“ਡਰ ਇਹ ਵੀ ਸੀ ਕਿ ਕਿਤੇ ਕੋਈ ਥੱਲੇ ਨਾ ਆ ਜਾਵੇ, ਕੋਈ ਜਾਨੀ ਨੁਕਸਾਨ ਨਾ ਹੋ ਜਾਵੇ। ਇਸ ਕਰਕੇ ...”
(25 ਅਕਤੂਬਰ 2025)
ਮੇਰਾ ਹਾਈ ਸਕੂਲ ਸ਼ਹਿਰ ਦੇ ਵਿੱਚ ਜੀ.ਟੀ. ਰੋਡ ਦੇ ਉੱਪਰ ਸਥਿਤ ਸੀ ਤੇ ਇਸਦੇ ਨਾਲ ਹੀ ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੀ ਅਤੇ ਕਰੀਬ ਇੱਕ ਕਿਲੋਮੀਟਰ ਦੀ ਦੂਰੀ ’ਤੇ ਮਿਨੀ ਸੈਕਟਰੀਏਟ ਵਿੱਚ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸੀ। ਜਦੋਂ ਵੀ ਕੋਈ ਉੱਚ ਅਧਿਕਾਰੀ ਸਾਹਿਬਾਨ ਜ਼ਿਲ੍ਹੇ ਵਿੱਚ ਆਉਂਦੇ ਸਨ ਤਾਂ ਉਹ ਆਮ ਹੀ ਸਾਡੇ ਸਕੂਲ ਨਿਰੀਖਣ ਕਰਨ ਲਈ ਆ ਜਾਂਦੇ ਸਨ। ਸਕੂਲ ਮੁਖੀ ਹੋਣ ਦੇ ਨਾਤੇ ਉਹਨਾਂ ਦਾ ਮਾਣ ਸਤਿਕਾਰ, ਮਹਿਮਾਨ ਨਿਵਾਜ਼ੀ ਅਤੇ ਜੀ ਆਇਆਂ ਕਹਿਣਾ ਮੇਰਾ ਦਿਲੋਂ ਫਰਜ਼ ਹੁੰਦਾ ਸੀ। ਇਹ ਮੇਰੀ ਸੱਚੀ ਅੰਦਰੂਨੀ ਭਾਵਨਾ ਸੀ। ਅਸਲ ਵਿੱਚ ਸਕੂਲ ਮੁਖੀ ਅਤੇ ਅਧਿਆਪਕ ਇੱਕ ਟੀਮ ਬਣ ਕੇ ਹੀ ਸਕੂਲ ਨੂੰ ਬੁਲੰਦੀਆਂ ’ਤੇ ਲਿਜਾ ਸਕਦੇ ਹਨ। ਸਕੂਲ ਦੇ ਸਾਰੇ ਕਾਰਜ ਸਾਂਝੇ ਹੁੰਦੇ ਹਨ। ਸਿੱਖਿਆ ਵਿਭਾਗ ਦੀ ਡਾਕ ਅਤੇ ਸਮੁੱਚੇ ਕਾਰਜਾਂ ਨੂੰ ਸਮੇਂ ਸਿਰ ਨਿਪਟਾਉਣਾ ਅਤੀ ਜ਼ਰੂਰੀ ਹੁੰਦਾ ਹੈ।
ਅਸੀਂ ਅਕਸਰ ਹੀ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪਹਿਲ ਦਿੰਦੇ ਅਤੇ ਬਾਕੀ ਦੇ ਕਾਰਜ ਦੂਜੇ ਨੰਬਰ ’ਤੇ ਰੱਖਦੇ ਸੀ। ਇੱਕ ਵਾਰ ਸਹਾਇਕ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਕਿਸੇ ਕੰਮ ਲਈ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਆਏ ਸਨ। ਆਖ਼ਰਕਾਰ ਉਹ ਸਾਡੇ ਸਕੂਲ ਆ ਗਏ ਤੇ ਸਕੂਲ ਦਾ ਸ਼ਾਂਤ ਮਾਹੌਲ ਦੇਖ ਕੇ ਬੜੇ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੇ ਸਾਰੇ ਸਕੂਲ ਦਾ ਗੇੜਾ ਲਾਇਆ। ਉਹਨਾਂ ਦਾ ਸਤਿਕਾਰ ਕੀਤਾ, ਮਹਿਮਾਨ ਨਿਵਾਜ਼ ਕੀਤੀ। ਉਹਨਾਂ ਨੇ ਸਾਨੂੰ ਕਿਹਾ ਕਿ ਆਪਣੇ ਸਕੂਲ ਦਾ ਆਹ ਆਹ ਰਿਕਾਰਡ ਲੈ ਕੇ ਆਉ ਤੇ ਆਪਾਂ ਰੈਸ਼ਨਲਾਈਜੇਸ਼ਨ ਤਿਆਰ ਕਰਨੀ ਹੈ। ਇਸ ਸਬੰਧੀ ਮੈਂ ਆਪਣੇ ਸਕੂਲ ਦੇ ਦੋ ਅਧਿਆਪਕਾਂ ਨੂੰ ਬੁਲਾਇਆ ਤੇ ਇਸ ਕੰਮ ਵਿੱਚ ਜੋ ਮਾਹਰ ਸਨ, ਉਹਨਾਂ ਨੇ ਇੱਕ ਪੇਜ ’ਤੇ ਵਿਸ਼ੇਵਾਰ ਪੋਸਟਾਂ, ਸੈਕਸ਼ਨਾਂ ਦੀ ਗਿਣਤੀ ਅਤੇ ਵਿਦਿਆਰਥੀਆਂ ਦੀ ਗਿਣਤੀ ਲਿਖ ਦਿੱਤੀ। ਉਹਨਾਂ ਨੇ ਸਾਨੂੰ ਕਾਫ਼ੀ ਕੁਝ ਸਮਝਾਇਆ ਤੇ ਨਾਲ ਬੈਠ ਕੇ ਨਿਯਮਾਂ ਅਨੁਸਾਰ ਪੋਸਟਾਂ ਬਣਾ ਦਿੱਤੀਆਂ। ਅਸੀਂ ਪਹਿਲਾਂ ਆਪਣੇ ਅਨੁਸਾਰ ਪੋਸਟਾਂ ਦੀ ਗਿਣਤੀ ਬਣਾ ਕੇ ਰੱਖੀ ਹੋਈ ਸੀ। ਉਹਨਾਂ ਸਾਨੂੰ ਕਿਹਾ ਕਿ ਆਹ ਆਹ ਪੋਸਟਾਂ ਘਟ ਜਾਣਗੀਆਂ। ਉਹਨਾਂ ਕਿਹਾ ਕਿ ਆਹ ਵੀ ਜਾਵੇਗੀ, ਆਹ ਵੀ ਜਾਵੇਗੀ ਤੇ ਆ ਵੀ ਜਾਵੇਗੀ। ਉਹਨਾਂ ਸਾਨੂੰ ਸਮੁੱਚੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਹੁਣ ਤੁਸੀਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰ ਲਓ, ਇਸ ਤਰ੍ਹਾਂ ਤੁਹਾਡੇ ਸਕੂਲ ਦੀਆਂ ਪੋਸਟਾਂ ਬਚ ਜਾਣਗੀਆਂ। ਅਸੀਂ ਉਹਨਾਂ ਨੂੰ ਆਪਣੇ ਸਕੂਲ ਦੀ ਡਿਗਣ ਵਾਲੀ ਇਮਾਰਤ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਨੂੰ ਵਿਭਾਗੀ ਗ੍ਰਾਂਟ ਦੇਣ ਲਈ ਬੇਨਤੀ ਕੀਤੀ। ਉਹਨਾਂ ਨੇ ਸਾਡੇ ਕੋਲ ਦੋ ਘੰਟੇ ਲਾਏ ਤੇ ਸਿੱਖਿਆ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਇਸ ਤੋਂ ਬਾਅਦ ਉਹ ਦਫਤਰ ਬੀ.ਪੀ.ਈ.ਓ. ਵੱਲ ਨੂੰ ਚਲੇ ਗਏ।
ਸਾਡੇ ਸਕੂਲ ਦੀ ਇਮਾਰਤ ਖਸਤਾ ਹਾਲਤ ਵਿੱਚ ਸੀ ਅਤੇ ਅਕਸਰ ਹੀ ਅਸੀਂ ਸਾਰੇ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬਾਨ, ਉੱਚ ਅਧਿਕਾਰੀਆਂ ਨੂੰ ਦਿਖਾਉਂਦੇ ਰਹਿੰਦੇ ਸੀ ਕਿ ਇਸ ਪੁਰਾਤਨ ਇਮਾਰਤ ਦੀ ਕੰਧ ਮਿੱਟੀ ਵਾਲੀ, ਛੱਤ ਡਾਟਾਂ ਵਾਲੀ, ਕੱਧਾਂ ਅਤੇ ਛੱਤਾਂ ਵਿੱਚ ਤਰੇੜਾਂ ਹਨ। ਸਾਨੂੰ ਉਸ ਇਮਾਰਤ ਦੇ ਡਿਗਣ ਦਾ ਡਰ ਸੀ, ਡਰ ਇਹ ਵੀ ਸੀ ਕਿ ਕਿਤੇ ਕੋਈ ਥੱਲੇ ਨਾ ਆ ਜਾਵੇ, ਕੋਈ ਜਾਨੀ ਨੁਕਸਾਨ ਨਾ ਹੋ ਜਾਵੇ। ਇਸ ਕਰਕੇ ਅਸੀਂ ਸਕੂਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਕਮਰਿਆਂ ਵਿੱਚ ਨਹੀਂ ਬਿਠਾਉਂਦੇ ਸੀ। ਉਸਦੇ ਆਲੇ ਦੁਆਲੇ ਬਰਾਂਡੇ ਵਿੱਚ ਰਾਹ ਬੰਦ ਕੀਤਾ ਹੋਇਆ ਸੀ। ਅਸੀਂ ਸਕੂਲ ਸਿੱਖਿਆ ਵਿਭਾਗ ਨੂੰ ਇਸ ਬਾਰੇ ਕਈ ਵਾਰ ਸੂਚਿਤ ਕਰ ਚੁੱਕੇ ਸੀ।
ਸਾਡੀ ਸਕੂਲ ਕਮੇਟੀ ਨੇ ਇੱਕ ਮਤਾ ਪਾ ਕੇ ਵੀ ਸਕੂਲ ਇਮਾਰਤ ਨੂੰ ਡੇਗਣ ਦੀ ਸਿੱਖਿਆ ਵਿਭਾਗ ਨੂੰ ਬੇਨਤੀ ਕੀਤੀ ਸੀ। ਇਸ ਕਾਰਜ ਲਈ ਸਾਥੀ ਵੀਰ ਗੁਰਸੇਵਕ ਸਿੰਘ ਸਿੱਧੂ ਪੰਜਾਬੀ ਮਾਸਟਰ ਦੀ ਡਿਊਟੀ ਲਾਈ ਗਈ। ਉਹ ਆਪਣਾ ਕੀਮਤੀ ਸਮਾਂ ਲਾ ਕੇ ਲੋਕ ਨਿਰਮਾਣ ਵਿਭਾਗ ਨੂੰ ਦਰਖਾਸਤ ਦੇ ਕੇ ਆਏ ਅਤੇ ਉਹਨਾਂ ਤੋਂ ਸਕੂਲ ਦਾ ਨਿਰੀਖਣ ਕਰਵਾਇਆ, ਜਿਸਦੇ ਸਿੱਟੇ ਵਜੋਂ ਲੋਕ ਨਿਰਮਾਣ ਵਿਭਾਗ ਨੇ ਡਿਗੂੰ ਡਿਗੂੰ ਕਰਦੇ ਕਮਰੇ ਨੂੰ ਢਾਹੁਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ।
ਇਸ ਤਰ੍ਹਾਂ ਸਕੂਲ ਕਮੇਟੀ ਦੇ ਮਤੇ ਅਨੁਸਾਰ ਕਮਰੇ ਢਾਹ ਦਿੱਤੇ। ਸਾਰੇ ਸਮਾਨ ਦੀ ਸਾਫ ਸਫ਼ਾਈ ਕਰਵਾ ਕੇ, ਸਮਾਨ ਨੂੰ ਇੱਕ ਪਾਸੇ ਰਖਵਾ ਦਿੱਤਾ। ਜਦੋਂ ਸਾਡੇ ਕੋਲ ਇੱਕ ਕਮਰੇ ਦੀ ਗ੍ਰਾਂਟ ਆਈ, ਅਸੀਂ ਇਸ ਗੱਲ ਨੂੰ ਆਪਣੇ ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਨਾਲ ਸਾਂਝਾ ਕੀਤਾ। ਉਹਨਾਂ ਨੂੰ ਸਕੂਲ ਵਾਸਤੇ ਵਿੱਤੀ ਮਦਦ ਦੇਣ ਦੀ ਬੇਨਤੀ ਕੀਤੀ। ਉਹਨਾਂ ਦੇ ਸਹਿਯੋਗ ਨਾਲ ਹੋਰ ਰਕਮ ਇਕੱਠੀ ਹੋ ਗਈ। ਜੇ.ਈ. ਸਾਹਿਬ ਨਾਲ ਸਲਾਹ ਕਰਕੇ ਅਸੀਂ ਇੱਕ ਦੀ ਥਾਂ ’ਤੇ ਦੋ ਕਮਰੇ ਉਸਾਰ ਦਿੱਤੇ ਅਤੇ ਹਰੇਕ ਕਮਰੇ ਵਿੱਚ ਫਰਸ਼ ਅਤੇ ਬਾਰ ਬਾਰੀਆਂ ਲਾ ਕੇ ਸ਼ਿੰਗਾਰ ਦਿੱਤਾ। ਹੌਲੀ ਹੌਲੀ ਦੋਨੋਂ ਕਮਰੇ ਸੰਪੂਰਨ ਹੋ ਗਏ।
ਅਜੇ ਵੀ ਮਨ ਵਿੱਚ ਸੀ ਕਿ ਇੱਕ ਕਮਰਾ ਹੋਰ ਉਸਾਰ ਦੇਈਏ। ਸਿੱਧੂ ਸਰ ਦੇ ਉਪਰਾਲਿਆਂ ਨਾਲ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਐੱਨ.ਆਰ.ਆਈ. ਸ਼ਖਸੀਅਤਾਂ ਦੀ ਆਰਥਿਕ ਮਦਦ ਨਾਲ ਇੱਕ ਹੋਰ ਕਮਰੇ ਵਾਸਤੇ ਰਕਮ ਇਕੱਠੀ ਹੋ ਗਈ। ਸਿੱਖਿਆ ਵਿਭਾਗ ਨੇ ਵੀ ਇੱਕ ਕਮਰੇ ਦੀ ਗ੍ਰਾਂਟ ਹੋਰ ਭੇਜ ਦਿੱਤੀ। ਇਸ ਰਕਮ ਨਾਲ ਅਸੀਂ ਦੋ ਹੋਰ ਕਮਰੇ ਉਸਾਰ ਦਿੱਤੇ। ਹੁਣ ਸਾਡੇ ਕੋਲ ਚਾਰ ਕਮਰੇ ਅਤੇ ਬਰਾਂਡੇ ਨਵੇਂ ਬਣ ਗਏ ਅਤੇ ਅਸੀਂ ਆਪਣੀਆਂ ਚਾਰ ਕਲਾਸਾਂ ਇਨ੍ਹਾਂ ਵਿੱਚ ਬਿਠਾ ਦਿੱਤੀਆਂ। ਇਨ੍ਹਾਂ ਕਾਰਜਾਂ ਵਿੱਚ ਸਿੱਧੂ ਸਰ ਦੀ ਮਿਹਨਤ ਰੰਗ ਲਿਆਈ। ਉਹਨਾਂ ਨੇ ਦਿਨ ਪੁਰ ਰਾਤ ਲਾ ਕੇ ਇਹ ਕਾਰਜ ਮੁਕੰਮਲ ਕਰਵਾਏ।
ਕਿਸੇ ਵੀ ਵੱਡੇ ਕਾਰਜ ਪਿੱਛੇ ਕਿਸੇ ਨਾ ਕਿਸੇ ਸ਼ਖਸੀਅਤ ਦੀ ਲੰਬੀ ਘਾਲਣਾ ਜ਼ਰੂਰ ਹੁੰਦੀ ਹੈ। ਇੱਕ ਵਾਰ ਸਾਡੇ ਦਫਤਰ ਅਤੇ ਸਟਾਫ ਦੇ ਪਿਛਲੇ ਪਾਸੇ ਵਾਲੀ ਕੰਧ ਲਗਾਤਾਰ ਮੀਂਹ ਪੈਣ ਕਾਰਨ ਸਾਰੀ ਹੀ ਨਾਲ ਲਗਦੇ ਡੂੰਘੇ ਖਾਲੀ ਪਲਾਟਾਂ ਵਿੱਚ ਡਿਗ ਪਈ। ਫਿਰ ਸਾਨੂੰ ਇਸਦੀ ਚਿੰਤਾ ਪੈ ਗਈ। ਸਕੂਲ ਖੁੱਲ੍ਹ ਬਹਾਰਾ ਜਿਹਾ ਬਣ ਗਿਆ। ਰਾਤ ਬਰਾਤੇ ਕੋਈ ਵੀ ਸਕੂਲ ਆ ਸਕਦਾ ਸੀ। ਚੋਰੀ ਹੋਣ ਦਾ ਡਰ ਸੀ। ਅਸੀਂ ਗੁਰਦੁਆਰਾ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਜੀ ਨੂੰ ਸਕੂਲ ਬੁਲਾ ਕੇ ਉਹਨਾਂ ਨੂੰ ਡਿਗੀ ਹੋਈ ਕੰਧ ਦਿਖਾਈ ਅਤੇ ਬੇਨਤੀ ਕੀਤੀ ਕਿ ਇਸਦਾ ਕੋਈ ਉਪਰਾਲਾ ਕਰੋ। ਉਹਨਾਂ ਕਿਹਾ, “ਕੋਈ ਗੱਲ ਨਹੀਂ, ਮੈਂ ਸਾਰੇ ਮੈਂਬਰਾਂ ਨਾਲ ਗੱਲਬਾਤ ਕਰਕੇ ਹੱਲ ਕੱਢਦਾ ਹਾਂ। ਕੁਝ ਰਕਮ ਇੱਧਰੋਂ ਪਾ ਦਿੰਦੇ ਹਾਂ ਤੇ ਬਾਕੀ ਹੋਰ ਦਾਨੀ ਸ਼ਖਸੀਅਤਾਂ ਨੂੰ ਕਹਿ ਦਿਆਂਗੇ।”
ਇਸ ਤਰ੍ਹਾਂ ਸਭ ਦੇ ਉਪਰਾਲੇ ਸਹਿਯੋਗ ਨਾਲ ਮਾਇਆ ਇਕੱਤਰ ਹੋ ਗਈ। ਉਸ ਸਮੇਂ ਸਿੱਧੂ ਸਰ ਨੇ ਸਕੂਲ ਆ ਕੇ ਇਹ ਕੰਮ ਕਰਵਾਇਆ ਜਦੋਂ ਕਿ ਉਦੋਂ ਕਰੋਨਾ ਸਮੇਂ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਸੀ। ਇਸ ਮੌਕੇ ਸ਼ਾਮ ਨੂੰ ਕਈ ਵਾਰ ਸ੍ਰੀ ਪ੍ਰਵੀਨ ਕਾਲੀਆ ਹਿੰਦੀ ਮਾਸਟਰ ਵੀ ਪਹੁੰਚ ਜਾਂਦੇ ਸਨ। ਸਭ ਤੋਂ ਪਹਿਲਾਂ ਮਜ਼ਬੂਤ ਨੀਹਾਂ ਖਿੱਚ ਪਾ ਕੇ ਕਢਵਾਈਆਂ ਗਈਆਂ। ਬਾਅਦ ਵਿੱਚ ਮਜ਼ਬੂਤ ਕੰਧਾਂ ਬਣਵਾਈਆਂ। ਜਦੋਂ ਇਹ ਕੰਮ ਮੁਕੰਮਲ ਹੋਇਆ ਤਾਂ ਸਾਨੂੰ ਕੁਝ ਰਾਹਤ ਮਹਿਸੂਸ ਹੋਈ।
ਅੱਜ ਵੀ ਤਸਵੀਰਾਂ ਦੇਖ ਕੇ ਉਹ ਮੰਜ਼ਰ ਯਾਦ ਆਉਂਦੇ ਹਨ। ਉਹਨਾਂ ਦਿਨਾਂ ਦੇ ਵਿੱਚ ਕੰਮ ਕਰਾਉਣਾ ਬਹੁਤ ਕਠਨ ਸੀ। ਥਾਂ ਥਾਂ ’ਤੇ ਨਾਕੇ ਲੱਗੇ ਹੁੰਦੇ ਸਨ। ਪਿੰਡ ਤੋਂ ਸ਼ਹਿਰ ਨੂੰ ਸਕੂਲ ਆਉਣਾ ਕੋਈ ਸੌਖਾ ਕੰਮ ਨਹੀਂ ਸੀ।
ਸਕੂਲ ਦੇ ਦੂਜੇ ਪਾਸੇ ਸਾਡੀ ਚਾਰਦਵਾਰੀ ਦੀ ਕੰਧ ਪੁਰਾਣੀ ਅਤੇ ਛੋਟੀ ਸੀ। ਇਸ ਨੂੰ ਅਸੀਂ ਨਵੀਂ ਅਤੇ ਉੱਚੀ ਬੁਲਾਉਣਾ ਚਾਹੁੰਦੇ ਸੀ। ਅਸੀਂ ਇੱਕ ਪੱਤਰ ਡੀ.ਈ.ਓ. ਦਫਤਰ ਭੇਜ ਕੇ ਚਾਰਦਿਵਾਰੀ ਦੀ ਗ੍ਰਾਂਟ ਦੀ ਮੰਗ ਕੀਤੀ। ਉਹਨਾਂ ਨੇ ਸਾਡੇ ਸਕੂਲ ਨੂੰ ਗ੍ਰਾਂਟ ਜਾਰੀ ਕਰ ਦਿੱਤੀ। ਅਸੀਂ ਸਾਰੀ ਪੁਰਾਣੀ ਚਾਰਦਿਵਾਰੀ ਨੂੰ ਢਾਹ ਕੇ, ਨਵੀਂਆਂ ਨੀਹਾਂ ਕੱਢ ਕੇ, ਕੰਧ ਉੱਚੀ ਉਸਾਰ ਦਿੱਤੀ। ਬਾਅਦ ਵਿੱਚ ਚੰਗੀ ਤਰ੍ਹਾਂ ਪਲੱਸਤਰ ਕਰਵਾ ਦਿੱਤਾ। ਸਕੂਲਾਂ ਦੇ ਵਿਕਾਸ ਕਾਰਜ ਚੱਲਦੇ ਹੀ ਰਹਿੰਦੇ ਹਨ ਕਦੇ ਰੁਕਦੇ ਨਹੀਂ। ਮੈਂ ਇਸ ਸਕੂਲ ਵਿੱਚ ਪੰਜ ਕੁ ਸਾਲ ਰਿਹਾ ਤੇ ਆਪਣੇ ਸਮੇਂ ਵਿੱਚ ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਕਾਫੀ ਕੰਮ ਕਰਵਾ ਲਿਆ। ਬੇਸ਼ਕ ਮੈਨੂੰ ਤਰੱਕੀ ਹੋਣ ’ਤੇ ਸੇਵਾ ਮੁਕਤੀ ਵਾਲਾ ਨਵਾਂ ਸਟੇਸ਼ਨ ਮਿਲ ਗਿਆ ਸੀ ਤੇ ਉੱਥੇ ਮੈਂ ਆਪਣੀ ਨੋਸ਼ਨਲ ਹਾਜ਼ਰੀ ਦੇ ਦਿੱਤੀ ਸੀ ਪਰ ਅਜੇ ਵੀ ਮੈਂ ਇਸ ਸ਼ਹਿਰੀ ਸਕੂਲ ਨਾਲ ਦਿਲੋਂ ਜੁੜਿਆ ਹੋਇਆ ਹਾਂ, ਜਿੱਥੇ ਮੈਂ ਆਪਣੇ ਮਿਹਨਤੀ ਅਧਿਆਪਕਾਂ ਨਾਲ ਰਹਿ ਕੇ ਕੰਮ ਕੀਤੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (