KulwinderBathDr7ਜ਼ਿੰਦਗੀ ਉਲਝ ਗਏ ਧਾਗੇ ਵਾਂਗ ਉਲਝਦੀ ਚਲੀ ਗਈ। ਮੈਂ ਦੁਬਾਰਾ ਕਦੇ ਵੀ ...

 

ਜ਼ਿੰਦਗੀ ਦੇ ਰੰਗ ਸੱਜਣਾ, ਅੱਜ ਹੋਰ ਤੇ ਕੱਲ੍ਹ ਨੂੰ ਹੋਰ…

ਇਨਸਾਨ ਦੀ ਜ਼ਿੰਦਗੀ ਕਈ ਪੜਾਵਾਂ ਵਿੱਚੋਂ ਗੁਜ਼ਰਦੀ ਹੋਈ ਅੱਗੇ ਤੁਰਦੀ ਰਹਿੰਦੀ ਹੈਹਰ ਪੜਾਅ ਦਾ ਆਪਣਾ ਹੀ ਰੰਗ-ਰੂਪ ਹੁੰਦਾ ਹੈਜਨਮ ਤੋਂ ਸ਼ੁਰੂ ਹੋਇਆ ਜੀਵਨ ਚੱਕਰ ਬਚਪਨ, ਜਵਾਨੀ ਅਤੇ ਬੁਢਾਪੇ ਦੀਆਂ ਦਹਿਲੀਜ਼ਾਂ ਵਿੱਚ ਦੀ ਹੁੰਦਾ ਹੋਇਆ ‘ਭੌਰ ਉਡਾਰੀ ਮਾਰਨ’ ਨਾਲ ਪੂਰਾ ਹੋ ਜਾਂਦਾ ਹੈਜਵਾਨੀ ਅਤੇ ਵਿਦਿਆਰਥੀ ਜੀਵਨ ਇਨਸਾਨ ਦੀ ਜ਼ਿੰਦਗੀ ਦੇ ਮਹੱਤਵਪੂਰਨ ਦੌਰ ਹੁੰਦੇ ਹਨਜੀਵਨ ਦੇ ਇਹ ਕਲਪਨਾ, ਉਤਸ਼ਾਹ, ਜਨੂੰਨ, ਜੋਸ਼ ਅਤੇ ਧੜਕਣਾਂ ਨਾਲ ਭਰਪੂਰ ਦਿਨ ਸਾਡੇ ਅਗਲੇ ਪੜਾਅ ਦੀ ਬੁਨਿਆਦ ਬਣਦੇ ਹਨਅਸਮਾਨ ਤੋਂ ਤਾਰੇ ਤੋੜਨ ਦੀ ਕਲਪਨਾ ਜਾਂ ਦਾਅਵਿਆਂ ਦਾ ਸਮਾਂ ਵੀ ਇਹੀ ਗਿਣਿਆ ਗਿਆ ਹੈਕਾਲਜ ਜਾਂ ਯੂਨੀਵਰਸਿਟੀ ਦਾ ਸਮਾਂ ਤਾਂ ਹੋਰ ਵੀ ਮਹੱਤਵਪੂਰਨ ਕਿਹਾ ਜਾ ਸਕਦਾ ਹੈਇਸ ਵਕਤ ਦੌਰਾਨ ਜ਼ਿੰਦਗੀ ਦੀ ਉੱਚੀ-ਲੰਮੀ ਪਰਵਾਜ਼ ਭਰਨ ਦੇ ਸੁਪਨੇ ਬੁਣੇ ਜਾਂਦੇ ਹਨਕੁਝ ਚੰਗੇ ਦੋਸਤ, ਕਰੀਬੀ ਸਾਥੀ ਜਾਂ ਫਿਰ ਜੀਵਨ ਸਾਥੀ ਵੀ ਬਣ ਜਾਂਦੇ ਹਨ

ਕੁਝ ਕੁ ਸਮਾਂ ਪਹਿਲਾਂ ਕੈਲੀਫ਼ੋਰਨੀਆ ਦੇ ਇੱਕ ਮਾਲ ਵਿੱਚ ਕਾਊਂਟਰ ’ਤੇ ਪੈਸੇ ਦੇ ਕੇ ਜਦੋਂ ਮੈਂ ਵਾਪਸ ਮੁੜਿਆ ਤਾਂ ਲਾਈਨ ਕੋਲੋਂ ਲੰਘਦਿਆਂ ਇੱਕ ਚਿਹਰਾ ਕੁਝ ਧੁੰਦਲਾ, ਪਰ ਜਾਣਿਆ-ਪਛਾਣਿਆ ਜਿਹਾ ਲੱਗਿਆਅੱਖਾਂ ਨਾਲ ਅੱਖਾਂ ਤਾਂ ਮਿਲੀਆਂ, ਪਰ ਮੈਂ ਆਪਣੀ ਚਾਲੇ ਵਾਪਸ ਜਾਂਦਾ ਸੋਚਾਂ ਅਤੇ ਖ਼ਿਆਲਾਂ ਵਿੱਚ ਗੁਆਚ ਗਿਆ ਅਤੇ ਖ਼ੁਦ ਨਾਲ ਹੀ ਗੱਲੀਂ ਪੈ ਗਿਆ, “ਨਹੀਂ… ਨਹੀਂ… ਨਹੀਂ… ਇੱਦਾਂ ਕਿਵੇਂ ਹੋ ਸਕਦਾ ਹੈ? ਦੇਸ ਤੋਂ ਹਜ਼ਾਰਾਂ ਮੀਲ ਦੂਰ, ਸੱਤ ਸਮੁੰਦਰ ਪਾਰ!! ... ਨਹੀਂ... ਨਹੀਂ…ਪਰ ਯਾਰ, ਇਹ ਚਿਹਰਾ ਮੇਰੇ ਮਨ ਵਿੱਚ ਉੱਕਰੇ ਕਿਸੇ ਚਿਹਰੇ ਨਾਲ ਮਿਲਦਾ ਜੁਲਦਾ ਕਿਉਂ ਹੈ? ਖ਼ੈਰ, … ਛੱਡ ਪਰਾਂ…, ਇਹ ਐਵੇਂ ਵਹਿਮ ਹੀ ਆ… ਅਤੇ ਵਹਿਮ ਦਾ ਕਿਹੜਾ ਇਲਾਜ ਹੁੰਦਾ? ਉਹ ਮੇਰੇ ਮਨਾ ਕਿਉਂ ਤੂੰ ਐਵੇਂ ਦਿਨੇ ਈ ਸੁਪਨੇ ਲੈਂਦਾ ਰਹਿੰਦਾ ਹੈਂ?” ਇਨ੍ਹਾਂ ਭੰਬਲਭੂਸਿਆਂ ਵਿੱਚ ਗੁਆਚਾ ਜਦੋਂ ਮੈਂ ਸਟੋਰ ਦਾ ਬਾਹਰਲਾ ਦਰਵਾਜ਼ਾ ਪਾਰ ਕਰਨ ਲੱਗਾ ਤਾਂ ਅਚਾਨਕ ਮੇਰਾ ਨਾਂਅ ਲੈਂਦਿਆਂ ਪਿੱਛਿਓਂ ਜਾਣੀ ਪਛਾਣੀ ਜਿਹੀ ਆਵਾਜ਼ ਕੰਨੀਂ ਪਈਮੇਰਾ ‘ਚੁੱਪ’ ਮਨ ਫਿਰ ਬੋਲਿਆ, “ਲਓ ਕਰ ਲਓ ਗੱਲ!! ਇੱਕ ਹੋਰ ਵਹਿਮ ਹੁਣ ‘ਅਵਾਜ਼ ਬਣ ਕੇ’ ਆ ਗਿਆ!” ਇਹ ਸੋਚਦਿਆਂ ਹੋਇਆਂ ਵੀ ਅਚਾਨਕ ਮੇਰਾ ਚਿਹਰਾ ਖ਼ੁਦ ਬ ਖ਼ੁਦ ਉਸ ਆਵਾਜ਼ ਵੱਲ ਨੂੰ ਘੁੰਮ ਗਿਆਦਹਾਕਿਆਂ ਪਹਿਲਾਂ ਦੀ “ਹਰਜੀਤ” ਨੂੰ ਆਪਣੀਆਂ ਜਾਗਦੀਆਂ ਅਤੇ ਖੁੱਲ੍ਹੀਆਂ ਅੱਖਾਂ ਮੋਹਰੇ ਦੇਖ ਕੇ ਯਕੀਨ ਹੋ ਗਿਆ ਕਿ ਸਾਰੇ ਵਹਿਮ ਖ਼ਾਲੀ ਵਹਿਮ ਨਹੀਂ ਹੁੰਦੇ ਅਤੇ ਕੁਝ ਸੁਪਨੇ ਸੱਚੇ ਵੀ ਹੋ ਸਕਦੇ ਹਨ!

‘ਤੁਸੀਂ-ਤੁਸੀਂ’ ਦੀ ਲਿਆਕਤ ਵਾਲੀ ਆਪਸੀ ਗੱਲਬਾਤ ਤੋਂ ਸ਼ੁਰੂ ਹੋਈ ਗੱਲ ਦਹਾਕਿਆਂ ਪਹਿਲਾਂ ਯੂਨੀਵਰਸਿਟੀ ਦੇ ਸਮੇਂ ਦੀ ਬੇਪ੍ਰਵਾਹ ‘ਤੂੰ-ਤੂੰ, ਮੈਂ-ਮੈਂ’ ਵਾਲੀ ਬੋਲੀ ਵੱਲ ਖਿਸਕ ਗਈਅਮਰੀਕਾ ਦਾ ਲੰਮਾ-ਚੌੜਾ ਮਾਲ ਮੈਨੂੰ ਯੂਨੀਵਰਸਿਟੀ ਜਾਪਣ ਲੱਗ ਗਿਆ ਅਤੇ ਪੁਰਾਣੇ ਸਮਿਆਂ ਅਤੇ ਪੁਰਾਣੇ ਦੋਸਤਾਂ ਨੂੰ ਯਾਦ ਕਰਦਿਆਂ ਮੇਰੀ ਰੂਹ ਪਲ ਦੀ ਪਲ ਧੁਰ ਅੰਦਰੋਂ ਖਿੜ ਗਈ!

ਜਸਵਿੰਦਰ, ਹਰਜੀਤ ਅਤੇ ਮੈਂ ਕਦੇ ਇਕੱਠੇ ਇੱਕ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਦੇ ਸਾਂਜਸਵਿੰਦਰ ਮਾਈਕਰੋਬਾਇਉਲੋਜੀ ਡਿਪਾਰਟਮੈਂਟ ਵਿੱਚ ਅਤੇ ਹਰਜੀਤ ਕੈਮਿਸਟਰੀ ਡਿਪਾਰਟਮੈਂਟ ਵਿੱਚ ਪੜ੍ਹਦੀ ਸੀਉਹ ਦੋਨੋਂ ਮੇਰੇ ਤੋਂ ਸੀਨੀਅਰ ਸਟੂਡੈਂਟ ਸਨ ਅਤੇ ਪੀ ਐੱਚ ਡੀ ਦੇ ਆਖਰੀ ਵਰ੍ਹਿਆਂ ਵਿੱਚ ਸਨਜਸਵਿੰਦਰ ਮੇਰਾ ਚੰਗਾ ਦੋਸਤ ਬਣ ਗਿਆ ਅਤੇ ਹਰਜੀਤ ਵਰ੍ਹਿਆਂ ਤੋਂ ਹੀ ਉਸਦੀ ਗੁੜ੍ਹੀ ਤੋਂ ਵੀ ਗੂੜ੍ਹੀ ਦੋਸਤ ਸੀਉਹ ਪੜ੍ਹਾਈ ਪੂਰੀ ਕਰਨ ਬਾਅਦ ਇਸ ‘ਦੋਸਤੀ’ ਨੂੰ ‘ਜੀਵਨ ਸਾਥੀ’ ਦੇ ਰਿਸ਼ਤੇ ਵਿੱਚ ਬਦਲਣ ਦੇ ਸੁਪਨੇ ਬੁਣ ਰਹੇ ਸਨਦੋਨੋਂ ਮੇਰੇ ਨਾਲ ਆਪਣੇ ਢਿੱਡ ਅਤੇ ਦਿਲ ਦੀਆਂ ਗੱਲਾਂ ਬੇਝਿਜਕ ਹੀ ਕਰ ਲੈਂਦੇ ਸਨਦੋਹਾਂ ਨੂੰ ਖੁਸ਼ ਦੇਖਦਿਆਂ ਮੇਰਾ ਮਨ ਖੁਸ਼ ਹੋ ਜਾਂਦਾ ਸੀਭਾਵੇਂ ਜਸਵਿੰਦਰ ਦਾ ਹੋਸਟਲ ਵਿੱਚ ਅਲੱਗ ਕਮਰਾ ਸੀ ਪਰ ਉਹ ਅਕਸਰ ਮੇਰੇ ਕੋਲ ਬੈਠ ਗੱਲਾਂ-ਬਾਤਾਂ ਮਾਰਦਾ ਰਹਿੰਦਾਦੋਨੋਂ ਸਮਝਦਾਰ, ਸਹਿਜ ਬਿਰਤੀ ਵਾਲੀਆਂ ਮੁਹੱਬਤੀ ਰੂਹਾਂ ਲਗਦੀਆਂਸਮਾਂ ਬੀਤਦਿਆਂ ਹਰਜੀਤ ਦੀ ਪੀ ਐੱਚ ਡੀ ਖ਼ਤਮ ਹੋ ਗਈ ਅਤੇ ਜਸਵਿੰਦਰ ਖ਼ਤਮ ਕਰ ਰਿਹਾ ਸੀਦੋਨੋਂ ਬਹੁਤ ਖੁਸ਼ ਸਨ ਆਪਣੀ ਜ਼ਿੰਦਗੀ ਦੀ ਨਵੀਂ ਪਰਵਾਜ਼ ਭਰਨ ਲਈ

ਆ ਦੋਸਤ
ਆ ਮੇਰੇ ਹਮਸਫ਼ਰ…

ਮਨ ਦੀਆਂ ਹਲਚਲਾਂ ਦੇ ਸੰਗ
ਮਨ ਦੇ ਵਲਵਲਿਆਂ ਦੇ ਸੰਗ
ਅਨੁਭਵਾਂ ਅਹਿਸਾਸਾਂ ਦੇ ਸੰਗ
ਮਨ ਦੇ ਰੰਗਾਂ-ਤਰੰਗਾਂ ਦੇ ਸੰਗ
ਮਨ ਦੇ ਚਾਵਾਂ-ਭਾਵਾਂ ਦੇ ਸੰਗ…
ਆ ਅੰਬਰੀਂ ਪਰਵਾਜ਼ ਭਰੀਏ!!
ਮਨ ਦੇ ਸੁਪਨਿਆਂ ਨੂੰ ਸੰਗ ਲੈ
ਮਨ ਦੇ ਖ਼ਿਆਲਾਂ ਨੂੰ ਸੰਗ ਲੈ
ਖੁਸ਼ੀਆਂ ਗ਼ਮੀਆਂ ਨੂੰ ਸੰਗ ਲੈ
ਮਨ ਦੀਆਂ ਛਾਵਾਂ ਨੂੰ ਸੰਗ ਲੈ
ਮਨ ਦੀਆਂ ਧੁੱਪਾਂ ਨੂੰ ਸੰਗ ਲੈ…
ਆ ਦੋਸਤ…
ਆ ਮੇਰੇ ਹਮਸਫ਼ਰ…
ਆ ਅੰਬਰੀਂ ਪਰਵਾਜ਼ ਭਰੀਏ!!

ਹਰਜੀਤ ਆਪਣਾ ਸਮਾਨ ਸਮੇਟ ਕੇ ਘਰ ਜਾਣ ਦੀ ਤਿਆਰੀ ਕਰ ਰਹੀ ਸੀਉਸ ਦਾ ਮਨ ਅਜੇ ਯੂਨੀਵਰਸਿਟੀ ਤੋਂ ਭਰਿਆ ਨਹੀਂ ਸੀ, ਪਰ ਡਿਗਰੀ ਪੂਰੀ ਹੋ ਗਈ…ਉਸ ਨੂੰ ਲੱਗਾ ਜਿਵੇਂ…

ਗੱਲ ਮੁੱਕੀ ਨਾ ਸੱਜਣ ਨਾਲ ਮੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈ..

ਨਾ ਚਾਹੁੰਦਿਆਂ ਵੀ ਉਹ ਆਪਣੇ ਘਰ ਚਲੇ ਗਈਉਸਦੇ ਘਰ ਵਾਲੇ ਬਹੁਤ ਖੁਸ਼ ਸਨ ਕਿ ਉਹਨਾਂ ਦੀ ਲਾਡਲੀ ਨੇ ਪੜ੍ਹਾਈ ਦੀ ਟੀਸੀ ਸਰ ਕਰ ਲਈ ਹੈਜਸਵਿੰਦਰ ਨੇ ਵੀ ਆਪਣਾ ਪ੍ਰੌਜੈਕਟ ਸਮੇਟਣਾ ਸ਼ੁਰੂ ਕਰ ਦਿੱਤਾਮਹੀਨੇ ਕੁ ਬਾਅਦ ਜਦੋਂ ਉਹ ਆਪਣੇ ਪਿੰਡੋਂ ਹੋ ਕੇ ਵਾਪਸ ਹੋਸਟਲ ਆਇਆ ਤਾਂ ਬੜਾ ਉਦਾਸ ਜਾਪਿਆਕੋਲ ਬਹਿ ਕੇ ਪੁੱਛਿਆ ਤਾਂ ਉਸਨੇ ‘ਫਿਸਦੇ ਹੋਏ’ ਨੇ ਦੱਸਿਆ ਕਿ ਜਦੋਂ ਪਿੰਡੋਂ ਹੋ ਕੇ ਹਰਜੀਤ ਨੂੰ ਮਿਲਣ ਚਲਾ ਗਿਆ… ਤਾਂ ਹਰਜੀਤ ਦੇ ਹਮੇਸ਼ਾ ਮੁਸਕਰਾਉਂਦੇ ਚਿਹਰੇ ਦੀ ਉਦਾਸੀ ਨੇ ਉਸ ਨੂੰ ਪੈਰਾਂ ਤੋਂ ਹੀ ਕੱਢ ਦਿੱਤਾ! ਹਰਜੀਤ ਨੇ ਭਰੇ ਮਨ ਨਾਲ ਦੱਸਿਆ ਕਿ ਉਸਦੇ ਵਿਆਹ ਦਾ ਰਿਸ਼ਤਾ ਉਸਦੇ ਘਰ ਵਾਲਿਆਂ ਨੇ ਪੱਕਾ ਕਰ ਦਿੱਤਾ ਹੈਉਸਨੇ ਦੋ ਟੁੱਕ ਜਵਾਬ ਦਿੱਤਾ ਕਿ ਮਾਂ-ਬਾਪ ਦੀ ਮਰਜ਼ੀ ਦੇ ਖਿਲਾਫ਼ ਜਾਂਦਿਆਂ ਉਹ ਕੋਈ ਫੈਸਲਾ ਨਹੀਂ ਲੈ ਸਕਦੀਜੇਕਰ ਹੋ ਸਕੇ ਤਾਂ ਉਸ ਨੂੰ ਮੁਆਫ਼ ਕਰ ਦੇਵੀਂ

ਬਈ, ਕੋਈ ਹੋਰ ਵਜਾਹ ਜਾਂ ਮਜਬੂਰੀ ਵੀ ਤਾਂ ਹੋ ਸਕਦੀ ਹੈ?” ਮੈਂ ਪੁੱਛਿਆ

“ਪਤਾ ਨਹੀਂ…” ਕਹਿ ਉਹ ਮੇਰੇ ਕੋਲੋਂ ਉੱਠ ਕੇ ਚਲਾ ਗਿਆਮੇਰੇ ਮਨ ਨੂੰ ਵੀ ਠੇਸ ਲੱਗੀ ਕਿ ਜ਼ਰੂਰ ਕੋਈ ਵਜਾਹ ਹੋਵੇਗੀ, ਕਿਉਂਕਿ ਜਿੰਨਾ ਕੁ ਮੈਂ ਹਰਜੀਤ ਨੂੰ ਜਾਣਿਆ ਸੀ, ਉਹ ਇੰਜ ਕਾਹਲ ਵਿੱਚ ਤੋੜ-ਵਿਛੋੜਾ ਕਰਨ ਵਾਲੀ ਤਾਂ ਨਹੀਂ ਸੀ

ਹਾਸਿਆਂ ਖੇੜਿਆਂ ਦੀ ਜਵਾਨ ਉਮਰੇ ਅਸੀਂ ਅਕਸਰ ਲਾਪ੍ਰਵਾਹ ਵੀ ਹੋ ਜਾਂਦੇ ਹਾਂਅੰਬਰੀਂ ਉੱਚੀਆਂ ਉਡਾਰੀਆਂ ਮਾਰਨ ਲਈ ਤੇਜ਼ ਚਾਲੇ ਪੈਂਦਿਆਂ ਬਹੁਤ ਕੁਝ ਮਨੋ ਵਿਸਾਰ ਦਿੰਦੇ ਹਾਂਜਸਵਿੰਦਰ ਅਤੇ ਹਰਜੀਤ ਨਾਲੋਂ ਵੀ ਮੇਰਾ ਨਾਤਾ ਇੰਜ ਹੀ ਟੁੱਟ ਗਿਆਉਹ ਦੋਨੋਂ ਆਪਣੇ ਰਾਹੀਂ ਅਤੇ ਮੈਂ ਆਪਣੇ ਰਾਹੀਂ ਪੈ ਗਿਆ

ਪਰਵਾਸੀ ਜ਼ਿੰਦਗੀ ਵਿੱਚ ਵਿਅਸਤ ਹੋਇਆਂ ਦਹਾਕਾ ਬੀਤ ਗਿਆਪੰਜਾਬ ਵਾਪਸ ਗਿਆ ਤਾਂ ਭੁੱਲੀਆਂ ਵਿਸਰੇ ਰਾਹ ਯਾਦ ਆਏਉਹ ਥਾਹਾਂ ਵੀ ਯਾਦ ਆਈਆਂ ਜਿੱਥੇ ਚਿਰ ਪਹਿਲਾਂ ਵਿਛੜੀਆਂ ਰੂਹਾਂ ਨੂੰ ਛੱਡ ਕੇ ਦੌੜ ਗਿਆ ਸੀਮਨ ਵਿੱਚ ਸੋਚਿਆ ਕਿਉਂ ਨਾ ਜਸਵਿੰਦਰ ਜਾਂ ਹਰਜੀਤ ਨੂੰ ਲੱਭਿਆ ਅਤੇ ਮਿਲਿਆ ਜਾਵੇ? ਇੱਕ ਦਿਨ ਅੰਦਾਜ਼ੇ ਜਿਹੇ ਨਾਲ ਲੱਭਦਾ-ਲੁਭਾਉਂਦਾ ਜਸਵਿੰਦਰ ਦੇ ਪਿੰਡ ਜਾ ਵੜਿਆਪਤਾ ਕਰਦਿਆਂ ਕਰਦਿਆਂ ਉਸਦੇ ਘਰ ਪਹੁੰਚ ਗਿਆਬਜ਼ੁਰਗ ਪਿਤਾ ਅਤੇ ਮਾਤਾ ਵਿਹੜੇ ਦੀ ਕੰਧ ਨਾਲ ਲਾਏ ਮੰਜੇ ’ਤੇ ਬੈਠੇ ਢਲਦੇ ਸਿਆਲੂ ਸੂਰਜ ਦੀ ਨਿੱਘੀ ਧੁੱਪ ਸੇਕ ਰਹੇ ਸਨ

ਅੱਖਾਂ ਉੱਪਰ ਹੱਥ ਰੱਖ ਸਿਆਣਾ ਬਜ਼ੁਰਗ ਬੋਲਿਆ, “ਮੱਲਾ… ਮੈਂ ਪਛਾਣਿਆ ਨਹੀਂ…ਪਰ ਜਦੋਂ ਇਸ ਘਰ ਦਾ ਬੂਹਾ ਲੰਘ ਹੀ ਆਇਆਂ ਹੈਂ… ਤਾਂ ਜ਼ਰੂਰ ਆਪਾਂ ਜਾਣਦੇ ਈ ਹੋਵਾਂਗੇ!”

ਥੋੜ੍ਹਾ ਲਾਗੇ ਜਿਹੇ ਹੋ ਕੇ ਅਤੇ ਉਸਦੀ ਬਾਂਹ ’ਤੇ ਹੱਥ ਧਰਦਿਆਂ ਮੈਂ ਕਿਹਾ, “ਜਸਵਿੰਦਰ ’ਤੇ ਮੈਂ ਇਕੱਠੇ ਪੜ੍ਹਦੇ ਹੁੰਦੇ ਸੀ! … ਚਿਰ ਪਹਿਲਾਂ ਦੀ ਗੱਲ ਆ! ਪਰ ਮੈਂ ਤੁਹਾਨੂੰ ਕਦੇ ਨਹੀਂ ਮਿਲਿਆ ਅਤੇ ਨਾ ਹੀ ਕਦੇ ਤੁਹਾਡੇ ਘਰ ਆਇਆ ਈ ਸੀਕੋਲ ਹੀ ਬੈਠੀ ਮਾਤਾ ਨੇ ਮੇਰੇ ਸਿਰ ਨੂੰ ਮੋਹ ਨਾਲ ਪਲੋਸਿਆ ਤੇ ਫਿਰ ਚੁੱਪ-ਚਾਪ ਉੱਠ ਕੇ ਰਸੋਈ ਵੱਲ ਚਲੇ ਗਈਬਜ਼ੁਰਗ ਦੀਆਂ ਅੱਖਾਂ ਵਿੱਚ ਲਿਸ਼ਕ ਆ ਗਈ ਤੇ ਉਹ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲਿਆ, “ਹੱਛਾਅ… ਹੱਛਾ… ਜਸਵਿੰਦਰ ਦਾ ਦੋਸਤ! ਚੰਗਾ ਹੋਇਆ ਪੁੱਤ ਤੂੰ ਉਹਦੇ ਬਹਾਨੇ ਮਿਲਣ ਆ ਗਿਆ … ਸਾਡੀਆਂ ਬੁਢਾਪੇ ਦੀਆਂ ਨਜ਼ਰਾਂ ਤੇ ਔਹ ਬਾਹਰਲਾ ਬੂਹਾ ਤੱਕਦਾ ਈ ਥੱਕ ਗਿਆ…ਨਾ ਉਹ ਖ਼ੁਦ ਬਹੁੜਿਆ ਤੇ ਨਾ ਈ ਕਦੇ ਕੋਈ ਹੋਰ…!” ਬਜ਼ੁਰਗ ਦੀਆਂ ਥੱਕੀਆਂ ਅੱਖਾਂ ਵਿੱਚੋਂ ਨਿਕਲੇ ਹੰਝੂ ਚਿੱਟੀ ਦਾੜ੍ਹੀ ’ਤੇ ਮੋਤੀਆਂ ਵਾਂਗ ਕਿਰ ਗਏ

ਇਹ ਦੇਖ ਮੇਰਾ ਮਨ ਹੋਰ ਵੀ ਉਤਾਵਲਾ ਹੋ ਗਿਆ ਜਸਵਿੰਦਰ ਨੂੰ ਦੇਖਣ ਅਤੇ ਮਿਲਣ ਵਾਸਤੇਹੱਥ ਵਿੱਚ ਪਾਣੀ ਦਾ ਗਲਾਸ ਫੜੀ ਮਾਤਾ ਬੋਲੀ,  “ਉਸ ਦਿਨ ਸਵੇਰੇ ਈ ਘਰੋਂ ਸ਼ਹਿਰ ਕਾਲਜ ਨੂੰ ਪੜ੍ਹਾਉਣ ਗਿਆ ਸੀ ਪਰ ਵਾਪਸ ਘਰ ਨਹੀਂ ਆਇਆਅੰਨ੍ਹੀ ਧੁੰਦ ਵਿੱਚ ਟਰੱਕ ਨੇ ਐਸੀ ਟੱਕਰ ਮਾਰੀ ਕਿ ‘ਉਹਦੀ ਹੋਣੀ’ ਨਾਲ ਈ ਲੈ ਤੁਰੀ...ਛੋਟੀਆਂ ਭੈਣਾਂ ਦੇ ਵਿਆਹ ਕਰ ਗਿਆ… ਉਹਨਾਂ ਦੇ ਘਰ ਵਸਾ ਗਿਆ ਜਾਂਦਾ-ਜਾਂਦਾਅਸੀਂ ਸਾਰਿਆਂ ਨੇ ਤਾਂ ਅੱਡੀਆਂ ਤਕ ਜੋਰ ਲਾਇਆ ਪਰ ਉਹਨੇ ਆਪਣਾ ਘਰ ਨਾ ਵਸਾਇਆਖ਼ੌਰੇ ਕਿਸ ਨੂੰ ਉਡੀਕਦਾ ਰਿਹਾ?”

ਘਰ ਵਿੱਚ ਬੈਠਕ ਦੀ ਕੰਧ ’ਤੇ ਲੱਗੀਆਂ ਤਸਵੀਰਾਂ ਵਿੱਚੋਂ ਯੂਨੀਵਰਸਿਟੀ ਦੇ ਚੰਗੇ-ਭਲੇ ਦਿਨ ਯਾਦ ਕਰਦਿਆਂ ਮੇਰੀਆਂ ਅੱਖਾਂ ਭਰ ਆਈਆਂਮੈਨੂੰ ਲੱਗਾ ਜਿਵੇਂ ਹਰਜੀਤ ਦੇ ਵਿਛੋੜੇ ਦੀ ਯਾਦ ਵਿੱਚ ਜਸਵਿੰਦਰ ਮੇਰੇ ਕੰਨਾਂ ਵਿੱਚ ਧੀਮੇ ਜਿਹੇ ਕੁਝ ਪੁਕਾਰ ਰਿਹਾ ਹੋਵੇ…

ਕੋਲੋਂ ਉੱਠ ਕੇ ਤੁਰ ਗਏ ਸੱਜਣ
ਸੁੰਨੀਆਂ ਕਰ ਗਏ ਥਾਂਵਾਂ

ਵਿੱਚ ਉਡੀਕਾਂ ਅੱਖੀਆਂ ਥੱਕੀਆਂ
ਚਿੱਠੀਆਂ ਨਾ ਸਿਰਨਾਵਾਂ

ਤੁਰ ਗਏ ਸੱਜਣ ਮੁੜ ਨਾ ਪਰਤਣ
ਰੁੱਤ ਆਵੇ ਰੁੱਤ ਜਾਵੇ

ਹੁਣ ਤਾਂ ਰਾਹਾਂ ਤੱਕਦੇ ਥੱਕ ਗਏ
ਆਸ ਹੀ ਮੁੱਕਦੀ ਜਾਵੇ

ਪੈੜਾਂ ਵੀ ਹੁਣ ਮਿਟਦੀਆਂ ਜਾਵਣ
ਜਿੰਦ ਵੀ ਮੁੱਕਦੀ ਜਾਵੇ

ਉਡ ਕੇ ਮਿਲਣ ਦੀ ਖੁਸ਼ੀ ਸੋਗ ਵਿੱਚ ਬਦਲ ਗਈ ਅਤੇ ਉਦਾਸ ਮਨ ਨਾਲ ਮੈਂ ਵਾਪਸ ਆ ਗਿਆਹਰਜੀਤ ਨੂੰ ਢੂੰਡਣ ਜਾਂ ਮਿਲਣ ਦੀ ਇੱਛਾ ਅਤੇ ਉਤਸ਼ਾਹ ਖ਼ਤਮ ਹੀ ਹੋ ਗਿਆ

ਅੱਜ ਹਰਜੀਤ ਨੂੰ ਅਚਨਚੇਤ ਸਾਹਮਣੇ ਦੇਖ ਅਨੇਕਾਂ ਦ੍ਰਿਸ਼ ਸਕਿੰਟਾਂ ਵਿੱਚ ਹੀ ਮੇਰੀਆਂ ਅੱਖਾਂ ਅੱਗਿਉਂ ਗੁਜ਼ਰ ਗਏਕੁਝ ਦੇਰ ਮੇਰਾ ਹਾਲ ਚਾਲ ਪੁੱਛਣ, ਜਾਣਨ ਅਤੇ ਯੂਨੀਵਰਸਿਟੀ ਦੀਆਂ ਯਾਦਾਂ ਤਾਜ਼ਾ ਕਰਦਿਆਂ ਉਸਦੇ ਚਿਹਰੇ ਦੇ ਹਾਲ ਭਾਵ ਬਦਲਦੇ ਰਹੇਆਖ਼ਰ ਲੰਮਾ ਹਉਕਾ ਲੈਂਦਿਆਂ ਉਸਨੇ ਪੁੱਛ ਈ ਲਿਆ, “ਜਸ... ਵਿੰਦਰ... ਦਾ ਕੀ ਹਾਲ ਹੈ?” ਮਿਲਿਆ ਵੀ ਕਦੇ ਕਿ ਨਹੀਂ?”

ਮੈਂ ਕਿਹਾ, “ਉਹ ਤਾਂ… ਜੀ ਬੜੀ ਦੂਰ ਚਲਾ ਗਿਆ... ”

ਇਸ ਤੋਂ ਪਹਿਲਾਂ ਕਿ ਉਹ ਮੇਰੀ ਲੰਮੀ ਚੁੱਪ ਦਾ ਅੰਦਾਜ਼ਾ ਲਗਾਉਂਦੀ, ਮੈਂ ਸਾਰੀ ਕਹਾਣੀ ਸੱਚੋ-ਸੱਚ ਦੱਸ ਦਿੱਤੀ

ਹਰਜੀਤ ਦੀਆਂ ਅੱਖਾਂ ਵਿੱਚੋਂ ਵਗੇ ਅੱਥਰੂਆਂ ਦਾ ਹੜ੍ਹ ਬਿਨ ਬੋਲਿਆਂ ਉਹਦੇ ਮਨ ਦੀ ਅਸਹਿ ਪੀੜਾ ਬੋਲ ਗਿਆ! ਉਸ ਨੂੰ ਉਦਾਸ ਦੇਖ, ਨਾ ਚਾਹੁੰਦਿਆਂ ਹੋਇਆਂ ਵੀ ਮੈਂ ਆਪਣੇ ਮਨ ਦੀ ਗੱਲ ਪੁੱਛ ਈ ਬੈਠਾ, “ਸ਼ਾਇਦ ਮੈਨੂੰ ਪੁੱਛਣ ਦਾ ਹੱਕ ਵੀ ਹੈ ਜਾਂ ਨਹੀਂ, ਪਰ ਜ਼ਿੰਦਗੀ ਨੇ ਅਚਾਨਕ ਕੂਹਣੀ-ਮੋੜ ਕਿਵੇਂ ਕੱਟ ਲਿਆ? ਜਸਵਿੰਦਰ ਨੇ ਤਾਂ ਕਦੇ ਕੋਈ ਖ਼ਾਸ ਕਾਰਨ ਨਹੀਂ ਸਾਂਝਾ ਕੀਤਾ ਸੀ… ਬੱਸ ਚੁੱਪ-ਚਾਪ ਜਿਹਾ ਹੀ ਰਿਹਾ ਤੇ ਬਿਨ ਦੱਸਿਆਂ ਅਤੇ ਬਿਨ ਮਿਲਿਆਂ ਈ ਆਪਣੇ ਪਿੰਡ ਚਲੇ ਗਿਆਫਿਰ ਕਦੇ ਦੁਬਾਰਾ ਮਿਲਿਆ ਈ ਨਹੀਂਸ਼ਾਇਦ ਉਹ ਅੰਦਰੋਂ ਪੂਰਾ ਟੁੱਟ ਚੁੱਕਿਆ ਸੀਮੈਂ ਖ਼ੁਦ ਵੀ ਇੱਧਰ ਅਮਰੀਕਾ ਨੂੰ ਉਡਾਰੀ ਮਾਰ ਆਇਆ।”

ਦੋਹਾਂ ਹੱਥਾਂ ਨਾਲ ਅੱਖਾਂ ਦੇ ਹੰਝੂ ਸਾਫ਼ ਕਰਦੀ ਜਸਵਿੰਦਰ ਨੇ ਦੱਸਿਆ, ”ਕਸੂਰ ਉਸਦਾ ਨਹੀਂ ਸੀਉਸ ਸਮੇਂ ਉਹਨੂੰ ਜਿੰਨਾ ਮੈਂ ਦੱਸਿਆ ਉਹ ਅਧੂਰਾ ਸੀ, ਪੂਰਾ ਨਹੀਂ ਸੀਇਹ ਮੇਰਾ ਡਰ, ਕਮਜ਼ੋਰੀ, ਨਮੋਸ਼ੀ ਜਾਂ ਬੇਵਕੂਫ਼ੀ… ਜਾਂ ਪਤਾ ਨਹੀਂ ਕੀ ਸੀ? ਮੇਰੇ ਮਾਂ ਪਿਓ ਨੇ ਮੇਰੇ ਵਿਆਹ ਦੇ ਰਿਸ਼ਤੇ ਦੀ ਗੱਲ ਅਮਰੀਕਾ ਤੋਂ ਗਏ ਕਿਸੇ ਦੂਰ ਦੇ ਰਿਸ਼ਤੇਦਾਰਾਂ ਦੇ ਮੁੰਡੇ ਨਾਲ ਪੱਕੀ ਕਰ ਦਿੱਤੀ ਸੀਉਸਨੇ ਫੋਟੋ ਦੇਖ ਕੇ ਈ ਹਾਂ ਕਰ ਦਿੱਤੀਕਿਸੇ ਨੇ ਵੀ ਮੇਰੀ ਰਾਏ ਲੈਣੀ ਜਾਇਜ਼ ਹੀ ਨਹੀਂ ਸਮਝੀ, ਮੈਨੂੰ ਪੁੱਛਿਆ ਈ ਨਹੀਂ… ਬੱਸ ਇਹੀ ਵਾਸਤਾ ਪਾ ਦਿੱਤਾ ਕੇ ਕਿ ‘ਤੇਰੇ ਮਗਰ’ ਆਹ ਛੋਟੇ ਭੈਣ-ਭਰਾਵਾਂ ਦਾ ‘ਬੇੜਾ’ ਵੀ ਪਾਰ ਲੱਗ ਜਾਊ!! ਮਾਂ-ਬਾਪ ਨੂੰ ‘ਅਮਰੀਕਾ ਦਾ ਰਿਸ਼ਤਾ’ ਅਤੇ ਅਮਰੀਕਾ ਵਾਲਿਆਂ ਨੂੰ ਮੇਰੀ ‘ਪੀ ਐੱਚ ਡੀ’ ਲਾਟਰੀ ਵਰਗੀ ਲੱਗੀਬਲਦ ਭੁੱਖਾ ਤੇ ਤੂੜੀ ਗਿੱਲੀ, ਦੋਹਾਂ ਦਾ ਸੂਤ ਆ ਗਿਆ..ਇਸ ‘ਬੇਜੋੜ ਤੇ ਨਰੜ ਰਿਸ਼ਤੇ’ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਮੈਂ ਦਿਲ ਦੀਆਂ ਰੀਝਾਂ ਦਿਲ ਅੰਦਰ ਹੀ ਡੂੰਘੀਆਂ ਦੱਬ ਦਿੱਤੀਆਂ ਅਤੇ ਉੱਪਰ ਗਮ ਦਾ ਪਹਾੜ ਧਰ ਕੇ ਜਸਵਿੰਦਰ ਨੂੰ ਸਿਰਫ ਇਹੀ ਕਹਿ ਸਕੀ ਕਿ “ਹੁਣ ਗੱਲ ਮੇਰੇ ਵੱਸ ਤੋਂ ਬਾਹਰ ਦੀ ਹੈ

“ਮਾਂ ਪਿਓ ਦੇ ਸਹੀ ਜਾਂ ਗ਼ਲਤ ਫੈਸਲੇ ਦੀ ਇੱਜ਼ਤ ਕਰਦਿਆਂ ਅਤੇ ਭੈਣਾਂ ਭਰਾਵਾਂ ਦੇ ਚੰਗੇ ਭਵਿੱਖ ਦੀ ਖ਼ਾਤਰ ਮੈਂ ਪੜ੍ਹੀ-ਲਿਖੀ ਅਨਪੜ੍ਹ ਬਣ ਗਈ…ਪੀ ਐੱਚ ਡੀ ਕਰਦਿਆਂ ਕਦੇ ਕਦੇ ਸੋਚਦੀ ਹੁੰਦੀ ਸੀ ਕਿ ਜ਼ਮਾਨਾ ਸੱਚ ਹੀ ਬਦਲ ਰਿਹਾ ਹੈ, ਪਰ ਆਖ਼ਰ ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਕੁਝ ਜ਼ਿਆਦਾ ਈ ਉਡ ਲਿਆ ਹੋਵੇ ਅਤੇ ਮੇਰੇ ਨਿਕਲੇ ਹੋਏ ਖੰਭ ਕੁਤਰ ਦਿੱਤੇ ਗਏ ਹੋਵਣਮੈਂ ਛੋਟੇ ਭੈਣ-ਭਰਾਵਾਂ ਦੇ ਬੇੜਿਆਂ ਦੀ ਮਲਾਹ ਬਣਦੀ ਰਹੀ... ਖ਼ੁਦ ਡੁੱਬਦੀ-ਤਰਦੀ ਵੀ! ਉਹ ਸਭ ਤਾਂ ਖੁਸ਼ ਹਨ, ਆਪਣੀਆਂ ਜ਼ਿੰਦਗੀਆਂ ਦੇ ਜਸ਼ਨ ਮਾਣ ਰਹੇ ਹਨਆਪਣੀ ਕਿਸਮਤ ਅਤੇ ਟੱਬਰ ਖ਼ਾਤਰ ਦਿੱਤੀ ਕੁਰਬਾਨੀ ਸਮਝ ਕੇ… ਸਬਰ ਕਰ ਲਿਆਸੁਪਨਿਆਂ ਦਾ ਵਣਜ ਕਰ ਲਿਆ, ਦੂਸਰਿਆਂ ਵਾਸਤੇ ਰੰਗੀਲੇ ਸੁਪਨੇ ਖ਼ਰੀਦਣ ਲਈ ਖ਼ੁਦ ਦੇ ਰੰਗੀਨ ਸੁਪਨੇ ਵੇਚ ਹੀ ਦਿੱਤੇਪਰ ਉਹਨਾਂ ਭਾਣੇ… ਕੀ?

“ਵੇਚਦੇ ਰਹੇ
ਖ਼ੁਦ ਦੇ ਰੰਗੀਨ ਸੁਪਨੇ
ਜਿਨ੍ਹਾਂ ਸ਼ਖ਼ਸਾਂ ਦੀ ਖ਼ਾਤਰ
ਉਮਰ ਭਰ…
ਪੁੱਛ ਰਹੇ
ਨੇ ਅੱਜ ਉਹੀ ਸ਼ਖ਼ਸ
ਇਹ ਕੇਹਾ ਅਜੀਬ ਵਣਜ ਕਰਦੇ ਰਹੇ
ਉਮਰ ਭਰ…

“ਜ਼ਿੰਦਗੀ ਉਲਝ ਗਏ ਧਾਗੇ ਵਾਂਗ ਉਲਝਦੀ ਚਲੀ ਗਈਮੈਂ ਦੁਬਾਰਾ ਕਦੇ ਵੀ ਜਸਵਿੰਦਰ ਨੂੰ ਦੱਸਣ, ਮਿਲਣ ਜਾਂ ਦੇਖਣ ਦੀ ਹਿੰਮਤ ਹੀ ਨਾ ਕਰ ਸਕੀ! ਬਦਕਿਸਮਤੀ ਨਾਲ ਜੀਵਨ ਦੀਆਂ ਰਮਣੀਕ ਅਤੇ ਮੁਹੱਬਤੀ ਡੰਡੀਆਂ ’ਤੇ ਅਸੀਂ ਸਾਥ-ਸਾਥ ਬਹੁਤੀ ਦੂਰ ਤਕ ਚੱਲ ਹੀ ਨਾ ਸਕੇਨਾ ਡੰਡੀਆਂ ਤੇ ਨਾ ਉਹ ਰਸਤੇ ਹੀ ਰਹੇਪਾਂਧੀ ਵੀ ਤੁਰ ਗਏ ਨੇ… ਤੇ ਅਸਾਂ ਵੀ ਕਿਹੜੇ ਬੈਠੇ ਰਹਿਣਾ… ਆਖ਼ਰ ਇੱਕ ਦਿਨ ਤੁਰ ਈ ਜਾਣਾ! ਜ਼ਿੰਦਗੀ ਦੇ ਰੰਗ ਬਦਲਦੇ ਰਹਿੰਦੇ ਨੇ.. ਤੇ ਮੇਰੀ ਜ਼ਿੰਦਗੀ ਵਿੱਚ ਆਏ ਤੁਫ਼ਾਨ ਬਾਅਦ ਬਣੇ ਨਵੇਂ, ਅਕਾਵੇਂ ਤੇ ਥਕਾਵੇਂ ਪੈਂਡਿਆਂ ’ਤੇ ਚਲਦੇ ਨਵੇਂ ਹਮਸਫ਼ਰ ਕਦੇ ਮਿਲ ਹੀ ਨਾ ਸਕੇ…!”

ਵਰ੍ਹਿਆਂ
ਤੋਂ ਸਾਥ ਸਾਥ
ਚੱਲਦੇ ਹੋਏ ਵੀ
ਬੱਸ ਤਰਸਦੇ ਈ ਰਹੇ
ਨਦੀ ਦੇ
ਕਿਨਾਰਿਆਂ ਦੀ ਤਰ੍ਹਾਂ
ਕਿਵੇਂ… ਨਾ… ਕਿਵੇਂ
ਕਦੇ… ਨਾ ਕਦੇ...
ਮਿਲ ਕੇ ਇੱਕ ਹੋ ਜਾਣ ਨੂੰ

ਪੁਰਾਣੀਆਂ ਯਾਦਾਂ ਨੂੰ ਫਰੋਲਦਿਆਂ ਅਤੇ ਗੱਲਾਂ-ਬਾਤਾਂ ਵਿੱਚ ਗੁਆਚਿਆਂ ਕਦੋਂ ਸ਼ਾਮ ਢਲ਼ ਗਈ, ਸਾਨੂੰ ਪਤਾ ਹੀ ਨਾ ਲੱਗਾਦੁੱਖ ਸੁੱਖ ਸਾਂਝੇ ਕਰ ਅਸੀਂ ਆਪੋ-ਆਪਣੇ ਘਰਾਂ ਨੂੰ ਚਾਲੇ ਪਾ ਲਏਵਾਪਸ ਘਰ ਆਉਂਦਿਆਂ ਮਨ ਵਿੱਚ ਆਏ ਉਤਰਾਅ-ਚੜ੍ਹਾ ਅਤੇ ਮੋੜ-ਘੇੜਾਂ ਵਿੱਚੋਂ ਲੰਘਦਿਆਂ ਮੈਂ ਖ਼ੁਦ ਨੂੰ ਹੀ ਸਵਾਲ ਕਰਦਾ ਰਿਹਾ ਤੇ ਜਵਾਬ ਵੀ ਢੂੰਡਦਾ ਰਿਹਾ

ਕਿੰਨੀਆਂ ਕੁ ਹੋਰ ਜਸਵਿੰਦਰ-ਹਰਜੀਤ ਜਿਹੀਆਂ ਮੁਹੱਬਤੀ ਰੂਹਾਂ ‘ਪਰਵਾਸ ਰੂਪੀ ਠੱਗ’ ਨੇ ਠੱਗੀਆਂ ਹੋਣਗੀਆਂ?

ਕਿੰਨਿਆਂ ਕੁ ਸੌਦਾਗਰਾਂ ਨੇ ਖ਼ੁਦ ਦੇ ਰੰਗੀਨ ਸੁਪਨੇ ਵੇਚ ਦਿੱਤੇ ਹੋਣਗੇ ਦੂਸਰਿਆਂ ਦੇ ਹੁਸੀਨ ਸੁਪਨਿਆਂ ਅਤੇ ਜਸ਼ਨਾਂ ਦੀ ਖ਼ਾਤਰ?

ਪਤਾ ਨਹੀਂ, ਸ਼ਾਇਦ ਅਣਗਿਣਤ ਹੀ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author