KulwinderBathDr7ਰਿਸ਼ਤਿਆਂ ਦੇ ਲੰਮੇ ਚੌੜੇ ਤਾਣਿਆਂ-ਬਾਣਿਆਂ ਵਿੱਚ ਕਈ ਰਿਸ਼ਤੇਦਾਰ ਦਾਲ ਦੇ ਕੋਕੜੂਆਂ ਵਰਗੇ ...
(2 ਨਵੰਬਰ 2025)

 

ਮਨੁੱਖ ਰਿਸ਼ਤਿਆਂ ਦੇ ਤਾਣੇਬਾਣੇ ਦੀਆਂ ਤੰਦਾਂ ਨਾਲ ਜਕੜਿਆ ਹੋਇਆ ਹੈਇਸ ਤਾਣੇਬਾਣੇ ਵਿੱਚ ਅਨੇਕ ਤਰ੍ਹਾਂ ਦੇ ਰਿਸ਼ਤੇ ਹਨਭਾਵੇਂ ਕਿ ਹਰੇਕ ਰਿਸ਼ਤੇ ਦੀ ਆਪਣੀ ਜਗ੍ਹਾ ਅਤੇ ਅਹਿਮੀਅਤ ਹੁੰਦੀ ਹੈ ਪਰ ਪੰਜਾਬੀਆਂ ਦੇ ਘਰਾਂ ਪਰਿਵਾਰਾਂ ਵਿੱਚ ‘ਜਵਾਈ, ਜੀਜਾ, ਫੁੱਫੜ’ ਤਿਕੜੀ ਦੀ ਵੱਖਰੀ ਕਿਸਮ ਦੀ ਹੀ ਸਜ-ਧਜ, ਸ਼ਾਨੋ-ਸ਼ੌਕਤ ਅਤੇ ਟੌਹਰ ਹੁੰਦੀ ਹੈ

ਕੁੜੀਆਂ ਤੇ ਚਿੜੀਆਂ…

ਪੰਜਾਬ ਦੇ ਇਤਿਹਾਸ ਉੱਤੇ ਜੇਕਰ ਸਰਸਰੀ ਨਜ਼ਰ ਮਾਰੀਏ ਤਾਂ ਪਤਾ ਲਗਦਾ ਕਿ ਬਹੁਤਾ ਸਮਾਂ ਮੁੰਡਿਆਂ ਅਤੇ ਕੁੜੀਆਂ ਦੀ ਗਿਣਤੀ ਦੇ ਅਨੁਪਾਤ ਵਿੱਚ ਗੜਬੜੀ ਹੀ ਰਹੀ ਹੈਮੁੰਡਿਆਂ ਦੀ ਗਿਣਤੀ ਕੁੜੀਆਂ ਨਾਲੋਂ ਜ਼ਿਆਦਾ ਰਹੀ ਹੈਮਤਲਬ ਕਿ ਕੁੜੀਆਂ ਦੀ ਹਮੇਸ਼ਾ ਘਾਟ ਰਹੀ ਹੈਕਾਰਨ ਇਹ ਸੀ ਕਿ ਪਹਿਲਾਂ ਲੋਕ ਕੁੜੀਆਂ ਨੂੰ ਜਨਮ ਲੈਂਦਿਆਂ ਹੀ ‘ਮੋੜ’ ਦਿੰਦੇ ਸਨ, ਇਹ ਸੁਨੇਹਾ ਦੇ ਕਿ ਤੂੰ ਆਪ ਜਾ ਤੇ ਜਾ ਕੇ ਆਪਣੇ ਵੀਰ ਨੂੰ ਭੇਜਫਿਰ ਬਦਲਦੇ ਸਮੇਂ ਨਾਲ ਕੁੜੀਆਂ ਨੂੰ ਮੋੜਨ ਦੇ ਢੰਗ ਤਰੀਕੇ ਵੀ ਬਦਲ ਗਏਲੋਕਾਂ ਕੋਲ ਟਾਈਮ ਦੀ ਵੀ ਕਮੀ ਹੋ ਗਈਨਵੀਂਆਂ ਤਕਨੀਕਾਂ ਨਾਲ ਮਨੁੱਖ ਹੋਰ ਚੁਸਤ-ਚਲਾਕ ਹੋ ਗਿਆਲਿੰਗ ਟੈੱਸਟ ਕਰਾਓ ਤੇ ਕੰਮ ਮੁਕਾਓ ਦੀ ਮਾਨਸਿਕਤਾ ਨੂੰ ਅਪਣਾ ਕੇ ਕੁੜੀਆਂ ਨੂੰ ਮਾਂ ਦੇ ਗਰਭ ਵਿੱਚ ਹੀ ਕਤਲ ਕਰਨਾ ਸ਼ੁਰੂ ਕਰ ਦਿੱਤਾਲੜਕੀ ਦੇ ਜਨਮ ਦੀ ਉਡੀਕ ਹੀ ਮੁੱਕੀ! ਥੋੜ੍ਹਾ ਹੋਰ ਡੁੰਘਾਈ ਵਿੱਚ ਜਾਈਏ ਤਾਂ ਇਸ ਵਿੱਚ ਸਾਡੇ ਸਮਾਜ ਦੀਆਂ ਕਈ ਹੋਰ ਪ੍ਰਚਲਿਤ ਬੁਰਾਈਆਂ ਵੀ ਆ ਰਲਦੀਆਂ ਹਨ, ਜਿਵੇਂ ਕਿ ਦਾਜ ਦਹੇਜ ਦਾ ਚੱਕਰ, ਮੁੰਡੇ ਘਰ ਦੀ ਕਮਾਈ ਦਾ ਸਾਧਨ, ਪੁਰਸ਼ ਪ੍ਰਧਾਨ ਸਮਾਜ ਅਤੇ ਹੋਰ

ਕੁੜੀਆਂ ਬਾਰੇ ਅਕਸਰ ਕਹਿ ਤਾਂ ਇਹ ਵੀ ਦਿੱਤਾ ਜਾਂਦਾ ਹੈ, “ਕੁੜੀਆਂ ਤਾਂ ਚਿੜੀਆਂ ਈ ਹੁੰਦੀਆਂ ਹਨ।” ਪਰ ਅਸੀਂ ਭੁੱਲ ਜਾਂਦੇ ਹਾਂ ਕਿ ਚਿੜੀਆਂ ਵਾਂਗ ਉੱਡਣ ਲਈ ਖੰਭ ਤਾਂ ਹੁੰਦੇ ਹੀ ਨਹੀਂਖੰਭ ਤਾਂ ਅਕਸਰ ਨਿਕਲਦਿਆਂ ਹੀ ਕੁਤਰ ਦਿੱਤੇ ਜਾਂਦੇ ਹਨਸਾਡੀਆਂ ਭੈਣਾਂ, ਭਰਜਾਈਆਂ, ਭੂਆ, ਚਾਚੀਆਂ, ਤਾਈਆਂ, ਮਾਂਵਾਂ, ਦਾਦੀਆਂ, ਨਾਨੀਆਂ ਸਭ ਔਰਤਾਂ ਕੁੜੀਆਂ ਹੀ ਹਨ ਜਾਂ ਕਦੇ ਕੁੜੀਆਂ ਹੀ ਸਨ‘ਪੇਕਿਆਂ ਦੇ ਘਰ’ ਅਕਸਰ ਮਾਪੇ ਆਪਣੀਆਂ ਕੁੜੀਆਂ ਨੂੰ ‘ਸਹੁਰਿਆਂ ਦੇ ਘਰ’ ਲਈ ਹੀ ਤਿਆਰ ਕਰਦੇ ਰਹਿੰਦੇ ਹਨ; ਇਹ ਨਾ ਜਾਣਦੇ ਹੋਏ ਵੀ ਕਿ ਕੁੜੀ ਦੇ ਸਹੁਰੇ ਕਦੋਂ, ਕੌਣ, ਕਿੱਥੇ ਅਤੇ ਕਿਸ ਤਰ੍ਹਾਂ ਦੇ ਹੋਣਗੇ!

ਕੁੜੀਆਂ ਦਾ
ਪੇਕਾ ਘਰ ਹੁੰਦਾ ਹੈ
ਸਹੁਰਾ ਘਰ ਵੀ ਹੁੰਦਾ ਹੈ
ਸਿਰਫ ਆਪਣਾ ਘਰ ਹੀ ਨਹੀਂ ਹੁੰਦਾ
ਕੁੜੀਆਂ ਦਾ ਵਡੱਪਣ ਦੇਖੋ ਕਿ ਉਹ
ਕਦੇ ਪੇਕਿਆਂ ਲਈ ਜਿਊਂਦੀਆਂ ਰਹਿੰਦੀਆਂ ਹਨ
ਕਦੇ ਸਹੁਰਿਆਂ ਲਈ ਜਿਊਂਦੀਆਂ ਰਹਿੰਦੀਆਂ ਹਨ
ਇਸ ਚੱਕਰ ਵਿੱਚ ਹੀ ਖੁਦ ਆਪਣੇ ਜਿਊਣ ਦੀ ਕੁਰਬਾਨੀ ਦੇ ਜਾਂਦੀਆਂ ਹਨ

ਪੰਜਾਬੀ ਕਵਿਤਾ ਦੇ ਸੂਖਮ ਅਤੇ ਸਿਰਮੌਰ ਕਵੀ ‘ਕਵਿੰਦਰ ਚਾਂਦ’ ਦੀਆਂ ਖ਼ੂਬਸੂਰਤ ਲਾਈਨਾਂ ਵੀ ਯਾਦ ਆ ਗਈਆਂ:

ਤੇਰੀ ਪਛਾਣ ਤੇਰੇ ਨਾਲ
ਹਾਲੇ ਵੀ ਨਹੀਂ ਤੁਰਦੀ
ਕਦੇ ਤੁਰਦਾ ਹੈ ਪੇਕਾ ਤੇ
ਕਦੇ ਸੁਸਰਾਲ ਤੁਰਦਾ ਹੈ।

ਰਿਸ਼ਤਿਆਂ ਦੇ ਤਾਣੇਬਾਣੇ ਵਿੱਚੋਂ ਅੱਜ ‘ਫੁੱਫੜ’ ਦੀ ਗੱਲ ਕਰਦੇ ਹਾਂਬਹੁਤੇ ਫੁੱਫੜ ਤਾਂ ਬੜੇ ਚੰਗੇ ਹੁੰਦੇ ਹਨ ਜੋ ਆਪਣੇ ਸਹੁਰੇ ਪਰਿਵਾਰ ਨੂੰ ਆਪਣਾ ਪਰਿਵਾਰ ਹੀ ਸਮਝਦੇ ਹਨ ਅਤੇ ਹਰ ਦੁੱਖ ਸੁੱਖ ਵਿੱਚ ਉਨ੍ਹਾਂ ਦੇ ਬਰਾਬਰ ਖੜ੍ਹਦੇ ਹਨਉਹਨਾਂ ਦੀ ਇੱਜ਼ਤ ਕੀਤੀ ਜਾਂਦੀ ਹੈ ਅਤੇ ਕਰਨੀ ਬਣਦੀ ਵੀ ਹੈਸਿਰਫ ਵਿਰਲੇ-ਵਿਰਲੇ ਅੜਬ ਸੁਭਾਅ ਦੇ ਫੁੱਫੜ ਆਪਣੇ ਸਹੁਰਾ ਪਰਿਵਾਰ ਨਾਲ ਦੁਰ-ਵਿਵਹਾਰ ਕਰਦੇ ਤੁਸੀਂ ਵੀ ਦੇਖੇ ਜਾਂ ਸੁਣੇ ਹੋਣਗੇਕਿਰਲੇ ਵਾਂਗ ਆਕੜਦੇ ਹੀ ਰਹਿੰਦੇ ਹਨਰੋਹਬ ਪਾਉਂਦੇ ਹਨ ਕਿ ਸ਼ੁਕਰ ਆ ਕਿ ਤੁਹਾਡੀ ਧੀ ਵਸੀ ਜਾਂਦੀ ਹੈਪਰਿਵਾਰ ਵਾਲੇ ਹਰ ਵਕਤ ਡਰੇ ਸਹਿਮੇ ਹੀ ਰਹਿੰਦੇ ਹਨਅਕਸਰ ਜਿਗਰਾ ਵੀ ਕਰ ਲੈਂਦੇ ਹਨ ਇਹ ਕਹਿ,

ਉਹ.. ਤਾਂ.. ਜੀ..
ਅਸਾਂ ਕੁੜੀ ਜਿਉਂ ਦਿੱਤੀ ਹੋਈ ਹੈ

ਹੁਣ ਤਾਂ ਸੁਣਨਾ ਪਊ
ਮੰਨਣਾ ਵੀ ਪਊ

ਲਿਫਣਾ ਪਊ
ਡਿਗਣਾ ਵੀ ਪਊ

ਘਰ ਆਏ ਫੁੱਫੜ ਦੀ ਰੱਜ ਰੱਜ ਕੇ ਸੇਵਾ ਕਰਦੇ ਹਨ, ਦੌੜੇ ਫਿਰਦੇ ਰਹਿੰਦੇ ਅਤੇ ਫਿਰ ਵੀ ਫੁੱਫੜ ਅੱਗੇ ਹੱਥ ਜੋੜਦੇ ਰਹਿੰਦੇ ਕਿ ਕਿਤੇ ਕੋਈ ਗਲਤੀ ਹੀ ਨਾ ਹੋ ਜਾਵੇਮਾਪੇ ਕਦੇ ਵੀ ਨਹੀਂ ਚਾਹੁੰਦੇ ਕਿ ਉਹਨਾਂ ਦੀ ਲੜਕੀ ਕਦੀ ਵੀ ਦੁਖੀ ਹੋਵੇਅੜਬ ਫੁੱਫੜ ਫਿਰ ਵੀ ਕੁੜੀ ਨੂੰ ਅਤੇ ਉਹਦੇ ਪੇਕੇ ਪਰਿਵਾਰ ਨੂੰ ਤਾਹਨੇ ਮਿਹਣੇ ਦੇ ਦੇ ਕੇ ਟੰਗੀ ਹੀ ਰੱਖਦੇਭੁੱਲ ਹੀ ਜਾਂਦੇ ਕਿ ਉਹਨਾਂ ਦੀਆਂ ਆਪਣੀਆਂ ਭੈਣਾਂ ਵੀ ਤਾਂ ਕਿਸੇ ਘਰ ਵਸਦੀਆਂ ਹੋਣਗੀਆਂਉਹ ਵੀ ਤਾਂ ਕੁੜੀਆਂ ਹੀ ਹਨਮੰਨੋ ਜਾਂ ਨਾ ਮੰਨੋ ਪਰ ਕੁੜੀਆਂ ਦੀ ਗਿਣਤੀ ਘੱਟ ਹੋਣ ਅਤੇ ਛੜਿਆਂ ਦੀ ਭਰਮਾਰ ਦੇ ਬਾਵਜੂਦ ਵੀ ਜ਼ਿਆਦਾਤਰ ਜਵਾਈਆਂ, ਜੀਜਿਆਂ ਅਤੇ ਫੁੱਫੜਾਂ ਦਾ ਦਬਦਬਾ ਬਣਿਆ ਰਹਿੰਦਾ ਹੁੰਦਾ ਸੀ, ਅਤੇ ਅੱਜ ਵੀ ਬਰਕਰਾਰ ਹੈਹੋ ਸਕਦਾ ਥੋੜ੍ਹਾ ਬਹੁਤ ਘੱਟ ਗਿਆ ਹੋਵੇ ਜਾਂ ਕੁਝ ਫਰਕ ਪੈ ਗਿਆ ਹੋਵੇ, ਪਰ ਖਤਮ ਨਹੀਂ ਹੋਇਆ

ਹਰਦੇਵ ਸਿੰਘ ਦੇ ਚਾਰ ਫੁੱਫੜਾਂ ਵਿੱਚੋਂ ਬਾਕੀ ਤਾਂ ਚੰਗੇ ਸਨ ਪਰ ਇੱਕ ਫੁੱਫੜ ਸਿਰੇ ਦਾ ਅੜਬ ਸੀਉਹ ਹਰਦੇਵ ਦੀ ਭੂਆ ਨੂੰ ਕਦੇ ਸਿੱਧੇ ਮੂੰਹ ਬੁਲਾਉਂਦਾ ਹੀ ਨਾ! ਚਾਰ ਕੁ ਕੋਹ ਦੀ ਵਾਟ ’ਤੇ ਆਪਣੇ ਪਿੰਡ ਤੋਂ ਵੀ ਭੂਆ ਜਾਂ ਭੂਆ ਦੇ ਨਿਆਣਿਆਂ ਨੂੰ ਸਾਲਾਂ ਬੱਧੀ ਨਾਨਕੇ ਘਰ ਮਿਲਣ ਆਉਣ ਹੀ ਨਾ ਦਿੰਦਾਭੂਆ ਆਪਣੇ ਭੈਣ, ਭਰਾਵਾਂ, ਪਰਿਵਾਰ ਨੂੰ ਅਤੇ ਨਿਆਣੇ ਆਪਣੇ ਮਾਮੇ-ਨਾਨੇ ਅਤੇ ਨਾਨਕਿਆਂ ਦਾ ਪਿੰਡ ਦੇਖਣ ਨੂੰ ਤਰਸਦੇ ਹੀ ਰਹਿੰਦੇਹਰਦੇਵ ਅਤੇ ਉਹਦੇ ਭੈਣ ਭਰਾਵਾਂ ਨੂੰ ਵੀ ਇਹ ਫੁੱਫੜ ਕੋਈ ਹਊਆ ਹੀ ਲਗਦਾਫੁੱਫੜ ਆਪ ਵੀ ਆਉਂਦਾ ਜਾਂਦਾ ਤਾਂ ਘੱਟ ਹੀ ਸੀ ਪਰ ਜਦੋਂ ਆਉਂਦਾ ਤਾਂ ਭੜਥੂ ਹੀ ਪਾ ਦਿੰਦਾਘਰ ਵਾਲਿਆਂ ਨੂੰ ਜਦੋਂ ਵੀ ਉਹਦੇ ਆਉਣ ਦੀ ਕਨਸੋ ਮਿਲਦੀ ਤਾਂ ਉਹ ਆਪਣੇ ਕੰਮ ਕਾਰ ਛੱਡ ਕੇ ਉਸਦੀ ਆਉ-ਭਗਤ ਦੇ ਪ੍ਰਾਜੈਕਟ ਦੀਆਂ ਤਿਆਰੀਆਂ ਵਿੱਚ ਜੁਟ ਜਾਂਦੇਹਰਦੇਵ ਦੇ ਦਾਦਾ-ਦਾਦੀ ਤੋਂ ਲੈ ਕੇ ਘਰ ਦੇ ਛੋਟੇ ਤੋਂ ਛੋਟਾ ਨਿਆਣਾ ਵੀ ਇਸ ਫਿਕਰ ਅਤੇ ਪ੍ਰਹੁਣਚਾਰੀ ਦੀ ਭੱਜ ਦੌੜ ਵਿੱਚ ਸ਼ਾਮਲ ਹੁੰਦਾਸਾਰਿਆਂ ਦਾ ਮਕਸਦ ਇਹੀ ਹੁੰਦਾ ਕਿ ਕਿਸੇ ਵੀ ਤਰੀਕੇ ਨਾਲ ਫੁੱਫੜ ਨੂੰ ਖੁਸ਼ ਰੱਖਿਆ ਜਾਵੇ

ਫੁੱਫੜ ਦੇ ਬੈਠਣ-ਉੱਠਣ, ਨਹਾਉਣ-ਧੋਣ, ਸੌਣ ਅਤੇ ਬਾਕੀ ਆਉ-ਭਗਤ, ਖਾਤਰਦਾਰੀ ਅਤੇ ਠਾਠ-ਬਾਠ ਤੋਂ ਇਲਾਵਾ ਉਹਦੇ ਖਾਣ ਪੀਣ ਦਾ ਵੀ ਖ਼ਾਸ ਖ਼ਿਆਲ ਰੱਖਿਆ ਜਾਂਦਾ ਸੀਭੂਆ ਨੇ ਆਪਣੇ ਪੇਕੇ ਘਰ ਚਿਰ ਪਹਿਲਾਂ ਇਹ ਖ਼ਬਰ ਕੰਨੋਂ ਕੰਨੀ ਪਹੁੰਚਾ ਦਿੱਤੀ ਸੀ ਕਿ ਫੁੱਫੜ ਦੇਸੀ ਘਿਓ, ਦੇਸੀ ਆਂਡੇ, ਪਨੀਰ, ਮੱਖਣ, ਲੱਸੀ ਅਤੇ ਕੜਾਹ ਦਾ ਬੜਾ ਸ਼ੌਕੀਨ ਹੈਚੰਗੀ ਕਿਸਮਤ ਨਾਲ ਇਹ ਅੱਥਰਾ ਫੁੱਫੜ ਸ਼ਰਾਬ ਨਹੀਂ ਪੀਂਦਾ ਸੀ ਨਹੀਂ ਤਾਂ ਲਾਗਲੇ ਪਿੰਡ ਦੇ ਠੇਕੇ ਦੇ ਵੀ ਕਈ ਗੇੜੇ ਲੱਗਣੇ ਸੀਮੀਟ ਵੀ ਨਹੀਂ ਖਾਂਦਾ ਸੀ, ਨਹੀਂ ਤਾਂ ਪਤਾ ਨਹੀਂ ਕਿੰਨੇ ਕੁ ਕੁੱਕੜਾਂ ਜਾਂ ਬੱਕਰਿਆਂ ਦੀ ਬਲੀ ਚੜ੍ਹਨੀ ਸੀ। ਨਾ ਹੀ ਉਹਨੂੰ ਨੱਚਣ ਟੱਪਣ ਦਾ ਹੀ ਸ਼ੌਕ ਸੀ, ਨਹੀਂ ਤਾਂ ਹੋਰ ਵੀ ਬੱਲੇ-ਬੱਲੇ ਹੋ ਜਾਣੀ ਸੀ ਫੁੱਫੜ ਦੀਤੁਸੀਂ ਸੁਣਿਆ ਹੋਵੇਗਾ,

ਫੁੱਫੜ ਮੰਗੇ ਕੁੱਕੜ
ਨੀ ਮੁੰਡੇ ਦਾ ਫੁੱਫੜ!

ਜਦੋਂ ਫੁੱਫੜ ਨੱਚਦਾ ਹੋਵੇ
ਫਿਰ ਗੀਤ ਨਹੀਂ ਬਦਲੀ ਦਾ!

ਹਰਦੇਵ ਅਜੇ ਨਿਆਣੀ ਉਮਰ ਦਾ ਹੀ ਸੀ ਕਿ ਇੱਕ ਦਿਨ ਉਡਦੀ-ਉਡਦੀ ਖ਼ਬਰ ਮਿਲੀ ਕਿ ਫੁੱਫੜ ਭੂਆ ਨੂੰ ਲੈ ਕੇ ਉਨ੍ਹਾਂ ਵੱਲ ਨੂੰ ਆ ਰਿਹਾ ਹੈਸਾਰੇ ਟੱਬਰ ਨੂੰ ਹੀ ਚਿਰ ਪਹਿਲਾਂ ਦੇਖੀ ਭੂਆ ਨੂੰ ਮਿਲਣ ਦਾ ਚਾਅ ਚੜ੍ਹ ਗਿਆਪਰ ਨਾਲ ਹੀ ਫੁੱਫੜ ਦੀ ਆਉ-ਭਗਤ ਦਾ ਫਿਕਰ ਵੀ ਪੈ ਗਿਆਪਿਛਲੀ ਵਾਰੀ ਫੁੱਫੜ ਹਰਦੇਵ ਦੀ ਭੂਆ ਅਤੇ ਦਾਦੀ ਕਰਤਾਰੀ ਨੂੰ ਜਾਂਦਾ ਹੋਇਆ ਮਿਹਣਾ ਮਾਰ ਗਿਆ ਸੀ ਕਿ ਉਹਨੂੰ ਖਾਣ ਲਈ ਦਿੱਤੇ ਉੱਬਲੇ ਹੋਏ ਆਂਡੇ ‘ਦੇਸੀ’ ਨਹੀਂ ਸਨ, … ‘ਫਾਰਮੀ’ ਸਨਚਿਰ ਪਹਿਲਾਂ ਦੀ ਇਹ ਗੱਲ ਕਰਤਾਰੀ ਨੂੰ ਅਜੇ ਤਕ ਭੁੱਲੀ ਨਹੀਂ ਸੀਉਸ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹੀ ਗੱਲ ਕਿਤੇ ਦੁਬਾਰਾ ਨਾ ਹੋ ਜਾਵੇਫੁੱਫੜ ਦੀ ਉਡੀਕ ਵਿੱਚ ਕਰਤਾਰੀ ਨੇ ਪਤਾ ਕੀਤਾ ਕਿ ਪਿੰਡ ਵਿੱਚ ਅਸਲੀ ‘ਦੇਸੀ ਕੁਕੜੀਆਂ’ ਕਿਸ ਕੋਲ ਹਨਪਤਾ ਲੱਗਾ ਕਿ ਪਿੰਡ ਦੇ ਦੂਸਰੇ ਪਾਸੇ, ਬਾਹਰਵਾਰ, ਇੱਕ ਘਰ ਵਿੱਚ ਦੇਸੀ ਕੁੱਕੜ-ਕੁਕੜੀਆਂ ਹਨਚਿੰਤੀ ਹਰਦੇਵ ਦੇ ਹੱਥ ਪੈਸੇ ਅਤੇ ਚਿੱਟੇ ਰੰਗ ਦਾ ਝੋਲਾ ਫੜਾਉਂਦੀ ਬੋਲੀ, “ਆਹ ਫੜ ਪੈਸੇ ਤੇ ਦੌੜ ਕੇ ਦੂਜੇ ਪਾਸੇ ਦੇ ‘ਤਾਰਾ ਸੌਂਹ’ ਦੇ ਘਰੋਂਦੇਸੀ ਕੁਕੜੀਦੇਦੇਸੀ ਆਂਡੇਲੈ ਕੇ ਆਖ਼ਿਆਲ ਰੱਖੀਂ ਕਿ ਦੇਸੀ ਕੁਕੜੀ’ ਦੇ ‘ਦੇਸੀ ਆਂਡੇ’ ਹੀ ਹੋਣ, ਸੁਣਿਆ?

ਪੈਸੇ ਅਤੇ ਝੋਲਾ ਫੜ ਕੇ ਤਾਰਾ ਸੌਂਹ ਦੇ ਘਰ ਨੂੰ ਬੀਹੀਓ ਬੀਹੀ ਦੌੜਾ ਜਾਂਦਾ ਹਰਦੇਵ ਆਪਣੇ ਮਨ ਹੀ ਮਨ ਸਵਾਲ-ਜਵਾਬ ਕਰਦਾ ਜਾਵੇ, “ਕੀਦੇਸੀ ਕੁਕੜੀਕਦੇ ਕਦੇਬਣਾਉਟੀ ਆਂਡੇਵੀ ਦਿੰਦੀ ਹੁੰਦੀ ਹਊ? ਫਿਰ ਆਪ ਹੀ ਬੋਲਿਆ, “ਪਤਾ ਨਹੀਂ ਅਸਲੀ, ਬਣਾਉਟੀ, ਜਾਂ ਨਕਲੀ, . ਚੱਲ ਮੈਨੂੰ ਕੀ?

ਫਿਰ ਇਹ ਸੋਚ ਕਿ ਡਰ ਵੀ ਗਿਆ ਕਿ ਜੇ ‘ਦੇਸੀ ਕੁਕੜੀ’ ਦੇ ਆਂਡੇ ‘ਬਨਾਉਟੀ’ ਹੋਏ ਤਾਂ ਫੁੱਫੜ ਗੁੱਸੇ ਹੋ ਜਾਏਗਾ! ਆਂਡੇ ਲੈਣ ਲਈ ਪੈਸੇ ਫੜਾ ਕੇ ਉਹ ਕਹਿਣ ਲੱਗਾ, “ਮੇਰੀ ਦਾਦੀ, ਚਿੰਤੀ ਕਹਿੰਦੀ ਸੀ.. ਦੇਸੀ ਕੁਕੜੀ ਦੇ ਦੇਸੀ ਆਂਡੇ ਲੈਣੇ ਆਂ।”

ਅੱਗੇ ਤੋਂ ਮਜ਼ਾਕੀਆ ਜਵਾਬ ਮਿਲਿਆ, “ਆਹੋ… ਇਹ ਦੇਸੀ ਕੁਕੜੀ ਦੇ ਦੇਸੀ ਆਂਡੇ ਈ ਆ। ... ਪਰ ਸਾਡੇ ਕੋਲ ‘ਬਨਾਉਟੀ ਕੁਕੜੀਆਂ’ ਵੀ ਹਨ, ਜੋ ‘ਦੇਸੀ ਆਂਡੇ’ ਦਿੰਦੀਆਂ ਹਨ… ਜੇ ਕਦੇ ਚਾਹੀਦੇ ਹੋਣ ਤਾਂ ...।”

ਦੇਸੀ, ਫਾਰਮੀ, ਅਸਲੀ, ਨਕਲੀ, ਬਣਾਉਟੀ ਦੇ ਚੱਕਰ ਨੇ ਹਰਦੇਵ ਨੂੰ ਬੌਂਦਲਾ ਦਿੱਤਾ ਤੇ ਉਹਨੇ ਤਸੱਲੀ ਕਰਨ ਲਈ ਇੱਕ ਵਾਰ ਫਿਰ ਝੋਲਾ ਖੋਲ੍ਹ ਕੇ ਦੇਖਿਆ, ਜਿਸ ਵਿੱਚ ਚਾਰ “ਭੂਰੇ ਰੰਗਦੇ ਆਂਡੇ ਸਨਅਕਸਰ ਚਿੱਟੇ ਆਂਡੇ ਦੇਖਦਿਆਂ ਭੂਰਾ ਰੰਗ ਦੇਖ ਕੇ ਉਹਨੂੰ ਯਕੀਨ ਹੋ ਗਿਆ ਕਿ ਆਂਡੇ ਦੇਸੀ ਹੀ ਨੇ

ਵਾਪਸ ਆਉਂਦਾ ਹਰਦੇਵ ਆਪਣੇ-ਆਪ ਨਾਲ ਫਿਰ ਗੱਲੀਂ ਪੈ ਗਿਆ, “ਕੀ ਫੁੱਫੜ ਆਹ ਚਾਰੇ ਆਂਡੇ ਖਾ ਵੀ ਲਵੇਗਾ? ... ਮੈਨੂੰ ਲੱਗਦਾ ਤਾਂ ਨਹੀਂ… ਚਲੋ ਦੇਖਦੇ ਆਂ, ਸ਼ਾਇਦ ਮੇਰਾ ਦਾਅ ਵੀ ਲੱਗ ਹੀ ਜਾਵੇ!”

ਘਰ ਪਹੁੰਚਿਆ ਤਾਂ ਸੋਹਣਾ ਦੁੱਧ ਵਰਗਾ ਚਿੱਟਾ ਕੁੜਤਾ-ਪਜਾਮਾ ਅਤੇ ਨੀਲੇ ਰੰਗ ਦੀ ਪੱਗ ਬੰਨ੍ਹੀ ਫੁੱਫੜ ਘਰ ਪਹੁੰਚ ਚੁੱਕਾ ਸੀਇੱਕ ਸੋਹਣੇ ਮੋਟੇ ਪਾਵਿਆਂ ਵਾਲੇ ਅਤੇ ਰੰਗ-ਬਰੰਗੀ ਸੂਤੜੀ ਨਾਲ ਬੁਣੇ ਹੋਏ ਮੰਜੇ ਉੱਪਰ ਨਵੀਂ ਵਿਛਾਈ ਦਰੀ, ਚਾਦਰ ਅਤੇ ਫੁੱਲਾਂ ਨਾਲ ਕੱਢਿਆ ਸਿਰਹਾਣਾ ਫੁੱਫੜ ਨੂੰ ਉਡੀਕਦਾ ਸੀਇਹ ਸਪੈਸ਼ਲ ਮੰਜਾ ਆਮ ਤੌਰ ’ਤੇ ‘ਆਏ ਗਏ’ ਲਈ ਵਰਤਿਆ ਜਾਂਦਾ ਸੀਜ਼ਿਆਦਾਤਰ ਤਾਂ ੲਹ ਕੰਧ ਨਾਲ ਲੱਗਾ ਖੜ੍ਹਾ ਹੀ ਰਹਿੰਦਾ ਸੀਘਰ ਦੇ ਅੰਦਰ-ਬਾਹਰ ਭਲਵਾਨੀ ਗੇੜੀ ਮਾਰ ਕੇ ਫੁੱਫੜ ਜੁੱਤੀ ਲਾਹ ਕੇ ਮੰਜੇ ’ਤੇ ਲੱਤ ਉੱਪਰ ਲੱਤ ਟਿਕਾ ਕੇ ਲੰਮਾ ਪੈ ਗਿਆ… ਜਿਵੇਂ ਬਹੁਤ ਥੱਕਿਆ ਹੋਵੇ

ਦੁਪਹਿਰ ਦੀ ਰੋਟੀ ਦਾ ਸਮਾਂ ਸੀਦੇਸੀ ਆਂਡਿਆਂ ਦੇ ਲਾਲਚ ਨੂੰ ਹਰਦੇਵ ਦੌੜ-ਦੌੜ ਕੇ ਕਰਤਾਰੀ ਦਾਦੀ ਦੀ ਮਦਦ ਕਰਨ ਲੱਗ ਪਿਆਦੇਸੀ ਘਿਓ ਵਾਲਾ ਮਰਤਬਾਨ ਅਤੇ ਲੱਕੜ ਦੀ ਲੂਣਦਾਨੀ ਲਿਆਇਆ। ਲਾਲ ਗੰਢਿਆਂ ਨੂੰ ਕਰਦ ਨਾਲ ਚੀਰੀਆ। ਚੁੱਲ੍ਹੇ ਵਿੱਚ ਭੂਕਨੇ ਨਾਲ ਫੂਕਾਂ ਮਾਰ ਮਾਰ ਕੇ ਅੱਗ ਬਾਲੀਚੀਰੇ ਹੋਏ ਗੰਢਿਆਂ, ਤੁੜਕੇ ਅਤੇ ਧੂੰਏਂ ਨਾਲ ਉਹਦੀਆਂ ਲਾਲ ਹੋਈਆਂ ਅੱਖਾਂ ਵਿੱਚੋਂ ਖਾਰਾ ਪਾਣੀ ਕਿਰਨ ਲੱਗ ਪਿਆਆਂਡਿਆਂ ਦੀ ਪੀਲੇ ਰੰਗੀ ਭੁਰਜੀ ਨੂੰ ਦੇਖ ਅਤੇ ਹਵਾ ਵਿੱਚ ਫੈਲੀ ਖ਼ੁਸ਼ਬੂ ਕਾਰਨ ਉਹਦੇ ਮੂੰਹ ਵਿੱਚ ਪਾਣੀ ਆ ਗਿਆ ਅਤੇ ਰਾਲਾਂ ਚੋਣ ਲੱਗ ਪਈਆਂ

ਕਰਤਾਰੀ ਨੇ ਭੁਰਜੀ ਕਾਂਸੀ ਦੇ ਛੰਨੇ ਵਿੱਚ ਪਾ ਕੇ ਢਕ ਦਿੱਤੀਦੂਸਰੇ ਛੰਨੇ ਵਿੱਚ ਪਹਿਲਾਂ ਹੀ ਕੜਾਹ ਮਹਿਕਦਾ ਸੀ ਕਰਤਾਰੀ ਥੋੜ੍ਹਾ ਪਰੇ ਨੂੰ ਗਈ ਤਾਂ ਹਰਦੇਵ ਨੇ ਭੁਰਜੀ ਵਾਲੀ ਖ਼ਾਲੀ ਕੜਾਹੀ ਦੇ ਕੰਢਿਆਂ ਤੋਂ ਕਾਹਲੀ-ਕਾਹਲੀ ਚਿੱਟੀ, ਪੀਲੀ, ਕਾਲੀ ‘ਰਹਿੰਦ-ਖੂੰਹਦ’ ਖੁਰਚ ਕੇ ਆਪਣੇ ਮੂੰਹ ਵਿੱਚ ਸੁੱਟ ਲਈ, ਜੋ ਉਹਨੂੰ ਬੜੀ ਸੁਆਦ ਲੱਗੀਉਹ ਸੋਚਣ ਲੱਗ ਪਿਆ ਕਿ ਜੇ ਰਹਿੰਦ-ਖੂੰਹਦ ਹੀ ਐਨੀ ਸੁਆਦ ਹੈ ਤਾਂ ਦੇਸੀ ਆਂਡਿਆਂ ਦੀ ਪੀਲੀ ਭੁਰਜੀ ਕਿੰਨੀ ਸੁਆਦ ਹੋਵੇਗੀ?

ਦੁਪਹਿਰ ਦੇ ਖਾਣੇ ਵੇਲੇ ਫੁੱਫੜ ਆਂਡੇ ਦੀ ਭੁਰਜੀ ਦੇ ਨਾਲ ਦੇਸੀ ਘਿਓ ਨਾਲ ਤਰ ਕੀਤੇ ਹੋਏ ਪਰੌਂਠੇ, ਘਰ ਦੇ ਅੰਬ ਦੇ ਅਚਾਰ, ਤਾਜ਼ਾ ਰਿੜਕੇ ਮੱਖਣ ਦਾ ਪੇੜੇ, ਦੇਸੀ ਘਿਓ ਨਾਲ ਲਿਸ਼ਕਦੇ ਕੜਾਹ ਅਤੇ ਠੰਢੀ ਲੱਸੀ ਦਾ ਲੁਤਫ ਲੈ ਰਿਹਾ ਸੀਹਰਦੇਵ ਲਾਗੇ ਹੀ ਬੈਠਾ ਉਹਦੇ ਮੂੰਹ ਵੱਲ ਝਾਕ ਰਿਹਾ ਸੀ, ਇਸ ਆਸ ਨਾਲ ਕਿ ਫੁੱਫੜ ਥੋੜ੍ਹੀ ਬਾਹਲੀ ਦੇਸੀ ਆਂਡਿਆਂ ਦੀ ਭੁਰਜੀ ਤਾਂ ਛੱਡੇਗਾ ਹੀ! ਦੇਖਦੇ ਹੀ ਦੇਖਦੇ ਫੁੱਫੜ ਨੇ ਪਰੌਂਠੇ ਅਤੇ ਭੁਰਜੀ ਬੰਨੇ ਲਾ ਦਿੱਤੀ ਅਤੇ ਫੁਰਰ-ਫੁਰਰ ਕਰ ਕੇ ਲੱਤ ਜਿੱਡਾ ਲੱਸੀ ਦਾ ਗਲਾਸ ਵੀ ਇੱਕੋ ਸਾਹੇ ਚਾੜ੍ਹ ਲਿਆਫਿਰ ਲੰਬਾ ਸਾਰਾ ਅਤੇ ‘ਗਿੱਲਾ ਡਕਾਰ’ ਮਾਰ ਕੇ ਕੜਾਹ ਵਾਲੇ ਛੰਨੇ ’ਤੇ ਟੁੱਟ ਕੇ ਪੈ ਗਿਆ। ਕੜਾਹ ਵੀ ਬੰਨੇ ਲਾ ਦਿੱਤਾਉਸਨੇ ਚਮਚਾ ਥਾਲ ਵਿੱਚ ਰੱਖ ਕੇ ਉਂਗਲੀ ਨਾਲ ਕੜਾਹ ਵਾਲੇ ਛੰਨੇ ਨੂੰ ਮਾਂਜਣ ਵਾਂਗ ਚਮਕਾ ਦਿੱਤਾਫਿਰ ਮੰਜੇ ਤੋਂ ਉੱਠ ਜੁੱਤੀ ਪਾ ਕੇ ਉਹ ਨਲਕੇ ’ਤੇ ਹੱਥ ਧੋਂਦਾ ਬੋਲਿਆ,“ਆਹ... ਹਾ... ਸੁਆਦ ਆ ਗਿਆ!”

ਭੁੱਖਾ ਹਰਦੇਵ ਫੁੱਫੜ ਦੇ ਖ਼ਾਲੀ ਕੀਤੇ ਭਾਂਡੇ ਖੁਰੇ ਵਿੱਚ ਰੱਖ ਕੇ ਆਪ ਰਸੋਈ ਵੱਲ ਨੂੰ ਹੋ ਤੁਰਿਆ

ਕਰਤਾਰੀ ਨੇ ਨਿਆਣਿਆਂ ਦੇ ਫੁੱਫੜ ਲਈ ਦੇਸੀ ਗੁੜ ਅਤੇ ਲੌਂਗ-ਇਲਾਚੀਆਂ ਵਾਲੀ ਚਾਹ ਦਾ ਪਤੀਲਾ ਧਰ ਦਿੱਤਾ

ਰਸੋਈ ਵਿੱਚ ਕੱਲ੍ਹ ਦੀ ਬੇਹੀ ‘ਮਸਰਾਂ ਦੀ ਦਾਲ’ ਨਾਲ ਰੋਟੀ ‘ਅੰਦਰ ਸੁੱਟ’ ਕੇ ਜਦੋਂ ਹਰਦੇਵ ਫੁੱਫੜ ਨੂੰ ਚਾਹ ਫੜਾਉਣ ਗਿਆ ਤਾਂ ਫੁੱਫੜ ਬਰਸਾਤੀ ਡੱਡੂ ਅਤੇ ਸੂਰਾਂ ਦੇ ਖੌਰੂ ਪਾਉਣ ਵਾਂਗ ਅਵਾਜ਼ ਬਦਲ-ਬਦਲ ਕੇ ਘੁਰਾੜੇ ਮਾਰ ਰਿਹਾ ਸੀਦੇਸੀ ਆਂਡਿਆਂ ਦੀ ਭੁਰਜੀ ਅਤੇ ਦੇਸੀ ਘਿਓ ਦੇ ਕੜਾਹ ਦੀ ਦੇਗ ਦੀ ਘੂਕੀ ਨੇ ਅੱਜ ਅੜਬ ਫੁੱਫੜ ਢਾਹ ਲਿਆ ਸੀ

ਭਾਵੇਂ ਹਰਦੇਵ ਦੇ ਬਾਬਿਆਂ ਦਾ ਇੱਕ ਵੱਡਾ ਅਤੇ ਸੁਲਝਿਆ ਹੋਇਆ ਪਰਿਵਾਰ ਸੀ ਪਰ ਇਹ ਅੜਬ ਫੁੱਫੜ ਸਾਰੀ ਉਮਰ ਕੋਈ ਨਾ ਕੋਈ ਪੰਗਾ ਲੈਂਦਾ ਹੀ ਰਿਹਾਪਰਿਵਾਰ ਦੀ ਸ਼ਰਾਫਤ, ਸਾਊਪੁਣਾ, ਕਮਜ਼ੋਰੀ ਜਾਂ ਫਿਰ ਸਮਝਦਾਰੀ ਮੰਨੋ ਕਿ ਉਹ ਸਾਰੀ ਉਮਰ ਆਪਣੀ ਧੀ ਦੀ ਖਾਤਰ ਇਸ ਅੜਬ ਜਵਾਈ ਦਾ ਪਾਣੀ ਭਰਦੇ ਰਹੇਰਿਸ਼ਤਿਆਂ ਦੇ ਲੰਮੇ ਚੌੜੇ ਤਾਣਿਆਂ-ਬਾਣਿਆਂ ਵਿੱਚ ਕਈ ਰਿਸ਼ਤੇਦਾਰ ਦਾਲ ਦੇ ਕੋਕੜੂਆਂ ਵਰਗੇ ਹੁੰਦੇ ਹਨਕੋਕੜੂ ਪਹਿਲੀ ਬੁਰਕੀ ਵਿੱਚ ਆਵੇ ਤਾਂ ਸੁਆਦ ਖਰਾਬ, ਜੇ ਆਖਰੀ ਬੁਰਕੀ ਵਿੱਚ ਆ ਜਾਵੇ ਤਾਂ ਰੋਟੀ ਦਾ ਮਜ਼ਾ ਵੀ ਖਰਾਬ! ਕੋਕੜੂ ਜੇਕਰ ਦਿਸ ਜਾਣ ਤਾਂ ਦਾਲ਼ ਵਿੱਚੋਂ ਨਿਕਲ ਜਾਣ ਪਰ ਕਈ ਕੋਕੜੂ ਤਾਂ ਨਿਰੇ ਦਾਲ ਵਰਗੇ ਹੀ ਲਗਦੇ ਹਨ, ਜੋ ਦੇਖਦਿਆਂ ਵੀ ਦਿਸਦੇ ਨਹੀਂ, ਤੇ ਲੱਭਦੇ ਵੀ ਨਹੀਂਕੋਕੜੂ ਸਾਡੇ ਅੰਦਰ ਲੰਘਦੇ ਨਹੀਂ ਅਤੇ ਦਾਲ ਵੀ ਸੁੱਟੀ ਨਹੀਂ ਜਾਂਦੀ! ਲਗਦਾ ਹੈ, ਇਹ ਕੋਕੜੂ ਤਾਂ ਮੂੰਹ ਵਿੱਚ ਆਉਂਦੇ ਰਹਿਣਗੇ ਅਤੇ ਦੰਦ ਤੋੜਦੇ ਹੀ ਰਹਿਣਗੇ। ਪਰ ਕੀਤਾ ਕੀ ਜਾਵੇ? ਬੱਸ, ਜ਼ਰਾ ਬਚ ਕੇ ਰਹਿਣਾ ਪਊ ਸੱਜਣੋ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author