“ਦੇਖੋ ਆ ਕੇ ਜਰਾ, ਪਿੰਡ ਵਿੱਚ ਚਾਰ ਚੁਫੇਰੇ ਕੋਠੀਆਂ ਹੀ ਕੋਠੀਆਂ ਪੈ ਗਈਆਂ ਹਨ ...”
(10 ਅਕਤੂਬਰ 2025)
ਕੁਝ ਸਮਾਂ ਪਹਿਲਾਂ ਮੇਰੀਆਂ ਆਪਣੇ ਪੇਂਡੂ ਮਿੱਤਰ ਨਾਲ ਪਿੰਡ ਦੀਆਂ ਗੱਲਾਂ ਚੱਲ ਪਈਆਂ। ਇਸ ਸੱਜਣ ਨੇ ਖੁਸ਼ ਹੋ ਕੇ ਦੱਸਿਆ ਕੇ ਆਪਣੇ ਪਿੰਡ ਨੇ ਬਹੁਤ ‘ਤਰੱਕੀ’ ਕਰ ਲਈ ਆ। ਫ਼ੋਨ ਉੱਪਰ ਹੀ ਆਪਣੀ ਛਾਤੀ ਚੌੜੀ ਕਰ, ਮੈਂ ਆਪਣੇ ਕੰਨਾਂ ਨੂੰ ਥੋੜ੍ਹਾ ਹੋਰ ਖੋਲ੍ਹ ਕੇ ਸੁਣਨ ਲੱਗ ਪਿਆ ਤਾਂ ਕਿ ਕੋਈ ਗੱਲ ਅਣਸੁਣੀ ਨਾ ਖਿਸਕ ਜਾਵੇ ਜਾਂ ਫਿਰ ਕਿਸੇ ਗੱਲ ਦਾ ਭੁਲੇਖਾ ਨਾ ਰਹਿ ਜਾਵੇ। ਮਨ ਵਿੱਚ ਮੈਂ ਸੋਚਣ ਲੱਗਾ ਕਿ ਕੀ ਸਾਡੇ ਪਿੰਡ ਵਿੱਚ ਸਰਬ-ਸੰਮਤੀ ਦੀ ਪੰਚਾਇਤ ਬਣ ਗਈ? ਜਾਂ ਪਿੰਡ ਦੇ ਬੱਚੇ-ਬੱਚੀਆਂ ਪੜ੍ਹ ਲਿਖ ਜਾਂ ਤਰੱਕੀ ਕਰ ਵੱਡੇ ਅਫਸਰ, ਵਕੀਲ, ਡਾਕਟਰ, ਅਧਿਆਪਕ, ਪ੍ਰੋਫੈਸਰ, ਬਿਜ਼ਨਸਮੈਨ, ਸਾਇੰਸਦਾਨ, ਸਿਰਕੱਢ ਖਿਡਾਰੀ, ਇਮਾਨਦਾਰ ਸਿਆਸਤਦਾਨ ਜਾਂ ਫਿਰ ਹੋਰ ਕੁਝ ਬਣ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਜਾਂ ਨੁਹਾਰ ਬਦਲਣ ਦੇ ਕਾਬਲ ਹੋ ਗਏ ਹੋਣਗੇ? ਮੇਰਾ ਦਿਮਾਗ਼ ਅਜੇ ਇਨ੍ਹਾਂ ਸੋਚਾਂ ਵਿੱਚ ਘੁੰਮ ਰਿਹਾ ਸੀ, ਜਦੋਂ ਦੂਸਰੇ ਪਾਸਿਓਂ ਕੰਨ ਪਾੜਵੀਂ ਤੇ ਜੁਸ਼ੀਲੀ ਅਵਾਜ਼ ਆਈ, “ਦੇਖੋ ਆ ਕੇ ਜਰਾ, ਪਿੰਡ ਵਿੱਚ ਚਾਰ ਚੁਫੇਰੇ ਕੋਠੀਆਂ ਹੀ ਕੋਠੀਆਂ ਪੈ ਗਈਆਂ ਹਨ।”
ਜ਼ਰੂਰੀ ਤਾਂ ਨਹੀਂ ਪਰ ਅਕਸਰ ਇਸ ਤਰ੍ਹਾਂ ਦੀ ਜੁਸ਼ੀਲੀ ਗੱਲਬਾਤ ਦੌਰਾਨ ਨਾ ਚਾਹੁੰਦਿਆਂ ਵੀ ਗੱਲ ਕਰਨ ਵਾਲੇ ਦੇ ਮੂੰਹੋਂ ‘ਥੁੱਕ ਦੀਆਂ ਕਣੀਆਂ ਦੀ ਵਾਛੜ’ ਹੋ ਜਾਂਦੀ ਹੈ। ਫ਼ੋਨ ’ਤੇ ਗੱਲਬਾਤ ਹੋਣ ਦੇ ਬਾਵਜੂਦ ਵੀ ਮੈਨੂੰ ਮੇਰੇ ਗਰਾਈਂ ਦੇ ਇਸ ਜੋਸ਼ ਵਿੱਚ ਉਸਦੇ ਮੂੰਹੋਂ ਨਿਕਲੀਆਂ ਗੱਲਾਂ ਵਿੱਚ ਗਰਮੀ ਅਤੇ ਮੇਰੇ ਕੰਨਾਂ ਤਕ ਇਸ ਗਰਮੀ ਦੀ ਭਾਫ਼ ਜਾਂ ਕਣੀਆਂ ਦੀ ਵਾਛੜ ਮਹਿਸੂਸ ਹੋਈ। ਪਿੰਡ ਦੀ ਤਰੱਕੀ ਹੋਵੇ ਤੇ ਆਪਾਂ ਖੁਸ਼ ਨਾ ਹੋਈਏ? ਇਹ ਕਿਸ ਤਰ੍ਹਾਂ ਹੋ ਸਕਦਾ? ਗੱਲ ਤਾਂ ਸਹੀ ਹੈ ਹੀ ਜੇ ਇਸ ਤਰੱਕੀ ਦਾ ਪੈਮਾਨਾ ਸਿਰਫ਼ ਸਾਡੇ ਟਿੱਬਿਆਂ ਵਾਲੇ ਪਿੰਡ ਦਾ ਕੋਠੀਕਰਨ ਹੀ ਮੰਨ ਲਿਆ ਜਾਵੇ, ਜੋ ਕਿ ਮੈਂ ਆਪ ਵੀ ਦੇਖ ਆਇਆ ਹਾਂ। ਇਹ ਸਹੀ ਹੈ ਕਿ ਪਿੰਡ ਵਿੱਚ ਬਹੁਤ ਬਦਲਾਉ ਆ ਗਿਆ ਹੈ। ਸਮੇਂ ਦੇ ਨਾਲ ਆਉਣਾ ਵੀ ਹੈ, ਤੇ ਆਉਣਾ ਚਾਹੀਦਾ ਵੀ ਹੈ। ਪਿੰਡ, ਕੋਠੇ, ਕੋਠੀਆਂ, ਮਕਾਨ, ਮਨੁੱਖ, ਰਿਸ਼ਤੇ-ਨਾਤੇ, ਵਾਤਾਵਰਣ, ਆਲਾ-ਦੁਆਲਾ ਸਭ ਬਦਲ ਰਹੇ ਹਨ। ਇਸ ਬਦਲਾਓ ਕਾਰਨ “ਘਰ” ਵੀ ਬਦਲੀ ਜਾਂਦੇ ਹਨ। ਹੁਣ ਮਕਾਨਾਂ ਨਾਲੋਂ ਜ਼ਿਆਦਾ ਕੋਠੀਆਂ ਉੱਸਰ ਰਹੀਆਂ ਹਨ। ਕਾਰਨ ਭਾਵੇਂ ਕੋਈ ਵੀ ਹੋਵੇ, ਉੱਪਰਲੀ ਸ਼੍ਰੇਣੀ ਦਾ ਦਿਖਾਵਾ, ਮਜਬੂਰੀ ਜਾਂ ਹੋਰ ਕੋਈ ਵੀ ਪਰ ਇਹ ਸੱਚ ਵੀ ਲਕੋਇਆਂ ਨਹੀਂ ਲੁਕਦਾ ਕਿ ਇਸ ਪਿੱਛੇ ਬਹੁਤਾ ਕਾਰਨ ਸਾਡੀ ਵੱਡੇ ਬਣਨ, ਦਿਸਣ ਜਾਂ ਦਿਖਾਉਣ ਦੀ ਮਾਨਸਿਕ ਕਮਜ਼ੋਰੀ ਵੀ ਹੈ।
ਕੁਝ ਸਮਾਂ ਪਹਿਲਾਂ ਜੇ ਕਦੀ ਕਿਸੇ ਪਿੰਡ ਵਿੱਚ ਪਹੁੰਚਦਿਆਂ ਬਾਹਰਲੀ ਫਿਰਨੀ ਤੋਂ ਹੀ ਕਿਸੇ ਤੋਂ ਕਿਸੇ ਫਲਾਨੇ ਸਿੰਘ ਦਾ “ਘਰ” ਪੁੱਛ ਲਿਆ ਜਾਂਦਾ ਸੀ ਤਾਂ ਲੋਕ ਇੱਕ ਜਿਊਂਦੇ ਜਾਗਦੇ ਜੀ ਪੀ ਐੱਸ ਸਿਸਟਮ ਵਾਂਗ ਤੁਹਾਨੂੰ ਧੁਰ ਉਸ ਘਰ ਤਕ ਛੱਡ ਕੇ ਆਉਂਦੇ ਸੀ। ਹੁਣ ਪੁੱਛੋ ਤਾਂ ਅਗਲੇ ਕਹਿ ਦਿੰਦੇ ਹਨ, ਪਤਾ ਨਹੀਂ। ਜਾਂ ਫਿਰ ਔਹ ਬਾਹਰਲੀ ਜਹਾਜ਼ੀ ਟੈਂਕੀ ਕੋਠੀ ਵਾਲਿਆਂ ਦੇ ਬਾਹਰ ਬਾਹਰ ਹੀ ਚਲੇ ਜਾਵੋ। ਸੋਚਿਆ ਜਾਵੇ ਤਾਂ ਕੋਠੀਆਂ ਵੀ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ। ਇੱਕ ਤੁਹਾਡਾ ਠੁੱਕ ਬੰਨ੍ਹਣ ਲਈ ਤੇ ਦੂਸਰੀਆਂ ਐਵੇਂ ਹਮਾਤੜ ਕਿਸਮ ਦੀਆਂ।
ਆਪਣੇ ਮਨ ਵਿੱਚ ਵਸੀਆਂ ਕੋਠੀਆਂ ਦੀ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਮੈਂ ਪੰਜਾਬੀ ਦੇ ਪ੍ਰਸਿੱਧ ਤੇ ਨਵੇਕਲੇ ਲੇਖਕ ਡਾਕਟਰ ਗੁਰਬਖ਼ਸ਼ ਸਿੰਘ ਭੰਡਾਲ ਦੁਆਰਾ ਲਿਖਤ ਲਾ-ਜਵਾਬ ਕਿਤਾਬ ‘ਘਰ ਅਰਦਾਸ ਕਰੇ’ ਦਾ ਜ਼ਿਕਰ ਕਰਨਾ ਨਹੀਂ ਭੁੱਲਣਾ ਚਾਹੁੰਦਾ। ਮੈਂ ਪੜ੍ਹੀ ਤਾਂ ਕਈ ਮਹੀਨੇ ਪਹਿਲਾਂ ਸੀ, ਪਰ ਮੇਰੀ ਯਾਦਸ਼ਕਤੀ ਵਿੱਚ ਅਜੇ ਵੀ ਉੱਕਰੀ ਪਈ ਹੈ। ਜੇਕਰ ਕਿਤੇ ਆਪ ਜੀ ਨੂੰ ਸਮਾਂ ਇਜਾਜ਼ਤ ਦੇਵੇ ਤਾਂ ਜ਼ਰੂਰ ਪੜ੍ਹਨ ਦੀ ਕੋਸ਼ਿਸ਼ ਕਰਨੀ। ਪੜ੍ਹਨ ਦੇ ਨਾਲ ਹੀ ਤੁਸੀਂ ਮਹਿਸੂਸ ਵੀ ਕਰੋਗੇ ਕੇ ਕਿੰਨੀ ਰਸੀਲੀ ਬੋਲੀ ਅਤੇ ਸਰਲ ਭਾਸ਼ਾ ਵਿੱਚ ਲਿਖੀ ਖੂਬਸੂਰਤੀ ਕਿਤਾਬ ਹੈ। ਇਨ੍ਹਾਂ ਨੇ ਪਿੰਡ, ਘਰ, ਘਰ ਦੀ ਅਰਦਾਸ, ਘਰ ਦੇ ਬਾਹਰਲੇ ਬੂਹੇ ਦੀ ਬੰਦਗੀ, ਫਿਰ ਅੰਦਰ ਵੜ - ਇੱਕ ਵਿਹੜੇ ਦੀ ਅਰਜੋਈ, ਕੰਧਾਂ ਦੇ ਹੁੰਗਾਰੇ, ਕਮਰਿਆਂ ਦੀ ਕੂਕਾਂ ਦੇ ਸੰਮੇਲਨ ਨਾਲ ਹੀ ਘਰ ਅੰਦਰਲੇ ਰਿਸ਼ਤਿਆਂ ਦਾ ਤਾਣਾਬਾਣਾ ਪਰੋਇਆ ਹੋਇਆ ਹੈ। ਆਪਣੇ ਅੱਖਰਾਂ ਦੀ ਜਾਦੂਗਰੀ ਨਾਲ ਇਹ ਸੁਨੇਹਾ ਵੀ ਦਿੱਤਾ ਹੈ ਕਿ ਅਣਗੌਲੇ ਮਕਾਨ, ਜਾਂ ਫਿਰ ਕੋਠੀਆਂ, ਜਾਂ ਕਬੂਤਰ ਖ਼ਾਨਿਆਂ ਨੂੰ “ਘਰ” ਵਿੱਚ ਬਦਲਣ ਲਈ ਬਹੁਤ ਜ਼ਰੂਰੀ ਹੈ ਤੁਹਾਡੇ ਮਾਂ-ਬਾਪ, ਭੈਣ-ਭਰਾ, ਜੀਵਨ-ਸਾਥੀ ਅਤੇ ਬੇਟੇ-ਬੇਟੀਆਂ ... ਤੁਹਾਡੇ ਬੋਟਾਂ ਦੀਆਂ ਪੈਂਦੀਆਂ ਕਿਲਕਾਰੀਆਂ ਅਤੇ ਫਿਰ ਮਾਰੀਆਂ ਉਡਾਰੀਆਂ। ਧੀਆਂ ਦੀਆਂ ਰੌਣਕਾਂ ਤੇ ਫਿਰ ਰੌਣਕਾਂ ਦਾ ਡੋਲੀ ਬੈਠ ਇਸ ਘਰੋਂ ਉਡਾਰੀ ਮਾਰ ਅਗਲੇ ਘਰ ਦੀ ਰੌਣਕ ਬਣਨਾ। ਹੁਣ ਘਰ ਮਕਾਨਾਂ ਵਿੱਚ ਅਤੇ ਮਕਾਨ ਕੋਠੀਆਂ ਵਿੱਚ ਤਾਂ “ਫੈਲਦੇ” ਜਾ ਰਹੇ ਹਨ ਪਰ ਮਨੁੱਖ ਰਿਸ਼ਤਿਆਂ ਵਿੱਚ ‘ਸੁੰਗੜ’ ਰਿਹਾ ਹੈ। ਰਿਸ਼ਤਿਆਂ ਦਾ ਸੁੰਗੜਨਾ ਇੱਕ ਚਿਤਾਵਨੀ ਅਤੇ ਕਾਰਨ ਵੀ ਹੈ ਘਰਾਂ ਦਾ ਮਕਾਨਾਂ ਵੱਲ ਫਿਸਲਣਾ। ਸਭ ਕੁਝ ਦਾ ਜ਼ਿਕਰ ਕੀਤਾ ਹੈ ਇਨ੍ਹਾਂ ਨੇ ਇੱਕ ਨਵੇਕਲੇ ਅੰਦਾਜ਼ ਅਤੇ ਸ਼ਬਦਾਂ ਦੀ ਵਿਲੱਖਣਤਾ ਨਾਲ ਭਰਪੂਰ ਨਿਬੰਧਾਂ ਵਿੱਚ।
ਮੇਰੀ ਯਾਦਾਂ ਦੀ ਪਟਾਰੀ ਵਿੱਚੋਂ ‘ਦੋ ਕੋਠੀਆਂ’ ਜਾ ਹੀ ਨਹੀਂ ਰਹੀਆਂ। ਜੀ ਨਹੀਂ, ਮੈਂ ਕਬੂਤਰੀ ਜਾਂ ਜਹਾਜ਼ੀ ਕੋਠੀਆਂ ਦੀ ਗੱਲ ਨਹੀਂ ਕਰਨੀ, ਇਹ ਤਾਂ ਤੁਸੀਂ ਆਮ ਹੀ ਪਿੰਡ-ਪਿੰਡ ਦੇਖਦੇ ਹੀ ਰਹਿੰਦੇ ਹੋ। ਪੈਂਤੀ ਕੁ ਸਾਲ ਪਹਿਲਾਂ ਅਸੀਂ ਪਿੰਡ ਤੋਂ ਬਾਹਰ ਪੈਂਦੀ ਹਵੇਲੀ ਵਿੱਚ ਆਪਣੇ ਰਹਿਣ ਲਈ ਘਰ ਬਣਾ ਰਹੇ ਸੀ। “ਬਿੱਲੀ” ਨਾਮ ਦਾ ਮੇਰਾ ਇੱਕ ਜਮਾਤੀ, ਜੋ ਘਰੇਲੂ ਤੰਗੀਆਂ ਕਰਕੇ ਅੱਗੇ ਨਹੀਂ ਪੜ੍ਹ ਸਕਿਆ, ਉਹ ਰਾਜ ਮਿਸਤਰੀਆਂ ਦੇ ਨਾਲ ਦਿਹਾੜੀਆਂ ਕਰਨ ਪਿਆ। ਇੱਕ ਦਿਨ ਮਿੱਟੀ ਦੀ ਘਾਣੀ ਨਾਲ ਲਿੱਬੜਿਆ ਉਹ ਮੇਰੇ ਕੋਲ ਆ ਕੇ ਮਿੰਨ੍ਹਾ ਮਿੰਨ੍ਹਾ ਮੁਸਕਰਾਉਣ ਲੱਗ ਪਿਆ। ਇੱਕ ਚੜ੍ਹਦੀ ਜਵਾਨੀ ਵਿੱਚ ਮੁੰਡਾ, ਜਿਸਦੀ ਉਮਰ ਸਕੂਲ ਵਿੱਚ ਪੜ੍ਹਨ ਦੀ ਹੋਵੇ, ਪਰ ਬਜਾਏ ਇਸਦੇ ਮਜ਼ਦੂਰੀ ਦੀ ਮਜਬੂਰੀ ਬਣ ਜਾਵੇ ਤਾਂ ਕੋਈ ਕਾਰਨ ਤਾਂ ਹੋਵੇਗਾ ਹੀ ਉਸਦੇ ਮੁਸਕਰਾਉਣ ਦਾ? ਉਸਦੀ ਇਸ ਖੁਸ਼ੀ ਦਾ ਪਲ ਖਿਸਕਣ ਤੋਂ ਪਹਿਲਾਂ ਹੀ ਉਹਦੇ ਮੋਢੇ ਹੱਥ ਰੱਖ ਮੈਂ ਜਲਦੀ ਨਾਲ ਪੁੱਛਿਆ ਲਿਆ, “ਕਿਵੇਂ ਦੋਸਤ, ਅੱਜ ਬੜਾ ਖੁਸ਼ ਲਗਦਾ ਆਂ?”
ਹਾਲਾਂ ਕਿ ਮਿਸਤਰੀ ਦਾ ਮਜ਼ਦੂਰ ਹੋਣ ਕਰਕੇ ਮਿਸਤਰੀ ਉਸ ਵੱਲ ਘੂਰ ਰਿਹਾ ਸੀ, ਪਰ ਮੇਰੇ ਦੋਸਤ ਨੇ ਕਿਹਾ, “ਯਾਰ, ਆਹ ਮਿਸਤਰੀ ਤਾਂ ਕਾਰੀਗਰ ਹੈ। ਪਰ ਮੈਨੂੰ ਅੱਜ ਇੱਕ ‘ਪੁਰਾਣੀ ਗੱਲ ਯਾਦ ਆਉਣ ਕਰਕੇ ਹਾਸਾ ਆ ਰਿਹਾ ਹੈ …।”
ਗੱਲ ਨੂੰ ਅੱਗੇ ਤੋਰਦਿਆਂ ਬਿੱਲੀ ਨੇ ਦੱਸਿਆ ਕਿ ਪਿੱਛੇ ਜਿਹੇ ਮੈਂ ਆਪਣੇ ਪਿੰਡ ਵਾਲੇ ‘ਗਿੰਦੋ ਮਿਸਤਰੀ’ ਨਾਲ ਗੁਰੇ (ਬੰਦੇ ਦਾ ਨਾਮ) ਦੀ ਕੋਠੀ ਬਣਾਉਣ ਚਲਾ ਗਿਆ। (ਗੁਰੇ ਹੋਰੀਂ ਸਾਡੇ ਪਿੰਡੋਂ ਹਟਵੇਂ ਖੇਤਾਂ ਵਿੱਚ ਹੀ ਰਹਿੰਦੇ ਸੀ। ਮੱਧਰੇ ਕੱਦ ਦੇ ਗੁਰੇ ਦਾ ਰੰਗ ਕਾਲਾ, ਬੋਲਣ ਵਿੱਚ ਕਾਹਲ, ਕਾਲੀ ਦਾਹੜੀ, ਤੇੜ ਕਛਹਿਰਾ ਪਹਿਨਦਾ ਤੇ ਥੋੜ੍ਹੀ ਸਿੱਧ ਪੱਧਰੀ ਤਬੀਅਤ ਦਾ ਮਾਲਕ ਮੇਰੀ ਯਾਦ ਵਿੱਚ ਵਸਿਆ ਹੁਲੀਆ)। ਗਿੰਦੋ ਮਿਸਤਰੀ ਨੇ ਮਿਸਤਰੀਪੁਣੇ ਵਿੱਚ ਨਿਪੁੰਨ ਨਾ ਹੋਣ ਕਰਕੇ ਆਪਣਾ ਕੰਮ ਟਿਊਬਲਾਂ ਦੀਆਂ ਕੋਠੀਆਂ, ਮਰਿਆਂ ਦੀਆਂ ਮਟੀਆਂ, ਜਾਂ ਫਿਰ ਪਸ਼ੂਆਂ ਦੀਆਂ ਖੁਰਲੀਆਂ ਆਦਿ ਤਕ ਹੀ ਸੀਮਿਤ ਰੱਖਿਆ ਹੋਇਆ ਸੀ। ਗੁਰੇ ਦੇ “ਟੂਬਲ ਦੀ ਕੋਠੀ” ਵੀ ਇਸਦਾ ਨਮੂਨਾ ਹੀ ਸੀ। ਬਿੱਲੀ ਨੇ ਦੱਸਿਆ ਕੇ ਜਿਸ ਦਿਨ ਗੁਰੇ ਦੀ ਟੂਬਲ ਦੀ ਕੋਠੀ ਦੀ ਛੱਤ ਪਾਉਣੀ ਸੀ, ਉਸ ਦਿਨ ਕਾਲੇ ਬੱਦਲ ਚੜ੍ਹ ਕੇ ਆ ਗਏ। ਗਿੰਦੋ, ਬਿੱਲੀ ਤੇ ਗੁਰੇ ਨੇ ਰਲ-ਮਿਲ ਕੇ ਕਾਹਲੀ-ਕਾਹਲੀ ਅਤੇ ਮੀਂਹ ਆਉਣ ਤੋਂ ਪਹਿਲਾਂ ਹੀ ਛੱਤ ਪਾ ਮੋਰਚਾ ਫ਼ਤਿਹ ਕਰਕੇ ਆਪਣੇ ਘਰਾਂ ਨੂੰ ਚਾਲੇ ਪਾ ਲਏ। ਕਾਲ਼ੇ ਬਿਜਲਈ ਕੜਕਦੇ ਬੱਦਲ ਦਿਨ ਵੇਲੇ ਸਿਰਫ਼ ਡਰਾ ਕੇ ਹੀ ਔਹ ਗਏ, ਔਹ ਗਏ।
ਗਿੰਦੋ, ਬਿੱਲੀ ਤੇ ਗੁਰੇ ਨੇ ਆਪੋ ਆਪਣੇ ਘਰੀਂ ਜਾ ਕੇ, ਰਾਤ ਦੇ ਪ੍ਰਸ਼ਾਦੇ ਛਕ ਕੇ ਘੁਰਾੜਿਆਂ ਦੀ ਬਰਸਾਤ ਲਾ ਦਿੱਤੀ। ਦਿਨ ਦੀ ਥਕਾਵਟ ਅਤੇ ਬਿਸਤਰਿਆਂ ਦੇ ਨਿੱਘ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਦਿਨ ਵੇਲੇ ਦੇ ਗਰਜਣ ਵਾਲੇ ਡਰਾਊ ਬੱਦਲਾਂ ਨੇ ਰਾਤ ਨੂੰ ਬਰਸਣ ਵਾਲੇ ਅਸਲੀ ਬੱਦਲ ਭੇਜ ਕੇ ਧਰਤੀ ਉੱਤੇ ਪਾਣੀਓਂ ਪਾਣੀ ਕਰ ਦਿੱਤਾ। ਬਿੱਲੀ ਨੇ ਦੱਸਿਆ ਕੇ ਦਿਨ ਵੇਲੇ ਦੇ ਬੱਦਲ ਉਸਦੇ ਸੁਪਨੇ ਵਿੱਚ ਆ ਬਹੁੜੇ। ਨਾਲ ਹੀ ਯਾਦ ਆ ਗਿਆ ਕਿ ਗੁਰੇ ਦੀ ਕੋਠੀ ਦੀ ਤਾਜ਼ੀ ਪਾਈ ਛੱਤ ਦਾ ਪਰਨਾਲਾ ਤਾਂ ਰੱਖਿਆ ਹੀ ਨਹੀਂ! ਉਹ ਉੱਬੜ੍ਹ ਕੇ ਮੰਜੇ ’ਤੇ ਬੈਠ ਗਿਆ ਪਰ ਦੁਬਾਰਾ ਫਿਰ ਘੂਕ ਸੌਂ ਗਿਆ, ਇਹ ਸੋਚ ਕੇ ਕਿ ਸੁਪਨੇ ਕਦੇ ਸੱਚ ਨਹੀਂ ਹੁੰਦੇ। ਅਚਾਨਕ ਘਰ ਦੇ ਲੋਹੇ ਦੇ ਦਰਵਾਜ਼ੇ ’ਤੇ ਦਿਲ ਘਬਰਾਊ ਠਾਹ ਠਾਹ ਠਾਹ ਦੀ ਅਵਾਜ਼ ਆਈ। ਅੱਖਾਂ ਮਲਦਿਆਂ ਤੇ ਜ਼ੋਰ ਨਾਲ ਉਘਾੜਦਿਆਂ ਬਿੱਲੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਪਹਿਲਾਂ ਤੋਂ ਖੁੱਲ੍ਹੀਆਂ ਅੱਖਾਂ ਅੱਡੀਆਂ ਰਹਿ ਗਈਆਂ, ਬਾਹਰ ਲੰਬਾ ਕਛਹਿਰਾ ਪਾਈ ਅਤੇ ਘਬਰਾਏ ਹੋਏ ਗੁਰੇ ਨੂੰ ਖੜ੍ਹਾ ਦੇਖ ਕੇ। ਬਿੱਲੀ ਨੂੰ ਭਾਵੇਂ ਲੱਗਾ ਕੇ ਭਾਣਾ ਤਾਂ ਵਰਤ ਹੀ ਗਿਆ ਹੈ, ਪਰ ਫਿਰ ਵੀ ਉਹਨੇ ਗੁਰੇ ਦੇ ਮੂੰਹੋਂ ਸੁਣਨ ਤਕ ਆਪਣੀ ਜ਼ਬਾਨ ਬੰਦ ਹੀ ਰੱਖੀ। ਉਦਾਸ ਮਨ ਨਾਲ ਗੁਰਾ ਬੋਲਿਆ, “ਯਾਰੋ ਕੱਲ੍ਹ ਨ੍ਹੇਰੀ ਬੱਦਲ ਵਿੱਚ ਟੂਬਲ ਦੀ ਕੋਠੀ ਦਾ ਪਰਨਾਲਾ ਰੱਖਣ ਦਾ ਗਿੰਦੋ ਨੂੰ ਚੇਤਾ ਈ ਭੁੱਲ ਗਿਆ। ਮੀਂਹ ਵੀ ਸਾਲਾ ਬਾਹਲਾ ਈ ਆ ਗਿਆ। ਛੱਤ ਦੀ ਗਿੱਲੀ ਮਿੱਟੀ ਪਾਣੀ ਵਿੱਚ ਪਾਣੀ ਬਣ ਰਿੜ੍ਹ ਗਈ ਆ। ਕੋਠੀ ਦੀ ਛੱਤ ਡਿਗ ਕੇ ਮੋਟਰ ਦੀ ਖੂਹੀ ਵਿੱਚ ਪਈ ਆ …. ਖੂਹੀ ਦੀ ਮੋਟਰ ਵੀ ਦੱਬ ਹੋ ਗਈ ਆ … ਗਿੰਦੋ ਰਾਤ ਦੀ ਦੇਸੀ ਪੀ ਕੇ ਪਿਆ ਆ, ਬੂਹਾ ਵੀ ਨਹੀਂ ਖੋਲ੍ਹਦਾ ਹਰਾਮੀ ... ਸਾਲਾ।”
ਗੁਰੇ ਨੂੰ ਘਰ ਦੀ ਸਰਦਣ ’ਤੇ ਦੁਖੀ ਹੋਇਆ ਦੇਖ ਕੇ ਬਿੱਲੀ ਨੂੰ ਹੁਣ ਇਹ ਧਾਰਨਾ ਵੀ ਝੂਠੀ ਲੱਗਣ ਲੱਗੀ ਕਿ ‘ਸੁਪਨੇ ਸਿਰਫ਼ ਸੁਪਨੇ ਹੀ ਹੁੰਦੇ ਹਨ, ਸੱਚ ਕਦੇ ਨਹੀਂ ਹੁੰਦੇ।’
* * *
ਲਗਭਗ ਉਦੋਂ ਕੁ ਹੀ ਦੀ ਇੱਕ ਹੋਰ ਗੱਲ ਹੈ।
ਇੱਕ ਦਿਨ ਅੱਤ ਦੀ ਗਰਮੀ ਵਿੱਚ ਸਾਡਾ ਵੱਡਾ ਭਾਈ ਸਕੂਟਰ ’ਤੇ ਸਵਾਰ ਹੋ ਕੇ ਪਿੰਡ ਵੱਲ ਨੂੰ ਆ ਰਿਹਾ ਸੀ। ਪੰਜਾਬ ਦੀਆਂ ਸੜਕਾਂ ਤੋਂ ਦਰੱਖਤਾਂ ਦੀ ਬੇਹਿਸਾਬ ਅਤੇ ਬੇਤਰਤੀਬੀ ਕਟਾਈ ਕਾਰਨ ਗਰਮੀਆਂ ਵਿੱਚ ਲੁਕ ਦੀਆਂ ਸੜਕਾਂ ਇੱਕ ਤੰਦੂਰ ਦੀ ਤਰ੍ਹਾਂ ਤਪਣ ਲੱਗ ਜਾਂਦੀਆਂ ਹਨ। ਗਰਮੀਆਂ ਦੇ ਸਿਖਰ ਦੁਪਹਿਰੇ ਇਨ੍ਹਾਂ ਸੜਕਾਂ ’ਤੇ ਪੈਦਲ ਤੁਰਨਾ ਮੁਸ਼ਕਿਲ ਜਾਂ ਫਿਰ ਅਸੰਭਵ ਹੀ ਹੋ ਜਾਂਦਾ ਹੈ। ਕਈ ਵਾਰੀ ਮਜਬੂਰੀ ਵੱਸ ਲੋਕਾਂ ਨੂੰ ਇਹ ਅਸਹਿ ਕਸ਼ਟ ਝੱਲਣਾ ਪੈਂਦਾ ਹੈ। ਮਿਰਗ ਤ੍ਰਿਸ਼ਨਾ ਦੇ ਤਹਿਤ ਇਹ ਤੰਦੂਰੀ ਤਪਦੀਆਂ ਸੜਕਾਂ ਦੂਰ ਤੋਂ ਪਾਣੀ ਦਾ ਭੁਲੇਖਾ ਵੀ ਪਾਉਂਦੀਆਂ ਹਨ। ਸੜਕਾਂ ਦੇ ਕੰਢੇ ਮਨੁੱਖੀ ਭਲਾਈ ਲਈ ਲਾਏ ਨਲਕੇ ਤਾਂ ਗਾਇਬ ਹੀ ਹਨ। ਜਿਹੜੇ ਹਨ ਹੀ, ਉਹ ਵੀ ਪਾਣੀ ਨਹੀਂ ਕੱਢਦੇ। ਕੱਢਣ ਵੀ ਕੀ, ਜਦੋਂ ਅਸੀਂ ਪਹਿਲਾਂ ਹੀ ਪਾਣੀ ਕੱਢ-ਕੱਢ ਖੂਹਾਂ ਦੇ ਖੂਹ ਖ਼ਾਲੀ ਕਰ ਦਿੱਤੇ ਹਨ। ਵੀਰਾਨ ਸੜਕ ’ਤੇ ਕਾਂ ਅੱਖ ਨਿਕਲਦੀ ਇਸ ਗਰਮੀ ਵਿੱਚ ਸਕੂਟਰ ’ਤੇ ਤੇਜ਼ ਜਾ ਰਹੇ ਸਾਡੇ ਭਾਈ ਦੀਆਂ ਨਜ਼ਰਾਂ ਨੂੰ ਦੂਰੋਂ ਕੋਈ ‘ਚੀਜ਼’ ਦਿਸੀ ਜੋ ਨਜ਼ਦੀਕ ਜਾਂਦੇ ਜਾਂਦੇ ਇੱਕ ਲਾਚਾਰ ਬਜ਼ੁਰਗ ਵਿੱਚ ਬਦਲ ਗਈ। ਹਾਲੋਂ ਬੇਹਾਲ ਹੋਏ ਇਸ ਬਜ਼ੁਰਗ ਨੇ ਸੜਕ ਦੇ ਐਨ ਵਿਚਕਾਰ ਇੱਲ ਵਾਂਗ ਦੋਨੋਂ ਹੱਥ ਫੈਲਾ ਕੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ। ਤੀਹ ਪੈਂਤੀ ਸਾਲ ਪਹਿਲਾਂ ਡਰ ਦਾ ਮਾਹੌਲ ਹੁੰਦਿਆਂ ਵੀ ਭਾਅ ਨੇ ਸਕੂਟਰ ਰੋਕਿਆ ਤਾਂ ਬਜ਼ੁਰਗ ਭਾਣੇ ਅਸਮਾਨ ਤੋਂ ਫ਼ਰਿਸ਼ਤਾ ਆ ਉੱਤਰਿਆ। ਟੁੱਟੀ-ਜੁੱਤੀ ਅਤੇ ਸੁੱਕੇ-ਮੂੰਹੀਂ, ਦੋਵੇਂ ਹੱਥ ਬੰਨ੍ਹ ਉਸ ਬਜ਼ੁਰਗ ਨੇ ਭਾਅ ਕੰਨੀ ਬੇਨਤੀ ਕੀਤੀ ਕਿ ਤਿੰਨ-ਚਾਰ ਕੁ ਪਿੰਡ ਅੱਗੇ ਉਹਨੂੰ ਉਹਦੇ ਪਿੰਡ ਲਾਹ ਦੇਵੇ ਤਾਂ ਉਹ ਗਰਮੀ ਵਿੱਚ ਸੜਕ ’ਤੇ ਮਰਨ ਤੋਂ ਬਚ ਜਾਵੇਗਾ। ਬਜ਼ੁਰਗ ਦੇ ਪਿੰਡ ਪਹੁੰਚਦਿਆਂ ਹੀ ਭਾਅ ਨੇ ਇੱਕ ਝਾੜੀ ਨੁਮਾ ਦ੍ਰਖਤ ਕੋਲ ਸਕੂਟਰ ਰੋਕ ਦਿੱਤਾ। ਸਕੂਟਰ ਤੋਂ ਉੱਤਰ ਉਸ ਬਜ਼ੁਰਗ ਨੇ ਦੱਸਿਆ ਕੇ ਉਸਦਾ ਘਰ ਜ਼ਿਆਦਾ ਦੂਰ ਨਹੀਂ ਜੇ ਚਾਹੋ ਤਾਂ ਪਾਣੀ ਪੀ ਲਓ। ਨਾਲ ਲਗਦੇ ਹੀ ਭਾਜੀ ਨਾਲ ਸੰਖੇਪ ਜਿਹੀ ‘ਕੋਠੀ’ ਦੀ ਵਾਰਤਾਲਾਪ ਵੀ ਕੀਤੀ।
ਬਜ਼ੁਰਗ- ਸਰਦਾਰ ਜੀ ਤੁਸੀਂ ਇੰਨੀ ਗਰਮੀ ਕਿੱਧਰੋਂ ਆ ਰਹੇ ਹੋ?
ਭਾਜੀ- ਜੀ ਆਹ ਤੁਹਾਡੇ ਪਿੰਡਾਂ ਵਾਲੇ ਭੱਠਿਆਂ ਤੋਂ ਇੱਟਾਂ ਦਾ ਪਤਾ ਕਰਨ ਆਇਆ ਸੀ। ਇੱਟਾਂ ਥੁੜ ਗਈਆਂ, ਮਿਲ ਨਹੀਂ ਰਹੀਆਂ ਕਿਤੇ ਅੱਜ-ਕੱਲ੍ਹ।
ਬਜ਼ੁਰਗ- ਸਰਦਾਰ ਜੀ, ‘ਕੋਠੀ’ ਬਣਾ ਰਹੇ ਹੋ?
ਭਾਜੀ- (ਥੋੜ੍ਹਾ ਸੋਚ ਕੇ, ਬਜ਼ੁਰਗ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਅਤੇ ਮੁਸਕਰਾ ਕੇ) ਹਾਂਜੀ … ਹਾਂਜੀ…। ਹੈ ਤਾਂ ਕੋਠੀ ਹੀ, ਪਰ ਹੈ ਟਿਊਬਲ ਦੀ ਕੋਠੀ।”
ਜਾਂਦੇ-ਜਾਂਦੇ ਬਜ਼ੁਰਗ ਨੇ ਹੈਰਾਨੀ ਜਿਹੀ ਨਾਲ ਸਿਰ ਘੁਮਾਉਂਦਿਆਂ ਇੱਕ ਵਾਰ ਭਾਅ ਵੱਲ ਤੱਕਿਆ ਤੇ ਫਿਰ ਬੇਯਕੀਨੀ ਜਿਹੀ ਨਾਲ ਕਾਹਲੀ-ਕਾਹਲੀ ਪੈਰੀਂ ਪਾਈ ਹੋਈ ਟੁੱਟੀ ਜੁੱਤੀ ਘਸੀਟਦਾ ਆਪਣੇ ਘਰ ਵੱਲ ਜਾਂਦੀ ਬੀਹੀ ਵੱਲ ਹੋ ਤੁਰਿਆ। ਸ਼ਾਇਦ ਮਨ ਵਿੱਚ ਸੋਚਦਾ ਹੋਇਆ ਕਿ ਕਰ ਲਓ ਗੱਲ … ਦੇਖ ਲਓ ਵੱਡਾ ਸਰਦਾਰ! … ਕੋਠੀਆਂ ਵਾਲਾ ਸਰਦਾਰ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (