਂ ਨਿਕਲੇ ਬੋਲਾਂ ’ਤੇ ਯਕੀਨ ਨਹੀਂ ਸੀ ਆ ਰਿਹਾ।
ਨਮੋਸ਼ੀ ਵਿੱਚ ਬੋਲੇ, “ਹੈਂਅ! … ਕੀ ਕਹਿੰਦਾ ਆ ਬਾਪੂ? ਲਗਦਾ ਇਹਦਾ ਦਿਮਾਗ਼ ਖਰਾਬ ਹੋ ਗਿਆ ਹੈ! ਮਾਰੋ ਸਾਡੇ ਬੁੜ੍ਹੇ ਨੂੰ ਦੁਬਾਰਾ ਚੁੱਕ ਕੇ ਪਾਣੀ ਵਿੱਚ! ... ਮਰ ਲੈਣ ਦਿਓ ਇਸ ਨਾਸ਼ੁਕਰੇ ਬੰਦੇ ਨੂੰ!”
ਸਭ ਕੁਝ ਦੇ ਬਾਵਜੂਦ ਵੀ ਹੁਕਮੇ ਨੂੰ ਧੁਰ ਅੰਦਰੋਂ ਲੱਗਾ ਉਨ੍ਹਾਂ ਦਾ ਮਿਸ਼ਨ, “ਕਰਨੈਲ ਸਿਹੁੰ’ ਮੁਕੰਮਲ ਧੁਰ ਚੜ੍ਹ ਗਿਆ ਹੈ। ਮੱਖਣ, ਸੇਮੇ ਅਤੇ ਰੋਡੇ ਦੀ ਪਿੱਠਾਂ ਥਾਪੜਦਿਆਂ ਉਹ ਕਰਨੈਲ ਸਿਹੁੰ ਦੇ ਮੁੰਡਿਆਂ ਦੇ ਕੋਲ ਜਾ ਕੇ ਬੋਲਿਆ, “ਮੁੰਡਿਓ!, ਆਪਣੇ ਬਾਪ ਨੂੰ ਘਰ ਲੈ ਜਾਓ ਅਤੇ ਰੱਬ ਦਾ ਸ਼ੁਕਰ ਕਰੋ ਕਿ ਇਹ ਬਚ ਗਿਆ। ਬਾਕੀ ਗੱਲ ਰਹੀ ਬੰਦੇ ਦੇ ਸੁਭਾਅ ਦੀ, ਉਸ ਨੂੰ ਬਦਲਣਾ ਨਾ-ਮੁਮਕਨ ਜਿਹਾ ਹੀ ਹੁੰਦਾ ਐ। ਬਦਲਣ ਤਾਂ ਪੈ ਗਈਆਂ ਆਦਤਾਂ ਨਾ ਹੀ, ਵਾਰਿਸ ਸ਼ਾਹ ਦੇ ਕਹਿਣ ਮੁਤਾਬਿਕ! ਸਾਡੇ ਪਿੰਡ ਦੇ ਮੁੰਡਿਆਂ ਨੇ ਬੜਾ ਹੌਸਲਾ ਕਰਦਿਆਂ ਤੁਹਾਡੇ ਪਿਓ ਨੂੰ ਜਿਊਂਦੇ-ਜਾਗਦੇ ਤੁਹਾਡੇ ਹਵਾਲੇ ਕੀਤਾ ਹੈ! ਰੱਬ ਭਲੀ ਕਰੇ!”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (