“ਪੰਜਾਬੀ ਸਾਡੀ ਸਾਰਿਆਂ ਦੀ ਬੋਲੀ ਹੈ। ਇਸ ਸਧਾਰਨ ਗੱਲਬਾਤ ਵਿੱਚ ਧਰਮ ਕਾਹਤੋਂ ਘੁਸੇੜ ਦਿੱਤਾ ...?”
(25 ਅਕਤੂਬਰ 2025)
ਸਵੇਰ ਦਾ ਦ੍ਰਿਸ਼
ਕਈ ਮੁਲਖਾਂ ਨਾਲੋਂ ਵੀ ਵੱਡੇ ਸਾਡੇ ਸੂਬੇ ‘ਕੈਲੀਫੋਰਨੀਆ’ ਵਿੱਚ ਅਸਮਾਨ ਛੂੰਹਦੇ ਪਹਾੜਾਂ ਅਤੇ ਗਹਿਰੇ ਸਮੁੰਦਰ ਦੇ ਦਰਮਿਆਨ ਲੰਮੀ-ਚੌੜੀ ਤੇ ਹਰੀ-ਭਰੀ ਵੈਲੀ (ਮੈਦਾਨ) ਇਸ ਨੂੰ ਚਾਰ ਚੰਨ ਲਾਉਂਦੀ ਹੈ। ਮੌਸਮਾਂ ਅਤੇ ਰੁੱਤਾਂ ਦੀ ਹੀ ਗੱਲ ਕਰੀਏ ਤਾਂ ਅਸਮਾਨੋਂ ਕਿਰਦੀ ਬਰਫ, ਨਿੱਕੀ-ਵੱਡੀ ਕਣੀ ਦਾ ਮੀਂਹ, ਵਲ ਕੱਢਦੀ ਗਰਮੀ, ਵਲ ਪਾਉਂਦੀ (ਇਕੱਠਿਆਂ ਕਰਦੀ) ਸਰਦੀ, ਅਤੇ ਖ਼ੂਬਸੂਰਤ ਰੁਮਕਦੀਆਂ ਹਵਾਵਾਂ ਵਾਲੇ ਮੌਸਮ ਨਾਲ ਇਸ ਧਰਤੀ ਨੂੰ ਕੁਦਰਤ ਨੇ ਨਿਵਾਜਿਆ ਹੈ। ਕਈ ਵਾਰੀ ਸਰਦੀਆਂ ਵਿੱਚ ਕੋਰਾ ਵੀ ਐਨਾ ਜ਼ਿਆਦਾ ਡਿਗਦਾ ਹੈ ਕਿ ਪੈਰ ਤਿਲ੍ਹਕਦਿਆਂ-ਤਿਲ੍ਹਕਦਿਆਂ ਬੱਸ ਤਿਲ੍ਹਕ ਹੀ ਜਾਂਦੇ ਹਨ।
ਭਰ ਸਰਦੀ ਦੇ ਇੱਕ ਦਿਨ ਸੈਰ ਕਰਦਿਆਂ ਅਸੀਂ ਦੇਖਿਆ ਕਿ ਪਾਰਕ ਦੀ ਉਤਰਾਈ (ਨਿਵਾਣ) ਵਾਲੇ ਸੀਮਿੰਟ ਦੇ ਛੇ ਕੁ ਫੁੱਟ ਚੌੜੇ ਪਹੇ ਉੱਪਰ ਇੱਕ ਹੋਰ ਪੰਜਾਬੀ ਬੰਦਾ ਸੈਰ ਕਰ ਰਿਹਾ ਸੀ। ਕਈ ਹੋਰ ਲੋਕ ਵੀ ਆਸ ਪਾਸ ਸੈਰ ਕਰ ਰਹੇ ਸਨ। ਜਦੋਂ ਉਹ ਸ਼ਖ਼ਸ ਤੁਰਦੇ-ਤੁਰਦੇ ਅਚਾਨਕ ਕਸਰਤ ਕਰਨ ਲਈ ਦੌੜਨ ਲੱਗ ਪਿਆ ਤਾਂ ਮੇਰੀ ਸਾਥਣ ਅਚਾਨਕ ਬੋਲੀ, “ਦੌੜਨਾ ਮਾੜੀ ਗੱਲ ਤਾਂ ਨਹੀਂ ਆ, ਪਰ ਐਸ ਕੋਰੇ ਵਿੱਚ ਤੁਰਿਆ ਤਾਂ ਮਸਾਂ ਈ ਜਾਂਦਾ… ਤੇ ਇਹ ਦੌੜਨ ਲੱਗ ਪਿਆ ਹੈ। ਕਿਤੇ ‘ਤਿਲ੍ਹਕਦਿਆਂ’ ਡਿਗ ਕੇ ਹੱਡ-ਪੈਰ ਈ ਨਾ ਤੁੜਵਾ ਲਵੇ!”
ਆਪਣੀ ਸਾਥਣ ਦੁਆਰਾ ਕੀਤੇ ਇਸ ਫਜ਼ੂਲ ਜਿਹੇ ਫਿਕਰ ਬਾਰੇ ਮੈਂ ਆਪਣੇ ਮਨ ਵਿੱਚ ਹੀ ਸੋਚਣ ਲੱਗ ਪਿਆ। “ਇਹ ਕਿਉਂ ਐਵੇਂ ਜਣੇ-ਖਣੇ ਤੁਰੇ ਜਾਂਦੇ ਨੂੰ ਬੰਨ੍ਹ ਕੇ ਖੀਰ ਖੁਆਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ? ਆਪਣੇ ਫਿਕਰਾਂ ਦੀ ਗੰਢ ਤਾਂ ਸੰਭਾਲੀ ਨਹੀਂ ਜਾਂਦੀ, ਐਵੇਂ ਵਾਧੂ ਈ ਲੋਕਾਂ ਦੇ ਫਿਕਰ ਫੜ-ਫੜ ਕੇ ਆਪਣੀ ਗੰਢ ਵਿੱਚ ਗੰਢੀ ਜਾਂਦੀ ਆ!”
ਪਰ ਇੱਕ ਕੌੜੀ ਸਚਾਈ ਇਹ ਵੀ ਹੈ ਕਿ ਅਸੀਂ ਵਾਕਿਆ ਹੀ ਫਜ਼ੂਲ ਫਿਕਰਾਂ ਅਤੇ ਸੋਚਾਂ ਦੀਆਂ ਮਣ-ਮਣ ਭਾਰੀਆਂ ਪੰਡਾਂ ਜ਼ਿੰਦਗੀ ਭਰ ਢੋਂਦੇ ਰਹਿੰਦੇ ਹਾਂ। ਇਨ੍ਹਾਂ ਸੋਚਾਂ ਵਿੱਚ ਹੀ ਅਸੀਂ ਸੈਰ ਕਰ ਰਹੇ ਸੀ ਕਿ ਪਿੱਛਿਓਂ ਅਚਾਨਕ ਇੱਕ ਦਰਦ ਭਰੀ ਅਵਾਜ਼ ਆਈ, “ਹਾਏ ਉਏ ਮਰ ਗਿਆ!”
ਅਸੀਂ ਦੋਹਾਂ ਨੇ ਇੱਕੋ ਸਮੇਂ ਸਿਰ ਘੁਮਾਕੇ ਦੇਖਿਆ ਤਾਂ ਉਹੀ ਬੰਦਾ ਅੱਧਾ ਘਾਹ ਅਤੇ ਅੱਧਾ ਕੁ ਸੀਮਿੰਟ ਵਾਲੇ ਰਾਹ ਵਿੱਚ ਡਿਗਿਆ ਪਿਆ ਸੀ। ਮੇਰੀ ਸਾਥਣ ਫਿਰ ਉਤੇਜਿਤ ਹੁੰਦੀ ਬੋਲੀ, “ਦੇਖਿਆ...! ਮੈਂ ਕਿਹਾ ਸੀ ਕਿ ਨਹੀਂ, ਇਹ ਬੰਦਾ ਤਿਲ੍ਹਕ ਕੇ ਡਿਗੂ ਈ ਡਿਗੂ?”
ਆਪਣੀ ‘ਸੱਚੀ ਭਵਿੱਖਬਾਣੀ’ ਦੀ ਖੁਸ਼ੀ ਵਿੱਚ ਪੁੱਠੀਆਂ ਛਾਲਾਂ ਮਾਰਦੀ ਮਾਰਦੀ ਉਹ ਫਿਰ ਅਚਾਨਕ ਦੁਖੀ ਹੁੰਦਿਆਂ ਬੋਲੀ, “ਜਾਓ ਬਈ ਉਸ ਨੂੰ ਦੇਖੋ ਹੁਣ ... ਕਿਤੇ ਬੇਚਾਰੇ ਦੇ ਥੈਂਹ ਕੁ ਥੈਂਹ ਸੱਟ ਈ ਨਾ ਲੱਗ ਗਈ ਹੋਵੇ!”
ਮੈਨੂੰ ਵੀ ਲੱਗਾ ਕਿ ਉਸਦਾ ਫਿਕਰ ਜਾਇਜ਼ ਹੀ ਸੀ। ਮੈਂ ਕੁਝ ਕਦਮ ਹੀ ਉਸ ਆਦਮੀ ਵੱਲ ਗਿਆ ਹੋਵਾਂਗਾ, ਉੱਦੋਂ ਤਕ ਉਹ ਉੱਠ ਕੇ ਹੌਲੀ-ਹੌਲੀ ਤੁਰਦਾ-ਤੁਰਦਾ ਤੁਰ ਪਿਆ ਅਤੇ ਬਿਨਾਂ ਕੁਝ ਬੋਲਿਆਂ ਹੀ ਪਰੇ ਦੂਰ ਚਲੇ ਗਿਆ।
ਉਹ ਬੰਦਾ ਭਾਵੇਂ ਹੁਝਕੇ ਮਾਰਦਿਆਂ ਤੁਰਦਾ-ਤੁਰਦਾ ਕਾਫ਼ੀ ਦੂਰ ਚਲੇ ਗਿਆ, ਪਰ ‘ਦਿਲ ਦੇ ਤੇਜ਼ ਕੰਨਾਂ’ ਨਾਲ ਉਹਦੀ ‘ਪੈਛੜ’ ਨੂੰ ਸੁਣਦਿਆਂ ਮੇਰੀ ਸਾਥਣ ਕਹਿਣ ਲੱਗੀ, “ਮੈਨੂੰ ਲਗਦਾ ਹੈ ਕਸੂਰ ਪੂਰਾ ਉਹਦਾ ਵੀ ਨਹੀਂ ਸੀ! ਕੋਰਾ ਪਿਘਲਣ ਕਰਕੇ ਤਿਲ੍ਹਕਣ ਹੈ ਈ ਬੜੀ ਆਲੇ-ਦੁਆਲੇ!”
ਇਹ ਗੱਲ ਸੁਣਦਿਆਂ ਮੇਰਾ ਮਨ ਕਿਸੇ ਹੋਰ ਈ ਤਿਲ੍ਹਕਣ ਵਿੱਚ ਤਿਲ੍ਹਕ ਗਿਆ।
ਦੋਸਤੋ, ਤਿਲ੍ਹਕਣ-ਫਿਸਲਣ ਦੇ ਕਈ ਰੂਪ ਹੋ ਸਕਦੇ ਹਨ। ਜਿਵੇਂ ਪੈਰਾਂ ਦਾ ਤਿਲ੍ਹਕਣਾ ਜਾਂ ਫਿਰ ਉਸ ਤੋਂ ਵੀ ਖ਼ਤਰਨਾਕ ‘ਹੱਡੀ-ਰਹਿਤ ਜੀਭ’ ਜਾਂ ਜ਼ੁਬਾਨ ਦਾ ਫਿਸਲ ਜਾਣਾ। ਇਸ ਆਦਮੀ ਦਾ ਤਿਲ੍ਹਕ ਕੇ ਬਚ ਜਾਣਾ ਮੈਨੂੰ ਚਿਰ ਪਹਿਲਾਂ ਦੀ ਇੱਕ ਹੋਰ ਤਿਲ੍ਹਕਣ ਦੀ ਯਾਦ ਦੁਆ ਗਿਆ …।
ਕਿਹਾ ਜਾਂਦਾ ਹੈ ਕਿ ਕੋਈ ਵੀ ਬੋਲੀ ਕਿਸੇ ਖ਼ਿੱਤੇ ਦੇ ਬਾਸ਼ਿੰਦਿਆਂ ਦੀ ਆਪਸ ਵਿੱਚ ਤਾਲਮੇਲ ਦੀ ਪ੍ਰਕਿਰਿਆ ਲਈ ਬਣਦੀ ਹੈ। ਬੋਲੀ ਇਸ ਆਪਸੀ ਤਾਲਮੇਲ ਦੇ ਨਾਲ ਹੀ ਇੱਕ ਬੋਲਣ ਵਾਲੇ ਦੀ ਦੂਸਰੇ ਸੁਣਨ ਵਾਲੇ ਪ੍ਰਤੀ ਨੇੜਤਾ ਦਾ ਰਿਸ਼ਤਾ ਵੀ ਕਾਇਮ ਕਰਦੀ ਹੈ। ਆਪਣੀ ਮਾਂ-ਬੋਲੀ ਦਾ ਕਦੇ ਵੀ ਕੋਈ ਬਦਲ ਨਹੀਂ ਦੇਖਿਆ। ਮਾਂ ਬੋਲੀ ਨੂੰ ਬੋਲਣ ਲਈ ਅੱਖਰ ਭਾਲਣੇ ਨਹੀਂ ਪੈਂਦੇ, ਬਲਕਿ ਉਹ ਆਪਣੇ ਆਪ ਹੀ ਰੂਹ ਵਿੱਚੋਂ ਜ਼ੁਬਾਨ ’ਤੇ ਉੱਤਰ ਆਉਂਦੇ ਹਨ। ਆਪਣੀ ਜ਼ੁਬਾਨ ਬੋਲਣ ਦੇ ਜਾਦੂ ਦਾ ਅਸਰ ਸ਼ਾਇਦ ਤੁਸੀਂ ਵੀ ਕਈ ਵਾਰੀ ਮਹਿਸੂਸ ਕੀਤਾ ਹੋਵੇਗਾ। ਜਦੋਂ ਕਦੇ ਤੁਸੀਂ ਕਿਸੇ ਦੂਸਰੀ ਜ਼ੁਬਾਨ ਦੇ ਵਾਰਤਾਲਾਪ ਦੌਰਾਨ ਆਪਣੀ ਮਾਂ ਬੋਲੀ ਦੇ ਬੋਲ ਅਚਾਨਕ ਸੁਣਦੇ ਹੋ ਤਾਂ ਤੁਹਾਡੇ ਕੰਨ ਅਤੇ ਮੂੰਹ ਤੁਹਾਡੀ ਜ਼ੁਬਾਨ ਬੋਲਣ ਵਾਲੇ ਵੱਲ ਆਪਣੇ ਆਪ ਹੀ ਘੁੰਮ ਜਾਂਦੇ ਹਨ। ਆਪਣੀ ਜ਼ੁਬਾਨ ਵਿੱਚ ਗੱਲ ਕਰਨ ਵਾਲੇ ਇਨਸਾਨ ਨਾਲ ਸਨੇਹ ਅਤੇ ਨੇੜਤਾ ਵੀ ਮਹਿਸੂਸ ਹੁੰਦੀ ਹੈ।
ਸੱਚ ਇਹ ਵੀ ਹੈ ਕਿ ਦੂਸਰੀਆਂ ਜ਼ੁਬਾਨਾਂ ਦੇ ਅੱਖਰ ਅਤੇ ਸ਼ਬਦ ਅਕਸਰ ਹੀ ਸਾਡੀ ਮਾਂ ਬੋਲੀ ਵਿੱਚ ਆ ਡਿਗਦੇ ਹਨ। ਜ਼ਾਹਰ ਹੈ ਕਿ ਅਸੀਂ ਆਪਣੀ ਹੀ ਜ਼ੁਬਾਨ ਬੋਲਣ ਤੋਂ ਕਿਨਾਰਾ ਵੀ ਕਰਨ ਲੱਗ ਪਏ ਹਾਂ ਅਤੇ ਸੱਚ ਇਹ ਵੀ ਹੈ ਕਿ ਚੜ੍ਹਦੇ ਪੰਜਾਬ ਵਿੱਚ ਹਿੰਦੀ ਬਹੁਤ ਤੇਜ਼ ਰਫਤਾਰ ਨਾਲ ਪੰਜਾਬੀ ਦਾ ਬਦਲ ਬਣ ਗਈ ਹੈ ਅਤੇ ਬਣ ਰਹੀ ਹੈ। ਇਸਦਾ ਇੱਕ ਕਾਰਨ ਪੰਜਾਬੀਆਂ ਦਾ ਪੰਜਾਬ ਵਿੱਚੋਂ ਉੱਚੀਆਂ ਅਤੇ ਲੰਮੀਆਂ ਉਡਾਰੀਆਂ ਮਾਰ ਜਾਣਾ ਅਤੇ ਦੂਸਰੇ ਰਾਜਾਂ ਦੇ ਵਾਸੀਆਂ ਦਾ ਪੰਜਾਬ ਵੱਲ ਨੂੰ ਵਹੀਰਾਂ ਘੱਤਣਾ ਹੈ। ਅਕਸਰ ਹੀ ਅਸੀਂ ਪੰਜਾਬੀ ਜ਼ੁਬਾਨ ਨੂੰ ਇੱਕ ਫਿਰਕੇ ਜਾਂ ਧਰਮ ਨਾਲ ਵੀ ਜੋੜ ਦਿੰਦੇ ਹਾਂ। ਦੂਸਰਿਆਂ ਨੂੰ ਮਹਿਸੂਸ ਕਰਾਉਣਾ ਕਿ ਪੰਜਾਬੀ ਮੇਰੀ ਅਤੇ ਸਿਰਫ ਮੇਰੀ ਹੀ ਅਧਿਕਾਰਤ ਬੋਲੀ ਹੈ, ਇਹ ਵੀ ਚੰਗੀ ਗੱਲ ਨਹੀਂ। ਪੰਜਾਬੀ ਬੋਲੀ ਉਸ ਹਰ ਪੰਜਾਬੀ ਦੀ ਹੈ, ਜਿਸ ਨੂੰ ਪੰਜਾਬੀ ਹੋਣ ਦਾ ਮਾਣ ਹੈ!
ਕੁਝ ਚਿਰ ਪਹਿਲਾਂ ਦੀ ਗੱਲ ਹੈ, ਮੈਂ ਆਪਣੀ ਪੰਜਾਬ ਫੇਰੀ ਦੌਰਾਨ ਇੱਕ ਡੈਂਟਲ ਕਲੀਨਿਕ ਵਿੱਚ ਬੈਠਾ ਸੀ। ਉੱਥੇ ਮੇਰੇ ਤੋਂ ਇਲਾਵਾ ਹੋਰ ਵੀ ਬਹੁਤ ਮਰੀਜ਼ ਦੰਦਾਂ ਦੇ ਚੈੱਕ ਅਪ ਵਾਸਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਇੱਕ “ਸੁਲਝੀ ਹੋਈ ਇਨਸਾਨੀ ਦਿੱਖ” ਵਾਲਾ ਸੱਜਣ ਮੇਰੇ ਨਾਲ ਵਾਲੀ ਕੁਰਸੀ ’ਤੇ ਆ ਬੈਠਾ। ਪਹਿਲਾਂ The Tribune ਅਤੇ ਫਿਰ Indian Express ਅਖ਼ਬਾਰ ਖੋਲ੍ਹ ਕੇ ਪੜ੍ਹਨ ਲੱਗ ਪਿਆ। ਉੱਥੇ ਬੈਠਿਆਂ ਹੀ ਮੈਂ ਮਹਿਸੂਸ ਕੀਤਾ ਕੇ ਦਫਤਰ ਦੇ ਸਟਾਫ ਮੈਂਬਰ ਪੰਜਾਬੀ ਬੋਲਣ ਵਾਲਿਆਂ ਨਾਲ ਵੀ ਹਿੰਦੀ ਵਿੱਚ ਹੀ ਗੱਲ ਕਰਦੇ ਸਨ, ਹਾਲਾਂ ਕਿ ਫ਼ੋਨ ’ਤੇ ਉਹ ਬਹੁਤ ਵਧੀਆ ਪੰਜਾਬੀ ਬੋਲ ਰਹੇ ਸਨ। ਡੈਂਟਿਸਟ ਆਪ ਬਹੁਤ ਵਧੀਆ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ। ਮੈਂ ਇੱਕ ਸਟਾਫ ਲੜਕੀ ਨੂੰ ਬੜਾ ਸਧਾਰਨ ਜਿਹੇ ਹੀ ਪੁੱਛ ਬੈਠਾ, “ਤੁਸੀਂ ਪੰਜਾਬੀ ਤਾਂ ਬਹੁਤ ਵਧੀਆ ਬੋਲਦੇ ਹੋ, ਜੀ! ਇੱਥੇ ਸਾਰੇ ਬੈਠੇ ਵੀ ਪੰਜਾਬੀ ਹੀ ਹਨ, ਪਰ ਫਿਰ ਵੀ ਤੁਸੀਂ ਪੰਜਾਬੀ ਵਿੱਚ ਗੱਲ ਕਿਉਂ ਨਹੀਂ ਕਰਦੇ? ਪੰਜਾਬੀਆਂ ਨਾਲ ਪੰਜਾਬੀ ਬੋਲਣ ਵਿੱਚ ਝਿਜਕ ਕਾਹਦੀ?”
ਉਸਦਾ ਰਲ਼-ਗੱਡ ਜਵਾਬ ਸੀ, “ਮੈਂ ਹਾਂ ਤਾਂ ਪੰਜਾਬਣ ਈ… ਪਰ ਮੈਂ ਉਸ ਭਾਸ਼ਾ ਵਿੱਚ ਹੀ ਗੱਲ ਕਰਦੀ ਹਾਂ ਜਿਸ ਮੇਂ ਕਲਾਇੰਟ ਬੈਟਰ ਫੀਲ ਕਰਤਾ ਹੋ।”
“ਠੀਕ ਹੈ ਜੀ… ਪਰ ਮੈਨੂੰ ਪੰਜਾਬੀ ਬੋਲਣ ਜਾਂ ਸਮਝਣ ਵਿੱਚ ਕੋਈ ਮੁਸ਼ਕਿਲ ਨਹੀਂ ਹੈ ਅਤੇ ਤੁਹਾਡੇ ਨਾਲ ਪੰਜਾਬੀ ਹੀ ਬੋਲ ਰਿਹਾ ਹਾਂ। ਪੰਜਾਬਣ ਤਾਂ ਪੰਜਾਬੀ ਬੋਲਦੀ ਹੀ ਚੰਗੀ ਲਗਦੀ ਹੈ!”
ਉਸਦਾ ਜਵਾਬ ਸੀ, “ਜੀ... ਹਾਂ ਜੀ।” ਅਤੇ ਫਿਰ ਉਸਨੇ ਮੇਰੇ ਨਾਲ ਠੇਠ ਪੰਜਾਬੀ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ, ਜੋ ਮੈਨੂੰ ਹੋਰ ਵੀ ਚੰਗਾ ਲੱਗਾ।
ਸਾਡੀ ਗੱਲਬਾਤ ਸੁਣਦੇ ਸਾਰ ਹੀ ਮੇਰੇ ਨਾਲ ਵਾਲੀ ਕੁਰਸੀ ’ਤੇ ਬੈਠਾ ਉਹੀ ਸੱਜਣ ਉੱਚੀ ਸੁਰ ਵਿੱਚ ਬੋਲਿਆ, “ਇਹ ਹਿੰਦੂ ਆ … ਤਾਂ ਹਿੰਦੀ ਹੀ ਬੋਲਣਗੇ!” ਇਹ ਸੁਣਦੇ ਸਾਰ ਹੀ ਮੇਰਾ ਅਤੇ ਉੱਥੇ ਬੈਠੇ ਹੋਰ ਲੋਕਾਂ ਦਾ ਧਿਆਨ ਵੀ ਉਸ ਵੱਲ ਖਿੱਚਿਆ ਗਿਆ। ਉਸਦੇ ਇਸ ਵਤੀਰੇ ਨੇ ਮੂੰਹ ਵਿੱਚ ਉਂਗਲਾਂ ਪੁਆ ਦਿੱਤੀਆਂ। ਮੈਂ ਕਿਹਾ, “ਜੀ ਤੁਸੀਂ ਕੀ ਗੱਲ ਕਰਦੇ ਹੋ?”
ਉਸਨੇ ਫਿਰ ਪੂਰੇ ਜ਼ੋਰ ਨਾਲ ਪਹਿਲਾਂ ਕਹੀ ਹੋਈ ਗੱਲ ਦੁਹਰਾਈ। ਹਾਲਾਂ ਕਿ ਮੈਨੂੰ ‘ਉਸਤਰਿਆਂ ਦੀ ਮਾਲਾ’ ਗਲ਼ ਵਿੱਚ ਪਾਉਣ ਦਾ ਬਹੁਤਾ ਸ਼ੌਕ ਨਹੀਂ, ਪਰ ਮੈਂ ਫਿਰ ਵੀ ਕਹਿ ਹੀ ਦਿੱਤਾ, “ਇਹ ਗੱਲ ਤਾਂ ਪੂਰੀ ਸਹੀ ਨਹੀਂ ਹੈ ਜੀ! ਅਸੀਂ ਸਾਰੇ ਪੰਜਾਬੀ ਹੀ ਹਾਂ, ਇਸ ਕਰਕੇ ਪੰਜਾਬੀ ਸਾਡੀ ਸਾਰਿਆਂ ਦੀ ਬੋਲੀ ਹੈ। ਇਸ ਸਧਾਰਨ ਗੱਲਬਾਤ ਵਿੱਚ ਧਰਮ ਕਾਹਤੋਂ ਘੁਸੇੜ ਦਿੱਤਾ ਤੁਸੀਂ ਜੀ?”
ਉਹ ਚੁੱਪ ਕਰ ਗਿਆ ਅਤੇ ਆਪਣੇ ਚੈੱਕ-ਅਪ ਕਰਨ ਦਾ ਇੰਤਜ਼ਾਰ ਕਰਨ ਲੱਗਾ। ਖ਼ੈਰ, ਦੁੱਧ ਵਿੱਚ ਨਾਤ੍ਹੇ ਤਾਂ ਅਸੀਂ ਕੋਈ ਵੀ ਨਹੀਂ ਹਾਂ ਪਰ ਇਸ ਵਾਰਤਾਲਾਪ ਤੋਂ ਬਾਅਦ ਉਸ ਲੜਕੀ ਦਾ ਚਿਹਰਾ ਕੁਝ ਉਦਾਸ ਹੋ ਗਿਆ ਜਾਪਿਆ। ਮੈਨੂੰ ਵੀ ਇੰਜ ਲੱਗਾ ਜਿਵੇਂ ਮੈਂ ਵੀ ਤਿਲ੍ਹਕਦਾ-ਤਿਲ੍ਹਕਦਾ ਹੀ ਬਚਿਆ ਹੋਵਾਂ। ਪਛਤਾਵਾ ਵੀ ਹੋਇਆ ਇੱਕ ਸਧਾਰਨ ਜਿਹੀ ਗੱਲਬਾਤ ਨੂੰ ਬਿਨਾਂ ਵਜਾਹ ਹੀ ਫਿਰਕੂ ਰੰਗ ਵੱਲ ਖਿਸਕਦਿਆਂ ਦੇਖ!
ਹੱਡੀ-ਰਹਿਤ ਪੁਰਜ਼ੇ ਦੇ ਪੁਆੜੇ…
ਸਾਡੇ ਗੁਆਂਢ ਵਿੱਚ ਹੀ ਇੱਕ ਬੰਦਾ ਦੂਸਰੇ ਨਾਲ ਉੱਚੀ ਉੱਚੀ ਖਹਿਬੜ ਰਿਹਾ ਸੀ। ਬਿਨਾਂ ਸੱਦੇ-ਬੁਲਾਏ ਤੋਂ ਹੀ ਮੈਂ ਜਾ ਕੇ ਪੁੱਛ ਲਿਆ, “ਕੀ ਗੱਲ ਹੋ ਗਈ ਬਈ?”
ਉਹ ਬੋਲਿਆ, “ਐਵੇਂ ਨਿੱਕੀ ਜਿਹੀ ਗੱਲ ਤੋਂ ਈ ਇਹ ਮੈਨੂੰ ਘਰੋਂ ਬਾਹਰ ਕੱਢ ਰਿਹਾ ਹੈ।”
ਦੂਸਰੇ ਸ਼ਖ਼ਸ ਤਕ ਪਹੁੰਚ ਕੀਤੀ ਤਾਂ ਉਹ ਬੋਲਿਆ, “ਇੱਕ ਤਾਂ ਇਹ ਪੂਰਾ ਕਿਰਾਇਆ ਨਹੀਂ ਦਿੰਦਾ, ਉੱਪਰੋਂ ਗੰਦੀਆਂ ਗਾਲ੍ਹਾਂ ਕੱਢਦਾ ਆ! ਕਿਰਾਇਆ ਤਾਂ ਅੱਗੇ ਪਿੱਛੇ ਹੋ ਸਕਦਾ, ਪਰ ਇਹਨੂੰ ਮੈਂ ਗਾਲ੍ਹਾਂ ਦਾ ਅੱਜ ਸਬਕ ਸਿਖਾਉਣਾ ਈ ਸਿਖਾਉਣਾ।”
ਭੰਬਲ਼ਭੂਸੇ ਨੂੰ ਸਾਫ ਕਰਨ ਲਈ ਮੈਂ ਦੁਬਾਰਾ ਪਹਿਲੇ ਨੂੰ ਕਿਹਾ, “ਤੂੰ ਕਾਹਤੋਂ ਉਹਨੂੰ ਗਾਲ੍ਹਾਂ ਕੱਢਣੀਆਂ ਸਨ? ਬੈਠ ਕੇ ਈ ਗੱਲ ਕਰ ਲੈਣੀ ਸੀ!”
ਉਹ ਬੋਲਿਆ, “ਮੈਂ ਨਹੀਂ ਕਿਸੇ ਨੂੰ ਗਾਲ੍ਹ ਕੱਢੀ ਅੱਜ ਤਕ। ... ਐਵੇਂ ਗੁੱਸੇ ਵਿੱਚ ਕਈ ਵਾਰੀ ਸਾਲੀ ਜ਼ਬਾਨ ‘ਤਿਲ੍ਹਕ’ ਜਾਂਦੀ ਆ, ਪਰ ‘ਦਿਲੋਂ’ ਪੱਕਾ ਈ ਮੈਂ ਕਦੇ ਨਹੀਂ ਗਾਲ੍ਹ ਕੱਢਦਾ।”
ਕੋਲ ਹੀ ਖੜ੍ਹੀ ਉਹਦੀ ਜੀਵਨ ਸਾਥਣ ਬੋਲੀ, “ਕਸੂਰ ਇਹਦਾ ਈ ਆ ਸਾਰਾ। ਇਹਦੀ ਜ਼ਬਾਨ ਬੱਸ ਤਿਲ੍ਹਕਦੀ ਈ ਰਹਿੰਦੀ ਆ! ... ਪਤਾ ਨਹੀਂ ਕਿੰਨੀ ਵਾਰੀ ਕਿਹਾ ਇਹਨੂੰ ਕਿ ਆਪਣੀ ਜੀਭ ਨੂੰ ਤਾਲ਼ਾ ਲਾ ਕੇ ਰੱਖਿਆ ਕਰ।”
ਆਪਣੀ ਘਰਵਾਲੀ ਵੱਲ ਔਹਰਾ ਜਿਹਾ ਦੇਖਦਾ, ਦੱਬੀ ਜਿਹੀ ਜੀਭ ਨਾਲ ‘ਕੁਛ’ ਬੋਲਦਾ ਉਹ ਘਰ ਦੇ ਅੰਦਰ ਵੱਲ ਚਲੇ ਗਿਆ।
ਐਵੇਂ ਕਦੇ ਕਦੇ
ਜ਼ਹਿਰੀ ਜਿਹੀਆਂ ਹਵਾਵਾਂ
ਅਵਾਮ ਵਿੱਚੋਂ ਲੰਘ ਜਾਂਦੀਆਂ ਨੇ
ਇਨਸਾਨਾਂ ਨੂੰ ਵੰਡ ਜਾਂਦੀਆਂ ਨੇ
ਮਜ਼੍ਹਬਾਂ ਵਿੱਚ ਰੰਗ ਜਾਂਦੀਆਂ ਨੇ
ਜਾਤਾਂ ਪਾਤਾਂ ਵਿੱਚ ਰੰਗ ਜਾਂਦੀਆਂ ਨੇ
ਤੇ ‘ਇਨਸਾਨੀਅਤ’ ਨੂੰ ਡੰਗ ਜਾਂਦੀਆਂ ਨੇ
ਸ਼ੁਕਰ ਰੱਬ ਦਾ
ਕਿ ਵਿੱਚ-ਵਿਚਾਲੇ ਜਿਹੇ
ਮੁਹੱਬਤੀ ਹਵਾਵਾਂ ਵੀ ਵਗ ਜਾਂਦੀਆਂ ਨੇ
ਮੋਹ-ਮੁਹੱਬਤਾਂ ਦੇ ਸੁਨੇਹੇ ਛੱਡ ਜਾਂਦੀਆਂ ਨੇ
ਤੇ ਲੰਘਦੀਆਂ-ਲੰਘਦੀਆਂ
ਇਨਸਾਨੀਅਤ ਦੇ ਬੀਜ ਦੱਬ ਜਾਂਦੀਆਂ ਨੇ
ਦਿਲ ਅਰਦਾਸ ਕਰੇ…
ਮੁਹੱਬਤ ਦੀਆਂ ਹਵਾਵਾਂ ਵਗਦੀਆਂ ਰਹਿਣ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (