KulwinderBathDr7ਮਾਪਿਆਂ ਅਤੇ ਵੱਡਿਆਂ ਦੀ ਨਸੀਹਤਅਧਿਆਪਕਾਂ ਦੀ ਸਿੱਖਿਆਭਲੇ ਪੁਰਸ਼ਾਂ ਦਾ ਸੰਗਅਤੇ ...
(5 ਅਕਤੂਬਰ 2025)

 

ਛੋਟੋ ਹੁੰਦਿਆਂ ਸਾਡੇ ਪਿੰਡ ਤੋਂ ਕੁਝ ਵਿੱਥ ’ਤੇ ਜਲੰਧਰ ਛਾਉਣੀ ਦੀ ਦਸਹਿਰਾ ਗਰਾਊਂਡ ਵਿੱਚ ਲੱਗੇ ਦੁਸਹਿਰੇ ਦੇ ਮੇਲੇ ਨੂੰ ਦੇਖਣ ਜਾਣ ਦਾ ਸਾਨੂੰ ਬੜਾ ਚਾਅ ਹੋਇਆ ਕਰਦਾ ਸੀਮੇਲੇ ਵਿੱਚ ਘੁੰਮ-ਫਿਰ ਅਤੇ ਖਾਣ-ਪੀਣ ਤੋਂ ਬਾਅਦ ਅਸਾਂ ਦਸਹਿਰਾ ਗਰਾਊਂਡ ਵਿੱਚ ਰਾਵਣ, ਕੁੰਭਕਰਨ ਅਤੇ ਮੇਘ ਨਾਥ ਵਗੈਰਾ ਦੇ ਬੁੱਤ ਦੇਖਣ ਪਹੁੰਚ ਜਾਣਾਉੱਥੇ ਕਈ ਤਰ੍ਹਾਂ ਦੇ ਸਾਂਗ (ਸਵਾਂਗ) ਦੇਖਦਿਆਂ ਅਸਾਂ ਐਵੇਂ ਹੀ ਸੋਚਦੇ ਰਹਿਣਾ…ਇਸ ਨਕਲੀ ਰੂਪ ਦੇ ਪਿੱਛੇ ਅਸਲੀ ਚਿਹਰਾ ਕੌਣ ਹੋਵੇਗਾ? ਉਹਦੀ ਬੋਲਚਾਲ ਅਤੇ ਵਿਵਹਾਰ ਕਿਹੋ ਜਿਹਾ ਹੋਵੇਗਾ? ਉਹ ਇਸ ਮਖੌਟੀ ਕਿਰਦਾਰ ਨਾਲ ਕਿੰਨਾ ਕੁ ਮਿਲਦਾ-ਜੁਲਦਾ ਹੋਵੇਗਾ? ਸਾਡਾ ਇਹੀ ਹਾਲ ਸਾਡੇ ਪਿੰਡ ਵਿੱਚ ਹੁੰਦੀਆਂ ਨਕਲਾਂ ਦੇ ਨਕਲੀਆਂ ਨੂੰ ਦੇਖ ਕੇ ਹੁੰਦਾਅਸੀਂ ਕਿਰਦਾਰਾਂ ਦੇ ਮਖੌਟਿਆਂ ਪਿੱਛੇ ਛੁਪੇ ਅਸਲੀ ਲੋਕਾਂ ਨੂੰ ਘੱਟ ਹੀ ਦੇਖ ਪਾਉਂਦੇਦੋਸਤੋ, ਅਸਲ ਜੀਵਨ ਵਿੱਚ ਵੀ ਕੋਈ ਬਹੁਰੂਪੀਏ ਦੇਖੇ ਕਦੇ?

ਸਾਡਾ ਪੰਜਾਬੀ ਵਿੱਚ ਜ਼ਰਾ ਹੱਥ ਤੰਗ ਹੁੰਦਿਆਂ ਵੀ ਗਿਆਨੀ ਮਾਸਟਰ ਜੀ ਨੇ ਕਹਿ ਦੇਣਾ, “ਸਰਲ ਅਰਥ ਕਰੋ ਬਈ… ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ।” ਅਤੇ ਨਾਲ ਲੱਗਦਿਆਂ ਹੀ ਲੰਮੀ ਸਾਰੀ ਹੇਕ ਲਾ ਕੇ ਕਹਿ ਦੇਣਾ, ਹਰ ਚਮਕਦੀ ਹੋਈ ਸ਼ੈਅ ਸੋਨਾ ਨਹੀਂ ਹੁੰਦੀ

ਸਾਨੂੰ ਇਹ ਸਭ ਭੰਬਲਭੂਸਾ ਜਿਹਾ ਹੀ ਲੱਗਣਾ ਅਤੇ ਅਸੀਂ ਸਿਰ ਖੁਰਕਦਿਆਂ ਨੇ ਸੋਚਣਾ ਕਿ ਇਸਦੇ ਅਰਥ ਹੋਰ ਕੀ ਸਰਲ ਕਰਨੇ ਹੋਣਗੇ? ਕੁਛ ਬਹੁਤਾ ਪੱਲੇ ਨਾ ਪੈਣਾ ਤਾਂ ਹਥਿਆਰ ਸੁੱਟ ਕੇ ਸੋਚਣਾ, ਸ਼ਾਇਦ ਮਾਸਟਰ ਜੀ ਐਵੇਂ ‘ਝੂਠ-ਮੂਠ’ ਹੀ ਕਹੀ ਜਾਂਦੇ ਨੇ! ਹਾਥੀ ਦੇ ‘ਹੋਰ’ ਦੰਦ ਵੀ ਹੁੰਦੇ ਹਨ? ਕਿੱਥੇ? ਕਦੇ ਦੇਖੇ ਹੀ ਨਹੀਂ ਸਨ! ਸੋਨੇ ਵਾਂਗ ਚਮਕਦੀ ਸ਼ੈਅ ਜੇਕਰ ਸੋਨਾ ਨਹੀਂ ਤਾਂ ਹੋਰ ਕੀ ਸ਼ੈਅ ਹੋ ਸਕਦੀ ਹੈ? ਜਦੋਂ ਉਮਰ ਦੇ ਕੁਛ ‘ਵਾਰ’ ਹੋਰ ਆਏ ਤਾਂ ਕੁਝ ਕੁ ਸੋਝੀ ਪਈ ਕੋਈ ਲੇਖਕ ਤਾਂ ਨਹੀਂ, ਪਰ ਕਦੇ-ਕਦੇ ਮਨ ਦੇ ਵਲਵਲਿਆਂ ਨੂੰ ਲਫ਼ਜ਼ਾਂ ਵਿੱਚ ਉਤਾਰ ਕੇ ਮੈਂ ਆਪਣੇ ਦੋਸਤਾਂ-ਮਿੱਤਰਾਂ ਨਾਲ ਸਾਂਝੇ ਕਰ ਲੈਂਦਾ ਹਾਂਇੱਕ ਦਿਨ ਇੱਕ ਸੁਲਝੇ ਹੋਏ ਸੱਜਣ-ਮਿੱਤਰ ਨੇ ਮੇਰੇ ਮਨ ਵਿੱਚ ਚਿਰਾਂ ਤੋਂ ਰਿੜਕਦੀ ਚਲੀ ਆ ਰਹੀ ਗੱਲ ਫ਼ਟਾਫ਼ਟ ਇੰਜ ਕਹਿ ਮਾਰੀ, “ਵੈਸੇ ਬਹੁਤੇ ਵਧੀਆ ਲਿਖਣ ਅਤੇ ਟਾਹਰਾਂ ਮਾਰਨ ਵਾਲਿਆਂ ਦੇ ਖ਼ੁਦ ਦੇ ਕਿਰਦਾਰ ਬਹੁਤੇ ਚੰਗੇ ਨਹੀਂ ਹੁੰਦੇ ਅਮੂਮਨ ਜਿਹੜੇ ਲੇਖਕਾਂ ਦੀਆਂ ਲਿਖਤਾਂ ਬਹੁਤ ਵਧੀਆ ਹੁੰਦੀਆਂ ਹਨ, ਉਨ੍ਹਾਂ ਦਾ ਕਿਰਦਾਰ ਅਕਸਰ ਉੰਨਾ ਵਧੀਆ ਨਹੀਂ ਹੁੰਦਾ।”

ਯਕੀਨਨ ਹੀ ਇਹ ਸੱਜਣ ਆਪਣੀ ਜ਼ਿੰਦਗੀ ਦੀ ਪੜ੍ਹਾਈ ਦਾ ਤਜਰਬਾ ਸਾਂਝਾ ਕਰ ਰਿਹਾ ਸੀਕੌੜਾ ਪਰ ਸੱਚੋ-ਸੱਚਦੋਗਲਾਪਣ ਸਾਡੀ ਜ਼ਿੰਦਗੀ ਦੇ ਖੋਖਲੇਪਣ ਵਿੱਚ ਘੁਸ ਗਿਆ ਹੈ, ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ, ਹਾਥੀ ਦੇ ਦੰਦਾਂ ਵਾਂਗਕੋਈ ਝਿਜਕ ਨਹੀਂ ਹੋਣੀ ਚਾਹੀਦੀ ਇਹ ਗੱਲ ਮੰਨਣ ਵਿੱਚਜੀਵਨ ਜਿਊਂਦਿਆਂ ਅਕਸਰ ਹੀ ਅਜਿਹੀਆਂ ਪ੍ਰਸਿੱਧ ਸ਼ਖ਼ਸੀਅਤਾਂ ਜਾਂ ਉੱਘੇ ਵਿਦਵਾਨਾਂ ਵਗੈਰਾ ਨਾਲ ਤੁਹਾਡਾ ਵੀ ਵਾਹ-ਵਾਸਤਾ ਪਿਆ ਹੋਵੇਗਾ ਜਾਂ ਫਿਰ ਕਦੇ ਜ਼ਰੂਰ ਪਵੇਗਾਸਿਰਫ ਲੇਖਕ ਹੀ ਨਹੀਂ ਬਲਕਿ ਹੋਰ ਬੁੱਧੀਜੀਵੀ, ਕਲਾਕਾਰ, ਅਧਿਆਪਕ ਅਤੇ ਕਈ ਹੋਰ ‘ਵਗੈਰਾ-ਵਗੈਰਾ’ ਵੀ ਇਸ ਵਿੱਚ ਸ਼ਾਮਲ ਹਨਸ਼ਾਇਦ ਕਦੇ ਇਨ੍ਹਾਂ ‘ਦੂਰ ਦੇ ਭੁਲੇਖਿਆਂ’ ਵਿੱਚ ਤੁਹਾਡਾ ਮਨ ਵੀ ਕੁਰਲਾ ਉੱਠਿਆ ਹੋਵੇਗਾ

ਦੂਰੋਂ
ਜੋ ਜਾਪਦੇ ਸਨ ਛੂਹਣ ਅਸਮਾਨਾਂ ਨੂੰ
ਕੋਲੋਂ ਜਾ ਦੇਖਿਆ ਤਾਂ ਸਿੰਬਲ ਜਿਹੇ ਰੁੱਖ ਹੀ ਨਿਕਲੇ!

ਦੂਰੋਂ
ਜੋ ਜਾਪਦੇ ਸਨ ਭਲੇ ਇਨਸਾਨਾਂ ਜਿਹੇ
ਕੋਲੋਂ ਜਾ ਦੇਖਿਆ ਤਾਂ ਨਾ-ਸ਼ੁਕਰੇ ਲੋਕ ਹੀ ਨਿਕਲੇ!

ਉੱਘੇ-ਉੱਘੇ ਵਿਦਵਾਨਾਂ ਜਾਂ ਮਹਾਨ ਸ਼ਖ਼ਸੀਅਤਾਂ ਦੀ ਗੱਲਬਾਤ ਜਾਂ ਭਰਮ ਭੁਲੇਖੇ ਕਿਤੇ ਫਿਰ ਸਹੀ ਪਰ ਅੱਜ ਦੋ ਕੁ ਪੁਰਾਣੀਆਂ ਯਾਦਾਂ ਮਨ ਵਿੱਚੋਂ ਉੱਲਰ-ਉੱਲਰ ਕੇ ਆਪ ਸਭ ਨਾਲ ਸਾਂਝਾਂ ਪਾਉਣ ਨੂੰ ਕਾਹਲੀਆਂ ਪੈ ਰਹੀਆਂ ਹਨ

ਡਾਕਟਰ ਅਤੇ ਡਾਕਟਰ…

ਡਾਕਟਰ ਅਤੇ ਮਰੀਜ਼ ਦਾ ਆਪਸੀ ਸਬੰਧ ਬੜਾ ਨਾਜ਼ਕ ਹੁੰਦਾ ਹੈਮਰੀਜ਼ ਡਾਕਟਰ ’ਤੇ ਆਸ ਦੇ ਨਾਲ ਹੀ ਵਿਸ਼ਵਾਸ ਵੀ ਕਰਦਾ ਹੈਬਹੁਤੇ ਡਾਕਟਰ ਇਸ ਇੱਜ਼ਤ ਅਤੇ ਵਿਸ਼ਵਾਸ ਨੂੰ ਕਾਇਮ ਰੱਖਦੇ ਹਨਇਹ ਉਨ੍ਹਾਂ ਦੀ ਟਰੇਨਿੰਗ ਦਾ ਹਿੱਸਾ ਵੀ ਹੁੰਦਾ ਹੈ ਜਿਊਂਦੇ ਜੀਅ ਅਸੀਂ ਸਭ ਅੱਧੇ-ਅਧੂਰੇ ਹੀ ਹਾਂਮੇਰਾ ਕੈਨੇਡਾ ਵਸਦਾ ਚੰਗਾ ਪੜ੍ਹਿਆ-ਲਿਖਿਆ ਤੇ ਸੁਲਝਿਆ ਹੋਇਆ ਦੋਸਤ ਅਕਸਰ ਆਪਣੇ ਬਾਪ ਨੂੰ ਉਸਦੇ ਪੰਜਾਬੀ ਡਾਕਟਰ ਪਾਸ ਲੈ ਕੈ ਜਾਂਦਾ ਹੁੰਦਾ ਸੀਜਦੋਂ ਡਾਕਟਰ ਨੇ ਉਸਦੇ ਪਿਤਾ ਨੂੰ ਚੈੱਕ ਕਰਨ ਲਈ ਕਮਰੇ ਵਿੱਚ ਆਉਣਾ ਤਾਂ ਉਹਦੇ ਪਿਤਾ ਜੀ ਨੇ ਦੋਨੋਂ ਹੱਥ ਜੋੜ ਕੇ ਬੋਲਣਾ, “ਸਾ-ਸਰੀ-ਕਾਲ, ਡਾਕਟਰ ਸਾਹਿਬ!” ਦੋਸਤ ਨੇ ‘ਵਾਰ ਵਾਰ’ ਨੋਟ ਕੀਤਾ ਕਿ ਡਾਕਟਰ ਨੇ ਹਰ ਵਾਰ ਹੀ ਉਹਦੇ ਬਾਪ ਨੂੰ ਬਿਨਾਂ ਕੋਈ ਜਵਾਬ ਦਿੰਦਿਆਂ ਸਿੱਧਾ ਹੀ ਚੈੱਕ-ਅਪ ਵਗੈਰਾ ਕਰ ਕੇ ਬਾਹਰ ਨਿਕਲ ਜਾਣਾ, ਇੱਕ ਵਾਵਰੋਲੇ ਦੀ ਤਰ੍ਹਾਂਫਿਰ ਇੱਕ ਦਿਨ ਉਸ ਨੂੰ ਮਹਿਸੂਸ ਹੋਇਆ ਕਿ ਇਹ (ਉਸ ਦਾ ਪਿਤਾ) ਸਿਆਣਾ ਬੰਦਾ ਇਸ ਡਾਕਟਰ ਨੂੰ ਹਰ ਵਾਰ ਨਿਮਰਤਾ ਨਾਲ ਸਤਿ ਸ੍ਰੀ ਅਕਾਲ ਕਹਿ ਕੇ ਬੁਲਾਉਂਦਾ ਹੈ, ਪਰ ਡਾਕਟਰ ਕਦੇ ਉਸਦਾ ਜਵਾਬ ਹੀ ਨਹੀਂ ਦਿੰਦਾ, ਪਰ ਕਿਉਂ? ਉਸਨੇ ਸੋਚਿਆ, ਚਲੋ ਹੋ ਸਕਦਾ ਟਾਈਮ ਦੀ ਤੰਗੀ ਹੁੰਦੀ ਹੋਵੇਗੀਫਿਰ ਸੋਚਿਆ, ਪਰ ਟਾਈਮ ਦੀ ਤੰਗੀ? ਸਿਰਫ ਜ਼ੁਬਾਨ, ਸਿਰ ਜਾਂ ਹੱਥ ਹਿਲਾਉਣ ਨੂੰ ਜਾਂ ਮੁਸਕਰਾਉਣ ਨੂੰ ਕੀ ਟਾਈਮ ਲਗਦਾ? ਇੱਕ ਦਿਨ ਆਖ਼ਰ ਉਸਨੇ ਪੁੱਛ ਹੀ ਲਿਆ, “ਡਾਕਟਰ ਸਾਹਿਬ, ਗੱਲ ਸਧਾਰਨ ਜਿਹੀ ਵੀ ਹੈ ਅਤੇ ਨਹੀਂ ਵੀਮੇਰਾ ਬਾਪ ‘ਹਰੇਕ ਵਾਰੀ’ ਤੁਹਾਨੂੰ ਬੜਾ ਨਿਮਰ ਹੋ ਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ! ਪਰ ਕੀ ਗੱਲ, ਤੁਸੀਂ ਕਦੇ ਉਸਦਾ ਜਵਾਬ ਕਿਉਂ ਨਹੀਂ ਦਿੰਦੇ? ਇਹ ਤੁਹਾਡਾ ਮਰੀਜ਼ ਹੈ ਅਤੇ ਹਮੇਸ਼ਾ ਤੁਹਾਡੇ ਕੋਲ ਚੈੱਕ ਅਪ ਲਈ ਆਉਣਾ ਚਾਹੁੰਦਾ ਹੈ!”

ਡਾਕਟਰ ਕਾਹਲੀ ਵਿੱਚ ਬੋਲਿਆ, “ਜਵਾਬ ਦਿੱਤਾ ਜਾਂ ਨਾ ਦਿੱਤਾ ਇੱਕ ਬਰਾਬਰ ਹੀ ਹੈਤੁਹਾਨੂੰ ਤਾਂ ਪਤਾ ਹੀ ਹੈ ਕਿ ਇਹਨੂੰ ਕਿਹੜਾ ਸੁਣਦਾ ਹੈ?”

ਸਿਰਫ ਘੱਟ ਸੁਣਨ ਵਾਲੇ ਕੰਨਾਂ ਤੋਂ ਇਲਾਵਾ ਬਾਕੀ ਮੂੰਹ-ਹੱਥ ਅਤੇ ਬਾਡੀ ਲੈਂਗੁਏਜ ਵਗੈਰਾ ਨੂੰ ਇਸ ਡਾਕਟਰ ਨੇ ਸਿਰੇ ਤੋਂ ਕੱਟ ਵੱਢ ਹੀ ਦਿੱਤਾਜ਼ਿੰਦਗੀ ਦੇ ਕਈ ਦਹਾਕੇ ਕੈਨੇਡਾ ਵਰਗੇ ਮਨੁੱਖੀ ਕਦਰਾਂ ਕੀਮਤਾਂ ਵਾਲੇ ਮੁਲਖ ਵਿੱਚ ਬਤੀਤ ਕਰਦਿਆਂ ਅਤੇ ਬੜੇ ਹੈਰਾਨ ਹੋਇਆਂ ਦੋਸਤ ਨੇ ਇੰਜ ਸੰਖੇਪ ਜਿਹਾ ਜਵਾਬ ਦਿੱਤਾ, “ਡਾਕਟਰ ਸਾਹਿਬ! ਹਾਲਾਂ ਕਿ ਮੈਨੂੰ ਹੁਣ ਲਗਦਾ ਹੈ ਕਿ ਤੁਹਾਡੇ ਨਾਲ ‘ਸਾਹਿਬ’ ਸ਼ਬਦ ਲਾਉਣਾ ਨਹੀਂ ਚਾਹੀਦਾ ਤੇ ਨਾ ਸ਼ੋਭਾ ਹੀ ਦਿੰਦਾ ਹੈਜ਼ਰੂਰੀ ਨਹੀਂ, ਪਰ ਹੋ ਸਕਦਾ ਹੈ ਕਿ ਤੁਸੀਂ ਆਪਣੇ ਕਿੱਤੇ ਦੇ ਮਾਹਰ ਹੋਵੋ, ਫਿਰ ਵੀ ਤੁਹਾਨੂੰ ਤਾਂ ਇੱਕ ਆਮ ਸਧਾਰਨ ਇਨਸਾਨ ਨਾਲ ਵਿਚਰਨ ਅਤੇ ਗੱਲਬਾਤ ਕਰਨ ਦਾ ਤਰੀਕਾ ਵੀ ਨਹੀਂ ਆਉਂਦਾਜਾਂ ਤੁਸਾਂ ਸਿੱਖਿਆ ਹੀ ਨਹੀਂ ਜਾਂ ਫਿਰ ਕਿਸੇ ਨੇ ਸਿਖਾਇਆ ਨਹੀਂ ਅਤੇ ਇੱਕ ਗੱਲ ਪੱਕੀ ਹੈ ਕਿ ਇਹ ਤੁਹਾਨੂੰ ਆਇਆ ਨਹੀਂ! ਕੀ ਇਹੀ ਪ੍ਰੋਫੈਸ਼ਨ ਹੈ ਜੀ, ਤੁਹਾਡਾ? ਤੁਸੀਂ ਕਿਸ ਬਾਗ ਦੀ ਮੂਲੀ ਹੋ ਜੀ? ਜ਼ਰਾ ਕੁ ਸੋਚਿਓ, ਅਗਰ ਕਦੇ ਟਾਈਮ ਲੱਗਾ ਤਾਂ ...ਪਰ ਇੱਕ ਹੋਰ ਗੱਲ ਪੱਕੀ ਹੈ ਕਿ ਅੱਜ ਤੋਂ ਬਾਅਦ ਮੇਰਾ ਬਾਪ ਇੱਥੇ ਤੁਹਾਡੇ ਕੋਲ ਨਹੀਂ ਆਵੇਗਾ... ਸਾ-ਸਰੀ-ਕਾਲ

ਦੂਰੋਂ..

ਜੋ ਜਾਪਦੇ ਸਨ ਆਸਾਂ ਤੇ ਉਮੀਦਾਂ ਜਿਹੇ
ਕੋਲੋਂ ਜਾ ਦੇਖਿਆ ਤਾਂ ਸਭ ਭਰਮ ਭੁਲੇਖੇ ਹੀ ਨਿਕਲੇ!

ਕਈ ਸਾਲ ਪਹਿਲਾਂ ਕੈਲੇਫੋਰਨੀਆ ਵਿੱਚ ਰਹਿੰਦੀ ਮੇਰੀ ਮਾਤਾ ਦੀ ਪੇਸ-ਮੇਕਰ ਦੀ ਸਰਜਰੀ ਹੋਈਇੱਕ ਦਿਨ ਉਸ ਨੂੰ ਘਰ ਦੇਖਣ ਆਈ ਉਸਦੀ ਸਹੇਲੀ ਬੋਲੀ, “ਤੇਰਾ ‘ਪਰੱਸ਼ਨ (ਸਰਜਰੀ) ਗਲਤ ਥੈਂਹ ਕਰ ਦਿੱਤਾ ਹੈ!! ਮੇਰੀ ਫਲਾਣੀ ਸਹੇਲੀ ਦਾ ਇਹੀ ਪਰੱਸ਼ਨ ਹੋਰ ਜਗ੍ਹਾ ਹੋਇਆ ਹੈ।”

ਵਹਿਮ ਦਾ ਇਲਾਜ ਸ਼ਾਇਦ ਅੱਜੇ ਤਕ ਕਿਸੇ ਨੂੰ ਲੱਭਾ ਨਹੀਂ ਹੈਮਾਂ ਨੂੰ ਆਪਣੀ ਸਹੇਲੀ ਦਿਲ ਦੇ ਸਰਜਨ ਨਾਲੋਂ ਵੀ ਜ਼ਿਆਦਾ ਸਿਆਣੀ ਲੱਗੀਭਾਵੇਂ ਇਹ ਗੱਲ ਹੈ ਤਾਂ ਮਜ਼ਾਕ ਵਰਗੀ ਹੀ ਸੀ, ਪਰ ਦੁਬਾਰਾ ਆਪਣੇ ਡਾਕਟਰ ਕੋਲ ਚੈੱਕ ਅਪ ਕਰਾਉਣ ਗਈ ਮੈਨੂੰ ਕਹਿੰਦੀ ਇਹਨੂੰ ਪੁੱਛੋ ‘ਪਰੱਸ਼ਨ’ ਸਹੀ ਥਾਂ ਕਿਉਂ ਨਹੀਂ ਕੀਤਾ? ਡਾਕਟਰ ਨੂੰ ਗੱਲ ਦੱਸੀ ਤਾਂ ਉਹ ਉੱਚੀ-ਉੱਚੀ ਹੱਸਦਿਆਂ ਅਤੇ ਮਾਂ ਨੂੰ ਕਲਾਵੇ ਵਿੱਚ ਲੈਂਦਾ ਬੋਲਿਆ, “ਮਾਂ! ਕੋਈ ਫਿਕਰ ਨਹੀਂ ਕਰਨਾ! ਸਭ ਕੁਝ ਸਹੀ ਹੈ।”

ਉਹਦੇ ਕਹਿਆਂ ਸ਼ਾਇਦ ਮਾਂ ਨੂੰ ‘ਯਕੀਨ’ ਜਿਹਾ ਆ ਗਿਆਮੈਂ ਡਾਕਟਰ ਨੂੰ ਕਿਹਾ, “ਕਿਤੇ ਗੁੱਸਾ ਤਾਂ ਨਹੀਂ ਕੀਤਾ ਤੁਸੀਂ?”

ਉਹ ਹੱਸ ਕੇ ਬੋਲਿਆ, “ਮੈਂ ਦਿਲ ਦੀ ਸਰਜਰੀ ਦੇ ਨਾਲ-ਨਾਲ ਹੀ ਦਿਲ ਤੋਂ ਮੁਹੱਬਤਾਂ ਵੀ ਵੰਡਦਾ ਹਾਂ! ਦਵਾ ਅਤੇ ਮੁਹੱਬਤ ਰਲ ਕੇ ਜ਼ਿਆਦਾ ਕੰਮ ਕਰਦੀਆਂ ਹਨਇਹੀ ਜ਼ਿੰਦਗੀ ਆ, ਮੇਰੇ ਦੋਸਤ!”

ਅਧਿਆਪਕ ਅਤੇ ਅਧਿਆਪਕ…

ਅਧਿਆਪਕ ਦੀ ਸ਼ਖ਼ਸੀਅਤ ਦਾ ਬੱਚੇ ਦੀ ਜ਼ਿੰਦਗੀ ਉੱਪਰ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈਬੱਚੇ ਤਾਂ ਗਿੱਲੀ ਮਿੱਟੀ ਵਾਂਗ ਹੀ ਹੁੰਦੇ ਹਨ ਅਤੇ ਚੰਗੇ ਅਧਿਆਪਕ ਉਨ੍ਹਾਂ ਨੂੰ ਤਰਾਸ਼ ਕੇ ਉੱਚਕੋਟੀ ਦੇ ਸਾਇੰਸਦਾਨ, ਡਾਕਟਰ, ਇੰਜਨੀਅਰ, ਖਿਡਾਰੀ, ਅਧਿਆਪਕ, ਕਾਰੋਬਾਰੀ ਵਗੈਰਾ ਅਤੇ ਇਸ ਸਭ ਤੋਂ ਵੀ ਉੱਪਰ ‘ਵਧੀਆ ਇਨਸਾਨ’ ਬਣਾ ਦਿੰਦੇ ਹਨਚੰਗੇ ਅਧਿਆਪਕਾਂ ਨੂੰ ਬਣਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ

ਉਦੋਂ ਮੈਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਪ੍ਰੀ-ਮੈਡੀਕਲ ਵਿੱਚ ਪੜ੍ਹਦਾ ਸੀਹੋਰਨਾਂ ਵਿਸ਼ਿਆਂ ਤੋਂ ਇਲਾਵਾ ਸਾਨੂੰ ਬਾਇਓਲਜੀ ਅਤੇ ਫਿਜ਼ਿਕਸ ਦੇ ਵਿਸ਼ੇ ਵੀ ਲੈਣੇ ਹੁੰਦੇ ਸਨਉਨ੍ਹਾਂ ਦਿਨਾਂ ਵਿੱਚ (ਅਤੇ ਅੱਜਕਲ ਸ਼ਾਇਦ ਉਸ ਤੋਂ ਵੀ ਜ਼ਿਆਦਾ) ਟਿਊਸ਼ਨ ਦਾ ਰਿਵਾਜ਼ ਹੋਇਆ ਕਰਦਾ ਸੀ, ਜੋ ਮੇਰੇ ਵਰਗਿਆਂ ਦੇ ਵਿੱਤ ਤੋਂ ਬਾਹਰ ਦੀਆਂ ਹੀ ਗੱਲਾਂ ਸਨਸੈਸ਼ਨ ਦੇ ਸ਼ੁਰੂ ਵਿੱਚ ਬਾਇਓਲਜੀ ਦੀ ਕਲਾਸ ਵਾਲੇ ਪ੍ਰੋਫੈਸਰ ਨੇ ਲੋੜੀਂਦੀ ਕਿਤਾਬ ਦਾ ਨਾਮ ਵਗੈਰਾ ਬੋਰਡ ਉੱਪਰ ਲਿਖ ਦਿੱਤਾਮੈਂ ਅਤੇ ਮੇਰੇ ਵਰਗੇ ਕਈ ਹੋਰ ਮਾਈ ਹੀਰਾਂ ਗੇਟ ਜਲੰਧਰ ਕਿਤਾਬਾਂ ਦੇ ਬਜ਼ਾਰ ਵਿੱਚੋਂ ਕਿਤਾਬਾਂ ਖ਼ਰੀਦਣ ਪਹੁੰਚ ਗਏ

ਅੱਧਾ ਕੁ ਸਮੈਸਟਰ ਲੰਘ ਗਿਆ ਤਾਂ ਦੇਖਿਆ ਕਿ ਪ੍ਰੋਫੈਸਰ ਦਾ ਪੜ੍ਹਾਇਆ ਹੋਇਆ ਸਾਨੂੰ ਉਸਦੀ ਦੱਸੀ ਹੋਈ ਕਿਤਾਬ ਵਿੱਚੋਂ ਭਾਲਦਿਆਂ ਵੀ ਨਾ ਲੱਭਦਾਟਿਊਸ਼ਨਾਂ ਵਾਲਿਆਂ ਦੇ ਨੋਟਸ ਪ੍ਰੋਫੈਸਰ ਸਾਹਿਬ ਦੀ ਪੜ੍ਹਾਈ ਨਾਲ ਹੂ-ਬ-ਹੂ ਹੀ ਮਿਲਦੇ-ਜੁਲਦੇ ਸਨਭਾਵੇਂ ਇੱਕ ਚੰਗਾ ਅਧਿਆਪਕ ਤਾਂ ਇਹੀ ਚਾਹੁੰਦਾ ਹੋਵੇਗਾ ਕਿ ਉਸਦੀ ਸਾਰੀ ਕਲਾਸ ਹੀ ਚੰਗੇ ਨੰਬਰਾਂ ਨਾਲ ਪਾਸ ਹੋਵੇ, ਪਰ ਸਾਡੇ ਗਰੁੱਪ ਨੂੰ ਇਹ ਕਿਸੇ ਭੰਬਲਭੂਸੇ ਤੋਂ ਘੱਟ ਨਾ ਲੱਗਿਆਫੇਲ ਹੋਣ ਦਾ ਡਰ ਅਲੱਗ ਸਿਰ ਦੁਆਲੇ ਚੱਕਰ ਕੱਢਣ ਲੱਗ ਪਿਆਇੱਕ ਦਿਨ ਇੱਕ ਟਿਊਸ਼ਨ ਪੜ੍ਹਨ ਵਾਲੇ ਭੋਲੇ ਜਿਹੇ ਮੁੰਡੇ ਨੂੰ ‘ਪਤਿਆ’ ਕੇ ਪੁੱਛਿਆ, ਯਾਰ ਆਹ ਕਲਾਸ ਵਾਲਾ ਸਮਾਨ ਤਾਂ ਕਿਤਾਬ ਵਿੱਚ ਹੁੰਦਾ ਹੀ ਨਹੀਂ, ਕੀ ਕਰੀਏ? ਉਸਨੇ ਕਿਤਾਬਾਂ ਵਾਲੇ ਝੋਲੇ ਵਿੱਚੋਂ ਅਸਲੀ ਕਿਤਾਬ ਦੇ ਮਸਾਂ ਅੱਧ-ਪਚੱਧੇ ‘ਦਰਸ਼ਨ’ ਕਰਾਏ, ਜਿਸ ਵਿੱਚੋਂ ਕਲਾਸ ਵਿੱਚ ਅਤੇ ਟਿਊਸ਼ਨ ਪੜ੍ਹਾਈ ਜਾਂਦੀ ਸੀਦੂਸਰੇ ਦਿਨ ਅਸੀਂ ਮਾਈ ਹੀਰਾਂ ਗੇਟ ਫਿਰ ਪਹੁੰਚ ਗਏ ਤੇ ਉਹ ਕਿਤਾਬ ਖਰੀਦ ਕੇ ਆਖ਼ਰ ਆਪਣਾ ਮੰਝਧਾਰ ਵਿੱਚ ਡਿੱਕੇ-ਡੋਲੇ ਖਾਂਦਾ ਬੇੜਾ ਬੰਨੇ ਲਾਇਆ! ਉਦਾਸੀ ਦੇ ਨਾਲੋਂ ਅਸਾਂ ਖੁਸ਼ ਇਸ ਕਰਕੇ ਸੀ ਕਿ ਸਾਨੂੰ ਪਾਸ ਹੋਣ ਦਾ ਮੰਤਰ ਲੱਭ ਗਿਆ, ਭਾਵੇਂ ਵਿੰਗ-ਵਲ ਪਾ ਕੇ ਹੀ ਸਹੀਅਸਲੀ ਕਿਤਾਬ ਦੇ ‘ਅੱਧ-ਪਚੱਧੇ’ ਦਰਸ਼ਨ ਸਾਨੂੰ ‘ਪੱਤ ਢਕਣ ਵਾਲੇ ਪ੍ਰੇਮ-ਪਟੋਲੇ’ ਵਾਂਗ ਹੀ ਲੱਗੇਇਹ ਸਭ ਕਿਉਂ ਹੋਇਆ ਜਾਂ ਕਿਉਂ ਕੀਤਾ ਜਾ ਰਿਹਾ ਸੀ, ਇਸ ਬਾਰੇ ਅਸੀਂ ਬਹੁਤਾ ਸੋਚਿਆ ਹੀ ਨਹੀਂ ਪਰ ਉਂਜ ਉਸ ਪ੍ਰੋਫੈਸਰ ਬਾਰੇ ਸਾਡਾ ਨਜ਼ਰੀਆ ‘ਜ਼ਰਾ ਕੁ’ ਬਦਲ ਗਿਆ, ਜਿਵੇਂ ਸਿਆਣੇ ਕਹਿੰਦੇ ਹਨ - ਉੱਪਰੋਂ ਡਿਗਿਆ ਸੰਭਲੇ ਪਰ ਨਜ਼ਰੋਂ ਡਿਗਿਆ ਨਾ ਸੰਭਲੇ

ਦੂਰੋਂ
ਜੋ ਜਾਪਦੇ ਸਨ ਮੰਜ਼ਲਾਂ ਦੇ ਰਾਹ ਦਸੇਰੇ
ਕੋਲੋਂ ਜਾ ਦੇਖਿਆ ਤਾਂ ਰਾਹਾਂ ਦੇ ਪੱਥਰ ਹੀ ਨਿਕਲੇ!

ਫਿਜ਼ਿਕਸ ਨੂੰ ਸਾਇੰਸ ਦਾ ਖੁਸ਼ਕ ਅਤੇ ਔਖਾ ਵਿਸ਼ਾ ਮੰਨਿਆ ਗਿਆ ਹੈਪਰ ਮੈਡੀਕਲ ਸਾਇੰਸ ਦਾ ਵਿਦਿਆਰਥੀ ਹੁੰਦਿਆਂ ਵੀ ਮੈਨੂੰ ਫਿਜ਼ਿਕਸ ਨਾਲ ਬੜਾ ਲਗਾਓ ਹੁੰਦਾ ਸੀਜੀਵਨ ਜਿਊਣ ਦੀਆਂ ‘ਉਡਾਰੀਆਂ ਅਤੇ ਗਰਾਰੀਆਂ’ ਵਿੱਚ ਫਿਜ਼ਿਕਸ ਦਾ ਤਕੜਾ ਰੋਲ ਹੁੰਦਾ ਹੈਉਸ ਟਾਈਮ ਫਿਜ਼ਿਕਸ ਵਿਭਾਗ ਵਿੱਚ ਇੱਕ ਗੋਲਡ ਮੈਡਲਿਸਟ ਪ੍ਰੋਫੈਸਰ ਸਨ ਪਰ ਉਹ ਸਾਡੇ ਵਾਲੇ ਸੈਕਸ਼ਨ ਨੂੰ ਨਹੀਂ ਪੜ੍ਹਾਉਂਦੇ ਸਨਕਾਲਜ ਦੇ ਪਹਿਲੇ ਦਿਨ ਉਹ ਬੋਰਡ ’ਤੇ ਕਲਾਸਾਂ ਦਾ ਟਾਈਮ ਟੇਬਲ ਲਿਖਣ ਪਹੁੰਚੇ ਤਾਂ ਮੈਂ ਦੇਖਿਆ ਕਿ ਸ਼ਹਿਰ ਦੇ ਕੁਝ ਭੂਤਰੇ ਹੋਏ ਅਤੇ ਕੁਝ ਕੁ ‘ਵਾਰ ਵਾਰ ਫੇਲ ਹੋ ਕੇ ਨਾਲ ਰਲੇ’ ਵਿਦਿਆਰਥੀ ਉਸਦੇ ਕਹਿੰਦਿਆਂ-ਕਹਿੰਦਿਆਂ ਵੀ ਰੌਲਾ ਹੀ ਪਾਈ ਜਾਣਉਸਨੇ ਬੋਰਡ ’ਤੇ ਲਿਖਣਾ ਬੰਦ ਕਰਦਿਆਂ ਅਤੇ ਖੌਰੂ ਪਾਉਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਤੁਸੀਂ ਕਿਤਾਬਾਂ ਵਿੱਚ ਪੜ੍ਹਿਆ ਤਾਂ ਹੋਣਾ ਹੀ ਆ, ‘ਫੈਲੇ ਵਿੱਦਿਆ ਚਾਨਣ ਹੋਏ।’ ਤੁਹਾਡੇ ਵਰਗਿਆਂ ਦੀਵਿਆਂ ਤੋਂ ਵੀ ਤੁਹਾਡੇ ਮਾਂ ਪਿਓ ਨੇ ਚਾਨਣ ਦੀ ਆਸ ਤਾਂ ਰੱਖੀ ਹੋਈ ਆ… ਪਰ ਲੱਗਦਾ ਜ਼ੀਰੋ ਦੇ ਬਲਬ ਤੋਂ ਜ਼ਿਆਦਾ ਤੁਹਾਡੀ ਲੋਅ ਨਹੀਂ ਹੋਣੀ! ਐਵੇਂ ਮਾਂ ਪੇ ਦੇ ਪੈਸੇ ਬਰਬਾਦ ਕਰੀ ਜਾਨੇ ਆਂ..।” ਇਹ ਸੁਣਦਿਆਂ ਹੀ ਰੌਲਾ ਪਾਉਣ ਵਾਲੇ ਪਸ਼ਾਬ ਦੀ ਝੱਗ ਵਾਂਗ ਬਹਿ ਗਏਖੈਰ, ਕਦੇ ਕਦੇ ਲੰਘਦਿਆਂ-ਵੜਦਿਆਂ ਮੈਂ ਉਸ ਪ੍ਰੋਫੈਸਰ ਨੂੰ ਹੱਥ ਜੋੜ ਕੇ ਸਾ-ਸਰੀ-ਕਾਲ ਬੁਲਾ ਦੇਣੀਇੱਕ ਦਿਨ ਉਨ੍ਹਾਂ ਮੈਨੂੰ ਆਪਣੇ ਦਫਤਰ ਬੁਲਾ ਲਿਆ ਤਾਂ ਮੈਂ ਕੁਝ ਸਹਿਮ ਜਿਹਾ ਗਿਆਅੰਦਰ ਗਿਆ ਤਾਂ ਬੋਲੇ, “ਭਾਵੇਂ ਮੈਂ ਤੁਹਾਡੇ ਸੈਕਸ਼ਨ ਨੂੰ ਨਹੀਂ ਪੜ੍ਹਾਉਂਦਾ, ਪਰ ਜਦੋਂ ਵੀ ਕੋਈ ਚੀਜ਼ ਔਖੀ ਲੱਗੇ ਤਾਂ ਮੇਰੇ ਕੋਲ ਆ ਜਾਵੀਂਡਰਨਾ ਨਹੀਂਜੇ ਮੈਂ ਇੱਥੇ ਨਾ ਹੋਵਾਂ ਤਾਂ ਇੱਥੇ ਲਾਗੇ ਹੀ ਸਟਾਫ ਕਲੋਨੀ ਵਿੱਚ ਮੇਰੇ ਘਰੇ ਹੀ ਆ ਜਾਵੀਂਜੇ ਕਿਸੇ ਹੋਰ ਨੇ ਵੀ ਨਾਲ ਆਉਣਾ ਤਾਂ ਉਸ ਨੂੰ ਵੀ ਲੈ ਆਵੀਂਮੇਰੇ ਹੱਥ ਜੋੜ ਕੇ ਧੰਨਵਾਦ ਕਰਦਿਆਂ ਅਤੇ ਮੁੜਦਿਆਂ ਦਰਵਾਜ਼ੇ ਨੂੰ ਪਾਰ ਕਰਦਿਆਂ ਪਿੱਛਿਓਂ ਅਵਾਜ਼ ਆਈ, “ਇਹਦੀ ਕੋਈ ਫੀਸ-ਫੂਸ ਨਹੀਂ ਆ! ਮੈਨੂੰ ਪਤਾ ਆ, ਤੁਸੀਂ ਪਿੰਡਾਂ ਤੋਂ ਆਉਂਦੇ ਆਂ… ਤੇ ਕਿੰਨੇ ਕੁ ਪੈਸੇ ਵਾਲੇ ਆਂ।”

ਨਮ ਅੱਖਾਂ ਪੂੰਝਦਿਆਂ ਮੈਂ ਵਾਪਸ ਬਾਇਓਲਜੀ ਦੀ ਲੈਬ ਵਿੱਚ ਪਹੁੰਚ ਗਿਆ

ਮਾਪਿਆਂ ਅਤੇ ਵੱਡਿਆਂ ਦੀ ਨਸੀਹਤ, ਅਧਿਆਪਕਾਂ ਦੀ ਸਿੱਖਿਆ, ਭਲੇ ਪੁਰਸ਼ਾਂ ਦਾ ਸੰਗ, ਅਤੇ ਚੰਗੀਆਂ ਕਿਤਾਬਾਂ ਦਾ ਅਧਿਐਨ ਕਰਨਾ ਮਨੁੱਖ ਦੇ ਮਨ ’ਤੇ ਚੰਗਾ ਅਸਰ ਪਾਉਂਦਾ ਹੈਇਹ ਧਰਤੀ ਤਾਂ ਭਾਂਤ-ਭਾਂਤ ਦੇ ਇਨਸਾਨਾਂ ਦਾ ਭਾਰ ਸਹਿ ਹੀ ਰਹੀ ਹੈ‘ਨਾ-ਚੰਗਿਆਂ’ ਦੇ ਸੰਗ ਬਹੁਤ ਸਾਰੇ ਚੰਗੇ ਵੀ ਹਨ

ਗੁਰੂਆਂ ਦੀ ਬਾਣੀ ਵੀ ਕਹਿੰਦੀ ਹੈ - ਹਮ ਨਹੀਂ ਚੰਗੇ ਬੁਰਾ ਨਹੀਂ ਕੋਇ

ਦੋਸਤੋ, ਚੱਲੋ ਫਿਰ ਚੰਗਿਆਂ ਨੂੰ ਢੂੰਡੀਏ, ਮੁਹੱਬਤਾਂ ਵੰਡੀਏ ਅਤੇ ਕੁਝ ਚੰਗਾ ਕਰਨ ਦੀ ਕੋਸ਼ਿਸ਼ ਹੀ ਕਰ ਲਈਏ!!

ਭਾਵੇਂ
ਕਦੇ ਕਦਾਈਂ ਹੀ ਸਹੀ
ਪਰ ਕੁਝ ਕੁ ਜ਼ਿੰਦਾ-ਦਿਲ ਲੋਕ
ਮਿਲਦੇ ਹਨ ਤਾਂ ਮਹਿਕਾਂ ਫੈਲਾ ਜਾਂਦੇ ਹਨ

ਲੰਘਦੇ-ਲੰਘਦੇ ਸੰਦਲੀ ਪੈੜਾਂ ਪਾ ਜਾਂਦੇ ਹਨ।
ਜ਼ਿੰਦਾਦਿਲੀ ਦੀ ਜਿਊਂਦੀ ਮਿਸਾਲ ਬਣ ਜਾਂਦੇ ਹਨ।
ਚਿੱਟੀ ਧੁੱਪ ਦੀਆਂ ਕਣੀਆਂ ਵਿੱਚ ਖਿੜ-ਖਿੜ,
ਹੱਸਦੇ ਫੁੱਲਾਂ ਵਾਂਗ ਮੁਹੱਬਤਾਂ ਵੰਡਦੇ ਜਾਂਦੇ ਹਨ।
ਉਂਜ ਐਸੇ ਖੁੱਲ੍ਹ-ਦਿਲੇ ਲੋਕ
ਕਿਤੇ ਕਿਤੇ ਹੀ ਮਿਲਦੇ ਹਨ

ਬੰਦਿਆਂ ਦੀਆਂ ਲੰਮੀਆਂ ਚੌੜੀਆਂ
ਭੀੜਾਂ ਵਿੱਚੋਂ ਐਸੇ ਮੁਹੱਬਤੀ ਵਣਜਾਰਿਆਂ ਨੂੰ
ਢੂੰਡਣਾ ਮੁਸ਼ਕਿਲ ਹੈ।
ਛੱਡਣਾ ਹੋਰ ਵੀ ਮੁਸ਼ਕਿਲ

ਵਿਛੜਨਾ ਉਸ ਤੋਂ ਵੀ ਮੁਸ਼ਕਿਲ ਹੈ,
ਭੁੱਲਣਾ ਤਾਂ ਨਾਮੁਮਕਿਨ ਹੀ ਹੁੰਦਾ ਹੈ।

**

ਜ਼ਿੰਦਗੀ ਜ਼ਿੰਦਾਬਾਦ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author