“ਸ਼ਰਮਿੰਦੇ ਜਿਹੇ ਹੁੰਦਿਆਂ ਆਂਟੀ ਜੀ ਬੋਲੇ, “ਚੱਲ ਉੱਠ ਬਈ ਮੁੰਡਿਆ, ਚੱਲੀਏ! ਮਿਲ ਲਿਆ ...”
(19 ਅਕਤੂਬਰ 2025)
ਇਹ ਜੀਵਨ ਵੀ ਕਿਆ ਜੀਵਨ ਹੈ। ਕਈ ਵਾਰੀ ਵੱਡੀਆਂ-ਵੱਡੀਆਂ ਅਤੇ ਕੰਮ ਦੀਆਂ ਗੱਲਾਂ ਝੱਟ ਹੀ ਵਿੱਸਰ ਜਾਂਦੀਆਂ ਹਨ। ਕਦੇ-ਕਦੇ ਛੋਟੀਆਂ-ਛੋਟੀਆਂ ਚਿਰ ਪਹਿਲਾਂ ਤੋਂ ਵਿੱਸਰੀਆਂ ਹੋਈਆਂ ਗੱਲਾਂ ਮੋਹਰੇ ਸੀਨਾ ਤਾਣ ਕੇ ਆ ਖੜ੍ਹਦੀਆਂ ਹਨ। ਮੇਰੇ ਦੇਸ਼ ਅਤੇ ਵਿਦੇਸ਼ ਦੇ ਵਿਦਿਆਰਥੀ ਜੀਵਨ ਵਿੱਚੋਂ ‘ਅੰਬਰਸਰ’ ਦੀ ਯੂਨੀਵਰਸਿਟੀ ਦੀਆਂ ਯਾਦਾਂ ਜਾ-ਜਾ ਕੇ ਫਿਰ ਵਾਪਸ ਮੁੜ ਆਉਂਦੀਆਂ ਰਹਿੰਦੀਆਂ ਹਨ, ਰਮਣੀਕ ਹਵਾਵਾਂ ਦੇ ਬੁੱਲਿਆਂ ਦੀ ਤਰ੍ਹਾਂ!
ਜਵਾਨੀ ਵੇਲੇ ਸਿਨਮਾ ਤਾਂ ਸਾਰੇ ਹੀ ਦੇਖ ਲੈਂਦੇ ਹਨ, ਪਰ ਮੇਰੇ ਇਸ ਕਰੀਬੀ ਦੋਸਤ ਨੂੰ ਫਿਲਮਾਂ ਦੇਖਣ ਦਾ ਕੁਝ ਜ਼ਿਆਦਾ ਸ਼ੌਕ ਹੁੰਦਾ ਸੀ। ਨਵੀਂ ਫਿਲਮ ਦੇ ਪਹਿਲੇ ਜਾਂ ਦੂਸਰੇ ਸ਼ੋਅ ਹੀ ਸਿਨਮੇ ਦੀ ਲੰਮੀ, ਵਲ਼ ਖਾਂਦੀ ਅਤੇ ਧੱਕਮ-ਧੱਕੇ ਵਾਲੀ ਲਾਈਨ ਵਿੱਚ ਲੱਗ ਜਾਂਦਾ ਸੀ। ਇੱਕ ਵਾਰੀ ਤਾਂ ਆਪਣਾ ਬਟੂਆ ਵੀ ਗੁਆ ਜਾਂ ਕਢਾ ਆਇਆ ਸੀ।
ਜ਼ਿਆਦਾਤਰ ਤਾਂ ਉਹ ਫਿਲਮ ਦੇਖਣ ਦੱਸ ਕੇ ਹੀ ਜਾਂਦਾ ਹੁੰਦਾ ਸੀ, ਪਰ ਉਸ ਸ਼ੁੱਕਰਵਾਰ ਵਾਲੇ ਦਿਨ ਬਿਨ ਦੱਸਿਆਂ ਹੀ ਨਿਕਲ ਗਿਆ। ਦੁਪਹਿਰ ਨੂੰ ਜਦੋਂ ਮੈਂ ਹੋਸਟਲ ਵਿੱਚ ਖਾਣਾ ਖਾਣ ਲਈ ਪਹੁੰਚਿਆ ਤਾਂ ਮੈਨੂੰ ਮੈੱਸ ਵਿੱਚ ਪਤਾ ਲੱਗ ਗਿਆ ਕਿ ਦੋਸਤ ਦੀ ਮਾਤਾ ਜੀ ਹੋਸਟਲ ਦੇ ਦਫਤਰ ਵਿੱਚ ਉਹਦੀ ਉਡੀਕ ਕਰ ਰਹੀ ਹੈ, ਪਰ ਉਹ ਪਤਾ ਨਹੀਂ ਕਿੱਥੇ ਹੈ। ਮੋਬਾਇਲ ਫ਼ੋਨ ਦੇ ਜ਼ਮਾਨੇ ਤੋਂ ਪਹਿਲਾਂ ਦੀ ਗੱਲ ਹੈ। ਜਦੋਂ ਕੁਝ ਦੇਰ ਨਾ ਹੀ ਬਹੁੜਿਆ ਤਾਂ ਮਾਤਾ ਜੀ ਨੇ ‘ਪਲੈਨ ਬੀ’ ਵਾਂਗ ਮੇਰਾ ਨਾਮ ਵਾਰਡਨ ਨੂੰ ਦੇ ਦਿੱਤਾ। ਮੈਂ ਅਜੇ ਮੈੱਸ ਵਿੱਚ ਖਾਣਾ ਖਾ ਰਿਹਾ ਸੀ, ਜਦੋਂ ਸੁਨੇਹਾ ਮਿਲਿਆ, “ਹੋਸਟਲ ਦੇ ਵਿਜ਼ਟਰ ਦਫਤਰ ਵਿੱਚ ਜਲਦੀ ਤੋਂ ਜਲਦੀ ਪਹੁੰਚਿਆ ਜਾਵੇ। ਮਹਿਮਾਨ ਉਡੀਕ ਕਰ ਰਹੇ ਨੇ।”
ਕੋਈ ਐਮਰਜੈਂਸੀ ਹੀ ਨਾ ਹੋਵੇ, ਇਹ ਸੋਚਦਿਆਂ ਮੈਂ ਹੋਸਟਲ ਦੇ ਵਿਜ਼ਟਰ ਦਫਤਰ ਵਿੱਚ ਉਡ ਕੇ ਪਹੁੰਚ ਗਿਆ। ਗੱਲਾਂ-ਬਾਤਾਂ ਦੌਰਾਨ ਆਂਟੀ ਜੀ ਨੇ ਦੱਸਿਆ, “ਉਂਜ ਤਾਂ ਸਭ ਕੁਝ ਠੀਕਠਾਕ ਹੀ ਹੈ, ਪਰ ਮੇਰਾ ਹੀ ਮਨ ਕੀਤਾ ਸੀ ਕਿ ਬੇਟੇ ਨੂੰ ਮਿਲ ਆਵਾਂ।”
ਦੋਸਤ ਦੇ ਥਹੁ-ਪਤੇ ਦਾ ਤਾਂ ਅੱਜ ਮੈਨੂੰ ਵੀ ਕੋਈ ਇਲਮ ਨਹੀਂ ਸੀ! ਇਸ ਲਈ ਝੂਠ-ਮੂਠ ਬੋਲਦਿਆਂ, ਗੱਲ ਨੂੰ ਲੱਸੀ ਵਾਂਗ ਵਧਾਉਂਦਿਆਂ ਅਤੇ ਆਖਰ ਗੋਲ-ਮੋਲ ਜਿਹਾ ਕਰਦਿਆਂ ਮੈਂ ਕਿਹਾ, “ਆਂਟੀ ਜੀ, ਅੱਜ ਸ਼ਾਇਦ ਉਹਦਾ ਕੋਈ ਜ਼ਰੂਰੀ ਇਮਤਿਹਾਨ ਹੈ, ਜਿਸ ਕਰਕੇ ਹੋਸਟਲ ਆਉਣ ਲਈ ਕਾਫ਼ੀ ਲੇਟ ਹੀ ਹੋ ਜਾਵੇਗਾ। ਪਰ ਫਿਕਰ ਵਾਲੀ ਕੋਈ ਗੱਲ ਨਹੀਂ ਹੈ, ਉਹ ਹੈ ਬਿਲਕੁਲ ਠੀਕ-ਠਾਕ ਈ!”
ਇਹ ਸੁਣਦਿਆਂ ਆਂਟੀ ਨੇ ਕਿਹਾ, “ਚਲੋ ਤਸੱਲੀ ਹੋ ਗਈ, ਇਮਤਿਹਾਨ ਜ਼ਿਆਦਾ ਜ਼ਰੂਰੀ ਹਨ। ਸਾਡਾ ਇੱਕ ਕਰੀਬੀ ਰਿਸ਼ਤੇਦਾਰ ਸ਼ਾਇਦ ਇੱਥੇ ਲਾਗੇ ਹੀ ਰਹਿੰਦਾ ਹੈ, ਮੈਂ ਉਸ ਨੂੰ ਮਿਲ ਕੇ ਵਾਪਸ ਪਿੰਡ ਮੁੜ ਜਾਵਾਂਗੀ।”
ਮੈਂ ਝੂਠ ਬੋਲਣ ਨਾਲ ਪਏ ਆਪਣੇ ‘ਮਨ ਦੇ ਬੋਝ’ ਤੋਂ ਇਸ ਬਹਾਨੇ ਨਾਲ ਸੁਰਖ਼ਰੂ ਹੋ ਗਿਆ ਕਿ ਇਸ ਝੂਠ ਨਾਲ ਕਿਸੇ ਦਾ ਵੀ ‘ਨੁਕਸਾਨ’ ਹੋਣ ਤੋਂ ਬਚ ਗਿਆ।
ਮੈਂ ਸੋਚਿਆ, ਇਸ ਅਣਜਾਣ ਸ਼ਹਿਰ ਵਿੱਚ ਆਂਟੀ ਕਿੱਥੇ ਆਪਣੇ ਰਿਸ਼ਤੇਦਾਰ ਨੂੰ ਲੱਭਦੀ ਫਿਰੇਗੀ, ਕਿਉਂ ਨਾ ਮੈਂ ਨਾਲ ਹੀ ਚਲੇ ਜਾਵਾਂ? ਹੋਸਟਲ ਵਿੱਚ ਰਹਿੰਦਿਆਂ ਅਸੀਂ ਤਾਂ ਅੰਮ੍ਰਿਤਸਰ ਦੀਆਂ ਗਲੀਆਂ ਦੇ ਮੋੜ-ਘੇੜਾਂ ਦੇ ਵੀ ਵਾਕਫ ਹੋ ਗਏ ਸੀ। ਯੂਨੀਵਰਸਿਟੀ ਦੇ ਬਾਹਰਲੇ ਗੇਟ ਤੋਂ ਆਟੋ-ਰਿਕਸ਼ਾ ਲੈ ਕੇ ਅਸੀਂ ਦੋਵੇਂ ਦਿੱਤੇ ਹੋਏ ਅਡਰੈਸ ’ਤੇ ਪਹੁੰਚ ਗਏ। ਇੱਕ ਮਹਿਲ ਨੁਮਾ ਅਤੇ ਆਲੀਸ਼ਾਨ ਸਰਕਾਰੀ ਕੋਠੀ ਦੇ ਵੱਡੇ ਗੇਟ ਮੋਹਰੇ ਲਾਹੁੰਦਿਆਂ ਅਤੇ ਪੈਸੇ ਫੜਦਿਆਂ ਆਟੋ ਵਾਲੇ ਨੇ ਸਾਨੂੰ ਸਵਾਲੀਆ ਨਿਗਾਹਾਂ ਨਾਲ ਸਿਰ ਤੋਂ ਪੈਰਾਂ ਤਕ ਟੋਹਿਆ, ਸ਼ਾਇਦ ਇਹ ਸੋਚਦਿਆਂ ਕਿ ਇਸ ਮਹਿਲ ਵਿੱਚ ਆਟੋ ਰਿਕਸ਼ੇ ਵਿੱਚ ਆਉਣ ਵਾਲੇ ਇਹ ਪ੍ਰਾਹੁਣੇ ਕੌਣ ਹੋਣਗੇ?
ਦਰਵਾਜ਼ੇ ’ਤੇ ਲੱਗੀ ਘੰਟੀ ਨੂੰ ਦੱਬਣ ’ਤੇ ਨੌਕਰ ਨੇ ‘ਝੀਤ-ਨੁਮਾ’ ਗੇਟ ਖੋਲ੍ਹ ਕੇ ਪੰਜਾਬੀ-ਹਿੰਦੀ ਦੇ ਰਲੇ ਵਾਲੀ ਭਾਸ਼ਾ ਵਿੱਚ ਪੁੱਛਿਆ, “ਕੌਣ ਹੋ, ਬਈ ਆਪ? ਕਿਸ ਕੋ ਮਿਲਣਾ ਆ?”
ਆਂਟੀ ਨੇ ਆਪਣਾ ਅਤੇ ਨੌਕਰ ਦੇ ‘ਸਾਹਬ’ ਦਾ ਨਾਮ ਲੈਂਦਿਆਂ ਕਿਹਾ ਕਿ ਅਸਾਂ ਰਿਸ਼ਤੇਦਾਰ ਹਾਂ। ਉਸਨੇ ਦਰਵਾਜ਼ੇ ਦੀ ਝੀਤ ਨੂੰ ਥੋੜ੍ਹੀ ਹੋਰ ਭੀੜੀ ਕਰਦਿਆਂ ਅਤੇ ਉਸ ‘ਵਿੱਚ ਦੀ’ ਇੱਕ ਅੱਖ ਦੇ ਡੇਲੇ ਨਾਲ ਸਾਡੇ ਵੱਲ ਦੇਖਦਿਆਂ ਅਤੇ ਤਾੜਦਿਆਂ ਕਿਹਾ, “ਸਾਹਬ ਤਾਂ ਘਰ ਮੇਂ ਨਹੀਂ ਹੈ! ਮੈਂ ਮੈਡਮ ਨੂੰ ‘ਪੂਛ’ ਕੇ ਆਉਂਦਾ ਹਾਂ!”
ਪੰਜ-ਸੱਤ ਕੁ ਮਿੰਟ ਬਾਅਦ ਆ ਕੇ, ਗੇਟ ਖੋਲ੍ਹ ਕੇ ਸਾਨੂੰ ਆਪਣੇ ਮਗਰ-ਮਗਰ ਤੋਰਦਿਆਂ ਉਸਨੇ ਇੱਕ ਬੈਠਕ ਵਿੱਚ ਬਿਠਾ ਦਿੱਤਾ। ਦਸ ਪੰਦਰਾਂ ਕੁ ਮਿੰਟ ਬਾਅਦ ਇੱਕ ਔਰਤ ਇੱਕ-ਅੱਧੀ ਗੱਲ ਕਰਦਿਆਂ ਇਹ ਕਹਿ ਕੇ ਵਾਪਸ ਚਲੀ ਗਈ ਕਿ “ਕੁਲੈਕਟਰ ਸਾਹਬ” ਆਉਣ ਵਾਲੇ ਹੀ ਹਨ।
ਕੁਝ ਦੇਰ ਬਾਅਦ ਬਾਹਰਲਾ ਵੱਡਾ ਗੇਟ ਪੂਰਾ ਖੁੱਲ੍ਹਿਆ ਅਤੇ ਚਿੱਟੀ ਕਾਰ ਅੰਦਰ ਆਈ। ਘੰਟਾ ਕੁ ਉਡੀਕਦਿਆਂ ਵੀ ਕੁਲੈਕਟਰ ਸਾਹਿਬ ਸਾਡੇ ਵੱਲ ਆਏ ਹੀ ਨਾ। ਥੱਕ ਹਾਰ ਕੇ ਮੈਂ ਪੁੱਛਿਆ, “ਆਂਟੀ ਜੀ, ਇਹ ਕੁਲੈਕਟਰ ਸਾਹਬ ਤੁਹਾਨੂੰ ਜਾਣਦੇ ਵੀ ਨੇ?”
“ਹਾਂ ਚੰਗੀ ਤਰ੍ਹਾਂ! … ਤੇ ਸਾਡੇ ਬੜੇ ਨਜ਼ਦੀਕੀ ਵੀ ਨੇ!” ਆਂਟੀ ਨੇ ਦੱਸਿਆ।
ਆਖ਼ਰ ਕਾਫ਼ੀ ਉਡੀਕ ਤੋਂ ਬਾਅਦ ਕਮਰੇ ਅੰਦਰ ਦਾਖ਼ਲ ਹੁੰਦਿਆਂ ਸਰਾਸਰ ਜਿਹੀ ‘ਸਾਸਰੀ ਕਾਲ’ ਸਾਡੇ ਵੱਲ ਸੁੱਟ ਕੇ ਕੁਲੈਕਟਰ ਸਾਹਬ ਬੋਲੇ, “ਹਾਂ, ਦੱਸੋ ਕਿਵੇਂ ਆਏ ਹੋ?” ਸ਼ਾਇਦ ਉਸ ਨੂੰ ਲੱਗਾ ਕਿ ਕੋਈ ਕੰਮ ਕਰਾਉਣ ਜਾਂ ਸਿਫਾਰਸ਼ ਵਗੈਰਾ ਪੁਆਉਣ ਲਈ ਹੀ ਆਏ ਹੋਣਗੇ।
“ਤੁਹਾਡੇ ਸ਼ਹਿਰ ਆਏ ਸੀ, ਸੋਚਿਆ ਤੁਹਾਨੂੰ ਵੀ ਮਿਲ ਲੈਂਦੇ ਹਾਂ।” ਆਂਟੀ ਨੇ ਜਵਾਬ ਦਿੱਤਾ।
“ਚਲੋ ਠੀਕ ਆ, ਮੈਂ ਚਲਦਾਂ … ਹੁਣ ਕੁਝ ਦੇਰ ਅਰਾਮ ਕਰ ਲਵਾਂ।” ਕਹਿ ਕੇ ਕੁਲੈਕਟਰ ਸਾਹਬ ਔਹ ਦੇ ਔਹ ਗਏ। ਡੇਢ ਦੋ ਘੰਟੇ ਦੀ ਉਡੀਕ ਤੋਂ ਬਾਅਦ ਮਿਲਣ ਦੀ ਤਾਂਘ ਪੰਜ ਕੁ ਮਿੰਟ ਵਿੱਚ ਹੀ ਖ਼ਤਮ ਹੋ ਗਈ।
ਸ਼ਰਮਿੰਦੇ ਜਿਹੇ ਹੁੰਦਿਆਂ ਆਂਟੀ ਜੀ ਬੋਲੇ, “ਚੱਲ ਉੱਠ ਬਈ ਮੁੰਡਿਆ, ਚੱਲੀਏ! ਮਿਲ ਲਿਆ ਕੁਲੈਕਟਰ ਸਾਹਬ ਨੂੰ ਬਥੇਰਾ। ਚੱਲ ਹੁਣ ਤੂੰ ਮੈਨੂੰ ਬੱਸੇ ਚੜ੍ਹਾ ਅਤੇ ਆਪ ਹੋਸਟਲ ਨੂੰ ਵਾਪਸ ਮੁੜ ਜਾ। ਐਵੇਂ ਤੇਰਾ ਵੀ ਐਨਾ ਵਕਤ ਖਰਾਬ ਕੀਤਾ।”
ਖ਼ੁਦ ’ਤੇ
ਖ਼ੁਦਾ ਦੀ ਰਹਿਮਤ ਕੀ ਹੋਈ
ਕਿ ਖ਼ੁਦ ਨੂੰ
ਖ਼ੁਦਾ ਹੀ ਸਮਝ ਬੈਠੇ!
ਦੋਸਤ ਦੀ ਮਾਤਾ ਦੀ ਤੇਹ-ਮੁਹੱਬਤ ਉਸ ਨੂੰ ਮਜਬੂਰ ਕਰਦੀ ਕੁਲੈਕਟਰ ਸਾਹਿਬ ਦੇ ਦਰਸ਼ਨ ਕਰਨ ਲਈ ਖਿੱਚ ਲਿਆਈ ਸੀ। ਆਪਣੇ ਉੱਚੇ ਅਹੁਦੇ ਦੇ ਘਮੰਡ ਅਤੇ ਅਮੀਰੀ ਦੇ ਕਵਚ ਵਾਲੇ ਰੁੱਖੇ, ਹੈਂਕੜ ਜਿਹੇ ਸੁਭਾਅ ਦੇ ਕੁਲੈਕਟਰ ਨੂੰ ਦੇਖ ਅਤੇ ਉਹਦੇ ਮਨੁੱਖੀ ਰਿਸ਼ਤਿਆਂ ਦੀ ਮੁਹੱਬਤ, ਸਾਂਝ ਅਤੇ ਅਹਿਮੀਅਤ ਦੇ ਦਿਵਾਲੀਆਪਨ ਨੂੰ ਯਾਦ ਕਰਦਿਆਂ ਅੱਜ ਵੀ ਕਦੇ-ਕਦੇ ਦੋਸਤ ਅਤੇ ਉਹਦੀ ਮਾਤਾ ਨਾਲ ਹਾਸਾ ਮਜ਼ਾਕ ਕਰ ਲਈਦਾ ਹੈ। ਮੇਰਾ ਇਹ ਦੋਸਤ ਹੁਣ ਪੰਜਾਬ ਦੀ ਇੱਕ ਨਾਮਵਰ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਹੈ, ਪਰ ਵਿਵਹਾਰ ‘ਅੰਬਰਸਰੀਏ ਕੁਲੈਕਟਰ’ ਤੋਂ ਕੋਹਾਂ ਦੂਰ!
ਦੂਰੋਂ ਜੋ ਜਾਪਦੇ ਸਨ
ਛੂਹਣ ਅਸਮਾਨਾਂ ਨੂੰ
ਕੋਲੋਂ ਜਾ ਦੇਖਿਆ ਤਾਂ
ਸਿੰਬਲ ਜਿਹੇ ਰੁੱਖ ਹੀ ਨਿਕਲੇ!
ਦੂਰੋਂ ਜੋ ਜਾਪਦੇ ਸਨ
ਆਸਾਂ ਤੇ ਉਮੀਦਾਂ ਜਿਹੇ
ਕੋਲ਼ ਜਾ ਦੇਖਿਆ ਤਾਂ
ਸਭ ਭਰਮ-ਭੁਲੇਖੇ ਹੀ ਨਿਕਲੇ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (