“ਇਸ ਖੂਬਸੂਰਤ ਰਚਨਾ ਤੋਂ ਰਵਿੰਦਰ ਸਿੰਘ ਸੋਢੀ ਦੀ ਸੰਵੇਦਨਸ਼ੀਲਤਾ, ਉਸਾਰੂ ਬਿਰਤੀ, ਲੰਮੀ ਅਤੇ ...”![]()
(2 ਦਸੰਬਰ 2025)
ਕੈਨੇਡਾ ਦੇ ਖ਼ੂਬਸੂਰਤ ਸ਼ਹਿਰ ਕੈਲਗਰੀ ਵਿੱਚ ਵਸਦੇ ਬਹੁ-ਵਿਧਾਵੀ ਲੇਖਕ ਰਵਿੰਦਰ ਸਿੰਘ ਸੋਢੀ ਦਾ ਰਚਨਾਤਮਕ ਖੇਤਰ ਖ਼ਾਸਾ ਲੰਮਾ-ਚੌੜਾ ਹੈ। ਸੱਤਰਵਿਆਂ ਤੋਂ ਸ਼ੁਰੂ ਹੋਏ ਅੱਧੀ ਕੁ ਸਦੀ ਦੇ ਸਾਹਿਤਕ ਸਫ਼ਰ ਵਿੱਚ ਸਰ ਕੀਤੇ ਮੀਲ ਪੱਥਰਾਂ ਵਿੱਚ ਕਾਵਿ-ਸੰਗ੍ਰਹਿ, ਕਹਾਣੀਆਂ, ਨਾਟਕ, ਆਲੋਚਨਾ, ਖੋਜ ਕਾਰਜ, ਅਨੁਵਾਦ ਅਤੇ ਕਿਤਾਬੀ ਸੰਪਾਦਨ ਵਗੈਰਾ ਸ਼ਾਮਲ ਹਨ। ਉਹ ਬਹੁਤ ਸਾਰੀਆਂ ਪੰਜਾਬੀ ਪੁਸਤਕਾਂ ਦੀ ਉੱਚ ਪਾਏਦਾਰ ਸਮੀਖਿਆ ਕਰ ਚੁੱਕੇ ਹਨ ਅਤੇ ਕਰ ਵੀ ਰਹੇ ਹਨ। ਦੇਸ ਪਰਦੇਸ ਦੀਆਂ ਅਖ਼ਬਾਰਾਂ ਅਤੇ ਮਿਆਰੀ ਮੈਗਜ਼ੀਨਾਂ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ ਦੇ ਮੰਚਾਂ ਤੋਂ ਆਪਣੇ ਪਾਠਕਾਂ ਨਾਲ ਅਕਸਰ ਸਾਂਝਾ ਪਾਉਂਦੇ ਰਹਿੰਦੇ ਹਨ। ਸ਼ਬਦਾਂ ਦੀਆਂ ਇਹ ਸਾਂਝਾਂ ਸੁਹਿਰਦ ਪਾਠਕਾਂ ਦੇ ਸਾਹਿਤਿਕ ਪੈਂਡਿਆਂ ਦਾ ਮਾਰਗ ਦਰਸ਼ਨ ਵੀ ਕਰਦੀਆਂ ਹਨ। ਬਦਲ ਰਹੇ ਸਮੇਂ ਦੇ ਸੰਦਰਭ ਵਿੱਚ ਰਵਿੰਦਰ ਸਿੰਘ ਸੋਢੀ ਨੇ ਸਾਹਿਤ ਰਚਨਾ ਦੇ ਪਿੜ ਵਿੱਚ ਬਦਲਦੇ ਸਮੇਂ ਦੇ ਅਨਕੂਲ ਆਏ ਬਦਲਾਅ ਨੂੰ ਵੀ ਬਹੁਤ ਸੂਖ਼ਮਤਾ ਨਾਲ ਵਾਚਦਿਆਂ ਅਤੇ ਵਿਚਾਰਦਿਆਂ ਇਸ ਨਿਰੰਤਰ ਪ੍ਰਕਿਰਿਆ ਨੂੰ ‘ਅਟੱਲ ਸਚਾਈ’ ਕਿਹਾ ਹੈ, ਜੋ ਬਿਲਕੁਲ ਦਰੁਸਤ ਹੈ।
ਉਹਨਾਂ ਆਪਣੀ ਨਵੀਂ ਪੁਸਤਕ “ਰਾਵਣ ਹੀ ਰਾਵਣ” ਨਾਲ ਪੰਜਾਬੀ ਸਾਹਿਤ ਜਗਤ ਵਿੱਚ ‘ਸੋਲਵੀਂ’ ਦਸਤਕ ਦਿੱਤੀ ਹੈ। ਪਾਠਕ ਨੂੰ ਇਸ ਕਾਵਿ-ਸੰਗ੍ਰਹਿ ਦੇ ਨਾਮ ਤੋਂ ਕਿਤਾਬ ਬਾਰੇ ਕੁਝ ਅੰਦਾਜ਼ਾ ਤਾਂ ਸਹਿਜੇ ਹੀ ਲੱਗ ਜਾਂਦਾ ਹੈ। ਸਦੀਆਂ ਤੋਂ ਵਰ੍ਹੇ ਦਰ ਵਰ੍ਹੇ ਫੂਕਣ ਜਾਂ ਜਾਲਣ ਦੇ ਬਾਵਜੂਦ ਵੀ “ਰਾਵਣ” ਸਾਡੇ ਸਮਾਜ ਵਿੱਚੋਂ ਖ਼ਤਮ ਨਹੀਂ ਹੋ ਸਕੇ, ਬਲਕਿ ਦਿਨ-ਦੁੱਗਣੀ ਰਾਤ-ਚੌਗੁਣੀ ਤਰੱਕੀ ਕਰਦਿਆਂ ਅਤੇ ਰੂਪ ਬਦਲ-ਬਦਲ ਕੇ ਸਮਾਜ ਨੂੰ ਡਰਾ ਅਤੇ ਸਤਾ ਰਹੇ ਹਨ। ਰਾਵਣ ਹੀ ਰਾਵਣ ਪੁਸਤਕ ਮਨੁੱਖ ਦੇ ਸਮਾਜਿਕ, ਰਾਜਨੀਤਕ, ਸੱਭਿਆਚਾਰਕ, ਅਤੇ ਧਾਰਮਿਕ ਤਾਣਿਆਂ-ਬਾਣਿਆਂ ਦੀ ਤ੍ਰਾਸਦੀ, ਚਿੰਤਾ ਅਤੇ ਚਿੰਤਨ ਦੀ ਦਾਸਤਾਨ ਹੈ। ਅਸਲ ਵਿੱਚ ਇਹ ਪੁਸਤਕ ਕਵਿਤਾ, ਗ਼ਜ਼ਲ ਅਤੇ ਗੀਤਾਂ ਦਾ ਰਮਣੀਕ ਸੰਗ੍ਰਹਿ ਹੈ। 80 ਸਫਿਆਂ ਦੀ ਇਸ ਰੰਗੋਲੀ ਵਿੱਚ 43 ਗ਼ਜ਼ਲਾਂ, ਕਵਿਤਾਵਾਂ ਅਤੇ ਗੀਤਾਂ ਦੇ ਵੰਨ-ਸੁਵੰਨੇ ਰੰਗ ਅਤੇ ਰੂਪ ਹਨ।
ਕਾਵਿ-ਸੰਗ੍ਰਹਿ ਦਾ ਆਗਾਜ਼ ਬਹੁਤ ਹੀ ਖ਼ੂਬਸੂਰਤ ਕਵਿਤਾ ‘ਕੈਦ ਕਰੋ, ਕੈਦ ਕਰੋ’ ਨਾਲ ਕੀਤਾ ਹੈ। ਕੈਦ - ਇੱਛਾ ਦੇ ਵਿਰੁੱਧ ਸੁਤੰਤਰਤਾ ’ਤੇ ਲਾਈ ਪਾਬੰਦੀ ਹੀ ਹੁੰਦੀ ਹੈ। ਲੇਖਕ ਨੇ ਖ਼ੂਬਸੂਰਤੀ ਨਾਲ ਆਪਣੀ ਰੂਹ ਦੇ ਅਹਿਸਾਸ ਪ੍ਰਗਟਾਉਂਦੇ ਹੋਏ ਲਿਖਿਆ ਹੈ ਕਿ ਕਿਵੇਂ ਅਜੋਕੇ ਸਮੇਂ ਦੇ ‘ਰਾਵਣ ਅਤੇ ਰਾਵਣੀ ਸੋਚ’ ਦੇ ਧਾਰਨੀ ਉਸ ਹਰੇਕ ਕੁਦਰਤੀ ਅਤੇ ਮਨੁੱਖੀ ਵਰਤਾਰੇ ਅਤੇ ਕਾਰਜਾਂ ਨੂੰ ‘ਕੈਦ’ ਕਰਨਾ ਲੋਚਦੇ ਹਨ ਜੋ ਉਨ੍ਹਾਂ ਦੇ ਅਨੁਕੂਲ ਨਹੀਂ ਹੁੰਦਾ। ਇਸ ਕਵਿਤਾ ਨੂੰ ਪੜ੍ਹ ਕੇ ਬਾਬਾ ਨਾਨਕ ਵੀ ਯਾਦ ਆ ਗਿਆ, ਜੋ ਚੰਗਿਆਂ ਨੂੰ ਉੱਜੜ-ਉੱਜੜ ਕੇ ਚੰਗਿਆਈਆਂ ਫੈਲਾਉਣ ਲਈ ਜਗਾਉਂਦਾ ਅਤੇ ਪ੍ਰੇਰਦਾ ਰਿਹਾ।
ਹੌਸਲਾ ਬੁੱਢੇ ਬਾਬਿਆਂ ਦਾ ਦੇਖੇ ਕੁੱਲ ਜਹਾਨ ਪਿਆ
ਕੇਸਰੀ ਚੁੰਨੀਆਂ ਵਾਲੀਆਂ ਨੇ ਵੀ, ਕੀਤਾ ਸਾਨੂੰ ਪ੍ਰੇਸ਼ਾਨ ਬੜਾ
ਇਹ ਬੁੱਢੇ ਬਾਬੇ ਕੈਦ ਕਰੋ, ਇਹ ਕੇਸਰੀ ਚੁੰਨੀਆਂ ਕੈਦ ਕਰੋ।
ਇਹ ਕਿਹੜੇ ਨੇ ਕਲਮਾਂ ਵਾਲੇ, ਜੋ ਸਾਡੇ ’ਤੇ ਤਨਜ਼ਾਂ ਕੱਸਦੇ,
ਇਹ ਕਿਹੜੇ ਨੇ ਗੁਸਤਾਖ਼ ਲੋਕ, ਜੋ ਸਾਡੀ ਹਰ ਗੱਲ ’ਤੇ ਹੱਸਦੇ,
ਇਹ ਕਲਮਾਂ ਵਾਲੇ ਕੈਦ ਕਰੋ, ਇਹ ਹੱਸਣ ਵਾਲੇ ਕੈਦ ਕਰੋ।
ਕੈਦ ਕਰੋ, ਕੈਦ ਕਰੋ।
ਸਮੇਂ ਨੇ ਬਦਲਣਾ ਹੈ, ਬਦਲ ਰਿਹਾ ਹੈ, ਅਤੇ ਇਸ ਬਦਲਾਓ ਨੂੰ ਅੱਜ ਤਕ ਕੋਈ ਨਹੀਂ ਰੋਕ ਸਕਿਆ। ਬਦਕਿਸਮਤੀ ਨਾਲ ਇਸ ਬਦਲਾਓ ਨਾਲ ਮਨੁੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਵੀ ਤਕੜਾ ਖੋਰਾ ਲੱਗਾ ਹੈ ਅਤੇ ਇਹ ਤਿਲ੍ਹਕਦੀਆਂ-ਤਿਲ੍ਹਕਦੀਆਂ ਡਿਗ ਹੀ ਗਈਆਂ। ਰਵਿੰਦਰ ਸਿੰਘ ਸੋਢੀ ਦੀ ਇਹ ਗਜ਼ਲ ਵੀ ਬਾਕਮਾਲ ਅਸਲੀਅਤ ਬਿਆਨ ਕਰ ਰਹੀ ਹੈ...
ਘਰਾਂ ਦੇ ਬਜ਼ੁਰਗਾਂ ਨੂੰ ਕਦੇ, ਘਰ ਦੇ ਜਿੰਦਰਾ ਕਹਿੰਦੇ ਸੀ,
ਹੁਣ ਤਾਂ ਘਰ ਦੇ ਹਰ ਕਮਰੇ ’ਤੇ, ਵੱਖਰਾ ਜਿੰਦਰਾ ਲਗਦਾ ਹੈ।
ਰੱਬ ਦੇ ਘਰ ਵਿੱਚ ਚੋਰ ਉਚੱਕੇ, ਲੰਬੇ ਚੋਲੇ ਪਾਈ ਫਿਰਨ,
ਤਾਂ ਹੀ ਤਾਂ ਦਾਨ ਪਾਤਰਾਂ ’ਤੇ ਹੁਣ, ਮੋਟਾ ਜਿੰਦਰਾ ਲਗਦਾ ਹੈ।
ਸਦੀਆਂ ਪਹਿਲਾਂ ਦੇ ਬਦੀ ਦੇ ਪ੍ਰਤੀਕ ਰਾਵਣ ਨੂੰ ਹਰ ਸਾਲ ਪਟਾਕਿਆਂ ਦੇ ਸ਼ੋਰ ਵਿੱਚ ਸੜਦਿਆਂ ਦੇਖ ਅਸੀਂ ਖੁਸ਼ ਹੋ ਜਾਂਦੇ ਹਾਂ ਪਰ ਅਜੋਕੇ ਸਮਿਆਂ ਦੇ ਰਾਵਣ ਸ਼ਰੇਆਮ ਖੁੱਲ੍ਹੇ ਘੁੰਮਦੇ ਫਿਰਦੇ ਹਨ। ਕਿੰਨੇ ਵਿਵਹਾਰ, ਕੁਰੀਤੀਆਂ, ਅਨੈਤਿਕਤਾ ਜਾਂ ਹੈਵਾਨੀਅਤ ਦੇ ਕਾਰਜ ਲਛਮਣ ਰੇਖਾਵਾਂ ਨੂੰ ਉਲੰਘਦਿਆਂ ਇਨਸਾਨੀਅਤ ਦਾ ਘਾਣ ਕਰ ਰਹੇ ਨੇ? ਇਨ੍ਹਾਂ ਰਾਵਣੀ ਰੁਝਾਨਾਂ ਵਿੱਚ ਲਾਲਚ, ਮੋਹ, ਰਿਸ਼ਵਤ, ਨਸ਼ੇ, ਹਵਸ, ਝੂਠ, ਲੜਾਈਆਂ ਫ਼ਸਾਦ ਕਿੱਧਰੋਂ ਘੱਟ ਹਨ…
ਹੋਰ ਵੀ ਬਹੁਤ ਰਾਵਣ
ਫਿਰ ਰਹੇ ਚੁਫੇਰੇ…
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ।
ਅੱਜ ਦੇ ਡਾਇਨਾਸੋਰ…
ਕਵਿਤਾ ਵਿੱਚ ਰਵਿੰਦਰ ਸਿੰਘ ਸੋਢੀ ਨੇ ਅਜੋਕੇ ਸਮੇਂ ਵਿੱਚ ਚੰਮ ਦੀਆਂ ਚਲਾਉਣ ਵਾਲੇ ਰਾਜਿਆਂ, ਮਹਾਰਾਜਿਆਂ, ਤਾਨਾਸ਼ਾਹਾਂ, ਦਹਿਸ਼ਤਗਰਦਾਂ, ਦੁਨੀਆਂ ਦੇ ਠਾਣੇਦਾਰਾਂ, ਜਾਤਾਂ-ਧਰਮਾਂ ਦੇ ਨਾਮ ’ਤੇ ਵੰਡੀਆਂ ਪਾਉਣ ਵਾਲਿਆਂ ਨੂੰ ਕਾਲ ਕੋਠੜੀ ਵਿੱਚ ਦਫ਼ਨਾਉਣ ਲਈ ਵੰਗਾਰਿਆ ਹੈ...
ਸੋਚਣ ਦਾ ਵੇਲਾ ਹੈ
ਕੁਝ ਕਰਨ ਦਾ ਵੀ
ਕਿ
ਇਨ੍ਹਾਂ ਖ਼ਤਰਨਾਕ
‘ਡਾਇਨਾਸੋਰਾਂ’ ਦੇ ‘ਕਾਲੇ ਯੁਗ’ ਨੂੰ
ਭੂਤਕਾਲ ਦੀ ਕੋਠੜੀ ਵਿੱਚ
ਕਦੋਂ ਦਫ਼ਨਾਇਆ ਜਾਵੇਗਾ?
ਕਦੋਂ?
ਰਵਿੰਦਰ ਸਿੰਘ ਸੋਢੀ ਦੀਆਂ ਕਈ ਗਜ਼ਲਾਂ ਨੂੰ ਪੜ੍ਹਦਿਆਂ ਮਨ ਨੂੰ ਸਕੂਨ ਜਿਹਾ ਮਿਲਦਾ ਹੈ ਅਤੇ ਖ਼ੁਦ ਬਖ਼ੁਦ ਰੂਹ ਵਿੱਚੋਂ ਆਵਾਜ਼ ਆਉਂਦੀ ਹੈ… ਵਾਹ... ਵਾਹ… ਤੇ ਵਾਹ…
ਇੱਕ ਵਣਜਾਰੇ ਤੋਂ ਉਸ, ਕੀ ਪੁੱਛਿਆ ਭਾਅ ਵੰਗਾਂ ਦਾ,
ਸਾਰੇ ਵਣਜਾਰੇ ਉਸਦੇ ਘਰ, ਡੇਰਾ ਲਾ ਕੇ ਬਹਿ ਗਏ।
ਮਹਿਲਾਂ ਵਰਗੇ ਘਰ ਦਾ ਸੁਖ ਬਹੁਤ ਭੋਗ ਲਿਆ ਹੈ,
ਮਿੱਟੀ ਲਿੱਪੇ ਘਰ ਵਲ ਹੁਣ ਮੁੜ ਜਾਣ ਨੂੰ ਜੀ ਕਰਦਾ।
ਤੂੰ ਇੱਕ ਵਾਰ ਹੁੰਗਾਰਾ ਤਾਂ ਭਰ ਸਾਥ ਨਿਭਾਉਣ ਦਾ
ਤੇਰੇ ਨਾਲ ਜ਼ਿੰਦਗੀ ਜਿਊਣ ਦੀ ਅਜੇ ਤਦਬੀਰ ਬਾਕੀ ਹੈ।...
ਕਈ ਰਿਸ਼ਤੇ ਇੰਨੇ ਪਾਕਿ-ਮੁਹੱਬਤੀ ਅਤੇ ਬੇਨਾਮ ਜਿਹੇ ਬਣ ਜਾਂਦੇ ਨੇ ਕਿ ਉਨ੍ਹਾਂ ਨੂੰ ਕੋਈ ਮੁਹੱਬਤੀ ਰੂਹ ਵਾਲਾ ਹੀ ਜਾਣ ਅਤੇ ਮਹਿਸੂਸ ਕਰਦਾ ਹੈ। ਕੀ ਦੇਈਏ ਨਾਂ? ਕਵਿਤਾ ਵਿੱਚ ਰਵਿੰਦਰ ਸਿੰਘ ਸੋਢੀ ਨੇ ਆਪਣੇ ਭਾਵੁਕ ਅਤੇ ਸੰਵੇਦਨਸ਼ੀਲ ਕਾਵਿ-ਮਨ ਦੇ ਵਲਵਲਿਆਂ ਨੂੰ ਮੁਹੱਬਤੀ ਲਫਜ਼ਾਂ ਵਿੱਚ ਇੰਜ ਪਰੋਇਆ ਹੈ…
ਸ਼ਰਾਰਤੀ ਪੌਣ
ਪੱਤਿਆਂ ਦੇ ਕੰਨਾਂ ਵਿੱਚ ਕੁਝ ਕਹਿ
ਸਾਂ ਸਾਂ ਕਰਦੀ ਜਾਂਦੀ ਲੰਘ
ਕਿਸੇ ਅਕਹਿ ਨਸ਼ੇ ਵਿੱਚ ਪੱਤੇ
ਖਾ ਜਾਣ ਹੁਲਾਰਾ
ਪੌਣ ਤੇ ਪੱਤਿਆਂ ਦੇ
ਉਸ ਰਿਸ਼ਤੇ ਨੂੰ ਕੀ ਦੇਈਏ ਨਾਂ?
ਦੋਸਤੋ, ਖੁਦਕੁਸ਼ੀ ਜਾਂ ਮੌਤ ਇਕੱਲਿਆਂ ਸਰੀਰ ਦੇ ਮਰ ਜਾਣ ਕਰਕੇ ਹੀ ਨਹੀਂ ਹੁੰਦੀ, ਮਰੀਆਂ ਰੂਹਾਂ ਅਤੇ ਜ਼ਮੀਰਾਂ ਵਾਲੇ ਵੀ ਜਿਊਂਦੀਆਂ ਲਾਸ਼ਾਂ ਹੀ ਤਾਂ ਹੁੰਦੇ ਹਨ। ਜੀਵਨ ਜਿਊਂਦਿਆਂ ਮਨੁੱਖ ਪੈਰ ਪੈਰ ’ਤੇ ਚਾਹੁੰਦਿਆਂ ਜਾਂ ਨਾ ਚਾਹੁੰਦਿਆਂ ਵੀ ਖੁਦਕੁਸ਼ੀਆਂ ਹੀ ਤਾਂ ਕਰਦਾ ਰਹਿੰਦਾ ਹੈ।
ਮੈਂ ਵੀ
ਜ਼ਿੰਦਗੀ ਵਿੱਚ ਕੁਝ ਬਣਨ ਲਈ
ਜਦੋਂ ਵੀ ਝੂਠ, ਫ਼ਰੇਬ
ਜਾਂ ਕੁਝ ਹੋਰ ਕਰਦਾ ਹਾਂ
ਖੁਦਕੁਸ਼ੀ ਹੀ ਕਰਦਾ ਹਾਂ…
ਬੇਦਾਵੇ ਦੇ ਇਤਿਹਾਸ ਦੀ ਸਾਡੇ ਧਰਮ-ਸਮਾਜ ਵਿੱਚ ਬਹੁਤ ਅਹਿਮੀਅਤ ਹੈ। ਪਰ ਅੱਜ ਦੇ ਬੇਦਾਵੀਏ ਸਭ ਹੱਦਾਂ ਬੰਨੇ ਪਾਰ ਕਰ ਗਏ ਹਨ। ਰਵਿੰਦਰ ਸਿੰਘ ਸੋਢੀ ਨੇ ਕਮਾਲ ਦੀ ਤਸਵੀਰ ਉਤਾਰੀ ਹੈ ਅਜੋਕੇ ਬੇਦਾਵੀਆਂ ਦੀ...
ਗੁਰੂ ਘਰ ਦੇ ਜੋ
‘ਵਜ਼ੀਰ’ ਕਹਾਉਂਦੇ
ਚੜ੍ਹਾਵੇ ਪਿੱਛੇ
ਇੱਕ ਦੂਜੇ ਦੀਆਂ ਪੱਗਾਂ ਨੂੰ
ਹੱਥ ਪਾਉਂਦੇ।
ਜੇਕਰ ਜ਼ਿੰਦਗੀ ਵਿੱਚ ਰੰਗ ਹੀ ਨਾ ਹੋਣ ਜਾਂ ਫਿਰ ਯਾਦਾਂ ਹੀ ਨਾ ਹੋਣ ਤਾਂ ਜੀਵਨ ਕਿੰਨਾ ਰੁੱਖਾ ਅਤੇ ਬੇ-ਰੰਗਾਂ ਹੋਵੇ? ਜ਼ਿੰਦਗੀ ਦੇ ਰੰਗ ਬਦਲਦੇ ਹਨ। ਹਰੇਕ ਰੰਗ ਦੀ ਆਪਣੀ ਤਰੰਗ ਹੁੰਦੀ ਹੈ, ਆਪਣਾ ਜਸ਼ਨ ਅਤੇ ਰਸ ਹੁੰਦਾ ਹੈ, ਜੋ ਬੀਤ ਜਾਣ ’ਤੇ ਯਾਦਾਂ ਵਿੱਚ ਤਬਦੀਲ ਹੋ ਜਾਂਦਾ ਹੈ। ਸੋਢੀ ਸਾਹਿਬ ਦੀਆਂ ਯਾਦਾਂ ਦੀ ਹਲਕੀ ਜਿਹੀ ਝਲਕ ਦੇਖੋ...
ਕੁਝ ਯਾਦਾਂ ਦੇ ਪਰਛਾਂਵੇਂ, ਕੁਝ ਪਰਛਾਵਿਆਂ ਦੀਆਂ ਯਾਦਾਂ
ਸਾਡੇ ਦਿਲ ਨੂੰ ਬਹੁਤ ਸਤਾਉਂਦੀਆਂ, ਉਹ ਯਾਦਾਂ ਦੀਆਂ ਯਾਦਾਂ।
ਪੰਜਾਬ ਦੀ ਧਰਤੀ ਨੂੰ ਰਿਸ਼ੀਆਂ-ਮੁੰਨੀਆਂ, ਗੁਰੂਆਂ-ਪੀਰਾਂ, ਸੂਫ਼ੀਆਂ-ਸੰਤਾਂ ਅਤੇ ਯੋਧਿਆਂ-ਸੂਰਬੀਰਾਂ ਦੀ ਭੋਏਂ ਨਾਲ ਵੀ ਜਾਣਿਆ ਪਛਾਣਿਆ ਜਾਂਦਾ ਹੈ। ਰਵਿੰਦਰ ਸਿੰਘ ਸੋਢੀ ਦੀ ਰੂਹ ਕੁਰਲਾ ਉੱਠਦੀ ਹੈ ਜਦੋਂ ਭਰਮਾਂ-ਧਰਮਾਂ, ਜਾਤਾਂ-ਪਾਤਾਂ ਦੇ ਚੱਕਰਾਂ ਵਿੱਚ ਫਸਾ ਕੇ ‘ਇਨਸਾਨ ਦੇ ਭੇਸ ਵਿੱਚ ਰਾਵਣ’ ਇਨਸਾਨੀਅਤ ਨੂੰ ਹੀ ਮਾਰ ਜਾਂਦੇ ਹਨ।
ਕੁਝ ਸਾਡੇ ਭਰਮ ਹੀ ਮਾਰ ਗਏ, ਕੁਛ ਭਰਮਾਂ ਵਿੱਚ ਪਾ ਕੇ ਮਾਰ ਗਏ
ਧਰਮੀਆਂ ਦੀ ਇਸ ਧਰਤਾਂ ’ਤੇ, ਸਾਨੂੰ ਧਰਮਾਂ ਵਾਲੇ ਮਾਰ ਗਏ।
“ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਨੂੰ ਪੰਜਾਬੀਆਂ ਤੋਂ ਬਿਹਤਰ ਕੌਣ ਜਾਣ ਸਕਦਾ ਹੈ? ਆਪਣੇ ਹੱਕਾਂ ਲਈ ਲੜਨਾ ਇਨ੍ਹਾਂ ਦੇ ਲਹੂ ਵਿੱਚ ਹੈ। ਅਜੇ ਕੱਲ੍ਹ ਹੀ ਦੀ ਤਾਂ ਗੱਲ ਹੈ ਜਦੋਂ ਪੰਜਾਬੀ ਇਕੱਠੇ ਹੋ ਦਿੱਲੀ ਦੀਆਂ ਬਰੂਹਾਂ ’ਤੇ ਜਾ ਪਹੁੰਚੇ ਸਨ ਆਪਣਾ ਪੱਖ ਰੱਖਣ ਵਾਸਤੇ ਅਤੇ ਬਣਦਾ ਹੱਕ ਲੈਣ ਵਾਸਤੇ! ਸਮੇਂ ਦੇ ਅੜੀਅਲ ਸ਼ਾਸਕ ਨੂੰ ਇੰਜ ਆਖ ਰਹੇ ਨੇ…
ਹੰਕਾਰ ਤਿਆਗ
ਦਿੱਲੀ ਦੀਆਂ ਬਰੂਹਾਂ
ਮੱਲੀ ਬੈਠੇ
ਕਿਸਾਨਾਂ ਦੀ ਸੱਥ ਵਿੱਚ ਜਾ
ਕੁਝ ਉਹਨਾਂ ਦੀ ਸੁਣ
ਕੁਝ ਆਪਣੀਆਂ ਸੁਣਾ
ਕਾਲੇ ਕਾਨੂੰਨਾਂ ਵਾਲੀ ਵਹੀ ਨੂੰ ਤੂੰ
ਚੁੱਲ੍ਹੇ ਵਿੱਚ ਪਾ।
ਅਸੀਂ ਕਹਿ ਤਾਂ ਦਿੰਦੇ ਹਾਂ ਕਿ ਕੁੜੀਆਂ ਚਿੜੀਆਂ ਹੁੰਦੀਆਂ ਹਨ। ਪਰ ਬਦਕਿਸਮਤੀ ਨੂੰ ਇਨ੍ਹਾਂ ਚਿੜੀਆਂ ਦੇ ਪਰ ਆਉਣ ਹੀ ਨਹੀਂ ਦਿੰਦੇ, ਜੇਕਰ ਆ ਗਏ ਤਾਂ ਕੁਤਰ ਦਿੰਦੇ ਹਾਂ। ਉਨ੍ਹਾਂ ਦੇ ਹਿੱਸੇ ਦਾ ਅੰਬਰ ਵੀ ਖੋਹ ਲੈਂਦੇ ਹਾਂ। ਉਹ ਕਿਵੇਂ ਅਤੇ ਕਿਹੜੇ ਨੀਲੇ ਅੰਬਰਾਂ ਵਿੱਚ ਪਰਵਾਜ਼ ਭਰਨ? ਪੁਸਤਕ ਦੇ ਅੰਤ ਵਿੱਚ ਰਵਿੰਦਰ ਸਿੰਘ ਸੋਢੀ ਨੇ ਇਸ ਤ੍ਰਾਸਦੀ ਨੂੰ ਬਾਖ਼ੂਬੀ ਬਿਆਨਿਆ ਹੈ…
ਉਹ ਵੀ ਤਾਂ ਅੰਮੜੀ ਦੀ ਜਾਈ, ਬਾਬਲ ਨੇ ਲਾਡ ਲਡਾਈ,
ਉਹਦੇ ਨਾ ਹਿੱਸੇ ਆਉਂਦੀ, ਲੋਹੜੀ ਦੀ ਕੋਈ ਵਧਾਈ।
ਆਪਣੇ ਜਦੋਂ ਹੋਣ ਬੇਗਾਨੇ, ਜਾਣ ਕਿੱਥੇ ਉਹ ਮਰਜਾਣੀਆਂ,
ਹਾਏ ਨੀ ਮਰਜਾਣੀਆਂ, ਹਾਏ ਨੀ ਮਰਜਾਣੀਆਂ।
ਰਵਿੰਦਰ ਸਿੰਘ ਸੋਢੀ ਦੇ ਇਸ ਕਾਵਿ-ਸੰਗ੍ਰਹਿ ਦੀ ਅਜੋਕੇ ਸਮੇਂ ਵਿੱਚ ਬਹੁਤ ਅਹਿਮੀਅਤ ਹੈ। ਵਿਭਿੰਨ ਵਿਸ਼ਿਆਂ ’ਤੇ ਕੇਂਦਰਿਤ ਰੰਗ-ਬਰੰਗੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤ ਪਾਠਕ ਨੂੰ ਹਲੂਣਦੇ ਹਨ, ਨਾਲ ਤੋਰਦੇ ਹਨ ਅਤੇ ਉਹਦੀ ਰੂਹ ਨੂੰ ਧੂਹ ਪਾਉਂਦੇ ਹਨ। ਇਸ ਖੂਬਸੂਰਤ ਰਚਨਾ ਤੋਂ ਰਵਿੰਦਰ ਸਿੰਘ ਸੋਢੀ ਦੀ ਸੰਵੇਦਨਸ਼ੀਲਤਾ, ਉਸਾਰੂ ਬਿਰਤੀ, ਲੰਮੀ ਅਤੇ ਸਕਾਰਾਤਮਕ ਸੋਚ ਦੀ ਅਥਾਹ ਸ਼ਕਤੀ ਦਾ ਅੰਦਾਜ਼ਾ ਭਲੀਭਾਂਤ ਹੋ ਜਾਂਦਾ ਹੈ। ਇਸਦੇ ਨਾਲ-ਨਾਲ ਹੀ ਸਮਾਜ ਨੂੰ ਖ਼ੂਬਸੂਰਤ ਬਣਾਉਣ ਲਈ ਨਿਭਾਏ ਜਾ ਰਹੇ ਫਰਜ਼ ਦੀ ਝਲਕ ਵੀ ਸਾਫ਼ ਨਜ਼ਰ ਪੈਂਦੀ ਹੈ। ਲੇਖਕ ਦੀ ਰੂਹ ਦਾ ਸੁਨੇਹਾ ਨਿਰਸੰਦੇਹ ਪਾਠਕਾਂ ਦੀ ਰੂਹ ਤਕ ਅੱਪੜ ਰਿਹਾ ਹੈ।
ਰਵਿੰਦਰ ਸਿੰਘ ਸੋਢੀ ਦੇ ‘ਦਿਲ ਅਤੇ ਢਿੱਡ’ ਦੀਆਂ ਬਾਤਾਂ ਪਾਉਂਦਾ ਇਹ ਕਾਵਿ-ਸੰਗ੍ਰਹਿ ਸੁਹਿਰਦ ਪਾਠਕਾਂ ਦੇ ਪੜ੍ਹਨ ਅਤੇ ਮਾਣਨਯੋਗ ਹੈ। ਪੰਜਾਬੀ ਸਾਹਿਤ ਜਗਤ ਵਿੱਚ ਇਸ ਅਨਮੋਲ ਅਤੇ ਦਸਤਾਵੇਜ਼ੀ ਰਚਨਾ ਦਾ ਸਵਾਗਤ ਹੈ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (