“ਸੋਮਾਲੀਆ ਦੇ ਲੁਟੇਰਿਆਂ ਕੋਲ ਚੰਗਾ ਧਨ ਅਤੇ ਚੰਗੀ ਸ਼ਕਤੀ ਸੀ। ਉਹ ਦਿਨੋ ਦਿਨ ਤਕੜੇ ਹੋ ...”
(29 ਅਕਤੂਬਰ 2025)

ਸਮੁੰਦਰਾਂ ਵਿੱਚ ਸਮੁੰਦਰੀ ਜਹਾਜ਼ਾਂ ਨੂੰ ਕਬਜ਼ੇ ਵਿੱਚ ਕਰਕੇ ਉਹਨਾਂ ਦੇ ਕਰੂਜ਼ ਮੈਂਬਰਾਂ, ਯਾਤਰੀਆਂ ਅਤੇ ਕੈਪਟਨ ਨੂੰ ਡਰਾ ਧਮਕਾ ਕੇ, ਦਬਾਅ ਬਣਾ ਕੇ ਜਹਾਜ਼ ਮਾਲਕਾਂ ਤੋਂ ਫਿਰੌਤੀ ਦੀ ਮੰਗ ਕਰਨ ਵਾਲੇ ਸਮੁੰਦਰੀ ਲੁਟੇਰੇ ਲਗਾਤਾਰ ਬੜੇ ਸਰਗਰਮ ਹਨ। ਉਹਨਾਂ ਦਾ ਆਪਣੇ ਸਮੁੰਦਰੀ ਖੇਤਰ ਵਿੱਚ ਪੂਰਾ ਦਬਦਬਾ ਚੱਲਦਾ ਹੈ ਤੇ ਉਹਨਾਂ ਦਾ ਭੈਅ ਹਰ ਪਾਸੇ ਫੈਲਿਆ ਹੋਇਆ ਹੈ। ਸੋਮਾਲੀਆ ਦੇ ਦੇਸ਼ ਦਾ ਸਮੁੰਦਰੀ ਤੱਟ ਦਾ ਖੇਤਰ ਅਦਨ ਦੀ ਖਾੜੀ, ਅਰਬ ਸਾਗਰ ਅਤੇ ਹਿੰਦ ਮਹਾਂਸਾਗਰ ਨਾਲ ਲਗਦਾ ਹੈ। ਇਨ੍ਹਾਂ ਸਮੁੰਦਰੀ ਖੇਤਰਾਂ ਦੇ ਨੇੜਲੇ ਖੇਤਰਾਂ ਵਿੱਚ ਜਿੱਥੋਂ ਦੇ ਸਮੁੰਦਰੀ ਜਹਾਜ਼ ਬੇੜੇ ਲੰਘਦੇ ਹਨ, ਉੱਥੋਂ ਤਕ ਸਮਾਲੀਆ ਦੇ ਸਮੁੰਦਰੀ ਲੁਟੇਰਿਆਂ ਦੀ ਲੁੱਟ ਦਾ ਖੇਤਰ ਹੈ। ਸੰਨ 1960 ਵਿੱਚ ਸੋਮਾਲੀਆ ਆਜ਼ਾਦ ਹੋਇਆ ਪਰ ਫਿਰ ਵੀ ਉੱਥੋਂ ਦਾ ਸਰਕਾਰੀ ਢਾਂਚਾ ਕੋਈ ਜ਼ਿਆਦਾ ਵਧੀਆ ਨਹੀਂ ਸੀ ਅਤੇ ਦੇਸ਼ ਵਿੱਚ ਅਰਾਜਕਤਾ ਫੈਲ ਗਈ। ਸੋਮਾਲੀਆ ਦੇ ਲਾਗੇ ਸਮੁੰਦਰ ਵਿੱਚ ਮੱਛੀਆਂ ਦਾ ਭੰਡਾਰ ਹੋਣ ਕਰਕੇ ਬਹੁਤ ਸਾਰੇ ਲੋਕ ਮੱਛੀਆਂ ਦਾ ਵਪਾਰ ਕਰਦੇ ਸਨ। ਉਦੋਂ ਸਮੁੰਦਰੀ ਲੁਟੇਰਿਆਂ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਸੀ। ਜਦੋਂ ਦੇਸ਼ ਵਿੱਚ ਖਾਨਾ ਜੰਗੀ ਹੋਈ. ਇਸਦਾ ਫਾਇਦਾ ਵਿਦੇਸ਼ੀ ਕੰਪਨੀਆਂ ਨੇ ਚੁੱਕਿਆ ਤੇ ਵੱਡੀ ਪੱਧਰ ’ਤੇ ਆਰਥਿਕ ਲੁੱਟ ਕੀਤੀ। ਜਦੋਂ ਸੋਮਾਲੀਆ ਦੇ ਲੋਕ ਆਪਣੀਆਂ ਛੋਟੀਆਂ ਕਿਸ਼ਤੀਆਂ ਨਾਲ ਸਮੁੰਦਰ ਵਿੱਚ ਜਾ ਕੇ ਮੱਛੀਆਂ ਫੜਦੇ ਸਨ ਤੇ ਇਸ ਤਰ੍ਹਾਂ ਉਹ ਆਪਣਾ ਵਪਾਰ ਕਰਦੇ ਸਨ, ਉਦੋਂ ਸੋਮਾਲੀਆ ਦੇ ਲੋਕਾਂ ਸਾਹਮਣੇ ਵਿਦੇਸ਼ੀ ਕੰਪਨੀਆਂ ਆ ਖੜ੍ਹੀਆਂ ਤੇ ਉਹਨਾਂ ਕੰਪਨੀਆਂ ਦੇ ਆਪਣੇ ਕਾਮੇ ਸਨ। ਇਸ ਤਰ੍ਹਾਂ ਸੋਮਾਲੀਆ ਦੇ ਲੋਕਾਂ ਦੇ ਕਾਰਜ ਪ੍ਰਭਾਵਿਤ ਹੋਏ। ਨੌਕਰੀਆਂ ਖਤਮ ਹੋਣ ਲੱਗੀਆਂ। ਦੇਸ਼ ਵਿੱਚ ਅਕਾਲ, ਭੁੱਖ, ਭੁੱਖ ਮਰੀ ਅਤੇ ਬੇਰੁਜ਼ਗਾਰੀ ਨੇ ਵੱਡੀ ਪੱਧਰ ’ਤੇ ਪੈਰ ਪਸਾਰ ਲਏ ਤੇ ਸੋਮਾਲੀ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ। ਸੋਮਾਲੀਆ ਦੇਸ਼ ਵਿੱਚ ਨਾ ਸਰਕਾਰ ਸੀ, ਨਾ ਪੁਲਿਸ ਸੀ ਤੇ ਨਾ ਹੀ ਕੋਈ ਪ੍ਰਬੰਧ ਸੀ। ਜਦੋਂ ਵਿਦੇਸ਼ੀ ਕੰਪਨੀਆਂ ਸੋਮਾਲੀਆ ਖੇਤਰ ਵਿੱਚ ਜਾਂਦੇ ਸਨ, ਉਹ ਉੱਥੇ ਜਾਨਲੇਵਾ ਜ਼ਹਿਰ, ਕੂੜਾ ਕਰਕਟ ਸੁੱਟਦੇ ਸਨ ਅਤੇ ਵਾਪਸ ਮੁੜਦੇ ਹੋਏ ਮੱਛੀਆਂ ਫੜ ਕੇ ਲੈ ਆਉਂਦੇ ਸਨ। ਇਸ ਤਰ੍ਹਾਂ ਵਿਦੇਸ਼ੀ ਕੰਪਨੀਆਂ ਨੇ ਸੋਮਾਲੀਆ ਦੇ ਲੋਕਾਂ ਦੇ ਕਾਰੋਬਾਰ ਖਤਮ ਕਰ ਦਿੱਤੇ। ਸੋਮਾਲੀਆ ਦੇ ਲੋਕ ਇਹ ਧੱਕੇਸ਼ਾਹੀ, ਜ਼ੁਲਮ ਅਤੇ ਅਨਿਆ ਦੇਖ ਰਹੇ ਸਨ ਅਤੇ ਇਸਦੇ ਵਿਰੁੱਧ ਸੋਮਾਲੀਆ ਦੇ ਜਵਾਨ ਅੱਗੇ ਆਏ। ਉਹ ਆਪਣੇ ਸਮੁੰਦਰੀ ਤੱਟ ਦੀ ਰੱਖਿਆ ਲਈ ਵਿਦੇਸ਼ੀਆਂ ਦੇ ਵਿਰੁੱਧ ਡਟ ਕੇ ਪਹਿਰਾ ਦੇਣ ਲੱਗ ਗਏ। ਜਦੋਂ ਵਿਦੇਸ਼ੀ ਸਮੁੰਦਰੀ ਬੇੜੇ ਸੋਮਾਲੀਆ ਦੇ ਸਮੁੰਦਰ ਨੇੜੇ ਦੇ ਇਲਾਕਿਆਂ ਵਿੱਚ ਜਾਂਦੇ ਸਨ ਤਾਂ ਪਹਿਲਾਂ ਪਹਿਲ ਉਹ ਉਹਨਾਂ ਨੂੰ ਖਦੇੜ ਦਿੰਦੇ ਸਨ ਤੇ ਆਪਣੇ ਤੱਟ ਦੀ ਰੱਖਿਆ ਕਰਦੇ ਸਨ। ਫਿਰ ਸੋਮਾਲੀਆ ਦੇ ਰੱਖਿਆ ਜਵਾਨਾਂ ਦੇ ਦਿਮਾਗ ਵਿੱਚ ਸ਼ੈਤਾਨੀ ਯੋਜਨਾ ਆਈ ਤੇ ਉਹ ਆਪਣੀਆਂ ਕਿਸ਼ਤੀਆਂ ਵਿੱਚ ਬੈਠ ਕੇ ਹਥਿਆਰਾਂ ਨਾਲ ਸਮੁੰਦਰੀ ਜਹਾਜ਼ਾਂ ਨੂੰ ਕਬਜ਼ੇ ਵਿੱਚ ਕਰ ਲੈਂਦੇ ਤੇ ਲੁੱਟਾਂ ਖੋਹਾਂ ਕਰਦੇ। ਉਦੋਂ ਉਹਨਾਂ ਦੀ ਵਿਚਾਰਧਾਰਾ ਹੀ ਬਦਲ ਗਈ ਕਿਉਂਕ ਦੇਸ਼ ਵਿੱਚ ਨਾ ਨੌਕਰੀ, ਨਾ ਸਿੱਖਿਆ, ਨਾ ਖਾਣਾ ਅਤੇ ਨਾ ਧਨ ਸੀ। ਜ਼ਿੰਦਗੀ ਜਿਊਣ ਲਈ ਹਰ ਚੀਜ਼ ਦੀ ਲੋੜ ਹੁੰਦੀ ਹੈ ਤੇ ਉਹਨਾਂ ਕੋਲ ਕੁਝ ਵੀ ਨਹੀਂ ਸੀ। ਇਸ ਤਰ੍ਹਾਂ ਉਹਨਾਂ ਨੇ ਆਪਣੀ ਰਣਨੀਤੀ ਬਦਲ ਲਈ। ਉਹਨਾਂ ਕੋਲ ਪੁਰਾਤਨ ਸਮੇਂ ਵਾਲੀਆਂ ਕਿਸ਼ਤੀਆਂ ਅਤੇ ਬੰਦੂਕਾਂ ਸਨ। ਉਹ ਆਪਣੀਆਂ ਚਾਲਾਂ ਨਾਲ ਸਮੁੰਦਰੀ ਬੇੜਿਆਂ ਨੂੰ ਘੇਰ ਕੇ ਕਾਬੂ ਵਿੱਚ ਕਰ ਲੈਂਦੇ। ਉਹ ਪਹਿਲਾਂ ਬੰਦਿਆਂ ਨੂੰ ਡਰਾਉਂਦੇ, ਫਿਰ ਕਰੂਜ਼ ਮੁਲਾਜ਼ਮਾਂ ਨੂੰ ਧਮਕਾਉਂਦੇ ਤੇ ਬਾਅਦ ਵਿੱਚ ਕੈਪਟਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ। ਇਸ ਤਰ੍ਹਾਂ ਫਿਰ ਲੰਬਾ ਸਮਾਂ ਕਾਬੂ ਕਰੀ ਰੱਖਦੇ ਤੇ ਕੰਪਨੀ ਮਾਲਕਾਂ ਕੋਲੋਂ ਫਿਰੋਤੀ ਲੈ ਕੇ ਛੱਡਦੇ ਸਨ।
ਇਸ ਸਮੁੰਦਰੀ ਰਸਤੇ ਰਾਹੀਂ ਕਰੀਬ 20 ਫੀਸਦੀ ਸਮੁੰਦਰੀ ਬੇੜੇ ਲੰਘਦੇ ਸਨ। ਉਹ ਕਾਰਗੋ ਜਹਾਜ਼ ਨੂੰ ਕਾਬੂ ਕਰਕੇ ਲੁੱਟਦੇ ਸਨ ਤੇ ਫਿਰੌਤੀਆਂ ਲੈ ਕੇ ਖਹਿੜਾ ਛੱਡਦੇ ਸਨ। ਸੋਮਾਲੀਆ ਦੇ 70 ਫ਼ੀਸਦੀ ਆਮ ਨਾਗਰਿਕ ਸੋਮਾਲੀਆ ਲੁਟੇਰਿਆਂ ਦਾ ਸਮਰਥਨ ਕਰਦੇ ਹਨ, ਉਹਨਾਂ ਦੇ ਹੱਕ ਵਿੱਚ ਹਨ। ਉਹਨਾਂ ਨੇ ਹੌਲੀ ਹੌਲੀ ਸਪੀਡ ਬੋਟ, ਚੰਗੇ ਨਵੇਂ ਹਥਿਆਰ, ਟਰੈਕਿੰਗ ਡਿਵਾਈਸ ਅਤੇ ਨਵੇਂ ਢੰਗ ਅਪਣਾਉਣੇ ਸ਼ੁਰੂ ਕਰ ਦਿੱਤੇ। ਇਹ ਸਪੀਡ ਬੋਟ ਸਮੁੰਦਰੀ ਬੇੜਿਆਂ ਨਾਲੋਂ ਬਹੁਤ ਤੇਜ਼ ਚਲਦੀ ਸੀ। ਇਸ ਤਰ੍ਹਾਂ ਉਹ ਤਿੰਨ ਚਾਰ ਸਪੀਡ ਬੋਟਾਂ ਲੈ ਕੇ ਸਮੁੰਦਰੀ ਬੇੜਿਆਂ ਨੂੰ ਘੇਰਾ ਪਾ ਕੇ ਕਾਬੂ ਕਰ ਲੈਂਦੇ ਸਨ ਤੇ ਫਿਰ ਆਪਣੀ ਸਪੀਡ ਬੋਟ, ਸਮੁੰਦਰੀ ਜਹਾਜ਼ ਦੇ ਨਾਲ ਲਾ ਕੇ ਹੁੱਕਾਂ, ਰੱਸਿਆਂ ਅਤੇ ਪੌੜੀਆਂ ਨਾਲ ਸਮੁੰਦਰੀ ਜਹਾਜ਼ਾਂ ’ਤੇ ਚੜ੍ਹ ਜਾਂਦੇ ਸਨ, ਹਥਿਆਰਾਂ ਦੇ ਬਲਬੂਤੇ ਨਾਲ ਸਭ ਕੁਝ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਸਨ। ਉਹ ਇਹ ਸਾਰਾ ਕੰਮ ਅੱਧੇ ਘੰਟੇ ਵਿੱਚ ਕਰ ਲੈਂਦੇ ਸਨ।
ਸਮੁੰਦਰੀ ਲੁਟੇਰੇ ਫਿਰ ਇਨ੍ਹਾਂ ਜਹਾਜ਼ਾਂ ਨੂੰ ਇੱਕ ਪਾਸੇ ਟਿਕਾਣੇ ’ਤੇ ਲੈ ਜਾਂਦੇ ਸਨ। ਉੱਥੇ ਉਨ੍ਹਾਂ ਚਿਰ ਕਾਬੂ ਵਿੱਚ ਰੱਖਦੇ ਸਨ, ਜਿੰਨਾ ਚਿਰ ਉਹਨਾਂ ਨੂੰ ਚੰਗੀ ਫਿਰੌਤੀ ਨਹੀਂ ਮਿਲ ਜਾਂਦੀ ਸੀ। ਉਹਨਾਂ ਦੀ ਪ੍ਰਾਪਤੀ ਦੀ ਰਾਸ਼ੀ ਉਹਨਾਂ ਤਕ ਪੈਰਾਸ਼ੂਟ ਰਾਹੀਂ ਪਹੁੰਚਦੀ ਸੀ। ਅਕਸਰ ਹੀ ਸਮੁੰਦਰੀ ਲੁਟੇਰੇ ਇੱਕ ਅੱਖ ਢਕ ਕੇ ਰੱਖਦੇ ਸਨ ਕਿਉਂਕਿ ਜਦੋਂ ਵੀ ਉਹ ਚਾਨਣ ਤੋਂ ਹਨੇਰੇ ਜਾਂ ਹਨੇਰੇ ਤੋਂ ਚਾਨਣ ਵਿੱਚ ਜਾਂਦੇ ਸੀ ਤਾਂ ਉਦੋਂ ਅੱਖਾਂ ਨੂੰ ਸੈੱਟ ਹੋਣ ਲਈ ਕੁਝ ਸਮਾਂ ਲਗਦਾ ਸੀ। ਇਸ ਕਰਕੇ ਉਹ ਜਹਾਜ਼ ਉੱਪਰ ਉੱਪਰਲੀ ਖੁੱਲ੍ਹੀ ਛੱਤ ਚਾਨਣ ਵਾਲੀ ਤੋਂ ਹੇਠਲੀ ਅੰਦਰਲੀ ਹਨੇਰੇ ਵਾਲੀ ਮੰਜ਼ਿਲ ਵਿੱਚ ਜਾਣ ਸਮੇਂ ਉਹ ਹੇਠਾਂ ਜਾ ਕੇ ਆਪਣੀ ਅੱਖ ਤੋਂ ਪੱਟੀ ਉਤਾਰ ਦਿੰਦੇ ਸਨ ਤੇ ਉਹਨਾਂ ਨੂੰ ਉਸ ਅੱਖ ਵਿੱਚ ਮੌਕੇ ’ਤੇ ਹੀ ਸਹੀ ਦਿਸਦਾ ਸੀ ਤੇ ਦੂਜੀ ਖੁੱਲ੍ਹੀ ਅੱਖ ਲਈ ਸਮਾਂ ਲਗਦਾ ਸੀ। ਇਸ ਕਰਕੇ ਉਹਨਾਂ ਨੂੰ ਦੇਖਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ ਸੀ। ਉਹ ਜਲਦੀ ਹੀ ਸਭ ਨੂੰ ਕਾਬੂ ਕਰ ਲੈਂਦੇ ਸਨ।
ਸੋਮਾਲੀਆ ਦੇ ਲੁਟੇਰਿਆਂ ਕੋਲ ਚੰਗਾ ਧਨ ਅਤੇ ਚੰਗੀ ਸ਼ਕਤੀ ਸੀ। ਉਹ ਦਿਨੋ ਦਿਨ ਤਕੜੇ ਹੋ ਰਹੇ ਸਨ। ਉਹ ਸੁੰਦਰ ਔਰਤਾਂ ਨਾਲ ਵਿਆਹੇ ਹੋਏ ਹਨ ਤੇ ਉਹਨਾਂ ਦੀ ਉਮਰ ਵੀ 25 ਤੋਂ 35 ਸਾਲ ਦੇ ਵਿਚਕਾਰ ਹੈ। ਜਿਹੜੇ ਲੁਟੇਰੇ ਜਲਦੀ ਸੈੱਟ ਹੋ ਜਾਂਦੇ ਸੀ, ਉਹ ਦੂਜਾ ਅਤੇ ਤੀਜਾ ਵਿਆਹ ਕਰਵਾ ਲੈਂਦੇ ਸੀ ਅਤੇ ਬੜੇ ਫੈਸ਼ਨ ਕਰਦੇ ਸੀ। ਉਹਨਾਂ ਕੋਲ ਵੱਡੇ ਘਰ, ਨਵੀਂਆਂ ਕਾਰਾਂ ਅਤੇ ਨਵੇਂ ਹਥਿਆਰ ਸਨ। ਉਹ ਲੁੱਟੀ ਹੋਈ ਰਾਸ਼ੀ ਦਾ ਕੁਝ ਹਿੱਸਾ ਆਪਣੇ ਗਰੀਬ ਨਾਗਰਿਕਾਂ ਅਤੇ ਅਪਾਹਜਾਂ ਉੱਤੇ ਖਰਚ ਕਰਦੇ ਸਨ।
ਸੰਨ 2009 ਵਿੱਚ ਅਮਰੀਕਾ ਅਤੇ ਹੋਰ ਦੇਸ਼ਾਂ ਨੇ ਅੰਤਰਰਾਸ਼ਟਰੀ ਜਲ ਮਿਸ਼ਨ ਟਾਸਕ ਬਲ ਦਾ ਗਠਨ ਕੀਤਾ। ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਅਤੇ ਨਾਟੋ ਦੇਸ਼ ਅਤੇ ਫਿਰ ਚੀਨ, ਰੂਸ ਅਤੇ ਭਾਰਤ ਨੇ ਵੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ। ਇਸ ਤਰ੍ਹਾਂ ਸੰਨ 2011 ਵਿੱਚ 237, ਸੰਨ 2012 ਵਿੱਚ 75 ਅਤੇ ਸੰਨ 2013 ਵਿੱਚ 15 ਘਟਨਾਵਾਂ ਹੋਈਆਂ ਸਨ। ਜਦੋਂ ਤੋਂ ਸਮੁੰਦਰੀ ਵਪਾਰਕ ਜਹਾਜ਼ਾਂ ਉੱਤੇ ਹਥਿਆਰਬੰਦ ਸੁਰੱਖਿਆ ਦਸਤੇ ਤਾਇਨਾਤ ਹੋਏ ਹਨ, ਉਸ ਸਮੇਂ ਤੋਂ ਸਮੁੰਦਰੀ ਲੁਟੇਰਿਆਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ ਕਿਉਂਕਿ ਜਦੋਂ ਵੀ ਸਮੁੰਦਰੀ ਲੁਟੇਰੇ ਸਪੀਡ ਬੋਟ ਰਾਹੀਂ ਸਮੁੰਦਰੀ ਜਹਾਜ਼ ਨੂੰ ਲੁੱਟਣ ਲਈ ਆਉਂਦੇ ਸਨ ਤਾਂ ਇਹ ਸੁਰੱਖਿਆ ਗਾਰਡ ਉਹਨਾਂ ’ਤੇ ਹਮਲਾ ਕਰ ਦਿੰਦੇ ਤੇ ਉਹਨਾਂ ਨੂੰ ਜਹਾਜ਼ ਤਕ ਪਹੁੰਚਣ ਤੋਂ ਪਹਿਲਾਂ ਖਦੇੜ ਦਿੰਦੇ ਸਨ ਤੇ ਨਾ ਖਹਿੜਾ ਛੱਡਣ ਵਾਲਿਆਂ ਨੂੰ ਮਾਰ ਮੁਕਾਉਂਦੇ ਸੀ। ਇਸ ਤਰ੍ਹਾਂ ਸੰਨ 2017 ਤੋਂ 2023 ਤਕ ਸਮੁੰਦਰੀ ਲੁਟੇਰੇ ਕਿਸੇ ਵੀ ਕਾਰਵਾਈ ਵਿੱਚ ਸਫਲ ਨਹੀਂ ਹੋਏ ਤੇ ਉਹਨਾਂ ਦੇ ਮਨਸੂਬੇ ਫੇਲ ਹੋ ਗਏ। ਉਹਨਾਂ ਦੀਆਂ ਕਾਰਵਾਈਆਂ ਖਤਮ ਹੋ ਗਈਆਂ ਸਨ।
ਸੰਨ 2023 ਵਿੱਚ ਜਦੋਂ ਹਮਾਸ ਇਜ਼ਰਾਇਲ ਜੰਗ ਸ਼ੁਰੂ ਹੋਈ ਤਾਂ ਸਮੁੰਦਰੀ ਲੁਟੇਰੇ ਫਿਰ ਸਰਗਰਮ ਹੋ ਗਏ। ਬੀਤੇ ਸਮੇਂ 35 ਸਮੁੰਦਰੀ ਲੁਟੇਰਿਆਂ ਨੇ ਐੱਮ.ਵੀ. ਰੋਆਨ ਜਹਾਜ਼ ’ਤੇ ਕਬਜ਼ਾ ਕਰ ਲਿਆ ਸੀ ਤੇ ਇਹ ਭਾਰਤ ਦੇ ਸਮੁੰਦਰੀ ਕਿਨਾਰੇ ਤੋਂ 2600 ਕਿਲੋਮੀਟਰ ਦੂਰ ਸੀ। ਜਦੋਂ ਭਾਰਤੀ ਜਲ ਸੈਨਾ ਦਾ ਇੱਕ ਹੈਲੀਕਾਪਟਰ ਇਸ ਜਹਾਜ਼ ਨੂੰ ਬਚਾਉਣ ਲਈ ਜਹਾਜ਼ ਦੇ ਨੇੜੇ ਗਿਆ ਤੇ ਭਾਰਤੀ ਸੈਨਾ ਨੇ ਸਮੁੰਦਰੀ ਲੁਟੇਰਿਆਂ ਨੂੰ ਜਹਾਜ਼ ਦੇ ਮੁਲਾਜ਼ਮਾਂ ਨੂੰ ਰਿਹਾ ਕਰਨ ਨੂੰ ਕਿਹਾ ਤਾਂ ਉਹਨਾਂ ਨੇ ਇਹ ਹੁਕਮ ਨਾ ਮੰਨ ਕੇ ਉਲਟਾ ਹੈਲੀਕਾਪਟਰ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਭਾਰਤੀ ਜਲ ਸੈਨਾ ਨੇ 40 ਘੰਟਿਆਂ ਵਿੱਚ ਸਮੁੱਚੀ ਕਾਰਵਾਈ ਕਰਕੇ ਸੋਮਾਲੀਆ ਦੇ ਸਮੁੰਦਰੀ ਡਾਕੂਆਂ ਨੂੰ ਕਾਬੂ ਕਰ ਲਿਆ ਤੇ ਜਹਾਜ਼ ਦੇ 17 ਕਰੂਜ਼ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (